ਖ਼ਲੀਲ ਜਬਿਰਾਨ
ਅਲਵਿਦਾ
ਸ਼ਾਮ ਹੋ ਚੁੱਕੀ ਸੀ। ਅਲਮਿੱਤਰਾ, ਜੋ ਦੈਵੀ ਗਿਆਨ ਵਾਲੀ ਔਰਤ ਸੀ, ਬੋਲੀ, ‘‘ਭਾਗਾਂ ਵਾਲਾ ਹੈ ਇਹ ਦਿਨ ਅਤੇ ਸਥਾਨ ਅਤੇ ਰੂਹ ਜਿਸ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ।’’
ਉਸ ਨੇ ਜਵਾਬ ਦਿੱਤਾ, ‘‘ਕੀ ਬੋਲਣ ਵਾਲਾ ਮੈਂ ਸੀ? ਕੀ ਮੈਂ ਵੀ ਇੱਕ ਸਰੋਤਾ ਨਹੀਂ ਸੀ?’’
ਫਿਰ ਉਹ ਮੰਦਿਰ ਦੀਆਂ ਪੌੜੀਆਂ ਉਤਰ ਆਇਆ ਅਤੇ ਸਾਰੇ ਲੋਕ ਉਸ ਦੇ ਪਿੱਛੇ ਤੁਰ ਪਏ। ਉਹ ਆਪਣੇ ਜਹਾਜ਼ ਕੋਲ ਪਹੁੰਚ ਗਿਆ ਅਤੇ ਜਹਾਜ਼ ਦੀ ਛੱਤ ਉੱਤੇ ਜਾ ਖਲੋਤਾ। ਲੋਕਾਂ ਵੱਲ ਮੂੰਹ ਕਰ ਕੇ ਉਹ ਫਿਰ ਉੱਚੀ ਆਵਾਜ਼ ਵਿੱਚ ਬੋਲਿਆ:
‘‘ਔਰਫਲੀਜ਼ ਦੇ ਵਾਸੀਓ, ਇਹ ਹਵਾ ਮੈਨੂੰ ਤੁਹਾਥੋਂ ਦੂਰ ਚਲੇ ਜਾਣ ਲਈ ਕਹਿ ਰਹੀ ਹੈ। ਮੈਨੂੰ ਇਸ ਹਵਾ ਜਿੰਨੀ ਕਾਹਲੀ ਨਹੀਂ ਹੈ, ਫਿਰ ਵੀ ਮੈਨੂੰ ਜਾਣਾ ਜ਼ਰੂਰ ਚਾਹੀਦਾ ਹੈ।
ਅਸੀਂ ਘੁਮੱਕੜ ਲੋਕ, ਜੋ ਹਮੇਸ਼ਾ ਨਿਰਾਲੇ ਰਾਹ ਲੱਭਦੇ ਹਾਂ, ਕਦੇ ਕੋਈ ਵੀ ਦਿਨ ਉੱਥੋਂ ਸ਼ੁਰੂ ਨਹੀਂ ਕਰਦੇ ਜਿੱਥੇ ਉਸ ਤੋਂ ਪਹਿਲਾ ਦਿਨ ਖ਼ਤਮ ਕੀਤਾ ਹੁੰਦਾ ਹੈ। ਅਗਲੇ ਦਿਨ ਦਾ ਸੂਰਜ ਚੜ੍ਹਨ ਵੇਲੇ ਅਸੀਂ ਉੱਥੇ ਨਹੀਂ ਹੁੰਦੇ ਜਿੱਥੇ ਸਾਡੇ ਪਿਛਲੇ ਦਿਨ ਦਾ ਸੂਰਜ ਡੁੱਬਿਆ ਹੁੰਦਾ ਹੈ। ਜਦੋਂ ਧਰਤੀ ਸੁੱਤੀ ਹੁੰਦੀ ਹੈ, ਅਸੀਂ ਸਫ਼ਰ ਕਰਦੇ ਹਾਂ। ਅਸੀਂ ਮਜ਼ਬੂਤ ਪੌਦੇ ਦੇ ਬੀਜ ਹਾਂ ਅਤੇ ਸਾਡੇ ਪੱਕੇਪਣ ਅਤੇ ਭਰਪੂਰ ਦਿਲ ਦੇ ਕਾਰਨ ਹੀ ਸਾਨੂੰ ਹਵਾਵਾਂ ਦੇ ਹਵਾਲੇ ਕਰ ਕੇ ਸਾਨੂੰ ਬਿਖੇਰ ਦਿੱਤਾ ਜਾਂਦਾ ਹੈ।
ਤੁਹਾਡੇ ਵਿਚਕਾਰ ਮੇਰੇ ਦਿਨ ਥੋੜ੍ਹੇ ਸਨ ਅਤੇ ਜਿਹੜੇ ਸ਼ਬਦ ਮੈਂ ਕਹੇ ਹਨ, ਇਹ ਉਨ੍ਹਾਂ ਤੋਂ ਵੀ ਥੋੜ੍ਹੇ ਹਨ। ਪਰ ਜੇਕਰ ਤੁਹਾਡੇ ਕੰਨਾਂ ਵਿੱਚ ਮੇਰੀ ਆਵਾਜ਼ ਮੱਧਮ ਪੈ ਗਈ ਅਤੇ ਤੁਹਾਡੀ ਯਾਦ ਵਿੱਚੋਂ ਮੇਰੇ ਲਈ ਪਿਆਰ ਲੋਪ ਹੋ ਗਿਆ ਤਾਂ ਮੈਂ ਫਿਰ ਆਵਾਂਗਾ। ਫਿਰ ਮੈਂ ਹੋਰ ਭਰਪੂਰ ਦਿਲ ਨਾਲ ਅਤੇ ਅਜਿਹੇ ਬੁੱਲ੍ਹਾਂ ਨਾਲ ਬੋਲਾਂਗਾ ਜਿਹੜੇ ਰੂਹ ਨੂੰ ਹੋਰ ਜ਼ਿਆਦਾ ਉਜਾਗਰ ਕਰਨਗੇ। ਹਾਂ, ਸਮੁੰਦਰ ਦਾ ਪਾਣੀ ਚੜ੍ਹਨ ਵੇਲੇ ਮੈਂ ਵਾਪਸ ਆਵਾਂਗਾ। ਭਾਵੇਂ ਮੌਤ ਮੈਨੂੰ ਲੁਕੋ ਲਵੇ ਅਤੇ ਹੋਰ ਜ਼ਿਆਦਾ ਚੁੱਪ ਮੈਨੂੰ ਘੇਰ ਲਵੇ, ਫਿਰ ਵੀ ਮੈਂ ਤੁਹਾਥੋਂ ਹੋਰ ਜ਼ਿਆਦਾ ਸਮਝ ਦੀ ਮੰਗ ਕਰਾਂਗਾ। ਅਤੇ ਮੇਰੀ ਭਾਲ ਵਿਅਰਥ ਨਹੀਂ ਜਾਵੇਗੀ। ਜੋ ਕੁਝ ਮੈਂ ਕਿਹਾ ਹੈ, ਜੇਕਰ ਇਸ ਵਿੱਚ ਕੋਈ ਸੱਚਾਈ ਹੈ ਤਾਂ ਉਹ ਸੱਚਾਈ ਹੋਰ ਵੀ ਸਪਸ਼ਟ ਆਵਾਜ਼ ਵਿੱਚ ਪ੍ਰਗਟ ਹੋ ਜਾਵੇਗੀ ਅਤੇ ਅਜਿਹੇ ਸ਼ਬਦਾਂ ਵਿੱਚ ਪ੍ਰਗਟ ਹੋਵੇਗੀ ਜਿਹੜੇ ਤੁਹਾਡੇ ਵਿਚਾਰਾਂ ਦੇ ਹੋਰ ਨੇੜੇ ਹੋਣਗੇ।
ਔਰਫਲੀਜ਼ ਦੇ ਵਾਸੀਓ, ਮੈਂ ਹਵਾ ਨਾਲ ਚੱਲਿਆ ਹਾਂ ਪਰ ਮੈਂ ਖਲਾਅ ਵਿੱਚ ਨਹੀਂ ਚੱਲਿਆ। ਜੇਕਰ ਇਹ ਦਿਨ ਤੁਹਾਡੀਆਂ ਜ਼ਰੂਰਤਾਂ ਅਤੇ ਮੇਰੇ ਪਿਆਰ ਨੂੰ ਪੂਰਾ ਨਹੀਂ ਕਰ ਸਕਿਆ ਤਾਂ ਇਸ ਨੂੰ ਕਿਸੇ ਹੋਰ ਦਿਨ ਦਾ ਵਾਅਦਾ ਸਮਝੋ। ਇਨਸਾਨ ਦੀਆਂ ਜ਼ਰੂਰਤਾਂ ਬਦਲ ਜਾਂਦੀਆਂ ਹਨ, ਪਰ ਉਸ ਦਾ ਪਿਆਰ ਨਹੀਂ ਬਦਲਦਾ ਅਤੇ ਨਾ ਹੀ ਉਸ ਦੀ ਇਹ ਇੱਛਾ ਬਦਲਦੀ ਹੈ ਕਿ ਉਸ ਦਾ ਪਿਆਰ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰੇ।
ਇਸ ਲਈ, ਇਹ ਜਾਣ ਲਓ ਕਿ ਉਸ ਡੂੰਘੀ ਚੁੱਪ ਵਿੱਚੋਂ ਮੈਂ ਫਿਰ ਵਾਪਸ ਆਵਾਂਗਾ। ਜਿਹੜੀ ਧੁੰਦ ਪ੍ਰਭਾਤ ਵੇਲੇ ਬਿਖਰ ਜਾਂਦੀ ਹੈ ਅਤੇ ਖੇਤਾਂ ਵਿੱਚ ਸਿਰਫ਼ ਤਰੇਲ ਛੱਡ ਜਾਂਦੀ ਹੈ, ਉਹ ਉੱਪਰ ਉੱਠੇਗੀ, ਬੱਦਲ ਦੇ ਰੂਪ ਵਿੱਚ ਇਕੱਠੀ ਹੋਵੇਗੀ ਅਤੇ ਫਿਰ ਬਰਸਾਤ ਦੇ ਰੂਪ ਵਿੱਚ ਹੇਠਾਂ ਉਤਰ ਆਵੇਗੀ।
ਅਤੇ ਮੈਂ ਧੁੰਦ ਤੋਂ ਵੱਖਰੀ ਕਿਸਮ ਦਾ ਨਹੀਂ ਰਿਹਾ ਹਾਂ।
ਰਾਤ ਦੀ ਚੁੱਪ ਵਿੱਚ ਮੈਂ ਤੁਹਾਡੀਆਂ ਗਲ਼ੀਆਂ ਵਿੱਚ ਘੁੰਮਦਾ ਰਿਹਾ ਹਾਂ ਅਤੇ ਮੇਰੀ ਰੂਹ ਤੁਹਾਡੇ ਮਕਾਨਾਂ ਅੰਦਰ ਜਾਂਦੀ ਰਹੀ ਹੈ। ਤੁਹਾਡੇ ਦਿਲਾਂ ਦੀ ਧੜਕਣ ਮੇਰੇ ਦਿਲ ਵਿੱਚ ਰਹੀ ਹੈ ਅਤੇ ਤੁਹਾਡੇ ਸਾਹ ਮੇਰੇ ਚਿਹਰੇ ਉੱਤੇ ਮਹਿਸੂਸ ਹੁੰਦੇ ਰਹੇ ਹਨ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਦਾ ਸੀ। ਹਾਂ, ਮੈਨੂੰ ਤੁਹਾਡੀ ਖ਼ੁਸ਼ੀ ਵੀ ਪਤਾ ਸੀ ਅਤੇ ਗ਼ਮ ਵੀ, ਅਤੇ ਨੀਂਦ ਵਿੱਚ ਤੁਹਾਡੇ ਸੁਪਨੇ ਮੇਰੇ ਸੁਪਨੇ ਸਨ। ਅਕਸਰ ਤੁਹਾਡੇ ਦਰਮਿਆਨ ਮੈਂ ਇਸ ਤਰ੍ਹਾਂ ਸੀ ਜਿਵੇਂ ਪਹਾੜਾਂ ਵਿਚਕਾਰ ਕੋਈ ਝੀਲ ਹੋਵੇ। ਤੁਹਾਡੇ ਅੰਦਰ ਦੀਆਂ ਚੋਟੀਆਂ ਅਤੇ ਤਿਰਛੀਆਂ ਢਲਾਣਾਂ ਮੇਰੇ ਵਿੱਚ ਝਲਕਦੀਆਂ ਸਨ ਅਤੇ ਤੁਹਾਡੇ ਲੰਘਦੇ ਹੋਏ ਖ਼ਿਆਲਾਂ ਅਤੇ ਇੱਛਾਵਾਂ ਦੇ ਇੱਜੜ ਵੀ ਝਲਕਦੇ ਸਨ। ਮੇਰੀ ਚੁੱਪ ਵਿੱਚ ਤੁਹਾਡੇ ਬੱਚਿਆਂ ਦਾ ਹਾਸਾ ਨਦੀਆਂ ਵਾਂਗ ਆਉਂਦਾ ਸੀ ਅਤੇ ਨੌਜਵਾਨਾਂ ਦੀਆਂ ਉਮੰਗਾਂ ਦਰਿਆਵਾਂ ਵਾਂਗ ਆ ਮਿਲਦੀਆਂ ਸਨ। ਜਦੋਂ ਉਹ ਮੇਰੀ ਗਹਿਰਾਈ ਵਿੱਚ ਉਤਰ ਜਾਂਦੇ ਸਨ ਤਾਂ ਉਹ ਨਦੀਆਂ ਅਤੇ ਦਰਿਆ ਗਾਉਣਾ ਬੰਦ ਨਹੀਂ ਕਰਦੇ ਸਨ ਸਗੋਂ ਹਾਸੇ ਤੋਂ ਮਧੁਰ ਅਤੇ ਤਮੰਨਾ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋ ਕੇ ਮੇਰੇ ਕੋਲ ਆਉਂਦੇ ਸਨ।
ਇਹ ਸਭ ਕੁਝ ਤੁਹਾਡੇ ਅੰਦਰ ਬੇਹੱਦ ਸੀ। ਉਹ ਵਿਸ਼ਾਲ ਮਨੁੱਖ ਜਿਸ ਵਿੱਚ ਤੁਸੀਂ ਸਾਰੇ ਸਿਰਫ਼ ਛੋਟੇ-ਛੋਟੇ ਕਣ ਅਤੇ ਮਾਸਪੇਸ਼ੀਆਂ ਹੋ, ਜਿਸ ਦੇ ਸੰਗੀਤ ਵਿੱਚ ਤੁਹਾਡਾ ਗਾਉਣਾ ਸਿਰਫ਼ ਬੇਆਵਾਜ਼ ਧੜਕਣ ਹੈ, ਉਸ ਵਿਸ਼ਾਲ ਮਨੁੱਖ ਵਿੱਚ ਹੀ ਤੁਸੀਂ ਵਿਸ਼ਾਲ ਹੋ, ਅਤੇ ਉਸ ਨੂੰ ਵੇਖ ਕੇ ਹੀ ਮੈਂ ਤੁਹਾਨੂੰ ਵੇਖਿਆ ਅਤੇ ਪਿਆਰ ਕੀਤਾ। ਉਸ ਵਿਸ਼ਾਲ ਖੇਤਰ ਤੋਂ ਬਾਹਰ ਦੇ ਕਿਹੜੇ ਫ਼ਾਸਲੇ ਹਨ ਜਿੱਥੇ ਪਿਆਰ ਪਹੁੰਚ ਸਕਦਾ ਹੈ? ਕਿਹੜੇ ਖ਼ਵਾਬ, ਕਿਹੜੀਆਂ ਉਮੀਦਾਂ ਅਤੇ ਕਿਹੜੇ ਖ਼ਿਆਲ ਉਸ ਉਡਾਣ ਤੋਂ ਉੱਪਰ ਉੱਡ ਸਕਦੇ ਹਨ?
ਤੁਹਾਡੇ ਅੰਦਰਲਾ ਵਿਸ਼ਾਲ ਮਨੁੱਖ ਬੋਹੜ ਵਰਗੇ ਬਹੁਤ ਵੱਡੇ ਦਰਖ਼ਤ ਵਾਂਗ ਹੁੰਦਾ ਹੈ ਜਿਸ ਨੂੰ ਸੇਬ ਬਣਨ ਵਾਲੇ ਫੁੱਲ ਲੱਗੇ ਹੁੰਦੇ ਹਨ। ਉਸ ਦੀ ਤਾਕਤ ਤੁਹਾਨੂੰ ਧਰਤੀ ਨਾਲ ਜੋੜ ਕੇ ਰੱਖਦੀ ਹੈ, ਉਸ ਦੀ ਖ਼ੁਸ਼ਬੂ ਤੁਹਾਨੂੰ ਪੁਲਾੜ ਵਿੱਚ ਉਡਾਉਂਦੀ ਹੈ ਅਤੇ ਉਸ ਦੀ ਹੰਢਣਸ਼ੀਲਤਾ ਵਿੱਚ ਤੁਸੀਂ ਮੌਤ ਤੋਂ ਉੱਪਰ ਉਠਦੇ ਹੋ।
ਤੁਹਾਨੂੰ ਦੱਸਿਆ ਗਿਆ ਹੈ ਕਿ ਇੱਕ ਜ਼ੰਜੀਰ ਵਾਂਗ ਤੁਸੀਂ ਓਨੇ ਹੀ ਕਮਜ਼ੋਰ ਹੁੰਦੇ ਹੋ ਜਿੰਨੀ ਸਭ ਤੋਂ ਕਮਜ਼ੋਰ ਕੜੀ ਹੁੰਦੀ ਹੈ। ਇਹ ਸਿਰਫ਼ ਅੱਧਾ ਸੱਚ ਹੈ ਕਿਉਂਕਿ ਤੁਸੀਂ ਓਨੇ ਮਜ਼ਬੂਤ ਵੀ ਹੁੰਦੇ ਹੋ ਜਿੰਨੀ ਸਭ ਤੋਂ ਮਜ਼ਬੂਤ ਕੜੀ ਹੁੰਦੀ ਹੈ। ਤੁਹਾਡੇ ਸਭ ਤੋਂ ਛੋਟੇ ਕੰਮ ਮੁਤਾਬਿਕ ਤੁਹਾਡੇ ਬਾਰੇ ਫ਼ੈਸਲਾ ਕਰਨਾ ਉਸੇ ਤਰ੍ਹਾਂ ਹੈ ਜਿਵੇਂ ਸਮੁੰਦਰ ਦੀ ਤਾਕਤ ਦਾ ਅੰਦਾਜ਼ਾ ਉਸ ਦੀ ਝੱਗ ਦੀ ਕਮਜ਼ੋਰੀ ਤੋਂ ਲਗਾਉਣਾ। ਤੁਹਾਡੀਆਂ ਅਸਫ਼ਲਤਾਵਾਂ ਤੋਂ ਤੁਹਾਡੇ ਬਾਰੇ ਫ਼ੈਸਲਾ ਕਰਨਾ ਉਸੇ ਤਰ੍ਹਾਂ ਹੈ ਜਿਵੇਂ ਰੁੱਤਾਂ ਨੂੰ ਇਸ ਲਈ ਕਸੂਰਵਾਰ ਠਹਿਰਾਉਣਾ ਕਿ ਉਹ ਬਦਲਦੀਆਂ ਰਹਿੰਦੀਆਂ ਹਨ।
ਹਾਂ, ਤੁਸੀਂ ਸਮੁੰਦਰ ਵਾਂਗ ਹੋ। ਭਾਵੇਂ ਲੱਦੇ ਹੋਏ ਜਹਾਜ਼ ਤੁਹਾਡੇ ਕਿਨਾਰੇ ’ਤੇ ਖੜ੍ਹੇ ਹੋਏ ਪਾਣੀ ਦੇ ਚੜ੍ਹਨ ਦੀ ਉਡੀਕ ਕਰਦੇ ਹਨ, ਫਿਰ ਵੀ ਤੁਸੀਂ, ਸਮੁੰਦਰ ਵਾਂਗ ਹੀ, ਜਲਦੀ ਨਾਲ ਪਾਣੀ ਨੂੰ ਉੱਪਰ ਨਹੀਂ ਚੜ੍ਹਾ ਸਕਦੇ। ਅਤੇ ਤੁਸੀਂ ਰੁੱਤਾਂ ਵਾਂਗ ਵੀ ਹੋ। ਭਾਵੇਂ ਸਰਦ ਰੁੱਤ ਵਿੱਚ ਤੁਸੀਂ ਤੁਹਾਡੀ ਬਹਾਰ ਨੂੰ ਭੁੱਲ ਜਾਂਦੇ ਹੋ, ਪਰ ਫਿਰ ਵੀ ਤੁਹਾਡੇ ਅੰਦਰ ਛੁਪੀ ਬਹਾਰ ਅਧਸੁੱਤੀ ਹੋਈ ਮੁਸਕਰਾਉਂਦੀ ਹੈ ਅਤੇ ਬੁਰਾ ਨਹੀਂ ਮਨਾਉਂਦੀ। ਇਹ ਨਾ ਸੋਚੋ ਕਿ ਇਹ ਗੱਲਾਂ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਤੁਸੀਂ ਇੱਕ ਦੂਜੇ ਨੂੰ ਕਹਿ ਸਕੋ, ‘ਉਸ ਨੇ ਸਾਡੀ ਬਹੁਤ ਪ੍ਰਸ਼ੰਸਾ ਕੀਤੀ। ਉਸ ਨੇ ਸਾਡੇ ਅੰਦਰ ਸਿਰਫ਼ ਅੱਛਾਈ ਵੇਖੀ।’
ਮੈਂ ਤੁਹਾਨੂੰ ਸਿਰਫ਼ ਉਹ ਕੁਝ ਸ਼ਬਦਾਂ ਵਿੱਚ ਦੱਸਿਆ ਹੈ ਜੋ ਤੁਸੀਂ ਖ਼ੁਦ ਖ਼ਿਆਲਾਂ ਵਿੱਚ ਜਾਣਦੇ ਹੋ। ਸ਼ਬਦਾਂ ਰਾਹੀਂ ਦੱਸਿਆ ਗਿਆਨ ਬੇਜ਼ੁਬਾਨ ਗਿਆਨ ਦੇ ਪਰਛਾਵੇਂ ਤੋਂ ਸਿਵਾਏ ਹੋਰ ਕੀ ਹੈ? ਤੁਹਾਡੇ ਖ਼ਿਆਲ ਅਤੇ ਮੇਰੇ ਸ਼ਬਦ ਇੱਕ ਮੋਹਰਬੰਦ ਯਾਦ ਦੀਆਂ ਲਹਿਰਾਂ ਹਨ ਜੋ ਆਪਣੇ ਬੀਤੇ ਦਿਨਾਂ ਦਾ ਹਿਸਾਬ ਰੱਖਦੀਆਂ ਹਨ। ਇਹ ਬਹੁਤ ਪ੍ਰਾਚੀਨ ਦਿਨਾਂ ਦਾ ਵੀ ਹਿਸਾਬ ਰੱਖਦੀਆਂ ਹਨ ਜਦੋਂ ਧਰਤੀ ਨਾ ਤਾਂ ਸਾਨੂੰ ਜਾਣਦੀ ਸੀ ਅਤੇ ਨਾ ਹੀ ਆਪਣੇ ਆਪ ਨੂੰ ਜਾਣਦੀ ਸੀ। ਅਤੇ ਉਨ੍ਹਾਂ ਰਾਤਾਂ ਦਾ ਵੀ ਹਿਸਾਬ ਰੱਖਦੀਆਂ ਹਨ ਜਦੋਂ ਧਰਤੀ ਉੱਤੇ ਉਥਲ-ਪੁਥਲ ਮੱਚੀ ਹੋਈ ਸੀ। ਤੁਹਾਨੂੰ ਆਪਣੀ ਅਕਲਮੰਦੀ ਦੇਣ ਲਈ ਤੁਹਾਡੇ ਕੋਲ ਸਿਆਣੇ ਆਦਮੀ ਆਉਂਦੇ ਰਹੇ ਹਨ। ਮੈਂ ਤੁਹਾਡੀ ਅਕਲਮੰਦੀ ਲੈਣ ਲਈ ਆਇਆ ਸੀ। ਵੇਖੋ, ਮੈਂ ਉਹ ਸਭ ਕੁਝ ਪਾ ਲਿਆ ਹੈ ਜੋ ਦਾਨਿਸ਼ਮੰਦੀ ਤੋਂ ਵੀ ਬਹੁਤ ਵੱਡਾ ਹੈ। ਇਹ ਤੁਹਾਡੇ ਅੰਦਰ ਰੂਹ ਦੀ ਜੋਤ ਹੈ ਜੋ ਹਮੇਸ਼ਾ ਵਧਦੀ ਜਾਂਦੀ ਹੈ ਜਦੋਂਕਿ ਇਸ ਦੇ ਪਸਾਰ ਤੋਂ ਬੇਖ਼ਬਰ ਹੋਣ ਕਰਕੇ ਤੁਸੀਂ ਆਪਣੇ ਘਟ ਰਹੇ ਦਿਨਾਂ ਬਾਰੇ ਕੁਰਲਾਉਂਦੇ ਹੋ।
ਜੀਵਨ ਹੀ ਹੈ ਜਿਹੜਾ ਉਨ੍ਹਾਂ ਸਰੀਰਾਂ ਵਿੱਚ ਜੀਵਨ ਦੀ ਖੋਜ ਵਿੱਚ ਹੈ ਜਿਹੜੇ ਕਬਰ ਤੋਂ ਡਰਦੇ ਹਨ। ਕਿਤੇ ਕੋਈ ਕਬਰਾਂ ਨਹੀਂ ਹਨ। ਇਹ ਪਰਬਤ ਅਤੇ ਮੈਦਾਨ ਇੱਕ ਪੰਘੂੜਾ ਹਨ, ਅੱਗੇ ਵਧਣ ਦਾ ਸਹਾਰਾ ਹਨ। ਜਦੋਂ ਤੁਸੀਂ ਉਨ੍ਹਾਂ ਥਾਵਾਂ ਕੋਲੋਂ ਲੰਘੋ ਜਿੱਥੇ ਤੁਸੀਂ ਆਪਣੇ ਵੱਡੇ ਵਡੇਰੇ ਦਫ਼ਨਾਏ ਹੋਏ ਹਨ, ਉਨ੍ਹਾਂ ਥਾਵਾਂ ਨੂੰ ਗ਼ੌਰ ਨਾਲ ਵੇਖੋ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਹੱਥ ਵਿੱਚ ਹੱਥ ਪਾ ਕੇ ਨੱਚਦੇ ਹੋਏ ਵੇਖ ਰਹੇ ਹੋਵੋਗੇ।
ਦਰਅਸਲ, ਤੁਸੀਂ ਅਕਸਰ ਅਣਜਾਣੇ ਹੀ ਮੌਜ ਮਸਤੀ ਮਾਣਦੇ ਹੋ। ਤੁਹਾਡੇ ਕੋਲ ਹੋਰ ਲੋਕ ਵੀ ਆਏ ਹਨ ਜਿਨ੍ਹਾਂ ਨੇ ਤੁਹਾਡੇ ਵਿਸ਼ਵਾਸ ਬਾਰੇ ਸੁਨਹਿਰੇ ਵਾਅਦੇ ਕੀਤੇ ਅਤੇ ਬਦਲੇ ਵਿੱਚ ਤੁਸੀਂ ਸਿਰਫ਼ ਧਨ-ਦੌਲਤ ਅਤੇ ਸ਼ਾਨੋ-ਸ਼ੌਕਤ ਦਿੱਤੀ। ਮੈਂ ਤੁਹਾਨੂੰ ਕਿਸੇ ਵਾਅਦੇ ਤੋਂ ਬਹੁਤ ਘੱਟ ਦਿੱਤਾ ਹੈ ਅਤੇ ਫਿਰ ਵੀ ਤੁਸੀਂ ਮੇਰੇ ਵੱਲ ਬਹੁਤ ਫ਼ਰਾਖ਼ਦਿਲੀ ਵਿਖਾਈ ਹੈ।
ਤੁਸੀਂ ਮੈਨੂੰ ਜ਼ਿੰਦਗੀ ਦੀ ਜ਼ਿਆਦਾ ਤੇਜ਼ ਪਿਆਸ ਦਿੱਤੀ ਹੈ।
ਨਿਰਸੰਦੇਹ ਕਿਸੇ ਇਨਸਾਨ ਲਈ ਉਸ ਨਾਲੋਂ ਵੱਡਾ ਕੋਈ ਵਰਦਾਨ ਨਹੀਂ ਹੋ ਸਕਦਾ ਜਿਹੜਾ ਉਸ ਦੇ ਸਾਰੇ ਟੀਚਿਆਂ ਨੂੰ ਪਿਆਸੇ ਬੁੱਲ੍ਹਾਂ ਵਿੱਚ ਬਦਲ ਦੇਵੇ ਅਤੇ ਸਾਰੀ ਜ਼ਿੰਦਗੀ ਨੂੰ ਚਸ਼ਮਾ ਬਣਾ ਦੇਵੇ।
ਇਸੇ ਵਿੱਚ ਮੇਰਾ ਸਨਮਾਨ ਹੈ, ਮੇਰਾ ਫ਼ਲ਼ ਹੈ ਕਿ ਜਦੋਂ ਮੈਂ ਚਸ਼ਮੇ ਤੋਂ ਪਾਣੀ ਪੀਣ ਆਉਂਦਾ ਹਾਂ ਤਾਂ ਮੈਂ ਵੇਖਦਾ ਹਾਂ ਕਿ ਪਾਣੀ ਵਿੱਚ ਜਾਨ ਹੈ ਅਤੇ ਉਹ ਖ਼ੁਦ ਵੀ ਪਿਆਸਾ ਹੈ, ਅਤੇ ਜਦੋਂ ਮੈਂ ਉਸ ਨੂੰ ਪੀਂਦਾ ਹਾਂ ਤਾਂ ਉਹ ਮੈਨੂੰ ਵੀ ਪੀਂਦਾ ਹੈ।
ਤੁਹਾਡੇ ਵਿੱਚੋਂ ਕੁਝ ਨੇ ਮੈਨੂੰ ਘੁਮੰਡੀ ਅਤੇ ਤੋਹਫ਼ੇ ਲੈਣ ਵਿੱਚ ਬਹੁਤਾ ਹੀ ਸ਼ਰਮਾਕਲ ਸਮਝਿਆ ਹੈ। ਮੈਂ ਮਜ਼ਦੂਰੀ ਲੈਣ ਵਿੱਚ ਅਤਿਅੰਤ ਘੁਮੰਡੀ ਹਾਂ, ਪਰ ਤੋਹਫ਼ੇ ਲੈਣ ਵਿੱਚ ਨਹੀਂ। ਜਦੋਂ ਤੁਸੀਂ ਮੈਨੂੰ ਆਪਣੇ ਖਾਣੇ ਦੇ ਮੇਜ਼ ’ਤੇ ਭੋਜਨ ਪਰੋਸਣਾ ਚਾਹੁੰਦੇ ਸੀ, ਮੈਂ ਪਹਾੜੀਆਂ ਉੱਤੇ ਬੇਰ ਖਾਂਦਾ ਰਿਹਾ ਹਾਂ। ਜਦੋਂ ਤੁਸੀਂ ਖ਼ੁਸ਼ ਹੋ ਕੇ ਮੈਨੂੰ ਆਪਣੇ ਘਰ ਠਹਿਰਾਉਣਾ ਚਾਹੁੰਦੇ ਸੀ, ਮੈਂ ਮੰਦਿਰ ਦੇ ਵਰਾਂਡੇ ਵਿੱਚ ਸੌਂਦਾ ਰਿਹਾ ਹਾਂ।
ਫਿਰ ਵੀ ਮੇਰੇ ਦਿਨ ਅਤੇ ਰਾਤਾਂ ਬਾਰੇ ਇਹ ਤੁਹਾਡਾ ਪਿਆਰ ਭਰਿਆ ਸਤਿਕਾਰ ਹੀ ਸੀ ਜਿਸ ਨੇ ਮੇਰਾ ਭੋਜਨ ਮੇਰੇ ਮੂੰਹ ਲਈ ਸਵਾਦਲਾ ਬਣਾਇਆ ਅਤੇ ਮੇਰੀ ਨੀਂਦ ਨੂੰ ਸੁਪਨਿਆਂ ਵਿੱਚ ਲਪੇਟ ਕੇ ਰੱਖਿਆ। ਇਸ ਦੇ ਲਈ ਮੈਂ ਤੁਹਾਨੂੰ ਸਭ ਤੋਂ ਵੱਧ ਆਸ਼ੀਰਵਾਦ ਦਿੰਦਾ ਹਾਂ।
ਤੁਸੀਂ ਬਹੁਤ ਕੁਝ ਦਿੰਦੇ ਹੋ ਅਤੇ ਜਾਣਦੇ ਹੀ ਨਹੀਂ ਕਿ ਕੁਝ ਦਿੰਦੇ ਵੀ ਹੋ।
ਦਰਅਸਲ, ਜੋ ਮਿਹਰਬਾਨੀ ਆਪਣੇ ਆਪ ਨੂੰ ਦਰਪਣ ਵਿੱਚ ਵੇਖਦੀ ਹੈ, ਉਹ ਪੱਥਰ ਬਣ ਜਾਂਦੀ ਹੈ; ਅਤੇ ਕੋਈ ਵੀ ਚੰਗਾ ਕੰਮ ਜੋ ਆਪਣੀ ਪ੍ਰਸ਼ੰਸਾ ਖ਼ੁਦ ਕਰਦਾ ਹੈ, ਉਹ ਸਰਾਪ ਨੂੰ ਜਨਮ ਦਿੰਦਾ ਹੈ।
ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਮੈਨੂੰ ਇਕੱਲਾ ਰਹਿਣ ਵਾਲਾ ਅਤੇ ਇਕੱਲੇਪਣ ਦੇ ਨਸ਼ੇ ਵਿੱਚ ਕਿਹਾ, ਅਤੇ ਤੁਸੀਂ ਕਹਿੰਦੇ ਰਹੇ ਹੋ, ‘‘ਇਹ ਜੰਗਲ ਦੇ ਦਰਖ਼ਤਾਂ ਨਾਲ ਤਾਂ ਗੱਲਾਂ ਕਰਦਾ ਹੈ, ਪਰ ਇਨਸਾਨਾਂ ਨਾਲ ਨਹੀਂ; ਇਹ ਪਹਾੜਾਂ ਦੀਆਂ ਚੋਟੀਆਂ ਉੱਤੇ ਇਕੱਲਾ ਬੈਠਾ ਰਹਿੰਦਾ ਹੈ ਅਤੇ ਸਾਡੇ ਸ਼ਹਿਰ ਨੂੰ ਪਸੰਦ ਨਹੀਂ ਕਰਦਾ।’’
ਇਹ ਸੱਚ ਹੈ ਕਿ ਮੈਂ ਪਹਾੜੀਆਂ ਉੱਤੇ ਚੜ੍ਹਦਾ ਰਿਹਾ ਹਾਂ ਅਤੇ ਦੂਰ ਦੁਰੇਡੇ ਦੀਆਂ ਥਾਵਾਂ ਉੱਤੇ ਘੁੰਮਦਾ ਰਿਹਾ ਹਾਂ। ਬਹੁਤ ਉਚਾਈ ਅਤੇ ਦੂਰੀ ਤੋਂ ਬਿਨਾਂ ਮੈਂ ਤੁਹਾਨੂੰ ਕਿਵੇਂ ਵੇਖ ਸਕਦਾ ਸੀ? ਦੂਰ ਜਾਏ ਬਿਨਾਂ ਕੋਈ ਸੱਚਮੁੱਚ ਨੇੜੇ ਕਿਵੇਂ ਹੋ ਸਕਦਾ ਹੈ? ਕੁਝ ਹੋਰ ਲੋਕਾਂ ਨੇ ਮੈਨੂੰ ਬਗ਼ੈਰ ਕੋਈ ਸ਼ਬਦ ਪ੍ਰਯੋਗ ਕੀਤੇ ਆਵਾਜ਼ ਦਿੱਤੀ ਅਤੇ ਕਿਹਾ:
‘‘ਹੇ ਅਜਨਬੀ, ਅਤਿਅੰਤ ਉਚਾਈਆਂ ਦੇ ਪ੍ਰੇਮੀ! ਤੂੰ ਉਨ੍ਹਾਂ ਉਚਾਈਆਂ ’ਤੇ ਕਿਉਂ ਰਹਿੰਦਾ ਹੈਂ ਜਿੱਥੇ ਬਾਜ਼ ਆਪਣੇ ਆਲ੍ਹਣੇ ਬਣਾਉਂਦੇ ਹਨ? ਤੂੰ ਉਹ ਚੀਜ਼ਾਂ ਕਿਉਂ ਲੱਭਦਾ ਹੈਂ ਜੋ ਮਿਲ ਹੀ ਨਹੀਂ ਸਕਦੀਆਂ? ਤੂੰ ਕਿਹੜੇ ਤੂਫ਼ਾਨਾਂ ਨੂੰ ਆਪਣੇ ਜਾਲ਼ ਵਿੱਚ ਪਕੜਨਾ ਚਾਹੁੰਦਾ ਹੈਂ? ਅਤੇ ਤੂੰ ਆਕਾਸ਼ ਵਿੱਚ ਕਿਹੜੇ ਭਾਫ਼ ਦੇ ਬਣੇ ਪੰਛੀਆਂ ਦਾ ਸ਼ਿਕਾਰ ਕਰਨਾ ਚਾਹੁੰਦਾ ਹੈ? ਆ, ਅਤੇ ਸਾਡੇ ਨਾਲ ਰਲ਼ ਜਾ। ਹੇਠਾਂ ਉਤਰ ਆ, ਅਤੇ ਸਾਡੀ ਰੋਟੀ ਨਾਲ ਆਪਣੀ ਭੁੱਖ ਮਿਟਾ ਅਤੇ ਸਾਡੀ ਸ਼ਰਾਬ ਨਾਲ ਆਪਣੀ ਪਿਆਸ ਬੁਝਾ।’’
ਆਪਣੀਆਂ ਰੂਹਾਂ ਦੇ ਇਕਾਂਤ ਵਿੱਚ ਉਨ੍ਹਾਂ ਨੇ ਇਹ ਗੱਲਾਂ ਕਹੀਆਂ; ਪਰ ਜੇਕਰ ਉਨ੍ਹਾਂ ਦਾ ਇਕਾਂਤ ਹੋਰ ਗਹਿਰਾ ਹੁੰਦਾ ਤਾਂ ਉਹ ਸਮਝ ਜਾਂਦੇ ਕਿ ਮੈਂ ਸਿਰਫ਼ ਤੁਹਾਡੀ ਖ਼ੁਸ਼ੀ ਅਤੇ ਗ਼ਮ ਦਾ ਭੇਤ ਲੱਭਦਾ ਰਿਹਾ ਹਾਂ; ਅਤੇ ਮੈਂ ਤੁਹਾਡੀ ਵਡੇਰੀ ਹਸਤੀ, ਜੋ ਆਕਾਸ਼ ਉੱਤੇ ਤੁਰਦੀ ਹੈ, ਦਾ ਪਿੱਛਾ ਕਰਦਾ ਰਿਹਾ ਹਾਂ।
ਪਰ ਸ਼ਿਕਾਰੀ ਖ਼ੁਦ ਸ਼ਿਕਾਰ ਵੀ ਸੀ; ਮੇਰੇ ਬਹੁਤ ਸਾਰੇ ਤੀਰ ਮੇਰੀ ਕਮਾਨ ਵਿੱਚੋਂ ਨਿਕਲ ਕੇ ਮੇਰੇ ਹੀ ਸੀਨੇ ਵਿੱਚ ਆ ਵੱਜੇ। ਅਤੇ ਉੱਚਾ ਉੱਡਣ ਵਾਲਾ ਘਿਸੜ ਕੇ ਚੱਲਣ ਵਾਲਾ ਵੀ ਸੀ ਕਿਉਂਕਿ ਜਦੋਂ ਮੇਰੇ ਖੰਭ ਧੁੱਪ ਵਿੱਚ ਫੈਲੇ ਹੁੰਦੇ ਸਨ ਤਾਂ ਧਰਤੀ ਉੱਤੇ ਉਨ੍ਹਾਂ ਦਾ ਪਰਛਾਵਾਂ ਕੱਛੂ ਵਰਗਾ ਦਿਸਦਾ ਸੀ।
ਅਤੇ ਵਿਸ਼ਵਾਸ ਕਰਨ ਵਾਲਾ ਹੋਣ ਦੇ ਬਾਵਜੂਦ ਮੈਂ ਸ਼ੱਕ ਕਰਨ ਵਾਲਾ ਵੀ ਸੀ। ਅਕਸਰ ਮੈਂ ਆਪਣੀ ਉਂਗਲ ਆਪਣੇ ਹੀ ਜ਼ਖ਼ਮ ਵਿੱਚ ਪਾਉਂਦਾ ਰਿਹਾ ਹਾਂ ਤਾਂ ਕਿ ਮੈਨੂੰ ਤੁਹਾਡੇ ਉੱਤੇ ਹੋਰ ਜ਼ਿਆਦਾ ਯਕੀਨ ਹੋ ਸਕੇ ਅਤੇ ਤੁਹਾਡੇ ਬਾਰੇ ਹੋਰ ਜ਼ਿਆਦਾ ਗਿਆਨ ਮਿਲ ਸਕੇ।
ਇਸੇ ਹੀ ਯਕੀਨ ਅਤੇ ਗਿਆਨ ਨਾਲ ਮੈਂ ਕਹਿੰਦਾ ਹਾਂ, ਤੁਸੀਂ ਤੁਹਾਡੇ ਸਰੀਰਾਂ ਵਿੱਚ ਬੰਦ ਨਹੀਂ ਹੋ ਅਤੇ ਨਾ ਹੀ ਮਕਾਨਾਂ ਤੇ ਖੇਤਾਂ ਤੱਕ ਸੀਮਿਤ ਹੋ। ਤੁਹਾਡੀ ਅਸਲ ਹੋਂਦ ਪਰਬਤਾਂ ਤੋਂ ਵੀ ਉੱਪਰ ਰਹਿੰਦੀ ਹੈ ਅਤੇ ਹਵਾਵਾਂ ਨਾਲ ਉੱਡਦੀ ਹੈ। ਇਹ ਅਜਿਹੀ ਚੀਜ਼ ਨਹੀਂ ਜਿਹੜੀ ਨਿੱਘ ਲਈ ਧੁੱਪ ਵਿੱਚ ਘਿਸੜਦੀ ਫਿਰੇ ਜਾਂ ਸੁਰੱਖਿਆ ਲਈ ਹਨੇਰੇ ਵਿੱਚ ਖੱਡਾਂ ਪੁੱਟੇ ਸਗੋਂ ਇਹ ਇੱਕ ਆਜ਼ਾਦ ਚੀਜ਼ ਹੈ, ਇੱਕ ਰੂਹ ਹੈ ਜੋ ਸਾਰੀ ਧਰਤੀ ਨੂੰ ਘੇਰਦੀ ਹੈ ਅਤੇ ਆਕਾਸ਼ ’ਤੇ ਘੁੰਮਦੀ ਹੈ।
ਜੇਕਰ ਮੇਰੇ ਇਹ ਸ਼ਬਦ ਅਸਪਸ਼ਟ ਜਾਪਣ ਤਾਂ ਇਨ੍ਹਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਨਾ ਕਰਨਾ। ਸਭ ਚੀਜ਼ਾਂ ਦੀ ਸ਼ੁਰੂਆਤ ਅਸਪਸ਼ਟ ਅਤੇ ਧੁੰਦਲੀ ਹੁੰਦੀ ਹੈ, ਪਰ ਉਨ੍ਹਾਂ ਦਾ ਅੰਤ ਅਜਿਹਾ ਨਹੀਂ ਹੁੰਦਾ। ਮੈਨੂੰ ਖ਼ੁਸ਼ੀ ਹੋਵੇਗੀ ਜੇਕਰ ਤੁਸੀਂ ਮੈਨੂੰ ਇੱਕ ਸ਼ੁਰੂਆਤ ਦੇ ਤੌਰ ’ਤੇ ਯਾਦ ਕਰੋ। ਜ਼ਿੰਦਗੀ ਅਤੇ ਹੋਰ ਸਾਰੀਆਂ ਜਾਨਦਾਰ ਚੀਜ਼ਾਂ ਧੁੰਦ ਵਿੱਚੋਂ ਪੈਦਾ ਹੁੰਦੀਆਂ ਹਨ, ਇੱਕ ਬਲੌਰ ਦੀ ਤਰ੍ਹਾਂ ਨਹੀਂ। ਅਤੇ ਕੌਣ ਜਾਣਦਾ ਹੈ ਕਿ ਸ਼ਾਇਦ ਬਲੌਰ ਵੀ ਖ਼ਤਮ ਹੋ ਰਹੀ ਧੁੰਦ ਹੋਵੇ। ਮੈਂ ਚਾਹੁੰਦਾ ਹਾਂ ਕਿ ਮੈਨੂੰ ਯਾਦ ਕਰਨ ਵੇਲੇ ਤੁਸੀਂ ਇਹ ਯਾਦ ਰੱਖੋ:
ਤੁਹਾਡੇ ਅੰਦਰ ਜੋ ਕੁਝ ਸਭ ਤੋਂ ਕਮਜ਼ੋਰ ਅਤੇ ਘਬਰਾਇਆ ਹੋਇਆ ਲੱਗਦਾ ਹੈ, ਉਹ ਸਭ ਤੋਂ ਮਜ਼ਬੂਤ ਅਤੇ ਪੱਕੇ ਇਰਾਦੇ ਵਾਲਾ ਹੈ। ਕੀ ਤੁਹਾਡੇ ਸਾਹਾਂ ਨੇ ਤੁਹਾਡੀਆਂ ਹੱਡੀਆਂ ਦੇ ਢਾਂਚੇ ਨੂੰ ਬਣਾਇਆ ਅਤੇ ਮਜ਼ਬੂਤ ਨਹੀਂ ਕੀਤਾ ਹੈ? ਕੀ ਤੁਹਾਡੇ ਸੁਪਨੇ ਨੇ, ਜਿਹੜਾ ਤੁਹਾਡੇ ਵਿੱਚੋਂ ਕਿਸੇ ਨੂੰ ਯਾਦ ਵੀ ਨਹੀਂ ਹੈ, ਤੁਹਾਡਾ ਸ਼ਹਿਰ ਅਤੇ ਉਸ ਅੰਦਰ ਸਭ ਕੁਝ ਨਹੀਂ ਬਣਾਇਆ?
ਜੇਕਰ ਤੁਸੀਂ ਉਸ ਸਾਹ ਦੇ ਪਸਾਰ ਨੂੰ ਵੇਖ ਸਕਦੇ ਤਾਂ ਤੁਸੀਂ ਹੋਰ ਸਭ ਕੁਝ ਵੇਖਣਾ ਬੰਦ ਕਰ ਦਿੰਦੇ। ਜੇਕਰ ਤੁਸੀਂ ਉਸ ਸੁਪਨੇ ਦੀ ਧੀਮੀ ਆਵਾਜ਼ ਸੁਣ ਸਕਦੇ ਤਾਂ ਤੁਸੀਂ ਹੋਰ ਕੋਈ ਆਵਾਜ਼ ਨਾ ਸੁਣਦੇ। ਪਰ ਤੁਸੀਂ ਵੇਖਦੇ ਨਹੀਂ ਅਤੇ ਨਾ ਹੀ ਸੁਣਦੇ ਹੋ, ਅਤੇ ਇਹ ਅੱਛਾ ਹੀ ਹੈ। ਜਿਹੜਾ ਪਰਦਾ ਤੁਹਾਡੀਆਂ ਅੱਖਾਂ ’ਤੇ ਪਿਆ ਹੈ, ਇਸ ਨੂੰ ਉਹ ਹੱਥ ਹੀ ਚੁੱਕਣਗੇ ਜਿਨ੍ਹਾਂ ਨੇ ਇਹ ਬੁਣਿਆ ਸੀ। ਜਿਸ ਮਿੱਟੀ ਨਾਲ ਤੁਹਾਡੇ ਕੰਨ ਭਰੇ ਹੋਏ ਹਨ, ਇਸ ਨੂੰ ਉਹ ਉਂਗਲਾਂ ਹੀ ਕੱਢਣਗੀਆਂ ਜਿਨ੍ਹਾਂ ਨੇ ਇਹ ਮਿੱਟੀ ਗੁੰਨ੍ਹੀ ਸੀ। ਅਤੇ ਫਿਰ ਤੁਸੀਂ ਵੇਖ ਅਤੇ ਸੁਣ ਸਕੋਗੇ। ਫਿਰ ਵੀ ਤੁਹਾਨੂੰ ਆਪਣੇ ਅੰਨ੍ਹੇ ਅਤੇ ਬੋਲ਼ੇ ਰਹਿਣ ਦਾ ਅਫ਼ਸੋਸ ਨਹੀਂ ਹੋਵੇਗਾ ਕਿਉਂਕਿ ਉਸ ਦਿਨ ਤੁਸੀਂ ਸਾਰੀਆਂ ਚੀਜ਼ਾਂ ਦੇ ਗੁੱਝੇ ਮਕਸਦ ਸਮਝ ਜਾਓਗੇ, ਅਤੇ ਤੁਸੀਂ ਹਨੇਰੇ ਨੂੰ ਵੀ ਓਨੀਆਂ ਅਸੀਸਾਂ ਦਿਓਗੇ ਜਿੰਨੀਆਂ ਚਾਨਣ ਨੂੰ।’’
ਇਹ ਕਹਿਣ ਤੋਂ ਬਾਅਦ ਉਸ ਨੇ ਆਪਣੇ ਆਲ਼ੇ-ਦੁਆਲ਼ੇ ਝਾਤ ਮਾਰੀ ਅਤੇ ਵੇਖਿਆ ਕਿ ਜਹਾਜ਼ ਦਾ ਚਾਲਕ ਬਿਲਕੁਲ ਤਿਆਰ ਖੜ੍ਹਾ ਸੀ ਅਤੇ ਉਹ ਕਦੇ ਹਵਾ ਦੇ ਭਰੇ ਬਾਦਬਾਨਾਂ ਵੱਲ ਵੇਖਦਾ ਸੀ ਅਤੇ ਕਦੇ ਲੰਬੀ ਦੂਰੀ ਵੱਲ।
ਅਲਮੁਸਤਫ਼ਾ ਨੇ ਕਿਹਾ: ‘‘ਮੇਰੇ ਜਹਾਜ਼ ਦੇ ਕਪਤਾਨ ਨੇ ਧੀਰਜ, ਬਹੁਤ ਧੀਰਜ ਰੱਖਿਆ ਹੈ। ਹਵਾ ਵਗ ਰਹੀ ਹੈ ਅਤੇ ਬਾਦਬਾਨ ਬੇਚੈਨ ਹਨ,
ਇੱਥੋਂ ਤੱਕ ਕਿ ਜਹਾਜ਼ ਦਾ ਪਤਵਾਰ ਵੀ ਸਫ਼ਰ ਦੀ ਦਿਸ਼ਾ ਜਾਣਨ ਲਈ ਤਰਲੇ ਕੱਢ ਰਿਹਾ ਹੈ। ਫਿਰ ਵੀ ਮੇਰਾ ਕਪਤਾਨ ਖ਼ਾਮੋਸ਼ ਹੋ ਕੇ ਮੇਰੇ ਚੁੱਪ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ; ਅਤੇ ਮੇਰੇ ਇਨ੍ਹਾਂ ਮੱਲਾਹਾਂ ਨੇ, ਜਿਨ੍ਹਾਂ ਨੇ ਜ਼ਿਆਦਾ ਵੱਡੇ ਸਮੁੰਦਰ ਦਾ ਸਾਂਝਾ ਸੁਰ ਸੁਣਿਆ ਹੈ, ਵੀ ਮੈਨੂੰ ਧੀਰਜ ਨਾਲ ਸੁਣਿਆ ਹੈ। ਉਹ ਹੁਣ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ। ਮੈਂ ਤਿਆਰ ਹਾਂ।
ਨਦੀ ਸਮੁੰਦਰ ਕੋਲ ਪਹੁੰਚ ਗਈ ਹੈ ਅਤੇ ਇੱਕ ਵਾਰ ਫਿਰ ਉਹ ਮਹਾਨ ਮਾਂ ਆਪਣੇ ਪੁੱਤ ਨੂੰ ਸੀਨੇ ਨਾਲ਼ ਲਾਈ ਬੈਠੀ ਹੈ। ਅਲਵਿਦਾ, ਔਰਫਲੀਜ਼ ਦੇ ਵਾਸੀਓ!
ਇਹ ਦਿਨ ਖ਼ਤਮ ਹੋ ਗਿਆ ਹੈ। ਇਹ ਆਪਣੇ ਉੱਪਰ ਇਸ ਤਰ੍ਹਾਂ ਬੰਦ ਹੋ ਰਿਹਾ ਹੈ ਜਿਵੇਂ ਕੰਵਲ ਦਾ ਫੁੱਲ ਅਗਲੇ ਦਿਨ ਖੁੱਲ੍ਹਣ ਲਈ ਬੰਦ ਹੋ ਜਾਂਦਾ ਹੈ।
ਜੋ ਕੁਝ ਸਾਨੂੰ ਇੱਥੋਂ ਮਿਲਿਆ ਹੈ, ਅਸੀਂ ਉਸ ਨੂੰ ਸੰਭਾਲ ਕੇ ਰੱਖਾਂਗੇ, ਅਤੇ ਜੇਕਰ ਇਹ ਕਾਫ਼ੀ ਨਾ ਹੋਇਆ ਤਾਂ ਅਸੀਂ ਜ਼ਰੂਰ ਫਿਰ ਮਿਲਾਂਗੇ ਅਤੇ ਦਾਤੇ ਅੱਗੇ ਮਿਲ ਕੇ ਹੱਥ ਫੈਲਾਵਾਂਗੇ। ਇਹ ਨਾ ਭੁੱਲਣਾ ਕਿ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਥੋੜ੍ਹਾ ਵਕਤ ਬੀਤੇਗਾ ਅਤੇ ਮੇਰੀ ਤ੍ਰਿਸ਼ਨਾ ਇੱਕ ਹੋਰ ਸਰੀਰ ਲਈ ਧੂੜ ਅਤੇ ਝੱਗ ਇਕੱਠੀ ਕਰ ਲਵੇਗੀ।
ਥੋੜ੍ਹਾ ਵਕਤ ਬੀਤੇਗਾ, ਮੈਂ ਹਵਾ ਉੱਤੇ ਇੱਕ ਪਲ ਆਰਾਮ ਕਰਾਂਗਾ, ਅਤੇ ਇੱਕ ਹੋਰ ਔਰਤ ਮੈਨੂੰ ਜਨਮ ਦੇ ਦੇਵੇਗੀ।
ਅਲਵਿਦਾ ਤੁਹਾਨੂੰ ਅਤੇ ਅਲਵਿਦਾ ਉਸ ਜਵਾਨੀ ਨੂੰ ਜੋ ਮੈਂ ਤੁਹਾਡੇ ਵਿਚਕਾਰ ਬਿਤਾਈ ਹੈ!
ਇਹ ਕੱਲ੍ਹ ਦੀ ਹੀ ਗੱਲ ਹੈ ਕਿ ਆਪਾਂ ਸੁਪਨੇ ਵਿੱਚ ਮਿਲੇ ਸੀ। ਮੇਰੇ ਇਕੱਲੇਪਣ ਵਿੱਚ ਤੁਸੀਂ ਮੈਨੂੰ ਗੀਤ ਸੁਣਾਏ ਹਨ ਅਤੇ ਮੈ ਆਕਾਸ਼ ਵਿੱਚ ਤੁਹਾਡੀਆਂ ਤਾਂਘਾਂ ਦਾ ਬੁਰਜ ਬਣਾਇਆ ਹੈ। ਪਰ ਹੁਣ ਸਾਡੀ ਨੀਂਦ ਉੱਡ ਗਈ ਹੈ ਅਤੇ ਸਾਡਾ ਸੁਪਨਾ ਖ਼ਤਮ ਹੋ ਗਿਆ ਹੈ, ਅਤੇ ਹੁਣ ਪ੍ਰਭਾਤ ਨਹੀਂ ਰਹੀ।
ਦੁਪਹਿਰ ਹੋ ਚੁੱਕੀ ਹੈ ਅਤੇ ਸਾਡੀ ਅੱਧੀ ਜਾਗ ਚਿੱਟੇ ਦਿਨ ਵਿੱਚ ਬਦਲ ਗਈ ਹੈ ਅਤੇ ਸਾਨੂੰ ਵਿੱਛੜ ਜਾਣਾ ਚਾਹੀਦਾ ਹੈ। ਜੇਕਰ ਅਸੀਂ ਯਾਦਾਂ ਦੇ ਮੱਧਮ ਚਾਨਣ ਵਿੱਚ ਇੱਕ ਵਾਰ ਫਿਰ ਮਿਲ ਪਏ ਤਾਂ ਅਸੀਂ ਫਿਰ ਮਿਲ ਕੇ ਗੱਲਾਂ ਕਰਾਂਗੇ ਅਤੇ ਤੁਸੀਂ ਮੈਨੂੰ ਹੋਰ ਵੀ ਗਹਿਰਾ ਗੀਤ ਸੁਣਾਉਗੇ। ਅਤੇ ਜੇਕਰ ਆਪਣੇ ਹੱਥ ਕਿਸੇ ਹੋਰ ਸੁਪਨੇ ਵਿੱਚ ਮਿਲ ਗਏ ਤਾਂ ਆਪਾਂ ਆਕਾਸ਼ ਵਿੱਚ ਇੱਕ ਹੋਰ ਬੁਰਜ ਬਣਾਵਾਂਗੇ।’’’
ਇਹ ਕਹਿ ਕੇ ਉਸ ਨੇ ਮੱਲਾਹਾਂ ਨੂੰ ਇਸ਼ਾਰਾ ਕੀਤਾ। ਉਨ੍ਹਾਂ ਨੇ ਤੁਰੰਤ ਜਹਾਜ਼ ਦਾ ਲੰਗਰ ਸੰਤੁਲਤ ਕੀਤਾ, ਉਸ ਨੂੰ ਖੋਲ੍ਹ ਦਿੱਤਾ ਅਤੇ ਪੂਰਬ ਵੱਲ ਚੱਲ ਪਏ।
ਲੋਕਾਂ ਦੀ ਚੀਕ ਇਸ ਤਰ੍ਹਾਂ ਸੁਣਾਈ ਦਿੱਤੀ ਜਿਵੇਂ ਉਹ ਇੱਕ ਹੀ ਦਿਲ ਵਿੱਚੋਂ ਨਿਕਲੀ ਹੋਵੇ। ਸ਼ਾਮ ਦੇ ਫੈਲ ਰਹੇ ਹਨੇਰੇ ਵਿੱਚ ਉਹ ਆਵਾਜ਼ ਉੱਪਰ ਉੱਠੀ ਅਤੇ ਤੂਤੀ ਦੀ ਉੱਚੀ ਆਵਾਜ਼ ਵਾਂਗ ਸਮੁੰਦਰ ਉੱਤੇ ਫੈਲ ਗਈ।
ਸਿਰਫ਼ ਅਲਮਿਤਰਾ ਚੁੱਪ ਸੀ। ਉਹ ਜਹਾਜ਼ ਵੱਲ ਵੇਖਦੀ ਰਹੀ, ਵੇਖਦੀ ਰਹੀ, ਜਦ ਤੱਕ ਉਹ ਧੁੰਦ ਵਿੱਚ ਲੋਪ ਨਹੀਂ ਹੋਇਆ। ਜਦੋਂ ਸਾਰੇ ਲੋਕ ਚਲੇ ਗਏ, ਉਹ ਇਕੱਲੀ ਹੀ ਸਮੁੰਦਰ ਕੰਢੇ ਬਣੀ ਹੋਈ ਕੰਧ ’ਤੇ ਖੜ੍ਹੀ ਰਹੀ। ਉਹ ਆਪਣੇ ਮਨ ਵਿੱਚ ਉਸ ਦੇ ਇਸ ਕਥਨ ਨੂੰ ਯਾਦ ਕਰਦੀ ਰਹੀ :
‘‘ਥੋੜ੍ਹਾ ਵਕਤ ਬੀਤੇਗਾ, ਮੈਂ ਹਵਾ ਉੱਤੇ ਇੱਕ ਪਲ ਆਰਾਮ ਕਰਾਂਗਾ ਅਤੇ ਇੱਕ ਹੋਰ ਔਰਤ ਮੈਨੂੰ ਜਨਮ ਦੇ ਦੇਵੇਗੀ।’’ (ਸਮਾਪਤ)
– ਅਨੁਵਾਦ: ਬਸੰਤ ਸਿੰਘ ਬਰਾੜ
ਸੰਪਰਕ: 098149-41214 (ਅਨੁਵਾਦਕ)