ਗੋਵਰਧਨ ਗੱਬੀ
ਈਸਾ ਪੂਰਵ ਦੀ ਪੰਜਵੀਂ ਸਦੀ ਦੇ ਪ੍ਰਸਿੱਧ ਯੂਨਾਨੀ ਦਾਰਸ਼ਨਿਕ ਸੁਕਰਾਤ ਦਾ ਜਨਮ ਏਥਨਜ਼ (ਯੂਨਾਨ) ਦੀ ਸਰਹੱਦ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਸ ਦਾ ਪਿਤਾ ਸੋਫਰੋਨਿਸਕਸ ਬੁੱਤਘਾੜਾ ਸੀ ਤੇ ਉਸ ਦੀ ਮਾਂ ਦਾਈ ਸੀ। ਕਿਹਾ ਜਾਂਦਾ ਹੈ ਕਿ ਸੁਕਰਾਤ ਇੱਕ ਬਦਸੂਰਤ ਚਿਹਰੇ ਵਾਲਾ ਵਿਅਕਤੀ ਸੀ ਪਰ ਉਹ ਬੋਲਦਾ ਬਹੁਤ ਸੀ। ਸੁਕਰਾਤ ਨੂੰ ਮੁੱਢਲੀ ਸਿੱਖਿਆ ਤੇ ਨੈਤਿਕਤਾ ਬਾਰੇ ਪਾਠ ਪੜ੍ਹਾਉਣ ਵਾਸਤੇ ਸੂਫ਼ੀਆਂ ਵਾਂਗ ਉਦਾਹਰਣਾਂ ਦੇਣਾ ਪਸੰਦ ਸੀ। ਉਹ ਸਰਲ ਤੇ ਸੌਖੀ ਸਿੱਖਿਆ, ਚਾਲ-ਚਲਣ, ਚਰਿੱਤਰ ਤੇ ਵਿਅਕਤੀਤਵ ਦੁਆਰਾ ਮਿਸਾਲਾਂ ਕਾਇਮ ਕਰਨਾ ਪਸੰਦ ਕਰਦਾ ਸੀ।
ਪੁਰਾਤਨ ਰੂੜ੍ਹੀਵਾਦੀਆਂ ਉੱਤੇ ਹਮਲਾ ਬੋਲਦਾ ਸੀ। ਜ਼ਿੰਦਗੀ ਭਰ ਸੁਕਰਾਤ ਨੇ ਕਦੇ ਕੋਈ ਲਿਖਤ ਨਹੀਂ ਲਿਖੀ, ਬਸ ਮੌਖਿਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਰਿਹਾ।
ਇਸ ਸਭ ਦੇ ਚਲਦਿਆਂ ਸੁਕਰਾਤ ਉੱਤੇ ਸਮੇਂ ਦੇ ਹਾਕਮਾਂ ਨੇ ਨੌਜਵਾਨਾਂ ਨੂੰ ਵਿਗਾੜਣ, ਦੇਵਤਿਆਂ ਤੋਂ ਮੁਨਕਰ ਹੋਣ ਅਤੇ ਨਾਸਤਿਕ ਹੋਣ ਦਾ ਦੋਸ਼ ਲਗਾਇਆ। ਉਸ ਨੂੰ ਏਥਨਜ਼ ਦੀ ਅਦਾਲਤ ਨੇ ਜ਼ਹਿਰ ਦੇ ਕੇ ਮਾਰਨ ਦੀ ਸਜ਼ਾ ਸੁਣਾਈ ਸੀ। ਉਸ ਨੇ ਜ਼ਹਿਰ ਦਾ ਪਿਆਲਾ ਖ਼ੁਸ਼ੀ-ਖ਼ੁਸ਼ੀ ਪੀਤਾ ਤੇ ਆਪਣੀ ਜਾਨ ਦੇ ਦਿੱਤੀ। ਉਸ ਦੇ ਸ਼ਾਗਿਰਦਾਂ ਅਤੇ ਸਨੇਹੀਆਂ ਨੇ ਉਸ ਨੂੰ ਜੇਲ੍ਹ ਤੋਂ ਭੱਜਣ ਦੀ ਸਲਾਹ ਦਿੱਤੀ ਪਰ ਉਸ ਨੇ ਕਿਹਾ,“ ਭਰਾਵੋ, ਤੁਹਾਡੇ ਇਸ ਪ੍ਰਸਤਾਵ ਦਾ ਮੈਂ ਆਦਰ ਕਰਦਾ ਹਾਂ ਕਿ ਮੈਂ ਇੱਥੋਂ ਭੱਜ ਜਾਵਾਂ… ਪਰ ਮੇਰਾ ਭੱਜਣਾ ਉਚਿਤ ਨਹੀਂ ਹੈ… ਕਿਉਂਕਿ ਮੈਂ ਕੋਈ ਅਪਰਾਧ ਨਹੀਂ ਕੀਤਾ… ਮੈਂ ਕੇਵਲ ਸੱਚ ਬੋਲਿਆ ਹੈ… ਅਗਿਆਨ ਨਹੀਂ ਸਗੋਂ ਗਿਆਨ ਵੰਡਿਆ ਹੈ… ਜਿਨ੍ਹਾਂ ਲੋਕਾਂ ਨੇ ਇਸ ਨੂੰ ਅਪਰਾਧ ਦੱਸਿਆ ਹੈ ਉਨ੍ਹਾਂ ਦੀ ਬੁੱਧੀ ਉੱਤੇ ਅਗਿਆਨਤਾ ਛਾਈ ਹੋਈ ਹੈ… ਸੰਸਾਰ ਕਦੇ ਵੀ ਇੱਕ ਹੀ ਸਿਧਾਂਤ ਦੇ ਪ੍ਰਕਾਸ਼ ਮੰਡਲ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ… ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਸੱਚ, ਇਨਸਾਫ਼ ਅਤੇ ਇਮਾਨਦਾਰੀ ਨੂੰ ਅਪਣਾਈਏ…। ਜੇਕਰ ਮੈਂ ਤੁਹਾਡੀ ਸਲਾਹ ਮੰਨਦਾ ਹਾਂ ਜਾਂ ਜਾਨ ਬਚਾਉਣ ਵਾਸਤੇ ਸਰਕਾਰ ਅੱਗੇ ਝੁਕ ਜਾਂਦਾ ਹਾਂ ਤਾਂ ਇਹ ਮੈਨੂੰ ਕਬੂਲ ਨਹੀਂ। ਸੋ ਮੈਂ ਜ਼ਹਿਰ ਦਾ ਪਿਆਲਾ ਜ਼ਰੂਰ ਪੀਵਾਂਗਾ…।”
ਸੁਕਰਾਤ ਬਾਰੇ ਜਾਂ ਉਸ ਨਾਲ ਸਬੰਧਿਤ ਅਣਗਿਣਤ ਕਿੱਸੇ ਹਨ। ਇੱਕ ਦਿਨ ਉਹ ਇਕੱਲਾ ਬੈਠਾ ਹੱਥ ਵਿਚ ਸ਼ੀਸ਼ਾ ਲੈ ਕੇ ਆਪਣਾ ਚਿਹਰਾ ਦੇਖ ਰਿਹਾ ਸੀ। ਉਸ ਦਾ ਇੱਕ ਸ਼ਾਗਿਰਦ ਕਮਰੇ ਵਿੱਚ ਆਇਆ। ਰੋਜ਼ਾਨਾ ਵਾਂਗ ਸੁਕਰਾਤ ਨੂੰ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਦਿਆਂ ਉਸ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਉਹ ਕੁਝ ਨਾ ਬੋਲਿਆ, ਬੱਸ ਮੁਸਕਰਾਉਣ ਲੱਗ ਪਿਆ।
ਵਿਦਵਾਨ ਸੁਕਰਾਤ ਉਸ ਦੀ ਮੁਸਕਰਾਹਟ ਦੇਖ ਕੇ ਸਭ ਸਮਝ ਗਿਆ। ਉਸ ਨੇ ਸ਼ਾਗਿਰਦ ਵੱਲ ਦੇਖਿਆ ਤੇ ਕੁਝ ਦੇਰ ਬਾਅਦ ਬੋਲਿਆ, ‘‘ਪਿਆਰੇ ਸ਼ਾਗਿਰਦ, ਮੈਂ ਤੇਰੀ ਮੁਸਕਰਾਹਟ ਦਾ ਮਤਲਬ ਸਮਝ ਗਿਆ ਹਾਂ… ਤੂੰ ਇਹ ਸੋਚ ਰਿਹਾ ਏਂ ਕਿ ਮੇਰੇ ਵਰਗਾ ਬਦਸੂਰਤ ਆਦਮੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਕਿਉਂ ਦੇਖ ਰਿਹਾ ਹੈ?’’
ਸ਼ਾਗਿਰਦ ਕੁਝ ਨਾ ਬੋਲਿਆ ਪਰ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ।
ਸੁਕਰਾਤ ਨੇ ਉਸ ਵੱਲ ਦੇਖਦਿਆਂ ਕਿਹਾ, ‘‘ਸ਼ਾਇਦ ਤੈਨੂੰ ਨਹੀਂ ਪਤਾ ਕਿ ਮੈਂ ਸ਼ੀਸ਼ੇ ਵਿੱਚ ਕਿਉਂ ਦੇਖਦਾ ਹਾਂ… ਮੈਂ ਜਾਣਦਾ ਹਾਂ ਕਿ ਮੈਂ ਬਦਸੂਰਤ ਹਾਂ, ਇਸ ਲਈ ਹਰ ਰੋਜ਼ ਸ਼ੀਸ਼ੇ ਵਿੱਚ ਵੇਖਦਾ ਹਾਂ… ਸ਼ੀਸ਼ੇ ਵਿੱਚ ਵੇਖ ਕੇ, ਮੈਂ ਆਪਣੀ ਬਦਸੂਰਤੀ ਨੂੰ ਨਿਹਾਰਦਾ ਹਾਂ… ਆਪਣਾ ਰੂਪ ਪਛਾਣਦਾ ਹਾਂ… ਇਸ ਲਈ ਮੈਂ ਹਰ ਰੋਜ਼ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਮੈਂ ਆਪਣੀ ਬਾਹਰੀ ਬਦਸੂਰਤੀ ਨੂੰ ਢਕ ਸਕਾਂ…।’’
ਸੁਕਰਾਤ ਦੀ ਇਹ ਸ਼ਾਗਿਰਦ ਨੂੰ ਬਹੁਤ ਸਿੱਖਿਆਦਾਇਕ ਲੱਗੀ ਪਰ ਉਸ ਨੇ ਆਪਣੀ ਸ਼ੰਕਾ ਪ੍ਰਗਟਾਈ ਤੇ ਪੁੱਛਿਆ, ‘‘ਫੇਰ ਗੁਰੂ ਜੀ, ਇਸ ਦਾ ਮਤਲਬ ਇਹ ਹੋਇਆ ਕਿ ਸੁੰਦਰ ਲੋਕਾਂ ਨੂੰ ਆਪਣਾ ਚਿਹਰਾ ਸ਼ੀਸ਼ੇ ਵਿੱਚ ਨਹੀਂ ਵੇਖਣਾ ਚਾਹੀਦਾ?’’
‘‘ਇਸ ਤਰ੍ਹਾਂ ਨਹੀਂ ਹੈ ਪਿਆਰੇ… ਸੁੰਦਰ ਲੋਕਾਂ ਨੂੰ ਵੀ ਸ਼ੀਸ਼ਾ ਜ਼ਰੂਰ ਤੇ ਰੋਜ਼ ਦੇਖਣਾ ਚਾਹੀਦਾ ਹੈ ਤਾਂ ਜੋ ਉਹ ਇਸ ਗੱਲ ਦਾ ਧਿਆਨ ਰੱਖ ਸਕਣ ਕਿ ਉਹ ਜਿੰਨੇ ਸੋਹਣੇ ਆਪ ਹਨ, ਓਨੇ ਹੀ ਸੁੰਦਰ ਕਰਮ ਕਰਨ ਭਾਵ ਕੰਮ ਕਰਨ ਤਾਂ ਕਿ ਕਿਤੇ ਅਜਿਹਾ ਨਾ ਹੋਵੇ ਕਿ ਮਾੜੇ ਕਰਮ ਤੇ ਕੰਮ ਉਨ੍ਹਾਂ ਦੀ ਸੁੰਦਰਤਾ ਨੂੰ ਢਕ ਦੇਣ ਤੇ ਨਤੀਜੇ ਵੱਜੋਂ ਉਨ੍ਹਾਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬਦਸੂਰਤ ਬਣਾ ਦੇਣ…।’’ ਸ਼ਾਗਿਰਦ ਨੂੰ ਸਮਝਾਉਂਦੇ ਹੋਏ ਸੁਕਰਾਤ ਨੇ ਕਿਹਾ।
ਸੁਕਰਾਤ ਬਹੁਤ ਹੀ ਗਿਆਨਵਾਨ ਅਤੇ ਨਿਮਰ ਸੀ। ਇੱਕ ਵਾਰ ਜਦੋਂ ਉਹ ਬਜ਼ਾਰ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਜਾਣ-ਪਛਾਣ ਵਾਲਾ ਵਿਅਕਤੀ ਮਿਲਿਆ। ਉਸ ਸੱਜਣ ਨੇ ਸੁਕਰਾਤ ਨੂੰ ਰੋਕਿਆ ਤੇ ਕਿਹਾ, ‘‘ਤੁਹਾਨੂੰ ਪਤਾ ਹੈ ਕਿ ਅੱਜਕੱਲ੍ਹ ਤੁਹਾਡਾ ਇੱਕ ਦੋਸਤ ਤੁਹਾਡੇ ਬਾਰੇ ਕੀ ਕਹਿੰਦਾ ਫਿਰ ਰਿਹਾ ਹੈ?’’
ਸੁਕਰਾਤ ਨੇ ਉਸ ਵਿਅਕਤੀ ਦੀ ਗੱਲ ਵਿਚਕਾਰ ਹੀ ਰੋਕ ਦਿੱਤੀ ਤੇ ਕਿਹਾ, ‘‘ਹੇ ਭਲੇ ਮਨੁੱਖ, ਇਹ ਦੱਸਣ ਤੋਂ ਪਹਿਲਾਂ ਕਿ ਮੇਰੇ ਉਸ ਦੋਸਤ ਨੇ ਮੇਰੇ ਬਾਰੇ ਕੀ ਕਿਹਾ, ਤੈਨੂੰ ਮੇਰੇ ਤਿੰਨ ਛੋਟੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ?’’
‘‘ਤਿੰਨ ਛੋਟੇ ਸਵਾਲ?’’ ਆਦਮੀ ਨੇ ਹੈਰਾਨੀ ਨਾਲ ਕਿਹਾ।
‘‘ਹਾਂ, ਤਿੰਨ ਛੋਟੇ ਸਵਾਲ।’’ ਸੁਕਰਾਤ ਨੇ ਕਿਹਾ।
ਪਹਿਲਾ ਸਵਾਲ ਇਹ ਹੈ ਕਿ ਤੁਸੀਂ ਮੈਨੂੰ ਜੋ ਦੱਸਣ ਜਾ ਰਹੇ ਹੋ ਕਿ ਉਸ ਨੇ ਮੇਰੇ ਬਾਰੇ ਕੀ ਕਿਹਾ ਹੈ… ਕੀ ਉਹ ਸਾਰਾ ਕੁਝ ਪੂਰੀ ਤਰ੍ਹਾਂ ਸਹੀ ਤੇ ਹੂਬਹੂ ਹੈ… ਉਸ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੈ…?
ਆਦਮੀ ਨੇ ਜਵਾਬ ਦਿੱਤਾ, ‘‘ਨਹੀਂ, ਮੈਂ ਤਾਂ ਬੱਸ ਲੋਕਾਂ ਤੋਂ ਹੀ ਸੁਣਿਆ ਹੈ ਕਿ ਉਹ ਤੁਹਾਡੇ ਬਾਰੇ ਬਹੁਤ ਮੰਦਾ ਪ੍ਰਚਾਰ ਕਰ ਰਿਹਾ ਹੈ…।’’
‘‘ਇਸ ਦਾ ਮਤਲਬ ਇਹ ਹੈ ਕਿ ਤੂੰ ਇਹ ਨਹੀਂ ਜਾਣਦਾ ਕਿ ਤੂੰ ਜੋ ਮੈਨੂੰ ਦੱਸਣ ਲੱਗਾ ਏਂ ਉਹ ਸੱਚ ਹੈ ਜਾਂ ਨਹੀਂ… ਸਹੀ ਹੈ ਕਿ ਨਹੀਂ… ਪੂਰਨ ਹੈ ਕਿ ਅਧੂਰਾ…। ਹੁਣ ਮੇਰੇ ਦੂਜੇ ਸਵਾਲ ਦਾ ਜਵਾਬ ਦੇ ਕਿ ਕੀ ਜੋ ਤੂੰ ਮੈਨੂੰ ਦੱਸਣ ਲੱਗਿਆ ਏਂ ਉਹ ਮੇਰੇ ਲਈ ਚੰਗਾ ਹੈ…?” ਸੁਕਰਾਤ ਨੇ ਪੁੱਛਿਆ।
‘‘ਨਹੀਂ, ਸਗੋਂ ਇਸ ਦੇ ਬਿਲਕੁਲ ਉਲਟ ਹੈ।’’ ਆਦਮੀ ਨੇ ਤੁਰੰਤ ਕਿਹਾ।
‘‘ਠੀਕ ਹੈ ਦੋਸਤ, ਹੁਣ ਮੇਰੇ ਆਖ਼ਰੀ ਸਵਾਲ ਦਾ ਜਵਾਬ ਦੇ ਕਿ ਤੂੰ ਜੋ ਵੀ ਮੈਨੂੰ ਦੱਸਣ ਜਾ ਰਿਹਾ ਏਂ ਕਿ ਉਹ ਮੇਰੇ ਕਿਸੇ ਕੰਮ ਦੀ ਗੱਲ ਹੈ ਕਿ ਨਹੀਂ?’’
ਸੁਕਰਾਤ ਨੇ ਕਿਹਾ।
‘‘ਨਹੀਂ, ਉਸ ਮਾਮਲੇ ਵਿੱਚ ਕੁਝ ਵੀ ਐਸਾ ਨਹੀਂ ਹੈ ਜੋ ਤੁਹਾਡੇ ਕੰਮ ਦਾ ਹੈ।’’ ਵਿਅਕਤੀ ਨੇ ਕਿਹਾ।
ਤਿੰਨੋਂ ਸਵਾਲ ਪੁੱਛਣ ਤੋਂ ਬਾਅਦ ਸੁਕਰਾਤ ਨੇ ਕਿਹਾ, ‘‘ਅਜਿਹੀਆਂ ਗੱਲਾਂ ਸੁਣਨ ਦਾ ਕੀ ਫ਼ਾਇਦਾ ਜੋ ਸੱਚ ਨਹੀਂ ਹਨ, ਜੋ ਅਧੂਰੀਆਂ ਹਨ, ਜਿਸ ਵਿੱਚ ਮੇਰੇ ਲਈ ਕੁਝ ਵੀ ਚੰਗਾ ਨਹੀਂ ਹੈ ਤੇ ਜੋ ਮੇਰੇ ਕਿਸੇ ਕੰਮ ਨਹੀਂ ਆਉਣਗੀਆਂ।’’
ਸੁਕਰਾਤ ਦੇ ਵਿਚਾਰ ਸੁਣ ਕੇ ਉਹ ਵਿਅਕਤੀ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਉੱਥੋਂ ਚਲਾ ਗਿਆ।
ਸੰਪਰਕ: 94171-73700