ਸਤਿਆਵਤੀ ਮਲਿਕ
“ਹਾਇ ਜੀ…ਹਾਇ…! ਮਾਂ…ਹਾਇ…ਹਾਇ!” ਇੱਕ ਵਾਰ, ਦੋ ਵਾਰ ਪਰ ਤੀਜੀ ਵਾਰ ‘ਹਾਇ! ਹਾਇ!’ ਦੀ ਤਰਸ ਭਰੀ ਆਵਾਜ਼ ਸਵਿਤ੍ਰੀ ਸਹਿ ਨਾ ਸਕੀ। ਕਾਰਬਨ ਪੇਪਰ ਅਤੇ ਨਮੂਨੇ ਦੀ ਕਾਪੀ ਉੱਥੇ ਮੇਜ਼ ’ਤੇ ਸੁੱਟ ਕੇ ਉਸ ਨੇ ਉਸੇ ਵੇਲੇ ਗ਼ੁਸਲਖ਼ਾਨੇ ਦੇ ਦਰਵਾਜ਼ੇ ਦੇ ਬਾਹਰ ਖੜ੍ਹੇ ਕਮਲ ਨੂੰ ਗੋਦੀ ਚੁੱਕ ਲਿਆ ਅਤੇ ਪੁਚਕਾਰਦਿਆਂ ਬੋਲੀ, “ਬੇਟਾ, ਸਵੇਰੇ-ਸਵੇਰੇ ਨਹੀਂ ਰੋਂਦੇ ਹੁੰਦੇ।”
“ਤਾਂ ਫੇਰ ਨਿਰਮਲਾ ਮੇਰਾ ਗਾਣਾ ਕਿਉਂ ਗਾਉਂਦੀ ਐ ਤੇ ਉਹਨੇ ਮੇਰੀ ਸਾਰੀ ਕਮੀਜ਼ ਛਿੱਟੇ ਮਾਰ ਕੇ ਗਿੱਲੀ ਕਿਉਂ ਕੀਤੀ ਐ?”
ਬਾਥਰੂਮ ਵਿੱਚ ਅਜੇ ਵੀ ਤਿੱਖੀ ਜਿਹੀ ਆਵਾਜ਼ ਵਿੱਚ ਨਿਰਮਲਾ ਗੁਣਗੁਣਾ ਰਹੀ ਸੀ, “ਇੱਕ…ਮੁੰਡਾ…ਐ… ਉਹ ਰੋਂਦਾ… ਰਹਿੰਦਾ ਐ…।”
“ਬੜੀ ਦੁਸ਼ਟ ਐ, ਇਹ ਕੁੜੀ। ਨ੍ਹਾ ਕੇ ਬਾਹਰ ਤਾਂ ਨਿਕਲੇ, ਐਨਾ ਕੁਟਾਂਗੀ ਕਿ ਪਤਾ ਲੱਗ ਜਾਊ ਇਹਨੂੰ।” ਮਾਂ ਦੀ ਗੱਲ ਸੁਣ ਕੇ ਕਮਲ ਕੱਪੜੇ ਬਦਲਣ ਚਲਾ ਗਿਆ।
ਪਤਾ ਨਹੀਂ ਕਿੰਨੀਆਂ ਸ਼ੁਭ ਇਛਾਵਾਂ, ਭਾਵਨਾਵਾਂ ਅਤੇ ਅਸ਼ੀਰਵਾਦ ਲੈ ਕੇ ਸਵਿਤ੍ਰੀ ਨੇ ਆਪਣੇ ਭਰਾ ਦੇ ਜਨਮ ਦਿਨ ’ਤੇ ਤੋਹਫ਼ਾ ਭੇਜਣ ਲਈ ਇੱਕ ਸਫ਼ੈਦ ਰੇਸ਼ਮੀ ਕੱਪੜੇ ’ਤੇ ਤਿਤਲੀ ਦਾ ਸੁੰਦਰ ਚਿੱਤਰ ਵਾਹਿਆ ਹੈ। ਫਿੱਕਾ ਪੀਲਾ, ਨੀਲਾ, ਸੁਨਹਿਰੀ ਅਤੇ ਗੂੜ੍ਹਾ ਲਾਲ ਰੇਸ਼ਮੀ ਧਾਗਾ ਅਤੇ ਨਾਲ ਹੀ ਪਤਾ ਨਹੀਂ ਕਿੰਨੀਆਂ ਮਿੱਠੀਆਂ ਯਾਦਾਂ ਵੀ ਉਸ ਦੇ ਮਨ ਵਿੱਚ ਉੱਠ ਰਹੀਆਂ ਹਨ ਅਤੇ ਕਿੰਨੇ ਜੰਗਲ, ਪਹਾੜ, ਨਦੀ, ਨਾਲੇ ਤੇ ਮੈਦਾਨਾਂ ਤੋਂ ਪਾਰ ਦੂਰੋਂ ਇੱਕ ਮੁਖੜਾ ਵਾਰ-ਵਾਰ ਅੱਖਾਂ ਅੱਗੇ ਆ ਕੇ ਉਸ ਦੇ ਰੋਮ-ਰੋਮ ਨੂੰ ਆਨੰਦ ਦੇ ਰਿਹਾ ਹੈ। ਕਦੇ ਅਜਿਹਾ ਵੀ ਲੱਗਦਾ ਹੈ ਜਿਵੇਂ ਸਾਹਮਣੇ ਦੀਵਾਰ ’ਤੇ ਟੰਗੀ ਨਰਿੰਦਰ ਦੀ ਤਸਵੀਰ ਹੱਸ ਕੇ ਬੋਲ ਪਵੇਗੀ। ਸਵਿਤ੍ਰੀ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਆ ਗਏ। ਤਿਤਲੀ ਦਾ ਇਕ ਖੰਭ ਕੱਢ ਚੁੱਕੀ ਹੈ ਪਰ ਦੂਜਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਮਲ ਦੀਆਂ ਸਿਸਕੀਆਂ ਅਤੇ ਹੰਝੂਆਂ ਨੇ ਸਵਿਤ੍ਰੀ ਨੂੰ ਉੱਥੋਂ ਉੱਠਣ ਲਈ ਮਜਬੂਰ ਕਰ ਦਿੱਤਾ।
ਸਕੂਲ ਦੀਆਂ ਚੀਜ਼ਾਂ ਨੂੰ ਬੈਗ ਵਿੱਚ ਪਾਉਂਦੇ ਹੋਏ ਨਿਰਮਲਾ ਦੇ ਕੋਲ ਖੜ੍ਹੇ ਹੋ ਕੇ ਸਵਿਤ੍ਰੀ ਨੇ ਗੁੱਸੇ ਵਿੱਚ ਕਿਹਾ, “ਨਿਰਮਲਾ ਤੈਨੂੰ ਸ਼ਰਮ ਨਹੀਂ ਆਉਂਦੀ? ਏਨੀ ਵੱਡੀ ਹੋ ਗਈ ਐਂ! ਕਮਲ ਤੇਰੇ ਤੋਂ ਪੂਰੇ ਚਾਰ ਸਾਲ ਛੋਟਾ ਐ। ਕਿਸੇ ਚੀਜ਼ ਨੂੰ ਛੂਹਣ ਤਕ ਨਹੀਂ ਦਿੰਦੀ। ਹਰ ਵੇਲੇ ਉਹ ਵਿਚਾਰਾ ਰੋਂਦਾ ਰਹਿੰਦੈ। ਜੇ ਉਸ ਨੇ ਤੇਰੇ ਪੈਨਸਿਲ ਬਾਕਸ ਨੂੰ ਚੁੱਕ ਕੇ ਦੇਖ ਲਿਆ ਤਾਂ ਕੀ ਹੋਇਆ?”
ਨਿਰਮਲਾ ਸਿਰ ਝੁਕਾਈ ਮੁਸਕਰਾ ਰਹੀ ਸੀ। ਇਹ ਦੇਖ ਕੇ ਸਵਿਤ੍ਰੀ ਦਾ ਪਾਰਾ ਹੋਰ ਵੀ ਚੜ੍ਹ ਗਿਆ। ਉਸ ਨੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, “ਵੱਡੀ ਹੋਏਂਗੀ ਤਾਂ ਪਤਾ ਲੱਗੇਗਾ, ਜਦੋਂ ਇਨ੍ਹਾਂ ਦੁਰਲੱਭ ਸੂਰਤਾਂ ਨੂੰ ਵੇਖਣ ਲਈ ਤਰਸੇਂਗੀ। ਭੈਣ-ਭਰਾ ਹਮੇਸ਼ਾ ਇਕੱਠੇ ਨਹੀਂ ਰਹਿੰਦੇ।”
ਮਾਂ ਦੀਆਂ ਝਿੜਕਾਂ ਨੇ ਬੱਚੀ ਨੂੰ ਉਲਝਣ ਵਿੱਚ ਪਾ ਦਿੱਤਾ। ਉਹ ਕੇਵਲ ਮਾਂ ਦਾ ਗੁੱਸੇ ਭਰਿਆ ਚਿਹਰਾ ਇੱਕ ਟੱਕ ਗੰਭੀਰ ਹੋ ਕੇ ਹੈਰਾਨੀ ਨਾਲ ਦੇਖਦੀ ਰਹੀ। ਤਕਰੀਬਨ ਅੱਧੇ ਘੰਟੇ ਪਿੱਛੋਂ ਥੋੜ੍ਹਾ ਜਿਹਾ ਉਦਾਸ ਮੂੰਹ ਲਈ ਜਦੋਂ ਨਿਰਮਲਾ ਕਮਲ ਨੂੰ ਲੈ ਕੇ ਸਕੂਲ ਚਲੀ ਗਈ ਤਾਂ ਸਵਿਤ੍ਰੀ ਨੂੰ ਆਪਣਾ ਭਾਸ਼ਣ ਸਾਰਹੀਣ ਲੱਗਾ। ਉਸੇ ਵੇਲੇ ਉਸ ਨੂੰ ਕੁਝ ਸਾਲ ਪਹਿਲਾਂ ਦੀ ਗੱਲ ਯਾਦ ਆਈ ਕਿ ਉਹ ਨਰਿੰਦਰ ਨਾਲ ਕਿਉਂ ਰੁੱਸ ਗਈ ਸੀ? ਛੀ… ਇੱਕ ਨਿੱਕੀ ਜਿਹੀ ਗੱਲ ’ਤੇ… ਅੱਜ ਤਾਂ ਗੱਲ ਨਿੱਕੀ ਜਿਹੀ ਲੱਗਦੀ ਐ ਪਰ ਉਨ੍ਹਾਂ ਦਿਨਾਂ ਵਿੱਚ ਇੱਕ ਨਿੱਕੀ ਜਿਹੀ ਗੱਲ ਨੇ ਕਿੰਨਾ ਭਿਆਨਕ ਰੂਪ ਧਾਰਨ ਕਰ ਲਿਆ ਸੀ ਜਿਸ ਕਰਕੇ ਭੈਣ-ਭਰਾ ਨੇ ਇੱਕ-ਦੂਜੇ ਨਾਲ ਪੂਰਾ ਮਹੀਨਾ ਗੱਲ ਵੀ ਨਹੀਂ ਸੀ ਕੀਤੀ। ਉਹਦੇ ਚਿਹਰੇ ’ਤੇ ਇਕਦਮ ਖ਼ੁਸ਼ੀ ਆ ਗਈ ਜਦੋਂ ਉਸ ਨੂੰ ਯਾਦ ਆਇਆ, ਨਰਿੰਦਰ ਦਾ ਦਿਨ-ਰਾਤ ਨਵੇਂ-ਨਵੇਂ ਰਿਕਾਰਡ ਲਿਆ ਕੇ ਗ੍ਰਾਮੋਫੋਨ ’ਤੇ ਵਜਾਉਣਾ ਅਤੇ ਇੱਕ ਦੋਸਤ ਤੋਂ ਦੂਰਬੀਨ ਲੈ ਕੇ ਆਉਂਦੇ ਜਾਂਦੇ ਭੈਣ ਦੇ ਕਮਰੇ ਵੱਲ ਵੇਖਣਾ ਕਿ ਕਿਸੇ ਤਰ੍ਹਾਂ ਇਨ੍ਹਾਂ ਦੋਵੇਂ ਚੀਜ਼ਾਂ ਦਾ ਸਵਿਤ੍ਰੀ ’ਤੇ ਪ੍ਰਭਾਵ ਪੈਂਦਾ ਹੈ ਜਾਂ ਨਹੀਂ। ਉਸ ਨੂੰ ਇਹ ਵੀ ਯਾਦ ਕਰ ਕੇ ਖ਼ੂਬ ਹਾਸਾ ਆਇਆ ਕਿ ਕਿਵੇਂ ਮੌਨ ਧਾਰਨ ਕਰੀ ਉਹ ਮਠਿਆਈ ਦੀ ਪਲੇਟ ਨਰਿੰਦਰ ਦੇ ਕਮਰੇ ਵਿੱਚ ਰੱਖ ਆਉਂਦੀ ਸੀ।
ਮੇਜ਼ਪੋਸ਼ ਫਿਰ ਹੱਥ ਵਿੱਚ ਲੈ ਕੇ ਸਵਿਤ੍ਰੀ ਨੇ ਮਨ ਵਿੱਚ ਹੀ ਸੋਚਿਆ ਕਿ ਅੱਗੇ ਤੋਂ ਬੱਚਿਆਂ ਨੂੰ ਬਿਲਕੁਲ ਨਹੀਂ ਝਿੜਕੇਗੀ ਪਰ ਇੱਧਰ ਬਾਰਾਂ ਵਜੇ ਦੀ ਅੱਧੀ ਛੁੱਟੀ ਦੌਰਾਨ ਖਾਣੇ ਦੇ ਸਮੇਂ ਕਮਲ ਵੱਲੋਂ ਫਿਰ ਕਈ ਸ਼ਿਕਾਇਤਾਂ ਤਿਆਰ ਸਨ, “ਨਿਰਮਲਾ ਮੈਨੂੰ ਆਪਣੇ ਨਾਲ ਨਹੀਂ ਚੱਲਣ ਦਿੰਦੀ, ਪਿੱਛੇ ਛੱਡ ਆਉਂਦੀ ਐ। ਮੇਰੇ ਨਾਂ ’ਤੇ ਗਾਣਾ ਗਾਉਂਦੀ ਐ ਤੇ ਮੈਨੂੰ ਗਧਾ ਕਹਿੰਦੀ ਐ।” ਮਾਮਲਾ ਗੰਭੀਰ ਨਹੀਂ ਸੀ ਅਤੇ ਦਿਨ ਹੁੰਦਾ ਤਾਂ ਸ਼ਾਇਦ ਨਿਰਮਲਾ ਦੀਆਂ ਇਨ੍ਹਾਂ ਸ਼ਰਾਰਤਾਂ ਨੂੰ ਸਵਿਤ੍ਰੀ ਹੱਸ ਕੇ ਟਾਲ ਦਿੰਦੀ ਪਰ ਉਹ ਸ਼ਰਾਰਤੀ ਕੁੜੀ ਸਵੇਰ ਤੋਂ ਹੀ ਜ਼ਰੂਰੀ ਕੰਮਾਂ ਵਿੱਚ ਵਾਰ-ਵਾਰ ਰੁਕਾਵਟ ਪਾ ਰਹੀ ਹੈ। ਇੱਕ ਹਲਕੀ ਜਿਹੀ ਚਪੇੜ ਨਿਰਮਲਾ ਦੇ ਲਾਉਂਦਿਆਂ ਮਾਂ ਨੇ ਝਿੜਕ ਕੇ ਕਿਹਾ, “ਬਸ, ਕੱਲ੍ਹ ਹੀ ਸਕੂਲੋਂ ਤੇਰਾ ਨਾਂ ਕਟਵਾ ਦਿਆਂਗੇ। ਇਹ ਸਭ ਅੰਗਰੇਜ਼ੀ ਸਕੂਲ ਦੀ ਸਿੱਖਿਆ ਦਾ ਨਤੀਜਾ ਹੈ। ਨਿੱਕੀ ਜਿਹੀ ਕੁੜੀ ਨੇ ਘਰ ਸਿਰ ’ਤੇ ਚੁੱਕ ਰੱਖਿਐ। ਹੁਣੇ ਭੈਣ-ਭਰਾਵਾਂ ਦੀ ਸੂਰਤ ਚੰਗੀ ਨਹੀਂ ਲਗਦੀ। ਵੱਡੀ ਹੋ ਕੇ ਪਤਾ ਨਹੀਂ ਕੀ ਕਰੇਗੀ?” ਫਿਰ ਥਾਲੀ ਵਿੱਚ ਪੂਰੀ ਰੋਟੀ ਰੱਖਦਿਆਂ ਕਿਹਾ, “ਦੇਖ ਨਿਰਮਲਾ ਜਦੋਂ ਮੈਂ ਤੇਰੇ ਜਿੱਡੀ ਸੀ, ਕਦੇ ਆਪਣੇ ਮਾਤਾ-ਪਿਤਾ ਨੂੰ ਦੁੱਖ ਨਹੀਂ ਸੀ ਦਿੰਦੀ’’ ਪਰ ਇਹ ਗੱਲ ਕਹਿੰਦੇ ਹੀ ਸਵਿਤ੍ਰੀ ਅੰਦਰੋਂ-ਅੰਦਰੀ ਝਿਜਕ ਗਈ
“ਅਸੀਂ ਦੋਵੇਂ ਸੀਤਾ ਦੇ ਘਰੋਂ ਜਲੂਸ ਦੇਖਾਂਗੇ, ਮਾਂ!” ਕਮਲ ਨੇ ਮਿੱਠੇ ਬੋਲਾਂ ਨਾਲ ਆਗਿਆ ਮੰਗੀ।
“ਨਹੀਂ ਜੀ, ਕੀ ਆਪਣੇ ਘਰੋਂ ਨਹੀਂ ਦਿਸਦਾ?” ਦਰਵਾਜ਼ੇ ਦੇ ਪਿੱਛੇ ਨਿਰਮਲਾ ਖੜ੍ਹੀ ਸੀ।
“ਕਿੰਨੀ ਚਲਾਕ ਕੁੜੀ ਐ… ਇਸ ਗਰੀਬ ਨੂੰ ਅੱਗੇ ਕਰਦੀ ਐ, ਜਦੋਂ ਆਪ ਕੁਝ ਕਹਿਣਾ ਹੁੰਦੈ। ਜਾਉ ਜੇ ਜਾਣਾ ਐ ਤਾਂ।” ਸਵਿਤ੍ਰੀ ਨੇ ਝੁੰਜਲਾ ਕੇ ਕਿਹਾ।
ਪੰਜ ਵਜੇ ਮੁਹੱਰਮ ਦਾ ਜਲੂਸ ਨਿਕਲਣ ਵਾਲਾ ਸੀ। ਕੁਝ ਮਿੰਟਾਂ ’ਚ ਚੌਰਾਹੇ ’ਤੇ ਸੈਂਕੜੇ ਲੋਕ ਇਕੱਠੇ ਹੋ ਗਏ। ਸਵਿਤ੍ਰੀ ਦਾ ਧਿਆਨ ਕਦੇ ਕਾਲੇ, ਹਰੇ, ਰੰਗ-ਬਰੰਗੇ ਕੱਪੜੇ ਪਾਈ ਲੋਕਾਂ ’ਤੇ ਅਤੇ ਕਦੇ ਜਲੂਸ ਕਰਕੇ ਰੁਕੀਆਂ ਕਾਰਾਂ ਵਿੱਚ ਬੈਠੇ ਲੋਕਾਂ ਵੱਲ ਜਾ ਰਿਹਾ ਸੀ ਅਤੇ ਇਧਰ ਬੱਚੀ ਨਿਰਮਲਾ ਦੇ ਹੋਸ਼-ਹਵਾਸ ਇਕਦਮ ਗੁੰਮ ਹੋ ਗਏ, ਜਦੋਂ ਉਸ ਨੂੰ ਸਾਰੇ ਘਰ ਵਿੱਚ ਕਮਲ ਦਾ ਪਰਛਾਵਾਂ ਨਾ ਦਿਸਿਆ। ਹੈਰਾਨ ਜਿਹੀ ਹੋਈ ਉਹ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਅਤੇ ਫਿਰ ਬਰਾਂਡੇ ਵਿੱਚ ਖੰਭਹੀਣ ਪੰਛੀ ਵਾਂਗ ਦੌੜਣ ਲੱਗੀ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਉਸ ਨੂੰ ਸਭ ਕੁਝ ਸੁੰਨਸਾਨ ਜਾਪਣ ਲੱਗਾ। ਉਹ ਮਾਂ ਤੋਂ ਕਈ ਵਾਰ ਭੀੜ ਵਿੱਚ ਛੋਟੇ ਬੱਚੇ ਗੁੰਮ ਹੋ ਜਾਣ ਦਾ ਹਾਲ ਸੁਣ ਚੁੱਕੀ ਸੀ। …ਹਾਇ …ਉਸ ਦਾ ਭਰਾ …ਕਮਲ …ਉਹ ਕੀ ਕਰੇ?
ਥੱਲੇ ਸੜਕ ’ਤੇ ਤਰ੍ਹਾਂ-ਤਰ੍ਹਾਂ ਦੇ ਖਿਡੌਣੇ, ਨਵੀਂ-ਨਵੀਂ ਕਿਸਮ ਦੇ ਗ਼ੁਬਾਰੇ, ਕਾਗਜ਼ ਦੇ ਪੱਖੇ, ਪਤੰਗ ਅਤੇ ਭਿੰਨ-ਭਿੰਨ ਸੁਰਾਂ ਵਾਲੇ ਵਾਜੇ ਲਿਆ ਕੇ ਵੇਚਣ ਵਾਲਿਆਂ ਨੇ ਬਾਲ ਜਗਤ ਅੱਗੇ ਖਿੱਚ ਦਾ ਜਾਲ ਵਿਛਾ ਰੱਖਿਆ ਹੈ। ਕੁਝ ਦੂਰੀ ਤੋਂ ਰਸਤੇ ਵਿਚ ਡਮ-ਡਮਾ-ਡਮ ਢੋਲ-ਵਾਜਿਆਂ ਦੀ ਆਵਾਜ਼ ਵਧਦੀ ਆ ਰਹੀ ਹੈ। ਨਿਰਮਲ ਇਨ੍ਹਾਂ ਮਨਭਾਉਣ ਵਾਲੀਆਂ ਚੀਜ਼ਾਂ ਨੂੰ ਛੱਡ ਕੇ ਭੀੜ ਚੀਰਦੀ ਸੀਤਾ ਦੇ ਘਰ ਵੀ ਹੋ ਆਈ ਪਰ ਕਮਲ ਉੱਥੇ ਵੀ ਨਹੀਂ ਹੈ। ਰੋਂਦਿਆਂ-ਰੋਂਦਿਆਂ ਨਿਰਮਲਾ ਦੀਆਂ ਅੱਖਾਂ ਸੁੱਜ ਗਈਆਂ। ਚਿਹਰਾ ਚਿੱਟਾ ਪੈ ਗਿਆ। ਅਖ਼ੀਰ ਹਟਕੋਰੇ ਭਰਦੀ ਭਰੇ ਗਲੇ ਨਾਲ ਮਾਂ ਕੋਲ ਜਾ ਕੇ ਬੋਲੀ, “ਕਮਲ…ਕਮਲ ਤਾਂ ਸੀਤਾ ਦੇ ਘਰ ਨਹੀਂ ਹੈ।”
ਸਵਿਤ੍ਰੀ ਦਾ ਸਰੀਰ ਇਕਦਮ ਕੰਬ ਗਿਆ। ਉਸੇ ਵੇਲੇ ਭੀੜ, ਮੋਟਰ ਅਤੇ ਗੱਡੀਆਂ ਦੇ ਡਰ ਨਾਲ ਕਈ ਡਰਾਉਣੇ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਆ ਗਏ ਪਰ ਉਹ ਆਪਣੇ ਮੁੰਡੇ ਦੀ ਰਗ-ਰਗ ਤੋਂ ਜਾਣੂੰ ਸੀ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਕਮਲ ਜ਼ਰੂਰ ਕਿਤੇ ਨਾ ਕਿਤੇ ਖੜ੍ਹਾ ਜਾਂ ਨੌਕਰ ਨਾਲ ਜਲੂਸ ਵੇਖ ਰਿਹਾ ਹੋਵੇਗਾ। ਫੇਰ ਵੀ ਉਸ ਨੇ ਜ਼ੋਰ-ਜ਼ੋਰ ਦੀ ਰੋਂਦੀ ਨਿਰਮਲਾ ਨੂੰ ਆਪਣੇ ਗਲ ਨਾਲ ਨਾ ਲਾਇਆ ਅਤੇ ਨਾ ਹੀ ਹੌਸਲਾ ਦਿੱਤਾ। ਧੀਰਜ ਦੇਣ ਵਾਲਾ ਇੱਕ ਵੀ ਸ਼ਬਦ ਨਾ ਕਹਿ ਕੇ ਸਗੋਂ ਉਸ ਨੇ ਧੀ ਵੱਲ ਹੈਰਾਨੀ ਨਾਲ ਵੇਖਿਆ ਜਿਵੇਂ ਆਪਣੀ ਕੁੜੀ ਦੇ ਰੋਣੇ ਨੂੰ ਸਮਝਣ ਦਾ ਯਤਨ ਕਰ ਰਹੀ ਹੋਵੇ। ਰਹਿ-ਰਹਿ ਕੇ ਇੱਕ ਸੰਦੇਹ ਉਸ ਦੇ ਮਨ ਵਿੱਚ ਪੈਦਾ ਹੋਣ ਲੱਗਾ, “ਮੈਥੋਂ ਜ਼ਿਆਦਾ, ਭਲਾਂ ਮਾਂ ਦੇ ਦਿਲ ਨਾਲੋਂ ਜ਼ਿਆਦਾ… ਕਿਸੇ ਹੋਰ ਨੂੰ ਦਰਦ ਜਾਂ ਚਿੰਤਾ ਹੋ ਸਕਦੀ ਐ? ਤੇ ਇਹ ਨਿਰਮਲਾ ਤਾਂ ਦਿਨ-ਰਾਤ ਕਮਲ ਨੂੰ ਸਤਾਉਂਦੀ ਰਹਿੰਦੀ ਐ।”
ਜਲੂਸ ਖ਼ਤਮ ਹੋ ਗਿਆ। ਨਾਲ ਹੀ ਦਰਸ਼ਕਾਂ ਦੀ ਭੀੜ ਵੀ ਇੱਧਰ-ਓਧਰ ਹੋਣ ਲੱਗ ਪਈ। ਕਾਰਾਂ ਫਿਰ ਆਉਣ-ਜਾਣ ਲੱਗ ਪਈਆਂ। ਸਾਹਮਣੇ ਹੀ ਫੁਟਪਾਥ ’ਤੇ ਸਫ਼ੈਦ ਨਿੱਕਰ ਪਾਈ ਅਤੇ ਸਫ਼ੈਦ ਕਮੀਜ਼ ਪਾਈ ਗੁਆਂਢੀ ਡਾਕਟਰ ਸਾਹਿਬ ਦਾ ਹੱਥ ਫੜੀ ਨਿੱਕਾ ਬਾਲ ਘਰ ਆਉਂਦਾ ਦਿਸਿਆ।
ਪੌੜੀਆਂ ਵਿੱਚ ਫਿਰ ਸਿਸਕਣ ਦੀ ਆਵਾਜ਼ ਸੁਣ ਕੇ ਸਵਿਤ੍ਰੀ ਮੰਤਰ-ਮੁਗਧ ਹੋ ਗਈ। ਕਮਲ ਨੂੰ ਘੁੱਟ ਕੇ ਜੱਫੀ ਪਾਈ ਨਿਰਮਲਾ ਦੁੱਗਣੀ ਆਵਾਜ਼ ਵਿੱਚ ਰੋ ਰਹੀ ਹੈ। ਉਸ ਦੀਆਂ ਕੋਮਲ ਗੁਲਾਬੀ ਗੱਲਾਂ ਮੋਟੇ-ਮੋਟੇ ਹੰਝੂਆਂ ਨਾਲ ਭਿੱਜੀਆਂ ਹੋਈਆਂ ਹਨ ਅਤੇ ਵਾਰ-ਵਾਰ ਕਮਲ ਦਾ ਮੂੰਹ ਚੁੰਮਦੀ ਕਹਿ ਰਹੀ ਹੈ, “ਪਾਗਲ ਜਿਹਾ! ਕਿੱਥੇ ਚਲਾ ਗਿਆ ਸੀ ਤੂੰ ਗਧਿਆ? ਤੂੰ ਕਿੱਥੇ ਚਲਾ ਗਿਆ ਸੀ…?”
ਸਵਿਤ੍ਰੀ ਦਾ ਦਿਲ ਭਰ ਆਇਆ। ਪਵਿੱਤਰ ਪਿਆਰ ਵਾਲੇ ਇਸ ਰਿਸ਼ਤੇ ਨੂੰ ਵੇਖ ਕੇ ਅਨੰਦ ਦੀ ਇੱਕ ਲਹਿਰ ਉਸ ਅੰਦਰ ਦੌੜ ਗਈ। ਅੱਖਾਂ ’ਚ ਹੰਝੂ ਲਈ ਉਸ ਨੇ ਕਮਲ ਦੀ ਥਾਂ ਨਿਰਮਲਾ ਨੂੰ ਛਾਤੀ ਨਾਲ ਲਾ ਕੇ ਉਸ ਦਾ ਮੂੰਹ ਚੁੰਮ ਲਿਆ ਅਤੇ ਕਮਲ ਨੂੰ ਕਹਿਣ ਲੱਗੀ, “ਬੇਟਾ, ਭੈਣ ਨੂੰ ਪਿਆਰ ਕਰ। ਦੇਖ ਇਹ ਤੇਰੀ ਖ਼ਾਤਰ ਕਿਵੇਂ ਰੋ ਰਹੀ ਐ ਤੇ ਤੂੰ ਬਿਨਾ ਦੱਸੇ ਕਿੱਥੇ ਚਲਾ ਗਿਆ ਸੈਂ?”
ਨਿਰਮਲਾ ਲਈ ਮਾਂ ਦੀ ਮਮਤਾ ਦੇਖ ਕਮਲ ਬੋਲਿਆ, “ਤਾਂ ਕੀ ਮੈਂ ਉੱਥੇ ਨਹੀਂ ਸੀ ਰੋਇਆ?”
“ਤੁਸੀਂ ਕਿਉਂ ਰੋਏ ਸੀ, ਲਾਲ ਜੀ…?” ਮਾਂ ਨੇ ਲਾਡ ਨਾਲ ਪੁੱਛਿਆ।
“ਮੈਂ ਗ਼ੁਬਾਰਾ ਲੈਣਾ ਸੀ ਪਰ ਮੇਰੇ ਕੋਲ ਪੈਸੇ ਹੈ ਨਹੀਂ ਸੀ।”
ਨਿਰਮਲਾ ਨੇ ਦੌੜ ਕੇ ਆਪਣੀ ਜਮ੍ਹਾਂ ਕੀਤੀ ਚਵਾਨੀ ਦੇ ਪੈਸਿਆਂ ਵਿੱਚੋਂ ਦੋ ਗ਼ੁਬਾਰੇ ਅਤੇ ਕਾਗਜ਼ ਦੇ ਖਿਡੌਣੇ ਕਮਲ ਨੂੰ ਲਿਆ ਕੇ ਦੇ ਦਿੱਤੇ ਅਤੇ ਇੱਕ ਵਾਰ ਫਿਰ ਉਸ ਨੂੰ ਬਾਹਾਂ ਵਿੱਚ ਜਕੜ ਕੇ ਬੋਲੀ, “ਖੋਤਿਆ ਤੂੰ ਕਿੱਥੇ ਚਲਾ ਗਿਆ ਸੀ? ਬਿਨਾਂ ਦੱਸਿਆਂ ਕਿਉਂ ਚਲਾ ਗਿਆ ਸੀ?”
– ਅਨੁਵਾਦਕ : ਡਾ. ਰਾਜਵੰਤ ਕੌਰ ਪੰਜਾਬੀ
ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 85678-86223