ਡਾ. ਗੁਰਮੀਤ ਸਿੰਘ ਸਿੱਧੂ
ਦੋ ਪੁਸਤਕਾਂ – ਦੋ ਅਨੁਭਵ
ਡਾ. ਜਸਬੀਰ ਸਿੰਘ ਸਰਨਾ ਦੀ ਲਿਖੀ ਪੁਸਤਕ ‘ਜੰਮੂ ਕਸ਼ਮੀਰ ਦੀ ਸਿੱਖ ਤਵਾਰੀਖ਼’ (ਕੀਮਤ: 500 ਰੁਪਏ; ਯੂਨੀਸਟਾਰ ਬੁੱਕਸ, ਮੁਹਾਲੀ) ਪਾਠਕਾਂ ਦੀ ਪਸੰਦ ਬਣ ਚੁੱਕੀ ਹੈ। ਹਥਲੀ ਪੁਸਤਕ ਇਸ ਦਾ ਨਵਾਂ ਅਤੇ ਵਾਧੇ ਵਾਲੇ ਐਡੀਸ਼ਨ ਹੈ। ਜੰਮੂ ਕਸ਼ਮੀਰ ਨਾਲ ਸਬੰਧਿਤ ਸਿੱਖ ਤਵਾਰੀਖ਼ ਦੇ ਵਿਭਿੰਨ ਪਹਿਲੂਆਂ ਨੂੰ ਇਕ ਕਿਤਾਬ ਵਿਚ ਪੇਸ਼ ਕਰਨਾ ਚੁਣੌਤੀ, ਜ਼ਿੰਮੇਵਾਰੀ ਅਤੇ ਮਿਹਨਤ ਵਾਲਾ ਕਾਰਜ ਹੈ ਜਿਸ ਨੂੰ ਲੇਖਕ ਨੇ ਖੋਜ ਭਰਪੂਰ ਅਤੇ ਖ਼ੂਬਸੂਰਤ ਭਾਸ਼ਾ ਵਿਚ ਪੇਸ਼ ਕੀਤਾ ਹੈ। ਇਸ ਤਰ੍ਹਾਂ ਦੀਆਂ ਬਹੁ-ਪੱਖੀ ਪੁਸਤਕਾਂ ਘੱਟ ਲਿਖੀਆਂ ਜਾਂਦੀਆਂ ਹਨ। ਇਸ ਪੁਸਤਕ ਦੇ ਕੁੱਲ 20 ਅਧਿਆਇ ਹਨ ਅਤੇ ਤਿੰਨ ਮਹੱਤਵਪੂਰਨ ਅੰਤਿਕਾਵਾਂ ਹਨ।
ਸਿੱਖ ਤਵਾਰੀਖ਼ ਦਾ ਆਰੰਭ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੈ। ਇਸ ਕਰਕੇ ਲੇਖਕ ਜੰਮੂ ਕਸ਼ਮੀਰ ਦੇ ਸਿੱਖ ਤਵਾਰੀਖ਼ ਨਾਲ ਰਿਸ਼ਤੇ ਨੂੰ ਗੁਰੂ ਨਾਨਕ ਸਾਹਿਬ ਦੀ ਕਸ਼ਮੀਰ ਫੇਰੀ ਤੋਂ ਸ਼ੁਰੂ ਕਰਦਾ ਹੈ। ਗੁਰੂ ਨਾਨਕ ਸਾਹਿਬ ਦੀ ਯਾਤਰਾ ਨਾਲ ਸਬੰਧਿਤ ਇਤਿਹਾਸਕ ਸਰੋਤਾਂ; ਗੁਰਬਾਣੀ, ਵਾਰਾਂ ਭਾਈ ਗੁਰਦਾਸ ਜੀ ਅਤੇ ਜਨਮਸਾਖੀ ਸਾਹਿਤ ਵਿਚੋਂ ਢੁਕਵੇਂ ਹਵਾਲੇ ਪੇਸ਼ ਕਰਨ ਤੋਂ ਇਲਾਵਾ ਲੇਖਕ ਨੇ ਅਨੁਭਵ ਰਾਹੀਂ ਵੀ ਇਤਿਹਾਸਕ ਤੱਥਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿਧੀ ਨਾਲ ਉਸ ਨੇ ਲੋੜ ਮੁਤਾਬਿਕ ਢੁੱਕਵੀਆਂ ਟਿੱਪਣੀਆਂ ਵੀ ਕੀਤੀਆਂ ਹਨ। ਮਿਸਾਲ ਵਜੋਂ: “ਆਧੁਨਿਕ ਵਸੀਲਿਆਂ ਦੀ ਅਣਹੋਂਦ ਬਗੈਰ ਹਿਮਾਲੀਆ ਦੀਆਂ ਬਰਫ਼ ਕੱਜੀਆਂ ਚੋਟੀਆਂ ਨੂੰ ਪਾਰ ਕਰ ਜਾਣਾ ਬਾਬਾ ਨਾਨਕ ਦੀ ਕਰੜੀ ਹੱਡੀ ਅਤੇ ਜਵਾਕਸ਼ੀ ਦਾ ਸੰਕੇਤ ਦਿੰਦੀ ਹੈ ਅਤੇ ਮਾਡਰਨ ਮਾਊਂਟੇਰੀਅਰਾਂ ਲਈ ਗੁਰੂ ਸਾਹਿਬ ਮਾਰਗ ਦਰਸ਼ਨ ਬਣਦੇ ਰਹਿਣਗੇ।”
ਅਗਲੇ ਤਿੰਨ ਅਧਿਆਇ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਫ਼ਰ ਨਾਲ ਸਬੰਧਿਤ ਹਨ। ਇਸ ਤੋਂ ਅੱਗੇ ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਇਸ ਖੇਤਰ ਵਿਚ ਭੇਜੇ ਸਿੱਖ ਪ੍ਰਚਾਰਕਾਂ ਦਾ ਜ਼ਿਕਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਫਰਿਆਦ ਲੈ ਕੇ ਆਏ ਕਸ਼ਮੀਰੀ ਪੰਡਤਾਂ ਦੇ ਹਵਾਲੇ ਨਾਲ ਨੌਵੇਂ ਗੁਰੂ ਦੀ ਸ਼ਹਾਦਤ ਦਾ ਬਿਰਤਾਂਤ ਪੇਸ਼ ਕਰਕੇ ਦੱਸਿਆ ਹੈ ਕਿ ਜੰਮੂ ਕਸ਼ਮੀਰ ਨਾਲ ਪੰਜ ਗੁਰੂ ਸਾਹਿਬਾਨ ਦੇ ਸਿੱਧੇ ਸੰਬੰਧ ਸਨ ਅਤੇ ਗੁਰੂ ਕਾਲ ਤੋਂ ਸਿੱਖ ਤਵਾਰੀਖ਼ ਕਸ਼ਮੀਰ ਨਾਲ ਜੁੜੀ ਹੋਈ ਹੈ।
ਗੁਰੂ ਸਾਹਿਬਾਨ ਦੇ ਸਫ਼ਰ ਤੋਂ ਇਲਾਵਾ ਕਸ਼ਮੀਰ ਦੇ ਸਿੱਖਾਂ ਦੇ ਯੋਗਦਾਨ ਬਾਰੇ ਇਤਿਹਾਸਕ ਜਾਣਕਾਰੀ ਵੀ ਇਸ ਪੁਸਤਕ ਵਿੱਚੋਂ ਮਿਲਦੀ ਹੈ। ਮੱਖਣ ਸ਼ਾਹ ਲੁਬਾਣਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਭਿਆ ਸੀ; ਮੋਟਾ ਟਾਡਾ ਮੁਜ਼ੱਫਰਾਬਾਦ ਤੋਂ ਉਸ ਦਾ ਪੋਤਾ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵਿਚ ਸ਼ਾਮਿਲ ਸੀ ਜੋ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋਇਆ ਸੀ। ਗੁਰੂ ਕਾਲ ਤੋਂ ਅਗਾਂਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਦੋ ਅਸਥਾਨਾਂ ਰਾਜੌਰੀ ਅਤੇ ਰਿਆਸੀ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਗਿਆ ਹੈ।
ਸਿੱਖ ਸੱਭਿਆਚਾਰ ਵਿਚ ਗੁਰਦੁਆਰਾ ਸੰਸਥਾ ਦੀ ਕੇਂਦਰੀ ਭੂਮਿਕਾ ਹੈ ਜਿੱਥੇ ਸਿੱਖ ਗੁਰਬਾਣੀ ਪਾਠ ਸੁਣਨ, ਕੀਰਤਨ, ਸੇਵਾ ਅਤੇ ਸੰਗਤ-ਪੰਗਤ ਵਿਚ ਜੁੜਦੇ ਹਨ। ਜਸਬੀਰ ਸਿੰਘ ਸਰਨਾ ਨੇ ਇਸ ਪੁਸਤਕ ਵਿਚ ਹਰ ਤਰ੍ਹਾਂ ਦੇ ਗੁਰਦੁਆਰਿਆਂ ਵਿਸ਼ੇਸ਼ ਕਰਕੇ ਤਵਾਰੀਖ਼ੀ ਗੁਰਦੁਆਰਿਆਂ ਦੇ ਨਾਲ ਨਾਲ ਸਿੱਖ ਸੰਪਰਦਾਵਾਂ ਦੇ ਵੱਖ-ਵੱਖ ਡੇਰਿਆਂ ਦੀ ਜਾਣਕਾਰੀ ਦਿੱਤੀ ਹੈ।
ਇਸ ਪੁਸਤਕ ਦਾ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇਸ ਵਿਚ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸਿੱਖ ਆਬਾਦੀ ਬਾਰੇ ਨਾ ਸਿਰਫ਼ ਜਾਣਕਾਰੀ ਮਿਲਦੀ ਹੈ ਸਗੋਂ ਸਿੱਖ ਆਬਾਦੀ ਦੇ ਵਿਭਿੰਨ ਪਹਿਲੂਆਂ ਜਿਵੇਂ ਸਿੱਖਾਂ ਦੀ ਉਤਪਤੀ, ਇਨ੍ਹਾਂ ਦੇ ਕੰਮ-ਧੰਦਿਆਂ ਅਤੇ ਕੰਮ-ਧੰਦਿਆਂ ਵਿਚ ਸਮੇਂ-ਸਮੇਂ ਆਏ ਪਰਿਵਰਤਨ, ਸਿੱਖ ਆਬਾਦੀ ਦੀਆਂ ਸਮੱਸਿਆਵਾਂ ਅਤੇ ਹਰ ਖੇਤਰ ਵਿਚ ਪ੍ਰਾਪਤੀਆਂ ਨੂੰ ਲੇਖਕ ਨੇ ਬਹੁਤ ਵਿਸਥਾਰ ਵਿਚ ਪੇਸ਼ ਕੀਤਾ ਹੈ। ਇਸ ਪੁਸਤਕ ਤੋਂ ਪਤਾ ਲੱਗਦਾ ਹੈ ਕਿ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਮੁੱਖ ਧੰਦਾ ਖੇਤੀ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਮਜ਼ਦੂਰੀ ਵੀ ਕਰਦੇ ਹਨ। ਅੱਜਕੱਲ੍ਹ ਨੌਕਰੀ ਵਿਸ਼ੇਸ਼ ਕਰਕੇ ਫ਼ੌਜ ਵਿਚ ਭਰਤੀ ਹੋਣ ਦਾ ਰੁਝਾਨ ਹੈ। ਇੱਥੋਂ ਦੇ ਸਿੱਖਾਂ ਦੀਆਂ ਦੇਸ਼ ਲਈ ਕੁਰਬਾਨੀਆਂ ਅਤੇ ਆਜ਼ਾਦੀ ਦੀ ਲਹਿਰ ਵਿਚ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ।
ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਰਿਹਾ। ਮਹਾਰਾਜੇ ਨੇ 1800 ਵਿਚ ਜੰਮੂ ਅਤੇ ਫਿਰ 1819 ਵਿਚ ਕਸ਼ਮੀਰ ਫ਼ਤਹਿ ਕਰ ਕੇ ਖ਼ਾਲਸਾ ਰਾਜ ਦਾ ਕੇਸਰੀ ਨਿਸ਼ਾਨ ਇਸ ਵਾਦੀ ਵਿਚ ਝੁਲਾ ਦਿੱਤਾ ਸੀ। ਲੇਖਕ ਦੱਸਦਾ ਹੈ ਕਿ ਸਿੱਖ ਰਾਜ ਤੋਂ ਪਹਿਲਾਂ ਅਫ਼ਗਾਨ ਰਾਜ ਸਮੇਂ ਕਸ਼ਮੀਰੀਆਂ ਦੀ ਹਾਲਤ ਬੜੀ ਤਰਸਯੋਗ ਸੀ। ਲਾਹੌਰ ਦਰਬਾਰ (ਖ਼ਾਲਸਾ ਰਾਜ) ਦੇ ਕੁੱਲ 10 ਹਾਕਮਾਂ ਵਿਚੋਂ ਕਸ਼ਮੀਰੀਆਂ ਨੇ ਸ. ਹਰੀ ਸਿੰਘ ਨਲੂਆ ਅਤੇ ਸ. ਮੀਹਾਂ ਸਿੰਘ ਨੂੰ ਸਭ ਤੋਂ ਵੱਧ ਸਤਿਕਾਰ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਰਾਜ ਦੌਰਾਨ ਕਸ਼ਮੀਰ ਦੇ ਪ੍ਰਸ਼ਾਸਨ ਬਾਰੇ ਜਾਣਕਾਰੀ ਦੇਣ ਪਿੱਛੋਂ ਲੇਖਕ ਨੇ ਇਸ ਰਾਜ ਦੇ ਖ਼ਾਤਮੇ ਲਈ ਤਿੰਨ ਡੋਗਰੇ ਭਰਾਵਾਂ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਨੂੰ ਜ਼ਿੰਮੇਵਾਰ ਮੰਨਿਆ ਹੈ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਇਖ਼ਲਾਕ ਦੀਆਂ ਕਮਜ਼ੋਰੀਆਂ ਨੂੰ ਖ਼ਾਲਸਾ ਰਾਜ ਦੇ ਪਤਨ ਲਈ ਮੁੱਖ ਕਾਰਨ ਮੰਨਦਾ ਹੈ।
ਸਿੱਖ ਤਵਾਰੀਖ਼ ਨਾਲ ਸਬੰਧਿਤ ਪਵਿੱਤਰ ਸਥਾਨਾਂ ਅਤੇ ਸਿੱਖ ਤਵਾਰੀਖ਼ ਨੂੰ ਅਮੀਰ ਕਰਨ ਵਾਲੇ ਜੰਮੂ-ਕਸ਼ਮੀਰ ਦੇ ਪੁਰਾਤਨ ਕੀਰਤਨੀਆਂ, ਮੁੱਖ ਸ਼ਖ਼ਸੀਅਤਾਂ ਖ਼ਾਸਕਰ ਰਾਜਸੀ ਆਗੂਆਂ, ਵਿਦਵਾਨਾਂ ਅਤੇ ਸਾਹਿਤਕਾਰਾਂ ਬਾਰੇ ਜਾਣਕਾਰੀ ਅਤੇ ਫੋਟੋਆਂ ਪ੍ਰਕਾਸ਼ਤ ਕਰਨ ਤੋਂ ਪਤਾ ਲੱਗਦਾ ਹੈ ਕਿ ਲੇਖਕ ਨੇ ਇਸ ਕਾਰਜ ਵਿਚ ਬਹੁਤ ਮਿਹਨਤ ਕੀਤੀ ਹੈ।
ਜੰਮੂ ਕਸ਼ਮੀਰ ਦੀਆਂ ਸਿੱਖ ਸੰਸਥਾਵਾਂ ਜਿਵੇਂ ਸ੍ਰੀ ਗੁਰੂ ਸਿੰਘ ਸਭਾ, ਸਹਾਇਕ ਸਭਾ, ਸ਼੍ਰੋਮਣੀ, ਖਾਲਸਾ ਦਰਬਾਰ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਤਿਹਾਸ ਅਤੇ ਸਰਗਰਮੀਆਂ ਬਾਰੇ ਜੇਕਰ ਮੁੱਢਲੀ ਜਾਣਕਾਰੀ ਲੈਣ ਲਈ ਇਹ ਕਿਤਾਬ ਕੰਮ ਆਵੇਗੀ। ਇਤਿਹਾਸਕ ਸਰੋਤਾਂ ਨੂੰ ਆਧਾਰ ਬਣਾ ਕੇ ਆਮ ਇਤਿਹਾਸ ਲਿਖਿਆ ਜਾਂਦਾ ਹੈ, ਪਰ ਜਸਬੀਰ ਸਿੰਘ ਸਰਨਾ ਨੇ ਖ਼ੁਦ ਅੰਕੜੇ ਇਕੱਠੇ ਕੀਤੇ ਹਨ ਜਿਸ ਕਰਕੇ ਇਸ ਪੁਸਤਕ ਨੂੰ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਸਮਾਜਿਕ ਇਤਿਹਾਸ ਵੀ ਕਿਹਾ ਜਾ ਸਕਦਾ ਹੈ। ਲੇਖਕ ਜੰਮੂ ਕਸ਼ਮੀਰ ਦੇ ਸਭਿਆਚਾਰਕ ਧਰਾਤਲ ਨਾਲ ਜੁੜਿਆ ਹੋਣ ਕਰਕੇ ਬਹੁਤ ਡੂੰਘੀ ਅਤੇ ਬਾਰੀਕਬੀਨੀ ਵਾਲੀ ਜਾਣਕਾਰੀ ਪੇਸ਼ ਕਰਦਾ ਹੈ ਜੋ ਇਸ ਪੁਸਤਕ ਦਾ ਹਾਸਲ ਹੈ। ਪੁਸਤਕ ਦੇ ਅਖੀਰ ਵਿਚ 49 ਬੰਸਾਵਲੀਨਾਮੇ ਵੀ ਦਿੱਤੇ ਹਨ। ਜੰਮੂ ਕਸ਼ਮੀਰ ਦੇ ਪ੍ਰਮੁੱਖ ਸਾਹਿਤਕਾਰਾਂ ਦੀ ਸੂਚੀ, ਜਨਮ ਸਥਾਨ: ਬਾਬਾ ਬੰਦਾ ਸਿੰਘ ਅਤੇ ਇਸ ਪੁਸਤਕ ਦੇ ਪਹਿਲੇ ਐਡੀਸ਼ਨ ਬਾਰੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਵਿਚਾਰ ਅੰਤਿਕਾਵਾਂ ਵਿਚ ਦਿੱਤੇ ਹਨ। ਇੱਥੋਂ ਦੇ ਸਾਹਿਤਕਾਰਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਇਸ ਪੁਸਤਕ ਵਿਚ ਦਿੱਤੀ ਗਈ ਹੈ।
1947 ਦੀ ਵੰਡ ਦੇ ਦੁਖਾਂਤ ਅਤੇ ਉਦੋਂ ਸਿੱਖਾਂ ਦੇ ਕਤਲੇਆਮ ਬਾਰੇ ਜਸਬੀਰ ਸਿੰਘ ਸਰਨਾ ਨੇ ਕਾਫ਼ੀ ਜਾਣਕਾਰੀ ਦਿੱਤੀ ਹੈ। ਇੱਥੋਂ ਤੱਕ ਕਿ ਇਸ ਸੰਤਾਪ ਵਿਚ ਮਰਨ ਵਾਲਿਆਂ ਦੇ ਨਾਵਾਂ ਦੀ ਸੂਚੀ ਸ਼ਾਮਿਲ ਹੈ। ਵੰਡ ਸਮੇਂ ਸਿੱਖਾਂ ਦੀ ਮਨੋਦਸ਼ਾ ਨੂੰ ਲੇਖਕ ਨੇ ਜਿਸ ਤਰ੍ਹਾਂ ਬਿਆਨ ਕੀਤਾ ਹੈ ਉਸ ਨੂੰ ਪੜ੍ਹ ਕੇ ਪਾਠਕ ਦਾ ਮਨ ਦੁਖੀ ਹੁੰਦਾ ਹੈ ਕਿਉਂਕਿ ਆਪਣਿਆਂ ਹੱਥੋਂ ਆਪਣੇ ਕਤਲ ਹੋਏ ਸਨ।
ਇਸ ਪੁਸਤਕ ਦਾ ਮੁਲਾਂਕਣ ਕਰਦਿਆਂ ਇਹ ਰਾਇ ਬਣਦੀ ਹੈ ਕਿ ਜੰਮੂ ਕਸ਼ਮੀਰ ਦੀ ਸਿੱਖ ਤਵਾਰੀਖ਼ ਨੂੰ ਇਕ ਪੁਸਤਕ ਵਿਚ ਕਲਮਬੰਦ ਕਰਨ ਦਾ ਕਾਰਜ ਕਰਕੇ ਜਸਬੀਰ ਸਿੰਘ ਸਰਨਾ ਨੇ ਸਿੱਖ ਇਤਿਹਾਸ, ਸਾਹਿਤ, ਫਲਸਫ਼ੇ, ਸਮਾਜ-ਵਿਗਿਆਨ, ਭੂਗੋਲ, ਪੱਤਰਕਾਰੀ ਅਤੇ ਰਾਜਨੀਤੀ ਆਦਿ ਪੱਖਾਂ ਨਾਲ ਸਬੰਧਿਤ ਪਾਠਕਾਂ ਅਤੇ ਇਨ੍ਹਾਂ ਵਿਸ਼ਿਆਂ ਦੇ ਖੋਜੀਆਂ ਲਈ ਆਧਾਰ ਸਮੱਗਰੀ ਤਿਆਰ ਕਰ ਦਿੱਤੀ ਹੈ। ਇਸ ਪੁਸਤਕ ਦੇ ਪਹਿਲੇ ਐਡੀਸ਼ਨ ਦੇ ਰੀਵਿਊਕਾਰਾਂ ਨੇ ਇਸ ਪੁਸਤਕ ਨੂੰ ਵਿਸ਼ਵਕੋਸ਼ ਵਰਗੀ ਕਿਹਾ ਹੈ। ਪੁਸਤਕ ਵਿਚ ਢੁਕਵੇਂ ਹਵਾਲੇ ਅਤੇ ਅਨੁਭਵੀ ਗਿਆਨ ਇਸ ਨੂੰ ਮਿਆਰੀ ਬਣਾਉਂਦਾ ਹੈ।
* * *
ਵਿਸ਼ਵ ਪੱਧਰ ’ਤੇ ਉਨ੍ਹੀਵੀਂ ਸਦੀ ਨੂੰ ਤੇਜ ਰਫ਼ਤਾਰ ਤਬਦੀਲੀਆਂ ਦੀ ਸਦੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹੀਵੀਂ ਸਦੀ ਨੇ ਸਿੱਖ ਇਤਿਹਾਸ, ਸਾਹਿਤ, ਅਕਾਦਮਿਕਤਾ, ਰਾਜਨੀਤੀ ਅਤੇ ਸਮਾਜਿਕ ਜੀਵਨ ਵਿਚ ਵੱਡੀਆਂ ਤਬਦੀਲੀਆਂ ਨੂੰ ਜਨਮ ਦਿੱਤਾ। ਸ਼੍ਰੋਮਣੀ ਸਾਹਿਤਕਾਰ ਕੁਲਵੰਤ ਸਿੰਘ ਗਰੇਵਾਲ ਨੇ ਇਸ ਤਬਦੀਲੀ ਨੂੰ ਇਉਂ ਬਿਆਨ ਕੀਤਾ ਹੈ: “ਇਕ ਸਦੀ ਪਹਿਲਾਂ ਸੀ ਅਸੀਂ ਸ਼ੇਰੇ ਪੰਜਾਬ, ਇਕ ਸਦੀ ਪਿੱਛੋਂ ਬਣਗੇ ਹਾਜ਼ਰ ਜਨਾਬ।” ਖਾਲਸਾ ਰਾਜ ਦਾ ਖਾਤਮਾ ਉਨ੍ਹੀਵੀਂ ਸਦੀ ਦੀ ਵੱਡੀ ਘਟਨਾ ਸੀ। ਇਸ ਪਿੱਛੋਂ ਆਧੁਨਿਕੀਕਰਨ ਦੀ ਪ੍ਰਕਿਰਿਆ ਵਿਚ ਇਕਦਮ ਤੇਜ਼ੀ ਆਈ। ਬਰਤਾਨਵੀ ਬਸਤੀਵਾਦ ਨੇ ਪੰਜਾਬ ਉੱਤੇ ਕਬਜ਼ੇ ਨਾਲ ਸਿੱਖ ਆਗੂਆਂ ਅਤੇ ਸੰਸਥਾਵਾਂ ਦੇ ਸੁਭਾਅ ਨੂੰ ਕਾਫ਼ੀ ਹੱਦ ਤਕ ਬਦਲ ਦਿੱਤਾ। ਸਿੱਖ ਅਕਾਦਮਿਕਤਾ ਵਿਸ਼ੇਸ਼ ਕਰਕੇ ਸਿੱਖ ਅਧਿਐਨ ਦੇ ਖੇਤਰ ਵਿਚ ਨਵੀਂ ਸ਼ੁਰੂਆਤ ਵੀ ਇਸੇ ਸਦੀ ਵਿਚ ਹੋਈ। ਡਾ. ਜੋਗਿੰਦਰ ਸਿੰਘ ਨੇ ਪੁਸਤਕ ‘ਉਨ੍ਹੀਵੀਂ ਸਦੀ ਦੇ ਸਿੱਖ ਆਗੂ ਅਤੇ ਸੰਸਥਾਵਾਂ: ਭਾਈਚਾਰਕ ਮਸਲੇ, ਦ੍ਰਿਸ਼ਟੀਕੋਣ ਅਤੇ ਪ੍ਰਾਪਤੀਆਂ’ (ਕੀਮਤ: 495 ਰੁਪਏ; ਯੂਨੀਸਟਾਰ ਬੁੱਕਸ) ਵਿਚ ਸਿੱਖ ਅਧਿਐਨ ਖ਼ਾਸਕਰ ਇਤਿਹਾਸਕਾਰੀ ਦੀਆਂ ਪ੍ਰਵਿਰਤੀਆਂ ਦਾ ਵਰਨਣ ਕਰਨ ਤੋਂ ਇਲਾਵਾ ਉਨ੍ਹੀਵੀਂ ਸਦੀ ਦੀਆਂ ਸਮਾਜਿਕ ਅਤੇ ਧਾਰਮਿਕ ਲਹਿਰਾਂ ਅਤੇ ਇਨ੍ਹਾਂ ਲਹਿਰਾਂ ਦੇ ਆਗੂਆਂ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਪੁਸਤਕ ਨੂੰ ਕੁੱਲ ਸੱਤ ਪਾਠਾਂ ਵਿਚ ਵੰਡਿਆ ਹੈ। ਇਸ ਤੋਂ ਇਲਾਵਾ ਸਾਰੰਸ਼, ਪ੍ਰਸਤਾਵਨਾ ਅਤੇ ਪੁਸਤਕ ਸੂਚੀ ਵੀ ਦਿੱਤੀ ਗਈ ਹੈ। ਪਹਿਲੇ ਪਾਠ ਵਿਚ ਸਿੱਖ ਧਰਮ ਸਬੰਧੀ ਯੂਰਪੀ ਲਿਖਤਾਂ ਦਾ ਸਰਵੇਖਣ ਕੀਤਾ ਗਿਆ ਹੈ। ਡਾ. ਜੋਗਿੰਦਰ ਸਿੰਘ ਲੰਬਾ ਸਮਾਂ ਇਤਿਹਾਸ ਅਤੇ ਸਿੱਖ ਅਧਿਐਨ ਦੇ ਖੇਤਰ ਵਿਚ ਕਾਰਜਸ਼ੀਲ ਰਹੇ ਹਨ ਜਿਸ ਦੇ ਪ੍ਰਭਾਵ ਸਦਕਾ ਇਸ ਪੁਸਤਕ ਦੇ ਪਹਿਲੇ ਪਾਠ ਵਿਚ ਉਨ੍ਹਾਂ ਨੇ ਅੰਗਰੇਜ਼ ਲਿਖਾਰੀਆਂ ਦੀ ਸਿੱਖੀ ਅਤੇ ਸਿੱਖਾਂ ਪ੍ਰਤੀ ਪਹੁੰਚ ਅਤੇ ਉਨ੍ਹਾਂ ਦੇ ਖੋਜ ਕਰਨ ਦੇ ਉਦੇਸ਼ ਅਤੇ ਉਨ੍ਹਾਂ ਦੀ ਖੋਜ ਵਿਧੀ ਨੂੰ ਬਹੁਤ ਸੰਖੇਪ ਸ਼ਬਦਾਂ ਵਿਚ ਬਿਆਨ ਕੀਤਾ ਹੈ। ਪੋਲੀਅਰ ਤੋਂ ਸ਼ੁਰੂ ਕਰਕੇ ਅੰਗਰੇਜ਼ ਅਫ਼ਸਰ ਮੇਜਰ ਜੇਮਜ਼ ਬਰਾਉਨੀ, ਜੌਰਜ ਫੋਰੇਸਟਰ ਦੀਆਂ ਲਿਖਤਾਂ ਦਾ ਮੁਲਾਂਕਣ ਕਰਨ ਉਪਰੰਤ ਉਹ ਲਿਖਦੇ ਹਨ ਕਿ ਪੋਲੀਅਰ ਅਤੇ ਫੋਰੇਸਟਰ ਨੇ ਭਾਵੇਂ ਸਿੱਖਾਂ ਦੀ ਜੀਵਨ ਸ਼ੈਲੀ, ਰਾਜਨੀਤੀ ਅਤੇ ਧਾਰਮਿਕ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ, ਪਰ ਇਨ੍ਹਾਂ ਤਿੰਨਾਂ ਲੇਖਕਾਂ ਦੀ ਸਿੱਖ ਸੰਸਥਾਵਾਂ ਬਾਰੇ ਜਾਣਕਾਰੀ ਅਧੂਰੀ ਹੈ।
ਈਸਟ ਇੰਡੀਆ ਕੰਪਨੀ ਦੇ ਦੂਤ ਜੋਹਨ ਮੈਲਕਮ ਨੇ ਭਾਵੇਂ ਬਰਾਉਨੀ ਅਤੇ ਫੋਰੇਸਟਰ ਦੀਆਂ ਲਿਖਤਾਂ ਦਾ ਸਹਾਰਾ ਲਿਆ, ਫਿਰ ਵੀ ਉਸ ਨੇ ਕਿਤਾਬ ‘ਅ ਸਕੈੱਚ ਆਫ ਦਿ ਸਿੱਖਸ’ ਵਿਚ ਸਿੱਖ ਸੰਸਥਾਵਾਂ ਬਾਰੇ ਜਾਣਕਾਰੀ ਇਕੱਤਰ ਕੀਤੀ, ਪਰ ਜਾਣਕਾਰੀ ਦੀ ਘਾਟ ਕਰਕੇ ਉਹ ਸਿੱਖ ਪਛਾਣ ਦੀ ਵਿਲੱਖਣਤਾ ਨੂੰ ਸਮਝ ਨਹੀਂ ਸਕਿਆ। ਕੈਪਟਨ ਵਿਲੀਅਮ ਮਰੇ, ਪ੍ਰਿੰਸਪ, ਕੈਪਟਨ ਵੇਡ ਨੇ ਸਿੱਖ ਸੰਸਥਾਵਾਂ ਅਤੇ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਪਰ ਡਬਲਯੂ.ਜੀ. ਓਸਬੋਰਨ ਕਾਫ਼ੀ ਸੂਝਵਾਨ ਸੀ। ਉਹ ਸਾਹਿਤਕ ਅਤੇ ਇਤਿਹਾਸਕ ਰੁਚੀਆਂ ਵਾਲਾ ਵਿਦਵਾਨ ਸੀ। ਸਟੇਨਬਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਨੌਕਰ ਸੀ। ਇਸ ਕਰਕੇ ਉਹ ਮਹਾਰਾਜੇ ਦੀ ਕਾਰਜਸ਼ੈਲੀ ਅਤੇ ਸਿੱਖ ਰਾਜ ਦੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦਾ ਹੈ। ਇਸ ਪਾਠ ਦੇ ਦੂਸਰੇ ਹਿੱਸੇ ਵਿਚ ਲੇਖਕ ਸਿੱਖ ਸ਼ਕਤੀ ਦੇ ਪਤਨ ਦਾ ਅਸਰ ਅਤੇ ਸਿੱਖ ਅਧਿਐਨ ਵਿਚ ਜੂਝਾਰੂ ਸੁਭਾਅ ਦੀ ਪ੍ਰਸ਼ੰਸਾ ਕਰਦਾ ਹੈ। ਬਹੁਤੇ ਯੂਰੋਪੀਅਨ ਲੇਖਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਊਣਤਾਈਆਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਲੇਖਕਾਂ ਵਿਚ ਹੈਨਰੀ ਸਟੇਨਬੈਕ, ਥੋਰਨਟਨ, ਗਰੇਗਰ, ਮੇਜਰ ਕਰਾਈਲ ਸਮਿਥ, ਜੇ.ਡੀ. ਕਨਿੰਘਮ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਸਿੱਖ ਰਾਜ ’ਤੇ ਕਬਜ਼ੇ ਤੋਂ ਬਾਅਦ ਦੇ ਬਰਤਾਨਵੀ ਸਰਕਾਰ ਦੇ ਮਾਨਵ ਅਤੇ ਭਾਸ਼ਾ ਵਿਗਿਆਨੀਆਂ ਨੇ ਪੰਜਾਬ ਦੇ ਧਰਮ, ਸਭਿਆਚਾਰ, ਸਨਾਤਨੀ ਭਾਸ਼ਾਵਾਂ ਅਤੇ ਲਿਪੀਆਂ ਦੀ ਸਾਂਭ-ਸੰਭਾਲ ਲਈ ਕਾਰਜ ਕੀਤੇ। ਡਾਕਟਰ ਲਾਇਤਨਰ ਨੇ ਵਿਭਿੰਨ ਭਾਸ਼ਾਵਾਂ ਦਾ ਅਧਿਐਨ ਕੀਤਾ। ਇਸ ਤੋਂ ਅੱਗੇ ਮੈਕਾਲਿਫ ਦੇ ਸਿੱਖ ਇਤਿਹਾਸਕਾਰੀ ਵਿਚ ਪਾਏ ਯੋਗਦਾਨ ਦਾ ਵਰਨਣ ਕੀਤਾ ਹੈ।
ਦੂਜੇ ਪਾਠ ਵਿਚ ਖ਼ਾਲਸਾ ਸਰਕਾਰ ਦੇ ਵਾਰਸਾਂ, ਦਰਬਾਰੀਆਂ, ਅਹਿਲਕਾਰਾਂ ਅਤੇ ਸਰਦਾਰਾਂ ਦੀ ਭੂਮਿਕਾ ਬਾਰੇ ਲੇਖਕ ਦੀ ਇਹ ਰਾਇ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਇਨ੍ਹਾਂ ਆਗੂਆਂ ਦੀ ਹੈਸੀਅਤ ਬਦਲ ਗਈ। ਮਹਾਰਾਜੇ ਦੇ ਉੱਤਰਾਧਿਕਾਰੀ ਲਾਹੌਰ ਦਰਬਾਰ ਦੇ ਸ਼ਾਸਨ ਨੂੰ ਚਲਾਉਣ ਵਿਚ ਨਾਲਾਇਕ ਸਿੱਧ ਹੋਏ। ਅੰਗਰੇਜ਼ ਹਾਕਮਾਂ ਨੇ ਸਿੱਖਾਂ ਦੀ ਸੋਚ ਬਦਲਣ ਲਈ ਲਿਖਾਰੀਆਂ ਦਾ ਸਹਾਰਾ ਲਿਆ ਸੀ। ਖ਼ੁਦ ਇਸ ਪੁਸਤਕ ਦਾ ਲੇਖਕ ਵੀ ਸਿੱਖ ਰਾਜ ਦੇ ਪਤਨ ਦੇ ਉਹੀ ਕਾਰਨ ਮੰਨਦਾ ਹੈ ਜੋ ਅੰਗਰੇਜ਼ ਲਿਖਾਰੀਆਂ ਨੇ ਉਭਾਰੇ ਸਨ।
ਤੀਜੇ ਪਾਠ ਵਿਚ ਪ੍ਰਬੁੱਧ ਰਿਆਸਤੀ ਸਿੱਖ ਰਾਜੇ, ਮਹਾਰਾਜੇ ਅਤੇ ਨਵੇਂ ਸਿੱਖ ਵਿਦਵਾਨਾਂ ਦੀ ਸੇਵਾ ਅਤੇ ਕਾਰਜਾਂ ਦਾ ਵਰਨਣ ਹੈ। ਇਨ੍ਹਾਂ ਵਿਚ ਫ਼ਰੀਦਕੋਟ ਦਾ ਰਾਜਾ ਬਿਕਰਮ ਸਿੰਘ, ਕਪੂਰਥਲਾ ਕੁੰਵਰ ਬਿਕਰਮਾ ਸਿੰਘ, ਪਟਿਆਲਾ ਰਿਆਸਤ ਦੇ ਸੰਬੰਧੀ ਸਰਦਾਰ ਅਤਰ ਸਿੰਘ ਭਦੌੜ, ਮਾਲਵੇ ਦੇ ਪ੍ਰਸਿੱਧ ਸਿੱਖ ਸ਼ਰਧਾਲੂ ਭਾਈ ਅਰਜਨ ਸਿੰਘ ਬਾਗੜੀਆਂ, ਬਾਬਾ ਖੇਮ ਸਿੰਘ ਬੇਦੀ ਅਤੇ ਪ੍ਰਮੁੱਖ ਸੋਢੀ ਪਰਿਵਾਰਾਂ ਦੀ ਸਿੱਖੀ ਪ੍ਰਤੀ ਦੇਣ ਦਾ ਜ਼ਿਕਰ ਕੀਤਾ ਹੈ। ਸਮਾਜ ਵਿਗਿਆਨੀਆਂ ਦੀ ਧਾਰਨਾ ਹੈ ਕਿ ਜਾਤ ਪ੍ਰਣਾਲੀ ਵਿਚ ਵੱਡੀਆਂ ਤਬਦੀਲੀਆਂ ਬਰਤਾਨਵੀ ਬਸਤੀਵਾਦ ਵੱਲੋਂ ਸ਼ੁਰੂ ਕੀਤੀ ਨਵੀਂ ਸਿੱਖਿਆ ਅਤੇ ਪ੍ਰਸ਼ਾਸਨਿਕ ਸੁਧਾਰਾਂ ਕਰਕੇ ਆਈਆਂ ਹਨ। ਇਸ ਪੁਸਤਕ ਤੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚ ਪਦਵੀਆਂ ਦਿੱਤੀਆਂ ਗਈਆਂ ਸਨ।
ਚੌਥੇ ਪਾਠ ਵਿਚ ਪ੍ਰਮੁੱਖ ਰਿਆਸਤਾਂ ਦੇ ਰਾਜੇ-ਮਹਾਰਾਜੇ ਅਤੇ ਫ਼ਿਰਕੂ ਤੇ ਨਵੀਨ ਵਿਦਵਾਨਾਂ ਬਾਰੇ ਜਾਣਕਰੀ ਦਿੱਤੀ ਗਈ ਹੈ। ਬਰਤਾਨਵੀ ਹਕੂਮਤ ਦੀ ਚੜ੍ਹਤ ਨੂੰ ਭਾਂਪਦਿਆਂ ਉੱਚ ਸਿੱਖ ਘਰਾਣਿਆਂ ਨੇ ਅੰਗਰੇਜ਼ਾਂ ਨਾਲ ਆਪਣੀ ਸਾਂਝ ਕਾਇਮ ਕਰ ਲਈ ਸੀ। ਲੇਖਕ ਮੰਨਦਾ ਹੈ ਕਿ ਉਨ੍ਹੀਵੀਂ ਸਦੀ ਦੇ ਦੂਸਰੇ ਅੱਧ ਵਿਚ ਰਾਜਨੀਤਕ ਰਈਸ ਜਿਵੇਂ ਕਿ ਮਜੀਠੀਏ, ਅਟਾਰੀਵਾਲੇ ਰਾਮਗੜ੍ਹੀਏ ਅਤੇ ਸੰਧਾਵਾਲੀਏ ਸਰਦਾਰ ਆਪਣੇ ਸੰਤੋਖਜਨਕ ਸਬੰਧ ਬਰਤਾਨਵੀ ਹਕੂਮਤ ਨਾਲ ਸਥਾਪਤ ਕਰ ਚੁੱਕੇ ਸਨ। ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਬਰਤਾਨਵੀ ਸਰਕਾਰ ਨੇ ਆਪਣੇ ਹਿੱਤਾਂ ਲਈ ਵਰਤਿਆ। ਇਨ੍ਹਾਂ ਵਿਚੋਂ ਨਾਮਵਰ ਫ਼ਰੀਦਕੋਟ ਦਾ ਰਾਜਾ ਬਿਕਰਮ ਸਿੰਘ, ਕਪੂਰਥਲਾ ਰਿਆਸਤ ਦਾ ਕੁੰਵਰ ਬਿਕਰਮਾ ਸਿੰਘ, ਪਟਿਆਲਾ ਰਿਆਸਤ ਦੇ ਮਹਾਰਾਜੇ ਦਾ ਸੰਬੰਧੀ ਸਰਦਾਰ ਅਤਰ ਸਿੰਘ ਭਦੌੜ, ਮਾਲਵੇ ਦਾ ਪ੍ਰਸਿੱਧ ਬਾਗੜੀਆ ਪਰਿਵਾਰ ਦਾ ਮੁਖੀ ਅਰਜਨ ਸਿੰਘ ਬਾਗੜੀਆ, ਉੱਤਰ ਪੱਛਮੀ ਪੰਜਾਬ ਵਿਚੋਂ ਬਾਬਾ ਖੇਮ ਸਿੰਘ ਬੇਦੀ ਆਦਿ ਘਰਾਣਿਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਨਵੇਂ ਵਿਦਵਾਨਾਂ, ਸਰਦਾਰ ਅਤਰ ਸਿੰਘ (1833-1896), ਅਵਤਾਰ ਸਿੰਘ ਵਹੀਰੀਆ (1848-1916), ਭਾਈ ਗੁਰਮੁਖ ਸਿੰਘ (1849-1898), ਗਿਆਨੀ ਦਿੱਤ ਸਿੰਘ(1853-1901), ਡਾ. ਚਰਨ ਸਿੰਘ (1853-1908), ਭਾਈ ਜਵਾਹਰ ਸਿੰਘ (1859-1910), ਭਾਈ ਕਾਨ੍ਹ ਸਿੰਘ ਨਾਭਾ (1861-1938), ਮੇਹਰ ਸਿੰਘ ਚਾਵਲਾ (1861-1933), ਭਗਤ ਲਛਮਣ ਸਿੰਘ (1863-1944), ਬਾਪੂ ਤੇਜਾ ਸਿੰਘ ਭਸੋੜ (1867-1933), ਭਾਈ ਵੀਰ ਸਿੰਘ (1872-1957) ਦੇ ਜੀਵਨ ਅਤੇ ਇਨ੍ਹਾਂ ਦੀ ਲਿਖਤਾਂ ਬਾਰੇ ਜਾਣਕਾਰੀ ਦਿੱਤੀ ਹੈ।
ਨਵੇਂ ਵਿਦਵਾਨਾਂ ਨੂੰ ਲੇਖਕ ਨੇ ਰਈਸ ਖਾਨਦਾਨਾਂ ਦੇ ਜੰਮਪਲ ਅਤੇ ਮੱਧਵਰਗੀ ਪਰਿਵਾਰਾਂ ਨਾਲ ਸੰਬੰਧਤ ਦੋ ਹਿੱਸਿਆਂ ਵਿਚ ਵੰਡਿਆ ਹੈ। ਇਨ੍ਹਾਂ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਬਰਤਾਨਵੀ ਅਤੇ ਯੂਰੋਪੀਅਨ ਵਿਦਵਾਨਾਂ ਦੀਆਂ ਲਿਖਤਾਂ ਪੜ੍ਹੀਆਂ ਅਤੇ ਨਵੇਂ ਸੰਕਲਪ ਅਤੇ ਵਿਧੀ-ਵਿਗਿਆਨ ਨੂੰ ਸਿੱਖ ਲਿਆ ਸੀ ਅਤੇ ਇਹ ਸਿੱਖ ਭਾਈਚਾਰੇ ਦੀ ਬੌਧਿਕ ਅਗਵਾਈ ਕਰਨ ਲਈ ਸਮਰੱਥ ਸਨ।
ਅਗਲੇ ਪਾਠਾਂ ਵਿਚ ਪ੍ਰਮੱਖ ਸਿੱਖ ਸੰਪਰਦਾਵਾਂ ਵਿਸ਼ੇਸ਼ ਕਰਕੇ ਉਦਾਸੀ, ਨਿਰਮਲੇ, ਸੇਵਾ ਪੰਥੀ ਅਤੇ ਗਿਆਨੀ ਸੰਪਰਦਾ ਦੇ ਆਗੂਆਂ ਅਤੇ ਵਿਦਵਾਨਾਂ ਬਾਰੇ ਜਾਣਕਾਰੀ ਦੇਣ ਪਿੱਛੋਂ ਪ੍ਰਮੁੱਖ ਸਮਾਜਿਕ, ਧਾਰਮਿਕ ਅਤੇ ਰਾਜਸੀ ਲਹਿਰਾਂ ਦਾ ਜ਼ਿਕਰ ਹੈ। ਸਿੱਖ ਸਮਾਜ ਵਿਚ ਚਮਤਕਾਰੀ ਸੰਤ-ਬਾਬਿਆਂ ਦੇ ਉਥਾਨ ਬਾਰੇ ਚਰਚਾ ਕੀਤੀ ਗਈ ਹੈ। ਇਸ ਪੁਸਤਕ ਦੇ ਅੰਤਲੇ ਦੋ ਪਾਠ ਸਿੱਖ ਪੰਥ ਦੀਆਂ ਰਾਜਸੀ ਗਤੀਵਿਧੀਆਂ ਨਾਲ ਸਬੰਧਿਤ ਹਨ।
ਅਕਾਦਮਿਕ ਤਾਸੀਰ ਵਾਲੀ ਇਹ ਪੁਸਤਕ ਇਕ ਸਦੀ ਦੀਆਂ ਲਹਿਰਾਂ, ਸੰਸਥਾਵਾਂ ਦੀ ਹੋਂਦ ਅਤੇ ਇਨ੍ਹਾਂ ਦੀ ਭੂਮਿਕਾ ਵਿਚ ਆਈ ਤਬਦੀਲੀ ਅਤੇ ਸਿੱਖ ਵਿਦਵਾਨਾਂ ਅਤੇ ਆਗੂਆਂ ਦੀਆਂ ਗਤੀਵਿਧੀਆਂ ਦਾ ਅਕਾਦਮਿਕ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨ ਦਾ ਯਤਨ ਹੈ। ਇਹ ਪੁਸਤਕ ਇਤਿਹਾਸ ਵਿਸ਼ੇਸ਼ ਕਰਕੇ ਸਿੱਖ ਅਧਿਐਨ ਦੇ ਖੋਜੀਆਂ ਅਤੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਹੋ ਸਕਦੀ ਹੈ। ਭਾਸ਼ਾ ਦੀ ਰਵਾਨੀ ਵਿਸ਼ੇਸ਼ ਕਰਕੇ ਵਾਕ ਬਣਤਰ ਅਤੇ ਸ਼ਬਦ ਜੋੜਾਂ ਦਾ ਖ਼ਿਆਲ ਰੱਖਿਆ ਜਾਂਦਾ ਤਾਂ ਇਹ ਪੁਸਤਕ ਹੋਰ ਵਧੀਆ ਬਣ ਸਕਦੀ ਸੀ।
ਸੰਪਰਕ: 98145-90699