ਕ੍ਰਿਸ਼ਨ ਕੁਮਾਰ ਰੱਤੂ
ਸਲਮਾਨ ਰਸ਼ਦੀ ਨੂੰ ਪੂਰੀ ਦੁਨੀਆ ਵਿੱਚ ਪ੍ਰੈੱਸ ਦੀ ਆਜ਼ਾਦੀ ਦਾ ਝੰਡਾਬਰਦਾਰ ਕਿਹਾ ਜਾਂਦਾ ਹੈ। ਉਹ ਨਿਊਯਾਰਕ ਵਿੱਚ ਉਸ ਸਮੇਂ ਗੰਭੀਰ ਰੂਪ ’ਚ ਜ਼ਖ਼ਮੀ ਹੋਇਆ ਜਦੋਂ ਉਸ ’ਤੇ ਹਾਦੀ ਮਾਤਰ ਨਾਮੀ ਨੌਜਵਾਨ ਨੇ ਚਾਕੂ ਨਾਲ ਹਮਲਾ ਕੀਤਾ। ਸਲਮਾਨ ਉਸ ਸਮੇਂ ਭਾਸ਼ਣ ਸ਼ੁਰੂ ਕਰਨ ਲੱਗਿਆ ਸੀ। ਬੁੱਕਰ ਪੁਰਸਕਾਰ ਜੇਤੂ ਸਲਮਾਨ ਰਸ਼ਦੀ ਪੂਰੀ ਦੁਨੀਆ ਵਿੱਚ ਬੇਬਾਕ ਤੇ ਸੰਵੇਦਨਸ਼ੀਲ ਲੇਖਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਭਾਰਤ ਵਿੱਚ ਵੀ ਉਸ ਦਾ ਸਤਿਕਾਰ ਕੀਤਾ ਜਾਂਦਾ ਹੈ ਕਿਉਂਕਿ ਉਹ ਭਾਰਤੀ ਮੂਲ ਦਾ ਪ੍ਰਤਿਭਾਸ਼ਾਲੀ ਬਰਤਾਨਵੀ ਲੇਖਕ ਹੈ। ਰਸ਼ਦੀ ਅੰਗਰੇਜ਼ੀ ਸਾਹਿਤ ਦਾ ਇੱਕ ਅਜਿਹਾ ਚਿਹਰਾ ਹੈ ਜੋ ਆਪਣੇ ਕਹੇ ਸ਼ਬਦਾਂ ਤੋਂ ਕਦੇ ਪਿੱਛੇ ਨਹੀਂ ਹਟਿਆ।
ਉਸ ਦਾ ਨਾਵਲ ‘ਸੈਟੇਨਿਕ ਵਰਸਿਜ਼’ 1988 ਵਿੱਚ ਪ੍ਰਕਾਸ਼ਿਤ ਹੋਇਆ ਤਾਂ ਪੂਰੀ ਦੁਨੀਆ ਵਿੱਚ ਰੌਲਾ ਪੈ ਗਿਆ ਸੀ ਅਤੇ ‘ਸ਼ੈਤਾਨ ਦੀਆਂ ਆਇਤਾਂ ਬਨਾਮ ਮੌਤ ਦਾ ਫ਼ਤਵਾ’ ਇਰਾਨ ਤੋਂ ਸ਼ੁਰੂ ਹੋਇਆ। ਇਸ ਪੁਸਤਕ ਵਿੱਚ ਉਸ ਨੇ ਇਸਲਾਮ ਸਬੰਧੀ ਕੱਟੜਤਾ ਨੂੰ ਪੇਸ਼ ਕੀਤਾ ਸੀ। ਇਸ ਕਾਰਨ ਇਰਾਨ ਦੇ ਧਾਰਮਿਕ ਨੇਤਾ ਆਇਤੁੱਲਾ ਖੋਮੇਨੀ ਨੇ ਸਲਮਾਨ ਰਸ਼ਦੀ ਦੀ ਮੌਤ ਦਾ ਫ਼ਤਵਾ ਜਾਰੀ ਕੀਤਾ ਸੀ।
ਇਸ ਬਹੁਚਰਚਿਤ ਫ਼ਤਵੇ ਤੋਂ ਬਾਅਦ ਰਸ਼ਦੀ ਦੀਆਂ ਇੱਕ ਤੋਂ ਬਾਅਦ ਇੱਕ ਹੋਰ ਕਿਤਾਬਾਂ ਵੀ ਸਾਹਮਣੇ ਆਈਆਂ ਅਤੇ ਉਹ ਸੁਰੱਖਿਆ ਘੇਰੇ ’ਚ ਰੂਪੋਸ਼ ਰਿਹਾ। ਇਸ ਦੌਰਾਨ ਉਸ ਨੇ ਚਾਰ ਵਿਆਹ ਕੀਤੇ। ਉਹ ਵਿਸ਼ਵ ਮੰਚ ’ਤੇ ਸਦਾ ਪੜ੍ਹਨ, ਲਿਖਣ, ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਸਰਗਰਮ ਰਿਹਾ।
ਸਲਮਾਨ ਰਸ਼ਦੀ ਪੂਰੀ ਦੁਨੀਆਂ ਦੇ ਲੋਕਾਂ ਲਈ ਮਿਸਾਲ ਹੈ ਜੋ ਮੌਤ ਦਾ ਫ਼ਤਵਾ ਜਾਰੀ ਹੋਣ ਦੇ ਬਾਵਜੂਦ ਪਿਛਲੇ 34 ਵਰ੍ਹਿਆਂ ਤੋਂ ਲਗਾਤਾਰ ਧਾਰਮਿਕ ਕੱਟੜਤਾ ਦੇ ਵਿਰੁੱਧ ਅਤੇ ਲੋਕਤੰਤਰ ਦੇ ਪੱਖ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਉਹ ਚਾਹੁੰਦਾ ਹੈ ਕਿ ਲੋਕ ਲਿਖਣ ਪੜ੍ਹਨ ਲਈ ਆਜ਼ਾਦ ਰਹਿਣ ਅਤੇ ਹਰ ਤਰ੍ਹਾਂ ਦੀ ਹਿੰਸਾ ਤੇ ਨਫ਼ਰਤ ਦੀ ਨਿੰਦਾ ਹੋਣੀ ਚਾਹੀਦੀ ਹੈ।
ਸਲਮਾਨ ਰਸ਼ਦੀ ਦਾ ਜੀਵਨ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਉਹ 1947 ਵਿੱਚ ਬੌਂਬੇ (ਹੁਣ ਮੁੰਬਈ) ’ਚ ਪੈਦਾ ਹੋਇਆ। ਉਸ ਦੀ ਉਮਰ ਦਾ ਕੁਝ ਹਿੱਸਾ ਸੋਲਨ (ਹਿਮਾਚਲ ਪ੍ਰਦੇਸ਼) ਵਿੱਚ ਬੀਤਿਆ ਜਿੱਥੇ ਉਸ ਦੇ ਜੱਦੀ ਸੇਬਾਂ ਦੇ ਬਾਗ਼ ਸਨ। ਉਸ ਦੇ ਰਚਨਾ ਪੰਧ ’ਚ ਹੁਣ ਤੀਕ 14 ਨਾਵਲ ਹਨ ਜਿਨ੍ਹਾਂ ਦਾ ਤਰਜਮਾ ਦੁਨੀਆ ਭਰ ਦੀਆਂ ਭਾਸ਼ਾਵਾਂ ’ਚ ਹੋਇਆ ਹੈ ਅਤੇ ਉਸ ਦੀਆਂ ਪੁਸਤਕਾਂ ਲੱਖਾਂ ਦੀ ਗਿਣਤੀ ਵਿੱਚ ਛਪੀਆਂ ਹਨ। 1975 ਤੋਂ ਲੈ ਕੇ 2019 ਤੀਕ ਉਸ ਨੇ ਫ਼ਤਵਾ ਜਾਰੀ ਹੋਣ ਦੇ ਬਾਵਜੂਦ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਇਨ੍ਹਾਂ ’ਚੋਂ ‘ਮਿਡਨਾਈਟਸ ਚਿਲਡਰਨ’ ਅਹਿਮ ਪੁਸਤਕ ਹੈ ਜਿਸ ’ਤੇ ਪਾਬੰਦੀ ਲੱਗੀ ਸੀ। ਇਹ ਵੀ ਖ਼ਾਸ ਗੱਲ ਹੈ ਕਿ ਬੁੱਕਰ ਵਰਗਾ ਵੱਕਾਰੀ ਸਾਹਿਤ ਪੁਰਸਕਾਰ ਪੰਜ ਵਾਰ ਉਸ ਦੇ ਹਿੱਸੇ ਆਇਆ। ਸੱਚ ਇਹ ਹੈ ਕਿ ਉਹ ਕਲਪਨਾ ਨੂੰ ਇਤਿਹਾਸ ਨਾਲ ਜੋੜ ਕੇ ਸੱਚ ਨਾਲ ਖੜ੍ਹਨ ਵਾਲਾ ਬੁੱਧੀਜੀਵੀ ਹੈ ਜਿਸ ਦੇ ਸ਼ਬਦਾਂ ਦੀ ਤਾਕਤ ਪੂਰੀ ਦੁਨੀਆਂ ਦੀਆਂ ਭਾਸ਼ਾਵਾਂ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ।
ਸਲਮਾਨ ਰਸ਼ਦੀ ਦੀ ਕਿਤਾਬ ‘ਸੈਟੇਨਿਕ ਵਰਸਿਜ਼’ ਨੂੰ ਸੈਂਕੜੇ ਥਾਵਾਂ ’ਤੇ ਸਾੜ ਦਿੱਤਾ ਗਿਆ, ਇਹ 1988 ਤੋਂ 1990 ਦੇ ਦਿਨ ਸਨ। ਇਸ ਤੋਂ ਬਾਅਦ ਉਹ ਰੂਪੋਸ਼ ਹੋ ਕੇ ਜਲਾਵਤਨ ਰਿਹਾ ਅਤੇ ਅੱਜਕੱਲ੍ਹ ਅਮਰੀਕੀ ਨਾਗਰਿਕ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਕਿਤਾਬ ਦੀ ਪ੍ਰਕਾਸ਼ਨਾ ਤੋਂ ਬਾਅਦ ਇਸ ਦੇ ਵਿਰੁੱਧ ਪ੍ਰਦਰਸ਼ਨਾਂ ਵਿੱਚ ਹੀ ਹੁਣ ਤੀਕ 62 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਕਈ ਮੁਲਕਾਂ ਵਿੱਚ ਕੂਟਨੀਤਕ ਸੰਕਟ ਰਿਹਾ ਹੈ ਖ਼ਾਸਕਰ ਇਰਾਨ ਵਿੱਚ। ਪਝੱਤਰ ਵਰ੍ਹਿਆਂ ਦੇ ਸਲਮਾਨ ਰਸ਼ਦੀ ਦੀ ਇਸ ਪੁਸਤਕ ’ਤੇ ਭਾਰਤ ਵਿੱਚ ਵੀ ਪਾਬੰਦੀ ਲਾ ਦਿੱਤੀ ਗਈ ਸੀ। ਉਦੋਂ ਭਾਰਤ ਵਿੱਚ (ਮਰਹੂੁਮ) ਸ੍ਰੀ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ।
ਲੰਡਨ ਕੈਂਬਰਿਜ ਕਾਲਜ ਤੋਂ ਪੜ੍ਹਿਆ ਸਲਮਾਨ 14 ਵਰ੍ਹਿਆਂ ਦੀ ਉਮਰ ’ਚ ਹੀ ਇਸਲਾਮ ਤੋਂ ਦੂਰ ਹੋ ਗਿਆ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸ ਨੇ ਕਈ ਇਸ਼ਤਿਹਾਰੀ ਫਿਲਮਾਂ ਕੀਤੀਆਂ ਅਤੇ ਅਦਾਕਾਰ ਵਜੋਂ ਆਪਣੀ ਪਛਾਣ ਬਣਾਉਣ ਲਈ ਲੰਡਨ ’ਚ ਸੰਘਰਸ਼ ਕੀਤਾ। ਬਾਅਦ ਵਿੱਚ ਉਹ ਲੇਖਕ ਵਜੋਂ ਸਾਹਮਣੇ ਆਇਆ ਅਤੇ ਆਪਣੀ ਬੇਬਾਕ ਤੇ ਵਿਲੱਖਣ ਸ਼ੈਲੀ ਸਦਕਾ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਥਾਂ ਬਣਾਈ।
ਸਲਮਾਨ ਰਸ਼ਦੀ ਦੀਆਂ ਲਿਖਤਾਂ ਪੜ੍ਹਦਿਆਂ ਇਉਂ ਅਹਿਸਾਸ ਹੁੰਦਾ ਹੈ ਜਿਵੇਂ ਤੁਸੀਂ ਕਿਸੇ ਦੂਸਰੀ ਹੀ ਦੁਨੀਆ ਵਿੱਚ ਹੋਵੋ। ਉਸ ਦੀ ਪਹਿਲੀ ਪੁਸਤਕ ‘ਗ੍ਰੀਮਸ’ ਨੂੰ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ ਸੀ। ਬਾਅਦ ਵਿੱਚ ਛਪੇ ਨਾਵਲ ‘ਮਿਡਨਾਈਟਸ ਚਿਲਡਰਨ’ ਨੇ ਬਹੁਤ ਨਾਮਣਾ ਖੱਟਿਆ ਜਿਸ ਦੀਆਂ 10 ਲੱਖ ਕਾਪੀਆਂ ਵਿਕੀਆਂ ਸਨ। ਇਸ ਤੋਂ ਬਾਅਦ ਉਸ ਦਾ ਨਾਵਲ ‘ਸ਼ੇਮ’ ਛਪਿਆ ਜੋ ਪਾਕਿਸਤਾਨ ਬਾਰੇ ਸੀ। ਉਸ ਦੀ ਨਿਕਾਰਾਗੂਆ ਦੀ ਯਾਤਰਾ ਬਾਰੇ ਸਫ਼ਰਨਾਮਾ ‘ਦਿ ਜੈਗੂਅਰ ਸਮਾਈਲ’ ਵੀ ਅਦਭੁੱਤ ਰਚਨਾ ਹੈ।
ਭਾਰਤ ਵਿੱਚ ਕਿਤਾਬ ‘ਸੈਟੇਨਿਕ ਵਰਸਿਜ਼’ ਉੱਤੇ ਪਾਬੰਦੀ ਲੱਗਣ ਬਾਰੇ ਸਲਮਾਨ ਰਸ਼ਦੀ ਨੇ ਕਿਹਾ ਸੀ ਕਿ ਉਸ ਨੂੰ ਅਫ਼ਸੋਸ ਹੈ ਕਿ ਇਸ ’ਤੇ ਭਾਰਤ ਵਿੱਚ ਬਿਨਾਂ ਪੜ੍ਹਿਆਂ ਹੀ ਪਾਬੰਦੀ ਲਾ ਦਿੱਤੀ ਗਈ। ਭਾਰਤ ਨੇ ਇਲਜ਼ਾਮ ਲਾਇਆ ਸੀ ਕਿ ਉਹ ਪੱਛਮੀ ਦੇਸ਼ਾਂ ਨੂੰ ਖ਼ੁਸ਼ ਕਰਨ ਲਈ ਅਜਿਹੀਆਂ ਪੁਸਤਕਾਂ ਲਿਖਦਾ ਹੈ। ਗ਼ੌਰਤਲਬ ਹੈ ਕਿ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਸੀ ਜਿਸ ਨੇ ਇਸ ਕਿਤਾਬ ’ਤੇ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ ਪਾਕਿਸਤਾਨ ਅਤੇ ਇਸਲਾਮੀ ਦੇਸ਼ਾਂ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਵੀ ਸੱਚ ਹੈ ਕਿ ਇਸ ਚਰਚਿਤ ਕਿਤਾਬ ’ਤੇ ਹੀ ਸਲਮਾਨ ਰਸ਼ਦੀ ਨੂੰ ਸਾਹਿਤ ਦਾ ਵੱਡਾ ਪੁਰਸਕਾਰ ਵਿਟਬ੍ਰੈੱਡ ਮਿਲਿਆ। ਇਸ ਕਿਤਾਬ ਦਾ ਜਾਪਾਨੀ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਹਤੋਸ਼ੀ ਇਗਾਰਸ਼ੀ ਨੂੰ ਸ਼ੁਕੂਬਾ ਯੂਨੀਵਰਸਿਟੀ ’ਚ ਕਤਲ ਕਰ ਦਿੱਤਾ ਗਿਆ ਸੀ।
ਮੈਨੂੰ ਯਾਦ ਹੈ ਕਿ ਬੀ.ਬੀ.ਸੀ. ਨੇ ਆਪਣੀ ਇੱਕ ਬੇਬਾਕੀ ਵਾਲੀ ਟਿੱਪਣੀ ਵਿੱਚ ਲਿਖਿਆ ਸੀ: ‘‘ਸਲਮਾਨ ਰਸ਼ਦੀ ਖੁੱਲ੍ਹੀਆਂ ਅੱਖਾਂ ਨਾਲ ਦੁਨੀਆਂ ਵੇਖਣ ਵਾਲਾ ਅਜਿਹਾ ਲੇਖਕ ਹੈ ਜੋ ਇਤਿਹਾਸ ਦੀਆਂ ਖਿੜਕੀਆਂ ’ਚੋਂ ਵਰਤਮਾਨ ਵੇਖਦਾ ਹੈ।’’
ਮੈਂ ਸਲਮਾਨ ਰਸ਼ਦੀ ਦੀਆਂ ਰਚਨਾਵਾਂ ਪਿਛਲੇ 25-30 ਵਰ੍ਹਿਆਂ ਤੋਂ ਪੜ੍ਹ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਪ੍ਰਭਾਵਸ਼ਾਲੀ ਅਫ਼ਸਾਨਾਨਿਗਾਰ ਅਤੇ ਦਾਸਤਾਨਗੋ ਹੈ ਜੋ ਤਿਤਲੀਆਂ, ਛੋਟੀਆਂ ਬੱਚੀਆਂ ਅਤੇ ਲੋਕਾਂ ਦਾ ਅਦਭੁੱਤ ਚਿਤੇਰਾ ਹੈ। ਮੈਨੂੰ ਜਨਵਰੀ 2013 ਦਾ ਦਿਨ ਯਾਦ ਆ ਰਿਹਾ ਹੈ ਜਦੋਂ ਦਿੱਲੀ ਵਿੱਚ ਇੱਕ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਉਸ ਨੇ ਦੀਪਾ ਮਹਿਤਾ ਨਾਲ ਗੱਲਬਾਤ ’ਚ ਕਿਹਾ ਸੀ, ‘‘ਹਾਂ ਮੈਂ ‘ਸੈਟੇਨਿਕ ਵਰਸਿਜ਼’ ਲਿਖਿਆ ਹੈ। ਮੈਂ ਫਿਰ ਲਿਖਾਂਗਾ। ਲੋਕ ਆਪਣੀ ਪਹਿਚਾਣ ਲਈ ਵੇਖਣ ਕਿ ਪਿਆਰ ਤੇ ਨਫ਼ਰਤ ’ਚ ਕੌਣ ਆਪਣਾ ਹੈ। ਇੱਥੇ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਅਸੀਂ ਬਦਲਾਖੋਰੀ ਦੀ ਭਾਵਨਾ ਵਾਲੇ ਸੰਸਾਰ ’ਚ ਜੀਅ ਰਹੇ ਹਾਂ। ਜੋ ਲੋਕ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਚਾਹੁੰਦੇ ਹਨ, ਉਹ ਵੀ ਖ਼ਤਰਿਆਂ ਤੋਂ ਡਰਦੇ ਹਨ।’’
ਸਲਮਾਨ ਰਸ਼ਦੀ ਨੇ ਦਸਵੇਂ ਪੈਨ ਵਰਲਡ ਵੌਇਸ ਫੈਸਟੀਵਲ ਵਿੱਚ ਕਿਹਾ ਸੀ ਕਿ ‘‘ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲੇ ਹੁੰਦੇ ਹਨ ਅਤੇ ਭਾਰਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਮੌਜੂਦ ਹਨ, ਅਜਿਹੇ ਸਮਾਜ ਨੂੰ ਸੱਚਾ ਲੋਕਤੰਤਰ ਨਹੀਂ ਕਿਹਾ ਜਾ ਸਕਦਾ।’’ ਰਸ਼ਦੀ ਨੇ ਐਮ.ਐਫ. ਹੁਸੈਨ ਤੇ ਵੈਂਡੀ ਡਾਨਿਗਰ ਦੀਆਂ ਪੁਸਤਕਾਂ ਅਤੇ ਚਿੱਤਰ ਖ਼ਤਰੇ ਵਿੱਚ ਹੋਣ ਦੀ ਗੱਲ ਆਖੀ ਸੀ।
ਰਾਬਿੰਦਰਨਾਥ ਟੈਗੋਰ ਦੀ ਪ੍ਰਸਿੱਧ ਰਚਨਾ ‘ਵੇਅਰ ਦਿ ਮਾਈਂਡ ਇਜ਼ ਵਿਦਾਊਟ ਫੀਅਰ’ ਦਾ ਜ਼ਿਕਰ ਸਲਮਾਨ ਰਸ਼ਦੀ ਦੇ ਸ਼ਬਦਾਂ ’ਚ ਇਉਂ ਹੋਇਆ: ‘‘ਹੁਣ ਭਾਰਤ ’ਚ ਰਾਬਿੰਦਰਨਾਥ ਟੈਗੋਰ ਵਰਗੇ ਮਹਾਨ ਕਲਾਕਾਰ ਦੀ ਵਿਰਾਸਤ ਖ਼ਤਰੇ ’ਚ ਹੈ।- ਹਵਾਲਾ ਬੀ.ਬੀ.ਸੀ. ਇੰਟਰਵਿਊ ਸਲਮਾਨ ਰਸ਼ਦੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਪੂਰੀ ਦੁਨੀਆ ਵਿੱਚ ਸਾਹਿਤ, ਨਫ਼ਰਤ, ਅਹਿੰਸਾ, ਕੱਟੜਤਾ ਤੇ ਧਾਰਮਿਕ ਆਜ਼ਾਦੀ ਦੇ ਨਾਲ-ਨਾਲ ਬੋਲਣ, ਲਿਖਣ ਤੇ ਪੜ੍ਹਨ ਦੀ ਆਜ਼ਾਦੀ ਅਤੇ ਫ਼ਤਵੇ ’ਤੇ ਵੀ ਬਹਿਸ ਤੇਜ਼ ਹੋ ਗਈ ਹੈ। ਭਾਰਤ ਹੁਣ ਪੂਰੀ ਦੁਨੀਆ ਵਿੱਚ ਕੇਂਦਰ ’ਚ ਹੈ ਜਿੱਥੇ ਇਹ ਸਭ ਵਾਪਰ ਰਿਹਾ ਹੈ।
ਇਹ ਆਉਣ ਵਾਲੇ ਸਮੇਂ ਦਾ ਸਵਾਲ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਜ ਦਾ ਸਮਾਜਿਕ, ਰਾਜਨੀਤਕ ਸੱਚ ਅਤੇ ਸਲਮਾਨ ਰਸ਼ਦੀ ਦੀ ਸਾਹਿਤ ਰਚਨਾ ’ਚ ਪ੍ਰਗਟਾਵੇ ਦੀ ਆਜ਼ਾਦੀ ਕਿਸ ਤਰ੍ਹਾਂ ਸਮਝ ’ਚ ਆਵੇਗੀ।
ਯੂਕਰੇਨੀ ਕਵੀ ਸਵੇਤਲਾਨਾ ਨੇ ਕੀ ਕਿਹਾ ਹੈ ਇਸ ਬਾਰੇ, ਵੇਖੋ ਜ਼ਰਾ-
‘‘ਕੱਟੜਤਾ ਮੌਤ ਹੈ
ਤਾਂ,
ਮੈਂ- ਆਪਣੇ ਸ਼ਬਦਾਂ ਨੂੰ ਵਾਪਸ ਨਹੀਂ ਲਵਾਂਗੀ
ਕਿਉਂਕਿ ਇਹ ਹੀ ਤਨ ਤੰਦੂਰ
ਮੇਰੀ ਆਜ਼ਾਦੀ ਦਾ…।’’
ਆਉ! ਉਸ ਦੀ ਸਿਹਤਯਾਬੀ ਲਈ ਦੁਆ ਕਰੀਏ!
* ਲੇਖਕ ਉੱਘਾ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦਾ ਸਾਬਕਾ ਉਪ ਮਹਾਂਨਿਰਦੇਸ਼ਕ ਹੈ।
ਸੰਪਰਕ: 94787-30156