ਗੁਰਬਚਨ ਸਿੰਘ ਭੁੱਲਰ
ਲੇਖਕ ਤੇ ਪਾਠਕ ਦਾ ਰਿਸ਼ਤਾ ਦਿਲਚਸਪ ਵੀ ਹੈ ਤੇ ਅਜੀਬ ਵੀ। ਕੁਝ ਪਾਠਕ ਅਜਿਹੇ ਹੁੰਦੇ ਹਨ ਜੋ ਸਿਰਫ਼ ਲੇਖਕ ਦੀ ਲਿਖਤ ਨਾਲ ਵਾਸਤਾ ਰੱਖ ਕੇ ਹੀ ਸੰਤੁਸ਼ਟ ਰਹਿੰਦੇ ਹਨ। ਲੇਖਕ ਦੀ ਹਸਤੀ ਤੇ ਉਹਦੇ ਰਚਨਾ-ਕਾਰਜ ਵਿਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ। ਉਹ ਉਸ ਬੰਦੇ ਵਾਂਗ ਹੁੰਦੇ ਹਨ ਜੋ ਕਹਿੰਦਾ ਹੈ, ਮੇਰਾ ਮਤਲਬ ਖੀਰ ਤੱਕ ਹੈ, ਦੁੱਧ ਕਿਸ ਮੱਝ ਦਾ ਹੈ ਤੇ ਚੌਲ਼ ਕਿਥੋਂ ਆਏ ਹਨ, ਮੈਂ ਇਹਨਾਂ ਗੱਲਾਂ ਤੋਂ ਕੀ ਲੈਣਾ ਹੈ। ਬਹੁਤੇ ਪਾਠਕ ਸਿਰਫ਼ ਰਚਨਾ ਤੱਕ ਸੀਮਤ ਨਾ ਰਹਿ ਕੇ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਇਸ ਲੇਖਕ ਨੇ ਇਹ ਰਚਨਾ ਕਿਵੇਂ ਕੀਤੀ ਹੈ। ਇਸ ਵਿਚ ਲੇਖਕ ਦੀ ਜਾਣਕਾਰੀ ਵਿਚ ਵਾਪਰਿਆ ਕਿੰਨਾ ਕੁਝ ਹੈ ਅਤੇ ਉਸ ਵਾਪਰੇ ਨੂੰ ਰਚਨਾ ਦਾ ਰੂਪ ਦੇਣ ਵੇਲੇ ਲੇਖਕ ਦੀ ਕਲਪਨਾ ਨੇ ਕਿੰਨੀਆਂ ਕੁ ਉੱਚੀਆਂ ਉਡਾਰੀਆਂ ਲਾਈਆਂ ਹਨ। ਉਹਨੂੰ ਕਿਹੜੀਆਂ ਗੱਲਾਂ ਨੇ, ਕਿਸ ਮਾਹੌਲ ਨੇ, ਕਿਨ੍ਹਾਂ ਪ੍ਰੇਰਨਾਵਾਂ ਨੇ ਲਿਖਣ ਲਾਇਆ। ਉਹਦਾ ਲਿਖਣ ਦਾ ਤਰੀਕਾ ਕੀ ਹੈ ਤੇ ਉਹਦਾ ਲਿਖਣ-ਵੇਲਾ ਕਿਹੋ ਜਿਹਾ ਹੁੰਦਾ ਹੈ। ਉਹ ਉਹਦੇ ਸੁਭਾਅ ਤੇ ਆਦਤਾਂ ਨੂੰ ਜਾਣਨ ਲਈ ਵੀ ਉਤਾਵਲੇ ਹੁੰਦੇ ਹਨ।
ਪਾਠਕਾਂ ਦੀ ਅਜਿਹੀ ਜਾਣਕਾਰੀ ਦੀ ਤੇਹ ਨੂੰ ਅਸਲ ਵਿਚ ਤਾਂ ਲੇਖਕ ਦੀ ਸਵੈਜੀਵਨੀ ਹੀ ਤ੍ਰਿਪਤ ਕਰ ਸਕਦੀ ਹੈ ਪਰ ਜੇ ਉਹ ਸੱਚ ਦਾ ਪੱਲਾ ਫੜ ਕੇ ਬੇਝਿਜਕ ਲਿਖੀ ਗਈ ਹੋਵੇ। ਬੱਸ ਇਹ ‘ਜੇ’ ਹੀ ਹੱਥ ਆਉਣੀ ਔਖੀ ਹੈ! ਸੱਚ-ਆਧਾਰਿਤ ਸਵੈਜੀਵਨੀ ਲਿਖਣਾ ਸੌਖਾ ਕੰਮ ਨਹੀਂ; ਸਗੋਂ ਜੇ ਕਹਿ ਦੇਈਏ ਕਿ ਇਹ ਸੰਭਵ ਹੀ ਨਹੀਂ, ਤਾਂ ਵੀ ਗੱਲ ਗ਼ਲਤ ਨਹੀਂ ਹੋਵੇਗੀ। ਸਵੈਜੀਵਨੀਕਾਰ ਆਪਣੀ ਸ਼ਖ਼ਸੀਅਤ ਦੇ ਦੱਸਣਜੋਗ ਪੱਖ ਉਭਾਰਦਾ-ਉਛਾਲਦਾ ਹੈ ਅਤੇ ਭੈੜੇ ਪੱਖਾਂ ਉੱਤੇ ਮੋਟਾ ਪਰਦਾ ਪਾਉਂਦਾ ਹੈ। ਇਹ ਬਹੁਤ ਘੱਟ ਹੁੰਦਾ ਹੈ, ਰੂਸੋ ਦੀ ‘ਦਿ ਕਨਫ਼ੈਸ਼ਨਜ਼’ ਵਾਂਗ, ਕਿ ਸਵੈਜੀਵਨੀਕਾਰ ਆਪਣੇ ਕਾਲ਼ੇ ਲੇਖ, ਸਗੋਂ ਸਿਆਹ-ਕਾਲ਼ੇ ਲੇਖ ਵੀ ਪਾਠਕ ਦੀਆਂ ਨਜ਼ਰਾਂ ਸਾਹਮਣੇ ਰੱਖ ਦੇਵੇ। ਇਸੇ ਕਰਕੇ ਸਵੈਜੀਵਨੀਆਂ ਨੂੰ ਸਿਆਣੇ ਪਾਠਕ ਗਲਪ ਵਾਂਗ ਪੜ੍ਹਦੇ ਹਨ, ਇਤਿਹਾਸ ਵਾਂਗ ਨਹੀਂ।
ਦਾਰਸ਼ਨਿਕ, ਲੇਖਕ ਤੇ ਸੰਗੀਤਕਾਰ ਯਾਂ ਜੈਕ ਰੂਸੋ (28 ਜੂਨ 1712-2 ਜੁਲਾਈ 1778) ਦੀ ਸਵੈਜੀਵਨੀ ‘ਦਿ ਕਨਫ਼ੈਸ਼ਨਜ਼’ ਦਾ ਫ਼ਰਾਂਸੀਸੀ ਤੋਂ ਅੰਗਰੇਜ਼ੀ ਅਨੁਵਾਦ 1903 ਵਿਚ ਲੰਡਨ ਵਿਚ ‘ਦਿ ਕਨਫ਼ੈਸ਼ਨਜ਼ ਆਫ਼ ਯਾਂ ਜੈਕ ਰੂਸੋ’ ਦੇ ਨਾਂ ਨਾਲ ਛਪਿਆ। ਅੱਧੀ ਸਦੀ ਤੋਂ ਵੀ ਵੱਧ ਪਹਿਲਾਂ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਇਹਦਾ ਪੰਜਾਬੀ ਅਨੁਵਾਦ ‘ਆਪਬੀਤੀਆਂ’ ਦੇ ਨਾਂ ਨਾਲ ਛਾਪਿਆ ਸੀ। ਰੂਸੋ ਆਪਣੀ ਪੁਸਤਕ ਦਾ ਆਰੰਭ ਇਹਨਾਂ ਸ਼ਬਦਾਂ ਨਾਲ ਕਰਦਾ ਹੈ:
‘‘ਮੈਂ ਇਕ ਅਜਿਹਾ ਕਾਰਨਾਮਾ ਕਰਨ ਲਗਿਆ ਹਾਂ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ ਤੇ ਉਹਦੀ ਪੂਰਨਤਾ ਮਗਰੋਂ ਉਹਦੀ ਰੀਸ ਕਰਨ ਵਾਲਾ ਵੀ ਕੋਈ ਨਹੀਂ ਨਿੱਤਰੇਗਾ। ਮੈਂ ਆਪਣੇ ਵਰਗੇ ਨਾਸਮਾਨ ਪ੍ਰਾਣੀਆਂ ਸਾਹਮਣੇ ਇਕ ਆਦਮੀ ਨੂੰ ਪੂਰੀ ਤਰ੍ਹਾਂ ਅਨਛੇੜੇ-ਅਨਬਦਲੇ ਕੁਦਰਤੀ ਰੂਪ ਵਿਚ ਪੇਸ਼ ਕਰਨ ਲਗਿਆ ਹਾਂ; ਤੇ ਉਹ ਆਦਮੀ ਮੈਂ ਆਪ ਹਾਂ! ਮੈਂ ਆਪਣੇ ਦਿਲ ਨੂੰ ਜਾਣਦਾ ਹਾਂ ਤੇ ਮੈਂ ਮਨੁੱਖਜਾਤੀ ਨੂੰ ਵੀ ਵਾਚਿਆ ਹੋਇਆ ਹੈ। ਮੈਨੂੰ ਕਿਸੇ ਵੀ ਹੋਰ ਆਦਮੀ, ਜੋ ਮੇਰੀ ਜਾਣਕਾਰੀ ਵਿਚ ਆਇਆ ਹੋਵੇ, ਵਰਗਾ ਨਹੀਂ ਬਣਾਇਆ ਗਿਆ; ਸ਼ਾਇਦ ਮੇਰੇ ਵਰਗਾ ਹੋਰ ਕੋਈ ਕਿਤੇ ਹੈ ਹੀ ਨਹੀਂ। ਮੈਂ ਹੋਰਾਂ ਨਾਲੋਂ ਚੰਗੇਰਾ ਨਾ ਵੀ ਹੋਵਾਂ, ਘੱਟੋ-ਘੱਟ ਮੌਲਕਤਾ ਦਾ ਦਾਅਵਾ ਜ਼ਰੂਰ ਕਰਦਾ ਹਾਂ। ਕੁਦਰਤ ਨੇ ਜਿਸ ਸੈਂਚੇ ਨਾਲ ਮੈਨੂੰ ਡੌਲ਼ਿਆ-ਬਣਾਇਆ, ਉਹਨੂੰ ਤੋੜ ਦੇਣਾ ਉਹਦੀ ਸਿਆਣਪ ਸੀ ਜਾਂ ਗ਼ਲਤੀ, ਇਸ ਦਾ ਨਿਰਨਾ ਤਾਂ ਇਹ ਪੁਸਤਕ ਪੜ੍ਹਨ ਮਗਰੋਂ ਹੀ ਕੀਤਾ ਜਾ ਸਕਦਾ ਹੈ।
‘‘ਜਦੋਂ ਭੌਰ ਉਡਾਰੀ ਮਾਰ ਗਿਆ, ਮੈਂ ਸਰਬ-ਸਮਰੱਥ ਨਿਆਂਕਾਰ ਅੱਗੇ ਆਪਣੇ ਹੱਥ ਵਿਚ ਇਹੋ ਪੁਸਤਕ ਲੈ ਕੇ ਪੇਸ਼ ਹੋਵਾਂਗਾ ਤੇ ਉੱਚੀ ਆਵਾਜ਼ ਵਿਚ ਆਖਾਂਗਾ, ਇਹ ਹੈ ਮੇਰੇ ਕੀਤੇ ਕੰਮਾਂ ਦਾ ਪੂਰਾ ਵਹੀ-ਖਾਤਾ; ਇਹ ਸਨ ਮੇਰੇ ਵਿਚਾਰ ਤੇ ਇਹੋ ਜਿਹਾ ਸੀ ਮੈਂ! ਜੋ ਕੁਝ ਸਲਾਹੁਣਜੋਗ ਸੀ ਤੇ ਜੋ ਕੋਈ ਕਮੀਣਗੀਆਂ ਸਨ, ਮੈਂ ਉਹਨਾਂ ਦਾ ਜ਼ਿਕਰ ਇਕੋ ਜਿੰਨਾ ਖੁੱਲ੍ਹ ਕੇ ਤੇ ਇਕੋ ਜਿੰਨੀ ਪ੍ਰਮਾਣਿਕਤਾ ਨਾਲ ਕੀਤਾ ਹੈ। ਮੈਂ ਕੋਈ ਦੁਰਾਚਾਰ ਛੁਪਾਇਆ ਨਹੀਂ ਤੇ ਕੋਈ ਸਦਾਚਾਰ ਕੋਲੋਂ ਨਹੀਂ ਜੋੜਿਆ।… ਜਿਹੋ ਜਿਹਾ ਮੈਂ ਹੈਗਾ ਸੀ, ਮੈਂ ਉਹ ਜੱਗ-ਜ਼ਾਹਿਰ ਕਰ ਦਿੱਤਾ ਹੈ; ਕਦੀ ਦੁਸ਼ਟ ਤੇ ਨਫ਼ਰਤਜੋਗ ਅਤੇ ਕਦੀ ਨੇਕ-ਪਾਕ, ਉਦਾਰ ਤੇ ਕੋਮਲ-ਚਿੱਤ। ਹੇ ਸਰਬਕਾਲੀ ਸਰਬਸ਼ਕਤੀਮਾਨ, ਤੁਸੀਂ ਤਾਂ ਖ਼ੈਰ ਮੇਰੀ ਅੰਤਰੀਵ ਆਤਮਾ ਤੱਕ ਪੜ੍ਹੀ ਹੋਈ ਹੈ, ਆਪਣੇ ਤਖ਼ਤ ਦੁਆਲੇ ਮੇਰੇ ਵਰਗੇ ਨਾਸਮਾਨ ਪ੍ਰਾਣੀਆਂ ਦਾ ਬੇਸ਼ੁਮਾਰ ਹਜੂਮ ਇਕੱਠਾ ਕਰ ਲਵੋ ਤਾਂ ਜੋ ਉਹ ਮੇਰਾ ਇਕਬਾਲੀਆ ਬਿਆਨ ਸੁਣ ਸਕਣ, ਮੇਰੀ ਦੁਰਾਚਾਰਤਾ ਜਾਣ ਕੇ ਕੱਚੇ ਜਿਹੇ ਹੋ ਸਕਣ, ਮੇਰੇ ਕਸ਼ਟ ਜਾਣ ਕੇ ਭੈਭੀਤ ਹੋ ਜਾਣ। ਤੇ ਫੇਰ ਆਪਣੀ ਵਾਰੀ ਆਈ ਤੋਂ ਹਰ ਕੋਈ ਏਨੀ ਹੀ ਸੁਹਿਰਦਤਾ ਨਾਲ ਆਪਣੀਆਂ ਕਮਜ਼ੋਰੀਆਂ, ਆਪਣੀਆਂ ਆਪ-ਹੁਦਰੀਆਂ ਉਜਾਗਰ ਕਰੇ। ਤੇ ਜੇ ਕਿਸੇ ਵਿਚ ਜਿਗਰਾ ਹੋਵੇ, ਕਹੇ, ਮੈਂ ਇਸ ਆਦਮੀ ਨਾਲੋਂ ਚੰਗਾ ਸੀ!’’
ਕਿਉਂਕਿ ਰੂਸੋ ਤਾਂ ਸਦੀਆਂ ਵਿਚ ਕੋਈ ਇਕ ਜੰਮਦਾ ਹੈ, ਲੇਖਕ ਦੇ ਰਚਨਾ-ਕਾਰਜ ਬਾਰੇ ਤੇ ਫੇਰ ਅੱਗੇ ਵਧ ਕੇ ਉਹਦੀ ਸ਼ਖ਼ਸੀਅਤ ਬਾਰੇ ਜਾਣਨ ਦੀ ਪਾਠਕਾਂ ਦੀ ਤੇਹ ਦੀ ਤ੍ਰਿਪਤੀ ਲਈ ਲੇਖਕ ਇਕ ਦੂਜੇ ਨਾਲ ਗੱਲਬਾਤ ਕਰਦੇ ਹਨ। ਰਾਜਨੀਤੀ ਦੇ ਲਿਆਂਦੇ ਹੋਏ ਸਰਬਪੱਖੀ ਸਭਿਆਚਾਰਕ-ਸਦਾਚਾਰਕ ਨਿਘਾਰ ਦੇ ਬਾਵਜੂਦ ਸ਼ਬਦ ਅਤੇ ਸ਼ਬਦਕਾਰ ਨੂੰ ਆਦਰ ਨਾਲ ਦੇਖਣ ਦੀ ਰੀਤ ਸਮਾਜ ਵਿਚੋਂ ਅਜੇ ਵੀ ਮੁੱਕੀ-ਸੁੱਕੀ ਨਹੀਂ। ਸਾਹਿਤਕ ਮੁਲਾਕਾਤਾਂ ਇਸ ਆਦਰ ਦਾ ਪ੍ਰਗਟਾਵਾ ਤੇ ਪ੍ਰਮਾਣ ਵੀ ਹੁੰਦੀਆਂ ਹਨ। ਸੱਚੇ ਸਾਹਿਤਕਾਰ ਨੂੰ ਮਨੁੱਖੀ ਸਮਾਜ ਦੇ ਹਨੇਰੇ ਖੱਲਾਂ-ਖੂੰਜੇ ਰੁਸ਼ਨਾਉਣ ਲਈ ਦਿਲ ਦਾ ਦੀਵਾ ਤੇ ਲਹੂ ਦਾ ਤੇਲ ਬਣਾਉਣਾ ਪੈਂਦਾ ਹੈ। ਕਾਗ਼ਜ਼ ਉੱਤੇ ਅੱਖਰ ਝਰੀਟਿਆਂ ਸਾਹਿਤ ਨਹੀਂ ਉਗਮਦਾ।
ਜਿਵੇਂ ਇਸ ਪੁਸਤਕ ਦੇ ਨਾਂ ‘ਖਾਸ ਮੌਕੇ, ਖਾਸ ਗੱਲਾਂ’ ਤੋਂ ਹੀ ਸਪੱਸ਼ਟ ਹੈ, ਇਸ ਵਿਚ ਹਰ ਲੇਖਕ ਨਾਲ ਗੱਲਬਾਤ ਕਿਸੇ ਸਬੱਬ ਕਾਰਨ, ਕਿਸੇ ਖਾਸ ਮੌਕੇ ਉੱਤੇ ਕੀਤੀ ਗਈ ਹੈ।
ਲਹਿੰਦੇ ਪੰਜਾਬ ਦਾ ਗਲਪਕਾਰ ਤੇ ਪੱਤਰਕਾਰ ਹਨੀਫ਼ ਚੌਧਰੀ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਪੰਜਾਬੀ ਦੀ ਪੀ-ਐਚ. ਡੀ. ਲਈ ਰਜਿਸਟਰ ਕੀਤਾ ਜਾਣ ਵਾਲਾ ਪਹਿਲਾ ਖੋਜਾਰਥੀ ਸੀ। ਉਹਦੇ ਲਈ ਵਿਸ਼ਾ ‘ਪੰਜਾਬੀ ਕਹਾਣੀ-ਇਹਦਾ ਮੁੱਢ ਤੇ ਵਿਕਾਸ’ ਪਰਵਾਨ ਕੀਤਾ ਗਿਆ ਸੀ ਅਤੇ ਉਹ ਆਪਣੇ ਥੀਸਿਸ ਦੇ ‘ਸਮਕਾਲੀ ਪੰਜਾਬੀ ਕਹਾਣੀਕਾਰ’ ਵਾਲੇ ਹਿੱਸੇ ਵਿਚ ਇਧਰਲੇ ਕਹਾਣੀਕਾਰਾਂ ਬਾਰੇ ਇਧਰੋਂ-ਉਧਰੋਂ ਘਰ ਪੂਰਾ ਕਰਨ ਦੀ ਥਾਂ ਸਿੱਧੀ ਜਾਣਕਾਰੀ ਲੈਣ ਲਈ ਇਧਰ ਆਇਆ ਸੀ। ਉਹਨੇ ਲਹਿੰਦੇ ਪੰਜਾਬ ਵਿਚ ਪੰਜਾਬੀ ਦੀ ਹਾਲਤ ਬਾਰੇ ਸੱਚ ਪਹਿਲੀ ਵਾਰ ਸਾਹਮਣੇ ਲਿਆਂਦਾ।
ਡਾ. ਤਮਾਰਾ ਖੋਜਾਏਵਾ ਤਾਸ਼ਕੰਦ ਯੂਨੀਵਰਸਿਟੀ ਦੀ ਉਰੀਐਂਟਲ ਫ਼ੈਕਲਟੀ ਵਿਚ ਉਪ-ਡੀਨ ਸੀ ਅਤੇ ਪੰਜਾਬੀ ਸਾਹਿਤ ਦੀ ਗੰਭੀਰ ਖੋਜਕਾਰ ਸੀ। ਉਹ ‘ਆਧੁਨਿਕ ਪੰਜਾਬੀ ਸਾਹਿਤ ਦੀਆਂ ਮੁੱਖ ਪ੍ਰਵਿਰਤੀਆਂ’ ਬਾਰੇ ਗਹਿਰੇ ਅਧਿਐਨ ਦੇ ਉਦੇਸ਼ ਨਾਲ ਭਾਰਤ ਆਈ ਹੋਈ ਸੀ। ਉਹਨੇ ਇਸਤਰੀ-ਪਾਤਰਾਂ ਦੀ ਪ੍ਰਮੁੱਖਤਾ ਵਾਲੀਆਂ ਮੇਰੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ‘ਧਰਤੀ ਦੀਆਂ ਧੀਆਂ’ ਪੜ੍ਹਿਆ ਹੋਇਆ ਸੀ। ਉਹ ਮੈਨੂੰ ਮਿਲਣ ਆਈ ਤੇ ਬੜੀਆਂ ਕੰਮ ਦੀਆਂ ਗੱਲਾਂ ਹੋਈਆਂ।
ਇਕ ਵਾਰ ਅਜਿਹਾ ਹੋਇਆ ਕਿ ਡਾ. ਹਰਿਭਜਨ ਸਿੰਘ ਨੂੰ ਇਕੱਠੇ ਹੀ ਤਿੰਨ ਵੱਡੇ ਸਨਮਾਨ ਮਿਲ ਗਏ: ਸਾਹਿਤ ਅਕਾਦਮੀ ਦੀ ਫ਼ੈਲੋਸ਼ਿਪ, ਪੰਜਾਬੀ ਯੂਨੀਵਰਸਿਟੀ ਦੀ ਫ਼ੈਲੋਸ਼ਿਪ ਅਤੇ ਉਹਨਾਂ ਦੀ ਪੁਸਤਕ ‘ਰੁੱਖ ਤੇ ਰਿਸ਼ੀ’ ਦੇ ਹਵਾਲੇ ਨਾਲ ਸਰਸਵਤੀ ਪੁਰਸਕਾਰ। ਸਬੱਬ ਨਾਲ ਮੈਂ ਇਹ ਪੁਸਤਕ ਸੱਜਰੀ ਪੜ੍ਹੀ ਹੋਈ ਸੀ ਜਿਸ ਕਰਕੇ ਉਹਨਾਂ ਨਾਲ ਇਸ ਬਾਰੇ ਬਹੁਤ ਬਰੀਕੀ ਵਿਚ ਗੱਲਬਾਤ ਹੋ ਸਕੀ। ਕਰਤਾਰ ਸਿੰਘ ਦੁੱਗਲ ਦੀ ਸਵੈਜੀਵਨੀ ‘ਕਿਸੁ ਪਹਿ ਖੋਲਉ ਗੰਠੜੀ’ ਛਪਦਿਆਂ ਹੀ ਚਰਚਾ ਵਿਚ ਆ ਗਈ। ਉਹਨਾਂ ਨੇ ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ ਤੇ ਅੰਗਰੇਜ਼ੀ ਵਿਚ ਮੌਲਕ ਵੀ ਲਿਖਿਆ ਅਤੇ ਇਕ ਜ਼ਬਾਨ ਵਿਚ ਆਪਣੇ ਲਿਖੇ ਨੂੰ ਆਪ ਹੀ ਦੂਜੀ ਜ਼ਬਾਨ ਵਿਚ ਅਨੁਵਾਦਿਆ ਵੀ। ਇਹਦੇ ਨਾਲ ਹੀ ਉਹਨਾਂ ਨੂੰ ਰੇਡੀਓ ਤੇ ਨੈਸ਼ਨਲ ਬੁੱਕ ਟਰੱਸਟ ਦਾ ਲੰਮਾ ਅਨੁਭਵ ਸੀ।
ਗੁਰਬਖ਼ਸ਼ ਸਿੰਘ ਨੂੰ ‘ਸੋਵੀਅਤ ਦੇਸ ਨਹਿਰੂ ਪੁਰਸਕਾਰ’ ਮਿਲਿਆ ਤਾਂ ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਨੇ ਮੈਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਕਿਹਾ। ਉਹਨਾਂ ਨੂੰ ਜ਼ਿੰਦਗੀ ਵਿਚ ਪਹਿਲੀ ਤੇ ਆਖ਼ਰੀ ਵਾਰ ਮਿਲਣਾ ਤੇ ਉਹਨਾਂ ਨਾਲ ਗੱਲਬਾਤ ਕਰਨਾ, ਦੋਵੇਂ ਬਿਲਕੁਲ ਵੱਖਰੀ ਤਰ੍ਹਾਂ ਦੇ ਅਭੁੱਲ ਅਨੁਭਵ ਸਨ। ਜਦੋਂ ਸੋਵੀਅਤ ਰਸਾਲੇ ਪੰਜਾਬੀ ਵਿਚ ਸ਼ੁਰੂ ਕੀਤੇ ਜਾਣ ਲੱਗੇ, ਭਾਪਾ ਪ੍ਰੀਤਮ ਸਿੰਘ ਦੇ ਨਵਯੁਗ ਤੋਂ ਇਲਾਵਾ ਕੋਈ ਛਾਪਾਖਾਨਾ ਏਨਾ ਕੰਮ ਨਿਭਾਉਣ ਦੇ ਸਮਰੱਥ ਨਹੀਂ ਸੀ। ਉਹਨਾਂ ਨੂੰ ਛਾਪਕ ਵਜੋਂ ਮਾਸਕੋ ਵਿਖੇ ਹੁੰਦੇ ਵੱਡੇ ਸਮਾਗਮਾਂ ਵਿਚ ਬੁਲਾਇਆ ਜਾਂਦਾ ਰਿਹਾ। ਮੈਂ ਇਹ ਗੱਲਬਾਤ ਉਹਨਾਂ ਦੀ ਰੂਸ ਦੀ ਇਕ ਅਜਿਹੀ ਹੀ ਫੇਰੀ ਪਿੱਛੋਂ ਕੀਤੀ ਸੀ। ਗੁਲਜ਼ਾਰ ਸਿੰਘ ਸੰਧੂ ਸੇਵਾ-ਮੁਕਤੀ ਪਿੱਛੋਂ ਦਿੱਲੀ ਛੱਡ ਕੇ ਪੰਜਾਬ ਜਾ ਰਿਹਾ ਸੀ।
ਮੈਂ ਸੋਚਿਆ, ਫੇਰ ਪਤਾ ਨਹੀਂ ਕਦੋਂ ਹੱਥ ਆਵੇ!
ਗੁਰਦੇਵ ਸਿੰਘ ਰੁਪਾਣਾ, ਦਲਬੀਰ ਚੇਤਨ, ਗੁਰਚਰਨ ਚਾਹਲ ਭੀਖੀ ਤੇ ਦਰਸ਼ਨ ਮਿਤਵਾ ਨਾਲ ਉਹਨਾਂ ਦੀ ਜ਼ਿੰਦਗੀ ਵਿਚ ਸਰਬਪੱਖੀ ਤੇ ਲੰਮੀਆਂ ਸਾਹਿਤਕ ਗੱਲਾਂਬਾਤਾਂ ਇਹੋ ਇਕ-ਇਕ ਹੀ ਹੋਈਆਂ ਹਨ। ਕਿਸੇ ਨਾਲ ਕਿਸੇ ਖੋਜਾਰਥੀ ਨੇ ਅਕਾਦਮਿਕ ਲੋੜ ਲਈ ਗੱਲਬਾਤ ਭਾਵੇਂ ਕੀਤੀ ਹੋਵੇ।
ਅਧਰੰਗ ਨਾਲ ਨਿਰਬਲ ਹੋਏ ਤਨ ਦੇ ਬਾਵਜੂਦ ਬਲਵਾਨ ਮਨ ਨਾਲ ਅਦੁਤੀ ਜੀਵਨ ਬਿਤਾਉਣ ਵਾਲੇ ਲੇਖਕ ਪਿਆਰਾ ਸਿੰਘ ਸਹਿਰਾਈ ਨਾਲ ਗੱਲਬਾਤ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਮਿਲਣ ਮੌਕੇ ਕੀਤੀ ਗਈ ਸੀ। ਇਤਿਹਾਸਕਾਰ ਮਿਲਖਾ ਸਿੰਘ ਨਿੱਝਰ ਗੁਰੂ ਕੇ ਬਾਗ਼ ਦੇ ਮੋਰਚੇ ਵੇਲੇ ਇਕ ਜਥੇ ਵਿਚ ਮੱਲੋਜ਼ੋਰੀ ਸ਼ਾਮਲ ਹੋ ਕੇ ਸਭ ਤੋਂ ਛੋਟੀ ਉਮਰ ਦੇ ਕੈਦੀ ਬਣੇ ਸਨ ਤੇ ਮਗਰੋਂ ਬਬਰ ਅਕਾਲੀ ਲਹਿਰ ਵਿਚ ਸਰਗਰਮ ਰਹੇ ਸਨ। ਬਿਰਧ ਉਮਰ ਵਿਚ ਉਹਨਾਂ ਨੇ ਆਪਣੇ ਅਨੁਭਵ ਅਤੇ ਬਬਰ ਮੁਕੱਦਮੇ ਦੇ ਮੁਕੰਮਲ ਅਦਾਲਤੀ ਰਿਕਾਰਡ ਦੇ ਆਧਾਰ ਉੱਤੇ ਪ੍ਰਮਾਣਿਕ ‘ਬਬਰ ਅਕਾਲੀ ਲਹਿਰ ਦਾ ਇਤਿਹਾਸ’ ਲਿਖਿਆ ਤਾਂ ਉਹਨਾਂ ਨਾਲ ਇਹ ਗੱਲਬਾਤ ਹੋਈ। ਇਕ ਦਿਨ ਜਸਬੀਰ ਭੁੱਲਰ ਨੇ ਲੇਖਕਾਂ ਨਾਲ ਮੇਰੀਆਂ ਮੁਲਾਕਾਤਾਂ ਦੀਆਂ ਪੁਸਤਕਾਂ ਦੀ ਗੱਲ ਛੇੜ ਲਈ ਜੋ ਆਖ਼ਰ ਇਸ ਪੁਸਤਕ ਤੱਕ ਆ ਪਹੁੰਚੀ। ਸਾਡੀ ਇਹ ਗੱਲਬਾਤ ‘ਅੰਤਿਕਾ’ ਵਜੋਂ ਦੇ ਦਿੱਤੀ ਗਈ ਹੈ। (ਪੁਸਤਕ ‘ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ’ ਨੇ ਛਾਪੀ ਹੈ।)
ਸੰਪਰਕ: 80763-63058