ਡਾ. ਅਮਰ ਕੋਮਲ
ਇਕ ਪੁਸਤਕ – ਇਕ ਨਜ਼ਰ
ਮਿੱਥਾਂ ਦਾ ਜਨਮ ਆਰੀਆ ਲੋਕਾਂ ਦੇ ਚੇਤਿਆਂ ਵਿਚ ਵਸੀਆਂ ਉਨ੍ਹਾਂ ਰਿਚਾਵਾਂ ਤੋਂ ਹੋਇਆ ਮੰਨਿਆ ਗਿਆ ਹੈ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਉਪਰ ਆ ਕੇ ਸਭ ਤੋਂ ਪਹਿਲਾਂ ਵਸੇ ਸਨ। ਇਹ ਸਮਾਂ ਈਸਾ ਤੋਂ ਪੰਦਰਾਂ ਸੌ ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ। ਇਨ੍ਹਾਂ ਰਿਚਾਵਾਂ ਤੋਂ ਵੇਦਾਂ ਦੀ ਰਚਨਾ ਹੋਈ ਮੰਨੀ ਗਈ ਹੈ।
‘ਮਿੱਥ’ ਸ਼ਬਦ ਦੇ ਪਰੰਪਰਾਗਤ ਅਰਥ- ਛਾਇਆ, ਕਲਪਨਾ, ਅਵਾਸਤਵਿਕਤਾ ਅਤੇ ਨਿਰੋਲ ਝੂਠ ਦੇ ਹਨ, ਪਰ ਪ੍ਰਾਚੀਨ ਮਨੁੱਖ ਨੇ ਜਦੋਂ ਹੋਸ਼ ਸੰਭਾਲੀ, ਮਨੋ-ਕਲਪਿਤ ਰੂਪ, ਵਿਚਾਰ ਤੇ ਵਿਚਾਰਧਾਰਾ ਦਾ ਰੂਪ ਧਾਰਨ ਲੱਗੇ ਤਾਂ ਹੋਸ਼ਮੰਦ ਵਿਅਕਤੀ, ਪ੍ਰਾਕਿਰਤਕ ਸ਼ਕਤੀਆਂ- ਸੂਰਜ, ਚੰਨ, ਅਗਨੀ, ਧਰਤੀ, ਪਾਣੀ, ਜੰਗਲ, ਅੰਬਰ ਆਦਿ ਨੂੰ ਵੱਖ-ਵੱਖ ਸ਼ਕਤੀਆਂ ਦੇ ਰੂਪ ਵਿਚ ਮਿਥਣ ਲੱਗਾ। ਬਾਅਦ ਵਿਚ ਇਨ੍ਹਾਂ ਸ਼ਕਤੀਆਂ ਨੂੰ ਹਸਤੀਆਂ ਦੇ ਰੂਪ ਵਿਚ ਇਨ੍ਹਾਂ ਦੇ ਨਾਮਕਰਨ ਕੀਤੇ ਗਏ।
ਮਿੱਥ ਨੂੰ ਜਦੋਂ ਤੋਂ ਅਧਿਐਨ ਵਿਧੀ ਸਵੀਕਾਰ ਕਰ ਲਿਆ ਗਿਆ ਹੈ। ਇਸ ਨੂੰ ਗਿਆਨ, ਵਿਗਿਆਨ, ਮਨੋ-ਵਿਗਿਆਨ ਦਾ ਅੰਗ ਬਣਾ ਕੇ ਭਾਸ਼ਾ ਵਿਗਿਆਨ ਨਾਲ ਵੀ ਜੋੜ ਦਿੱਤਾ ਗਿਆ ਹੈ। ਇਸ ਨੂੰ ਆਲੋਚਨਾ ਵਿਧੀ ਦਾ ਇਕ ਸਿਧਾਂਤ ਵੀ ਸਵੀਕਾਰ ਕੀਤਾ ਗਿਆ ਹੈ। ਸਾਹਿਤ ਵਿਚ ਮਿੱਥ ਨੂੰ ਬਤੌਰ ਆਦਰਸ਼ ਪ੍ਰਜਵਲਿਤ ਕਰਨ ਦੇ ਹੱਕ ਵਿਚ ਅਨੇਕਾਂ ਪੱਛਮੀ ਵਿਦਵਾਨ ਹਨ। ਇਨ੍ਹਾਂ ਵਿਚ ਕਈ ਵਿਚਾਰਵਾਨ ‘ਮਿੱਥਾਂ’ ਨੂੰ ਸਾਹਿਤ ਵਿਚ ਆਪਣੇ ਯੁੱਗ ਦੇ ਵਿਸ਼ਵਾਸ ਅਧੀਨ ਸਤਿ-ਰੂਪ ਪ੍ਰਵਾਨ ਵੀ ਕਰਦੇ ਹਨ। ਫਰਾਇਡ ਦਾ ਸੁਪਨ ਸਿਧਾਂਤ ਅਤੇ ਯੁੰਗ ਦਾ ਸਮੂਹਿਕ-ਜਾਤੀ-ਅਵਚੇਤਨ ਮਨ ਦਾ ਸਿਧਾਂਤ’ ਮਿੱਥ ਅਤੇ ਸਾਹਿਤ ਦੋਵਾਂ ਦੇ ਅਧਿਐਨ ਉਪਰ ਪ੍ਰਭਾਵ ਪਾਉਂਦਾ ਹੈ। ਜੇ ਸਾਹਿਤ ਮਾਨਵੀ ਮਨ ਦੇ ਸੁਪਨਿਆਂ ਦੀ ਸ਼ਬਦਾਂ ਦੀ ਕਲਾਤਮਿਕ ਅਭਿਵਿਅਕਤੀ ਰਾਹੀਂ ਪੂਰਤੀ ਕਰਦਾ ਹੈ ਤਾਂ ਮਿੱਥ ਸਿਰਜਣ ਪਿੱਛੇ ਵੀ ਇਹੋ ਲਕਸ਼ ਹੈ।
ਪੁਸਤਕ ‘ਗੁਰਬਾਣੀ ਵਿਚ ਮਿਥਿਹਾਸਕ/ਇਤਿਹਾਸਕ ਹਵਾਲੇ’ (ਲੇਖਕ: ਹਰਬੰਸ ਸਿੰਘ; ਕੀਮਤ: 250; ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ) ਦੀ ਮਹੱਤਤਾ ਉਨ੍ਹਾਂ ਸ਼ਰਧਾਲੂਆਂ, ਪਾਠਕਾਂ, ਵਿਦਿਆਰਥੀਆਂ, ਖੋਜੀਆਂ ਅਤੇ ਸਾਹਿਤਕ ਵਿਦਿਆਰਥੀਆਂ ਲਈ ਇਸ ਲਈ ਵਧੇਰੇ ਹੈ ਕਿ ਇਨ੍ਹਾਂ ਮਿਥਕੀ ਸ਼ਬਦਾਂ ਦੇ ਅਰਥ ਜਾਣਨ ਨਾਲ ਗੁਰਬਾਣੀ ਹੋਰ ਵਧੇਰੇ ਵਿਸ਼ਾਲ ਅਰਥ ਸੰਚਾਰਣ ਵਾਲੀ ਪ੍ਰੇਰਨਾ ਸ਼ਕਤੀ ਬਣ ਜਾਂਦੀ ਹੈ। ਸ਼ਬਦ ਦੀ ਮਹੱਤਤਾ ਉਸ ਦੇ ਅਰਥ ਦਾ ਸਹੀ ਸੰਚਾਰਣ ਹੈ। ਗੁਰਬਾਣੀ ਕਿਸੇ ਰੂਪ ਵਿਚ ਭਾਵੇਂ ਆਪਣੇ ਅਧਿਐਨ ਅਥਵਾ ਪਠਨ-ਪਾਠਨ ਦਾ ਅੰਗ ਬਣਾਉਂਦੇ ਵਿਸ਼ੇਸ਼ ਅਰਥ ਉਦੇਸ਼, ਗਿਆਨਮਈ ਸਿੱਖਿਆ ਸੰਦੇਸ਼ ਦੇਣ ਵਾਲੀ ਅਮੁੱਲ ਨਿਧੀ ਹੈ। ਇਸ ਲਈ ਜਿਸ ਉਦੇਸ਼ ਲਈ ਗੁਰਬਾਣੀ ਦਾ ਅਧਿਐਨ ਅਧਿਆਪਨ ਪੜ੍ਹ ਕੇ, ਸ਼੍ਰਵਨ ਕਰਵਾ ਕੇ ਹੋਣਾ ਲਾਜ਼ਮੀ ਹੈ ਤਾਂ ਕਿ ਹਰ ਪਾਠਕ, ਸਰੋਤਾ ਉਸ ਵਿਚ ਵਰਤੇ ਹਰ ਸ਼ਬਦ ਦੇ ਇਤਿਹਾਸਕ ਮਿਥਿਹਾਸਕ ਅਰਥ ਸਮਝਣ ਦੇ ਨਾਲ-ਨਾਲ ਊਸ ਦੇ ਇਤਿਹਾਸਕ ਮਿਥਿਹਾਸਕ ਅਰਥਾਂ ਦਾ ਸਹੀ ਗਿਆਨ ਵੀ ਸੰਚਾਰ ਕਰਵਾਏ। ਇਸ ਪੁਸਤਕ ਨੂੰ ਮਿਥਿਹਾਸਕ/ ਇਤਿਹਾਸਕ ਸ਼ਬਦਾਂ ਦਾ ਕੋਸ਼ ਹੋਣ ਦਾ ਰੁਤਬਾ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੋਵੇਗਾ। ਇਹ ਮੇਰਾ ਭਰੋਸਾ ਹੈ ਕਿ ਇਹ ਪੁਸਤਕ ਗੁਰਬਾਣੀ ਪ੍ਰੇਮੀਆਂ, ਪਾਠਕਾਂ, ਖੋਜੀਆਂ ਅਤੇ ਵਿਦਿਆਰਥੀਆਂ ਲਈ ਸਹਾਇਕ ਪੁਸਤਕ ਦੀ ਲੋੜ ਪੂਰੀ ਕਰੇਗੀ।
ਹੱਥਲੀ ਪੁਸਤਕ ਗੁਰਬਾਣੀ ਵਿਚਲੇ ਉਨ੍ਹਾਂ ਮਿਥਿਹਾਸਕ/ਇਤਿਹਾਸਕ ਪਾਤਰਾਂ, ਥਾਵਾਂ ਦੇ ਨਾਵਾਂ ਦੀ ਵਿਸਥਾਰ ਸਹਿਤ ਵਿਆਖਿਆ ਵੀ ਕਰਦੀ ਹੈ। ਗੁਰਬਾਣੀ ਵਿਚ ਜਿਨ੍ਹਾਂ ਇਤਿਹਾਸਕ/ਮਿਥਿਹਾਸਕ ਸ਼ਬਦਾਂ ਦੀ ਸੁਵਰਤੋਂ ਕੀਤੀ ਹੈ, ਉਨ੍ਹਾਂ ਦਾ ਸ਼ਬਦ ਕੋਸ਼ ਬਣਾ ਕੇ ਅੱਖਰਕ੍ਰਮ ਵਿਧੀ ਅਨੁਸਾਰ ਅਰਥਾਇਆ ਅਤੇ ਵਿਸਥਾਰਿਆ ਗਿਆ ਹੈ। ਜਿਸ ਗੁਰੂ ਸਾਹਿਬਾਨ ਜਾਂ ਭਗਤ ਕਵੀ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਵਿਚ ਕਿੱਥੇ ਅਤੇ ਕਿਸ ਸੰਦਰਭ ਵਿਚ ਇਸ ਸ਼ਬਦ ਦਾ ਉਲੇਖ ਹੈ, ਉਸ ਦਾ ਬਾਖ਼ੂਬੀ ਵਰਣਨ ਕਰਕੇ ਵਿਸ਼ੇਸ਼ ਸ਼ਬਦ ਦਾ ਚਹੁ-ਮੁਖੀ ਗਿਆਨ ਕਰਵਾਇਆ ਗਿਆ ਹੈ। ਮਿਥਿਹਾਸਕ/ਇਤਿਹਾਸਕ ਸ਼ਬਦਾਂ ਦੀ ਚੋਣ ਵੀ ਕੀਤੀ ਗਈ ਹੈ ਜਿਨ੍ਹਾਂ ਦਾ ਸਬੰਧ ਸਿੱਖ ਧਰਮ, ਭਗਤੀ ਲਹਿਰ ਅਤੇ ਸਿੱਖ ਸੰਘਰਸ਼ ਨਾਲ ਰਿਹਾ ਹੈ।
ਸਾਹਿਤ ਮਿੱਥ ਸਮਾਲੋਚਨਾ, ਵਿਵੇਚਨਾ ਨਾਲ ਡੂੰਘਾ ਸਬੰਧ ਰੱਖਦਾ ਹੈ। ਇਨ੍ਹਾਂ ਸ਼ਬਦਾਂ ਦਾ ਵਿਸ਼ਲੇਸ਼ਣਾਤਮਿਕ ਅਧਿਐਨ ਗੁਰਬਾਣੀ ਦੇ ਵਿਦਿਆਰਥੀਆਂ, ਖੋਜੀਆਂ ਅਤੇ ਪੰਡਤਾਂ ਨੂੰ ਇਸ ਮਹਾਨ ਦਰਸ਼ਨ ਦੇ ਹੋਰ ਸਿਧਾਂਤਕ ਪਹਿਲੂਆਂ ਦੀ ਖੋਜ ਲਈ ਊਤਸ਼ਾਹਿਤ ਕਰੇਗਾ।
ਸੰਪਰਕ: 084378-73565