ਡਾ. ਅਮਰ ਕੋਮਲ
ਪੁਸਤਕ ਰੀਵਿਊ
ਪੁਸਤਕ ‘ਮਾਂ’ (ਕੀਮਤ: 200 ਰੁਪਏ; ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ) ਤਰਲੋਚਨ ਸਿੰਘ ਦਾ ਸੰਪਾਦਿਤ ਕੀਤਾ ਦਸ ਵੱਖ ਵੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਸਾਂਝਾ ਸੰਗ੍ਰਹਿ ਹੈ। ਸੰਪਾਦਿਤ ਕੀਤੀਆਂ ਦਸ ਕਹਾਣੀਆਂ ਇਸ ਪ੍ਰਕਾਰ ਹਨ: 1. ਬੱਸ ਸਫ਼ਰ: ਅਜਮੇਰ ਰੋਡੇ, 2. ਕਾਤਲ ਰੁੱਖ: ਜਗਤਾਰ ਭੁੱਲਰ, 3. ਭੱਜੀਆਂ ਬਾਹਾਂ: ਗੁਰਮੀਤ ਸਿੰਘ ਸਿੰਗਲ, 4. ਫੇਕ ਆਈ.ਡੀ.: ਸੁਰਿੰਦਰ ਸਿੰਘ ਰਾਏ, 5. ਚੁੱਪ ਦੇ ਬੋਲ: ਸੰਤਵੀਰ, 6. ਮਾਂ: ਹਰਜੀਤ ਕੌਰ ਬਾਜਵਾ, 7. ਨਾਲ ਵਾਲਾ ਘਰ: ਪ੍ਰੀਤਮਾ ਦੋਮੇਲ, 8. ਮਤਰੇਈ ਪਤਨੀ: ਗੁਰਸ਼ਰਨ ਸਿੰਘ ਕੁਮਾਰ, 9. ਕੇਸਰੋ: ਮਨਮੋਹਨ ਕੌਰ, 10. ਪੈਨਸ਼ਨ ਕੇਸ: ਹਮਦਰਦਵੀਰ ਨੌਸ਼ਹਿਰਵੀ।
‘ਬੱਸ ਸਫ਼ਰ’ (ਅਜਮੇਰ ਰੋਡੇ) ਕਹਾਣੀ ਅਜੋਕੇ ਮਨੁੱਖ ਦੇ ਜੀਵਨ ’ਚ ਸੁਭਾਵਿਕ ਪੈਦਾ ਹੋਣ ਵਾਲੇ ਤਣਾਅ ਨੂੰ ਲੈ ਕੇ ਲਿਖੀ ਗਈ ਕਹਾਣੀ ਹੈ ਜਿਸ ਨੂੰ ਅਸੀਂ ਅੱਜ ਦੇ ਜੀਵਨ ਦਾ ਅਤਿ ਜ਼ਰੂਰੀ ਅੰਗ ਕਹਿ ਸਕਦੇ ਹਾਂ। ਅਜੇ ਵੀ ਅਨੇਕਾਂ ਅਜਿਹੇ ਰਸਤੇ ਹਨ ਜਿੱਥੇ ਬੱਸਾਂ ਲਗਜ਼ਰੀ ਸੁੱਖ-ਸਾਧਨ ਅਤੇ ਵਿਲਾਸੀ ਸਾਧਨਾਂ ਵਾਲੀਆਂ ਨਹੀਂ ਹਨ। ਆਮ ਲੋਕ ਆਮ ਬੱਸਾਂ ਉਪਰ ਹੀ ਯਾਤਰਾ ਕਰਦੇ ਹਨ ਜਿਹੜੀਆਂ ਯਾਤਰੀਆਂ ਨਾਲ ਭਰੀਆਂ ਹਰ ਅੱਡੇ ਉਪਰ ਨਵੀਆਂ ਸਵਾਰੀਆਂ ਚਾੜ੍ਹ ਲੈਂਦੀਆਂ ਹਨ।
ਇਸ ਕਹਾਣੀ ਦਾ ਪਾਤਰ ਬੱਸ ਵਿੱਚ ਭੀੜ ਦਾ ਸ਼ਿਕਾਰ ਬਣਿਆ ਕਿਨ੍ਹਾਂ-ਕਿਨ੍ਹਾਂ ਮੁਸ਼ਕਿਲਾਂ, ਰੁਕਾਵਟਾਂ, ਧੱਕਿਆਂ ਅਤੇ ਪਰੇਸ਼ਾਨੀਆਂ ਦਾ ਸ਼ਿਕਾਰ ਬਣਦਾ ਹੈ ਤੇ ਉਨ੍ਹਾਂ ਹਕੀਕੀ ਧੱਕਿਆਂ ਦਾ ਜ਼ਿਕਰ ਕਰਦਾ ਹੈ ਕਿ ਕਿਵੇਂ ਅੱਧੀ ਸੀਟ ਉਪਰ ਹੀ ਬੈਠਿਆ, ਕਦੇ ਡਿੱਗਦਾ-ਬਚਦਾ ਬੈਠਾ ਹੋਇਆ ਵੀ ਆਪਣੀ ਹੱਡ-ਬੀਤੀ ਸੁਣਾਉਂਦਾ ਤਣਾਅ ਗ੍ਰਸਿਆ ਯਾਤਰਾ ਕਰਦਾ ਹੈ। ਇਸ ਪੁਸਤਕ ਦੇ ਨਾਮਕਰਣ ਵਾਲੀ ਕਹਾਣੀ ‘ਮਾਂ’ ਮਨੁੱਖੀ ਫ਼ਿਤਰਤ ਅਤੇ ਸਥਾਪਤ ਹੋਏ ‘ਕੁੜੀਆਂ ਪ੍ਰਤੀ ਵਿਸ਼ਵਾਸਾਂ ਦੀ ਮਨੋ-ਵਿਗਿਆਨਕ ਦ੍ਰਿਸ਼ਟੀ ਤੋਂ ਉੱਤਮ ਕਹਾਣੀ ਹੈ ਜੋ ਸਾਡੇ ਸਮਾਜ ਵਿੱਚ ਸਥਾਪਤ ਹੋੋਏ ਉਸ ਵਿਸ਼ਵਾਸ ਨੂੰ ਤੋੜਦੀ ਹੈ ਕਿ ਕੁੜੀਆਂ ਬੇਗਾਨਾ ਧਨ ਹੁੰਦੀਆਂ ਹਨ। ਉਨ੍ਹਾਂ ਪ੍ਰਤੀ ਮਾਪਿਆਂ ਦਾ ਵਿਹਾਰ, ਮੁੰਡਿਆਂ ਦੇ ਮੁਕਾਬਲੇ ਨਾਂਹਵਾਚੀ ਹੁੰਦਾ ਹੈ। ਕਹਾਣੀ ਵਿੱਚ ਉਹ ਕੁੜੀ ਹੀ ਮਾਂ ਨੂੰ ਸੰਭਾਲਦੀ ਹੈ ਜਿਸ ਨੂੰ ਉਸ ਦੀ ਆਪਣੀ ਮਾਂ ਹੀ ਬਚਪਨ ਤੋਂ ਲੈ ਕੇ ਵਿਆਹ ਹੋਣ ਤੱਕ ਇਸ ਲਈ ਨਫ਼ਰਤ ਕਰਦੀ ਰਹੀ ਸੀ ਕਿ ਕੁੜੀਆਂ ਤਾਂ ਹੁੰਦੀਆਂ ਹੀ ਮਾੜੀਆਂ ਹਨ। ਇਹ ਪੁਸਤਕ ਪੰਜਾਬੀ ਮਾਤ-ਭਾਸ਼ਾ ਦੀ ਅਜੋਕੀ ਕਹਾਣੀ ਦੀ ਵਰਤਮਾਨ ਅਵਸਥਾ ਦੀ ਸਥਿਤੀ-ਪ੍ਰਸਥਿਤੀ ਦੀ ਨੁਮਾਇੰਦਗੀ ਕਰਦੀ ਹੈ ਜਿਸ ਲਈ ਇਨ੍ਹਾਂ ਕਹਾਣੀਆਂ ਦੇ ਲੇਖਕ ਅਤੇ ਸੰਪਾਦਕ ਵਧਾਈ ਦੇ ਹੱਕਦਾਰ ਹਨ।
ਸੰਪਰਕ: 84378-73565, 88376-84173