ਹਰਦੀਪ ਸਿੰਘ ਜਟਾਣਾ
ਅੱਜ ਕੈਂਸਰ, ਸ਼ੂਗਰ, ਬ੍ਰੇਨ ਹੈਂਮਰੇਜ, ਬਲੱਡ ਪ੍ਰੈਸ਼ਰ, ਕਾਲਾ ਪੀਲੀਆ, ਡੇਂਗੂ ਤੇ ਅਨੇਕਾਂ ਹੋਰ ਜਾਨਲੇਵਾ ਰੋਗਾਂ ਨੇ ਕਰੋਨਾ ਖ਼ਿਲਾਫ਼ ਧਰਨਾ ਦਿੱਤਾ। ਧਰਨੇ ਦੌਰਾਨ ਸਾਰੇ ਰੋਗਾਂ ਇਕਸੁਰ ਹੁੰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਨਿੱਕੇ ਵੱਡੇ ਰੋਗਾਂ ਦੇ ਸੈਂਕੜੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਅਤੇ ਵੱਖ ਵੱਖ ਮੁਲਕਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ’ਤੇ ਕਰੋਨਾ ਦਾ ਪੱਖ ਪੂਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੱਲ੍ਹ ਦੀ ਭੂਤਨੀ ਨੂੰ ਸਿਵਿਆਂ ਦਾ ਮਾਲਕ ਬਣਾ ਦੇਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਂਸਰ ਨੇ ਕਿਹਾ, ‘‘ਕਰੋਨਾ ਤੋਂ ਪਹਿਲਾਂ ਮੇਰੀ ਤੂਤੀ ਬੋਲਦੀ ਹੁੰਦੀ ਸੀ। ਸ਼ੋਅਲ ਫਿਲਮ ਵਾਲੇ ਗੱਬਰ ਵਾਂਗ ਮੇਰਾ ਨਾਮ ਸੁਣ ਕੇ ਹੀ ਲੋਕ ਡਰ ਨਾਲ ਕੰਬ ਜਾਂਦੇ ਸਨ। ਪਿੰਡਾਂ ਦੇ ਲੋਕ ਡਰਦੇ ਮਾਰੇ ਮੇਰਾ ਨਾਮ ਤੱਕ ਨਹੀਂ ਸਨ ਲਿਆ ਕਰਦੇ। ਜੇ ਕਿਸੇ ਔਰਤ ਨੇ ਗੱਲ ਕਰਨੀ ਹੁੰਦੀ ਤਾਂ ਉਹ ਕੈਂਸਰ ਦੀ ਥਾਂ ਦੂਜਾ ਫੋੜਾ ਆਖ ਕੇ ਬਿਮਾਰੀ ਦਾ ਨਾਮ ਦੱਸਿਆ ਕਰਦੀ ਸੀ। ਤੇ ਹੁਣ ਜਦੋਂ ਦਾ ਕਰੋਨਾ ਆਇਐ ਲੋਕ ਮੇਰਾ ਨਾਮ ਹੀ ਭੁੱਲ ਗਏ ਹਨ। ਨੇਤਾਵਾਂ ਤੇ ਕਾਰਪੋਰੇਟਾਂ ਨਾਲ ਰਲੇ ਕਰੋਨਾ ਨੇ ਮੇਰੀ ਮਰੀਜ਼ਾਂ ਨੂੰ ਮਾਰਨ ਲਈ ਕਈ ਕਈ ਸਾਲ ਦੀ ਕੀਤੀ ਮਿਹਨਤ ਮਿੱਟੀ ਮਿਲਾ ਦਿੱਤੀ ਹੈ। ਅੱਜ ਇਹ ਹਾਲ ਹੋ ਗਿਆ ਹੈ ਕਿ ਬੰਦਾ ਭਾਵੇਂ ਮੈਂ ਮਾਰਾਂ, ਪਰ ਸਿਹਰਾ ਕਰੋਨਾ ਸਿਰ ਬੰਨ੍ਹਿਆ ਜਾ ਰਿਹਾ ਹੈ।’’ ਲੇਰ ਜਿਹੀ ਮਾਰਦਿਆਂ ਕੈਂਸਰ ਆਂਹਦਾ, ‘‘ਹੁਣ ਮੈਂ ਕਾਹਦਾ ਰੋਗ ਹਾਂ ਯਾਰ! ਲੋਕਾਂ ਨੇ ਮੈਨੂੰ ਭਿੱਜੀ ਬਿੱਲੀ ਸਮਝ ਰੱਖਿਆ ਹੈ।’’ ਦੂਸਰੇ ਬੁਲਾਰੇ ਹਾਰਟ ਅਟੈਕ ਨੇ ਕਿਹਾ, ‘‘ਕਰੋਨਾ ਨੇ ਮੇਰੇ ਨਾਲ ਵੀ ਚੰਗੀ ਨਹੀਂ ਕੀਤੀ। ਅੱਜ ਵੀ ਅੱਧੋਂ ਵੱਧ ਮੌਤਾਂ ਮੈਂ ਕਰਦਾ ਹਾਂ, ਪਰ ਨਾਮ ਫਿਰ ਵੀ ਚੀਨੀ ਔਲਾਦ ਕਰੋਨਾ ਦਾ ਹੀ ਲਿਆ ਜਾਂਦਾ ਹੈ। ਪਤਾ ਨਹੀਂ ਲੋਕਾਂ ਨੂੰ ਕਦੋਂ ਸਮਝ ਆਊ ਕਿ ਇੱਕੋ ਝਟਕੇ ਮੌਤ ਸਿਰਫ਼ ਮੇਰੇ ਕਰਕੇ ਹੀ ਹੋ ਸਕਦੀ ਹੈ। ਬੁਜ਼ਦਿਲ ਕਰੋਨਾ ’ਚ ਐਨੀ ਤਾਕਤ ਕਿੱਥੇ ਬਈ ਉਹ ਬੰਦੇ ਨੂੰ ਤੁਰਦੇ ਫਿਰਦੇ ਪਾਰ ਬੁਲਾ ਦੇਵੇ।’’ ਪੰਡਾਲ ’ਚ ਬੈਠ ਕੇ ਦੰਦੀਆਂ ਕਰੀਚ ਰਹੇ ਜ਼ੁਕਾਮ ਦੀ ਜਦੋਂ ਵਾਰੀ ਆਈ ਤਾਂ ਉਹ ਪੂਰੇ ਜੋਸ਼ ਨਾਲ ਕੜਕਿਆ, ‘‘ਕਰੋਨਿਆ, ਜੇ ਹਿੰਮਤ ਹੈ ਤਾਂ ਸਾਹਮਣੇ ਆ ਕੇ ਗੱਲ ਕਰ। ਲੁਕ ਛਿਪ ਕੇ ਸਾਡੇ ਨਾਮ ਦੀ ਖੱਟੀ ਖਾਣ ਵਾਲਿਆ ਬੁਜ਼ਦਿਲਾ ਖੰਘ ਜ਼ੁਕਾਮ ਜਿਹੇ ਸਾਧਾਰਨ ਰੋਗ ਨੂੰ ਤੂੰ ਕਰੋਨਾ ਬਣਾ ਕੇ ਚੰਗਾ ਨਹੀਂ ਕੀਤਾ। ਉਏ ਦੁਸ਼ਮਣਾ! ਤੇਰੇ ਤੋਂ ਪਹਿਲਾਂ ਸਾਡੇ ਨਾਮ ਦੇ ਬਹਾਨੇ ਲਾ ਲਾ ਲੋਕ ਛੁੱਟੀਆਂ ਲਿਆ ਕਰਦੇ ਸਨ, ਪਰ ਜਦੋਂ ਦਾ ਤੂੰ ਆਇਐਂ ਉਦੋਂ ਤੋਂ ਲੋਕ ਖੰਘੂਰੇ ਮਾਰਨ ਤੋਂ ਵੀ ਡਰਨ ਲੱਗ ਪਏ ਹਨ। ਦਮ ਹੈ ਤਾਂ ਬਿਨਾਂ ਖੰਘ ਜ਼ੁਕਾਮ ਇੱਕ ਬੰਦਾ ਮਾਰ ਕੇ ਵਿਖਾ। ਆਹ ਆਕਸੀਜਨ ਦੀ ਘਾਟ ਨਾਲ ਮੌਤ ਵਾਲਾ ਜਿਹੜਾ ਦਾਅ ਤੂੰ ਆਪਣੇ ਨਾਮ ਕਰਵਾਇਐ ਇਹ ਤਾਂ ਸੈਂਕੜੇ ਸਾਲਾਂ ਤੋਂ ਮੇਰਾ ਛੋਟਾ ਵੀਰ ਅਸਥਮਾ ਵਰਤ ਰਿਹੈ।’’ ਏਨਾ ਕਹਿ ਜ਼ੁਕਾਮ ਨੇ ਖੰਘੂਰਾ ਮਾਰਿਆ ਤੇ ਆਪਣੀ ਥਾਂ ਜਾ ਬੈਠਾ। ਮੰਚ ਸੰਚਾਲਕ ਨੇ ਕਿਹਾ, ‘‘ਸੈਂਕੜੇ ਬੁਲਾਰੇ ਹੋਣ ਕਰਕੇ ਸਾਰਿਆਂ ਨੂੰ ਸਮਾਂ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਤਿਆਰ ਕੀਤੀ ਕਿੱਟ ’ਚ ਇੱਕ ਵੀ ਦਵਾਈ ਕਰੋਨਾ ਦੀ ਨਹੀਂ। ਸਾਰੀਆਂ ਦਵਾਈਆਂ ਜਾਂ ਤਾਂ ਖੰਘ ਦੀਆਂ ਨੇ, ਜਾਂ ਬੁਖ਼ਾਰ ਦੀਆਂ, ਜਾਂ ਸਿਰ ਦਰਦ ਦੀਆਂ, ਜਾਂ ਕੁਝ ਵਿਸ਼ੇਸ਼ ਤੱਤਾਂ ਦੀ ਘਾਟ ਦੀਆਂ।’’ ਅਗਲਾ ਬੁਲਾਰਾ ਸ਼ੂਗਰ ਸੀ। ਆਪਣੇ ਸੰਬੋਧਨ ’ਚ ਉਹ ਆਂਹਦਾ, ‘‘ਮੈਂ ਆਪਣੀ ਮਿਹਨਤ ਸਦਕਾ ਹਰ ਤੀਸਰੇ ਪੰਜਾਬੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਮਨੁੱਖੀ ਸਰੀਰ ਦੇ ਅੱਧੋਂ ਵੱਧ ਰੋਗ ਮੇਰੇ ਸਹਾਰੇ ਜਿਉਂਦੇ ਹਨ। ਹੁਣ ਵੀ ਆਹ ਬਲੈਕ ਫੰਗਸ ਨਾਮੀ ਜਿਹੜਾ ਨਵਾਂ ਰੋਗ ਮਾਰਕੀਟ ’ਚ ਆਇਐ ਇਹ ਵੀ ਮੇਰਾ ਦੋਹਤਾ ਪੋਤਾ ਹੀ ਹੈ। ਮੇਰੀ ਸਲਾਹ ਹੈ ਕਿ ਆਪਾਂ ਕਰੋਨਾ ਖ਼ਿਲਾਫ਼ ਅਦਾਲਤ ’ਚ ਜਾਈਏ ਤੇ ਇਸ ਦੇ ਝੂਠ ਨੂੰ ਨੰਗਾ ਕਰੀਏ।’’ ਹੱਕ ’ਚ ਨਾਅਰੇ ਗੂੰਜੇ, ਸਾਰੇ ਰੋਗ ਪ੍ਰਤਿਨਿਧਾਂ ਨੇ ਝੂਠਾ ਕਰੋਨਾ ਮੁਰਦਾਬਾਦ ਕਿਹਾ। ਸਟੇਜ ਸੈਕਟਰੀ ਨੇ ਬੁਖ਼ਾਰ ਨੂੰ ਮੰਚ ’ਤੇ ਆਉਣ ਦਾ ਸੱਦਾ ਦਿੱਤਾ। ਆਪਣੇ ਵਾਂਗ ਤੱਤੇ ਸੁਰ ’ਚ ਬੋਲਦਿਆਂ ਬੁਖ਼ਾਰ ਆਂਹਦਾ, ‘‘ਆਹ ਜਿਹੜਾ ਕਰੋਨਾ ਅੱਜ ਹੀਰੋ ਬਣਿਆ ਫਿਰਦੈ ਮੇਰੇ ਬਿਨਾਂ ਇਹਨੂੰ ਕੁੱਤੀ ਨੀਂ ਭੌਂਕਦੀ। ਸਿੱਧਾ ਮਤਲਬ ਹੈ ਜੇ ਮੈਂ ਆਪਣੇ ਜੌਹਰ ਨਾ ਵਿਖਾਵਾਂ ਤਾਂ ਲੋਕ ਕਰੋਨਾ ਨੂੰ ਲੱਤਾਂ ਮੁੱਕੀਆਂ ਨਾਲ ਕੁੱਟਿਆ ਕਰਨ। ਮਿਲੀਭੁਗਤ ਕਰਕੇ ਮੇਰੇ ਨਾਲ ਕੀਤੀ ਜਾ ਰਹੀ ਜੱਗੋਂ ਤੇਰਵੀਂ ਵੇਖੋ, ਬੰਦੇ ਨੂੰ ਸਭ ਤੋਂ ਪਹਿਲਾਂ ਚੜ੍ਹਦਾ ਮੈਂ ਹਾਂ ਤੇ ਨੱਕ ’ਚ ਡੱਕਾ ਜਿਹਾ ਮਾਰ ਕੇ ਸਿਹਤ ਕਰਮਚਾਰੀ ਕਹਿਣਗੇ ਤੈਨੂੰ ਕਰੋਨੈ। ਓਏ ਭਲੇ ਮਾਣਸੋ! ਸਾਹਮਣੇ ਆਉਣ ਕਰਕੇ ਨਾਮ ਤਾਂ ਮੇਰਾ ਬਦਨਾਮ ਹੁੰਦਾ ਹੈ ਤੇ ਮਸ਼ਹੂਰੀ ਤੁਸੀਂ ਕਰੋਨਾ ਦੀ ਕਰੀ ਜਾਨੇ ਓਂ।’’ ਬੁਖ਼ਾਰ ਨੇ ਆਖਿਆ, ‘‘ਇੱਕ ਜੀਅ ਤਾਂ ਕਰਦੈ ਕਿ ਮੈਂ ਲੋਕਾਂ ਨੂੰ ਚੜ੍ਹਨਾ ਹੀ ਬੰਦ ਕਰ ਦਿਆਂ, ਪਰ ਫਿਰ ਸੋਚਦਾ ਹਾਂ ਕਿ ਮੇਰੇ ਪੁੱਤਰ ਪੋਤਰੇ ਕੀ ਕਹਿਣਗੇ ਬਈ ਦੁਨੀਆ ਨੂੰ ਡਰਾਉਣ ਵਾਲਾ ਸਾਡਾ ਬਾਪੂ ਡਰ ਕੇ ਪਿੱਛੇ ਹਟ ਗਿਆ ਸੀ। ਇਸ ਲਈ ਭਰਾਵੋ ਮੇਰੀ ਸਲਾਹ ਹੈ ਆਪਾਂ ਸਾਰੇ ਰਲਕੇ ਕਰੋਨਾ ਨੂੰ ਘੇਰੀਏ ਤੇ ਲੋਕਾਂ ਦਾ ਡਰ ਕੱਢੀਏ।’’ ਬੁਲਾਰਿਆਂ ਵਿੱਚ ਡੇਂਗੂ, ਸਵਾਈਨ ਫਲੂ, ਦਸਤ, ਹੈਜ਼ਾ, ਕਾਲਾ ਪੀਲੀਆ, ਪੇਟ ਗੈਸ, ਤੇਜ਼ਾਬ, ਹੱਡ ਭੰਨਣੀ, ਸਿਰ ਦਰਦ ਸਮੇਤ ਦੋ ਦਰਜਨ ਬੁਲਾਰਿਆਂ ਨੇ ਸੰਬੋਧਨ ਕੀਤਾ। ਸਾਰਿਆਂ ਦੀ ਸਲਾਹ ਸੀ ਕਿ ਕਰੋਨਾ ਨੂੰ ਕਟਹਿਰੇ ਖੜ੍ਹਾ ਕੇ ਪੁੱਛਿਆ ਜਾਵੇ: ਤੇਰੀ ਵੱਖਰੀ ਪਹਿਚਾਣ ਕੀ ਹੈ? ਤੂੰ ਆਪਣੇ ਸ਼ਿਕਾਰ ਦਾ ਪੋਸਟ-ਮਾਰਟਮ ਕਿਉਂ ਨਹੀਂ ਕਰਨ ਦਿੰਦਾ? ਤੇਰੇ ਪੱਕੇ ਲੱਛਣ ਕਿਉਂ ਨਹੀਂ? ਸਾਰਿਆਂ ਨੇ ਸਹਿਮਤੀ ਦਿੰਦਿਆਂ ਮੁੜ ਕਰੋਨਾ ਮੁਰਦਾਬਾਦ ਦੇ ਨਾਅਰੇ ਲਗਾਏ।
ਸੰਪਰਕ: 94172-54517