ਕੇ.ਐਲ. ਗਰਗ
ਪੁਸਤਕ ਚਰਚਾ
ਡਾ. ਸਰਬਜੀਤ ਕੌਰ ਸੋਹਲ ਬਹੁ-ਵਿਧਾਈ ਲੇਖਿਕਾ ਹੈ ਜਿਸ ਨੇ ਕਵਿਤਾ, ਆਲੋਚਨਾ, ਸੰਪਾਦਨ ਅਤੇ ਅਨੁਵਾਦ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕਰ ਕੇ ਪਾਠਕਾਂ ਅਤੇ ਆਲੋਚਕਾਂ ਦੀ ਪ੍ਰਸ਼ੰਸਾ ਖੱਟੀ ਹੈ। ਕਵਿਤਾ ਦੇ ਖੇਤਰ ਵਿਚ ਉਸ ਨੇ ਨਵੇਂ ਵਿਸ਼ਿਆਂ, ਅਛੂਤੇ ਬਿੰਬਾਂ ਅਤੇ ਕਾਵਿ-ਸੰਵੇਦਨਾ ਵਿਚ ਨਵੇਂ ਪ੍ਰਯੋਗ ਕੀਤੇ ਹਨ।
ਕਹਾਣੀ ਸੰਗ੍ਰਹਿ ‘ਇੰਟਰਵਲ ਤੋਂ ਬਾਅਦ’ (ਕੀਮਤ: 295 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ/ਚੰਡੀਗੜ੍ਹ) ਰਾਹੀਂ ਉਸ ਨੇ ਕਹਾਣੀ ਖੇਤਰ ਵਿਚ ਪ੍ਰਵੇਸ਼ ਕੀਤਾ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ ਗਿਆਰ੍ਹਾਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀਆਂ ਦੇ ਸੋਮੇ ਬਾਰੇ ਲੇਖਿਕਾ ਆਖਦੀ ਹੈ ਕਿ ਪੁਲੀਸ ਖੇਤਰ ਅਤੇ ਪੁਲੀਸ ਕਿਰਦਾਰ ਦੀਆਂ ਕਹਾਣੀਆਂ ਜਿਵੇਂ ‘ਪੁੱਠ ਕੰਡਾ’ ਅਤੇ’ ਹਾਸ਼ੀਏ ਤੇ ਸਿਲਵਟਾਂ’ ਤੇ ‘ਤਫ਼ਤੀਸ਼’ ਦੀ ਦੱਸ ਉਸ ਦੇ ਪੁਲੀਸ ਅਫ਼ਸਰ ਪਤੀ ਨੇ ਪਾਈ ਹੈ ਤੇ ਬਾਕੀ ਕਹਾਣੀਆਂ ਉਸ ਦੇ ਆਪਣੇ ਅਨੁਭਵ, ਚਿੰਤਨ ਅਤੇ ਸਿਰਜਣਾ ਦਾ ਨਤੀਜਾ ਹਨ।
ਇਸ ਸੰਗ੍ਰਹਿ ਦੀਆਂ ਲਗਭਗ ਸਾਰੀਆਂ ਕਹਾਣੀਆਂ ਔਰਤਾਂ, ਉਨ੍ਹਾਂ ਦੇ ਕਿਰਦਾਰ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਨਿੱਜੀ ਸੁੱਖ-ਦੁੱਖ ਨਾਲ ਜੁੜੀਆਂ ਹੋਈਆਂ ਹਨ। ਮਰਦ ਪਾਤਰ ਵੀ ਕਹਾਣੀਆਂ ਵਿਚ ਪੇਸ਼ ਹੋਏ ਹਨ, ਪਰ ਉਨ੍ਹਾਂ ਦੀ ਸਥਿਤੀ ਗੌਣ ਰੂਪ ਧਾਰਨ ਕਰਦੀ ਪ੍ਰਤੀਤ ਹੁੰਦੀ ਹੈ। ਉੱਭਰਵੇਂ ਰੂਪ ਵਿਚ ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਔਰਤ ਨੂੰ ਹੀ ਸਮੁੱਚੇ ਰੂਪ ਵਿਚ ਬਿਰਤਾਂਤਕਾਰੀ ਦਾ ਹਿੱਸਾ ਬਣਾਉਂਦੀਆਂ ਹਨ।
‘ਪੁੱਠ ਕੰਡਾ’ ਇਕ ਅਜਿਹੇ ਛੁੱਟੜ ਮਹਿਲਾ ਪੁਲੀਸ ਕਿਰਦਾਰ ਚਾਂਦ ਦੀ ਕਹਾਣੀ ਹੈ ਜਿਸ ਦੀ ਡਿਊਟੀ ਇਕ ਬਦਨਾਮ ਤਸਕਰ ਬਸ਼ੀਰ ਨੂੰ ਆਪਣੇ ਮੋਹ-ਪਾਸ਼ ਵਿਚ ਫਸਾ ਕੇ ਗ੍ਰਿਫ਼ਤਾਰ ਕਰਵਾਉਣ ਦੀ ਹੈ। ਪਰ ਉਸ ਦੇ ਸੰਪਰਕ ’ਚ ਆਉਣ ’ਤੇ ਪਾਤਰ ਚਾਂਦ ਦੀਆਂ ਅਤ੍ਰਿਪਤ ਕਾਮਨਾਵਾਂ ਜਾਗ ਜਾਂਦੀਆਂ ਹਨ ਤੇ ਉਹ ਸਰੀਰ ਜਾਂ ਦੇਹ ਦੀ ਆਵਾਜ਼ ਮੰਨ ਕੇ ਉਸ ਤਸਕਰ ਦੇ ਨੱਸ ਜਾਣ ਦਾ ਵਸੀਲਾ ਬਣ ਜਾਂਦੀ ਹੈ। ਦੇਹ ਜਿੱਤ ਜਾਂਦੀ ਹੈ ਤੇ ਫ਼ਰਜ਼ ਹਾਰ ਜਾਂਦਾ ਹੈ। ਦੂਸਰੀ ਕਹਾਣੀ ‘ਮੱਸਿਆ ਦਾ ਚੰਦ’ ਇਸ ਕਹਾਣੀ ਦਾ ਬਿਲਕੁਲ ਹੀ ਐਂਟੀ-ਥੀਸਿਸ ਪੇਸ਼ ਹੋ ਗਿਆ ਹੈ। ਕਾਲਜ ਦੀ ਪ੍ਰੋਫੈਸਰ ਨੰਦਿਤਾ ਦਾ ਪਤੀ ਵਿਸ਼ਾਲ ਨਪੁੰਸਕ ਹੈ। ਉਹ ਆਪਣੀ ਦੇਹ ਦੀ ਲੋੜ ਪੂਰੀ ਕਰਨ ਲਈ ਆਪਣੇ ਸਹਿਕਰਮੀ ਪ੍ਰੋ. ਗਗਨ ਨਾਲ ਵੀ ਸਬੰਧ ਜੋੜਨਾ ਚਾਹੁੰਦੀ ਹੈ, ਪਰ ਉਸ ਦੀ ਨੀਵੀਂ ਜ਼ਾਤ, ਉਸ ਦੀ ਮੱਧਵਰਗੀ ਜ਼ਹਿਨੀਅਤ ਉਸ ਨੂੰ ਸੰਕੋਚੀ ਬਣਾ ਦਿੰਦੀ ਹੈ। ਆਖ਼ਰ ਉਹ ਸਮਾਜ, ਮਾਪਿਆਂ ਅਤੇ ਸਾਰੇ ਪਰਿਵਾਰ ਦੀ ਮਾਣ-ਮਰਿਆਦਾ ਬਚਾਉਣ ਲਈ ਵਿਸ਼ਾਲ ਨਾਲ ਹੀ ਰਹਿਣਾ ਕਬੂਲ ਕਰ ਲੈਂਦੀ ਹੈ। ਦੇਹ ਦੀ ਲੋੜ ਉਹ ਇਹ ਕਹਿਕੇ ਨਕਾਰ ਦਿੰਦੀ ਹੈ, ‘‘ਸਰੀਰਕ ਰਿਸ਼ਤੇ ਹੀ ਤਾਂ ਸਭ ਕੁਝ ਨਹੀਂ ਹੁੰਦੇ।’’ ਉਹ ਸਮਝੌਤਾਵਾਦੀ ਜ਼ਿੰਦਗੀ ਬਸਰ ਕਰਨ ਲਈ ਤਿਆਰ ਹੋ ਜਾਂਦੀ ਹੈ। ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ। ਕਹਾਣੀ ਲੇਖਿਕਾ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਔਰਤ ਦੇ ਹਰੇਕ ਕਿਰਦਾਰ ਨੂੰ ਵਾਜਬ ਠਹਿਰਾਉਂਦੀ ਹੈ ਤੇ ਆਪਣੇ ਤਰਕ ’ਤੇ ਡਟ ਕੇ ਪਹਿਰਾ ਦਿੰਦੀ ਹੈ। ‘ਤਿਤਲੀ’ ਕਹਾਣੀ ਵਿਚ ਅਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਰਿਸ਼ਤਿਆਂ ’ਤੇ ਕਿੰਤੂ-ਪ੍ਰੰਤੂ ਕੀਤਾ ਗਿਆ ਹੈ। ਵਿਦਿਆਰਥਣ ਆਪਣੇ ਪ੍ਰੋਫੈਸਰ ਦੀ ਅੱਖ ਮੈਲੀ ਦੇਖ ਕੇ ਉਸ ਤੋਂ ਟਾਲਾ ਵੱਟਣ ਦਾ ਬਹਾਨਾ ਵੀ ਲੱਭ ਲੈਂਦੀ ਹੈ। ‘ਇੰਟਰਵਲ ਤੋਂ ਬਾਅਦ’ ਕਹਾਣੀ ਮਨਬਚਨੀ ਰਾਹੀਂ ਔਰਤ ਕਮਸਿਨ ਕੁੜੀਆਂ ਅਤੇ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੀਆਂ ਅਨੇਕਾਂ ਕਹਾਣੀਆਂ ਸੁਣਾਈਆਂ ਗਈਆਂ ਹਨ। ਇੱਥੇ ਕਹਾਣੀ ਲੇਖਿਕਾ ਇਕ ਸਵਾਲ ਖੜ੍ਹਾ ਕਰਦੀ ਹੈ ਤੇ ਚਿੰਤਕਾਂ ਤੋਂ ਇਸ ਦਾ ਜਵਾਬ ਮੰਗਦੀ ਹੈ ਕਿ ਜੇ ਹਾਲਤ ਇੰਟਰਵਲ ਤੋਂ ਪਹਿਲਾਂ ਏਨੀ ਬਦਬਖ਼ਤ ਹੈ ਤਾਂ ਇੰਟਰਵਲ ਤੋਂ ਬਾਅਦ ਹਾਲਤ ਕਿਹੋ ਜਿਹੀ ਹੋਵੇਗੀ? ‘ਹਾਸ਼ੀਏ ਤੇ ਸਿਲਵਟਾਂ’ ਵਿਚ ਇਕ ਔਰਤ ਟੈਨੀ
ਦਾ ਕਤਲ ਹੋ ਜਾਂਦਾ ਹੈ ਤੇ ਉਸ ਦਾ ਪਤੀ ਸੰਨੀ
ਇਸ ਕਤਲ ਲਈ ਏਨੇ ਬਚਾਉ ਢੰਗ ਈਜਾਦ ਕਰਦਾ
|ਹੈ ਕਿ ਕਤਲ ਦੀ ਗੁੱਥੀ ਕਈ ਅਣਸੁਲਝੇ ਸਵਾਲ
ਛੱਡ ਜਾਂਦੀ ਹੈ। ਪਾਠਕ ਸੋਚਣ ਲਈ ਮਜਬੂਰ ਹੈ
ਕਿ ਆਖ਼ਰ ਕਾਤਲ ਹੈ ਕੌਣ? ‘ਕਮਾਲ’ ਕਹਾਣੀ ਦੋ ਚਲਾਕ ਮੁਲਾਜ਼ਮ ਔਰਤ ਦੀ ਕਹਾਣੀ ਹੈ ਜੋ ਆਪਣੀ ਚੋਣ ਡਿਊਟੀ ਕਟਵਾਉਣ ਲਈ ਦਫ਼ਤਰ ਦੇ ਸੁਪਰਵਾਈਜ਼ਰ ਨੂੰ ਆਪਣੀਆਂ ਚਪਲ ਗੱਲਾਂ ’ਚ ਇਉਂ ਫਾਥਦੀਆਂ ਹਨ ਕਿ ਉਹ ਉਨ੍ਹਾਂ ਨੂੰ ਚਾਹ ਵੀ ਪਿਲਾਉਂਦਾ ਹੈ ਤੇ ਉਨ੍ਹਾਂ ਦੀ ਡਿਊਟੀ ਵੀ ਕਟਵਾ ਦਿੰਦੀ ਹੈ।
‘ਅੱਲਾ ਹੂ’ ਕਹਾਣੀ ਔਰਤ ਦੀ ਝਿਜਕ ਅਤੇ ਦੁਬਿਧਾ ਦੀ ਕਹਾਣੀ ਹੈ ਕਿ ਉਹ ਖੁੱਲ੍ਹ ਕੇ ਆਪਣੇ ਮਨਪਸੰਦ ਮਰਦ ਨੂੰ ਚਾਹੁੰਦੇ ਹੋਏ ਵੀ ਆਪਣੇ ਪ੍ਰੇਮ ਦਾ ਇਜ਼ਹਾਰ ਨਹੀਂ ਕਰ ਸਕਦੀ। ਪਰ ਕਈ ਵਰ੍ਹਿਆਂ ਬਾਅਦ ਦੂਜੀ ਧਿਰ ਦੇ ਮਨ ਦਾ ਪਤਾ ਲੱਗਣ ’ਤੇ ਉਸ ਕੋਲ ਪਛਤਾਵੇ ਤੋਂ ਬਗ਼ੈਰ ਕੋਈ ਚਾਰਾ ਨਹੀਂ ਰਹਿ ਜਾਂਦਾ। ‘ਸਤਰੰਗ ਪੀਂਘਾਂ’ ਵਿਚ ਗ੍ਰਹਿਸਥੀ ਜੀਵਨ ਪਤੀ-ਪਤਨੀ ਦੀ ਆਪਸੀ ਸਮਝ, ਪਿਆਰ ਅਤੇ ਵਿਸ਼ਵਾਸ ਕਾਰਨ ਸਵਰਗ ਬਣਿਆ ਰਹਿੰਦਾ ਹੈ ਜਦੋਂਕਿ ਨਾਸਮਝੀ, ਬੇਵਿਸਾਹੀ ਅਤੇ ਨਫ਼ਰਤ ਕਾਰਨ ਇਹ ਨਰਕ ਕੁੰਭੀ ਬਣ ਜਾਂਦਾ ਹੈ। ‘ਹਸਰਤ’ ਇਕ ਅਜਿਹੇ ਦੰਪਤੀ ਅਸ਼ੋਕ ਤੇ ਸ਼ਾਰਦਾ ਦੀ ਕਹਾਣੀ ਹੈ ਜੋ ਆਪਣੇ ਘਰੇਲੂ ਝਗੜੇ ਕਾਰਨ ਘਰ ਗ੍ਰਹਿਸਥੀ ਨੂੰ ਨਰਕ ਬਣਾਈ ਰੱਖਦੇ ਹਨ ਤੇ ਅੰਤ ਪਤਨੀ ਸ਼ਾਰਦਾ ਮਰਜ਼ੀ ਨਾਲ ਜਿਊਣ ਤੇ ਸ਼ਖ਼ਸੀ ਆਜ਼ਾਦੀ ਪ੍ਰਾਪਤ ਕਰਨ ਲਈ ਘਰ-ਬਾਰ ਛੱਡ ਕੇ ਦੂਰ ਰਹਿਣ ਲਈ ਚਲੀ ਜਾਂਦੀ ਹੈ। ‘ਤਫ਼ਤੀਸ਼’ ਕਹਾਣੀ ਇਕ ਅਜਿਹੇ ਹਾਬੜੇ ਹੋਏ ਪਾਤਰ ਧਰਮ ਸਿੰਘ ਦੀ ਕਹਾਣੀ ਹੈ ਜੋ ਆਪਣੀਆਂ ਜਿਨਸੀ ਲੋੜਾਂ ਅਤੇ ਲਾਲਸਾਵਾਂ ਨੂੰ ਪੂਰੀਆਂ ਕਰਨ ਲਈ ਆਪਣੀਆਂ ਧੀਆਂ ਤੱਕ ਨੂੰ ਵੀ ਨਹੀਂ ਬਖ਼ਸ਼ਦਾ। ਆਖ਼ਰ ਤੰਗ ਆ ਕੇ ਉਹਦੇ ਪੁੱਤ ਹੀ ਉਸ ਦਾ ਕਤਲ ਕਰ ਦਿੰਦੇ ਹਨ। ਸੁਲੱਖਣ ਸਿੰਘ ਜਿਹਾ ਮਾਨਵਵਾਦੀ ਕਦਰਾਂ ਕੀਮਤਾਂ ਵਾਲਾ ਤਫ਼ਤੀਸ਼ੀ ਪੁਲੀਸ ਅਫ਼ਸਰ ਸ਼ੱਕ ਦੀ ਆੜ ’ਚ ਉਨ੍ਹਾਂ ਪੁੱਤਰਾਂ ਨੂੰ ਸਜ਼ਾ ਤੋਂ ਬਚਾ ਲੈਂਦਾ ਹੈ। ‘ਜਾਨ ਦਾ ਖੌਅ’ ਇਕ ਅਜਿਹੀ ਦੁਖੀ ਔਰਤ ਦੀ ਮਨਬਚਨੀ ਹੈ ਜੋ ਆਪਣੇ ਪਤੀ, ਸੱਸ ਅਤੇ ਘਰ ’ਚ ਪਲੇ ਚੂਹਿਆਂ ਦੇ ਵਿਹਾਰ ਤੋਂ ਅੰਤਾਂ ਦੀ ਦੁਖੀ ਹੈ। ਅਚਾਨਕ ਦੁਰਘਟਨਾ ਵਿਚ ਸੱਸ ਅਤੇ ਪਤੀ ਦੇ ਮਰ ਜਾਣ ’ਤੇ ਉਹ ਸੁਖੀ ਅਤੇ ਸਹਿਜ ਮਹਿਸੂਸ ਕਰਨ ਲੱਗਦੀ ਹੈ। ਹੁਣ ਘਰ ’ਚ ਚੂਹਿਆਂ ਦੀ ਹਾਜ਼ਰੀ ਵੀ ਉਸ ਨੂੰ ਬੁਰੀ ਨਹੀਂ ਲੱਗਦੀ।
ਇਨ੍ਹਾਂ ਕਹਾਣੀਆਂ ਬਾਰੇ ਪ੍ਰਬੁੱਧ ਕਹਾਣੀਕਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਹਾਣੀਕਾਰ ਦੀ ਟਿੱਪਣੀ ਵੀ ਪੜ੍ਹਨ ਯੋਗ ਹੈ:
‘‘ਇੰਟਰਵਲ ਤੋਂ ਬਾਅਦ ਦੇ ਸਮੁੱਚੇ ਲੇਖਨ ਦਾ ਕੇਂਦਰੀ ਧੁਰਾ ਦਮਿਤ ਇਸਤਰੀ ਦੀ ਅਮੁੱਕ ਪੀੜ, ਸਹਿਕਦੇ ਜਜ਼ਬੇ, ਅਜੋੜ ਰਿਸ਼ਤਿਆਂ ਦਾ ਮਾਰੂ ਤਣਾਉ, ਆਜ਼ਾਦ ਅਸਤਿਤਵ ਦੀ ਤੜਫ਼ਦੀ ਲੋਚਾ, ਪੁਰਸ਼ ਸੱਤਾ ਦੇ ਸਮਵਿੱਥ ਸਥੂਲ-ਅਸਥੂਲ ਤ੍ਰਿਪਤੀ ਦੀ ਬਰਾਬਰਤਾ, ਇੱਛਾਗਤ ਕਾਮਨਾਵਾਂ ਦੀ ਅਕਾਂਖਿਆ, ਮੱਚ ਕੇ ਜਿਉਣ ਦੀ ਲਾਲਸਾ ਤੇ ਇਸਤਰੀ ਦੇ ਦੁਜੈਲੀ ਹੋਣ ਦੀ ਨਾਬਰਤਾ ਨੂੰ ਪ੍ਰਣਾਇਆ ਹੋਇਆ ਹੈ ਜੋ ਇਨ੍ਹਾਂ ਕਹਾਣੀਆਂ ਦੇ ਕਥਾ-ਬਿਰਤਾਂਤ ਵਿਚ ਕਲਾਤਮਿਕਤਾ ਨਾਲ ਦ੍ਰਿਸ਼ਟੀਗੋਚਰ ਹੁੰਦਾ ਹੈ।’’
ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਅਸੀਂ ਔਰਤ ਦੀ ਸੰਵੇਦਨਾ, ਪੀੜ ਅਤੇ ਚਪਲਤਾ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਣ ਦੇ ਯੋਗ ਹੋ ਜਾਵਾਂਗੇ। ਔਰਤ ਦੇ ਇਹ ਅਹਿਸਾਸ ਲੇਖਿਕਾ ਦੇ ਲੈਂਜ਼ ਰਾਹੀਂ ਹੋਰ ਵੀ ਉੱਭਰ ਕੇ ਵੱਡ-ਆਕਾਰੀ ਦਿਸਣ ਲੱਗਦੇ ਹਨ।
ਸੰਪਰਕ: 94635-37050