ਪਰਮਜੀਤ ਢੀਂਗਰਾ
ਹਿੰਦੋਸਤਾਨ ਵਿਚ ਪੰਜਾਬ ਸਭ ਤੋਂ ਮਗਰੋਂ ਬਸਤੀਵਾਦੀ ਬਰਤਾਨਵੀ ਹਕੂਮਤ ਦਾ ਹਿੱਸਾ ਬਣਿਆ। ਦਰਅਸਲ, ਬਸਤੀਵਾਦੀ ਹਾਕਮਾਂ ਨੇ ਲਾਹੌਰ ਦਰਬਾਰ ਨੂੰ ਖੇਰੂੰ ਖੇਰੂੰ ਕਰਨ ਲਈ ਅੰਦਰੋਂ ਬੰਦਿਆਂ ਨੂੰ ਤੋੜਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਕ ਆਜ਼ਾਦ ਹਕੂਮਤ ਦਾ ਅੰਤ ਹੋ ਗਿਆ। ਆਜ਼ਾਦੀ ਦੀ ਲੜਾਈ ਵਿਚ ਪੰਜਾਬੀਆਂ ਦਾ ਅਹਿਮ ਯੋਗਦਾਨ ਪਛਾਣਨਯੋਗ ਇਤਿਹਾਸਕ ਤੱਥ ਹੈ ਤੇ ਇਸ ਦੀ ਚਾਲਕ ਪੰਜਾਬੀ ਭਾਸ਼ਾ ਨਜ਼ਰ ਆਉਂਦੀ ਹੈ। ਪੰਜਾਬੀਆਂ ਅਥਵਾ ਹਿੰਦੀਆਂ ਨੂੰ ਆਜ਼ਾਦੀ ਲਈ ਲੜ ਮਰਨ ਵਾਸਤੇ ਤਿਆਰ ਕਰਨ ਹਿੱਤ ਪੰਜਾਬੀ ਭਾਸ਼ਾ ਨੂੰ ਵਾਹਨ ਬਣਾ ਕੇ ਕਵਿਤਾ ਦਾ ਸਹਾਰਾ ਲਿਆ ਗਿਆ। ਇਹ ਜੋਸ਼ੀਲੀਆਂ ਕਵਿਤਾਵਾਂ ਆਜ਼ਾਦੀ ਦੀ ਲੜਾਈ ਦਾ ਮਹੱਤਵਪੂਰਨ ਹਿੱਸਾ ਹਨ, ਪਰ ਇਨ੍ਹਾਂ ਨੂੰ ਬਹੁਤ ਸਮੇਂ ਤੱਕ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਹਥਲੀ ਕਿਤਾਬ ‘ਆਜ਼ਾਦੀ ਸੰਗਰਾਮ ਦੀ ਕਵਿਤਾ’ ਵਿਚ ਡਾ. ਗੁਰਦੇਵ ਸਿੰਘ ਸਿੱਧੂ ਨੇ ਬੜੀ ਮਿਹਨਤ, ਲਗਨ ਤੇ ਸਿਰੜ ਨਾਲ ਆਜ਼ਾਦੀ ਸੰਗਰਾਮ ਦੀ ਕਵਿਤਾ ਨੂੰ ਇਕੱਤਰ ਹੈ ਅਤੇ ਇਸ ਦੇ ਅਹਿਮ ਪੱਖਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਸਾਰੀ ਕਵਿਤਾ ਪ੍ਰਤਿਰੋਧੀ ਸੁਰ ਵਾਲੀ ਹੈ ਅਤੇ ਅੰਗਰੇਜ਼ਾਂ ਕੋਲੋਂ ਆਜ਼ਾਦੀ ਪ੍ਰਾਪਤ ਕਰਨ ਲਈ ਲੜ ਮਰਨ ਦਾ ਸੁਨੇਹਾ ਦਿੰਦੀ ਹੈ।
1900 ਤੋਂ 1947 ਤੱਕ ਦਾ ਸਮਾਂ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿਚ ਵੱਖਰੇ ਪ੍ਰਭਾਵਾਂ ਵਾਲਾ ਹੈ। ਇਸ ਦੌਰਾਨ ਅਨੇਕਾਂ ਘਟਨਾਵਾਂ ਵਾਪਰੀਆਂ ਤੇ ਕਈ ਪ੍ਰਕਾਰ ਦੀ ਉਥਲ ਪੁੱਥਲ ਹੋਈ। ਸਿਆਸੀ ਤੌਰ ’ਤੇ ਘਟਨਾਵਾਂ ਨੂੰ ਹੇਠ ਲਿਖੇ ਘਟਕਾਂ ਵਿਚ ਵੰਡਿਆ ਜਾ ਸਕਦਾ ਹੈ:
(ੳ) ਬਾਰ ਦੇ ਕਿਸਾਨਾਂ ਦੇ ਅੰਦੋਲਨ (1907)
(ਅ) ਗ਼ਦਰ ਪਾਰਟੀ ਲਹਿਰ (1913-1915), ਕੌਮਾਗਾਟਾ ਮਾਰੂ ਜਹਾਜ਼ ਅਤੇ ਬਜਬਜ ਘਾਟ ਦਾ ਸਾਕਾ (1914)
(ੲ) ਰੌਲੈੱਟ ਐਕਟ ਵਿਰੁੱਧ ਅੰਦੋਲਨ ਅਤੇ ਜੱਲ੍ਹਿਆਂਵਾਲੇ ਬਾਗ਼ ਦਾ ਹੱਤਿਆਕਾਂਡ (1919)
(ਸ) ਗੁਰਦੁਆਰਾ ਸੁਧਾਰ ਲਹਿਰ (1920-1925)
(ਹ) ਨੌਜਵਾਨ ਭਾਰਤ ਸਭਾ/ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀਆਂ ਕਾਰਵਾਈਆਂ ਅਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹੀਦੀ (1931)
(ਕ) ਕਿਰਤੀ ਕਿਸਾਨ ਲਹਿਰ (1926-1947)
(ਖ) ਮਹਾਤਮਾ ਗਾਂਧੀ ਦੀ ਅਗਵਾਈ ਹੇਠ ਹਿੰਦੋਸਤਾਨੀ ਕੌਮੀ ਕਾਂਗਰਸ ਦੀ ਲਹਿਰ (1919-1947)
ਇਨ੍ਹਾਂ ਘਟਨਾਵਾਂ ਨਾਲ ਸੰਬੰਧਤ ਕਾਵਿ ਦੀਆਂ ਵੰਨਗੀਆਂ ਦੇਖੀਆਂ ਜਾ ਸਕਦੀਆਂ ਹਨ:
ੳ. ਬਾਰ ਦਾ ਕਿਸਾਨ ਅੰਦੋਲਨ:
ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਤੇਰੇ ਲੀੜੇ
ਭੁੱਖਾਂ ਨੇ ਖੂਬ ਨਿਚੋੜੇ, ਰੋਂਦੇ ਨੇ ਬਾਲ ਓ,
ਪਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓ,
ਅ. ਗਦਰ ਪਾਰਟੀ ਲਹਿਰ:
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ।
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਣ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ।
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ।
ਦੇਸ਼ ਵਾਸੀਓ ਚਮਕਣਾ ਚੰਦ ਵਾਂਗੂੰ, ਕਿਤੇ ਬੱਦਲਾਂ ਦੇ ਹੇਠ ਨਾ ਆ ਜਾਣਾ।
ੲ. ਜਲ੍ਹਿਆਂਵਾਲੇ ਬਾਗ਼ ਦਾ ਸਾਕਾ:
ਕੱਠੇ ਹੋ ਕੇ ਗੋਲੀਆਂ ਖਾਧੀਆਂ ਨੇ
ਆਏ ਵਿਛੜੇ ਵੀਰ ਮਿਲਾਣ ਏਥੇ।
ਬੀਜ ਏਕਤਾ ਦਾ ਹੱਥੀਂ ਬੀਜਿਓ ਨੇ।
ਰਲਿਆ ਖੂਨ ਹਿੰਦੂ ਮੁਸਲਮਾਨ ਏਥੇ।
ਸ. ਗੁਰਦੁਆਰਾ ਸੁਧਾਰ ਲਹਿਰ :
ਜਿਸ ਨੇ ਬਾਗ਼ ਦੇ ਵਿਚ ਅੰਧੇਰ ਪਾਇਆ
ਗੋਰੇਸ਼ਾਹੀ ਦਾ ਆਇਆ ਤੂਫ਼ਾਨ ਬਾਬਾ,
ਜੇ ਤੂੰ ਅਜੇ ਵੀ ਲਈ ਨਾ ਖਬਰ ਮਾਲੀ
ਸਾਡਾ ਨਾਸ ਹੋਸੀ ਗੁਲਿਸਤਾਨ ਬਾਬਾ।
ਕਰ ਲੈ ਰਖਿਆ ਜੇ ਇਸਦੀ ਲੋੜ ਤੈਨੂੰ
ਤੇਰਾ ਬਾਗ ਹੋ ਰਿਹਾ ਵੈਰਾਨ ਬਾਬਾ।
ਹ. ਭਗਤ ਸਿੰਘ ਦੀ ਫਾਂਸੀ:
ਤੇਰਾ ਜਬਰ ਤੇ ਅਸਾਂ ਦਾ ਸਬਰ ਪਾਪੀ
ਇਕ ਦਿਨ ਮੁਕਾਬਲਾ ਹੋਵਨਾ ਈ,
ਆਖਰ ਜਿੱਤ ਹੋਣੀ ਸਬਰ ਵਾਲਿਆਂ ਦੀ
ਜਬਰ ਵਾਲਿਆਂ ਪਾਪੀਆਂ ਰੋਵਣਾਂ ਈ।
ਕ. ਕਿਰਤੀ ਕਿਸਾਨ ਲਹਿਰ:
ਲਹਿੰਦੇ ਚੜ੍ਹਦੇ ਉਤਰ ਦੱਖਣ ਝੰਡਾ ਲਾਲ ਝੁਲਾਵਾਂਗੇ,
ਫਾਂਸੀ ਦੇ ਤਖਤੇ ਤੇ ਚੜ੍ਹ ਕੇ ਗੀਤ ਇਸੇ ਦੇ ਗਾਵਾਂਗੇ।
ਖ. ਹਿੰਦੋਸਤਾਨ ਦੀ ਕੌਮੀ ਆਜ਼ਾਦੀ ਦੀ ਲਹਿਰ:
ਹਿੰਦ ਦੇ ਪਿਆਰ ਨਾਲ/ ਸ਼ਾਂਤੀ ਹਥਿਆਰ ਨਾਲ/
ਰੱਬ ਸਚਿਆਰ ਨਾਲ/ ਕਦੇ ਨਹੀਂ ਹਾਰਨਾ, ਭਾਵੇਂ ਸਾਡੀ ਜਿੰਦ ਜਾਵੇ/
ਦੇਸ਼ ਨੂੰ ਛੁਡਾਵਣਾ/ ਧਰਮ ਨੂੰ ਬਚਾਵਣਾ, ਭਾਵੇਂ ਸਾਡੀ ਜਿੰਦ ਜਾਵੇ।
ਇਨ੍ਹਾਂ ਸਾਰੀਆਂ ਕਵਿਤਾਵਾਂ ਵਿਚੋਂ ਨਾਬਰੀ ਦੀ ਸੁਰ ਉਭਰਦੀ ਨਜ਼ਰ ਆਉਂਦੀ ਹੈ। ਇਹ ਲਹਿਰਾਂ ਭਾਵੇਂ ਵੱਖ ਵੱਖ ਖਿੱਤਿਆਂ ਵਿਚ ਉਭਰੀਆਂ, ਪਰ ਇਨ੍ਹਾਂ ਪਿੱਛੇ ਦੇਸ਼ ਦੀ ਆਜ਼ਾਦੀ ਦਾ ਕੌਮੀ ਅੰਦੋਲਨ ਇਕ ਸੂਤਰ ਵਜੋਂ ਨਜ਼ਰ ਆਉਂਦਾ ਹੈ। ਇਨ੍ਹਾਂ ਸਾਰੀਆਂ ਲਹਿਰਾਂ ਦੇ ਕਾਵਿ ਦੀ ਵਿਲੱਖਣਤਾ ਇਹ ਹੈ ਕਿ ਇਹ ਆਮ ਭਾਸ਼ਾ ਤੇ ਮੁਹਾਵਰੇ ਵਿਚ ਆਵਾਮ ਨੂੰ ਸੰਬੋਧਤ ਹਨ ਤੇ ਹਰ ਇਕ ਨੂੰ ਪ੍ਰੇਰਦੀਆਂ ਹਨ। ਇਨ੍ਹਾਂ ਵਿਚਲੇ ਸੰਬੋਧਨ ਤੇ ਚਿੰਨ੍ਹ ਬੜੇ ਮੁੱਲਵਾਨ ਹਨ ਮਸਲਨ: ਜੱਟਾ, ਪਗੜੀ, ਗਦਰ, ਫਰੰਗੀ, ਮੁਹਾਰਾਂ, ਫਾਂਸੀ, ਵਤਨ, ਰਹੀਮ, ਕਰਤਾਰ, ਭਗਵਾਨ, ਗੁਲਿਸਤਾਨ, ਫਰਿਆਦ, ਗੋਰੇਸ਼ਾਹੀ, ਭਬਕ, ਬਿਜਲੀ, ਟੋਪੀ, ਖੱਦਰ, ਚਰਖਾ, ਬੰਬ, ਹਥਿਆਰ, ਤਲਵਾਰ, ਹਿੰਦ ਮਾਤਾ, ਪੁਕਾਰ, ਇਕ ਮਈ, ਗੁਲਾਮੀ, ਬੱਗਾ ਸ਼ੇਰ, ਜਾਗ ਜੁਆਨਾ ਜਾਗੋ ਹਿੰਦੀਓ ਆਦਿ।
ਇਸ ਸਾਰੇ ਕਾਵਿ ਦਾ ਪੁਖਤਾ ਵਿਚਾਰਧਾਰਾਈ ਆਧਾਰ ਵੀ ਨਜ਼ਰ ਆਉਂਦਾ ਹੈ। ਇਹ ਸਮਾਂ ਸੰਕਰਾਂਤੀ ਦਾ ਸੀ ਜਿਸ ਵਿਚ ਜੋਸ਼ ਤੇ ਹੋਸ਼ ਮਿਲ ਕੇ ਵਿਚਾਰਧਾਰਕ ਆਧਾਰ ਬਣਾਉਣ ਲਈ ਦ੍ਰਿੜ੍ਹ ਸਨ। ਇਨ੍ਹਾਂ ਵਿਚ ਇਕ ਤੋਂ ਵਧੇਰੇ ਵਿਚਾਰਧਾਰਕ ਪੈਂਤੜੇ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦਾ ਵਿਰੋਧ ਕੋਈ ਨਹੀਂ ਹਾਲਾਂਕਿ ਸਮਨਵੈ ਵੀ ਨਜ਼ਰ ਨਹੀਂ ਆਉਂਦਾ। ਇਸ ਬਾਰੇ ਸੰਪਾਦਕ ਦਾ ਕਥਨ ਹੈ: ਪੰਜਾਬ ਵਿਚ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਸ. ਅਜੀਤ ਸਿੰਘ ਅਤੇ ਉਸ ਦੇ ਭਰਾਵਾਂ, ਲਾਲਾ ਲਾਜਪਤ ਰਾਏ, ਸੂਫ਼ੀ ਅੰਬਾ ਪ੍ਰਸਾਦ, ਲਾਲ ਚੰਦ ਫਲਕ ਆਦਿ ਪੰਜਾਬੀਆਂ ਵਿਚ ਰਾਜਸੀ ਚੇਤਨਾ ਪੈਦਾ ਕਰਨ ਲਈ ਸਰਗਰਮੀ ਨਾਲ ਕੰਮ ਕਰਦੇ ਹਨ ਪਰ ਉਨ੍ਹਾਂ ਦਾ ਕਾਰਜ ਖੇਤਰ ਬਾਰ ਦਾ ਇਲਾਕਾ ਹੈ।
ਗ਼ਦਰ ਪਾਰਟੀ ਦਾ ਵਿਚਾਰਧਾਰਾਈ ਪਰਿਪੇਖ ਇਨਕਲਾਬੀ ਸੁਰ ਵਾਲਾ ਹੈ। ਅੰਗਰੇਜ਼ੀ ਸਰਕਾਰ ਵੀ ਇਹ ਸਿੱਟਾ ਕੱਢਦੀ ਹੈ ਕਿ ਵਿਦੇਸ਼ਾਂ ਵਿਚ ਜਾਣ ਵਾਲੇ ਹਿੰਦੋਸਤਾਨੀ ਖ਼ਤਰਨਾਕ ਰਾਜਸੀ ਵਿਚਾਰ ਅਤੇ ਮੁਲਕ ਦੇ ਗੋਰੇ ਹਾਕਮਾਂ ਪ੍ਰਤੀ ਅਨਾਦਰਯੋਗ ਭਾਵਨਾਵਾਂ ਲੈ ਕੇ ਪਰਤਦੇ ਹਨ। ਪਰਵਾਸੀ ਹਿੰਦੋਸਤਾਨੀਆਂ ਨੂੰ ਓਥੇ ਜਾ ਕੇ ਆਜ਼ਾਦੀ ਦੇ ਮੁੱਲ ਦਾ ਅਹਿਸਾਸ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ। ਗ਼ਦਰ ਲਹਿਰ ਦਾ ਪ੍ਰਭਾਵ ਭਾਵੇਂ ਖੀਣ ਕਰ ਦਿੱਤਾ ਗਿਆ, ਪਰ ਇਤਿਹਾਸਕ ਤੌਰ ’ਤੇ ਇਸ ਨੇ ਵਿਚਾਰਧਾਰਾ ਪੱਖੋਂ ਮੁੱਲਵਾਨ ਮਰਜੀਵੜੇ ਤਿਆਰ ਕੀਤੇ। ਜੱਲ੍ਹਿਆਂਵਾਲੇ ਬਾਗ਼ ਦਾ ਕਤਲੇਆਮ, ਗੁਰਦੁਆਰਾ ਸੁਧਾਰ ਲਹਿਰ, ਕਿਰਤੀ ਕਿਸਾਨ ਲਹਿਰ, ਨਾ-ਮਿਲਵਰਤਣ ਲਹਿਰ ਸਾਰਿਆਂ ਪਿੱਛੇ ਵਿਚਾਰਧਾਰਕ ਪੈਂਤੜੇ ਉਨ੍ਹਾਂ ਦੀ ਸਭਿਆਚਾਰਕ, ਧਾਰਮਿਕ ਬਿਰਤੀ ਜਾਂ ਫਿਰ ਇਨਕਲਾਬੀ ਸੋਚ ਨਾਲ ਜੁੜੇ ਨਜ਼ਰ ਆਉਂਦੇ ਹਨ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਰਚਨਾਵਾਂ ਉਸ ਵੇਲੇ ਵਾਪਰਨ ਵਾਲੀਆਂ ਘਟਨਾਵਾਂ ਦੇ ਲੋਕ ਮੁਖੀ ਪ੍ਰਤੀਕਰਮ ਸਨ। ਲੋਕਾਂ ਨੂੰ ਨਾਬਰੀ ਸੁਰ ਰਾਹੀਂ ਸਾਮਰਾਜ ਵਿਰੁੱਧ ਲਾਮਬੰਦ ਕਰਨ ਲਈ ਇਹ ਕਵਿਤਾ ਹਥਿਆਰ ਸਿੱਧ ਹੋਈ। ਮੁੱਢਲੇ ਰੂਪ ਵਿਚ ਇਹ ਅਖ਼ਬਾਰਾਂ, ਰਸਾਲਿਆਂ, ਚੌਵਰਕਿਆਂ ਦੇ ਰੂਪ ਵਿਚ ਪ੍ਰਕਾਸ਼ਿਤ ਹੋਈ ਜੋ ਉਸ ਸਮੇਂ ਦੇ ਜਨ ਸੰਚਾਰ ਪੱਖੋਂ ਸ਼ਕਤੀਸ਼ਾਲੀ ਮਾਧਿਅਮ ਸਨ। ਇਹ ਕਵਿਤਾ ਵਧੇਰੇ ਕਰਕੇ ਗੁਰਮੁਖੀ ਲਿੱਪੀ ਵਿਚ ਛਾਪੀ ਜਾਂਦੀ ਸੀ, ਪਰ ਵਧੇਰੇ ਜਨ ਤੱਕ ਪਹੁੰਚ ਕਰਨ ਲਈ ਦੇਵਨਾਗਰੀ ਤੇ ਫ਼ਾਰਸੀ ਰਸਮੁੱਲ ਖਤ ਵਿਚ ਵੀ ਇਹਦੀ ਪ੍ਰਕਾਸ਼ਨਾ ਹੁੰਦੀ ਸੀ। ਇਹਦਾ ਖਾਸਾ ਇਹ ਵੀ ਹੈ ਕਿ ਇਹ ਸੰਪਰਦਾਇਕ ਸੁਹਿਰਦਤਾ ਪੈਦਾ ਕਰਦੀ ਹੈ। ਇਸ ਨੇ ਭਾਰਤ ਦੀ ਬਹੁਰੰਗੀ, ਬਹੁ-ਨਸਲੀ, ਬਹੁ-ਜਾਤੀ, ਬਹੁ-ਭਾਸ਼ਾਈ, ਬਹੁ-ਸਭਿਆਚਾਰਕ ਪਰੰਪਰਾ ਨੂੰ ਕੌਮੀ ਤਾਰ ਵਿਚ ਪਰੋਇਆ ਹੈ। ਇਹ ਵੱਖਰੀ ਗੱਲ ਹੈ ਕਿ ਸਾਮਰਾਜੀ ਤਾਕਤਾਂ ਨੇ ਇਸ ਏਕਤਾ ਨੂੰ ਤੋੜਿਆ ਜਿਸ ਦੇ ਨਤੀਜੇ ਵਜੋਂ ਇਕ ਪਾਸੇ ਆਜ਼ਾਦੀ ਪ੍ਰਾਪਤ ਹੋਈ, ਦੂਸਰੇ ਪਾਸੇ ਸੰਪਰਦਾਇਕ ਨਫ਼ਰਤ ਨੇ ਖ਼ੂਨ ਦੀਆਂ ਨਦੀਆਂ ਵਹਾ ਦਿੱਤੀਆਂ। ਇਹ ਵੀ ਵਿਡੰਬਨਾ ਹੀ ਹੈ ਕਿ ਕੌਮੀ ਅੰਦੋਲਨ ਤੇ ਸਮਕਾਲੀ ਲਹਿਰਾਂ ਵਿਚ ਇਸ ਕਵਿਤਾ ਨੇ ਜਿੰਨਾ ਜੋਸ਼ ਭਰ ਕੇ ਇਕ ਪਿੜ ਤਿਆਰ ਕੀਤਾ ਸੀ, ਗੋਰੇਸ਼ਾਹੀ ਨੇ ਧਰਮਾਂ, ਫ਼ਿਰਕਿਆਂ, ਭਾਸ਼ਾਵਾਂ ਤੇ ਖੇਤਰੀ ਵਖਰੇਵਿਆਂ ਵਿਚ ਆਵਾਮ ਨੂੰ ਵੰਡ ਕੇ ਉਸ ਪਿੜ ਨੂੰ ਤਬਾਹ ਕਰ ਦਿੱਤਾ। ਅਜੋਕੇ ਸਿਆਸੀ ਹਾਲਾਤ ਵਿਚ ਇਹ ਕਵਿਤਾਵਾਂ ਨਵੇਂ ਅਰਥ ਸਿਰਜਦੀਆਂ ਹਨ। ਡਾ. ਗੁਰਦੇਵ ਸਿੰਘ ਇਕ ਸਿਰੜੀ ਖੋਜੀ ਅਤੇ ਚਿੰਤਨਸ਼ੀਲ ਵਿਦਵਾਨ ਹਨ। ਉਨ੍ਹਾਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਇਹ ਕਿਤਾਬ ਤਿਆਰ ਕੀਤੀ ਹੈ। ਇਸ ਨੂੰ ਕੌਮੀ ਅੰਦੋਲਨ ਤੇ ਲਹਿਰਾਂ ਦਾ ਗਿਆਨ ਗ੍ਰੰਥ ਕਹਿਣਾ ਅਤਿਕਥਨੀ ਨਹੀਂ ਹੋਵੇਗੀ।
ਸੰਪਰਕ: 88476-10125