1947 ਵਿਚ ਸਾਡੀ ਧਰਤੀ ਦੇ ਨਾਲ ਹੀ ਆਬਾਦੀ ਰਵਾਇਤ ਵੀ ਤਕਸੀਮ ਹੋ ਗਈ। ਪੂਰਬ ਦੇ ਪੰਜਾਬ ਦੇ ਸਮਵਿੱਥ ਹੀ ਲਹਿੰਦੇ ਵਿਚ ਵੀ ਭਰਪੂਰ ਕਾਵਿ ਰਚਨਾ ਹੋਈ। ਗ਼ਜ਼ਲ ਸਿਨਫ਼ ਵਿਚ ਲਹਿੰਦੇ ਵਾਲਿਆਂ ਨੇ ਭਾਸ਼ਾ ਤੇ ਲਹਿਜੇ ਦਾ ਠੇਠ ਰੂਪ ਸੰਭਾਲਿਆ ਹੋਇਆ ਹੈ। ਲੋਕ ਮੁਹਾਵਰਾ ਤੇ ਸਰੋਤਾਮੁਖਤਾ ਲਹਿੰਦੇ ਦੀ ਗ਼ਜ਼ਲ ਦਾ ਭਾਰੂ ਤੱਤ ਹੈ। ਇਨ੍ਹਾਂ ਸ਼ਾਇਰਾਂ ਵਿੱਚੋਂ ਬਹੁਤੇ ਨਾਲ ਹੀ ਉਰਦੂ ਦੇ ਪ੍ਰਸਿੱਧ ਸ਼ਾਇਰ ਵੀ ਹਨ। ਪਰ ਪੰਜਾਬੀ ਵਿਚ ਲਿਖਦਿਆਂ ਇਕਹਿਰੀ ਬਿਆਨਕਾਰੀ ਤੇ ਵਸਤੂ ਪ੍ਰਤੀ ਲੋਕ ਬੋਧ ਇਨ੍ਹਾਂ ਸ਼ਾਇਰਾਂ ਉੱਪਰ ਭਾਰੂ ਹੈ।
– ਜਗਵਿੰਦਰ ਜੋਧਾ
* * * * * * * * *
ਸ਼ਰੀਫ਼ ਕੁੰਜਾਹੀ (1915)
ਮੂੰਹੋਂ ਭਾਵੇਂ ਗੱਲ ਨਾ ਨਿਕਲੇ, ਹੋਂਠ ਫੜਕ ਕੇ ਰਹਿ ਜਾਂਦੇ ਨੇ
ਇੰਝ ਵੀ ਆਪਣੇ ਦਿਲ ਦੀਆਂ ਗੱਲਾਂ, ਕਹਿਣੇ ਵਾਲੇ ਕਹਿ ਜਾਂਦੇ ਨੇ
ਰੱਤ ਤਿਰਹਾਏ ਰਾਹਾਂ ਉੱਤੇ ਉਹ ਮੁਸਾਫ਼ਿਰ ਸਾਥੀ ਮੇਰੇ
ਕੰਡੇ ਦੀ ਇਕ ਚੋਭ ਤੇ ਜਿਹੜੇ ਛਾਲੇ ਵਾਂਗੂ ਬਹਿ ਜਾਂਦੇ ਨੇ
ਨਾ ਤੂੰ ਪਿਆਰ ਦਾ ਤਕੀਆ ਤਕਿਆ, ਨਾ ਤੂੰ ਘੋਟੀ ਨਾ ਤੂੰ ਪੀਤੀ
ਜਿਨ੍ਹਾਂ ਦੇ ਮੂੰਹ ਸਾਵੀ ਲਗਦੀ ਇਸਦੇ ਹੋਕੇ ਰਹਿ ਜਾਂਦੇ ਨੇ
ਭੁਲਦੇ ਭੁਲਦੇ ਭੁਲ ਜਾਂਦੇ ਨੇ ਫ਼ਰਿਆਦਾਂ ਦੀ ਆਦਤ ਪੰਛੀ
ਸਹਿੰਦੇ ਸਹਿੰਦੇ ਓੜਕ ਲੋਕੀ ਹਰ ਸਖ਼ਤੀ ਨੂੰ ਸਹਿ ਜਾਂਦੇ ਨੇ
ਤੂੰ ਛਵੀਆਂ ਦੇ ਦਸਤੇ ਪਰਖੇਂ, ਮੈਂ ਟਾਹਣਾਂ ਦੀ ਖ਼ੈਰ ਮਨਾਵਾਂ
ਲੋਕ ‘ਸ਼ਰੀਫ’ ਜਿਨ੍ਹਾਂ ਦੀਆਂ ਛਾਵਾਂ ਥੱਲੇ ਆ ਕੇ ਬਹਿ ਜਾਂਦੇ ਨੇ
* * * * * * * * *
ਡਾ. ਰਸ਼ੀਦ ਅਨਵਰ (1923)
ਰਾਹਵਾਂ ਤੇ ਰਸਤਿਆਂ ਦੀ ਪਹਿਚਾਨ ਰਹਿਣ ਦੇ
ਕੋਈ ਤੇ ਦੋਸਤੀ ਦਾ ਇਮਕਾਨ ਰਹਿਣ ਦੇ
ਦਿਲ ਤੇ ਤੂੰ ਖੋਹ ਲਿਆ ਏ, ਅੱਥਰੂ ਤੇ ਮੋੜ ਦੇ
ਥੋੜ੍ਹਾ ਜਿਹਾ ਤੇ ਘਰ ਦਾ ਸਾਮਾਨ ਰਹਿਣ ਦੇ
ਭੰਨਘੜ ਮਿਰੇ ਮਕਾਨ ਦੀ ਸਾਰੀ ਸਮੇਟ ਲੈ
ਫੁੱਲਾਂ ਦੇ ਮੌਸਮਾਂ ਲਈ ਗੁਲਦਾਨ ਰਹਿਣ ਦੇ
ਦੇ ਨਾ ਮੁਨਾਫ਼ਕਾਂ ਨੂੰ ਇਨਆਮ ਪਿਆਰ ਦਾ
ਮੁਖ਼ਲਸ ਮੁਹੱਬਤਾਂ ਤੇ ਈਮਾਨ ਰਹਿਣ ਦੇ
ਇਕਲਾਪਿਆਂ ਦਾ ਕੋਈ ਦਾਰੂ ਤੇ ਕਰ ਸਕਾਂ
ਯਾਦਾਂ ਤੂੰ ਕੋਲ ਮੇਰੇ ਮਹਿਮਾਨ ਰਹਿਣ ਦੇ
ਆਵਣ ਜੇ ਰਾਸ ਤੈਨੂੰ ਤੂੰ ਕਰ ਲਈਂ ਖ਼ੁਦਾਈਆਂ
ਮੈਨੂੰ ਖ਼ੁਦਾ ਦੇ ਵਾਸਤੇ ਇਨਸਾਨ ਰਹਿਣ ਦੇ
ਜਿੱਦਤ ਦੇ ਵੇਰਵੇ ਦੀ ਪਹਿਚਾਨ ਕਰਨ ਖ਼ਾਤਰ
ਪਿਛਲੇ ਰਵਾਇਤਾਂ ਦੇ ਉਨਵਾਨ ਰਹਿਣ ਦੇ
ਵੇਲਾ ਪਛਾਣ ਲਏਗਾ ਅਨਵਰ ਹਕੀਕਤਾਂ ਸਭ
ਖ਼ੁੱਲ੍ਹਾ ਸੁਖਨਵਰੀ ਦਾ ਮੈਦਾਨ ਰਹਿਣ ਦੇ
* * * * * * * * *
ਮੁਨੀਰ ਨਿਆਜ਼ੀ (1928)
ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ
ਮੈਂ ਤੇ ਉਹ ਜੇ ਮਿਲ ਜਾਂਦੇ ਇਕ ਨਗਰ ਬਣਾ ਲੈਂਦੇ
ਦਰ ਬ ਦਰ ਨਾ ਮੈਂ ਫਿਰਦਾ, ਦਰ ਬਦਰ ਨਾ ਉਹ ਹੁੰਦਾ
ਇਕ ਜਗ੍ਹਾ ਤੇ ਮਿਲਕੇ ਜੇ ਅਪਣਾ ਦਰ ਬਣਾ ਲੈਂਦੇ
ਖ਼ਾਬ ਜੇ ਨਾ ਬਣ ਜਾਂਦੇ ਮੈਕਦੇ ਦੀ ਦੁਨੀਆਂ ਵਿਚ
ਇਹ ਅਜਾਬ ਦੁਨੀਆਂ ਦੇ ਦਿਲ ਚ ਘਰ ਬਣਾ ਲੈਂਦੇ
ਹੁਣ ਖਿਆਲ ਆਓਂਦਾ ਏ ਮੰਜ਼ਿਲਾਂ ਦੀ ਸਖਤੀ ਦਾ
ਕੋਈ ਯਾਰ ਤੇ ਆਪਣਾ ਹਮਸਫ਼ਰ ਬਣਾ ਲੈਂਦੇ
ਰਹਬਿਰਾਂ ਬਿਨਾਂ ਚਲਣਾ, ਕੰਮ ‘ਮੁਨੀਰ’ ਔਖਾ ਸੀ
ਪਰ ਗਵਾਚ ਜਾਂਦੇ ਜੇ ਰਾਹਬਰ ਬਣਾ ਲੈਂਦੇ
* * * * * * * * *
ਜ਼ਫ਼ਰ ਇਕਬਾਲ (1932)
ਛੇ ਪਰਦੇ ਸਨ ਜਿਸਮ ਦੇ, ਸਤਵਾਂ ਨੈਣ ਨਕਾਬ ਦਾ
ਅੰਦਰ ਚਾਨਣ ਹਾਰ ਸੀ, ਸ਼ੁਅਲਾ ਕਿਸੇ ਸ਼ਰਾਬ ਦਾ
ਹਰਿਆਂ ਹੱਥਾਂ ਵਿਚ ਸੀ, ਰੌਣਕ ਸੰਘਣੇ ਸਮੇਂ ਦੀ,
ਮੱਥੇ ਉੱਤੇ ਰੰਗ ਸੀ, ਸ਼ੁਹ ਸ਼ੀਸ਼ੇ ਦੀ ਆਬ ਦਾ
ਲਬਿੜੇ ਹੋਏ ਲਫ਼ਜ਼ ਸਨ, ਘਾਹ ਦੇ ਅੰਦਰ ਘੂਕਦੇ,
’ਵਾ ਵਿਚ ਉਡਿਆ ਪਿਆ ਸੀ, ਵਰਕਾ ਕਿਸੇ ਕਿਤਾਬ ਦਾ
ਖ਼ਾਕੀ ਚਾਦਰ ਖ਼ੁਸ਼ੀ ਦੀ, ਜਿਸਦੇ ਅੰਦਰ ਰਾਤ ਦਿਨ,
ਨਿਘਰਨ ਨਕਸ਼ ਨਵੇਕਲੇ, ਉਘੜੇ ਅਕਸ ਅਜ਼ਾਬ ਦਾ
ਟੋਏ ਟਿੱਬੇ ਵਹਿਮ ਦੇ, ਉਸਰਨ ਅੰਨ੍ਹੀ ਅੱਖ ਵਿਚ,
ਮਿੱਟੀ ਕਿਸੇ ਗਵੇੜ ਦੀ, ਰੇਤਾ ਕਿਸੇ ਹਿਸਾਬ ਦਾ
ਦੋ ਰੁੱਤਾਂ ਦਾ ਰੂਪ ਸੀ, ਓਹਦੇ ਮੁੱਖ ਮੁਨੀਰ ’ਤੇ
ਪੀਲਾ ਪੱਤਰਾ ਸੀ ‘ਜ਼ਫ਼ਰ’, ਨਾਲੇ ਸ਼ਹਿਰ ਗੁਲਾਬ ਦਾ
* * * * * * * * *
ਰਊਫ਼ ਸ਼ੇਖ (1934)
ਦਰਿਆ ਦੇ ਏਸ ਪਾਰ ਤੋਂ ਉਸ ਪਾਰ ਤੀਕ ਸਾਂ
ਡੁਬਦੇ ਹੋਏ ਜ਼ਮੀਰ ਦੀ ਚੁਪ-ਚਾਪ ਚੀਕ ਸਾਂ
ਦੂਰੀ ਨੇ ਮੇਰੀ ਸੋਚ ਦਾ ਅੰਦਾਜ਼ਾ ਬਦਲਿਆ
ਜਦ ਤਕ ਮੈਂ ਤੇਰੇ ਨਾਲ ਸਾਂ ਤਦ ਤਕ ਠੀਕ ਸਾਂ
ਇਕਲਾਪਿਆਂ ਦੀ ਅੱਗ ਵਿਚ ਸੜਨਾ ਨਸੀਬ ਸੀ
ਯਾਰੀ ਤੇ ਦੁਸ਼ਮਣੀ ਦੇ ਵਿਚਕਾਰ ਲੀਕ ਸਾਂ
ਬੇਗਰਜ਼ੀਆਂ ਦਾ ਢੌਂਗ ਰਚਾ ਕੇ ਜ਼ਮੀਨ ’ਤੇ
ਖ਼ੁਦਗਰਜ਼ੀਆਂ ਦੇ ਅਰਸ਼ ’ਤੇ ਆਪਣੀ ਉਡੀਕ ਸਾਂ
ਪਰਕਾਰ ਲੈ ਕੇ ਮੈਨੂੰ ਜ਼ਮਾਨੇ ਨੇ ਪਰਖਿਆ
ਮੈਂ ਦਾਇਰੇ ’ਚ ਸਾਂ ਮਗਰ ਨੁਕਤਾ ਬਰੀਕ ਸਾਂ
ਜਿਸਨੇ ਸਮੇਂ ਦੀ ਜੀਭ ਤੋਂ ਗੁਫ਼ਤਾਰ ਖੋਹ ਲਈ
ਮੈਂ ਵੀ ਤੇ ਉਹਦੇ ਜ਼ੁਰਮ ਦੇ ਅੰਦਰ ਸ਼ਰੀਕ ਸਾਂ
ਸੱਚਾਈਆਂ ਦੇ ਇਲਮ ਦਾ ਵੰਡਣਗੇ ਚਾਨਣਾ
ਮੈਂ ‘ਰਊਫ਼’ ਜੋ ਕਿਤਾਬ ਅੱਖਰ ਉਲੀਕ ਸਾਂ
* * * * * * * * *
ਤਨਵੀਰ ਬੁਖ਼ਾਰੀ (1939)
ਕਿਸੇ ਦੀ ਭਾਲ ਵਿਚ ਪੈ ਕੇ, ਖੜਾ ਬੈਠੇ ਖੁਰਾ ਆਪਣਾ
ਅਸੀਂ ਕੀ ਹਾਂ ਤੇ ਕਿਹੜੇ ਹਾਂ ਕੀ ਹੁਣ ਦੱਸੀਏ ਪਤਾ ਆਪਣਾ
ਤਿਰੇ ਮਿਲਣੇ ਤੋਂ ਪਹਿਲੇ ਵੀ ਤਾਰੇ ਗਿਣਦਾ ਰਹਿੰਦਾ ਸਾਂ,
ਤਿਰੇ ਮਿਲਣੇ ਤੋਂ ਮਗਰੋਂ ਵੀ ਹੈ ਓਹੀ ਰਤਜਗਾ ਆਪਣਾ
ਪਤਾ ਸੀ ਝੱਖੜਾਂ ਦੇ ਕਾਰਨਾਮੇ ਦਾ, ਤੇ ਮੁੜ ਕਾਹਨੂੰ
ਮੈਂ ਨਾਜ਼ਕ ਸ਼ਾਖ ਉੱਤੇ ਪਾ ਲਿਆ ਸੀ ਆਲ੍ਹਣਾ ਆਪਣਾ
ਤਿਰੇ ਪੈਰੀਂ ਵੀ ਕੰਢੇ ਨੇ, ਮਿਰੇ ਪੋਟੇ ਵੀ ਜ਼ਖ਼ਮੀ ਨੇ
ਮਿਰਾ ਦਾਰੂ ਵੀ ਹੋ ਜਾਸੀ, ਉਪਾ ਕਰ ਦੋਸਤਾ ਆਪਣਾ
ਬੜਾ ਹੈਰਾਨ ਹੋਵਾਂਗਾ, ਮੈਂ ਕਿਸ ਰੰਗਣ ’ਚ ਆਇਆ ਵਾਂ
ਪਛਾਤਾ ਈ ਕਿ ਨਈਂ ਖ਼ਬਰੇ, ‘ਬੁਖ਼ਾਰੀ’ ਆਂ ਤਿਰਾ ਆਪਣਾ
* * * * * * * * *
ਉਮਰ ਗਨੀ (1940)
ਸਮਝੋ ਆਬ, ਸਰਾਬ ਹਮੇਸ਼ਾ ਚੰਗੀ ਗੱਲ ਨਈਂ
ਭੁੱਲਦੇ ਰਹੋ ਜਨਾਬ ਹਮੇਸ਼ਾ ਚੰਗੀ ਗੱਲ ਨਈਂ
ਨਾ-ਮੁਮਕਿਨ ਦੀ ਆਸ ’ਤੇ ਜੀਣਾ ਪਾਗਲਪਨ ਹੈ
ਤੱਕੀ ਜਾਣੇ ਖ਼ਾਬ ਹਮੇਸ਼ਾ ਚੰਗੀ ਗੱਲ ਨਈਂ
ਸੜਦੇ ਘਰ ਦੀ ਕੋਈ ਨਿਸ਼ਾਨੀ ਲੈ ਤੇ ਚਲੀਏ
ਰਖਸੀ ਪਰ ਬੇਤਾਬ ਹਮੇਸ਼ਾ ਚੰਗੀ ਗੱਲ ਨਈਂ
ਰੁਕਣਾ ਪੈਂਦਾ ਜੀਵਨ ਕਾਰਨ ਕਿਤੇ ਕਿਤੇ ਤਾਂ
ਰਹਿਣਾ ਵਾਂਗ ਸਹਾਬ ਹਮੇਸ਼ਾ ਚੰਗੀ ਗੱਲ ਨਈਂ
ਤਜਿਆ ਆਲਮ ਜਿਸਨੇ ਸੱਜਣਾ ਤੇਰੀ ਖਾਤਿਰ
ਉਸ ਦੇ ਲਈ ਅਜ਼ਾਬ ਹਮੇਸ਼ਾ ਚੰਗੀ ਗੱਲ ਨਈਂ
* * * * * * * * *
ਸਾਕੀ ਗੁਜਰਾਤੀ (1945)
ਪਲਕਾਂ ਉੱਤੇ ਲਿਸ਼ਕਣ ਤਾਰੇ ਇੰਝ ਅਣਡਿੱਠਿਆਂ ਖ਼ਾਬਾਂ ਦੇ
ਜੀਕੂੰ ਡਾਲੀਆਂ ਉੱਤੇ ਬਲਦੇ ਦੀਵੇ ਲਾਲ ਗੁਲਾਬਾਂ ਦੇ
ਮੇਰੇ ਜਜ਼ਬਿਆਂ ਦੇ ਹੜ੍ਹ ਅੱਗੇ ਚੁੱਪ ਦੇ ਬੰਨ੍ਹ ਕਿਉਂ ਲਾਉਂਦੇ ਹੋ
ਕੰਢਿਆਂ ਨਾਲ ਕਦੀ ਨਾ ਹੋਏ ਸਮਝੌਤੇ ਸੈਲਾਬਾਂ ਦੇ
ਮੱਕਾਰੀ ਦਾ ਕਾਲਾ ਪਰਦਾ ਲਾਹ ਦੇ ਚੰਨ ਜਿਹੇ ਮੁਖੜੇ ਤੋਂ
ਆਪਣੀ ਆਬ ਗਵਾ ਲੈਂਦੇ ਨੇ ਚਿਹਰੇ ਹੇਠ ਨਕਾਬਾਂ ਦੇ
ਆਲਸ ਮਾਰੇ ਬੰਦਿਆਂ ਦਾ ਕੀ ਜੋੜ ਏ ਉੱਦਮੀ ਬੰਦਿਆਂ ਨਾਲ
ਗਿਰਝਾਂ ਕਦ ਉੱਡ ਸਕਦੀਆਂ ਮੋਢੇ ਜੋੜ ਕੇ ਨਾਲ਼ ਉਕਾਬਾਂ ਦੇ
ਅੱਖੀਆਂ ਵਿੱਚੋਂ ਕੀਕਣ ਫੁੱਟਣ ਕਿਰਨਾਂ ਪਿਆਰ ਖ਼ਲੂਸ ਦੀਆਂ
ਦਿਲ ਸੂਰਜ ਦਾ ਚਾਨਣ ਪੀ ਗਏ ਕਾਲੇ ਹਰਫ਼ ਕਿਤਾਬਾਂ ਦੇ
ਕਾਸ਼ ਕੋਈ ਸਮਝਾਵੇ ਗੁੱਝੀ ਰਮਜ਼ ਅੱਜ ਦੇ ਫਨਕਾਰਾਂ ਨੂੰ
ਗੱਲਾਂ ਬਾਤਾਂ ਨਾਲ ਕਦੇ ਨਾ ਲੱਗੇ ਪਰ ਸੁਰਖਾਬਾਂ ਦੇ
ਪਾਣੀ ਦੀ ਆਸ ਉੱਤੇ ਸਾਕੀ ਜਿੰਨਾਂ ਪੈਂਡਾ ਕੱਪਨੇ ਆਂ
ਓਨੇ ਡੂੰਘੇ ਹੋ ਜਾਂਦੇ ਨੇ ਅੱਗੋਂ ਪੰਧ ਸਰਾਬਾਂ ਦੇ
* * * * * * * * *
ਅਬਦੁਲ ਕਦੀਮ ਕੁਦਸੀ (1946)
ਤੇਰੀ ਸਰਦਲ ਤੇ ਜੇ ਮੇਰਾ ਗੁਜ਼ਰ ਹੋ ਜਾਂਦਾ
ਕਿਉਂ ਨਾ ਅੱਜ ਮੇਰਾ ਵੀ ਹਰ ਐਬ ਹੁਨਰ ਹੋ ਜਾਂਦਾ
ਜੇ ਗ਼ਜ਼ਲਗੋ ਨਾ ਜ਼ਮਾਨੇ ਤੇ ਉਤਰਦੇ ਰਹਿੰਦੇ
ਇਹ ਜ਼ਮਾਨਾ ਤੇ ਬੜੇ ਚਿਰ ਦਾ ਖੰਡਰ ਹੋ ਜਾਂਦਾ
ਕਾਸ਼ ਇਨਸਾਨ ਨੂੰ ਇਨਸਾਨ ਸਮਝਦੇ ਲੋਕੀ
ਕਾਸ਼ ਲੋਕਾਂ ਤੇ ਰਸੂਲਾਂ ਦਾ ਅਸਰ ਹੋ ਜਾਂਦਾ
ਜੇ ਕਦੇ ਪੈਰ ਨਾ ਕੱਟ ਦੇਂਦੇ ਮੁਨਾਫ਼ਕ ਸਾਥੀ
ਤੈਅ ਬੜੀ ਦੇਰ ਦਾ ਸਾਡਾ ਵੀ ਸਫ਼ਰ ਹੋ ਜਾਂਦਾ
ਦਿਨ ਹਯਾਤੀ ਦਾ ਤੇਰੇ ਬਾਝ ਵੀ ਲੰਘ ਜਾਣਾ ਏ
ਨਾਲ ਹੁੰਦੋਂ ਤਾਂ ਜ਼ਰਾ ਚੰਗਾ ਬਸਰ ਹੋ ਜਾਂਦਾ
ਖ਼ੁਰਦਰੇ ਸ਼ਿਅਰਾਂ ਤੋਂ ਜੇ ਬਾਜ਼ ਨਾ ਆਉਂਦਾ ਯਾਰੋ
ਮੈਂ ਵੀ ਕੁਦਸੀ ਦੀ ਤਰ੍ਹਾਂ ਸ਼ਹਿਰ ਬਦਰ ਹੋ ਜਾਂਦਾ
* * * * * * * * *
ਅਕਰਮ ਸ਼ੇਖ (1948)
ਸਿਰ ਤੇ ਸੂਰਜ ਕਹਿਰ ਦਾ ਸੀ
ਬੰਦ ਦਰਵਾਜ਼ਾ ਸ਼ਹਿਰ ਦਾ ਸੀ
ਜਦ ਸਾਏ ਪੱਥਰ ਹੋਏ ਸਨ
ਵੇਲਾ ਸਿਖਰ ਦੁਪਹਿਰ ਦਾ ਸੀ
ਅੱਖ ਦੇ ਮੰਜ਼ਰ ਪੀਲੇ ਸਨ
ਰੰਗ ਹਵਾ ਵਿਚ ਗਹਿਰ ਦਾ ਸੀ
ਅੰਬਰਾਂ ਉੱਤੇ ਉਡਦਾ ਪੰਛੀ
ਅੱਖਾਂ ਵਿਚ ਨਾ ਠਹਿਰਦਾ ਸੀ
ਉਮਰਾਂ ਤੀਕਰ ਨਾਲ ਰਿਹਾ
ਵਾਕਿਫ਼ ਇਕ ਦੁਪਹਿਰ ਦਾ ਸੀ
* * * * * * * * *
ਗੁਲਾਮ ਰਸੂਲ ਆਜ਼ਾਦ (1948)
ਮੈਂ ਰਾਂਝਾ ਨਈਂ ਫਿਰ ਮੈਂ ਜੋਤ ਜਗਾਉਣੀ ਕੀ
ਕਾਫ਼ੀ ਦਿਲ ਦੇ ਹਾੜੇ ਵੰਝਲੀ ਵਾਹੁਣੀ ਕੀ
ਵੇਲੇ ਦਾ ਕੈਦੋਂ ਮੈਥੋਂ ਕੀ ਲੱਭਦਾ ਏ
ਰੋਟੀ ਨਈਂ ਲੱਭਦੀ ਮੈਂ ਹੀਰ ਵਿਆਹੁਣੀ ਕੀ
ਆਪੇ ਹੀ ਮੈਂ ਆਪਣੇ ਬਖੀਏ ਲਾ ਲਾਂਗਾ
ਲੀਰਾਂ ਲੀਰਾਂ ਜੈਕਟ ਕਿਤੋਂ ਸਵਾਉਣੀ ਕੀ
ਅੱਜ ਮੈਂ ਰੱਦੀ ਕਾਗਜ਼ ਫਾੜਨ ਲੱਗਾ ਸਾਂ
ਛੱਡ ਦਿੱਤਾ ਚਲ ਤੇਰੀ ਯਾਦ ਮਿਟਾਉਣੀ ਕੀ
ਕੀਤਾ ਪਿਆਰ ਤੇ ਝੱਲਿਆ ਇਸ਼ਕ ਚ ਘਾਟਾ ਵੀ
ਇਹ ਗੱਲ ਯਾਰਾਂ ਕੋਲੋਂ ਅਸੀਂ ਲੁਕਾਉਣੀ ਕੀ
ਖ਼ਾਲੀ ਝੋਲੀ ਤੇ ਖ਼ੁਸ਼ ਰਹੁ ਆਜ਼ਾਦ ਸਦਾ
ਚਿੱਟੀ ਚਾਦਰ ਕਾਲੋਂ ਨਾਲ ਰੰਗਾਉਣੀ ਕੀ
* * * * * * * * *
ਰਮਜ਼ਾਨ ਸ਼ਾਕਿਰ (1949)
ਹੁਸਨ ਤੇਰੇ ਦਾ ਬੁੱਲਾ ਏ ਸ਼ਾਹ-ਜ਼ੋਰ ਜਿਹਾ
ਬਚ ਨਹੀਂ ਸਕਦਾ ਦਿਲ ਹੁਣ ਕੱਚੀ ਡੋਰ ਜਿਹਾ
ਤੇਰਾ ਨਾਂ ਲੈ ਲੈ ਕੇ ’ਵਾਜਾਂ ਦਿੱਤੀਆਂ ਨੇ
ਹਵਾ ਭੁਲੇਖਾ ਪਾ ਗਈ ਤੇਰੀ ਟੋਰ ਜਿਹਾ
ਮਿਲਦੇ ਆਂ ਪਰ ਅੱਖੀਆਂ ਮੇਲ ਨਾ ਸਕਦੇ ਆਂ
‘ਖ਼ਬਰੇ ਕੀ ਏ ਵਿਚ ਦਿਲਾਂ ਦੇ ਚੋਰ ਜਿਹਾ’
ਪੈਰਾਂ ਹੇਠ ਲਤਾੜੇ ਸੁੱਤਿਆਂ ਹੋਇਆਂ ਨੂੰ
ਇਹ ਵੇਲੇ ਦਾ ਘੋੜਾ ਏ ਮੂੰਹ-ਜ਼ੋਰ ਜਿਹਾ
ਰੌਲਾ ਵੀ ਸੁੰਨਸਾਨ ਜਿਹਾ ਹੁਣ ਲਗਦਾ ਏ
ਚੁੱਪ ਦੇ ਅੰਦਰ ਲੁਕਿਆ ਜਾਪੇ ਸ਼ੋਰ ਜਿਹਾ
ਤੇਰੇ ਨਾਲ ਇਹ ਦਿਲ ਦਾ ਸ਼ਹਿਰ ਵੀ ਵਸਦਾ ਸੀ
ਹੁਣ ਤੇ ਜਾਪੇ ਢੱਠੀ ਹੋਈ ਗੋਰ ਜਿਹਾ
ਇੰਝ ਲਗਦਾ ਏ ਵਸਲ ਮੁੱਕਦਰ ਸਾਡਾ ਨਈਂ
ਤੇਰਾ ਮੇਰਾ ਪਿਆਰ ਏ ਚੰਨ ਚਕੋਰ ਜਿਹਾ
ਰੋ ਰੋ ਰਾਤ ਲੰਘਾਈ ਖ਼ਬਰੇ ਸ਼ਾਕਿਰ ਨੇ
ਅੱਖੀਆਂ ਦਾ ਹੁਲੀਆ ਜਾਪੇ ਕੁਝ ਹੋਰ ਜਿਹਾ
* * * * * * * * *
ਤਜੱਮਲ ਕਲੀਮ (1960)
ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ
ਜਿੰਨੇ ਦੁਖ ਸੀ ਦਿਲ ਦੀ ਜੇਲ੍ਹ ਅੰਦਰ
ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ
ਕਿਤੇ ਇੱਟਾਂ ਦਾ ਮੀਂਹ ਤੇ ਇਸ਼ਕ ਝੱਲਾ
ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ
ਏਸ ਨਸ਼ੇ ਦੀ ਧੁੱਪ ਨੂੰ ਕਹਿਰ ਆਖੋ
ਜੀਹਨੇ ਫੁੱਲਾਂ ਦੇ ਰੰਗ ਵਗਾੜ ਦਿੱਤੇ
ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ
ਰੱਬਾ ਜਿਹਨੂੰ ਤੂੰ ਹਾੜ ਸਿਆਲ ਦਿੱਤੇ
* * * * * * * * *
ਕੌਣ ਦਿਲਾਂ ਦੀਆਂ ਜਾਣੇ
ਰੰਜੀਵਨ ਸਿੰਘ
ਕਦੇ ਮੈਂ ਖਾਲੀ ਖਾਲੀ ਜਾਪਾਂ
ਕਦੇ ਮੈਂ ਭਰਿਆ ਭਰਿਆ
ਕਦੇਂ ਮੈਂ ਜਿੱਤਿਆ ਜਿੱਤਿਆ ਲੱਗਾਂ
ਕਦੇ ਮੈਂ ਹਰਿਆ ਹਰਿਆ
ਕਦੇ ਇਹ ਮਨ ਭਟਕਿਆ ਜਾਪੇ
ਕਦੇ ਇਹ ਟਿਕਿਆ ਟਿਕਿਆ
ਕਦੇ ਮਨ ਬੀਆਬਾਨ ਜਿਹਾ ਲੱਗੇ
ਕਦੇ ਇਹ ਹਰਿਆ ਭਰਿਆ
ਕਦੇ ਦਿਲ ਬੁਝਿਆ ਬੁਝਿਆ ਜਾਪੇ
ਕਦੇ ਇਹ ਲਟ ਲਟ ਬਲਦਾ
ਕਦੇ ਇਹ ਦਿਲ ਮਾਰੇ ਛੱਲਾਂ
ਸਾਗਰ ਹੋ ਹੋ ਜਾਏ
ਕਦੇ ਵਾਂਗ ਇਹ ਬੰਜਰ ਧਰਤੀ
ਹਾਏ! ਤਿੜ-ਤਿੜ ਜਾਏ
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਸੰਪਰਕ: 98150-68816
* * *
ਨਾ ਮਨੋਂ ਵਿਸਾਰ
ਸੋਨੂੰ ਮੰਗਲ਼ੀ
ਕਦ ਮੁੱਕ ਜਾਣੀ ਜ਼ਿੰਦਗੀ, ਕਿਸੇ ਨਾ ਪਾਇਆ ਭੇਤ
ਹੱਥੋਂ ਕਿਰਦੀ ਜਾ ਰਹੀ, ਜਿਉਂ ਮੁੱਠੀ ’ਚੋਂ ਰੇਤ
ਬੰਦਾ ਗਿਆ ਜਹਾਨ ਤੋਂ, ਮੁੜਨਾ ਨਹੀਉਂ ਫੇਰ
ਆਉਂਦੇ ਜਾਂਦੇ ਰਹਿਣਗੇ, ਮਾਘ, ਫੱਗਣ ਤੇ ਚੇਤ
ਜਿਸ ਲਈ ਠੱਗੀਆਂ ਮਾਰੀਆਂ, ਉਹ ਨਾ ਲੈਂਦੇ ਸਾਰ
ਦੋ ਪਲ਼ ਕੋਲ ਨਾ ਰੱਖਦੇ, ਜਿਨ ਸਿਉਂ ਲਾਇਆ ਹੇਤ
ਭੁੱਲ ਕੇ ਸਾਹਿਬ ਆਪਣਾ, ਰਹੇ ਕਮਾਉਂਦੇ ਕੂੜ
ਹੁਣ ਬੈਠੇ ਪਛਤਾਂਵਦੇ, ਚਿੜੀ ਚੁਗ ਗਈ ਖੇਤ
ਜੋ ਕਰਦੇ, ਉਹ ਭਰਨਗੇ, ਇਹ ਨਾ ਮਨੋਂ ਵਿਸਾਰ
ਛੱਡ ਹੋਰਾਂ ਨੂੰ ਭੰਡਣਾ, ਤੂੰ ਆਪਣੇ ਅਵਗੁਣ ਦੇਖ
ਸੰਪਰਕ:81949-58011
* * *
ਗ਼ਜ਼ਲ
ਜਗਤਾਰ ਪੱਖੋ
ਅੰਬਰ ’ਤੇ ਚੜ੍ਹਨਾ ਹੈ, ਫਿਰ ਤਾਰੇ ਫੜਨਾ ਹੈ
ਇਸ ਗੋਰੀ ਧਰਤੀ ਦੇ ਮੱਥੇ ’ਤੇ ਜੜਨਾ ਹੈ,
ਕਾਲਖ ਨਾ’ ਲੜਨਾ ਹੈ, ਜੁਗਨੂੰ ਬਣ ਖੜ੍ਹਨਾ ਹੈ
ਸਰਘੀ ਦੇ ਮੁੱਖ ਵਰਗਾ ਇਕ ਨਗਮਾ ਘੜ੍ਹਨਾ ਹੈ।
ਨਸਲਾਂ ਦੇ ਖੇਤਾਂ ਵਿਚ ਬੀ ਚਾਨਣ ਦਾ ਬੋਣਾ
ਨਾ ਨੇਤਰ ਹੁਣ ਝੁਕਣੇ ਨਾ ਨੇਰਾ ਹੈ ਢੋਣਾ,
ਗਰਜ਼ਾਂ ਨੇ ਹੜ੍ਹਨਾ ਹੈ, ਜ਼ਾਲਮ ਨੇ ਹਰਨਾ ਹੈ
ਮੁੜ੍ਹਕੇ ਨੇ ਫੁੱਲ ਬਣ ਕੇ ਵਿਹੜੇ ਵਿਚ ਵਰ੍ਹਨਾ ਹੈ।
ਜਦ ਹੀਰ ਸਲੇਟੀ ਬਣ, ਪੌਣਾਂ ਨੇ ਆਉਣਾ ਹੈ
ਰੁੱਖਾਂ ਨੇ ਬਣ ਰਾਂਝੇ, ਫਿਰ ਗੀਤ ਸੁਣਾਉਣਾ ਹੈ,
ਮਹਿਕਾਂ ਨਾ’ ਭਰਨਾ ਹੈ, ਸੁੱਚਾ ਰੰਗ ਚੜ੍ਹਨਾ ਹੈ
ਇਹ ਸੁੱਕੇ ਬਾਗ਼ਾਂ ਨੂੰ, ਮੁੜ ਹਰਿਆ ਕਰਨਾ ਹੈ।
ਸਦੀਆਂ ਤੋਂ ਗਲ ਸਾਡੇ, ਜੋ ਜੂਲਾ ਪਾਇਆ ਹੈ
ਜਿਸ ਪੀੜ੍ਹੀ ਦਰ ਪੀੜ੍ਹੀ, ਚਾਵਾਂ ਨੂੰ ਖਾਇਆ ਹੈ,
ਇਹਦਾ ਕੁਝ ਕਰਨਾ ਹੈ, ਹੁਣ ਲਾਵਾ ਬਣਨਾ ਹੈ
ਜੋ ਜ਼ਿੱਲਤ ਦਾ ਭਰਿਆ, ਉਹ ਸਾਗਰ ਤਰਨਾ ਹੈ।
ਸੰਪਰਕ: 94651-96946
* * *
ਸੌਖੀ ਨਹੀਂ
ਅਜੀਤਪਾਲ ਸਿੰਘ ਹਰੀਕਾ
ਹੱਸਦੇ-ਹੱਸਦੇ ਪੀੜ ਜਰਨੀ ਸੌਖੀ ਨਹੀਂ,
ਨਾ ਚਾਹੁੰਦੇ ਵੀ ਹਾਮੀ ਭਰਨੀ ਸੌਖੀ ਨਹੀਂ।
ਜਾਣ ਦਾ ਨਾਂ ਨਾ ਲੈਂਦੀ ਹੋਵੇ ਗ਼ਰੀਬੀ ਜੇ
ਰੂਹ ਤੱਕ ਵੀ ਨਿਲਾਮ ਕਰਨੀ ਸੌਖੀ ਨਹੀਂ।
ਧੀ ਪੁੱਤ ਦੀ ਕਰਨੀ ਨੂੰ ਜਦ ਮਾਪੇ ਭੋਗਣ
ਕਿਸੇ ਦੇ ਪੈਰੀਂ ਪੱਗੜੀ ਧਰਨੀ ਸੌਖੀ ਨਹੀਂ।
ਬਣੇ ਫ਼ਰੇਬੀ ਐਨ ਮੌਕੇ ਕੋਈ ਆਪਣਾ ਹੀ
ਜਿੱਤਦੇ ਜਿੱਤਦੇ ਬਾਜ਼ੀ ਹਰਨੀ ਸੌਖੀ ਨਹੀਂ।
ਹੋਵੇ ਤਾਰੂ ਲੱਖ ਹੀ ਕਿਉਂ ਨਾ ਸਮੁੰਦਰਾਂ ਦਾ
ਅਸਲ ਸੱਚ ਦੀ ਨਦੀ ਤਰਨੀ ਸੌਖੀ ਨਹੀਂ…।
ਸੰਪਰਕ: 98880-56007
* * *
ਵਿਰਸੇ ’ਤੇ ਕੁਝ (ਹਾਇਕੂ)
ਜਸਵੀਰ ਸ਼ਰਮਾ ਦੱਦਾਹੂਰ
– ਕੱਢਦੀ ਧਾਰਾਂ
ਝੋਂਦੀ ਸੀ ਚੱਕੀ ਬੇਬੇ
ਤੜਕੇ ਉੱਠ
– ਘਰ ਸੀ ਕੱਚੇ
ਇਨਸਾਨ ਸੀ ਸੱਚੇ
ਹਕੀਕਤ ਹੈ
– ਪੁਰਾਣੇ ਖੂਹ
ਹੁਣ ਨਹੀਂਓਂ ਰਹੇ
ਹੋਏ ਅਲੋਪ
– ਕੱਚੇ ਘਰਾਂ ਦਾ
ਹੁੰਦਾ ਸੀ ਪਿੰਡ ਸਾਰਾ
ਏਕਤਾ ਵੀ ਸੀ
– ਪੰਜਾਬੀ ਪੈਂਤੀ
ਭੁੱਲ ਚੁੱਕੇ ਹਨ ਜੀ
ਅੱਜ ਦੇ ਬੱਚੇ
ਸੰਪਰਕ: 95691-49556
* * *
ਘਰ ਤੇਰਾ ਤੈਨੂੰ ਉਡੀਕ ਰਿਹਾ
ਜਗਤਾਰ ਸਿੰਘ ਹਿੱਸੋਵਾਲ
ਘਰੋਂ ਕੀ ਤੂੰ ਨਿਕਲ਼ਿਆ,
ਫਿਰ ਨਾ ਪਿੱਛੇ ਮੁੜਿਆ,
ਤੁਰਿਆ, ਦੌੜਿਆ,
ਗਾਹ ਸੁੱਟੇ ਸਭ ਦੇਸ਼-ਦਿਸ਼ਾਂਤਰ।
ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਵੱਲ,
ਕਦੀ ਮੰਗਲ ਕਦੀ ਚੰਦਰਮਾ,
ਤੇਰੇ ਪੈਰਾਂ ਦਾ ਚੱਕਰ
ਫਿਰ ਵੀ ਨਾ ਮੁੱਕਿਆ।
ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਘਰੋਂ ਕੀ ਤੂੰ ਨਿਕਲ਼ਿਆ,
ਕਦੀ ਇਸ ਨਾਲ਼ ਕਦੀ
ਉਸ ਨਾਲ਼ ਪਾਵੇਂ ਬਾਤਾਂ,
ਕਿਸੇ ਨਾਲ਼ ਹੋਵੇਂ ਬਗਲਗੀਰ,
ਇਹ ਕਿਹੀ ਹੈ ਤੇਰੇ ਮੁਖੌਟਿਆਂ ਦੀ ਭੀੜ।
ਤੇਰੇ ਆਪਣੇ ਰਹਿ ਗਏ ਤਰਸਦੇ,
ਸਰੇ ਨਾ ਤੈਥੋਂ ਉਨ੍ਹਾਂ ਲਈ
ਪਰ ਦੋ ਮਿੱਠੜੇ ਬੋਲ,
ਨਾ ਪਾਇਆ ਕਦੀ ਮੋੜਾ।
ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਹਵਸ ਤੇਰੀ ਨੇ
ਬੰਨ੍ਹ ਲਏ ਨਦੀਆਂ ਨਾਲ਼ੇ,
ਨਾ ਬਖਸ਼ਿਆ ਸਮੁੰਦਰ ਨੂੰ,
ਤੇਰੀ ਦੌਲਤ ਲਈ ਧਰਤੀ ਦੀ
ਕੁੱਖ ਵੀ ਹੋਈ ਬੰਜਰ।
ਹਵਾ ਵਿੱਚ ਵੀ ਘੁਲ਼ੀਆਂ ਜ਼ਹਿਰਾਂ,
ਤੇਰੇ ਪਿੱਛੇ ਗਏ ਪਰਿੰਦਿਆਂ ਵੀ
ਨਾ ਫਿਰ ਪਾਇਆ ਮੋੜਾ।
ਆਲ੍ਹਣੇ ਉਨ੍ਹਾਂ ਦੇ ਵੀ ਹੋਏ ਸੱਖਣੇ,
ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਸੁਪਨਿਆਂ ਪਿੱਛੇ ਦੌੜਦਿਆਂ,
ਆਪਣਾ ਤਰਕਸ਼ ਭਰਨ ਲਈ,
ਬਣਾਏ ਜੋ ਤੂੰ ਬੰਬ ਮਿਜ਼ਾਈਲਾਂ
ਇਹ ਤਾਂ ਹੋ ਗਿਆ ਪਲ ਭਰ ਵਿੱਚ
ਦੁਨੀਆਂ ਲਈ ਮੌਤ ਦਾ ਸਾਮਾਨ।
ਹਵਸ ਪਿੱਛੇ ਦੌੜਦਿਆਂ,
ਕਿਉਂ ਤੈਨੂੰ ਖ਼ਬਰ ਨਹੀਂ,
ਤੇਰੇ ਜਿਉਣ ਦਾ ਦੰਭ
ਤੇਰੇ ਆਪਣਿਆਂ ਦੀ ਨੀਂਦ ਹੀ
ਕਰ ਹਰਾਮ ਰਿਹਾ।
ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਦੇਖ ਜੀਵਨ ਦੇ ਰੰਗ,
ਕੁਦਰਤ ਨੇ ਦਿੱਤਾ ਧੋਬੀ ਪਟਕਾ,
ਪਲ ਭਰ ਵਿੱਚ ਹੀ,
ਜ਼ਿੰਦਗੀ ਲੀਹੋਂ ਲਹਿ ਗਈ,
ਪੈ ਗਿਆ ਰੰਗ ਵਿੱਚ ਭੰਗ,
ਰਹਿ ਗਏ ਸਾਰੇ ਧਰੇ ਧਰਾਏ
ਤੇਰੇ ਗਿਆਨ ਵਿਗਿਆਨ।
ਕਿੰਝ ਆਪਣੇ ਸਾਹ ਬਚਾਈਏ,
ਕਿਸੇ ਨੂੰ ਕੁਝ ਵੀ ਸਮਝ ਨਾ ਆਏ।
ਫ਼ਿਕਰਾਂ ਵਿੱਚ ਪਿਆ,
ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਬਸ ਇਹ ਆਸ ਹੀ ਬਾਕੀ ਹੈ
ਕਿ ਜੀਵਨ ਕਦੀ ਵੀ ਇੰਝ ਨਹੀਂ ਮੁਰਝਾਉਂਦਾ।
ਬਿਰਖਾਂ ’ਤੇ ਫੁੱਟੀਆਂ ਨੇ ਕਰੂੰਬਲਾਂ,
ਧਰੇਕਾਂ ਨੂੰ ਪੈ ਗਏ ਫੁੱਲ,
ਹਵਾ ਵੀ ਮਹਿਕੀ,
ਅੰਬਰ ਨੀਲਾ ਨੀਲਾ,
ਨਾ ਕੋਈ ਸ਼ੋਰ ਸ਼ਰਾਬਾ,
ਪੰਛੀ ਵੀ ਦੇਖ ਮੁੜ ਚਹਿਕ ਪਏ,
ਜਿਵੇਂ ਕੁਦਰਤ ਕਰ ਰਹੀ ਹੈ
ਕੋਈ ਗੁਫ਼ਤਗੂ।
ਤੂੰ ਵੀ ਪਰਤ ਆ,
ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਜੇ ਤੂੰ ਅੱਜ ਵੀ ਨਾ ਮੁੜਿਆ,
ਕੋਈ ਮਿੱਠਾ ਮੋਹ ਭਰਿਆ ਬੋਲ,
ਤੈਥੋਂ ਆਪਣਿਆਂ ਲਈ ਨਾ ਸਰਿਆ,
ਫਿਰ ਇਹ ਖੁੰਝਿਆ ਵਕਤ
ਮੁੜ ਹੱਥ ਨਹੀਂ ਆਉਣਾ।
ਆ ਹੋ ਰੂ-ਬ-ਰੂ
ਮਿਲ਼ ਆਪਣੇ ਆਪ ਨੂੰ।
ਪਾ ਗਲਵਕੜੀ ਜ਼ਿੰਦਗੀ ਨੂੰ।
ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਸੰਪਰਕ: 98783-30324
* * *
ਮੇਰਾ ਮੰਨਣਾ
ਗੁਰਪ੍ਰੀਤ ਕੌਰ ਧਾਲੀਵਾਲ
ਜੋ ਤੂੰ ਕਹਿਣਾ,
ਮੰਨ ਮੈਂ ਲੈਣਾ।
ਜਾਣਦੀ ਹਾਂ
ਐਨਾ ਤਾਕਤਵਰ…
ਨਹੀਂ ਤੂੰ।
ਸੁਣ ਸਕੇਂ
ਸਹਿ ਸਕੇਂ
ਮੇਰਾ ਵਿਰੋਧ।
ਮੇਰੇ ਸਵਾਲ।
ਸੰਪਰਕ: 98780-02110