ਬਲਦੇਵ ਸਿੰਘ (ਸੜਕਨਾਮਾ)
ਨਾਵਲ ‘ਕੁਫ਼ਰ’ (ਲੇਖਿਕਾ: ਤਹਿਮੀਨਾ ਦੁਰਾਨੀ; ਅਨੁਵਾਦ: ਰਾਬਿੰਦਰ ਸਿੰਘ ਬਾਠ; ਕੀਮਤ: 150 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ) ਖ਼ਤਮ ਕਰਕੇ ਮੈਂ ਕੁਝ ਸਮਾਂ ਸੁੰਨ ਹੋਇਆ ਬੈਠਾ ਰਿਹਾ। ਇਹ ਮੇਰੇ ਜ਼ਿਹਨ ਵਿਚ ਜਵਾਰਭਾਟੇ ਵਾਂਗ ਖੌਰੂ ਪਾਉਂਦਾ ਰਿਹਾ- ‘ਕੀ ਇਹ ਜੋ ਕੁਝ ਨਾਵਲੀ ਬਿਰਤਾਂਤ ਵਿਚ ਵਾਪਰਿਆ ਹੈ- ਸੰਭਵ ਹੈ?’ ਪਰ ਜਿਸ ਤਰ੍ਹਾਂ ਤਹਿਮੀਨਾ ਦੁਰਾਨੀ ਨੇ ਸਹਿਜ ਢੰਗ ਨਾਲ ਤੇ ਜਿਸ ਜੁਅਰਤ ਨਾਲ ਪੰਦਰਾਂ ਕੁ ਸਾਲਾਂ ਦੀ ਖ਼ੂਬਸੂਰਤ ਕੁੜੀ ਹੀਰ ਦੀ ਕਹਾਣੀ ਬਿਆਨ ਕੀਤੀ ਹੈ, ਪਾਠਕ ਉਸ ਦੇ ਦੁਖਾਂਤ ਵਿਚ ਗ੍ਰਸਦਾ ਪੜ੍ਹਦਾ ਜਾਂਦਾ ਹੈ।
ਇਹ ਇਸਲਾਮੀ ਭਾਈਚਾਰੇ ਦੀ ਕਹਾਣੀ ਹੈ। ਸ਼ਕਤੀਸ਼ਾਲੀ ਦਰਗਾਹਾਂ ਦੇ ਮੌਲਾਣੇ ਅਤੇ ਪੀਰ ਕਿਸ ਤਰ੍ਹਾਂ ਦੇ ਘਿਨਾਉਣੇ ਕੁਕਰਮ ਕਰਕੇ ਇਨ੍ਹਾਂ ਦਰਗਾਹਾਂ ਦੀ ਦੁਰਵਰਤੋਂ ਕਰਦੇ ਹਨ, ‘ਕੁਫ਼ਰ’ ਨਾਵਲ ਪੜ੍ਹ ਕੇ ਹੀ ਪਤਾ ਲੱਗਦਾ ਹੈ। ਅਜਿਹੇ ਵਿਸ਼ੇ ਨੂੰ ਹੱਥ ਪਾ, ਜਿਹੜਾ ਇਨ੍ਹਾਂ ਦਰਗਾਹਾਂ ਉੱਪਰ ਸਿੱਧੀ ਸੱਟ ਮਾਰਦਾ ਹੈ, ਲੇਖਿਕਾ ਨੇ ਬਹੁਤ ਵੱਡਾ ਸਾਹਸ ਕੀਤਾ ਹੈ। ਅਜਿਹੇ ਸਨਸਨੀਖੇਜ਼ ਪ੍ਰਗਟਾਵੇ ਹਨ ਜੋ ਪੜ੍ਹਦਿਆਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਨਾਵਲ ਦੀ ਕਾਂਡ ਵੰਡ ਹੀ ਵੇਖਣ ਵਾਲੀ ਹੈ- ਨਿਜਾਤ, ਜਹੰਨਮ, ਘੁੰਮਣਘੇਰੀ, ਕਾਤਲ ਲਹਿਰਾਂ, ਅੱਲ੍ਹਾ ਦੇ ਨਾਂ ’ਤੇ, ਪਰਦਾਫ਼ਾਸ਼, ਤਿੜਕਦੀ ਮਿੱਥ…।
ਨਾਵਲ ਦੀ ਕਥਾ ਭਾਵੇਂ ਦਰਗਾਹ ਦੇ ਸਾਈਂ ਪੀਰ ਦੇ ਮਰਨ ਤੋਂ ਆਰੰਭ ਹੁੰਦੀ ਹੈ, ਪਰ ਅਗਲੇ ਕਾਂਡਾਂ ਵਿਚ ਪਿੱਛਲਝਾਤ ਰਾਹੀਂ ਨਾਵਲ ਦੀ ਨਾਇਕਾ ਹੀਰ ਆਪਣੇ ਅਤੀਤ ਵਿਚ ਉਤਰਦੀ ਹੈ, ਜਦੋਂ ਉਹ ਸਕੂਲ ਦੀ ਵਿਦਿਆਰਥਣ ਸੀ, ਸਿਰਫ਼ 15 ਸਾਲਾਂ ਦੀ ਉਮਰ। ਉਸ ਦੀ ਸਹੇਲੀ ਦਾ ਇਕ ਭਰਾ ਰਾਂਝਾ ਉਸ ਦੀ ਖ਼ੂਬਸੂਰਤੀ ਉਪਰ ਫਿਦਾ ਹੈ ਤੇ ਵਿਆਹ ਕਰਵਾਉਣ ਦਾ ਇੱਛੁਕ। ਹੀਰ ਸੁਪਨੇ ਬੁਣਨ ਲੱਗੀ। ਮਾਂ ਦਰਗਾਹ ਦੇ ਪੀਰ ਸਾਈਂ ਦੀ ਸ਼ਰਧਾਲੂ। ਇਕ ਵਾਰ ਦਰਗਾਹ ’ਤੇ ਆਪਣੀਆਂ ਤਿੰਨੋਂ ਧੀਆਂ ਨੂੰ ਲੈ ਕੇ ਜਾਂਦੀ ਹੈ ਤਾਂ ਪੀਰ ਸਾਈਂ ਦੀ ਨਿਗਾਹ ‘ਹੀਰ’ ਉੱਪਰ ਪੈਂਦੀ ਹੈ। ਇੰਨਾ ਹੀ ਬਹੁਤ ਸੀ, ਸੁਨੇਹਾ ਭੇਜਿਆ ਜਾਂਦਾ ਹੈ, ਪੀਰ ਸਾਈਂ, ਹੀਰ ਨਾਲ ਨਿਕਾਹ ਕਰਨਾ ਚਾਹੁੰਦਾ ਹੈ। ਉਮਰ ਵਿਚ 18-20 ਸਾਲ ਵੱਡਾ। ਪਹਿਲਾਂ ਦੋ ਬੀਵੀਆਂ ਦੀ ਮੌਤ ਹੋ ਚੁੱਕੀ ਹੈ। ਇਲਾਕੇ ਵਿਚ ਸਾਈਂ ਪੀਰ ਦਾ ਪ੍ਰਭਾਵ ਹੀ ਅਜਿਹਾ ਹੈ, ਉਸ ਨੂੰ ਨਾਂਹ ਕਰਨੀ, ਅੱਲ੍ਹਾ ਨੂੰ ਨਾਂਹ ਕਰਨ ਦੇ ਤੁੱਲ ਹੈ। ਸਾਰੇ ਸੁਪਨਿਆਂ ਦੀ ਸੰਘੀ ਘੁੱਟ ਕੇ ਹੀਰ, ਪੀਰ ਸਾਈਂ ਨਾਲ ਵਿਆਹ ਦਿੱਤੀ ਜਾਂਦੀ ਹੈ ਤੇ ਇਲਾਕੇ ਦੀ ਅੰਮਾ ਸਾਈਂ ਬਣ ਜਾਂਦੀ ਹੈ। ਬਿਰਧ ਔਰਤਾਂ ਵੀ ਉਸ ਦੇ ਪੈਰ ਛੂੰਹਦੀਆਂ ਹਨ। ਸਾਈਂ ਪੀਰ ਆਮ ਲੋਕਾਂ ਲਈ ਅੱਲ੍ਹਾ ਦਾ ਭੇਜਿਆ ਫ਼ਰਿਸ਼ਤਾ ਹੈ, ਪਰ ਦਰਗਾਹ ਤੋਂ ਪਰ੍ਹੇ ਹੁੰਦਿਆਂ ਹਵੇਲੀ ਅੰਦਰ ਵੜਦਿਆਂ ਹੀ ਉਹ ਕਾਮੀ, ਜ਼ਾਲਮ ਤੇ ਪਸ਼ੂ ਬਿਰਤੀ ਵਾਲਾ ਦਰਿੰਦਾ ਬਣ ਜਾਂਦਾ ਹੈ ਜਿਸ ਨੂੰ 15 ਸਾਲਾਂ ਦੀ ਬਾਲੜੀ ਹਰ ਰਾਤ ਬਰਦਾਸ਼ਤ ਕਰਦੀ ਹੈ:
‘ਮੈਂ ਹਨੇਰੇ ਅਤੇ ਮੌਤ ਵਰਗੇ ਸਰਦ ਕਮਰੇ ਵਿਚ ਚਾਰੇ ਪਾਸੇ ਵੇਖਿਆ ਅਤੇ ਗ਼ੌਰ ਕੀਤਾ ਕਿ ਪਲੰਘ ਇਕ ਵੱਡੀ ਕਬਰ ਵਾਂਗ ਲੱਗ ਰਿਹਾ ਸੀ। ਸਿਰ ਵਾਲੇ ਪਾਸੇ ਦਾ ਤਖ਼ਤਾ ਮਕਬਰੇ ਦੇ ਪੱਥਰ ਦੀ ਤਰ੍ਹਾਂ ਉੱਚਾ ਸੀ।’
ਹੀਰ ਸੋਚਦੀ ਹੈ, ਪਿਆਰ ਦਾ ਤਸੱਵਰ ਕਿੰਨਾ ਗ਼ਲਤ ਸੀ। ਉਸ ਨੂੰ ਚਾਰਦੀਵਾਰੀ ਅੰਦਰ ਰਹਿਣ ਦਾ ਹੁਕਮ। ਸਾਈਂ ਪੀਰ ਦੀ ਮਰਜ਼ੀ ਵਿਰੁੱਧ ਕੁਝ ਆਖਣਾ, ਅੱਲ੍ਹਾ ਨੂੰ ਨਾਂਹ ਕਰਨ ਬਰਾਬਰ ਸੀ। ਆਪਣੀ ਮਰਜ਼ੀ ਨਾਲ ਹੀਰ ਨੇ ਜੇ ਚੂੜੀਆਂ ਚੜ੍ਹਾ ਲਈਆਂ ਤਾਂ ਉਨ੍ਹਾਂ ਨੂੰ ਵੀਣੀਆਂ ਵਿਚ ਹੀ ਭੰਨ ਦਿੱਤਾ ਗਿਆ। ਹੀਰ ਵੇਖਦੀ ਹੈ, ਨੌਕਰਾਣੀਆਂ ਖੁੱਲ੍ਹਾਂ ਮਾਣ ਰਹੀਆਂ ਹਨ ਤੇ ਉਹ ਹਰ ਸਮੇਂ ਬੰਦਸ਼ਾਂ ਵਿਚ ਘਿਰੀ ਹੋਈ ਹੈ। ਕਿਸੇ ਵੀ ਤਰ੍ਹਾਂ ਦੀ ਗ਼ਲਤੀ, ਕੋੜਿਆਂ ਜਾਂ ਠੁੱਡਿਆਂ ਦੀ ਸਜ਼ਾ। ਬਾਲੜੀ ਹੀਰ ਹੈਰਾਨ ਹੁੰਦੀ ਹੈ, ਉਹ ਅਮੀਰ ਹੋ ਕੇ ਵੀ ਗ਼ਰੀਬ ਹੈ ਤੇ ਗ਼ਰੀਬ ਨੌਕਰਾਣੀਆਂ ਉਸ ਨਾਲੋਂ ਮਾਲਦਾਰ ਹਨ। ਹੀਰ ਨਾ ਆਪਣੀ ਮਾਂ ਨੂੰ ਮਿਲ ਸਕਦੀ ਹੈ, ਨਾ ਭੈਣਾਂ ਨੂੰ ਤੇ ਨਾ ਭਰਾ ਨੂੰ। ਉਸ ਨੂੰ ਇਕੋ ਹੁਕਮ ਸੀ, ਆਪਣੇ ਸ਼ੌਹਰ ਪੀਰ ਸਾਈਂ ਦੀਆਂ ਜ਼ਰੂਰਤਾਂ ਇਕ ਪੇਸ਼ੇਵਰ ਤਵਾਇਫ਼ ਦੀ ਤਰ੍ਹਾਂ ਪੂਰੀਆਂ ਕਰੇ।
ਇਸੇ ਤਰ੍ਹਾਂ ਹੀ ਹੀਰ ਤਿੰਨ ਧੀਆਂ ਤੇ ਦੋ ਪੁੱਤਰਾਂ ਦੀ ਮਾਂ ਬਣ ਜਾਂਦੀ ਹੈ, ਪਰ ਪੀਰ ਸਾਈਂ ਦਾ ਡਰ ਏਨਾ ਭਾਰੂ ਹੈ, ਉਹ ਘਰ ਵਿਚ ਖੁੱਲ੍ਹ ਕੇ ਸਾਹ ਵੀ ਨਹੀਂ ਲੈ ਸਕਦੀ। ਪੀਰ ਸਾਈਂ ਏਨਾ ਜ਼ਾਲਮ ਸੀ, ਉਹ ਆਪਣੇ ਵੱਡੇ ਪੁੱਤਰ ਦੀ ਕੋਈ ਗ਼ਲਤੀ ਵੀ ਨਹੀਂ ਸੀ ਮੁਆਫ਼ ਕਰ ਸਕਦਾ। ਆਪ ਉਹ ਛੋਟੀਆਂ ਬੱਚੀਆਂ ਦਾ, ਨੌਕਰਾਣੀਆਂ ਦੀਆਂ ਬੱਚੀਆਂ ਦਾ ਸੋਸ਼ਣ ਕਰਦਾ ਸੀ ਤੇ ਉਸ ਦਾ ਜ਼ੁਲਮ ਨਾ ਸਹਾਰਦੀਆਂ ਕਈ ਬੱਚੀਆਂ ਬਿਸਤਰੇ ’ਚ ਹੀ ਮਰ ਜਾਂਦੀਆਂ। ਇਸ ਦੀ ਸਜ਼ਾ ਵੀ ਹੀਰ ਨੂੰ ਮਿਲਦੀ। ਇਕ ਵਾਰ ਸਾਈਂ ਪੀਰ ਨੇ ਆਪਣੇ ਪੁੱਤਰ ਨੂੰ ਕੋੜਿਆਂ ਨਾਲ ਏਨਾ ਮਾਰਿਆ, ਉਹ ਕੁਝ ਦਿਨ ਹਸਪਤਾਲ ਰਹਿ ਕੇ ਮਰ ਗਿਆ। ਪੀਰ ਸਾਈਂ ਏਨਾ ਹਵਸੀ ਸੀ ਕਿ ਇਕ ਵਾਰ ‘ਹੀਰ’ ਦੇ ਸਾਹਮਣੇ ਉਸ ਨੇ ਆਪਣੀ ਵੱਡੀ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਤਹਿਮੀਨਾ ਦੁਰਾਨੀ ਨੇ ਹਰ ਉਹ ਘਟਨਾ ਬਿਆਨ ਕੀਤੀ ਹੈ ਜਿਸ ਨੂੰ ਪੜ੍ਹਦਿਆਂ ਯਕੀਨ ਨਹੀਂ ਆਉਂਦਾ ਕਿ ਇੰਨੀ ਵੱਡੀ ਮਾਨਤਾ ਵਾਲੀ ਦਰਗਾਹ ਦਾ ਪੀਰ ਸਾਈਂ ਏਨੀਆਂ ਕਮੀਨੀਆਂ ਹਰਕਤਾਂ ਕਰ ਸਕਦਾ ਹੈ। ਉਹ ਅਸ਼ਲੀਲ ਫ਼ਿਲਮਾਂ ਵੇਖਦਾ ਵੀ ਹੈ ਤੇ ਆਪਣੀ ਬੀਵੀ ‘ਹੀਰ’ ਦੀਆਂ ਪਰਾਏ ਮਰਦਾਂ ਨਾਲ ਫ਼ਿਲਮਾਂ ਬਣਾਉਂਦਾ ਵੀ ਹੈ।
ਆਖ਼ਰ ਇਹੋ ਜਿਹੇ ਘਿਨਾਉਣੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਹੀਰ ਪੀਰ ਸਾਈਂ ਨੂੰ ਮਾਰਨ ਬਾਰੇ ਸੋਚਦੀ ਹੈ। ਕਿੰਗ ਬਰੂਸ ਵਾਂਗ ਉਹ ਵੀ ਇਕ ਮੱਕੜੀ ਤੋਂ ਪ੍ਰੇਰਨਾ ਲੈਂਦੀ ਹੈ ਜੋ ਧੱਕਾ ਕਰ ਰਹੇ ਮੱਕੜੇ ਨੂੰ ਮਾਰਦੀ ਹੈ। ਪੀਰ ਸਾਈਂ ਦੀ ਮੌਤ ਤੋਂ ਬਾਅਦ ਉਹ ਦਰਗਾਹ ਦੇ ਰੂਹਾਨੀ ਪ੍ਰਭਾਵ ਨੂੰ ਖ਼ਤਮ ਕਰਨ ਲਈ ਤੇ ਉਸ ਨੂੰ ਬਦਨਾਮ ਕਰਨ ਲਈ ਆਪਣੇ ਆਪ ਨੂੰ ਹੀ ਦਾਅ ’ਤੇ ਲਾਉਂਦੀ ਹੈ।
ਤਹਿਮੀਨਾ ਦੁਰਾਨੀ ਦਾ ਇਹ ਹੱਲ ਮੈਨੂੰ ਜਚਿਆ ਨਹੀਂ। ਇਸ ਨਾਲ ਉਸ ਉੱਪਰ ਹੀ ਜ਼ੁਲਮ ਹੁੰਦਾ ਹੈ ਤੇ ਮਰਦਾਂ ਦੀ ਧੌਂਸ ਬਰਕਰਾਰ ਹੈ। ਸਹੀ ਹੈ ਕਿ ਇਹ ਵੇਲੇ ਦਾ ਯਥਾਰਥ ਹੈ। ਇੱਥੇ ਲੇਖਕ ਦਾ ਵੀ ਫ਼ਰਜ਼ ਹੈ, ਉਹ ਇਸ ਮਿੱਥ ਨੂੰ ਤੋੜੇ। ਉਂਜ ਇਹ ਨਾਵਲ ਅਜਿਹੀਆਂ ਦਰਗਾਹਾਂ ਉੱਪਰ ਹੁੰਦੇ ਕੁਕਰਮਾਂ ਦਾ ਪਰਦਾਫ਼ਾਸ਼ ਕਰਦਾ ਹੈ। ਲੇਖਿਕਾ ਨੇ ਵਰਜਿਤ ਖੇਤਰ ਵਿਚ ਪ੍ਰਵੇਸ਼ ਕਰਨ ਦੀ ਜੁਰੱਅਤ ਕੀਤੀ ਹੈ। ਉਸ ਦੀ ਬੇਬਾਕੀ ਨੂੰ ਸਲਾਮ।
ਘਟਨਾਵਾਂ ਇੰਨੀਆਂ ਸਨਸਨੀਖੇਜ਼ ਹਨ, ਪਾਠਕ ਨੂੰ ਝਟਕੇ ’ਤੇ ਝਟਕਾ ਲਗਦਾ ਹੈ। ਕਈ ਵਾਰ ਤਾਂ ਪਾਠਕ ਮੱਥਾ ਫੜ ਕੇ ਬੈਠ ਜਾਂਦਾ ਹੈ। ਰਾਬਿੰਦਰ ਸਿੰਘ ਬਾਠ ਨੇ ਅਨੁਵਾਦ ਬੜੀ ਮਿਹਨਤ ਨਾਲ ਕੀਤਾ ਹੈ। ਇਸਲਾਮ ਦੇ ਦਰਗਾਹੀ ਕਲਚਰ ਨੂੰ ਜਾਨਣ ਲਈ ਪਾਠਕਾਂ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ।
ਸੰਪਰਕ: 98147-83069