ਜੱਗਾ ਸਿੰਘ ਆਦਮਕੇ
ਰਾਜਸਥਾਨ ਆਪਣੇ ਇਤਿਹਾਸਕ ਤੇ ਵਿਰਾਸਤੀ ਸਥਾਨਾਂ ਲਈ ਵਿਸ਼ਵ ਪ੍ਰਸਿੱਧ ਹੈ। ਇਨ੍ਹਾਂ ਸਥਾਨਾਂ ਵਿੱਚੋਂ ਝੀਲਾਂ ਦੀ ਨਗਰੀ ਉਦੈਪੁਰ ਆਪਣੀ ਵਿਸ਼ੇਸ਼ ਪਹਿਚਾਣ ਰੱਖਦੀ ਹੈ। ਸੈਲਾਨੀ ਪੱਖ ਤੋਂ ਇਹ ਰਾਜਸਥਾਨ ਦਾ ਸਭ ਤੋਂ ਆਕਰਸ਼ਿਤ ਕਰਨ ਵਾਲਾ ਨਗਰ ਮੰਨਿਆ ਜਾਂਦਾ ਹੈ। ਉਦੈਪੁਰ ਦੀ ਕੱਚ ਗੈਲਰੀ, ਕਾਰ ਗੈਲਰੀ, ਜਗਦੀਸ਼ ਮੰਦਿਰ, ਬਗੋਰਾਂ ਦੀ ਹਵੇਲੀ, ਸੱਜਣ ਘਰ ਅਤੇ ਆਸ-ਪਾਸ ਦੇ ਦੇਖਣ ਯੋਗ ਸਥਾਨਾਂ ਵਿੱਚੋਂ ਪ੍ਰਮੁੱਖ ਅਤੇ ਪ੍ਰਸਿੱਧ ਸਥਾਨ ਇੱਥੋਂ ਦਾ ‘ਸਿਟੀ ਪੈਲੇਸ’ ਹੈ। ਉਦੈਪੁਰ ਦਾ ਸਿਟੀ ਪੈਲੇਸ ਰਾਜਸਥਾਨ ਦੇ ਸਭ ਤੋਂ ਵੱਡੇ ਮਹੱਲਾਂ ਵਿੱਚ ਸ਼ੁਮਾਰ ਹੈ। ਇਹ ਸਿਟੀ ਪੈਲੇਸ ਮੇਵਾੜ ਦੇ ਰਾਜਿਆਂ ਦੇ ਸੱਭਿਆਚਾਰ, ਇਤਿਹਾਸ ਅਤੇ ਸ਼ਾਹੀ ਰਹਿਣ ਸਹਿਣ ਦਾ ਪ੍ਰਮਾਣ ਹੈ। ਮਹੱਲਾਂ, ਬਾਗ਼ਾਂ ਅਤੇ ਦੂਸਰੀਆਂ ਇਮਾਰਤਾਂ ਦੇ ਸਮੂਹ ਸਿਟੀ ਪੈਲੇਸ ਵਿੱਚੋਂ ਉਦੈਪੁਰ ਦੇ ਮੇਵਾੜ ਮਹਾਰਾਜਿਆਂ ਨੇ ਆਪਣਾ ਰਾਜ ਪ੍ਰਬੰਧ ਚਲਾਇਆ। ਉਦੈਪੁਰ ਦੀ ਪਿਛੋਲਾ ਝੀਲ ਕਿਨਾਰੇ ਇੱਕ ਉੱਚੀ ਪਠਾਰ ’ਤੇ ਸਥਿਤ ਇਹ ਪੈਲੇਸ ਕਈ ਇਮਾਰਤਾਂ ਦਾ ਸਮੂਹ ਹੈ। ਉਦੈਪੁਰ ਸਿਟੀ ਪੈਲੇਸ ਮਹਾਰਾਜਾ ਉਦੈ ਸਿੰਘ ਦੋਇਮ ਦੇ ਸਮੇਂ 1559 ਈ. ਵਿੱਚ ਬਣਨਾ ਸ਼ੁਰੂ ਹੋਇਆ। ਇਸ ਦੇ ਗਿਆਰਾਂ ਪ੍ਰਮੁੱਖ ਹਿੱਸਿਆਂ ਦਾ ਨਿਰਮਾਣ ਵੱਖ ਵੱਖ ਮੇਵਾੜੀ ਰਾਜਿਆਂ ਵੱਲੋਂ ਵੱਖ ਵੱਖ ਸਮਿਆਂ ’ਤੇ ਕਰਵਾਇਆ ਗਿਆ। ਪਹਿਲਾਂ ਤੋਂ ਬਣੇ ਭਵਨਾਂ ਵਿੱਚ ਕੁਝ ਕੁ ਤਬਦੀਲੀ ਵੀ ਕਰਵਾਈ ਜਾਂਦੀ ਰਹੀ। ਇਸ ਦੇ ਬਾਵਜੂਦ ਇਸ ਦੇ ਸਾਰੇ ਹਿੱਸਿਆਂ ਵਿੱਚ ਸਮਾਨਤਾ ਹੈ। ਇਸ ਦੀ ਭਵਨ ਨਿਰਮਾਣ ਕਲਾ ਰਾਜਸਥਾਨੀ ਹੈ ਅਤੇ ਇਹ ਮੁਗ਼ਲ ਅਤੇ ਬ੍ਰਿਟਿਸ਼ ਭਵਨ ਨਿਰਮਾਣ ਕਲਾਵਾਂ ਤੋਂ ਪ੍ਰਭਾਵਿਤ ਹੈ। 1537 ਵਿੱਚ ਮੇਵਾੜ ਦੇ ਮਹਾਰਾਜਾ ਬਣਨ ਤੋਂ ਬਾਅਦ ਮਹਾਰਾਜਾ ਉਦੈ ਸਿੰਘ ਦੋਇਮ ਨੇ ਸੁਰੱਖਿਆ ਦੇ ਪੱਖ ਤੋਂ ਆਪਣੀ ਨਵੀਂ ਰਾਜਧਾਨੀ ਲਈ ਇਹ ਨਵਾਂ ਨਗਰ ਪਿਛੋਲਾ ਝੀਲ ਦੇ ਨਜ਼ਦੀਕ ਸਥਾਪਤ ਕੀਤਾ ਅਤੇ ਆਪਣੇ ਨਾਂ ’ਤੇ ਇਸ ਦਾ ਨਾਂ ਉਦੈਪੁਰ ਰੱਖਿਆ।
ਉਦੈਪੁਰ ਦੇ ਵਿਸ਼ਾਲ ਸਿਟੀ ਪੈਲੇਸ ਦੇ ਕਈ ਦਰਵਾਜ਼ਿਆਂ ਵਿੱਚੋਂ ਸਭ ਤੋਂ ਪ੍ਰਮੁੱਖ ‘ਬੜਾ ਪੋਲ’ ਹੈ। ਇਸ ਦਰਵਾਜ਼ੇ ਦੇ ਨਜ਼ਦੀਕ ਟਿਕਟ ਖਿੜਕੀ ਹੈ। ਇੱਥੋਂ ਆਪਣੀ ਚੋਣ ਅਨੁਸਾਰ ਇਸ ਦੇ ਵੱਖ ਵੱਖ ਹਿੱਸਿਆਂ ਅਤੇ ਪਿਛੋਲਾ ਝੀਲ ਵਿੱਚ ਕਿਸ਼ਤੀ ਲਈ ਟਿਕਟ ਲਈ ਜਾ ਸਕਦੀ ਹੈ। ‘ਬੜਾ ਪੋਲ’ ਦੇ ਸਾਹਮਣੇ ਮਹਾਰਾਜਾ ਸੰਗਰਾਮ ਸਿੰਘ ਦੁਆਰਾ ਬਣਵਾਇਆ ਤਿੰਨ ਦਰਵਾਜ਼ਿਆਂ ਵਾਲਾ ‘ਤ੍ਰਿਪੋਲਿਆ ਦਰਵਾਜ਼ਾ’ ਸਥਿਤ ਹੈ। ਇਹ ਦਰਵਾਜ਼ਾ ਜਿੱਥੇ ਬਣਤਰ ਦੇ ਪੱਖ ਤੋਂ ਕਾਫ਼ੀ ਸੁੰਦਰ ਹੈ, ਉੱਥੇ ਇਸ ਦੀਆਂ ਬਾਲਕੋਨੀਆਂ ਵੀ ਸੁੰਦਰ ਹਨ। ਬੜਾ ਪੋਲ ਅਤੇ ਤ੍ਰਿਪੋਲਿਆ ਦੇ ਵਿਚਕਾਰ ਸੰਗਮਰਮਰ ਦੇ ਅੱਠ ਮਹਿਰਾਬ ਹਨ ਜਿਨ੍ਹਾਂ ਸਬੰਧੀ ਕਿਹਾ ਜਾਂਦਾ ਹੈ ਕਿ ਇੱਥੇ ਮਹਾਰਾਜੇ ਨੂੰ ਸੋਨੇ ਚਾਂਦੀ ਨਾਲ ਤੋਲਿਆ ਜਾਂਦਾ ਸੀ ਅਤੇ ਇਹ ਸੋਨੇ ਚਾਂਦੀ ਲੋਕਾਂ ਵਿੱਚ ਵੰਡ ਦਿੱਤਾ ਜਾਂਦਾ ਸੀ। ਇਹ ਮਹੱਲ ਸਮੂਹ ਗ੍ਰੇਨਾਈਟ ਅਤੇ ਸੰਗਮਰਮਰ ਤੋਂ ਬਣਿਆ ਹੈ। ਇਸ ਦੇ ਮਿਨਾਰ, ਗੁੰਬਦ, ਖਿੜਕੀਆਂ, ਬਾਲਕੋਨੀਆਂ ’ਤੇ ਕੀਤੀ ਨੱਕਾਸ਼ੀ ਇਸ ਨੂੰ ਖ਼ੂਬਸੂਰਤ ਦਿੱਖ ਪ੍ਰਦਾਨ ਕਰਦੀ ਹੈ। ਇਸ ਦੀਆਂ ਇਮਾਰਤਾਂ ਦਾ ਅੰਦਰੂਨੀ ਹਿੱਸਾ ਭਿੱਤੀ ਚਿੱਤਰਾਂ, ਕੰਧ ਚਿੱਤਰਾਂ ਅਤੇ ਕੱਚ ਦੀ ਕਾਰੀਗਰੀ ਨਾਲ ਸਜਾਇਆ ਗਿਆ ਹੈ। ਇਸ ਦੇ ਜ਼ਿਆਦਾਤਰ ਮਹੱਲ ਮਹਾਰਾਜਿਆਂ ਦੇ ਨਿਵਾਸ ਸਥਾਨ ਸਨ। ਉਨ੍ਹਾਂ ਨੇ ਆਪਣੀਆਂ ਜ਼ਰੂਰਤਾਂ ਅਤੇ ਸ਼ੌਕ ਦੇ ਅਨੁਸਾਰ ਇਨ੍ਹਾਂ ਨੂੰ ਤਿਆਰ ਕਰਵਾਇਆ ਸੀ। ਇਸ ਦੀਆਂ ਜ਼ਿਆਦਾਤਰ ਇਮਾਰਤਾਂ ਨੂੰ ਜਾਂਦੇ ਰਾਸਤੇ ਭੀੜੇ ਹਨ। ਅਜਿਹੇ ਹੋਣ ਦਾ ਪ੍ਰਮੁੱਖ ਕਾਰਨ ਦੁਸ਼ਮਣ ਦੇ ਹਮਲੇ ਤੋਂ ਸੁਰੱਖਿਆ ਦੇ ਪੱਖ ਨੂੰ ਮੁੱਖ ਰੱਖਣਾ ਹੈ।
ਤ੍ਰਿਪੋਲਿਆ ਚੌਂਕ ਤੋਂ ਬਾਅਦ ਮਾਣਕ ਚੌਂਕ, ਤੋਰਨ ਪੋਲ ਦੇ ਸਾਹਮਣੇ ਸਥਿਤ ਮੈਦਾਨ ਵਿੱਚ ਯੁੱਧ ਦੀ ਤਿਆਰੀ ਸਮੇਂ ਹਾਥੀਆਂ ਨੂੰ ਲੜਾਇਆ ਜਾਂਦਾ ਸੀ ਅਤੇ ਉਨ੍ਹਾਂ ਦੀ ਤਾਕਤ ਨੂੰ ਪਰਖਿਆ ਜਾਂਦਾ ਸੀ। ਇਸ ਤੋਂ ਅੱਗੇ ‘ਮਾਣਕ ਚੌਕ’ ਸਥਿਤ ਹੈ। ਸਿਟੀ ਪੈਲੇਸ ਦੇ ਇਸ ਚੌਂਕ ਦੇ ਸੱਜੇ ਪਾਸੇ ਵਾਲੇ ਹਿੱਸੇ ਨੂੰ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਹਿੱਸੇ ਵਿੱਚ ਪ੍ਰਵੇਸ਼ ‘ਦਰੀਖਾਨੇ ਕੀ ਪੋਲ’ ਰਾਹੀਂ ਹੁੰਦਾ ਹੈ। ਇਸ ਪੋਲ ਤੋਂ ਅੱਗੇ ਖੱਬੇ ਪਾਸੇ ਰਾਜੇ ਮਹਾਰਾਜਿਆਂ ਦੇ ਦਰਬਾਰ ਦੀ ਥਾਂ ਦਰਬਾਰ ਹਾਲ ਸਥਿਤ ਹੈ। ਇੱਥੇ ਲੱਗਦੇ ਦਰਬਾਰ ਦੀ ਕਾਰਵਾਈ ਦੇਖਣ ਲਈ ਸ਼ਾਹੀ ਪਰਿਵਾਰ ਦੀਆਂ ਔਰਤਾਂ ਦਰਬਾਰ ਦੀ ਗੈਲਰੀ ਦਾ ਉਪਯੋਗ ਕਰਦੀਆਂ ਸਨ। ਇਸ ਗੈਲਰੀ ਵਿੱਚ ਵਿਸ਼ਾਲ ਝੂਮਰ ਲਗਾਏ ਗਏ ਹਨ ਅਤੇ ਹੋਰ ਸਜਾਵਟ ਕੀਤੀ ਗਈ ਹੈ। ਦਰਬਾਰ ਹਾਲ ਦੀ ਨੀਂਹ 1909 ਵਿੱਚ ਮਹਾਰਾਜਾ ਫਤਹਿ ਸਿੰਘ ਦੇ ਸ਼ਾਸਨ ਕਾਲ ਵਿੱਚ ਭਾਰਤ ਦੇ ਵਾਇਸਰਾਏ ਲਾਰਡ ਮਿੰਟੋ ਨੇ ਰੱਖੀ ਸੀ। ਅਜਿਹਾ ਹੋਣ ਕਾਰਨ ਇਸ ਨੂੰ ਮਿੰਟੋ ਹਾਲ ਵੀ ਕਿਹਾ ਜਾਂਦਾ ਹੈ। ਇਸ ਦੇ ਸੱਜੇ ਪਾਸੇ ਮਹਾਰਾਜਾ ਸੱਜਣ ਸਿੰਘ ਦੁਆਰਾ ਬਣਵਾਇਆ ‘ਸਲੇਹਖਾਨਾ’ (ਸ਼ਸਤਰਘਰ) ਹੈ। ਇਸ ਵਿੱਚ ਇੱਥੋਂ ਦੇ ਮਹਾਰਾਜਿਆਂ ਦੁਆਰਾ ਉਪਯੋਗ ਹੁੰਦੀਆਂ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਬੰਦੂਕਾਂ, ਪਸਤੌਲ, ਤਲਵਾਰਾਂ, ਢਾਲਾਂ, ਖੰਜਰ, ਤੋਪਾਂ, ਗੋਲੇ, ਤੀਰ ਕਮਾਨ, ਲੜਾਈ ਦੇ ਮੈਦਾਨ ਵਿੱਚ ਸੁਰੱਖਿਆ ਲਈ ਪਹਿਨੀਆਂ ਜਾਣ ਵਾਲੀਆਂ ਜਾਲੀਆਂ ਅਤੇ ਹੈਲਮਟ ਆਦਿ ਰੱਖੇ ਹੋਏ ਹਨ। ਇਨ੍ਹਾਂ ਹਥਿਆਰਾਂ ਨੂੰ ਸ਼ੀਸ਼ੇ ਵਾਲੀਆਂ ਅਲਮਾਰੀਆਂ ਵਿੱਚ ਸਜਾ ਕੇ ਪ੍ਰਦਰਸ਼ਿਤ ਕੀਤਾ ਗਿਆ ਹੈ। ਇੱਥੇ ਵੱਖ ਵੱਖ ਮਹਾਰਾਜਿਆਂ ਦੀਆਂ ਵਿਸ਼ਾਲ ਤਸਵੀਰਾਂ ਵੀ ਰੱਖੀਆਂ ਗਈਆਂ ਹਨ। ਇੱਥੇ ਮਹਾਰਾਣਾ ਪ੍ਰਤਾਪ ਦੇ ਘੋੜੇ ਚੇਤਕ ਦੀ ਮੂਰਤੀ ਵੀ ਰੱਖੀ ਗਈ ਹੈ। ਇਸ ਤੋਂ ਅੱਗੇ ‘ਗਣੇਸ਼ ਚੌਂਕ’ ਹੈ। ਗਣੇਸ਼ ਚੌਂਕ ਦੇ ਉੱਤਰ ਪੂਰਬ ਵਾਲੇ ਖੂੰਜੇ ਦੀ ਗਣੇਸ਼ ਡਿਉੜੀ ਵਿੱਚ ਰੰਗੀਨ ਕੱਚ ਨਾਲ ਸਜੀਆਂ ਕੰਧਾਂ ਵਿੱਚ ਗਣੇਸ਼ ਅਤੇ ਲੱਛਮੀ ਦੀਆਂ ਮੂਰਤੀਆਂ ਸਜੀਆਂ ਹੋਈਆਂ ਹਨ। ਇੱਥੋਂ ਪੌੜੀਆਂ ਚੜ੍ਹ ਕੇ ‘ਰਾਏ ਆਂਗਣ’ ਵਿੱਚ ਜਾਇਆ ਜਾਂਦਾ ਹੈ। ਇਸ ਦੇ ਪੱਛਮ ਵਿੱਚ ਮਹਾਰਾਜਾ ਉਦੈ ਸਿੰਘ ਨੂੰ ਉਦੈਪੁਰ ਨਗਰ ਵਸਾਉਣ ਦਾ ਆਸ਼ਰੀਵਾਦ ਦੇਣ ਵਾਲੇ ਪ੍ਰੇਮਗਿਰੀ ਦਾ ਸਥਾਨ ‘ਨਵ ਚੌਕੀ ਮਹੱਲ’ ਹੈ। ਇੱਥੇ ਹੀ ਉਦੈਪੁਰ ਦੇ ਮਹਾਰਾਜੇ ਦਾ ਰਾਜ ਤਿਲਕ ਹੁੰਦਾ ਸੀ। ਇਸ ਦੀ ਪੂਰਬ ਦਿਸ਼ਾ ਵਿੱਚ ‘ਨੀਕਾ ਕੀ ਚੌਪਾੜ’ ਅਤੇ ‘ਪ੍ਰਤਾਪ ਮਹੱਲ’ ਹੈ। ਨੀਕਾ ਕੀ ਚੌਪਾੜ ਅਤੇ ਇਸ ਦੇ ਨਜ਼ਦੀਕ ਦੇ ਢਾਂਚੇ ਵਿੱਚ ਮਹਾਰਾਣਾ ਪ੍ਰਤਾਪ ਦੇ ਵੱਡ-ਅਕਾਰੀ ਚਿੱਤਰ ਲੱਗੇ ਹੋਏ ਹਨ ਜਿਹੜੇ ਮਹਾਰਾਣਾ ਪ੍ਰਤਾਪ ਦੀਆਂ ਕਹਾਣੀਆਂ ਨੂੰ ਬਿਆਨਦੇ ਹਨ। ਪ੍ਰਤਾਪ ਮਹੱਲ ਵਿੱਚ ਮਹਾਰਾਣਾ ਪ੍ਰਤਾਪ ਦੇ ਹਥਿਆਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਨਵਚੌਕੀ ਮਹੱਲ ਤੋਂ ਪੌੜੀਆਂ ਚੜ੍ਹ ਕੇ ਉੱਪਰ ਜਾਣ ’ਤੇ ਚੰਦਰ ਮਹੱਲ ਹੈ। ਚੰਦਰ ਮਹੱਲ ਵਿੱਚ ਸਫ਼ੈਦ ਸੰਗਮਰਮਰ ਦਾ ਇੱਕ ਕੁੰਡ ਬਣਿਆ ਹੋਇਆ ਹੈ। ਮਹਾਰਾਜਾ ਦੇ ਰਾਜ ਤਿਲਕ ਸਮੇਂ ਇਸ ਕੁੰਡ ਨੂੰ ਇੱਕ ਲੱਖ ਸਿੱਕਿਆਂ ਨਾਲ ਭਰਿਆ ਜਾਂਦਾ ਸੀ। ਇਸ ਕਰਕੇ ਇਸ ਨੂੰ ‘ਲੱਖੂ ਕੁੰਡ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਸਿੱਕਿਆਂ ਨੂੰ ਨਜ਼ਦੀਕ ਹੀ ਸਥਿਤ ਲੱਖੂ ਗੋਖੜੇ ਤੋਂ ਲੋਕਾਂ ਲਈ ਸੁੱਟਿਆ ਜਾਂਦਾ ਸੀ। ਇਸ ਤੋਂ ਅੱਗੇ ਉਚਾਈ ’ਤੇ ਬਣਿਆ ਅਮਰ ਵਿਲਾਸ ਮਹੱਲ ਹੈ। ਇਹ ਸਿਟੀ ਪੈਲੇਸ ਦਾ ਸਭ ਤੋਂ ਉੱਚਾ ਭਾਗ ਹੈ। ਇਸ ਮਹੱਲ ਦਾ ਨਿਰਮਾਣ ਸੰਗਮਰਮਰ ਨਾਲ ਕੀਤਾ ਗਿਆ ਹੈ। ਇਸ ਵਿੱਚ ਸੰਗਮਰਮਰ ’ਤੇ ਸੁੰਦਰ ਨੱਕਾਸ਼ੀ ਕੀਤੀ ਗਈ ਹੈ। ਇਹ ਮਹਾਰਾਜੇ ਦੇ ਆਰਾਮ ਕਰਨ ਦਾ ਸਥਾਨ ਸੀ। ਅਮਰ ਵਿਲਾਸ ਮਹੱਲ ਦੀ ਇਮਾਰਤ ਬਹੁਤ ਸੁੰਦਰ ਹੈ। ਇਸ ਦੇ ਨਜ਼ਦੀਕ ਮੁਗ਼ਲ ਸ਼ੈਲੀ ਦਾ ਚਾਰਬਾਗ ਬਗੀਚਾ ਸਥਿਤ ਹੈ ਜਿਸ ਵਿੱਚ ਫੁਹਾਰੇ ਅਤੇ ਤਲਾਬ ਹਨ। ਰੁੱਖ ਤੇ ਸੁਗੰਧਤ ਫੁੱਲ ਵੀ ਇੱਥੇ ਆਉਣ ਵਾਲਿਆਂ ਨੂੰ ਮੋਂਹਦੇ ਹਨ। ਇੱਥੇ ਹੀ ਇੱਕ ਕਮਰੇ ਵਿੱਚ ਮਹਾਰਾਜਾ ਫਤਹਿ ਸਿੰਘ ਦਾ ਚਿੱਤਰ ਅਤੇ ਬਰਤਾਨਵੀ ਸਮਰਾਟ ਜਾਰਜ ਪੰਚਮ ਦੁਆਰਾ ਅਯੋਜਿਤ ਇੰਪੀਰੀਅਲ ਦਰਬਾਰ ਵਿੱਚ ਮਹਾਰਾਜਾ ਫਤਹਿ ਸਿੰਘ ਲਈ ਲਗਾਈ ਇਤਿਹਾਸਕ ਕੁਰਸੀ ਰੱਖੀ ਗਈ ਹੈ। ਇਸ ਦੇ ਵਿੱਚੋਂ ਮੁਗ਼ਲ ਸ਼ੈਲੀ ਨਾਲ ਬਣੇ ਬੜਾ ਮਹੱਲ (ਗ੍ਰੇਟ ਪੈਲੇਸ) ਜਿਸ ਨੂੰ ਗਾਰਡਨ ਪੈਲੇਸ ਵੀ ਕਿਹਾ ਜਾਂਦਾ ਹੈ, ਵਿੱਚ ਵੀ ਪ੍ਰਵੇਸ਼ ਹੁੰਦਾ ਹੈ। ਇਹ ਮਹੱਲ 27 ਮੀਟਰ ਇੱਕ ਉੱਚੀ ਚਟਾਨ ’ਤੇ ਬਣਿਆ ਹੋਇਆ ਹਵਾ ਮਹੱਲ ਹੈ। ਜਿੱਥੇ ਪੈਲੇਸ ਦੇ ਦੂਸਰੇ ਮਹੱਲਾਂ ਦੀ ਚੌਥੀ ਮੰਜ਼ਿਲ ਹੈ, ਉੱਥੇ ਇਸ ਉਚਾਈ ’ਤੇ ਬੜਾ ਮਹੱਲ ਦੀ ਪਹਿਲੀ ਮੰਜ਼ਿਲ ਹੈ। ਇਸ ਨੂੰ ਬਣਾਉਣ ਲਈ ਪੱਥਰ ਦੀ ਵਰਤੋਂ ਕੀਤੀ ਗਈ ਹੈ। ਇਹ ਮਹੱਲ ਮੁਗ਼ਲ ਭਵਨ ਨਿਰਮਾਣ ਕਲਾ ਤੋਂ ਪ੍ਰਭਾਵਿਤ ਹੈ। ਅੰਦਰੋਂ ਇਸ ਦੀ ਬਣਤਰ ਕਾਫ਼ੀ ਸੁੰਦਰ ਹੈ। ਇਸ ਦੇ ਨੱਕਸ਼ੀਦਾਰ ਖੰਭੇ, ਦੀਵਾਰਾਂ ਅਤੇ ਖਿੜਕੀਆਂ ਹਨ। ਇੱਥੇ ਹੋਲੀ ਦੇ ਤਿਉਹਾਰ ਲਈ ਫੁਹਾਰੇ ਵਾਲਾ ਸਵਿਮਿੰਗ ਪੂਲ ਬਣਿਆ ਹੋਇਆ ਹੈ। ਇਸ ਦੇ ਹਾਲ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਹਨ। ਇੱਥੋਂ ਪਿਛੋਲਾ ਝੀਲ ਅਤੇ ਉਦੈਪੁਰ ਦੇ ਸ਼ਾਨਦਾਰ ਨਜ਼ਾਰੇ ਵਿਖਾਈ ਦਿੰਦੇ ਹਨ। ਇਸ ਦੇ ਨੇੜੇ ਪੰਛੀਆਂ ਨੂੰ ਰੱਖਣ ਲਈ ਵੀ ਇੱਕ ਭਵਨ ਹੈ। ਇਸ ਵਿੱਚ ਪੰਛੀਆਂ ਨੂੰ ਰੱਖਣ ਲਈ ਪਿੰਜਰੇ ਵੀ ਰੱਖੇ ਗਏ ਹਨ। ਇਸ ਦੇ ਨਜ਼ਦੀਕ ‘ਰੰਗ ਭਵਨ’ ਉਹ ਥਾਂ ਹੈ ਜਿੱਥੇ ਸ਼ਾਹੀ ਖ਼ਜ਼ਾਨਾ ਰੱਖਿਆ ਜਾਂਦਾ ਸੀ। ਰੰਗ ਭਵਨ ਦੇ ਸਾਹਮਣੇ ਭਗਵਾਨ ਕ੍ਰਿਸ਼ਨ, ਮੀਰਾਬਾਈ ਅਤੇ ਸ਼ਿਵ ਮੰਦਿਰ ਹਨ।
ਅਮਰ ਵਿਲਾਸ ਮਹੱਲ ਦੇ ਦੱਖਣ ਵਿੱਚ ਦਰਬਾਰ ਵਿੱਚੋਂ ਦਿਲਖੁਸ਼ ਮਹੱਲ ਵਿੱਚ ਜਾਇਆ ਜਾ ਸਕਦਾ ਹੈ। ਇਹ ਇੱਕ ਛੋਟਾ ਮਹੱਲ ਹੈ। ਇਸ ਮਹੱਲ ਵਿੱਚ ਮੇਵਾੜ ਸ਼ੈਲੀ ਦੀਆਂ ਤਸਵੀਰਾਂ ਲਗਾਈਆਂ ਗਈਆ ਹਨ ਜਿਨ੍ਹਾਂ ਵਿੱਚ ਮੇਵਾੜ ਦੇ ਮਹਾਰਾਜਿਆਂ ਦੇ ਵੱਖ ਵੱਖ ਚਿੱਤਰ ਮੌਜੂਦ ਹਨ। ਦਿਲਖੁਸ਼ ਮਹੱਲ ਦੇ ਉੱੱਤਰ ਵਿੱਚ ਸਥਿਤ ‘ਕਾਂਚ ਕਾ ਬੁਰਜ’ ਦੀਆਂ ਛੱਤਾਂ ਅਤੇ ਕੰਧਾਂ ਨੂੰ ਰੰਗੀਨ ਕੱਚ ਨਾਲ ਸ਼ਿੰਗਾਰਿਆ ਗਿਆ ਹੈ। ਦੂਜੇ ਪਾਸੇ ਇਸ ਦੇ ਦੱਖਣ ਵਿੱਚ ਸਥਿਤ ‘ਚਿਤਰਾਮ ਕੀ ਬੁਰਜ’ ਵਿੱਚ ਮਹਾਰਾਜਾ ਸੰਗਰਾਮ ਸਿੰਘ ਦੋਇਮ ਅਤੇ ਮਹਾਰਾਜਾ ਭੀਮ ਸਿੰਘ ਦੇ ਭਿੱਤੀ ਚਿੱਤਰ ਉਕਰੇ ਹਨ। ਇਸ ਤੋਂ ਅੱਗੇ ‘ਚੀਨੀ ਚਿੱਤਰਸ਼ਾਲਾ’ ਵਿੱਚ ਰੰਗੀਨ ਟਾਇਲਾਂ ਨਾਲ ਦੀਵਾਰਾਂ ਨੂੰ ਸਜਾਇਆ ਹੈ। ਇੱਥੋਂ ਉਦੈਪੁਰ ਸ਼ਹਿਰ ਦਾ ਸੁੰਦਰ ਦ੍ਰਿਸ਼ ਵਿਖਾਈ ਦਿੰਦਾ ਹੈ। ਇਸ ਦੇ ਉੱਤਰ ਵਿੱਚ ਮਹਾਰਾਜਾ ਸੱਜਣ ਸਿੰਘ ਦੁਆਰਾ ਸਥਾਪਤ ਲਾਇਬਰੇਰੀ ‘ਵਾਣੀ ਵਿਲਾਸ’ ਅਤੇ ਦੱਖਣ ਵਿੱਚ ‘ਸ਼ਿਵ ਵਿਲਾਸ’ ਸਥਿਤ ਹੈ। ਸ਼ਿਵ ਵਿਲਾਸ ਦੇ ਉੱਤਰ ਵਿੱਚ ਮਦਨ ਵਿਲਾਸ ਸਥਿਤ ਹੈ ਜਿਸ ਵਿੱਚ ਕਰਨਲ ਜੇਮਜ਼ ਟੋਡ ਦੇ ਸਾਮਾਨ ਅਤੇ ਚਿੱਤਰ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇੱਥੇ ਹੀ ‘ਸ਼ਿਵ ਵਿਲਾਸ ਸਾਤ ਤਾਕਾ’ ਮਹੱਲ ਦੀਆਂ ਕੰਧਾਂ ਦੀ ਹੇਠਲੀ ਪੱਟੀ ’ਤੇ ਕੱਚ ਦਾ ਕੰਮ ਕੀਤਾ ਗਿਆ ਹੈ। ਇਸ ਦੇ ਉੱਤਰੀ ਪਾਸੇ ਦੀਆਂ ਖਿੜਕੀਆਂ ਤੋਂ ਪਿਛੋਲਾ ਝੀਲ ਦਾ ਸੁੰਦਰ ਨਜ਼ਾਰਾ ਵਿਖਾਈ ਦਿੰਦਾ ਹੈ।
ਇਸ ਤੋਂ ਅੱਗੇ ਭੀੜੇ ਰਸਤੇ ਅਤੇ ਗੋਲਾਈਦਾਰ ਪੌੜੀਆਂ ਵਿੱਚੋਂ ਲੰਘ ਕੇ ‘ਮੋਰ ਚੌਂਕ’ ਆਉਂਦਾ ਹੈ। ਇੱਥੇ ਕੱਚ ਦੇ ਬਾਰੀਕ ਟੁਕੜਿਆਂ ਨਾਲ ਮੋਰਾਂ ਦਾ ਨਿਰਮਾਣ ਕੀਤਾ ਗਿਆ ਹੈ। ਇੱਥੇ ਪੱਥਰ ਅਤੇ ਕੱਚ ਦੀ ਸ਼ਾਨਦਾਰ ਨੱਕਾਸ਼ੀ ਕੀਤੀ ਗਈ ਹੈ। ਇਸ ਨੂੰ ਕਰਨ ਸਿੰਘ ਨੇ 1620 ਵਿੱਚ ਬਣਵਾਇਆ ਅਤੇ ਮਹਾਰਾਜਾ ਸੱਜਣ ਸਿੰਘ ਨੇ 1874 ਵਿੱਚ ਇਸ ਵਿੱਚ ਨੱਕਾਸ਼ੀ ਕਰਵਾਈ। ਇਸ ਚੌਂਕ ਦੀ ਪੂਰਬੀ ਕੰਧ ਕੱਚ ਦੀ ਕਾਰੀਗਰੀ ਕਾਰਨ ਬਹੁਤ ਸੁੰਦਰ ਲੱਗਦੀ ਹੈ। ਇੱਥੇ ਕੱਚ ਨਾਲ ਮੋਰਾਂ ਦੀਆਂ ਤਿੰਨ ਤਸਵੀਰਾਂ ਬਣਾਈਆਂ ਗਈਆ ਹਨ ਜਿਹੜੀਆਂ ਗਰਮੀ, ਸਰਦੀ ਅਤੇ ਬਰਸਾਤ ਦੀਆਂ ਰੁੱਤਾਂ ਦਾ ਪ੍ਰਤੀਕ ਹਨ। ਇੱਥੇ ਝਰੋਖੇ ਅਤੇ ਕੱਚ ਨਾਲ ਸ਼ਿੰਗਾਰੇ ਛੱਜੇ ਮੌਜੂਦ ਹਨ। ਇੱਥੇ ਮੋਤੀ ਮਹੱਲ, ਭੀਮ ਵਿਲਾਸ, ਸੂਰਯ ਪ੍ਰਕਾਸ਼ ਗੈਲਰੀ, ਪੀਤਮ ਨਿਵਾਸ ਸਥਿਤ ਹਨ। ਇਨ੍ਹਾਂ ਵਿੱਚ ਸ਼ੀਸ਼ੇ ਦਾ ਸੁੰਦਰ ਕੰਮ ਕੀਤਾ ਗਿਆ ਹੈ। ਪੀਤਮ ਨਿਵਾਸ ਮਹਾਰਾਜਾ ਭੂਪਾਲ ਸਿੰਘ ਦਾ ਨਿਵਾਸ ਰਿਹਾ ਹੈ। ਇਸ ਚੌਂਕ ਦਾ ਮਾਣਕ ਮਹੱਲ (ਰੂਬੀ ਪੈਲਸ) ਵੀ ਕੱਚ, ਚਾਂਦੀ ਦੀ ਸੁੰਦਰ ਕਲਾਕਾਰੀ ਕਾਰਨ ਸੈਲਾਨੀਆਂ ਨੂੰ ਕੀਲਦਾ ਹੈ। ਮਾਣਕ ਮਹੱਲ ਕਿਸੇ ਮਹਾਰਾਜੇ ਦਾ ਨਿਵਾਸ ਨਹੀਂ ਸੀ ਸਗੋਂ ਇਸ ਨੂੰ ਖ਼ਾਸ ਮਹਿਮਾਨਾਂ ਲਈ ਉਪਯੋਗ ਕੀਤਾ ਜਾਂਦਾ ਸੀ। ਇੱਥੇ ਚੀਨੀ ਮਿੱਟੀ ਦੇ ਬਰਤਨ ਵੀ ਰੱਖੇ ਗਏ ਹਨ। ਇੱਥੋਂ ਹੇਠਾਂ ਉੱਤਰ ਕੇ ‘ਸੂਰਯ ਚੌਪਾੜ’ ਹੈ। ਇੱਥੇ ਸੁਨਹਿਰੀ ਰੰਗ ਦਾ ਇੱਕ ਸੂਰਜ ਲਗਾਇਆ ਗਿਆ ਹੈ। ਇਸ ਤੋਂ ਅੱਗੇ ‘ਛੋਟੀ ਚਿੱਤਰਸ਼ਾਲਾ’ ਸਥਿਤ ਹੈ। ਮਹਾਰਾਜੇ ਵੱਲੋਂ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਇੱਥੇ ਕੀਤਾ ਜਾਂਦਾ ਸੀ। ਇਸ ਤੋਂ ਅੱਗੇ ਭੀੜੇ ਰਸਤੇ ਵਿੱਚੋਂ ਲੰਘ ਕੇ ਜਨਾਨਾ ਮਹੱਲ ਆਉਂਦਾ ਹੈ।ਇਸ ਵਿੱਚ ਸ਼ਰਬਤ ਵਿਲਾਸ ਅਤੇ ਬ੍ਰਜ ਵਿਲਾਸ ਸਥਿਤ ਹੈ। ਇੱਥੇ ਮਹਾਰਾਜਾ ਭੂਪਾਲ ਸਿੰਘ ਦੀ ਮਹਾਰਾਣੀ ਦਾ ਨਿਵਾਸ ਸੀ। ਇਸ ਮਹੱਲ ਨੂੰ ਉਸੇ ਰੂਪ ਵਿੱਚ ਰੱਖਿਆ ਗਿਆ ਹੈ। ਇਸ ਮਹੱਲ ਵਿੱਚ ਮਹਾਰਾਣੀ ਦੁਆਰਾ ਉਪਯੋਗ ਕੀਤੀਆਂ ਜਾਂਦੀਆਂ ਰਹੀਆਂ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਦੇ ਨਜ਼ਦੀਕ ‘ਭੂਪਾਲ ਵਿਲਾਸ’ ਹੈ। ਇਸ ਨੂੰ ਵੀ ਉਸੇ ਰੂਪ ਵਿੱਚ ਰੱਖਿਆ ਗਿਆ ਹੈ। ਜ਼ਨਾਨਾ ਮਹੱਲ ਵਿੱਚ ਵੱਖ ਵੱਖ ਗੈਲਰੀਆਂ ਦਾ ਨਿਰਮਾਣ ਕੀਤਾ ਗਿਆ ਹੈ। ਇੱਥੇ ਵੱਖ ਵੱਖ ਮੂਰਤੀਆਂ, ਬਸਤਰ, ਸੰਗੀਤਕ ਯੰਤਰ, ਪਾਲਕੀਆਂ ਆਦਿ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ।
‘ਮੋਤੀ ਮਹੱਲ’ ਜਾਂ ‘ਪਰਲ ਪੈਲਸ’ ਰੰਗੀਨ ਕੱਚ ਅਤੇ ਸ਼ੀਸ਼ਿਆਂ ਦੀ ਵਰਤੋਂ ਕਾਰਨ ਕਾਫ਼ੀ ਸੁੰਦਰ ਹੈ ਅਤੇ ਇਨ੍ਹਾਂ ਵਿੱਚੋਂ ਅੰਦਰ ਆਉਂਦਾ ਪ੍ਰਕਾਸ਼ ਇਸ ਨੂੰ ਅਨੋਖੀ ਸੁੰਦਰਤਾ ਪ੍ਰਦਾਨ ਕਰਦਾ ਹੈ। ਇਹ ਮਹਾਰਾਜਿਆਂ ਦਾ ਨਿੱਜੀ ਨਿਵਾਸ ਸਥਾਨ ਸੀ। ਇਸ ਦੇ ਨਜ਼ਦੀਕ ਮਹਾਰਾਜਾ ਭੀਮ ਸਿੰਘ ਨੇ ਭੀਮ ਨਿਵਾਸ ਦਾ ਢਾਂਚਾ ਵੀ ਜੋੜਿਆ। ਪੀਤਮ ਨਿਵਾਸ ਮਹਾਰਾਜਾ ਗੋਪਾਲ ਸਿੰਘ ਦੁਆਰਾ ਉਪਯੋਗ ਕੀਤਾ ਜਾਂਦਾ ਮਹੱਲ ਹੈ। ਇੱਥੇ ਉਸ ਦੁਆਰਾ ਉਪਯੋਗ ਕੀਤੀ ਜਾਂਦੀ ਵੀਲ੍ਹ ਚੇਅਰ ਅਤੇ ਦੂਸਰਾ ਸਾਮਾਨ ਮੌਜੂਦ ਹੈ। ਮੋਤੀ ਮਹੱਲ ਮਰਦਾਨਾ ਭਾਗ ਦਾ ਅੰਤਿਮ ਭਾਗ ਹੈ। ਮੌਜੂਦਾ ਸਮੇਂ ਸ਼ੰਭੂਕ ਨਿਵਾਸ ਰਾਜ ਪਰਿਵਾਰ ਦੀ ਨਿੱਜੀ ਰਿਹਾਇਸ਼ ਹੈ। ਇਸ ਤੋਂ ਇਲਾਵਾ ‘ਫਤਹਿ ਪ੍ਰਕਾਸ਼ ਮਹੱਲ’ ਅਤੇ ‘ਸ਼ਿਵ ਨਿਵਾਸ ਮਹੱਲ’ ਨੂੰ ਵਿਰਾਸਤੀ ਹੋਟਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਿਟੀ ਪੈਲੇਸ ਉਦੈਪੁਰ ਨੂੰ 1969 ਵਿੱਚ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਹੁਣ ਇਸ ਮਹੱਲ ਦਾ ਪ੍ਰਬੰਧ ਮਹਾਰਾਣਾ ਆਫ ਮੇਵਾੜ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਦੇ ਸੈਲਾਨੀ ਇੱਥੇ ਹਰ ਸਾਲ ਆ ਕੇ ਇਸ ਦੀ ਸੁੰਦਰਤਾ ਦਾ ਆਨੰਦ ਮਾਣਦੇ ਹਨ।
ਸੰਪਰਕ: 94178-32908