ਗੁਰਦੇਵ ਸਿੰਘ ਸਿੱਧੂ
ਵਿਦੇਸ਼ੀ ਅੰਗਰੇਜ਼ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਮੂੰਹ ਮੋੜਨ ਵਾਸਤੇ 1907 ਵਿਚ ਸਰਦਾਰ ਅਜੀਤ ਸਿੰਘ ਦੀ ਅਗਵਾਈ ਵਿਚ ਲੜੇ ਗਏ ਜਨਤਕ ਲਾਮਬੰਦੀ ਵਾਲੇ ਕਿਸਾਨ ਅੰਦੋਲਨ ਪਿੱਛੋਂ ਕਿਸਾਨੀ ਫਰੰਟ ਉੱਤੇ ਲੰਮਾ ਸਮਾਂ ਕੋਈ ਗਤੀਵਿਧੀ ਨਹੀਂ ਹੋਈ ਕਿਉਂ ਜੋ ਪੰਜਾਬ ਵਿਚ ਇਸ ਅਰਸੇ ਦੌਰਾਨ ਰਾਜਨੀਤਿਕ ਪਿੜ ਹੋਰ ਵੱਡੀਆਂ ਘਟਨਾਵਾਂ ਨੇ ਮੱਲੀ ਰੱਖਿਆ। ਹਥਿਆਰਬੰਦ ਅੰਦੋਲਨ ਰਾਹੀਂ ਦੇਸ਼ ਨੂੰ ਅੰਗਰੇਜ਼ੀ ਗ਼ੁਲਾਮੀ ਦੇ ਜੂਲੇ ਵਿਚੋਂ ਮੁਕਤ ਕਰਵਾਉਣ ਲਈ 1914 ਵਿਚ ਆਲਮੀ ਜੰਗ ਸ਼ੁਰੂ ਹੋਣ ਸਾਰ ਵਿਦੇਸ਼ਾਂ ਤੋਂ ਗ਼ਦਰੀ ਦੇਸ਼ਭਗਤ ਪੰਜਾਬ ਵਿਚ ਆਉਣੇ ਸ਼ੁਰੂ ਹੋਏ ਅਤੇ ਦੋ ਤਿੰਨ ਸਾਲ ਪੰਜਾਬੀ ਲੋਕਾਂ ਦੇ ਧਿਆਨ ਦਾ ਕੇਂਦਰ ਬਣੇ ਰਹੇ। 1919 ਵਿਚ ਰੌਲਟ ਐਕਟ ਵਿਰੋਧੀ ਅੰਦੋਲਨ ਦੌਰਾਨ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਅਤੇ ਨਾਲ ਹੀ ਪੰਜਾਬ ਦੇ ਕੁਝ ਹਿੱਸੇ ਵਿਚ ਮਾਰਸ਼ਲ ਲਾਅ ਦੌਰਾਨ ਹੋਈਆਂ ਜ਼ਿਆਦਤੀਆਂ ਖ਼ਤਮ ਨਹੀਂ ਸਨ ਹੋਈਆਂ ਕਿ ਅਕਾਲੀ ਲਹਿਰ ਨੇ ਤੂਫ਼ਾਨ ਦਾ ਰੂਪ ਧਾਰ ਕੇ ਹਰ ਵਰਗ ਦੇ ਪੰਜਾਬੀਆਂ ਦੀ ਵੱਡੀ ਗਿਣਤੀ ਨੂੰ ਆਪਣੇ ਕਲੇਵਰ ਵਿਚ ਲੈ ਲਿਆ। 1925 ਵਿਚ ਗੁਰਦੁਆਰਾ ਐਕਟ ਬਣ ਜਾਣ ਪਿੱਛੋਂ ਅਕਾਲੀ ਲਹਿਰ ਦੇ ਮੱਧਮ ਪੈ ਜਾਣ ਕਾਰਨ ਪੰਜਾਬ ਦੇ ਰਾਜਨੀਤਿਕ ਖੇਤਰ ਵਿਚ ਅਕਾਲੀ ਲਹਿਰ ਰਾਹੀਂ ਸਰਗਰਮ ਹੋਏ ਗ਼ਦਰੀ ਅਤੇ ਸੋਵੀਅਤ ਯੂਨੀਅਨ ਤੋਂ ਵਰਗ ਸੰਘਰਸ਼ ਦੀ ਚੇਤਨਾ ਲੈ ਕੇ ਆਏ ਦੇਸ਼ਭਗਤ ਗਤੀਸ਼ੀਲ ਹੋ ਗਏ। ਕਾਂਗਰਸ ਪਾਰਟੀ 1885 ਵਿਚ ਸਥਾਪਨਾ ਦੇ ਦਿਨ ਤੋਂ ਹੀ ਹਿੰਦੋਸਤਾਨ ਦੇ ਰੱਜੇ ਪੁੱਜੇ ਅਤੇ ਪੜ੍ਹੇ ਲਿਖੇ ਵਰਗ ਦੀ ਪ੍ਰਤੀਨਿਧਤਾ ਕਰਦਿਆਂ ਰਾਜ ਪ੍ਰਬੰਧ ਵਿਚ ਇਸ ਵਰਗ ਦੀ ਭਾਈਵਾਲੀ ਮੰਗਦੀ ਸੀ ਅਤੇ ਗਾਂਧੀ ਜੀ ਦੀ ਅਗਵਾਈ ਵਿਚ ਵੀ ਇਸੇ ਨਿਸ਼ਾਨੇ ਦੀ ਪ੍ਰਾਪਤੀ ਲਈ ਯਤਨਸ਼ੀਲ ਸੀ। ਪਰ ਪੰਜਾਬ ਦੇ ਇਨ੍ਹਾਂ ਆਗੂਆਂ ਦਾ ਨਿਸ਼ਾਨਾ ਰਾਜਸੀ ਸੱਤਾ ਵਿਚ ਭਾਈਵਾਲੀ ਦੀ ਥਾਂ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਨੂੰ ਰੋਕਣ ਲਈ ਬਦਲਵਾਂ ਸੱਤਾ ਪ੍ਰਬੰਧ ਸਥਾਪਤ ਕਰ ਕੇ ਰਾਜ ਸੱਤਾ ਕਿਰਤੀ ਕਾਮਿਆਂ ਦੇ ਹੱਥਾਂ ਵਿਚ ਲਿਆਉਣਾ ਸੀ। ਇਸ ਮਨੋਰਥ ਲਈ ਹੁਣ ਉਹ ਪ੍ਰੋਲੇਤਾਰੀ ਲੋਕਾਂ ਅਰਥਾਤ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਂਝਾ ਮੁਹਾਜ਼ ਕਾਇਮ ਕਰਨ ਲਈ ਯਤਨਸ਼ੀਲ ਸਨ। ਇਨ੍ਹਾਂ ਨੇ ਕਿਰਤੀ ਕਿਸਾਨਾਂ ਨੂੰ ਇਕ ਪਲੇਟਫਾਰਮ ਉੱਤੇ ਲਿਆ ਕੇ ਸਾਂਝਾ ਮੋਰਚਾ ਕਾਇਮ ਕਰਨ ਦੇ ਸੰਕਲਪ ਨੂੰ ਵਾਸਤਵਿਕ ਰੂਪ ਦੇਣ ਲਈ ਪ੍ਰਕਾਸ਼ਨ ਮਾਧਿਅਮ ਦੀ ਵਰਤੋਂ ਕੀਤੀ ਅਤੇ ਭਾਈ ਸੰਤੋਖ ਸਿੰਘ ਦੀ ਸੰਪਾਦਨਾ ਹੇਠ ਫਰਵਰੀ 1926 ਤੋਂ ‘ਕਿਰਤੀ’ ਨਾਉਂ ਦਾ ਮਾਸਿਕ ਪੱਤਰ ਜਾਰੀ ਕੀਤਾ। ਸਰਕਾਰੀ ਰਿਪੋਰਟਾਂ ਮੰਨਦੀਆਂ ਹਨ ਕਿ ਕਿਰਤੀ ਅਤੇ ਇਸ ਦੇ ਪ੍ਰਵਕਤਾ ਗ਼ਦਰੀਆਂ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚਲੇ ਗਰਮ ਖਿਆਲੀ ਆਗੂਆਂ ਦੇ ਸਿਆਸੀ ਪੈਰੋਕਾਰ ਸਨ। ਇਸ ਬਾਰੇ ਇਕ ਰਿਪੋਰਟ ਵਿਚ ਇਉਂ ਲਿਖਿਆ ਗਿਆ ਹੈ: ‘‘ਕਿਰਤੀ ਅਖ਼ਬਾਰ ਜਥੇਬੰਦ ਮਜ਼ਦੂਰ ਦੀ ਮਹੱਤਤਾ ’ਤੇ ਜ਼ੋਰ ਦੇਣ ਦੇ ਨਾਲ ਨਾਲ ਆਪਣੇ ਇਨਕਲਾਬੀ ਨਿਸ਼ਾਨਿਆਂ ਨੂੰ ਪ੍ਰਗਟ ਕਰਨ ਵਿੱਚ ਬੜਾ ਸਪਸ਼ਟ ਹੈ। ਹੁਣ ਤੱਕ ਇਸ ਨੇ 1914-15 ਦੇ ਭਾਰਤੀ ਗ਼ਦਰੀਆਂ ਦੇ ਆਦਰਸ਼ਾਂ ਅਤੇ ਮੰਤਵਾਂ ਦੀ ਲਗਾਤਾਰ ਵਕਾਲਤ ਕੀਤੀ ਹੈ, ਬੱਬਰ ਅਕਾਲੀਆਂ ਨੂੰ ਸ਼ਹੀਦ ਅਤੇ ਸੂਰਮੇ ਕਹਿ ਕੇ ਬੁਲੰਦ ਕੀਤਾ ਹੈ ਅਤੇ ਰਾਜਸੀ ਵਾਰ ਲਈ ਲਹਿਰ ਦੀ ਵਾਰ ਵਾਰ ਮੱਦਦ ਕੀਤੀ ਹੈ। ਇਸ ਨੇ ਬਜਬਜ ਦਾ ਫਸਾਦ, ਗੁਰੂ ਕਾ ਬਾਗ਼, ਜੱਲ੍ਹਿਆਂਵਾਲਾ ਬਾਗ਼, ਭਾਈ ਫੇਰੂ ਅਤੇ ਜੈਤੋ ਦੀਆਂ ਘਟਨਾਵਾਂ ਨੂੰ ਯਾਦ ਕੀਤਾ ਹੈ।’’
ਇਹ ਗੱਲਾਂ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੀਆਂ ਹਨ, ਪਰ ਜਿਵੇਂ ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਅੱਜ ਦਾ ਵਾਤਾਵਰਨ ਥੋੜ੍ਹੇ ਫ਼ਰਕ ਨਾਲ ਨੌਂ ਦਹਾਕੇ ਪਹਿਲਾਂ ਜਿਹਾ ਬਣ ਗਿਆ ਹੈ। ਫ਼ਰਕ ਇਹ ਹੈ ਕਿ ਉਦੋਂ ਪੰਜਾਬ ਵਿਚ ਅਣਪੜ੍ਹਤਾ ਹੋਣ ਕਾਰਨ ਸਧਾਰਨ ਲੋਕ ਅੰਗਰੇਜ਼ੀ ਰਾਜ ਨੂੰ ਕਲਿਆਣਕਾਰੀ ਰਾਜ ਹੋਣ ਦੇ ਭੁਲੇਖੇ ਦਾ ਸ਼ਿਕਾਰ ਹੋ ਕੇ ਆਪਣੇ ਦੁੱਖਾਂ ਤੋਂ ਬੇਖ਼ਬਰ ਸਨ, ਇਸ ਲਈ ਪਹਿਲੀ ਲੋੜ ਉਨ੍ਹਾਂ ਨੂੰ ਉਨ੍ਹਾਂ ਦੀ ਵਾਸਤਵਿਕ ਸਥਿਤੀ ਤੋਂ ਚੇਤੰਨ ਕਰਨ ਦੀ ਸੀ ਜਿਸ ਨੂੰ ਸਮਕਾਲੀ ਕਵੀਆਂ ਨੇ ਪੂਰਾ ਕੀਤਾ। ਕਵੀ ‘ਪੰਛੀ’ ਨੇ ਕਿਹਾ, ‘‘ਤੈਨੂੰ ਸੁੱਤਿਆਂ ਮੁਦਤਾਂ ਗੁਜ਼ਰ ਗਈਆਂ, ਅਜੇ ਤੀਕ ਤੂੰ ਚਾਦਰਾਂ ਤਾਣੀਆਂ ਨੇ।’’ ਇਹ ਇਕ ਸਬੱਬ ਹੀ ਹੈ ਕਿ ਕਿਸਾਨ ਨੂੰ ਹਲੂਣਾ ਦੇਣ ਵਾਸਤੇ ਬਹੁ-ਗਿਣਤੀ ਕਵੀਆਂ ਨੇ ‘ਸੀਹਰਫੀ’ ਕਾਵਿ ਰੂਪ ਨੂੰ ਮਾਧਿਅਮ ਬਣਾਇਆ। ਗਿਆਨੀ ਆਤਮਾ ਸਿੰਘ ਸ਼ਾਂਤ ਨੇ ‘ਸੀਹਰਫੀ ਫਰਿਆਦ ਦੁਖੀ ਕਿਰਤੀ’, ਮੇਹਰ-ਅਲ-ਦੀਨ ਨੇ ‘ਸੀਹਰਫੀ ਹਾਲਤ ਕਿਰਤੀ’, ਹਰਨਾਮ ਸਿੰਘ ਭੌਰਾ ਨੇ ‘ਸੀਹਰਫੀ ਕਿਰਤੀਆਂ ਦੇ ਦੁੱਖੜੇ’ ਦੀ ਰਚਨਾ ਕੀਤੀ। ਬਹੁਤ ਸਾਰੀਆਂ ਫੁਟਕਲ ਕਵਿਤਾਵਾਂ ਵੀ ਲਿਖੀਆਂ ਗਈਆਂ। ਕਿਰਤੀ ਕਿਸਾਨਾਂ ਨੂੰ ਉਨ੍ਹਾਂ ਦੇ ਦੁੱਖਾਂ ਦਰਦਾਂ ਤੋਂ ਸੁਚੇਤ ਕਰਾਉਣ ਲਈ ਇਕ ਕਵੀ ਨੇ ਲਿਖਿਆ:
ਫੁੱਟੀ ਕੌਡੀਓਂ ਕਿਰਤੀਆ ਕਦਰ ਥੋਡੀ,
ਜਿਹੜੇ ਕੁੱਲ ਦੀ ਪਏ ਗੁਜ਼ਰਾਨ ਕਰਦੇ।
ਕਿਰਤ ਕਰਨ ਵਾਲੇ ਦਰੋ ਦਰ ਰੁਲਦੇ,
ਪੂੰਜੀਦਾਰ ਬੈਠੇ ਵੇਹਲੇ ਮਾਨ ਕਰਦੇ।
ਇਸ ਸਥਿਤੀ ਵਿਚੋਂ ਨਿਕਲਣ ਵਾਸਤੇ ਇਕ ਕਵੀ ਨੇ ਕਿਰਤੀ ਕਿਸਾਨਾਂ ਨੂੰ ਇਉਂ ਵੰਗਾਰਿਆ ਸੀ:
ਉੱਠੋ ਕਿਰਤੀਓ! ਅੱਖੀਆਂ ਖੋਲ੍ਹ ਦੇਖੋ,
ਤੁਹਾਨੂੰ ਸੁੱਤਿਆਂ ਨੂੰ ਕਈ ਸਾਲ ਹੋ ਗਏ।
ਖੂਨ ਚੂਸੀ ਜਾਂਦੇ ਪੂੰਜੀਦਾਰ ਸਾਡਾ,
ਅਸੀਂ ਵੀਰਨੋਂ ਬਹੁਤ ਕੰਗਾਲ ਹੋ ਗਏ।
ਪਰ ਨਾਲ ਹੀ ਚਿਤਾਵਨੀ ਦਿੱਤੀ:
ਭਬਕ ਮਾਰ ਕੇ ਸ਼ੇਰ ਦੇ ਵਾਂਗ ਜੇ ਨਾ,
ਉੱਠੇ ਅੱਜ ਤਾਂ ਫੇਰ ਪਛਤਾਵਸੋਗੇ।
ਮੁੜ ਕੇ ਰੋਵਸੋ ਦੇਇ ਘਸੁੰਨ ਅੱਖੀਂ,
ਫਿਰ ਵੀ ਚੈਨ ਨਾ ਮੂਲ ਹੀ ਪਾਵਸੋਗੇ।
ਜਦ ਕਿਸਾਨ ਨੂੰ ਸਮਝ ਆਈ ਤਾਂ ਉਸ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ:
ਮੇਹਨਤ ਕਰੇ ਕੋਈ ਬੋਝੇ ਭਰੇ ਕੋਈ,
ਹੋਈ ਉਲਟ ਜ਼ਮਾਨੇ ਦੀ ਚਾਲ ਕਿਉਂ ਹੈ?
ਲਹੂ ਡੋਲ੍ਹ ਦਿਲ ਤੋੜਵੀਂ ਕਰੇ ਮੇਹਨਤ,
ਕਿਰਤੀ ਫੇਰ ਵੀ ਦੁਖੀ ਕੰਗਾਲ ਕਿਉਂ ਹੈ?
ਪਰ ਅਜੋਕੇ ਕਿਰਤੀ ਕਿਸਾਨ ਦੀ ਜਾਗਰੂਕਤਾ ਦਾ ਆਧਾਰ ਕਿਸਾਨੀ ਦਾ ਹੱਡੀਂ ਹੰਢਾਇਆ ਅਨੁਭਵ ਬਣਿਆ ਹੈ। ਤਿੰਨ ਦਹਾਕੇ ਪਹਿਲਾਂ ਭਾਰਤ ਦੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੇ ਮੁਲਕ ਦੀ ਢਹਿ ਢੇਰੀ ਹੋ ਰਹੀ ਅਰਥ ਵਿਵਸਥਾ ਨੂੰ ਠੁੰਮਣਾ ਦੇਣ ਲਈ ਜੋ ਸੰਸਾਰੀਕਰਨ ਅਰਥਾਤ ਖੁੱਲ੍ਹ ਵਾਲੀ ਨੀਤੀ ਅਪਣਾਈ ਅਤੇ ਅਗਲੀਆਂ ਸਰਕਾਰਾਂ ਨੇ ਜਿਸ ਨੂੰ ਅੱਗੇ ਵਧਾਇਆ, ਵਰਤਮਾਨ ਵਰਤਾਰਾ ਉਸ ਦਾ ਸੁਭਾਵਿਕ ਫਲ ਹੈ। ਕਿਸੇ ਸਰਕਾਰ ਨੇ ਵਿਦੇਸ਼ੀ ਕਾਰਪੋਰੇਟਾਂ ਲਈ ਦੇਸ਼ ਨੂੰ ਮੰਡੀ ਬਣਾ ਕੇ ਪੇਸ਼ ਕੀਤਾ ਅਤੇ ਕਿਸੇ ਨੇ ਦੇਸੀ ਕਾਰਪੋਰੇਟਾਂ ਨੂੰ ਉਤਸ਼ਾਹਿਤ ਕੀਤਾ। ਨਤੀਜੇ ਵਜੋਂ ਅਮੀਰੀ ਅਤੇ ਗ਼ਰੀਬੀ ਦਾ ਪਾੜਾ ਵਧਦਾ ਗਿਆ, ਪਰ ਕਿਰਤੀ ਕਾਮੇ ਅਵੇਸਲੇ ਰਹੇ। ਕਹਿੰਦੇ ਹਨ ਊਠ ਨੂੰ ਡੇਗਣ ਵਾਸਤੇ ਬੋਝ ਦਾ ਆਖ਼ਰੀ ਤਿਣਕਾ ਹੀ ਮਣਾਂ ਮੂੰਹੀਂ ਭਾਰ ਸਾਬਤ ਹੋ ਜਾਂਦਾ ਹੈ। ਜਦ ਸਰਕਾਰ ਨੇ ਕਰੋਨਾ ਦੇ ਚੱਲਦਿਆਂ ਤਾਬੜਤੋੜ ਇਕ ਦੂਜੇ ਤੋਂ ਪਿੱਛੋਂ ਕਿਸਾਨੀ ਕਿੱਤੇ ਨੂੰ ਭੁੰਜੇ ਲਾਹੁਣ ਵਾਲੇ ਤਿੰਨ ਕਾਨੂੰਨ ਬਣਾ ਧਰੇ, ਕੁਝ ਹੋਰਨਾਂ ਨੂੰ ਆਰਡੀਨੈਂਸਾਂ ਦੇ ਰੂਪ ਵਿਚ ਪਰੋਸ ਦਿੱਤਾ ਤਾਂ ਕਿਤੇ ਜਾ ਕੇ ਕਿਸਾਨਾਂ ਨੂੰ ਆਪਣੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੋਣੀ ਦਾ ਆਭਾਸ ਹੋਇਆ। ਸੁੱਤਾ ਸ਼ੇਰ ਜਾਗ ਪਿਆ ਤਾਂ ਇਸ ਤੋਂ ਅੱਗੇ ਪੁਰਾਣੀ ਕਹਾਣੀ ਦੁਹਰਾਈ ਜਾਣ ਲੱਗੀ। ਪਹਿਲੀ ਲੋੜ ਫੌਰੀ ਏਕਤਾ ਦੀ ਸੀ। ਪਿਛਲੀ ਸਦੀ ਦੇ ਤੀਹਵਿਆਂ ਵਿਚ ਕਵੀ ਸੁਰੈਣ ਸਿੰਘ ਨੇ ਵੀ ਇਹੋ ਕਿਹਾ ਸੀ:
ਜੇਕਰ ਬਚੇ ਤਾਂ ਬਚਾਂਗੇ ਇਕ ਹੋ ਕੇ,
ਕੱਲੇ ਕੱਲੇ ਦਾ ਨਹੀਂ ਜੇ ਤਾਨ ਰਹਿਣਾ।
ਡੇਢ ਇੱਟ ਦੀ ਰਹੇ ਮਸੀਤ ਨਾਹੀਂ,
ਨਾਹੀਂ ਕਿਸੇ ਦਾ ਕੋਨਾ ਮਕਾਨ ਰਹਿਣਾ।
ਸੋ ਵਿਭਿੰਨ ਵਿਚਾਰਧਾਰਾਵਾਂ ਨੂੰ ਪਰਣਾਈਆਂ ਕਿਸਾਨ ਜਥੇਬੰਦੀਆਂ ਨੇ ਸਰਕਾਰੀ ਨੀਤੀ ਦਾ ਵਿਰੋਧ ਕਰਨ ਲਈ ਆਪਣੇ ਰਾਜਨੀਤਿਕ ਪੈਂਤੜੇ ਨੂੰ ਪਾਸੇ ਰੱਖਦਿਆਂ ਇਕ ਸਾਂਝੀ ਕਮੇਟੀ ਬਣਾਈ। ਉਹ ਜਾਣਦੇ ਸਨ ਕਿ ਹਾਕਮ ਆਪਣੀ ਗੱਦੀ ਬਚਾਉਣ ਲਈ ਹਮੇਸ਼ਾ ਜਨਤਾ ਵਿਚ ਵੰਡੀਆਂ ਪਾਉਣ ਦਾ ਯਤਨ ਕਰਦਾ ਹੈ ਅਤੇ ਇਸ ਪੱਖ ਤੋਂ ਉਸ ਲਈ ਸਭ ਤੋਂ ਕਾਰਗਾਰ ਹਥਿਆਰ ਧਰਮ ਹੈ। ਭਾਈ ਪਰਤਾਪ ਸਿੰਘ ਲਾਇਲਪੁਰੀ ਨੇ ਉਦੋਂ ਸੱਦਾ ਦਿੱਤਾ ਸੀ:
ਮਜ਼ਹਬਾਂ ਦੇ ਪੱਖ ਰੱਖ ਛਡਿਓ ਸੰਦੂਕ ਵਿਚ,
ਦੇਸ਼ ’ਚ ਵਜਾ ਦਿਓ ਨਗਾਰਾ ਏਕ ਭਾਈ ਦਾ।
ਆਖਿਉ ਵੰਗਾਰ ਕੇ ਨਾ ਰੱਖਿਓ ਲਿਹਾਜ ਕੋਈ,
ਹੁਣ ਸਾਨੂੰ ਰਾਜ ਧੱਕੇਸ਼ਾਹੀ ਦਾ ਨਾ ਚਾਹੀਦਾ।
ਵਰਤਮਾਨ ਸੰਘਰਸ਼ ਦੇ ਆਗੂਆਂ ਨੇ ਇਸ ਨੀਤੀ ਉੱਤੇ ਪੂਰਾ ਪਹਿਰਾ ਦਿੱਤਾ ਹੈ। ਇਸ ਸੰਘਰਸ਼ ਨੇ ਧਰਮ, ਜ਼ਾਤ, ਇਲਾਕਾ ਆਦਿ ਦੇ ਸਾਰੇ ਵਿਤਕਰੇ ਖ਼ਤਮ ਕਰ ਦਿੱਤੇ ਹਨ। ਸਿੱਖ, ਹਿੰਦੂ ਅਤੇ ਮੁਸਲਮਾਨ ਕਿਸਾਨ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿਚ ਕੁੱਦੇ ਹੋਏ ਹਨ। ਮੋਰਚੇ ਮੱਲੀ ਬੈਠੇ ਯੋਧਿਆਂ ਵਾਸਤੇ ਕਿਧਰੇ ਮੁਸਲਮਾਨ ਵੀਰ ਮਿੱਠੇ ਚੌਲਾਂ ਦਾ ਲੰਗਰ ਚਲਾ ਰਹੇ ਹਨ, ਕਿਧਰੇ ਹਰਿਆਣੇ ਦਾ ਜਾਟ ਭਾਈਚਾਰਾ ਮੋਰਚਿਆਂ ਉੱਤੇ ਦੈਨਿਕ ਲੋੜਾਂ ਸਬਜ਼ੀ, ਦੁੱਧ ਆਦਿ ਪਹੁੰਚਾਉਣ ਵਾਸਤੇ ਇਕ ਦੂਜੇ ਤੋਂ ਅੱਗੇ ਪੱਬਾਂ ਭਾਰ ਹੋਇਆ ਫਿਰਦਾ ਹੈ। ਪਿੰਡਾਂ ਵਿਚ ਕਿਸਾਨੀ ਦੇ ਨਾਲ ਵਸਦੇ ਛੋਟੇ ਦੁਕਾਨਦਾਰ, ਖੇਤ ਮਜ਼ਦੂਰ ਸਾਰੇ ਇਸ ਮੋਰਚੇ ਵਿਚ ਭਾਈਵਾਲ ਹਨ। ਅਜਿਹੀ ਇਕਮਈ ਹੋਣ ਸਦਕਾ ਹੀ ਸਾਰੇ ਹੁਕਮਰਾਨਾਂ ਨੂੰ ਵੰਗਾਰ ਕੇ ਉਹ ਕੁਝ ਹੀ ਕਹਿ ਰਹੇ ਹਨ ਜੋ ਕਦੇ ਕਵੀ ਸ਼ਰਫ ਨੇ ਕਿਹਾ ਸੀ:
ਰੱਖੀਂ ਯਾਦ ਹੁਣ ਅੱਜ ਦੀ ਗੱਲ ਸਾਡੀ,
ਨਿਕਲ ਆਏ ਹਾਂ ਅਸੀਂ ਮੈਦਾਨ ਅੰਦਰ।
ਪੈਦਾਇਸ਼ ਹੱਥਾਂ ਦੀ ਅਸਾਂ ਹੁਣ ਵੰਡਣੀ ਹੈ,
ਭਰਕੇ ਝੋਲੀਆਂ ਕਿਰਤੀ ਗੁਲਸਤਾਨ ਅੰਦਰ।
ਇਸ ਭਰੱਪਣ, ਭਾਈਚਾਰੇ ਦਾ ਹੀ ਨਤੀਜਾ ਹੈ ਕਿ ਸਿੰਘੂ, ਟਿੱਕਰੀ ਜਾਂ ਗਾਜ਼ੀਪੁਰ ਅਥਵਾ ਦਿੱਲੀ ਦੇ ਕਿਸੇ ਵੀ ਬਾਰਡਰ ਉੱਤੇ ਨਜ਼ਰ ਮਾਰੋ, ਕਵੀ ਕਮਲਾ ਦੇ ਸ਼ਬਦਾਂ ਵਿਚ ‘‘ਜਿਧਰ ਨਜ਼ਰ ਉਠਾ ਕੇ ਵੇਖਦੇ ਹਾਂ, ਲੋਕ ਤਲੀ ਤੇ ਸੀਸ ਟਿਕਾਈ ਫਿਰਦੇ।’’ ਅਜਿਹੀ ਲੋਕ ਹਮਾਇਤ ਹੀ ਸੰਘਰਸ਼ੀਆਂ ਨੂੰ ਇਹ ਕਹਿਣ ਦਾ ਹੌਸਲਾ ਦਿੰਦੀ ਹੈ:
ਨਹੀਂ ਰੱਖਾਂਗੇ ਦਿਲਾਂ ਦੇ ਵਿਚ ਹੁਣ ਤਾਂ,
ਸੱਚੋ ਸੱਚੀਆਂ ਆਖ ਸੁਣਾ ਦਿਆਂਗੇ।
ਨਹੀਂ ਰੋਕਿਆਂ ਰੁਕਣਾ ਜੋਸ਼ ਸਾਡਾ,
ਹੁਣ ਤਾਂ ਅੱਗ ਅਸਮਾਨ ਨੂੰ ਲਾ ਦਿਆਂਗੇ।
ਅਤੇ ਲੋਕ ਹਮਾਇਤ ਹੀ ਅਜਿਹੇ ਆਤਮ-ਵਿਸ਼ਵਾਸ ਨੂੰ ਜਨਮ ਦਿੰਦੀ ਹੈ ਜਿਸ ਦਾ ਬਿਆਨ ਕਵੀ ਲੱਖਾ ਸਿੰਘ ਜੌਹਰ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ:
ਆਕੜਖੋਰਾਂ ਦੇ ਫਿੱਟੇ ਦਿਮਾਗ ਤਾਈਂ,
ਰਾਹੇ ਰਾਸਤੀ ਦੇ ਉੱਤੇ ਲਾ ਦੇਈਏ।
ਬਾਣ ਮਾਰੀਏ ਸਬਰ ਤੇ ਸਿਦਕ ਵਾਲੇ,
ਕਿਲ੍ਹਾ ਖੁਦੀ ਹੰਕਾਰ ਦਾ ਢਾਹ ਦੇਈਏ।
ਕਈ ਕਈ ਸੈਂਕੜੇ ਕਿਲੋਮੀਟਰਾਂ ਦਾ ਸਫ਼ਰ ਝਾਗ ਕੇ ਸਰਕਾਰ ਦੀ ਦੇਹਲੀ ਉੱਤੇ ਪੁੱਜਣ ਵਾਲੇ ਇਨ੍ਹਾਂ ਸੂਰਬੀਰਾਂ ਨੂੰ ਰਾਹ ਵਿਚ ਹਕੂਮਤ ਪੱਖੀ ਧਿਰਾਂ ਵੱਲੋਂ ਖੜ੍ਹੀਆਂ ਕੀਤੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਇਹ ਹੁਣ ਲੁਕੀ ਛਿਪੀ ਗੱਲ ਨਹੀਂ। ਪਰ ਇਹ ਅੜਿੱਕੇ ਇਨ੍ਹਾਂ ਦਾ ਰਾਹ ਨਹੀਂ ਰੋਕ ਸਕੇ। ਨੌਂ ਦਹਾਕੇ ਪਹਿਲਾਂ ਕਵੀ ‘ਜੁਗਨੂੰ’ ਦੀਆਂ ਲਿਖੀਆਂ ਇਹ ਸਤਰਾਂ ਇਨ੍ਹਾਂ ਦੇ ਹੌਸਲੇ ਅਤੇ ਦ੍ਰਿੜ੍ਹਤਾ ਦੀ ਸਹੀ ਤਰਜਮਾਨੀ ਕਰਦੀਆਂ ਹਨ:
ਜ਼ਾਲਮ ਰੱਜ ਕੇ ਜ਼ੁਲਮ ਵੀ ਕਰੇ ਕਿਉਂ ਨਾ,
ਸੂਰਜ ਲਹਿੰਦਿਓਂ ਕਦੇ ਚੜ੍ਹਾ ਦੇਵੇ।
ਹਵਾ ਵਗਦੀ ਜੱਗ ਦੀ ਰੋਕ ਦੇਵੇ,
ਬਦਲੇ ਮੀਂਹ ਦੇ ਅੱਗ ਵਰਸਾ ਦੇਵੇ।
ਤਾਰੇ ਖਿੱਚ ਅਸਮਾਨ ਦੇ ਤੋੜ ਦੇਵੇ,
ਅਤੇ ਚੰਦ ਨੂੰ ਹੇਠ ਪਟਕਾਇ ਜੇਕਰ।
ਤਾਂ ਵੀ ਯੋਧਿਆਂ ਦਾ ਟੁੱਟੇ ਹੌਸਲਾ ਨਾ,
ਜ਼ਾਲਮ ਹਿੱਕ ਦਾ ਜ਼ੋਰ ਵੀ ਲਾਇ ਜੇਕਰ।
ਜਾਬਰ ਸਰਕਾਰਾਂ ਕੋਲ ਅਜਿਹੇ ਜੋਸ਼ ਨੂੰ ਠੱਲ ਪਾਉਣ ਵਾਸਤੇ ਅਥਾਹ ਤਾਕਤ ਹੁੰਦੀ ਹੈ। ਲੋਕਾਈ ਇਸ ਤਾਕਤ ਦਾ ਮੁਕਾਬਲਾ ਤਾਕਤ ਨਾਲ ਨਹੀਂ, ਸਬਰ ਨਾਲ ਕਰ ਸਕਦੀ ਹੈ। ਕਵੀ ‘ਸ਼ਾਂਤ’ ਦਾ ਕਹਿਣਾ ਹੈ:
ਜੀਮ ਜਾਬਰਾ ਜਬਰ ਇਹ ਨਹੀਂ ਤੇਰਾ,
ਸਾਡੇ ਸਬਰ ਅੱਗੇ ਦਮ ਮਾਰ ਵੈਸੀ।
ਏਸ ਸਬਰ ਅੱਗੇ ਵੱਡੇ ਵੱਡੇ ਜ਼ਾਲਮ,
ਪੈਂਦੇ ਰਹੇ ਆਖਰਕਾਰ ਹਾਰ ਵੈਸੀ।
ਸਰਕਾਰ ਵਾਰ ਵਾਰ ਐਲਾਨ ਕਰਦੀ ਹੈ ਕਿ ਉਸ ਦੇ ਬਣਾਏ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ। ਯਕੀਨਨ ਉਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਵੀ ਅਜਿਹੀਆਂ ਗੱਲਾਂ ਕਹਿੰਦੀ ਹੋਵੇਗੀ ਜਿਸ ਦੇ ਉੱਤਰ ਵਿਚ ਕਵੀ ‘ਸਫਦਰ’ ਨੂੰ ਜੋ ਕਹਿਣਾ ਪਿਆ ਉਹ ਉਹੀ ਹੈ ਜੋ ਅੱਜ ਦੇ ਸੰਘਰਸ਼ੀ ਯੋਧੇ ਸਰਕਾਰ ਨੂੰ ਕਹਿ ਰਹੇ ਹਨ:
ਘਰੇ ਰੱਖੋ ਸਕੀਮ ਗਰੀਬ ਪਰਵਰ,
ਸਾਨੂੰ ਘਰਾਂ ਵਿਚ ਵੇਹਲਿਆਂ ਬੈਹਣ ਦਿਓ।
ਜੇਹੜਾ ਸੱਚ ਆਖੇ ਓਹਨੂੰ ਦਿਓਂ ਫਾਹੇ,
ਜੇੜ੍ਹਾ ਝੂਠ ਆਖੇ ਓਹਨੂੰ ਕੈਹਣ ਦਿਓ।
ਸਾਨੂੰ ਮਰਨ ਤੇ ਮਿਟਣ ਦਾ ਖ਼ੌਫ਼ ਨਾਹੀਂ,
ਚਿੱਤ ਆਂਵਦੀ ਗੱਲ ਨੂੰ ਕਹਿਣ ਦਿਓ।
ਅਜਿਹੀ ਲਖੂਖਾ ਲੋਕਾਂ ਦੀ ਲਾਮਬੰਦੀ ਸਮੇਂ ਸਰਕਾਰ ਨੂੰ ਇਹ ਧਰਵਾਸ ਹੁੰਦਾ ਹੈ ਕਿ ਰਾਜਨੀਤੀ ਤੋਂ ਕੋਰੇ ਅੰਦੋਲਨਕਾਰੀ ਕਦੇ ਵੀ ਬੰਧੇਜ ਵਿਚ ਨਹੀਂ ਰਹਿ ਸਕਣਗੇ ਅਤੇ ਉਨ੍ਹਾਂ ਵੱਲੋਂ ਕੀਤਾ ਹੱਲਾ ਗੁੱਲਾ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਜ਼ਬਰਦਸਤੀ ਨੂੰ ਜਾਇਜ਼ ਠਹਿਰਾਉਣ ਦਾ ਕਾਰਨ ਬਣ ਜਾਵੇਗਾ। ਉਹ ਸੋਚਦੇ ਹਨ:
ਹੁਣ ਢੋਲ ਦੇ ਪੋਲ ਜਦ ਖੋਲ੍ਹਣੇ ਨੂੰ,
ਆਏ ਵਿਚ ਮੈਦਾਨ ਜਵਾਨ ਮੁੰਡੇ।
ਵਾਂਗੂੰ ਝੂਠਿਆਂ ਥਥਲਕੇ ਕਹਿਣ ਲੀਡਰ,
ਦੁੱਧ ਦੀ ਦੰਦੀਆਂ ਹੈਨ ਨਾਦਾਨ ਮੁੰਡੇ।
ਹੁਣ ਵੇਖਣਾ ਬੜਾ ਫਸਾਦ ਹੋਸੀ,
ਰਲ ਗਏ ਨੇ ਇਹ ਸ਼ੈਤਾਨ ਮੁੰਡੇ।
ਵਰਤਮਾਨ ਸੰਘਰਸ਼ ਸਮੇਂ ਜਦ ‘ਮੁੰਡਿਆਂ’ ਨੇ ਸਰਕਾਰ ਨੂੰ ਅਜਿਹਾ ਕੋਈ ਬਹਾਨਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਉਕਸਾਉਣ ਲਈ ਸਰਕਾਰ ਵਿਰੋਧੀ ਲਹਿਰਾਂ ਦੇ ਹਵਾਲੇ ਨਾਲ ਉਨ੍ਹਾਂ ਦੇ ਸਿਰ ਕਦੇ ਅਤਿਵਾਦੀ, ਕਦੇ ਨਕਸਲਵਾਦੀ, ਕਦੇ ਖਾਲਿਸਤਾਨੀ, ਕਦੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋਣ ਦਾ ਇਲਜ਼ਾਮ ਥੋਪਿਆ ਗਿਆ, ਪਰ ‘ਮੁੰਡਿਆਂ’ ਨੇ ਪਰਪੱਕ ਸੂਝ ਬੂਝ ਦਾ ਸਬੂਤ ਦਿੰਦਿਆਂ ਅਜਿਹੀਆਂ ਸਾਜ਼ਿਸ਼ਾਂ ਨੂੰ ਨਿਹਫਲ ਕਰ ਦਿੱਤਾ। ਅੰਤ ਸਰਕਾਰ ਨੇ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਸੂਝਵਾਨ ਆਗੂਆਂ ਨੇ ਇਸ ਨੂੰ ਸੰਭਾਲ ਲਿਆ। ਇਸ ਸਫ਼ਲਤਾ ਨੇ ਹੀ ਸੰਘਰਸ਼ੀ ਆਗੂਆਂ ਨੂੰ ਸਰਕਾਰ ਦੇ ਵਜ਼ੀਰਾਂ ਅਤੇ ਅਧਿਕਾਰੀਆਂ ਨੂੰ ਠੋਕ ਵਜਾ ਕੇ ਇਹ ਕਹਿਣ ਦੀ ਤਾਕਤ ਬਖਸ਼ੀ:
ਬੱਸ! ਬੱਸ!! ਨਾ ਅਸਾਂ ਹੁਣ ਬੱਸ ਕਰਨੀ,
ਬੱਸ ਬੱਸ ਕਰਵਾਇਕੇ ਰਹਾਂਗੇ ਹੁਣ।
ਭਾਵੇਂ ਘਾਹ ਫੜਕੇ ਮੂੰਹ ਦੇ ਵਿਚ ਆਵੇ,
ਬਦਲਾ ਲਵਾਂਗੇ ਰਤਾ ਨਾ ਸਹਾਂਗੇ ਹੁਣ।
ਤਰਸ ਛੱਡ ਕੇ ਅੱਜ ਬੇਤਰਸ ਹੋਣਾ,
ਲੁਕਣਾ ਨਹੀਂ ਹੈ ਗੱਜ ਕੇ ਕਹਾਂਗੇ ਹੁਣ।
ਮਾਸਾ ਗੱਲ ਨੂੰ ਵੀ ਅਸਾਂ ਭੁੱਲਣਾ ਨਹੀਂ,
ਕਰ ਕੇ ਫੈਸਲਾ ਫੇਰ ਹੀ ਬਹਾਂਗੇ ਹੁਣ।
ਲੋਕਾਈ ਵੱਲੋਂ ਪ੍ਰਾਪਤ ਇਸ ਤਾਕਤ ਦੇ ਬਲਬੂਤੇ ਹੀ ਕਿਸਾਨ ਆਗੂਆਂ ਨੇ ਸਰਕਾਰੀ ਨੁਮਾਇੰਦਿਆਂ ਨੂੰ ਨਿਰਧਾਰਿਤ ਸਮੇਂ ਤੱਕ ‘‘ਹਾਂ ਜਾਂ ਨਾਂਹ’’ ਕਹਿਣ ਦੀ ਸ਼ਰਤ ਲਾਈ ਅਤੇ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ:
ਤੇਰੇ ਕਹਿਰ ਦੇ ਬੱਦਲ ਨੂੰ ਸੋਹਣਿਆ ਓਏ,
ਬਣ ਕੇ ਪੱਛੋਂ ਦੀ ਹਵਾ ਉਡਾ ਦਿਆਂਗੇ।
ਗੁੱਡੀ ਜ਼ੁਲਮ ਦੀ ਚੜ੍ਹੀ ਆਕਾਸ਼ ਤੇਰੀ,
ਝੱਟ ਲਾਹ ਕੇ ਫਰਸ਼ ਵਗਾ ਦਿਆਂਗੇ।
ਤੇਰੇ ਪਾਪ ਦਾ ਭਾਨ ਜੋ ਉਦੇ ਹੋਇਆ,
ਟੀਲੇ ਧਰਮ ਦੇ ਪਿੱਛੇ ਛੁਪਾ ਦਿਆਂਗੇ।
ਤੈਨੂੰ ਮੌਤ ਜਾਪੇ ਸਾਨੂੰ ਖੇਲ੍ਹ ਦਿਸੇ,
ਬਾਜ਼ੀ ਜਿੱਤ ਕੇ ਤੁਰਤ ਦਿਖਾ ਦਿਆਂਗੇ।
ਨਿਰਸੰਦੇਹ, ਪਹਿਲਾਂ ਹੀ ਵਰਤਮਾਨ ਕਿਸਾਨੀ ਸੰਘਰਸ਼ ਦੇ ਪੱਲੇ ਬਹੁਤ ਜਿੱਤਾਂ ਪੈ ਚੁੱਕੀਆਂ ਹਨ ਅਤੇ ਹੁਣ ਅੰਤਿਮ ਜਿੱਤ ਪ੍ਰਾਪਤ ਕਰਨ ਵਿਚ ਵੀ ਬਹੁਤੀ ਦੇਰ ਨਹੀਂ ਲੱਗਣੀ।
ਸਾਹਿਤ-ਇਤਿਹਾਸ ਗਵਾਹ ਹੈ ਕਿ ਪੰਜਾਬੀ ਕਵੀ ਹਮੇਸ਼ਾ ਹੱਕ ਸੱਚ ਦੀ ਪ੍ਰਾਪਤੀ ਲਈ ਘੋਲ ਕਰਨ ਵਾਲੀ ਲੋਕਾਈ ਦੇ ਨਾਲ ਖੜ੍ਹੇ ਹਨ ਅਤੇ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, ਸਨੈਪਚੈਟ ਆਦਿ ਉੱਤੇ ਇਸ ਸੰਘਰਸ਼ ਦੇ ਪ੍ਰਸੰਗ ਵਿਚ ਉਪਲਬਧ ਗੀਤ ਅਤੇ ਕਵਿਤਾਵਾਂ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਕਿਰਤੀ ਕਿਸਾਨਾਂ ਦੇ ਵਰਤਮਾਨ ਸੰਘਰਸ਼ ਦੌਰਾਨ ਵੀ ਪੰਜਾਬੀ ਕਲਮਾਂ ਉਨ੍ਹਾਂ ਦੇ ਅੰਗ ਸੰਗ ਹਨ।
ਸੰਪਰਕ: 94170-49417