ਸ਼ਾਮ ਨੂੰ ਸੂਰਜ ਢਲਣ ਸਮੇਂ ਪਿੰਡ ਦੇ ਬਹੁਤੇ ਵਿਅਕਤੀ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ। ਕੋਈ ਆਪਣੇ ਬੱਚਿਆਂ ਨੂੰ ਪੜ੍ਹਾਉਣ ਲੱਗ ਪੈਂਦਾ ਤਾਂ ਕੋਈ ਆਪਣੇ ਜੁਆਨ ਬੱਚਿਆਂ ਅਤੇ ਘਰ ਦੇ ਦੂਜੇ ਮੈਂਬਰਾਂ ਨਾਲ ਕੰਮਕਾਰ ਬਾਰੇ ਸਲਾਹਾਂ ਮਸ਼ਵਰਿਆਂ ਵਿੱਚ ਪੈ ਜਾਂਦਾ। ਕੋਈ ਆਪਣੇ ਮਾਪਿਆਂ ਦੀ ਸੇਵਾ ਸੰਭਾਲ ਵਿਚ ਲੱਗ ਜਾਂਦਾ। ਇਹ ਸਿਲਸਿਲਾ ਇੰਜ ਹੀ ਚੱਲਦਾ ਸੀ। ਪਰ ਕੁਝ ਦਿਨਾਂ ਤੋਂ ਸਰਪੰਚ ਦੇ ਘਰੋਂ ਉੱਠ ਰਹੀਆਂ ਉੱਚੀਆਂ ਆਵਾਜ਼ਾਂ ਇਸ ਸਿਲਸਿਲੇ ਨੂੰ ਤੋੜਨ ਲੱਗ ਪਈਆਂ ਸਨ। ਸਰਪੰਚ ਦੇ ਛੋਟੇ ਮੁੰਡੇ ਦੀ ਨਵੀਂ ਵਿਆਹੀ ਵਹੁਟੀ ਇਕ ਤਾਂ ਆਈ ਰੱਜੇ ਪੁੱਜੇ ਘਰ ਤੋਂ ਸੀ, ਉਪਰੋਂ ਬਰਦਾਸ਼ਤ ਦਾ ਮਾਦਾ ਵੀ ਘੱਟ ਸੀ। ਜਦੋਂ ਉਸ ਦੀ ਸੱਸ ਉਸ ’ਤੇ ਪੁਰਾਣੇ ਢੰਗ ਨਾਲ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦੀ ਤਾਂ ਅਗਲੀ ਸਾਹਮਣੇ ਤੋਂ ਜਵਾਬ ਦੇਣ ਲੱਗ ਪਈ। ਉੱਚੀਆਂ ਹੁੰਦੀਆਂ ਆਵਾਜ਼ਾਂ ਵਿਚੋਂ ਕਦੇ ਕਦੇ ਸਰਪੰਚ ਦੀ ਵੀ ਆਵਾਜ਼ ਸੁਣ ਜਾਂਦੀ, ‘‘ਚੋਣਾਂ ਸਾਹਮਣੇ ਆ ਰਹੀਆਂ ਹਨ ਤੇ ਤੁਸੀਂ ਆਪਣੀ ਕੁੱਕੜ ਲੜਾਈ ਕਰਕੇ ਕਿਉਂ ਘਰ ਦਾ ਜਲੂਸ ਕੱਢਣ ਲੱਗ ਪਈਆਂ ਹੋ?’’ ਪਰ ਸਰਪੰਚ ਦੀ ਕੌਣ ਸੁਣੇ…! ਸਰਪੰਚ ਕਿਹੜਾ ਦੁੱਧ ਧੋਤਾ ਸੀ। ਪਿੰਡ ਦੇ ਲੋਕਾਂ ਵਿੱਚ ਉਸ ਦੇ ਬਾਰੇ ਕਈ ਤਰ੍ਹਾਂ ਦੇ ਚਰਚੇ ਚਲਦੇ ਸਨ। ਆਪਣੇ ਲਿਹਾਜ਼ਦਾਰਾਂ ਨੂੰ ਆਰਥਿਕ ਫ਼ਾਇਦਾ ਪਹੁੰਚਾਉਂਦਾ ਅਤੇ ਲੜਾਈ ਝਗੜਿਆਂ ਵਿੱਚ ਆਮ ਤੌਰ ’ਤੇ ਤਕੜੇ ਦਾ ਪੱਖ ਲੈਂਦਾ ਤੇ ਆਪਣਾ ਤਕੀਆ ਕਲਾਮ ਜ਼ਰੂਰ ਬੋਲਦਾ, ‘‘ਲੈ ਹੁਣ ਕਰੂ ਚੇਤੇ ਬਈ ਸਰਪੰਚ ਕੀ ਬਲਾ ਹੈ।’’ ਇਸ ਕਰਕੇ ਉਸ ਵਿਰੁੱਧ ਲੋਕਾਂ ਵਿੱਚ ਨਾਰਾਜ਼ਗੀ ਸੀ।
ਜਦੋਂ ਸਰਪੰਚ ਦੇ ਘਰ ਦੀ ਲੜਾਈ ਵਧ ਕੇ ਗਲੀ ਵਿੱਚ ਆ ਗਈ ਤਾਂ ਪਿੰਡ ਦੇ ਅਨੇਕਾਂ ਲੋਕ ਉੱਥੇ ਇਕੱਤਰ ਹੋ ਗਏ। ਦਰਅਸਲ, ਮਾਮਲਾ ਵਧ ਗਿਆ ਤਾਂ ਛੋਟੀ ਨੂੰਹ ਦੇ ਪੇਕੇ ਵਾਲੇ ਆਪਣੇ ਪਿੰਡ ਦੀ ਪੰਚਾਇਤ ਸਮੇਤ ਉੱਥੇ ਆ ਬਹੁੜੇ। ਅਗਲਿਆਂ ਨੇ ਆਉਂਦੇ ਸਾਰ ਪਿੰਡ ਇਕੱਤਰ ਕਰ ਲਿਆ। ਸੱਸ ਨੂੰਹ ਭਰੀ ਸਭਾ ਵਿੱਚ ਇਕ ਦੂਜੇ ਨੂੰ ਭੰਡਣ ਲੱਗੀਆਂ। ਇਸ ਮਸਲੇ ਤੇ ਪਿੰਡ ਵੰਡਿਆ ਗਿਆ। ਕਈ ਸੱਸ ਦੇ ਪੱਖ ਵਿਚ ਬੋਲਣ ਲੱਗੇ। ਨਵੀਂ ਵਿਆਹੀ ਨੂੰਹ ਦੇ ਕਹਿਣ ’ਤੇ ਕਿ ਉਸ ਨਾਲ ਬਹੁਤ ਜ਼ਿਆਦਾ ਬੇਇਨਸਾਫ਼ੀ ਹੋ ਰਹੀ ਹੈ ਤਾਂ ਬਹੁਤੀਆਂ ਔਰਤਾਂ ਅਤੇ ਵਿਅਕਤੀਆਂ ਦੀ ਹਮਦਰਦੀ ਨੂੰਹ ਵਾਲੇ ਪਾਸੇ ਚਲੀ ਗਈ। ਆਖ਼ਰ ਪਿੰਡ ਦੇ ਬਜ਼ੁਰਗਾਂ ਦੇ ਕਹਿਣ ’ਤੇ ਮਾਮਲਾ ਕੁਝ ਸ਼ਾਂਤ ਹੋਇਆ ਅਤੇ ਸੱਸ ਨੂੰਹ ਫਿਰ ਉਸੇ ਘਰ ਦੀ ਛੱਤ ਥੱਲੇ ਆਪੋ ਆਪਣੇ ਕਮਰਿਆਂ ਵਿਚ ਆ ਵੜੀਆਂ। ਪਿੰਡ ਵਾਲਿਆਂ ਨੂੰ ਚਰਚਾ ਦਾ ਨਵਾਂ ਵਿਸ਼ਾ ਮਿਲ ਗਿਆ ਸੀ। ਕੋਈ ਇਸ ਨੂੰ ਦੀਵੇ ਥੱਲੇ ਹਨੇਰੇ ਵਾਲੀ ਗੱਲ ਕਹਿ ਕੇ ਟਾਲ ਦਿੰਦਾ ਤੇ ਕਈ ਸਰਪੰਚ ਦਾ ਨਾਂ ਲੈ ਕੇ ਉਸ ਦੀ ਪਿੱਠ ਪਿੱਛੇ ਹੱਸਦੇ। ਬਹੁਤੇ ਅਜਿਹੇ ਸਨ ਜਿਨ੍ਹਾਂ ਨੂੰ ਸਰਪੰਚ ਦੇ ਘਰ ਦੀ ਲੜਾਈ ਵੇਖ ਕੇ ਆਪਣੇ ਆਪ ’ਤੇ ਤਸੱਲੀ ਮਹਿਸੂਸ ਹੁੰਦੀ। ਉਹ ਆਪਣੇ ਆਪ ਨੂੰ ਵਡਿਆਉਣ ਲੱਗ ਪੈਂਦੇ ਕਿ ਉਨ੍ਹਾਂ ਦੇ ਆਪਣੇ ਘਰਾਂ ਵਿਚ ਏਦਾਂ ਦੇ ਤਮਾਸ਼ੇ ਨਹੀਂ ਹੋ ਰਹੇ।
ਖ਼ੈਰ, ਚੋਣਾਂ ਦਾ ਐਲਾਨ ਹੋ ਗਿਆ। ਸਰਪੰਚ ਨੂੰ ਬਦਲਣ ਦੀ ਚਰਚਾ ਪਿੰਡ ਵਿਚ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਇਸ ਕਰਕੇ ਪਿੰਡ ਦੇ ਕਈ ਦੂਜੇ ਘਰਾਂ ਦੇ ਵਿਅਕਤੀ ਵੀ ਸਰਪੰਚ ਬਣਨ ਦੀ ਤਿਆਰੀ ਕਰ ਰਹੇ ਸਨ। ਪੰਚਾਇਤੀ ਚੋਣਾਂ ਵਿਚ ਸਰਪੰਚ ਦੇ ਅਹੁਦੇ ਵਾਸਤੇ ਇਹ ਪਿੰਡ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ। ਕਈ ਔਰਤਾਂ ਨੇ ਸਰਪੰਚੀ ਵਾਸਤੇ ਫਾਰਮ ਭਰ ਦਿੱਤੇ। ਇਸ ਵਾਰ ਸਰਪੰਚ ਦੇ ਘਰੋਂ ਦੋ ਨਾਮਾਂਕਣ ਪੱਤਰ ਭਰੇ ਗਏ, ਇਕ ਸੱਸ ਦਾ ਅਤੇ ਦੂਜਾ ਨੂੰਹ ਦਾ। ਪਿੰਡ ਵਿੱਚੋਂ ਨੂੰਹ ਪ੍ਰਤੀ ਪੈਦਾ ਹੋਈ ਸਮਾਜਿਕ ਹਮਦਰਦੀ ਹੁਣ ਸਿਆਸੀ ਰੰਗਤ ਲੈਣ ਲੱਗੀ। ਅਨੇਕਾਂ ਜਵਾਨ ਔਰਤਾਂ ਇਸ ਨੂੰਹ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਗਈਆਂ ਅਤੇ ਕਈ ਨੌਜਵਾਨ ਵੀ ਉਸ ਪਾਸੇ ਚੱਲ ਪਏ, ਫਿਰ ਵੱਡੀ ਉਮਰਾਂ ਵਾਲੇ ਵੀ। ਜਿਉਂ ਜਿਉਂ ਵੋਟਾਂ ਦੇ ਦਿਨ ਨੇੜੇ ਆ ਗਏ ਤਾਂ ਮੁੱਖ ਮੁਕਾਬਲਾ ਸੱਸ ਅਤੇ ਨੂੰਹ ਵਿਚਕਾਰ ਬਣ ਗਿਆ। ਆਖ਼ਰ ਨੂੰਹ ਸਰਪੰਚੀ ਜਿੱਤ ਗਈ। ਕੁਝ ਦਿਨਾਂ ਬਾਅਦ ਸਰਪੰਚੀ ਦੀ ਸਹੁੰ ਚੁੱਕਣ ਸਮੇਂ ਉਨ੍ਹਾਂ ਨੇ ਆਪਣੇ ਘਰ ਵਿੱਚ ਚੋਣਾਂ ਜਿੱਤਣ ਦੀ ਖ਼ੁਸ਼ੀ ਵਿਚ ਪਾਰਟੀ ਰੱਖੀ ਤੇ ਸਾਰੇ ਪਿੰਡ ਨੂੰ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਆ। ਪਿੰਡ ਵਿੱਚ ਇਹ ਤਾਂ ਸੰਭਵ ਨਹੀਂ ਸੀ ਕਿ ਘਰੇ ਰੱਖੀ ਪਾਰਟੀ ਵਿੱਚ ਘਰ ਦੀ ਬਜ਼ੁਰਗ ਔਰਤ ਸ਼ਾਮਲ ਨਾ ਹੋਵੇ। ਸੱਸ ਨੂੰ ਮਨਾ ਲਿਆ ਗਿਆ ਅਤੇ ਪਾਰਟੀ ਵਿਚ ਲੈ ਆਂਦਾ। ਉਸ ਨੂੰ ਪੰਡਾਲ ਅੰਦਰ ਇਕ ਵਿਸ਼ੇਸ਼ ਕੁਰਸੀ ਉੱਤੇ ਬਿਠਾਇਆ ਗਿਆ। ਸਰਪੰਚੀ ਦੀ ਸਹੁੰ ਚੁੱਕਣ ਤੋਂ ਬਾਅਦ ਜਦੋਂ ਨਵੀਂ ਬਣੀ ਸਰਪੰਚ ਘਰ ਵੱਲ ਆ ਰਹੀ ਸੀ ਤਾਂ ਉਸ ਦਾ ਗਲ ਲੋਕਾਂ ਵੱਲੋਂ ਪਾਏ ਹਾਰਾਂ ਨਾਲ ਭਰਿਆ ਪਿਆ ਸੀ। ਅਗਲੀ ਦੇ ਵਿਹੜੇ ਵਿੱਚ ਪੈਰ ਪਾਉਂਦਿਆਂ ਹੀ ਉੱਥੇ ਮੌਜੂਦ ਲੋਕ ਉਸ ਦੇ ਸੁਆਗਤ ਵਿੱਚ ਖੜ੍ਹੇ ਹੋਏ ਤਾਂ ਵੇਖੋ ਵੇਖੀ ਸੱਸ ਵੀ ਖੜ੍ਹੀ ਹੋ ਗਈ। ਨਵੀਂ ਬਣੀ ਸਰਪੰਚ ਨੇ ਦੋਵੇਂ ਹੱਥ ਜੋੜ ਕੇ ਸਭ ਨੂੰ ਫ਼ਤਹਿ ਬੁਲਾਈ। ਫਿਰ ਇਕ ਪਲ ਆਪਣੀ ਸੱਸ ਵੱਲ ਵੇਖਿਆ ਅਤੇ ਉਸ ਦੇ ਨੇੜੇ ਆ ਕੇ ਆਪਣੇ ਗਲ ਵਾਲੇ ਹਾਰ ਉਤਾਰ ਕੇ ਸੱਸ ਦੇ ਗਲ ਪਾ ਦਿੱਤੇ। ਜਦੋਂ ਉਸ ਨੇ ਸੱਸ ਦੇ ਪੈਰੀਂ ਹੱਥ ਲਾਏ ਤਾਂ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਪਿਆ। ਸੱਸ ਨੇ ਨੂੰਹ ਨੂੰ ਘੁੱਟ ਕੇ ਜੱਫੀ ਪਾ ਲਈ ਜਿਵੇਂ ਕਦੋਂ ਦੀਆਂ ਵਿੱਛੜੀਆਂ ਮਾਵਾਂ ਧੀਆਂ ਮਿਲੀਆਂ ਹੋਣ। ਕੁਝ ਦਿਨ ਬੀਤੇ ਤਾਂ ਸਰਪੰਚੀ ਦੀ ਮੋਹਰ ਮੁੜ ਫੇਰ ਪੁਰਾਣੇ ਸਰਪੰਚ ਦੀ ਜੇਬ ਵਿੱਚ ਹੀ ਆ ਗਈ, ਬੱਸ ਦਸਤਖਤ ਹੀ ਬਦਲੇ ਸਨ ਜੋ ਹੁਣ ਨਵੀਂ ਬਣੀ ਸਰਪੰਚ ਕਰਦੀ ਸੀ।
– ਰਮੇਸ਼ ਰਤਨ
ਸੰਪਰਕ: 98142-73870