ਜਗਦੀਸ਼ ਕੌਰ ਮਾਨ
ਉਹ ਨਿਸ਼ਕਾਮ ਲੋਕ ਸੇਵਕ ਸੀ। ਬਿਨਾਂ ਕਿਸੇ ਲੋਭ ਲਾਲਚ ਤੋਂ ਹਰੇਕ ਲੋੜਵੰਦ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ। ਗ਼ਰੀਬਾਂ ਦੀਆਂ ਧੀਆਂ-ਭੈਣਾਂ ਦੇ ਵਿਆਹਾਂ ਮੌਕੇ ਬਗੈਰ ਕਿਹਾਂ ਹੀ ਬਣਦੀ ਸਰਦੀ ਆਰਥਿਕ ਮਦਦ ਕਰ ਦਿੰਦਾ। ਆਰਥਿਕ ਪੱਖੋਂ ਹੌਲੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਤਾਬਾਂ ਕਾਪੀਆਂ ਲੈ ਦਿੰਦਾ। ਸਕੂਲ ਵਿਚ ਜਾ ਕੇ ਗ਼ਰੀਬ ਬੱਚਿਆਂ ਦੀਆਂ ਫੀਸਾਂ ਜਮ੍ਹਾਂ ਕਰਾ ਆਉਂਦਾ। ਲੋਕ ਸੇਵਾ ਦਾ ਜਜ਼ਬਾ ਜਨੂੰਨ ਦੀ ਹੱਦ ਤਕ ਪੁੱਜ ਗਿਆ ਸੀ। ਇਸੇ ਕਾਰਨ ਉਸ ਨੇ ਅਜੇ ਤਕ ਆਪਣਾ ਘਰ ਨਹੀਂ ਸੀ ਵਸਾਇਆ।
ਉਸ ਦੀ ਕਿਸੇ ਵੀ ਸਿਆਸੀ ਪਾਰਟੀ ਵਿਚ ਕੋਈ ਦਿਲਚਸਪੀ ਨਹੀਂ ਸੀ ਤੇ ਨਾ ਹੀ ਉਸ ਨੂੰ ਸਿਆਸਤ ਕਰਨੀ ਆਉਂਦੀ ਸੀ, ਪਰ ਪੂਰੇ ਇਲਾਕੇ ਵਿਚ ਉਸ ਵੱਲੋਂ ਕੀਤੇ ਗਏ ਕੰਮਾਂ ਦੀ ਬੱਲੇ-ਬੱਲੇ ਸੀ। ਇਸੇ ਕਰਕੇ ਉਸ ਦੀ ਨਿਸ਼ਕਾਮ ਸੇਵਾ ਦਾ ਲਾਹਾ ਖੱਟਣ ਖ਼ਾਤਰ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਉਸ ਨੂੰ ਆਪਣੇ ਵੱਲ ਖਿੱਚਣ ਲਈ ਪੱਬਾਂ ਭਾਰ ਹੋਈਆਂ ਫਿਰਦੀਆਂ ਸਨ।
ਉਸ ਦੇ ਨਾਂਹ-ਨਾਂਹ ਕਰਨ ਦੇ ਬਾਵਜੂਦ ਇਕ ਅਜਿਹੀ ਪਾਰਟੀ ਉਸ ਨੂੰ ਭਰਮਾਉਣ ਵਿਚ ਸਫ਼ਲ ਹੋ ਗਈ ਜਿਸ ਦੇ ਹੱਕ ਵਿਚ ਉਸ ਸਾਲ ਹੋਣ ਵਾਲੀਆਂ ਚੋਣਾਂ ਦੀ ਹਵਾ ਜਾਪਦੀ ਸੀ। ਪਾਰਟੀ ਵਰਕਰਾਂ ਨੇ ਉਸ ਨੂੰ ਟਿਕਟ ਦੇਣ ਦੀ ਸਿਫ਼ਾਰਿਸ਼ ਕਰ ਕੇ ਪਾਰਟੀ ਪ੍ਰਧਾਨ ਨਾਲ ਉਸ ਦੀ ਮੁਲਾਕਾਤ ਦਾ ਪ੍ਰਬੰਧ ਵੀ ਕਰ ਦਿੱਤਾ ਸੀ। ਅੱਜ ਇਕ ਬੰਦ ਕਮਰੇ ਵਿਚ ਉਸ ਦੀ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਹੋ ਰਹੀ ਸੀ।
‘‘ਤੁਹਾਡੀ ਵਿੱਦਿਅਕ ਯੋਗਤਾ ਕੀ ਹੈ?’’ ਪ੍ਰਧਾਨ ਸਾਹਿਬ ਨੇ ਉਸ ਨੂੰ ਪਹਿਲਾ ਸਵਾਲ ਕੀਤਾ।
‘‘ਜੀ ਮੈਂ ਡਬਲ ਐੱਮ.ਏ. ਹਾਂ, ਰਾਜਨੀਤੀ ਸ਼ਾਸਤਰ ਅਤੇ ਪੰਜਾਬੀ ਵਿਚ ਦੋਵੇਂ ਡਿਗਰੀਆਂ ਅੱਵਲ ਦਰਜ਼ੇ ਵਿਚ ਪਾਸ ਕੀਤੀਆਂ ਹਨ।’’ ਉਸ ਨੇ ਨਿਮਰਤਾ ਸਹਿਤ ਜਵਾਬ ਦਿੱਤਾ।
‘‘ਕਾਲਜ ਪੜ੍ਹਦੇ ਸਮੇਂ ਕਿਸੇ ਚੱਕਵੇਂ ਗਰੁੱਪ ਦੇ ਰਿੰਗ ਲੀਡਰ ਰਹੇ ਹੋ?’’ ਪਾਰਟੀ ਪ੍ਰਧਾਨ ਨੇ ਦੂਜਾ ਸਵਾਲ ਇਹ ਪੁੱਛਿਆ।
‘‘ਨਹੀਂ ਜੀ, ਕੁਲ ਹਿੰਦ ਵਿਦਿਆਰਥੀ ਸੰਗਠਨ ਦਾ ਸਰਗਰਮ ਕਾਰਕੁਨ ਹੀ ਰਿਹਾ ਹਾਂ।’’
‘‘ਕਦੇ ਕਾਲਜ ਪੜ੍ਹਦੇ ਸਮੇਂ ਹੜਤਾਲ ਕਰਵਾਉਣ ਵਾਲਿਆਂ ਵਿਚ ਜਾਂ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਚ ਮੋਹਰੀ ਰਹੇ ਹੋ?’’
‘‘ਨਹੀਂ ਜੀ, ਮੈਂ ਕਦੇ ਅਜਿਹੇ ਕੰਮਾਂ ਵਿਚ ਹਿੱਸਾ ਨਹੀਂ ਲਿਆ।’’
‘‘ਕਦੇ ਲੜਾਈ ਫ਼ਸਾਦ ਕਰਵਾ ਕੇ ਵਿਦਿਆਰਥੀਆਂ ਦੇ ਸਿਰ ਪੜਵਾਏ ਹੋਣ? ਜਾਂ ਜਾਤ ਪਾਤ ਦੇ ਨਾਂ ’ਤੇ ਫ਼ਿਰਕੂ ਦੰਗੇ ਕਰਵਾਏ ਹੋਣ?’’
‘‘ਨਹੀਂ ਜੀ।’’ ਉਮੀਦਵਾਰ ਬਣਨ ਆਏ ਨੌਜਵਾਨ ਨੇ ਹੈਰਾਨੀ ਨਾਲ ਪ੍ਰਧਾਨ ਜੀ ਵੱਲ ਦੇਖਿਆ।
‘‘ਕੀ ਕਦੇ ਕਿਸੇ ਕੁੜੀ ਚਿੜੀ ਨਾਲ ਛੇੜਛਾੜ ਵਗੈਰਾ ਦੇ ਦੋਸ਼ ਵਿਚ ਤੁਹਾਡੇ ’ਤੇ ਕੋਈ ਕੇਸ ਦਰਜ ਹੋਇਐ?’’
‘‘ਨਹੀਂ ਜੀ, ਮੈਂ ਤਾਂ ਕਦੇ ਅਜਿਹੇ ਘਟੀਆ ਕੰਮਾਂ ਦੇ ਨੇੜੇ ਦੀ ਵੀ ਨਹੀਂ ਲੰਘਿਆ। ਪਰਮਾਤਮਾ ਐਸੇ ਬੁਰੇ ਕੰਮਾਂ ਤੋਂ ਬਚਾਈ ਰੱਖੇ।’’ ਨੌਜਵਾਨ ਨੇ ਆਪਣੇ ਦੋਵੇਂ ਹੱਥਾਂ ਨਾਲ ਕੰਨ ਫੜ ਲਏ।
ਇਹ ਸੁਣ ਕੇ ਪ੍ਰਧਾਨ ਜੀ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ ਸੀ। ਉਹ ਉਨ੍ਹਾਂ ਪਾਰਟੀ ਵਰਕਰਾਂ ਨੂੰ ਉੱਚੀ ਉੱਚੀ ਗਾਲ੍ਹਾਂ ਕੱਢਣ ਲੱਗਿਆ ਜਿਨ੍ਹਾਂ ਨੇ ਅਜਿਹੇ ‘ਨਿਕੰਮੇ’ ਤੇ ਸਿਆਸੀ ‘ਗੁਣਾਂ’ ਤੋਂ ਵਿਹੂਣੇ ਬੰਦੇ ਨੂੰ ਟਿਕਟ ਦੇਣ ਦੀ ਸਿਫ਼ਾਰਿਸ਼ ਕੀਤੀ ਸੀ। ਉਮੀਦਵਾਰ ਬਣਨ ਆਇਆ ਨੌਜਵਾਨ ਤਾਂ ਕਦੋਂ ਦਾ ਉੱਥੋਂ ਖਿਸਕ ਚੁੱਕਾ ਸੀ, ਪਰ ਨਸ਼ੇ ਵਿਚ ਧੁੱਤ ਪਾਰਟੀ ਪ੍ਰਧਾਨ ਅਜੇ ਵੀ ਉਸ ਦੀ ਸਿਫ਼ਾਰਿਸ਼ ਕਰਨ ਵਾਲਿਆਂ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ।
ਸੰਪਰਕ: 78146-98117