ਸੀ. ਮਾਰਕੰਡਾ
ਪੁਸਤਕ ਰੀਵਿਊ
ਪੰਜਾਬੀ ਕਵਿਤਾ ਦੇ ਪਿੜ ਵਿਚ ਦਿਲਬਾਗ ਰਿਉਂਦ ਆਪਣਾ ਪਹਿਲਾ ਕਾਵਿ ਸੰਗ੍ਰਹਿ ‘ਮੈਂ ਆਸ ਬੀਜਦਾ ਹਾਂ’ (ਕੀਮਤ: 150 ਰੁਪਏ; ਸਹਬਿਦੀਪ ਪਬਲੀਕੇਸ਼ਨ, ਪਟਿਆਲਾ) ਲੈ ਕੇ ਹਾਜ਼ਿਰ ਹੋਇਆ ਹੈ। ਇਸ ਤੋਂ ਪਹਿਲਾਂ ਵੀ ਉਸ ਦੀਆਂ ਕਈ ਕਵਿਤਾਵਾਂ ‘ਹਰਫ਼ਾਂ ਦਾ ਸਫ਼ਰ’ ਸਿਰਲੇਖ ਹੇਠ ਛਪੇ ਸਾਂਝੇ ਕਾਵਿ ਸੰਗ੍ਰਹਿ ਵਿਚ ਛਪ ਚੁੱਕੀਆਂ ਹਨ। ਕਵੀ ਇਕ ਕਾਵਿ ਸੰਗ੍ਰਹਿ ‘ਸਿਰਨਾਵਿਆਂ ਦੀ ਤਲਾਸ਼’ ਵੀ ਸੰਪਾਦਿਤ ਕਰ ਚੁੱਕਿਆ ਹੈ। ਹਥਲੇ ਕਾਵਿ ਸੰਕਲਨ ’ਚ ਸ਼ਾਮਲ ਕਵਿਤਾ ਉਸ ਦੇ ਕਾਵਿਕ ਸੱਚ ਦੀ ਨਿਸ਼ਾਨਦੇਹੀ ਕਰਦੀ ਹੈ। ਕਾਵਿ-ਪੁਸਤਕ ‘ਮੈਂ ਆਸ ਬੀਜਦਾ ਹਾਂ’ ਵਿਚ ਕਵੀ ਨੇ ਆਪਣੀਆਂ 53 ਕਵਿਤਾਵਾਂ ਸ਼ਾਮਲ ਕੀਤੀਆਂ ਹਨ।
ਇਨ੍ਹਾਂ ਕਵਿਤਾਵਾਂ ’ਚ ਉਹ ਸਮਾਜਿਕ ਨਾਬਰਾਬਰੀ, ਰਾਜਨੀਤਕ ਹਾਕਮਾਂ ਵੱਲੋਂ ਕੀਤੀ ਜਾਂਦੀ ਲੁੱਟ ਖਸੁੱਟ, ਬੇਰੁਜ਼ਗਾਰੀ, ਭੁੱਖਮਰੀ, ਕਿਸਾਨਾਂ ਅਤੇ ਮਜ਼ਦੂਰਾਂ ਦੇ ਬੇਹੱਦ ਔਕੜਾਂ ਤੇ ਦੁਸ਼ਵਾਰੀਆਂ ਭਰੇ ਜੀਵਨ ਨੂੰ ਕਾਵਿ ਰੂਪ ਵਿਚ ਬਿਆਨਦਾ ਹੈ। ਜ਼ਿੰਦਗੀ ਨਾਲ ਜੂਝਦੇ, ਮੁਸੀਬਤਾਂ ਝੱਲਦੇ, ਤੰਗੀਆਂ ਤੁਰਸ਼ੀਆਂ ਹੱਡਾਂ ’ਤੇ ਹੰਢਾਉਂਦੇ, ਤਿੜਕੇ ਸੁਪਨਿਆਂ ਤੇ ਅਧੂਰੀਆਂ ਰੀਝਾਂ ਨਾਲ ਕੱਚੇ ਘਰਾਂ ’ਚ ਪੱਕੇੇ ਇਰਾਦਿਆਂ ਸੰਗ ਵਸੇਬਾ ਕਰਦੇ ਲੋਕਾਂ ਦੇ ਜ਼ਿਕਰ ਕਾਰਨ ਇਹ ਕਵਿਤਾ ਲੋਕ ਹਿਤੂ ਅਖਵਾਉਣ ਦੇ ਸਮਰੱਥ ਹੋ ਜਾਂਦੀ ਹੈ। ਕਵਿਤਾ ਆਪਣੀ ਬਿਆਨ ਵਿਧੀ ਰਾਹੀਂ ਮਿਹਨਤਕਸ਼ ਲੋਕਾਂ ਦੇ ਚੰਗੇ ਭਵਿੱਖ ਨੂੰ ਵੀ ਚਿਤਰਦੀ ਹੈ। ‘ਚੇਤਨਤਾ ਕਿੱਥੇ ਹੈ’ ਕਵਿਤਾ ’ਚ ਰੋਟੀ ਲਈ ਹਰ ਸਾਲ ਵਿਕਦੇ ਸੀਰੇ ਦੀ ਰੁਝੇਵਿਆਂ ਭਰੀ ਅਤੇ ਨਿਰੰਤਰ ਕਿਰਤ ਵਿਚ ਖੁੱਭੀ ਉਮਰ ਦਾ ਵਰਣਨ ਕਰਦਾ ਹੈ। ਕਵੀ ਉਸ ਦੀ ਅਚੇਤਨਤਾ ’ਤੇ ਹੈਰਾਨ ਹੈ ਕਿ ਉਹ ਆਪਣੇ ਹੱਕਾਂ ਤੋਂ ਬਿਲਕੁਲ ਵੀ ਜਾਗਰੂਕ ਨਹੀਂ ਅਤੇ ਦੀਵਾਲੀ ਵਾਲੇ ਦਿਨ ਵੀ ਸਿਰਫ਼ ਦੋ ਘੰਟੇ ਦੀ ਮਿਲੀ ਛੁੱਟੀ ਦਾ ਚਾਅ ਮਨਾ ਰਿਹਾ ਹੈ: ਉਸ ਦੇ ਜ਼ਿਹਨ ’ਚ/ ਉੱਕਾ ਅਹਿਸਾਸ ਨਹੀਂ/ ਆਪਣੀ ਗੁਲਾਮੀ ਦਾ/ ਦੇਸ਼ ਦੀ ਆਜ਼ਾਦੀ ਦਾ/ ਚੇਤਨਤਾ ਕਿੱਥੇ ਹੈ? ਅਜਿਹੇ ਨਾਉਮੀਦੀ ਦੇ ਮਾਹੌਲ ਵਿਚ ਵੀ ਕਵੀ ਨਿਰਾਸ਼ ਨਹੀਂ ਹੁੰਦਾ ਅਤੇ ਅਤੀਤ ਦਾ ਮਰਸੀਆ ਪੜ੍ਹਨ ਨਾਲੋਂ ਹਨੇਰੇ ਨੂੰ ਪਾਰ ਕਰ ਕੇ ਬੇਬਸੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ: ਹੁਣ ਆਵਾਜ਼ਾਂ ਮਾਰ ਸੱਦਾਂਗਾ/ ਖ਼ੁਸ਼ੀਆਂ ਨੂੰ/ ਚਾਵਾਂ ਨੂੰ/ ਜਿੱਥੇ ਬਚਪਨ ਰੁਲੇਗਾ ਨਹੀਂ/ ਕਿਸ਼ਤੀਆਂ ਬਣਾਵੇਗਾ/ ਜਵਾਨੀ ਰੌਸ਼ਨ ਹੋਵੇਗੀ/ ਸੂਰਜ ਦੀ ਅੱਖ ’ਚ ਅੱਖ ਪਾਵੇਗੀ/ ਪੀੜ੍ਹੀਆਂ ਦੀ ਬੰਜਰ ਰੀਤ ਨੂੰ/ ਟੁੱਟਦੀ ਦੇਖੇਗੀ ਹਰ ਜ਼ਰਖ਼ੇਜ਼ ਅੱਖ/ ਫਿਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ।
ਕਵੀ ਦੀਆਂ ਕਈ ਕਵਿਤਾਵਾਂ ’ਚ ਉਸ ਦਾ ਆਪਣਾ ਜੀਵਨ ਅਨੁਭਵ ਅਤੇ ਮਨੋ-ਸਥਿਤੀਆਂ ਸਹਿਜੇ ਹੀ ਸਾਕਾਰ ਹੋ ਉੱਠਦੀਆਂ ਹਨ। ਨਿੱਜ ਨਾਲ ਜੁੜੀਆਂ ਇਨ੍ਹਾਂ ਕਵਿਤਾਵਾਂ ’ਚੋਂ ਵੀ ਉਸ ਦੀ ਅਗਾਂਹਵਧੂ ਵਿਚਾਰਧਾਰਾ ਹੀ ਝਲਕਦੀ ਹੈ। ਉਸ ਦੀਆਂ ਕਵਿਤਾਵਾਂ ਬੌਧਿਕ ਜੰਜਾਲ ਤੋਂ ਮੁਕਤ ਰਹਿ ਕੇ ਸਹਿਜਤਾ ਅਤੇ ਸਰਲਤਾ ਦਾ ਪੱਲਾ ਫੜ ਕੇ ਪਾਠਕ ਦੀ ਚੇਤਨਾ ਨੂੰ ਹਲੂਣਦੀਆਂ ਹਨ।
ਸੰਪਰਕ: 94172-72161