ਡਾ. ਕੁਲਦੀਪ ਸਿੰਘ ਧੀਰ*
ਡਾ. ਸਰਬਜੀਤ ਸਿੰਘ ਛੀਨਾ ਐਗਰੀਕਲਚਰ ਇਕਨਾਮਿਕਸ ਦੀ ਪੀਐੱਚ.ਡੀ. ਹੈ। ਉਹ ਇਤਿਹਾਸਕ ਖਾਲਸਾ ਕਾਲਜ ਤੋਂ ਡੀਨ ਐਗਰੀਕਲਚਰ ਸੇਵਾਮੁਕਤ ਹੋਇਆ। ਆਪਣੇ ਅਧਿਆਪਨ ਕਾਰਜ ਕਾਲ ਵਿਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਨਾਲ ਸੰਬੰਧਿਤ ਰਿਹਾ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੈਨੇਟ ਅਤੇ ਸਿੰਡੀਕੇਟ ਦਾ ਮੈਂਬਰ ਰਿਹਾ। ਉਸ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਸ ਦੀਆਂ ਪੁਸਤਕਾਂ ਦੇਸ਼ ਭਰ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੜ੍ਹਾਈਆਂ ਜਾਂਦੀਆਂ ਹਨ। ਉਹ ਵੱਖ-ਵੱਖ ਖੇਡਾਂ, ਸਭਿਆਚਾਰਕ ਅਤੇ ਵਿੱਦਿਅਕ ਸੰਸਥਾਵਾਂ ਨਾਲ ਸੰਬੰਧਤ ਰਿਹਾ ਜਿਨ੍ਹਾਂ ਵਿਚ ਰੈੱਡ ਕਰਾਸ ਆਫ ਇੰਡੀਆ, ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਆਦਿ ਸ਼ੁਮਾਰ ਹਨ। ਉਹ ਕਨਫੈਡਰੇਸ਼ਨ ਆਫ ਯੂਨੈਸਕੋ ਕਲੱਬਜ਼ ਇਨ ਇੰਡੀਆ ਦਾ ਪ੍ਰਧਾਨ ਹੈ। ਆਰਥਿਕ ਵਿਸ਼ਿਆਂ ’ਤੇ ਉਸ ਦੇ ਲੇਖ ਵੱਖ-ਵੱਖ ਅਖ਼ਬਾਰਾਂ ਵਿਚ ਲਗਾਤਾਰ ਛਪਦੇ ਰਹਿੰਦੇ ਹਨ।
‘ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਡਾ. ਸਰਬਜੀਤ ਸਿੰਘ ਛੀਨਾ ਦਾ ਸਾਹਿਤਕ ਸੰਸਾਰ’ (ਸੁਲੱਖਣ ਸਰਹੱਦੀ; ਕੀਮਤ: 595 ਰੁਪਏ; ਮਨਪ੍ਰੀਤ ਪ੍ਰਕਾਸ਼ਨ ਦਿੱਲੀ) ਪੁਸਤਕ ਇਸ ਨਿਰਮਾਣ, ਮਿਹਨਤੀ ਅਤੇ ਬਹੁਪੱਖੀ ਪ੍ਰਤਿਭਾ ਵਾਲੇ ਖੇਤੀ ਅਰਥ-ਸ਼ਾਸਤਰੀ ਦੇ ਸਾਹਿਤਕ ਕਾਰਜ ਨਾਲ ਡੂੰਘੀ ਜਾਣ-ਪਛਾਣ ਕਰਵਾਉਣ ਦਾ ਸੁਲੱਖਣ ਸਰਹੱਦੀ ਦਾ ਉੱਦਮ ਹੈ। ਡਾ. ਐੱਸ.ਐੱਸ. ਛੀਨਾ, ਡਾ. ਐੱਸ.ਐੱਸ. ਜੌਹਲ ਤੋਂ ਬਾਅਦ ਖੇਤੀ ਆਰਥਿਕਤਾ ਉੱਤੇ ਗੌਲਣਯੋਗ ਸੀਨੀਅਰ ਅਰਥ-ਸ਼ਾਸਤਰੀਆਂ ਵਿਚੋਂ ਇਕ ਹੈ। ਉਸ ਨੇ ਸਿੱਖ ਇਤਿਹਾਸ ਉੱਤੇ ਵੀ ਤਿੰਨ ਮੁੱਲਵਾਨ ਕਿਤਾਬਾਂ ਲਿਖੀਆਂ ਹਨ। ਸੋਸ਼ਲਿਸਟ ਨੇਤਾ ਡਾ. ਰਾਮ ਮਨੋਹਰ ਲੋਹੀਆ ਦੀ ਜੀਵਨੀ ਲਿਖੀ ਹੈ। ਪਾਕਿਸਤਾਨ, ਕੈਨੇਡਾ, ਅੰਡੇਮਾਨ ਨਿਕੋਬਾਰ ਤੇ ਯੂਨਾਨ ਦੇ ਸਫ਼ਰਨਾਮੇ ਲਿਖੇ ਹਨ। ਪੇਂਡੂ ਪੰਜਾਬ ਦੇ ਹਾਸ ਵਿਅੰਗ ਬਾਰੇ ਕਿਤਾਬ ਲਿਖੀ ਹੈ। ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਬਦੁਲ ਸਤਾਰ ਈਦੀ ਦੀ ਜੀਵਨੀ ਦਾ ਅਨੁਵਾਦ ਕੀਤਾ ਹੈ। ਪੰਜਾਬੀ ਤੇ ਅੰਗਰੇਜ਼ੀ ਵਿਚ ਅਖ਼ਬਾਰਾਂ ਰਸਾਲਿਆਂ ਵਾਸਤੇ ਹਜ਼ਾਰ ਤੋਂ ਵਧੇਰੇ ਨਬਿੰਧ ਲਿਖੇ ਹਨ।
ਪੈਂਤੀ ਵਰ੍ਹੇ ਪੂਰਾਂ ਦੇ ਪੂਰ ਅਰਥ ਸ਼ਾਸਤਰ ਦੇ ਵਿਦਿਆਰਥੀ ਖਾਲਸਾ ਕਾਲਜ ਅੰਮ੍ਰਿਤਸਰ ਜਿਹੀ ਵੱਕਾਰੀ ਸੰਸਥਾ ਵਿਚ ਪੜ੍ਹਾਏ ਹਨ। ਡਾ. ਛੀਨਾ ਨੇ ਇਸ ਕਾਲਜ ਦੇ ਖੇਤਰ ਨੂੰ ਪ੍ਰਸਾਰਦੇ ਹੋਏ, ਨਰਸਿੰਗ ਕਾਲਜ, ਵੈਟਰਨਰੀ ਕਾਲਜ, ਇੰਜੀਨੀਅਰਿੰਗ ਕਾਲਜ, ਫਾਰਮੇਸੀ ਕਾਲਜ, ਕਾਲਜ ਆਫ ਐਜੂਕੇਸ਼ਨ, ਕਾਲਜ ਆਫ ਮੈਨੇਜਮੈਂਟ ਤੇ ਲਾਅ ਕਾਲਜ ਸਥਾਪਤ ਕਰਨ ਦੇ ਯਾਦਗਾਰੀ ਕੰਮ ਕੀਤੇ ਹਨ। ਉਸ ਨੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀ ਸੰਸਥਾ ਆਪ ਪਿੰਡ ਵਿਚ ਖੋਲ੍ਹੀ ਹੈ। ਕੌਮਾਂਤਰੀ ਪੱੱਧਰ ’ਤੇ ਸਰਗਰਮ ਰਹਿੰਦਿਆਂ ਯੂਨੈਸਕੋ ਕਲੱਬਾਂ ਦੀ ਪ੍ਰਧਾਨਗੀ ਕੀਤੀ ਹੈ। ਪੋਸਟ ਗ੍ਰੈਜੂਏਟ ਪੱਧਰ ਦੀਆਂ ਅਰਥ ਸ਼ਾਸਤਰ ਵਿਸ਼ੇ ਵਿਚ ਪ੍ਰਮਾਣਕ ਪਾਠ ਪੁਸਤਕਾਂ ਲਿਖੀਆਂ। ਅਧਿਆਪਕਾਂ ਦੇ ਹੱਕਾਂ ਲਈ ਯੂਨੀਵਰਸਿਟੀ ਨੇਤਾ ਵਜੋਂ ਲੜਿਆ ਅਤੇ ਜੇਲ੍ਹ ਯਾਤਰਾ ਕੀਤੀ। ਸੂਬਾਈ ਤੇ ਕੌਮੀ ਪੱਧਰ ਉੱਤੇ ਖੇਡ ਸੰਸਥਾਵਾਂ ਵਿਚ ਸਰਗਰਮ ਰਿਹਾ ਹੈ। ਬਾਲ ਮਜ਼ਦੂਰੀ ਦੇ ਸਰਾਪ ਉੱਤੇ ‘ਕਾਕੂ’ ਨਾਮ ਦੀ ਫਿਲਮ ਬਣਵਾਈ ਹੈ। ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੀ ਸੇਵਾ ਨਿਭਾਈ। ਪ੍ਰੋਫ਼ੈਸਰੀ ਦੇ ਨਾਲ ਨਾਲ ਪਿੰਡ ਦੀ ਸਰਪੰਚੀ ਕੀਤੀ ਹੈ ਅਤੇ ਉਸ ਦੀਆਂ ਅਜਿਹੀਆਂ ਅਨੇਕ ਸਰਗਰਮੀਆਂ ਦੀ ਸੂਚੀ ਸੰਖੇਪ ਵਿਚ ਦੱਸਣੀ ਵੀ ਸੌਖੀ ਨਹੀਂ। ਕਮਾਲ ਇਹ ਹੈ ਕਿ ਇੰਨੀਆਂ ਪ੍ਰਾਪਤੀਆਂ ਦੇ ਬਾਵਜੂਦ ਡਾ. ਛੀਨਾ ਨਿਰਮਾਣ ਤੇ ਨਿਮਰ ਹੈ। ਇਹ ਕਿਤਾਬ ਉਸ ਦੀ ਸ਼ਖ਼ਸੀਅਤ ਦੇ ਕੇਵਲ ਇਕੋ ਪਾਸਾਰ ਭਾਵ ਸਾਹਿਤਕ ਸੰਸਾਰ ਨਾਲ ਜਾਣ ਪਛਾਣ ਤਕ ਸੀਮਿਤ ਹੈ।
ਸੰਪਾਦਕ ਨੇ ਕਿਤਾਬ ਦਾ ਆਰੰਭ ਡਾ. ਛੀਨਾ ਬਾਰੇ ਇਕ ਲਘੂ ਨਬਿੰਧ ਅਤੇ ਉਸ ਉਪਰੰਤ ਉਸ ਨਾਲ ਇਕ ਲੰਮੀ ਮੁਲਾਕਾਤ ਨਾਲ ਕੀਤਾ ਹੈ। ਇਸ ਨਾਲ ਡਾ. ਛੀਨਾ ਦੇ ਪਿਛੋਕੜ, ਬਚਪਨ, ਜਵਾਨੀ, ਨਿੱਜੀ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਕਾਫ਼ੀ ਕੁਝ ਪਾਠਕ ਅੱਗੇ ਪੇਸ਼ ਕੀਤਾ ਗਿਆ ਹੈ। ਡਾ. ਛੀਨਾ ਦੀ ਇਨਸਾਨਪ੍ਰਸਤੀ, ਸਾਊਪੁਣਾ, ਮਿਹਨਤੀ ਸੁਭਾਅ ਤੇ ਨਿੱਜੀ ਜੀਵਨ ਵਿਚ ਭੋਗੇ ਦੋ ਵੱਡੇ ਦੁਖਾਂਤਾਂ ਦੇ ਵੇਰਵੇ ਕਰੁਣਾਮਈ ਹਨ। ਦਸ ਕੁ ਸਾਲਾਂ ਦੇ ਵਕਫ਼ੇ ਵਿਚ ਜਵਾਨ ਪੁੱਤਰ ਦੀ ਮੌਤ ਅਤੇ ਫਿਰ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਨੇ ਸੰਵੇਦਨਸ਼ੀਲ ਤੇ ਸੁਹਿਰਦ ਸਰਬਜੀਤ ਸਿੰਘ ਨੂੰ ਇਕ ਵਾਰ ਤਾਂ ਭੁੰਜੇ ਲਾਹ ਸੁੱਟਿਆ। ਆਪਣੇ ਜ਼ਖ਼ਮਾਂ ਨੂੰ ਆਪ ਹੀ ਭਰਨ ਲਈ ਉਸ ਨੇ ਆਪਣਾ ਧਿਆਨ ਪਤਨੀ ਅਤੇ ਬੱਚਿਆਂ ਵੱਲੋਂ ਸਥਾਪਿਤ ਵਿੱਦਿਅਕ ਸੰਸਥਾਵਾਂ ਉੱਤੇ ਕੇਂਦਰਿਤ ਕੀਤਾ। ਗੁਰਬਾਣੀ ਨੇ ਉਸ ਨੂੰ ਟੁੱਟਣ ਤੋਂ ਬਚਾਅ ਕੇ ਸਮਾਜ ਸੇਵਾ ਦੀਆਂ ਬਹੁਭਾਂਤੀ ਗਤੀਵਿਧੀਆਂ ਦੇ ਰਾਹ ਤੋਰਿਆ। ਪੰਜਾਬੀਆਂ ਦੇ ਦੁੱਖ ਦਰਦ ਤੇ ਸਮੱਸਿਆਵਾਂ ਨੂੰ ਜ਼ੁਬਾਨ ਦੇਣ ਲਈ ਸਰਗਰਮ ਹੋਇਆ। ਪਿੰਗਲਵਾੜੇ ਦੇ ਸਮਾਜਿਕ ਕਾਰਜ, ਸਕੂਲ ਦਾ ਪ੍ਰਬੰਧ, ਯੂਨੈਸਕੋ ਕਲੱਬਾਂ ਦੀ ਕਾਨਫੈਡਰੇਸ਼ਨ ਦੀ ਪ੍ਰਧਾਨਗੀ, ਖੇਡ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ, ਪੱਤਰਕਾਰੀ ਤੇ ਸਾਹਿਤਕ ਰੁਝੇਵਿਆਂ ਵਿਚ ਉਸ ਨੇ ਆਪਣੇ ਆਪ ਨੂੰ ਇੰਨਾ ਵਿਅਸਤ ਕਰ ਲਿਆ ਕਿ ਆਪਣੇ ਨਿੱਜੀ ਦੁੱਖ ਦਰਦਾਂ ਦੇ ਫ਼ਿਕਰ ਨਾਲੋਂ ਲੋਕਾਂ ਦੇ ਦੁੱਖ ਦਰਦ ਅਤੇ ਸਮਾਜਿਕ ਫ਼ਿਕਰ ਵਡੇਰੇ ਲੱਗਦੇ। ਇਹੋ ਜਿਹੇ ਬੰਦੇ ਵਿਰਲੇ ਹੁੰਦੇ ਹਨ ਜਿਨ੍ਹਾਂ ਵਿਚੋਂ ਛੀਨਾ ਇਕ ਹੈ।
ਵਿਚਾਰ ਅਧੀਨ ਕਿਤਾਬ ਇਸ ਪਿਆਰੇ ਤੇ ਦਰਵੇਸ਼ ਸੁਭਾਅ ਬੰਦੇ ਦੀਆਂ ਚੋਣਵੀਆਂ ਲਿਖਤਾਂਂ ਪਾਠਕਾਂ ਅੱਗੇ ਰੱਖਦੀ ਹੈ। ਇਸ ਦੀ ਸ਼ੁਰੂਆਤ ਅਬਦੁਲ ਸਤਾਰ ਈਦੀ ਦੀ ਅੰਗਰੇਜ਼ੀ ਜੀਵਨੀ ਦੇ ਡਾ. ਛੀਨਾ ਵੱਲੋਂ ਕੀਤੇ ਪੰਜਾਬੀ ਅਨੁਵਾਦ ਦੇ ਇਕ ਟੋਟੇ ਨਾਲ ਹੁੰਦੀ ਹੈ। ਈਦੀ ਪਾਕਿਸਤਾਨ ਦਾ ਭਗਤ ਪੂਰਨ ਸਿੰਘ ਕਿਹਾ ਜਾ ਸਕਦਾ ਹੈ। ਵਿੰਟੇਜ ਆਫ ਪੰਜਾਬੀ ਹਿਊਮਰ ਵਿਚ ਲੇਖਕ ਨੇ ਪੰਜਾਬੀ ਜਨ ਜੀਵਨ ਵਿਚ ਕਦਮ ਕਦਮ ਉੱਤੇ ਬਿਖਰੇ ਹਾਸੇ ਠੱਠੇ ਦੀਆਂ ਝਲਕਾਂ ਅੰਕਿਤ ਕੀਤੀਆਂ ਹਨ। ਇਨ੍ਹਾਂ ਵਿਚੋਂ ਪੰਜ ਝਲਕਾਂ ਇਸ ਕਿਤਾਬ ਵਿਚ ਪ੍ਰਾਪਤ ਹਨ। ਇੰਜ ਹੀ ਪਾਕਿਸਤਾਨ, ਕੈਨੇਡਾ ਅਤੇ ਅੰਡੇਮਾਨ ਨਿਕੋਬਾਰ ਦੇ ਤਿੰਨ ਸਫ਼ਰਨਾਮਿਆਂ ਦੇ ਦੋ ਦੋ ਕਾਂਡ ਇਸ ਪੁਸਤਕ ਵਿਚ ਅੰਕਿਤ ਹਨ। ਇਹ ਛੀਨਾ ਨੂੰ ਇਕ ਵਧੀਆ ਸਫ਼ਰਨਾਮਾ ਲੇਖਕ ਵਜੋਂ ਉਭਾਰਦੇ ਹਨ। ਇਸੇ ਕੜੀ ਵਿਚ ਪਾਕਿਸਤਾਨੀ ਲੇਖਿਕਾ ਬੇਗਮ ਨੀਲਮਾ ਨਹੀਦ ਦੁਰਾਨੀ ਦੇ ਭਾਰਤੀ ਪੰਜਾਬ ਦੇ ਸਫ਼ਰਨਾਮੇ ਦੇ ਡਾ. ਛੀਨਾ ਵੱਲੋਂ ਕੀਤੇ ਪੰਜਾਬੀ ਅਨੁਵਾਦ ਦੇ ਦੋ ਕਾਂਡ ਹਾਜ਼ਰ ਹਨ। ਦੇਸ਼ ਵੰਡ ਵੇਲੇ ਟੋਟੇ ਹੋਏ ਪੰਜਾਬ ਵਿਚ ਆਪਣੀ ਜਨਮ ਭੂਮੀ ਤੋਂ ਟੁੱਟਣ ਦੇ ਦਰਦ ਦੀ ਕਹਾਣੀ ਲੇਖਕ ਨੇ ਵਾਹਗੇ ਵਾਲੀ ਲਕੀਰ ਵਿਚ ਕਹੀ ਹੈ। ਇਸ ਦੇ ਤਿੰਨ ਅਧਿਆਇ ਇਹ ਕਿਤਾਬ ਪਾਠਕਾਂ ਨਾਲ ਸਾਂਝੇ ਕਰਦੀ ਹੈ। ਇਧਰ ਆ ਕੇ ਵੀ ਉਸ ਦਾ ਮੋਹ ਪਿੰਡਾਂ ਨਾਲ ਰਿਹਾ। ਉਸ ਨੇ ‘ਮੇਰਾ ਪਿੰਡ ਆਪਣੇ ਲੋਕ’ ਕਿਤਾਬ ਵਿਚ ਆਪਣੇ ਪਿੰਡਾਂ ਦੇ ਉਨ੍ਹਾਂ ਦੋ ਲੋਕਾਂ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਵਿਚਾਰ ਅਧੀਨ ਕਿਤਾਬ ਵਿਚ ਇਸ ਦੇ ਪੰਜ ਅਧਿਆਇ ਪ੍ਰਾਪਤ ਹਨ। ਲੇਖਕ ਦੇ ਯੂਨਾਨ ਦੇ ਸਫ਼ਰਨਾਮੇ ਦਾ ਇਕ ਕਾਂਡ ਇਸ ਮਾਲਾ ਦਾ ਅਗਲਾ ਮਣਕਾ ਹੈ। ਅੰਮ੍ਰਿਤਸਰ ਦੇ ਪਿੰਗਲਵਾੜੇ ਨਾਲ ਲੰਬੇ ਸੰਬੰਧਾਂ ਵਿਚ ਉਪਜੀ ਬੀਬੀ ਇੰਦਰਜੀਤ ਕੌਰ ਦੀ ਅੰਗਰੇਜ਼ੀ ਵਿਚ ਲਿਖੀ ਜੀਵਨੀ ਦਾ ਇਕ ਅਧਿਆਇ ਇਸ ਬਿਰਤਾਂਤ ਨੂੰ ਅੱਗੇ ਤੋਰਦਾ ਹੈ। ਡਾ. ਛੀਨਾ ਨੇ ਬੰਦਾ ਬਹਾਦਰ, ਸਿੱਖ ਰਾਜ ਦਾ ਪਤਨ ਤੇ ਮਹਾਰਾਜਾ ਦਲੀਪ ਸਿੰਘ ਬਾਰੇ ਵੀ ਤਿੰਨ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਦੀ ਝਲਕ ਦੇਣ ਵਾਲਾ ਇਕ ਇਕ ਕਾਂਡ ਵੀ ਇਸ ਗ੍ਰੰਥ ਦਾ ਹਿੱਸਾ ਬਣਾਇਆ ਗਿਆ ਹੈ। ਵਿਚਾਰਾਂ ਅਧੀਨ ਕਿਤਾਬ ਦੀ ਸਮਾਪਤੀ ਡਾ. ਛੀਨਾ ਦੁਆਰਾ ਅੰਗਰੇਜ਼ੀ ਵਿਚ ਲਿਖੀ ਡਾ. ਰਾਮ ਮਨੋਹਰ ਲੋਹੀਆ ਦੀ ਜੀਵਨੀ ਦੇ ਕੁਝ ਅੰਸ਼ਾਂ ਨਾਲ ਕੀਤੀ ਗਈ ਹੈ। ਪੁਸਤਕ ਦੇ ਸੰਪਾਦਕ ਤੇ ਪ੍ਰਕਾਸ਼ਕ ਵੱਲੋਂ ਸੰਪਾਦਕ ਤੇ ਪ੍ਰਕਾਸ਼ਨ ਵਿਚ ਵਰਤੀ ਬੇਪ੍ਰਵਾਹੀ ਹਰ ਸੂਝਵਾਨ ਪਾਠਕ ਦਾ ਸੁਆਲ ਕਿਰਕਰਾ ਕਰੇਗੀ।
* ਸਾਬਕਾ ਪ੍ਰੋਫ਼ੈਸਰ ਅਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98722-60550