ਸੁਰਿੰਦਰ ਸ਼ਰਮਾ ਨਾਗਰਾ
ਅੱਜ ਤੋਂ ਸੱਠ-ਸੱਤਰ ਵਰ੍ਹੇ ਪਹਿਲਾਂ ਇੱਕ ਦੂਜੇ ਤੱਕ ਗੱਲ ਪਹੁੰਚਾਉਣ ਦਾ ਕੋਈ ਜ਼ਰੀਆ ਨਹੀਂ ਹੁੰਦਾ ਸੀ। ਸੂਚਨਾ ਪ੍ਰਸਾਰਣ ਦਾ ਬਹੁਤ ਵਧੀਆ ਜ਼ਰੀਆ ਸਨ- ਚੁਗ਼ਲੀਆਂ। ਨਾ ਟੈਲੀਫੋਨ ਸਨ, ਨਾ ਟੈਲੀਵਿਜ਼ਨ, ਨਾ ਮੋਬਾਈਲ ਅਤੇ ਨਾ ਹੀ ਪਿੰਡਾਂ ਵਿੱਚ ਅਖ਼ਬਾਰ ਦਾ ਸਾਧਨ ਸੀ। ਪਿੰਡ ਵਿੱਚ ਜਦੋਂ ਵੀ ਕੋਈ ਸੂਚਨਾ ਜਾਂ ਖ਼ਬਰ ਇੱਕ ਤੋਂ ਦੂਜੇ ਘਰ ਪਹੁੰਚਾਉਣੀ ਹੁੰਦੀ ਤਾਂ ਇਹ ਬਹੁਤ ਹੀ ਵਧੀਆ ਸਾਧਨ ਸੀ ਜਿਹੜਾ ਫੌਰੀ ਕੰਮ ਕਰਦਾ ਸੀ।
ਜੇਕਰ ਸੂਚਨਾ ਜਨਤਕ ਹੁੰਦੀ ਤਾਂ ਪਿੰਡ ਵਿੱਚ ਚੌਕੀਦਾਰ ਵੱਲੋਂ ਡੌਂਡੀ ਵਜਾ ਜਾਂ ਪਿੱਟ ਕੇ ਸਾਰੇ ਪਿੰਡ ਵਿੱਚ ਪਹੁੰਚਾਈ ਜਾਂਦੀ। ਜੇਕਰ ਕੋਈ ਸੂਚਨਾ ਜਨਤਕ ਨਾ ਹੁੰਦੀ ਸਗੋਂ ਕਿਸੇ ਪਰਿਵਾਰ ਦੀ ਮਾੜੀ ਚੰਗੀ ਖ਼ਬਰ ਹੁੰਦੀ ਤਾਂ ਫਿਰ ਜਿਹੜਾ ਜ਼ਰੀਆ ਅਪਣਾਇਆ ਜਾਂਦਾ ਉਸ ਨੂੰ ਉਨ੍ਹਾਂ ਸਮਿਆਂ ਵਿੱਚ ਚੁਗ਼ਲੀ ਦਾ ਨਾਂ ਦਿੱਤਾ ਜਾਂਦਾ। ਕਈ ਵਾਰ ਤਾਂ ਇਹ ਜ਼ਰੀਆ ਭਲਾਈ ਵਾਸਤੇ ਹੁੰਦਾ, ਪਰ ਕਈ ਵਾਰ ਪਰਿਵਾਰਾਂ ਦੀਆਂ ਕਮਜ਼ੋਰੀਆਂ ਜੱਗ ਜ਼ਾਹਰ ਕਰਨ ਲਈ ਇਹ ਤਰੀਕਾ ਵਰਤਿਆ ਜਾਂਦਾ।
ਪਿੰਡਾਂ ਵਿੱਚ ਤ੍ਰੀਮਤਾਂ ਅਤੇ ਮਰਦ ਕਿਸੇ ਨਿਸ਼ਚਿਤ ਜਗ੍ਹਾ ਉੱਤੇ ਇਕੱਠੇ ਹੁੰਦੇ। ਤੀਵੀਂਆਂ ਅਕਸਰ ਪਾਣੀ ਭਰਨ ਵੇਲ਼ੇ ਖੂਹਾਂ ਉੱਤੇ ਇੱਕਠੀਆਂ ਹੁੰਦੀਆਂ, ਜਾਂ ਫਿਰ ਸੂਤ ਕੱਤਣ-ਤੁੰਮਣ ਵੇਲ਼ੇ ਇਕੱਠੀਆਂ ਹੁੰਦੀਆਂ, ਜਾਂ ਫਿਰ ਪਾਥੀਆਂ ਪੱਥਣ ਵੇਲ਼ੇ ਪਥਵਾੜੇ ਇਕੱਠੀਆਂ ਹੁੰਦੀਆਂ। ਇਸ ਤੋਂ ਇਕ ਹੋਰ ਜਗ੍ਹਾ ਉਹ ਇਕੱਠੀਆਂ ਹੋ ਸਕਦੀਆਂ ਸਨ: ਕਿਸੇ ਮਰਗ ’ਤੇ ਅਫ਼ਸੋਸ ਕਰਨ ਲਈ ਇਕੱਠੀਆਂ ਹੋਣਾ। ਅਫ਼ਸੋਸ ਤਾਂ ਘੱਟ ਕਰਦੀਆਂ, ਪਰ ਚੁਗ਼ਲੀ ਵਾਲਾ ਜ਼ਰੀਆ ਖ਼ੂਬ ਵਰਤਦੀਆਂ। ਫਿਰ ਮੂੰਹ ਉੱਪਰ ਲੰਬਾ ਜਿਹਾ ਘੁੰਡ ਕੱਢ ਕੇ ਆਪਣੇ ਮਰਿਆਂ ਨੂੰ ਹੀ ਉੱਚੀ ਉੱਚੀ ਰੋਂਦੀਆਂ। ਜਿਸ ਦਾ ਅਫ਼ਸੋਸ ਕਰਨ ਗਈਆਂ ਹੁੰਦੀਆਂ ਉਹਦਾ ਤਾਂ ਨਾਂ ਵੀ ਨਾ ਲੈਂਦੀਆਂ। ਇੱਕ ਦੋ ਲਿਲ੍ਹਕਾਂ ਕੱਢ ਕੇ ਫਿਰ ਆਪਣੀ ਚੁੰਝ ਚਰਚਾ ਕਰਨ ਲੱਗ ਪੈਂਦੀਆਂ। ਜਿਵੇਂ ਬਾਣੀਆਂ ਦੀ ਪ੍ਰਸਿੰਨੀ ਨੇੜੇ ਜਿਹੇ ਹੋ ਕੇ ਕਹਿੰਦੀ, ‘‘ਨੀ ਜੁਆਲੇ ਦੀ ਨੂੰਹ ਤਾਂ ਘੜਾ ਟੂੰਮਾਂ ਦਾ ਤੇ ਗੱਡਾ ਦਾਜ ਦਾ ਲਿਆਈ ਐ। ਨੀ ਨਪੁੱਤੀ ਜੁਆਲੇ ਦੀ ਤੀਵੀਂ ਪੁੰਨੀ ਨੇ ਭਾਫ ਤੱਕ ਨਹੀਂ ਕੱਢੀ। ਨੀਂ ਉਹਨੂੰ ਕੋਈ ਪੁੱਛੇ, ਜੇਕਰ ਸਾਰਿਆਂ ਨੂੰ ਦਾਜ ਦਿਖਾਉਂਦੀ ਤਾਂ ਕੀ ਲੋਕ ਖੋਹ ਲੈਂਦੇ? ਉਹਦੀ ਹੀ ਸ਼ੋਭਾ ਵਧਦੀ।’’ ਅੱਗੋਂ ਸੀਤੋ ਤਖਾਣੀ ਵਿਚਾਲ਼ੇ ਜੇ ਮੂੰਹ ਦੇ ਕੇ ਕਹਿੰਦੀ, ‘‘ਨੀਂ ਸਦਾ ਨੰਦ ਦੀ ਨੂੰਹ ਤਾਂ ਕਹਿੰਦੇ ਪਹਿਲਾਂ ਕਿਤੇ ਹੋਰ ਵਿਆਹੀ ਹੋਈ ਸੀ। ਇਹ ਤਾਂ ਸਦਾ ਨੰਦ ਨੇ ਲਾਲਚ ’ਚ ਆ ਕੇ ਛੁੱਟੜ ਦਾ ਸਾਕ ਲੈ ਲਿਆ, ਨਹੀਂ ਛੁੱਟੜ ਨੂੰ ਕੌਣ ਵਿਆਹੁੰਦਾ ਸੀ!’’ ਛੋਟੇ ਪਾਸੇ ਤੋਂ ਦਿਆਲ ਕੁਰ ਨੰਬਰਦਾਨੀ ਵੀ ਹੌਲ਼ੀ ਹੌਲ਼ੀ ਨੇੜੇ ਹੁੰਦੀ। ਉਨ੍ਹਾਂ ਦੀਆਂ ਮੱਲ੍ਹਕ ਮੱਲ੍ਹਕ ਗੱਲਾਂ ਸੁਣਦੀ ਹੋਈ ਫਿਰ ਦੱਬਵੀਂ ਆਵਾਜ਼ ਵਿੱਚ ਕਹਿਣ ਲੱਗੀ, ‘‘ਨੀਂ ਜੰਗੀਰ ਨੰਬਰਦਾਰ ਦੀ ਨੂੰਹ ਕੱਲ੍ਹ ਸੱਸ ਨਾਲ ਲੜ ਕੇ ਪੇਕਿਆਂ ਨੂੰ ਟਿੱਭ ਗਈ। ਕਿਸੇ ਨੂੰ ਕੰਨੋਂ ਕੰਨੀਂ ਖਬਰ ਨਹੀਂ ਹੋਈ। ਘਰਦਿਆਂ ਨੂੰ ਵੀ ਆਥਣੇ ਖੇਤੋਂ ਆ ਕੇ ਪਤਾ ਲੱਗਿਆ। ਨੀਂ ਪਤੰਦਰਨੀ ਦੀ ਪਤਾ ਨਹੀਂ ਕੀ ਘੁੰਡੀ ਫਸੀ ਹੋਈ ਸੀ, ਸੱਸ ਦਾ ਇੱਕ ਬੋਲ ਵੀ ਨਹੀਂ ਸਹਾਰਿਆ। ਨੀਂ ਲੋਹੜਾ ਆ ਗਿਆ ਭੈਣੇ! ਕਿਹੋ ਜਿਹਾ ਕਲਯੁਗ ਆ ਗਿਆ! ਨੰਬਰਦਾਰ ਥੱਬਾ ਰੁਪਈਆਂ ਦਾ ਖ਼ਰਚ ਕੇ ਵਿਆਹ ’ਚ ਵੀਹ ਤੋਲੇ਼ ਸਿਉਨਾ ਬਹੂ ਲਈ ਲੈ ਕੇ ਢੁੱਕਿਆ ਸੀ। ਪਤਾ ਨਹੀਂ ਨੰਬਰਦਾਰ ਨੇ ਕਦੋਂ ਦੇ ਦੱਬ ਕੇ ਰੱਖੇ ਹੋਏ ਸਨ, ਕਾਹਦੀ ਕਮਾਈ ਕੀਤੀ ਹੋਈ ਸੀ।’’ ਇਸ ਤਰ੍ਹਾਂ ਇੱਕ ਦੂਜੇ ਨਾਲ ਚੁਗ਼ਲੀਆਂ ਕਰ ਕੇ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਦੀਆਂ ਹੋਈਆਂ ਕਹਿੰਦੀਆਂ, ‘‘ਚਲੋ ਭੈਣੇ, ਆਪਾਂ ਹੁਣ ਚੱਲੀਏ, ਧਾਰ ਡੋਕੇ ਦਾ ਟੈਮ ਹੋ ਗਿਆ। ਇਹ ਸਿਆਪਾ ਤਾਂ ਕਦੇ ਮੁੱਕਣਾ ਹੀ ਨਹੀਂ, ਲੱਸੀ ਤੇ ਚੁਗ਼ਲੀਆਂ ਜਿੰਨੀਆਂ ਮਰਜ਼ੀ ਵਧਾ ਲਉ, ਚਲੋ ਚਲੀਏ।’’ ਐਨਾ ਕਹਿ ਕੇ ਇੱਕ ਇੱਕ ਕਰ ਕੇ ਉੱਠਦੀਆਂ ਤੇ ਆਪੋ ਆਪਣੇ ਘਰ ਚਲੀਆਂ ਜਾਂਦੀਆਂ।
ਇਹ ਤਾਂ ਸੀ ਚੁਗ਼ਲੀਆਂ ਦਾ ਨਾਕਾਰਾਤਮਕ ਪੱਖ, ਪਰ ਸਕਾਰਾਤਮਕ ਪੱਖੋਂ ਵੀ ਬਹੁਤ ਚੁਗ਼ਲੀਆਂ ਕੀਤੀਆਂ ਜਾਂਦੀਆਂ ਸਨ। ਭੂਰੋ ਸਿਆਮੇ ਕੀ ਗੁਰਦੁਆਰਿੳਂ ਮੱਥਾ ਟੇਕ ਕੇ ਮੁੜਦੀ ਹੋਈ ਨੂੰ ਬੰਤੀ ਰਸਾਲਦਾਰਾਂ ਦੀ ਟੱਕਰ ਗਈ। ਭੂਰੋ ਕਹਿੰਦੀ, ‘‘ਨੀਂ ਬੰਤੀ, ਤੈਨੂੰ ਪਤੈ ਬਈ ਕੈਲੇ ਫ਼ੌਜੀ ਦਾ ਮੁੰਡਾ ਨਾਭੇ ਪੜ੍ਹਦਾ ਪੜ੍ਹਦਾ ਹੀ ਸਰਕਾਰੀ ਨੌਕਰੀ ਲੱਗ ਗਿਆ?’’ ਬੰਤੀ ਨੇ ਅੱਗੋਂ ਜਵਾਬ ਦਿੱਤਾ, ‘‘ਚਲੋ ਚੰਗਾ ਭੈਣੇ, ਇਹ ਤਾਂ ਬਾਹਲ਼ਾ ਹੀ ਚੰਗਾ ਹੋਇਆ, ਵਿਚਾਰਿਆਂ ਦਾ ਥੋੜ੍ਹੇ ਖੁੱਡ ਹੋਣ ਕਰਕੇ ਔਖਾ ਈ ਟਾਈਮ ਟੱਪਦਾ ਸੀ। ਕੈਲੇ ਫ਼ੌਜੀ ਨੇ ਆਹ ਤਾਂ ਮੋਰਚਾ ਜਿੱਤ ਲਿਆ। ਚਲੋ ਦੋ ਡੰਗ ਬੇਫ਼ਿਕਰੀ ਨਾਲ ਰੋਟੀ ਖਾਣਗੇ। ਚਲੋ ਭਾਈ ਸ਼ੁਕਰ ਹੋਇਆ।’’ ਮੂਹਰੋਂ ਬੰਤੀ ਨੇ ਹੋਰ ਨਵੀਂ ਗੱਲ ਸੁਣਾਈ। ਕਹਿਣ ਲੱਗੀ, ‘‘ਹੈਂ ਭੂਰੋ! ਨਿਹਾਲਕਿਆਂ ਨੇ ਨਾਲ ਲੱਗਦੀ ਪੰਡਤਾਂ ਦੀ ਜ਼ਮੀਨ ਵੀ ਬੈ ਲੈ ਲਈ। ਭੈਣੇ ਪਤਾ ਨਹੀਂ, ਨਿਹਾਲਕਿਆਂ ਕੋਲ਼ੇ ਐਨੀ ਅੰਮਣ ਮੱਤੀ ਮਾਇਆ ਕਿੱਥੋਂ ਆ ਗਈ। ਨੇੜੇ ਤੇੜੇ ਹੱਥ ਪੈਂਦੇ ਕਿੱਲਾ ਦੋ ਕਿੱਲੇ ਝੱਟ ਦੇਣੀ ਖ਼ਰੀਦ ਲੈਂਦੇ ਨੇ। ਪਤਾ ਨਹੀਂ ਕਾਹਦਾ ਬਲੈਕ ਦਾ ਕੰਮ ਕਰਦੇ ਨੇ। ਖੇਤੀ ਹੀ ਉਹ ਕਰਦੇ ਨੇ ਤੇ ਖੇਤੀ ਹੀ ਆਪਾਂ ਕਰਦੇ ਆਂ, ਪਰ ਆਪਣਾ ਤਾਂ ਸੁੱਖ ਨਾਲ ਗੁਜ਼ਾਰਾ ਹੀ ਮਸਾਂ ਚਲਦੈ।’’ ਇਸ ਵਾਰਤਾਲਾਪ ਵਿੱਚ ਈਰਖਾ ਦਾ ਤਨਜ਼ ਸੀ।
ਇਉਂ ਚੁਗ਼ਲੀਆਂ ਦਾ ਸਿਲਸਿਲਾ ਚਲਦਾ ਹੀ ਰਹਿੰਦਾ। ਜਿਵੇਂ ਕੀਹਦੀ ਬਹੂ ਕਿੰਨਾ ਦਾਜ ਲਿਆਈ ਹੈ, ਕੀਹਨੇ ਕਿੰਨੀ ਜ਼ਮੀਨ ਲੈਣ ਲਈ, ਕਿਸ ਦੇ ਮੁੰਡੇ ਕੀ ਕੰਮ ਕਰਦੇ ਨੇ, ਕੀਹਦਾ ਬੁੜ੍ਹਾ ਜਾਂ ਬੁੜ੍ਹੀ ਮਰਨ ਕਿਨਾਰੇ ਹੈ। ਇਹ ਸਾਰੀਆਂ ਖ਼ਬਰਾਂ ਆਥਣ ਤਾਈਂ ਸਾਰੇ ਪਿੰਡ ਵਿੱਚ ਫੈਲ ਜਾਂਦੀਆਂ। ਕੰਨੋਂ ਕੰਨੀਂ ਸਭ ਨੂੰ ਪਤਾ ਲੱਗ ਜਾਂਦਾ। ਇਸ ਤਰ੍ਹਾਂ ਇਸਤਰੀਆਂ ਰਾਹੀਂ ਕੀਤੀਆਂ ਗਈਆਂ ਚੁਗ਼ਲੀਆਂ ਪਿੰਡਾਂ ਵਿੱਚ ਸੂਚਨਾ ਦੇ ਆਦਾਨ ਪ੍ਰਦਾਨ ਦਾ ਵਧੀਆ ਜ਼ਰੀਆ ਸਨ।
ਸੰਪਰਕ: 98786-46595