ਜਸਵਿੰਦਰ ਸੁਰਗੀਤ
ਜ਼ਮੀਨੀ ਹਕੀਕਤ
ਸਕੂਲ ਵਿਚ ਅੱਧੀ ਛੁੱਟੀ ਹੋਣ ਦੀ ਘੰਟੀ ਵੱਜ ਚੁੱਕੀ ਸੀ। ਸਰਦੀਆਂ ਦੇ ਮੌਸਮ ਵਿਚ ਆਰਾਮ ਨਾਲ ਸਕੂਲ ਦੇ ਮੈਦਾਨ ਵਿਚ ਬੈਠਾ ਆਸੇ ਪਾਸੇ ਖੇਡਦੇ ਬੱਚੇ ਦੇਖ ਰਿਹਾ ਸਾਂ। ਡਿੱਗਦੇ, ਉੱਠਦੇ, ਢਹਿੰਦੇ ਬੱਚਿਆਂ ਦੀਆਂ ਕਿਲਕਾਰੀਆਂ ਨੇ ਅਜਬ ਜਿਹਾ ਸ਼ੋਰ ਛੇੜਿਆ ਹੋਇਆ ਸੀ। ਇਹ ਸ਼ੋਰ ਮੇਰੇ ਕੰਨਾਂ ਨੂੰ ਖਾ ਨਹੀਂ ਰਿਹਾ ਸੀ ਸਗੋਂ ਭਾਅ ਰਿਹਾ ਸੀ। ਇੰਨੇ ਨੂੰ ਇਕ ਆਵਾਜ਼ ਨੇ ਮੇਰੀ ਬਿਰਤੀ ਭੰਗ ਕਰ ਦਿੱਤੀ। ਦਸਵੀਂ ਜਮਾਤ ਦਾ ਇਕ ਵਿਦਿਆਰਥੀ ਮੈਨੂੰ ਮੁਖ਼ਾਤਬਿ ਸੀ: ‘‘ਸਰ, ਛੁੱਟੀ ਚਾਹੀਦੀ ਐ।’’ ਮੈਂ ਉਸ ਨੂੰ ਛੁੱਟੀ ਦਾ ਕਾਰਨ ਪੁੱਛਿਆ। ‘‘ਸਰ, ਘਰੇ ਕੰਮ ਐ।’’ ‘‘ਕੀ ਕੰਮ ਐ?’’ ਮੇਰਾ ਅਗਲਾ ਸੁਆਲ ਸੀ। ਪਹਿਲਾਂ ਤਾਂ ਬੱਚਾ ਚੁੱਪ ਕਰ ਗਿਆ, ਪਰ ਫਿਰ ਨੀਵੀਂ ਜਿਹੀ ਪਾ ਕੇ ਦੱਸਣ ਲੱਗਾ ਕਿ ਉਸ ਨੇ ਆਪਣੇ ਪਿਤਾ ਨਾਲ ਜੇਲ੍ਹ ਵਿਚ ਮੁਲਾਕਾਤ ਕਰਨ ਜਾਣਾ ਹੈ, ਪਿਛਲੇ ਦਿਨੀਂ ਉਸ ਦੀ ਗੁਆਂਢੀ ਨਾਲ ਇਕ ਸਾਂਝੀ ਕੰਧ ਪਿੱਛੇ ਤਕਰਾਰ ਹੋ ਗਈ ਸੀ। ਜਿਹੜੀ ਵੱਡੀ ਲੜਾਈ ਦਾ ਰੂਪ ਧਾਰਨ ਕਰ ਗਈ ਸੀ। ਗੁਆਂਢੀ ਜ਼ੋਰਾਵਰ ਸਨ। ਸੋ ਕਈ ਦਿਨਾਂ ਤੋਂ ਉਹ ਹਵਾਲਾਤੀ ਦੇ ਤੌਰ ’ਤੇ ਜੇਲ੍ਹ ਵਿਚ ਸੀ। ਮੈਂ ਛੁੱਟੀ ਦੇ ਦਿੱਤੀ ਤੇ ਦੁਬਾਰਾ ਫਿਰ ਦੁੜੰਗੇ ਮਾਰਦੇ ਬੱਚਿਆਂ ਦੀਆਂ ਕਿਲਕਾਰੀਆਂ ਵਿਚ ਲੀਨ ਹੋ ਗਿਆ।
‘‘ਸਰ, ਛੁੱਟੀ ਚਾਹੀਦੀ ਐ।’’ ਇਹ ਦਸਵੀਂ ਜਮਾਤ ਦੀ ਕੋਮਲਪ੍ਰੀਤ (ਕਲਪਿਤ ਨਾਮ) ਸੀ। ‘‘ਕਿਉਂ…, ਕਿਸ ਲਈ?’’ ਮੈਂ ਥੋੜ੍ਹੇ ਜਿਹੇ ਸਖ਼ਤ ਲਹਿਜੇ ਨਾਲ ਪੁੱਛਿਆ। ਬੱਚੀ ਪਹਿਲਾਂ ਤਾਂ ਘਬਰਾ ਗਈ, ਫਿਰ ਘੱਗੀ ਜਿਹੀ ਆਵਾਜ਼ ਵਿਚ ਬੋਲੀ, ‘‘ਸਰ, ਮੇਰੀ ਮੰਮੀ ਬਿਮਾਰ ਐ, ਘਰੇ ਹੋਰ ਕੋਈ ਨੀ।’’ ਬੱਚੀ ਦੀ ਇਸ ਤਰਲੇ ਭਰੀ ਆਵਾਜ਼ ਨੇ ਮੇਰਾ ਲਹਿਜਾ ਨਰਮ ਕਰ ਦਿੱਤਾ। ਮੈਂ ਉਸ ਦੇ ਸਿਰ ’ਤੇ ਹੱਥ ਧਰ ਕੇ ਪੁੱਛਿਆ, ‘‘ਬੇਟੇ, ਤੇਰੇ ਬਾਕੀ ਘਰ ਦੇ ਕਿੱਥੇ ਨੇ?’’ ਬੱਚੀ ਨੇ ਹਟਕੋਰੇ ਭਰਦੀ ਨੇ ਦੱਸਿਆ ਕਿ ਡੈਡੀ ਪਿਛਲੇ ਸਾਲ ਇਕ ਦੁਰਘਟਨਾ ਵਿਚ ਪੂਰੇ ਹੋ ਗਏ ਸਨ, ਦੋ ਭਰਾ ਦਿਹਾੜੀ ਕਰਨ ਜਾਂਦੇ ਹਨ ਤੇ ਹੁਣ ਉਸ ਦੀ ਮਾਂ ਕਈ ਦਿਨਾਂ ਤੋਂ ਬਿਮਾਰ ਹੈ। ਉਸ ਨੂੰ ਛੁੱਟੀ ਦੇਣ ਤੋਂ ਸਿਵਾਇ ਕੋਈ ਚਾਰਾ ਨਹੀਂ ਸੀ।
ਹੁਣ ਬੈਠੇ ਬੈਠੇ ਜੇਲ੍ਹ, ਮੁਲਾਕਾਤ, ਐਕਸੀਡੈਂਟ ਜਿਹੇ ਸ਼ਬਦ ਮਨ ਵਿਚ ਘੁੰਮਣ ਲੱਗੇ। ਬੱਚਿਆਂ ਦੀਆਂ ਕਿਲਕਾਰੀਆਂ ਕਿਧਰੇ ਵਿਸਰ ਗਈਆਂ। ਉਦਾਸੀ ਤੇ ਨਿਰਾਸ਼ਾ ਨੇ ਘੇਰ ਲਿਆ। ਏਨੇ ਨੂੰ ਸੇਵਾਦਾਰ ਚਾਹ ਦਾ ਕੱਪ ਦੇਣ ਆ ਗਿਆ। ਮੈਂ ਉਦਾਸ ਮਨ ਨਾਲ ਘੁੱਟਾਂ ਭਰਨ ਲੱਗਾ। ਅਜੇ ਦੋ ਤਿੰਨ ਘੁੱਟਾਂ ਹੀ ਭਰੀਆਂ ਸਨ ਕਿ ਕੰਨਾਂ ਵਿਚ ਫਿਰ ਇਕ ਅਵਾਜ਼ ਗੂੰਜੀ: ‘‘ਸਰ, ਘਰੇ ਜਾਣੈ।’’ ਮੈਂ ਘਰ ਜਾਣ ਦਾ ਕਾਰਨ ਪੁੱਛਿਆ। ‘‘ਸਰ, ਡੈਡੀ ਨੂੰ ਹਸਪਤਾਲ ਲੈ ਕੇ ਜਾਣੈ।’’ ਫਿਰ ਮੇਰੇ ਹੋਰ ਕੋਈ ਸਵਾਲ ਪੁੱਛੇ ਬਿਨਾਂ ਹੀ ਵਿਦਿਆਰਥੀ ਦੱਸਣ ਲੱਗਾ ਕਿ ਡੈਡੀ ਦੇ ਗੁਰਦੇ ਖਰਾਬ ਹਨ, ਉਨ੍ਹਾਂ ਨੂੰ ਹਰ ਹਫ਼ਤੇ ਡਾਇਲਾਸਿਸ ਲਈ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ। … ਤੇ ਮੈਂ ਵਿਦਿਆਰਥੀ ਨੂੰ ਛੁੱਟੀ ਦੇਣ ਤੋਂ ਜਵਾਬ ਨਾ ਦੇ ਸਕਿਆ। ਜਾਂਦੇ ਹੋਏ ਨੂੰ ਜਦ ਮੈਂ ਪਿੱਛੋਂ ਦੇਖਿਆ ਤਾਂ ਉਸ ਦੇ ਅਗਾਂਹ ਨੂੰ ਝੁਕੇ ਹੋਏ ਮੋਢੇ ਦੇਖ ਕੇ ਮੇਰਾ ਮਨ ਹੋਰ ਵੀ ਉਦਾਸ ਹੋ ਗਿਆ।
ਛੁੱਟੀ ਖ਼ਤਮ ਹੋਣ ਵਿਚ ਪੰਦਰਾਂ ਕੁ ਮਿੰਟ ਰਹਿ ਗਏ ਸਨ। ਚਾਹ ਪੀਣੀ ਵਿੱਚੇ ਛੱਡ ਕੇ ਮੈਂ ਬੱਚਿਆਂ ਦੀ ਛੁੱਟੀ ਦੇ ਕਾਰਨਾਂ ਦੀ ਫ਼ਿਕਰਮੰਦੀ ਵਿਚ ਉਲਝਿਆ ਪਿਆ ਸੀ ਕਿ ਇੰਨੇ ਨੂੰ ਮੇਰੇ ਮੋਬਾਈਲ ਫ਼ੋਨ ਦੀ ਘੰਟੀ ਵੱਜੀ। ਇਕ ਹਉਕੇ ਭਿੱਜੀ ਆਵਾਜ਼ ਮੇਰੇ ਕੰਨੀਂ ਪਈ, ‘‘ਸਰ ਬੋਲਦੇ ਓ?’’
ਮੇਰਾ ਉੱਤਰ ਉਡੀਕੇ ਬਿਨਾਂ ਹੀ ਫਿਰ ਉਹ ਬੋਲਣ ਲੱਗੀ, ‘‘ਵੀਨਾ (ਅਸਲ ਨਾਮ ਹੋਰ) ਦੀ ਮੰਮੀ ਬੋਲਦੀ ਆਂ। ਕੁੜੀ ਨੂੰ ਛੁੱਟੀ ਚਾਹੀਦੀ ਐ ਮਹੀਨੇ ਦੀ।’’ ‘‘ਕਿਉਂ? ਘਰੇ ਸੁੱਖ ਤਾਂ ਹੈ?’’ ਮੇਰੇ ਇੰਨਾ ਪੁੱਛਣ ’ਤੇ ਜਿਵੇਂ ਉਹ ਫਿੱਸ ਹੀ ਪਈ ਤੇ ਰੋਂਦੀ ਰੋਂਦੀ ਨੇ ਦੱਸਿਆ ਕਿ ਅੱਜ ਹੀ ਸ਼ਹਿਰੋਂ ਰਿਪੋਰਟ ਆਈ ਹੈ, ਵੀਨਾ ਨੂੰ ਕੈਂਸਰ…।’’ ਤੇ ਬਾਕੀ ਗੱਲ ਉਹਦੇ ਗਲੇ ’ਚ ਹੀ ਦਮ ਤੋੜ ਗਈ। ਸੁਣ ਕੇ ਮੇਰੇ ਸਿਰ ਨੂੰ ਇਕ ਝਟਕਾ ਜਿਹਾ ਲੱਗਾ ਜਿਵੇਂ ਕਿਸੇ ਨੇ ਸਿਰ ’ਤੇ ਹਥੌੜਾ ਮਾਰ ਦਿੱਤਾ ਹੋਵੇ। ਮੈਂ ‘‘ਠੀਕ ਐ…, ਠੀਕ ਐ’’ ਕਹਿ ਕੇ ਮੋਬਾਈਲ ਫ਼ੋਨ ਬੰਦ ਕਰ ਦਿੱਤਾ। ਲੜਕੀ ਨੂੰ ਆਪਣੇ ਕੋਲ ਬੁਲਾਇਆ। ਖਾਲੀ ਖਾਲੀ ਅੱਖਾਂ ਵਾਲੇ ਬੇਰੌਣਕ ਚਿਹਰੇ ਨੂੰ ਧਿਆਨ ਨਾਲ ਤੱਕਿਆ ਤੇ ਉਸ ਨੂੰ ਘਰ ਤੋਰ ਦਿੱਤਾ।
ਮੈਂ ਪਿਛਲੇ ਵੀਹ ਸਾਲਾਂ ਤੋਂ ਵੱਖ ਵੱਖ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾ ਰਿਹਾ ਹਾਂ। ਅਕਸਰ ਹੀ ਮੇਰਾ ਵਿਦਿਆਰਥੀਆਂ ਦੇ ਛੁੱਟੀ ਲੈਣ ਦੇ ਅਜਿਹੇ ਕਾਰਨਾਂ ਜਾਂ ਇਨ੍ਹਾਂ ਵਰਗੇ ਹੋਰ ਦੁਖਦ ਕਾਰਨਾਂ ਨਾਲ ਵਾਹ ਪੈਂਦਾ ਰਹਿੰਦਾ ਹੈ। ਨਿੱਕੀਆਂ ਵੱਡੀਆਂ ਬਿਮਾਰੀਆਂ ਵਿਚ ਇਹ ਲੋਕ ਘਿਰੇ ਹੀ ਰਹਿੰਦੇ ਹਨ। ਸਰਕਾਰੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਜਾਂ ਤਾਂ ਇਹ ਓਹੜ ਪੋਹੜ ਤੱਕ ਹੀ ਸੀਮਿਤ ਰਹਿੰਦੇ ਹਨ ਜਾਂ ਧਾਗੇ ਤਵੀਤਾਂ ਵਿਚ ਉਲਝੇ ਰਹਿੰਦੇ ਹਨ। ਪ੍ਰਾਈਵੇਟ ਹਸਪਤਾਲਾਂ ਵਿਚ ਜਾਣ ਦੀ ਇਨ੍ਹਾਂ ਵਿਚ ਪੁੱਜਤ ਹੀ ਨਹੀਂ ਹੈ। ਮੈਨੂੰ ਦੋ ਕੁ ਸਾਲ ਪੁਰਾਣੀ ਗੱਲ ਅੱਜ ਵੀ ਯਾਦ ਹੈ। ਬਾਰਵੀਂ ਜਮਾਤ ਦੀ ਵਿਦਿਆਰਥਣ ਪਿਛਲੇ ਕਈ ਦਿਨਾਂ ਤੋਂ ਸਕੂਲ ਨਹੀਂ ਆ ਰਹੀ ਸੀ। ਪੁੱਛਣ ’ਤੇ ਨਾਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਸ ਨੂੰ ਚਮੜੀ ਦੀ ਕੋਈ ਬਿਮਾਰੀ ਹੈ। ਅਗਲੇ ਦਿਨ ਉਸ ਦੇ ਪਿਤਾ ਨੂੰ ਬੁਲਾਇਆ ਗਿਆ। ਇਲਾਜ ਬਾਰੇ ਜਦ ਮੈਂ ਤੇ ਮੇਰੇ ਸਾਥੀ ਅਧਿਆਪਕ ਨੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਕਰਨੀ ਵਾਲੇ ਸਾਧ ਤੋਂ ਹਥੌਲਾ ਕਰਾ ਰਹੇ ਹਨ ਤੇ ਨਾਲੇ ਪਿੰਡ ਦੇ ਇਕ ਵੈਦ ਤੋਂ ਦੇਸੀ ਦਵਾਈ ਲੈ ਰਹੇ ਹਨ। ਸੁਣ ਕੇ ਅਸੀਂ ਝਟਕਾ ਜਿਹਾ ਖਾਧਾ। ਮੇਰੇ ਸਾਥੀ ਅਧਿਆਪਕ ਨੇ ਤੁਰੰਤ ਫੋਨ ਜ਼ਰੀਏ ਆਪਣੇ ਇਕ ਜਾਣ ਪਛਾਣ ਵਾਲੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨਾਲ ਗੱਲ ਕੀਤੀ। ਫੀਸ ਵਗੈਰਾ ਵੀ ਘੱਟ ਲੈਣ ਦੀ ਸਿਫ਼ਾਰਸ਼ ਕੀਤੀ ਗਈ। ਪਿਤਾ ਨੂੰ ਲੜਕੀ ਨੂੰ ਡਾਕਟਰ ਕੋਲ ਲੈ ਕੇ ਜਾਣ ਲਈ ਕਿਹਾ। ਬਾਅਦ ਵਿਚ ਡਾਕਟਰ ਨੇ ਦੱਸਿਆ ਕਿ ਜੇ ਲੜਕੀ ਹੋਰ ਦੇਰ ਕਰ ਦਿੰਦੀ ਤਾਂ ਚਮੜੀ ਦੇ ਰੋਗ ਨੇ ਹੋਰ ਗੰਭੀਰ ਹੋ ਜਾਣਾ ਸੀ।
ਇਨ੍ਹਾਂ ਸਰਕਾਰੀ ਸਕੂਲਾਂ ਦੇ ਬਹੁਗਿਣਤੀ ਵਿਦਿਆਰਥੀ ਆਰਥਿਕ, ਸਮਾਜਿਕ ਤੌਰ ’ਤੇ ਲਿਤਾੜੇ ਪਰਿਵਾਰਾਂ ’ਚੋਂ ਆਉਂਦੇ ਹਨ। ਇਨ੍ਹਾਂ ਲਈ ਜ਼ਿੰਦਗੀ ਦਾ ਅਰਥ ਬਸ ਦੋ ਵਕਤ ਦੀ ਰੋਟੀ ਹੈ। ਗ਼ਰੀਬੀ ਦੀ ਦਲਦਲ ਵਿਚ ਧਸੇ ਇਨ੍ਹਾਂ ਲੋਕਾਂ ਕੋਲ ਨਿਕਲਣ ਦਾ ਕੋਈ ਰਾਹ ਨਹੀਂ। ਅਸਲ ਵਿਚ ਇਨ੍ਹਾਂ ਨੂੰ ਰਾਹ ਦਿੱਤਾ ਹੀ ਨਹੀਂ ਜਾਂਦਾ।
ਵੋਟਾਂ ਦੀ ਰੁੱਤ ਵਿਚ ਵੱਡੇ ਵੱਡੇ ਨਾਅਰੇ ਗੂੰਜਦੇ ਹਨ। ਗ਼ਰੀਬੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਫ਼ਰਸ਼ ਤੋਂ ਅਰਸ਼ ਤੱਕ ਲਿਜਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਨਾਅਰੇ ਵੀ ਅਜਿਹੇ ਮਨੋਵਿਗਿਆਨਕ ਢੰਗ ਨਾਲ ਸਿਰਜੇ ਜਾਂਦੇ ਹਨ ਕਿ ਇਕ ਵਾਰ ਤਾਂ ਸੁਣ ਕੇ ਇਉਂ ਲੱਗਦਾ ਹੈ ਬਸ ਹੁਣ ਤਾਂ ਬੇੜਾ ਪਾਰ ਹੋਇਆ ਕਿ ਹੋਇਆ, ਪਰ ਅਸਲ ਵਿਚ ਕੁਝ ਨਹੀਂ ਬਦਲਦਾ। ਇਹ ਸਾਰਾ ਕੁਝ ਧੂੰਏਂ ਦਾ ਪਹਾੜ ਹੁੰਦਾ ਹੈ ਜਿਸ ਨੇ ਇਕ ਖ਼ਾਸ ਸਮੇਂ ਬਾਅਦ ਛਟ ਜਾਣਾ ਹੁੰਦਾ ਹੈ ਤੇ ਇਹ ਕੁਚੱਕਰ ਚਲਦਾ ਹੈ।
ਖ਼ੈਰ! ਸੇਵਾਦਾਰ ਨੇ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਲਗਾ ਦਿੱਤੀ ਸੀ। ਬੱਚਿਆਂ ਨੇ ਜਮਾਤਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਮੈਂ ਉੱਠ ਕੇ ਆਪਣੀ ਜਮਾਤ ਵਿਚ ਚਲਾ ਗਿਆ। ਵਿਦਿਆਰਥੀਆਂ ਨੂੰ ਪੜ੍ਹਾਉਣ ਵਿਚ ਬਿਲਕੁਲ ਮਨ ਨਹੀਂ ਲੱਗ ਰਿਹਾ ਸੀ। ‘‘ਮੰਮੀ ਬਿਮਾਰ ਐ’’, ‘‘ਵੀਨਾ ਨੂੰ ਕੈਂਸਰ ਐ’’, ‘‘ਡੈਡੀ ਦੇ ਗੁਰਦੇ ਖਰਾਬ ਨੇ’’ ਇਹ ਵਾਕ ਮਨ ਵਿਚ ਖੌਰੂ ਪਾਈ ਜਾਂਦੇ ਸਨ। ਏਨੇ ਨੂੰ ਦਰਵਾਜ਼ੇ ’ਤੇ ਦਸਤਕ ਹੋਈ। ਸੇਵਾਦਾਰ ਮੈਨੂੰ ਮੁਖ਼ਾਤਬਿ ਸੀ: ‘‘ਸਰ, ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਬੁਲਾਇਆ।’’ ਮੈਂ ਦਫ਼ਤਰ ਵੱਲ ਚੱਲ ਪਿਆ।
ਅੱਧੀ ਛੁੱਟੀ ਤੋਂ ਬਾਅਦ ਦੀ ਵਿਦਿਆਰਥੀਆਂ ਦੀ ਹਾਜ਼ਰੀ ਦਾ ਰਜਿਸਟਰ ਪ੍ਰਿੰਸੀਪਲ ਦੇ ਮੇਜ਼ ’ਤੇ ਪਿਆ ਸੀ। ਮੈਂ ਆਪਣੇ ਬੁਲਾਉਣ ਦਾ ਕਾਰਨ ਸਮਝ ਗਿਆ। ਏਨੇ ਨੂੰ ਪ੍ਰਿੰਸੀਪਲ ਨੇ ਮੈਨੂੰ ਮੁਖ਼ਾਤਬਿ ਹੁੰਦਿਆਂ ਆਖਿਆ ਕਿ ਤੁਹਾਡੀ ਜਮਾਤ ਦੇ ਚਾਰ ਵਿਦਿਆਰਥੀ ਅੱਧੀ ਛੁੱਟੀ ਤੋਂ ਬਾਅਦ ਗੈਰਹਾਜ਼ਰ ਹਨ। ਵਿਦਿਆਰਥੀਆਂ ਦੇ ਛੁੱਟੀ ਲੈਣ ਦਾ ਸਾਰਾ ਘਟਨਾਕ੍ਰਮ ਇਕਦਮ ਮੇਰੇ ਮਨ ਵਿੱਚ ਲਿਸ਼ਕਿਆ। ਇਸ ਤੋਂ ਪਹਿਲਾਂ ਕਿ ਪ੍ਰਿੰਸੀਪਲ ਹੋਰ ਕੁਝ ਕਹਿੰਦਾ, ਮੇਰੇ ਮੂੰਹੋਂ ਸਹਿਜ ਸੁਭਾਅ ਨਿਕਲਿਆ: ‘‘ਨਹੀਂ ਸਰ, ਉਹ ਗੈਰਹਾਜ਼ਰ ਨਹੀਂ, ਉਹ ਤਾਂ ਚਾਰੇ ਮੇਰੇ ਜ਼ਿਹਨ ’ਚ ਹਾਜ਼ਰ ਨੇ।’’ ਪ੍ਰਿੰਸੀਪਲ ਹੈਰਾਨੀ ਦੇ ਭਾਵ ਨਾਲ ਮੇਰੇ ਵੱਲ ਵੇਖਣ ਲੱਗਾ ਤੇ ਮੈਂ ਦਫ਼ਤਰ ਵਿਚੋਂ ਬਾਹਰ ਆ ਗਿਆ।
ਸੰਪਰਕ: 94174-48436