ਗਗਨ ਦੀਪ ਸ਼ਰਮਾ (ਡਾ.)
ਨਿੱਕੇ ਹੁੰਦਿਆਂ ਸਕੂਲ ਦੀਆਂ ਬਾਲ ਸਭਾਵਾਂ ਮੌਕੇ ਜਦੋਂ ਨਾਲ ਦੇ ਮੁੰਡਿਆਂ-ਕੁੜੀਆਂ ਨੇ ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਦੇ ਗੀਤ ਸੁਣਾਉਣੇ ਤਾਂ ਮੈਂ ਅਕਸਰ ਆਪਣੀ ਨਿੱਕੀ ਜਿਹੀ ਡਾਇਰੀ ਖੋਲ੍ਹਦਾ ਤੇ ਗੁਣਗੁਣਾਉਂਦਾ, ‘‘ਸਾਨੂੰ ’ਕੱਲਿਆਂ ਨੂੰ ਛੱਡ ਕੇ ਨਾ ਜਾਹ, ’ਕੱਲਿਆਂ ਨੂੰ ਕੌਣ ਪੁੱਛਦਾ।’’ ਸੱਤ-ਅੱਠ ਵਰ੍ਹਿਆਂ ਦੀ ਉਮਰ ਵਿਚ ਨਾ ਇਸ ਗੀਤ ਦੇ ਅਰਥਾਂ ਬਾਰੇ ਕੁਝ ਸਮਝ ਸੀ, ਨਾ ਹੀ ਸੁਰ-ਸੰਗੀਤ ਬਾਰੇ। ਮੈਨੂੰ ਤਾਂ ਬੱਸ ਏਨਾ ਹੀ ਚਾਅ ਸੀ ਕਿ ਇਸ ਗੀਤ ਦੇ ਰਚਣਹਾਰੇ ਨੂੰ ਮੈਂ ਜਾਣਦਾ ਹਾਂ, ਉਹ ਮੇਰੇ ਅੰਕਲ ਨੇ, ਮੇਰੇ ਪਾਪਾ ਦੇ ਦੋਸਤ, ਤੇ ਮੈਂ ਉਨ੍ਹਾਂ ਦੇ ਮੂੰਹੋਂ ਇਹ ਗੀਤ ਸੁਣਿਆ ਹੋਇਆ ਹੈ। ਜਦੋਂ ਇਸ ਗੀਤ ਦੇ ਬੋਲਾਂ ਨੂੰ ਸਮਝਣ ਦੀ ਸੋਝੀ ਆਈ ਤਾਂ ਇਹ ਵੀ ਪਤਾ ਲੱਗਿਆ ਕਿ ਸੁਖਮਿੰਦਰ ਰਾਮਪੁਰੀ ਹੁਰਾਂ ਨੇ ਇਹ ਗੀਤ ਸੁਰਜੀਤ ਰਾਮਪੁਰੀ ਦੀ ਯਾਦ ਨੂੰ ਸਮਰਪਿਤ ਕੀਤਾ ਸੀ। ਹੁਣ ਸੁਖਮਿੰਦਰ ਰਾਮਪੁਰੀ ਖ਼ੁਦ ਸਰੀਰਕ ਤੌਰ ’ਤੇ ਵਿਛੋੜਾ ਦੇ ਗਏ ਨੇ ਤਾਂ ਉਨ੍ਹਾਂ ਦੀ ਯਾਦ ਵਿਚ ਇਹ ਗੀਤ ਆਪ-ਮੁਹਾਰੇ ਬੁੱਲ੍ਹਾਂ ’ਤੇ ਆ ਰਿਹਾ ਹੈ।
ਸੁਖਮਿੰਦਰ ਰਾਮਪੁਰੀ ਇਕ ਸੂਖ਼ਮ ਸਮਝ ਵਾਲੇ ਗੀਤਕਾਰ, ਸਿਆਣੇ ਸਾਹਿਤ-ਸਭੀਏ ਤੇ ਜੁਝਾਰੂ ਸਾਹਿਤਕ ਕਾਮੇ ਹੋਣ ਦੇ ਨਾਲ-ਨਾਲ ਇਕ ਕੁਸ਼ਲ ਅਧਿਆਪਕ ਵੀ ਸਨ। ਮੇਰੇ ਜੀਵਨ ’ਤੇ ਉਨ੍ਹਾਂ ਦੀ ਛਾਪ ਇਨ੍ਹਾਂ ਸਭ ਰੂਪਾਂ ਵਿਚ ਰਹੀ, ਪਰ ਇਕ ਅਧਿਆਪਕ ਵਜੋਂ ਮੇਰੀ ਜ਼ਿੰਦਗੀ ਵਿਚ ਉਨ੍ਹਾਂ ਦਾ ਯੋਗਦਾਨ ਉਚੇਚੇ ਤੌਰ ’ਤੇ ਅਮੁੱਲ ਹੈ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਦੋਰਾਹੇ ਪੜ੍ਹਦਾ ਸੀ ਤੇ ਸੁਖਮਿੰਦਰ ਹੋਰੀਂ ਸਰਕਾਰੀ ਸਕੂਲ ਰਾਮਪੁਰ ਪੜ੍ਹਾਉਂਦੇ ਸਨ। ਛੇਵੀਂ ਜਮਾਤ ਵਿਚ ਪੜ੍ਹਦਿਆਂ ਮੈਂ ਅੰਗਰੇਜ਼ੀ ਵਿਚੋਂ ਫੇਲ੍ਹ ਹੁੰਦਾ-ਹੁੰਦਾ ਮਸੀਂ ਬਚਿਆ। ‘‘ਤੂੰ ਆਪਣੇ ਅੰਕਲ ਕੋਲ ਜਾਇਆ ਕਰ, ਮੈਂ ਉਨ੍ਹਾਂ ਨੂੰ ਕਹਿੰਨਾਂ, ਉਹ ਤੈਨੂੰ ਅੰਗਰੇਜ਼ੀ ਵਿਚ ਨਿਪੁੰਨ ਕਰ ਦੇਣਗੇ,’’ ਪਾਪਾ (ਸੁਰਿੰਦਰ ਰਾਮਪੁਰੀ) ਨੇ ਆਖਿਆ ਤਾਂ ਮੈਂ ਅੰਕਲ ਕੋਲ ‘ਪੇਸ਼’ ਹੋ ਗਿਆ। ਉਨ੍ਹਾਂ ਨੇ ਜਿਸ ਤਰੀਕੇ ਨਾਲ ਮੈਨੂੰ ਗਰਾਮਰ ਸਿਖਾਈ, ਅੱਜ ਕੁੱਲ ਦੁਨੀਆਂ ਦੇ ਅਧਿਆਪਕ ਭਾਈਚਾਰੇ ਵਿਚ ਵਿਚਰਣ ਤੋਂ ਬਾਅਦ ਵੀ ਮੈਨੂੰ ਉਸ ਦਾ ਕੋਈ ਸਾਨੀ ਨਹੀਂ ਦਿਸਦਾ। ਉਨ੍ਹਾਂ ਦੀ ਉਂਗਲ ਫੜ ਕੇ ਅੰਗਰੇਜ਼ੀ ਸਿੱਖਦਾ-ਸਿੱਖਦਾ ਮੈਂ ਕਦਮ-ਕਦਮ ਤੁਰਦਾ ਰਿਹਾ ਹਾਂ। ਮੈਨੂੰ ਚੇਤਾ ਹੈ ਉਨ੍ਹਾਂ ਤੋਂ ਪੜ੍ਹਨ ਸ਼ੁਰੂ ਕਰਨ ਤੋਂ ਅਗਲੇ ਇਮਤਿਹਾਨਾਂ ਵਿਚ ਮੇਰੇ 100 ਵਿਚੋਂ 87 ਨੰਬਰ ਆਏ… ਤੇ ਫਿਰ ਇਕ ਵਾਰ ਤਾਂ 100 ਵਿਚੋਂ 95 ਵੀ ਆਏ। ਇਹ 95 ਨੰਬਰ ਵਾਲੇ ਇਮਤਿਹਾਨ ਸਮੇਂ ਵਾਪਰੀ ਇਕ ਘਟਨਾ ਚੇਤੇ ਆ ਗਈ ਜਿਸ ਨੇ ਮੈਨੂੰ ਨਾਬਰੀ, ਸੱਚਾਈ ਤੇ ਹੌਸਲੇ ਦੀ ਅਹਿਮੀਅਤ ਸਮਝਾਈ। ਪੇਪਰ ਮਿਲੇ ਤਾਂ ਮੈਂ ਖ਼ੁਸ਼ੀ ਅੰਕਲ ਨਾਲ ਸਾਂਝੀ ਕੀਤੀ। ਉਹ ਪੁੱਛਣ ਲੱਗੇ, ‘‘ਤੂੰ ਮੈਨੂੰ ਐਂ ਦੱਸ ਤੇਰੇ ਨੰਬਰ ਕੱਟੇ ਕਿੱਥੇ-ਕਿੱਥੇ ਗਏ ਨੇ।’’ ਮੈਂ ਦੱਸਿਆ ਤਾਂ ਉਹ ਮੇਰੇ ਗਲ ਪੈ ਗਏ, ਅਖੇ ‘‘ਜੋ ਤੂੰ ਲਿਖਿਆ ਉਹ ਬਿਲਕੁਲ ਠੀਕ ਹੈ ਤੇ ਤੇਰੀ ਅਧਿਆਪਕ ਦੀ ਗ਼ਲਤੀ ਹੈ ਜੋ ਇਸਦੇ ਨੰਬਰ ਕੱਟੇ। ਤੂੰ ਅਧਿਆਪਕ ਨਾਲ ਗੱਲ ਕਿਉਂ ਨਾ ਕੀਤੀ? ਆਪਣੇ ਹੱਕ ਲਈ ਲੜਨਾ ਸਿੱਖ ਤੇ ਜਾ ਕੇ ਅਧਿਆਪਕ ਨਾਲ ਗੱਲ ਕਰ। ਜੇ ਤੇਰੇ ਨੰਬਰ 96 ਹੋ ਗਏ ਤਾਂ ਮੇਰੇ ਕੋਲ ਆ ਜਾਵੀਂ, ਨਹੀਂ ਤਾਂ ਮੌਜ ਕਰ।’’ ਮੈਂ ਅਧਿਆਪਕ ਨੂੰ ਪਹਿਲਾਂ ਬੇਨਤੀ ਕੀਤੀ, ਫਿਰ ਬਹਿਸਿਆ ਅਤੇ ਅੰਤ ਕਿਸੇ ਬਾਗ਼ੀ ਵਾਂਗ ਪ੍ਰਿੰਸੀਪਲ ਕੋਲ ਪੇਸ਼ ਕਰ ਦਿੱਤਾ ਗਿਆ। ਲੰਮੀ-ਚੌੜੀ ਬਹਿਸ ਉਪਰੰਤ ਪ੍ਰਿੰਸੀਪਲ ਨੇ ਮੇਰੀ ਉੱਤਰ ਕਾਪੀ ਕਢਵਾ ਕੇ ਖ਼ੁਦ ਚੈੱਕ ਕੀਤੀ, ਤੇ ਮੇਰਾ ਉੱਤਰ ਠੀਕ ਪਾਉਂਦੇ ਹੋਏ, ਇਕ ਨੰਬਰ ਵਧਾ ਦਿੱਤਾ। ਮੈਂ ਜਿਵੇਂ ਜੰਗ ਜਿੱਤਿਆ ਹੋਵਾਂ। ਅੰਕਲ ਕੋਲ ਬਹੁੜਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚਲੀ ਝਲਕ ਬਿਆਨੋਂ ਬਾਹਰੀ ਸੀ। ‘ਬੱਸ, ਹੁਣ ਨਹੀਂ ਤੂੰ ਮਾਰ ਖਾਂਦਾ’, ਉਨ੍ਹਾਂ ਦੇ ਉਦੋਂ ਵਾਲੇ ਬੋਲ ਮੈਨੂੰ ਅੱਜ ਵੀ ਢਹੇ ਪਏ ਨੂੰ ਖੜ੍ਹੇ ਕਰ ਸਕਦੇ ਨੇ। ਇਹ ਉਨ੍ਹਾਂ ਦੇ ਪ੍ਰਪੱਕ ਅਧਿਆਪਕ ਹੋਣ ਦੀ ਇਕ ਨਿੱਕੀ ਜਿਹੀ ਮਿਸਾਲ ਹੈ।
ਕੁਦਰਤ ਨੇ ਸੁਖਮਿੰਦਰ ਰਾਮਪੁਰੀ ਨੂੰ ਮੂਲ ਰੂਪ ਵਿਚ ਦੋ ਸੌਗਾਤਾਂ ਦਿੱਤੀਆਂ – ਨਿੱਗਰ ਸਰੀਰ ਤੇ ਮਿਹਨਤੀ ਸੁਭਾਅ। ਬਾਕੀ ਸਭ ਕੁਝ ਉਨ੍ਹਾਂ ਨੇ ਇਨ੍ਹਾਂ ਦੋਵੇਂ ਸੌਗਾਤਾਂ ਨੂੰ ਵਰਤ ਕੇ ਕਮਾਇਆ। ਸਰੀਰ ਨੂੰ ਹੋਰ-ਹੋਰ ਸਾਧ ਕੇ ਦੌੜਾਕ ਬਣੇ- ਸਵੇਰੇ ਸਾਝਰੇ ਉੱਠ ਕੇ ਖੇਤੀ ਦਾ ਕੰਮ ਕਰਨ ਦੀ ਆਦਤ ਵੀ ਪਾਈ, ਪੜ੍ਹਾਈ-ਲਿਖਾਈ ਦੀ ਵੀ। ਇਸੇ ਮਿਹਨਤ ਸਦਕਾ ਐਮ ਏ ਕਰ ਲਈ, ਮਾਸਟਰ ਲੱਗ ਗਏ। ਮਿਹਨਤੀ ਤੇ ਜ਼ਿੱਦੀ ਸੁਭਾਅ ਦੇ ਚਲਦਿਆਂ ਜੋ ਕੁਝ ਮਨ ਵਿਚ ਧਾਰ ਲਿਆ, ਉਸ ਨੂੰ ਪੂਰਾ ਕੀਤੇ ਬਿਨਾਂ ਸਾਹ ਨਹੀਂ ਲਿਆ। ਪਹਿਲਾਂ-ਪਹਿਲ ਜਦੋਂ ਲਾਭ ਸਿੰਘ ਚਾਤ੍ਰਿਕ, ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਮਹਿੰਦਰ ਰਾਮਪੁਰੀ ਨੂੰ/ਬਾਰੇ ਸੁਣਨਾ ਤਾਂ ਉਨ੍ਹਾਂ ਵਾਂਗ ਲਿਖਣ ਨੂੰ ਚਿੱਤ ਕਰਨਾ। ਇਕ ਵਾਰ ਕਵਿਤਾ ਵਰਗਾ ਕੁਝ ਲਿਖ ਕੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮੀਟਿੰਗ ਵਿਚ ਲੈ ਗਏ ਤਾਂ ਇਕ ਲੇਖਕ ਨੇ ਗਾਲ਼੍ਹ ਕੱਢਦਿਆਂ ਕਿਹਾ, ‘‘ਕਵਿਤਾ ਲਿਖਣਾ ਤੇਰੇ ਵੱਸ ਦਾ ਕੰਮ ਨਹੀਂ, ਤੂੰ ਡੰਡ ਬੈਠਕਾਂ ਕੱਢਿਆ ਕਰ।’’ ਉਨ੍ਹਾਂ ਨੇ ਅੰਦਰੋ-ਅੰਦਰੀ ਜ਼ਿੱਦ ਫੜ ਲਈ। ਪਹ-ਫੁਟਾਲੇ ਤੋਂ ਪਹਿਲਾਂ-ਪਹਿਲ ਦਾ ਕੁਝ ਸਮਾਂ ਕਵਿਤਾ-ਗੀਤ ਪੜ੍ਹਨ ਤੇ ਅਭਿਆਸ ਕਰਨ ਦੇ ਲੇਖੇ ਲਾ ਦਿੱਤਾ, ਤੇ ਫਿਰ ਬੱਸ… ਚੱਲ ਸੋ ਚੱਲ। ਐਸੇ ਗੀਤ ਵੀ ਲਿਖੇ ਜਿਨ੍ਹਾਂ ਦੀ ਸੁਰ ਬਣਾਉਣੀ ਵੀ ਬੜੀ ਔਖੀ ਹੋਣੀ – ਮਿਸਾਲ ਦੇ ਤੌਰ ’ਤੇ – ‘‘ਉਹ ਕਿਰਨ ਜਿਹੀ, ਕਦੇ ਰਿਸ਼ਮ ਜਿਹੀ, ਜਦ ਕੋਲ-ਕੋਲ ਆ ਬਹਿੰਦੀ, ਉਦਾਸੀ ਲਹਿੰਦੀ, ਅਜੇ ਮੈਂ ਉਹਦਾ ਨਾਂ ਪੁੱਛਣਾ, ਉਹਨੇ ਦੱਸਣਾ ਵੀ ਜਾਂ ਨਹੀਂ ਦੱਸਣਾ, ਅਜੇ ਮੈਂ ਉਹਦਾ ਨਾਂ ਪੁੱਛਣਾ।’’ ਸੁਰ ਦੀ ਕੀ ਮਜਾਲ ਕਿ ਗੇੜ ’ਚ ਨਾ ਆਵੇ। ਸੰਗੀਤ ’ਤੇ ਮਿਹਨਤ ਕੀਤੀ। ਆਪਣੇ ਹਰ ਗੀਤ ਦੀ ਸੁਰ ਆਪ ਬਣਾਈ। ਆਵਾਜ਼ ਤਾਂ ਪਹਿਲਾਂ ਹੀ ਸਾਧੀ ਹੋਈ ਸੀ। ਸਾਹਿਤਕ ਸਟੇਜਾਂ ’ਤੇ ਤਾਂ ਸੁਰ ਦਾ ਜਾਦੂ ਮਹਿਕਣਾ ਹੀ ਹੋਇਆ, ਅਹਾਤਾਨੁਮਾ ਮਾਹੌਲ ਨੂੰ ਵੀ ਸੰਗੀਤਕ/ਸਾਹਿਤਕ ਬਣਾ ਦੇਣ ਦਾ ਪ੍ਰਮਾਣ ਉਨ੍ਹਾਂ ਦੀ ਪੁਸਤਕ ‘ਧੀਆਂ’ ਦੇ ਮੁੱਖ-ਬੰਦ ਵਿਚ ਦਰਜ ਹੈ।
ਲੈਅਬੱਧ-ਕਵਿਤਾ ਤੇ ਗੀਤ ’ਤੇ ਉਨ੍ਹਾਂ ਦੀ ਪੂਰੀ ਪਕੜ ਸੀ। ਗ਼ਜ਼ਲ ਦੇ ਇਕ-ਇਕ ਸ਼ਿਅਰ ਵਿਚ ਪੂਰੀ-ਪੂਰੀ ਕਹਾਣੀ ਕਹਿ ਸਕਣ ਦੀ ਖ਼ੂਬੀ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਤੇ ਉਨ੍ਹਾਂ ਦਾ ਸ਼ਿਅਰ ਕਹਿਣ ਨੂੰ ਜੀਅ ਕਰਦਾ, ਪਰ ਗ਼ਜ਼ਲ ਦੀ ਵਿਆਕਰਣ ਪਕੜ ਵਿਚ ਨਾ ਆਉਂਦੀ। ਕੈਨੇਡਾ ਪਹੁੰਚੇ ਤਾਂ ਆਪਣੇ ਮਿੱਤਰ ਕ੍ਰਿਸ਼ਨ ਭਨੋਟ (ਪ੍ਰਸਿੱਧ ਗ਼ਜ਼ਲਗੋ) ਨਾਲ ਨਿੱਤ ਦਾ ਮੇਲਜੋਲ ਹੋ ਗਿਆ। ਗ਼ਜ਼ਲ ਦੀ ਜ਼ਿੱਦ ਜਵਾਨ ਹੋ ਗਈ, ਤੇ ਭਨੋਟ ਹੁਰਾਂ ਤੋਂ ਉਨ੍ਹਾਂ ਗ਼ਜ਼ਲ ਦੇ ਗੁਰ ਸਿੱਖ ਕੇ ਇਸ ਪਾਸੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਸ਼ਿਅਰ ਕਹਿੰਦਿਆਂ-ਕਹਿੰਦਿਆਂ ਗ਼ਜ਼ਲਾਂ ਦੀ ਪੂਰੀ ਕਿਤਾਬ ‘ਇਹ ਸਫ਼ਰ ਜਾਰੀ ਰਹੇ’ ਛਪਵਾਈ। ਫਿਰ ਇਸੇ ਤਰ੍ਹਾਂ ਵਾਰਤਕ ਲਿਖਣ ਦੀ ਲਗਨ ਲੱਗੀ ਤਾਂ ਨਾਵਲ ‘ਗੁਲਾਬੀ ਛਾਂ ਵਾਲੀ ਕੁੜੀ’ ਛਪਿਆ।
ਸਾਹਿਤ ਸਭਾਵਾਂ ਵਿਚ ਕਿੰਨੀ ਡੂੰਘੀ ਸਮਝ ਵਾਲੇ ਪਾਰਖੂ ਵਿਚਰਦੇ ਨੇ, ਇਸ ਦਾ ਇਕ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਸੁਖਮਿੰਦਰ ਰਾਮਪੁਰੀ ਦੇ ਗ਼ਜ਼ਲ ਸੰਗ੍ਰਹਿ ਛਪਣ (2008) ਤੋਂ ਕਰੀਬ ਦੋ ਦਹਾਕੇ ਪਹਿਲਾਂ ਨਾਮਵਰ ਵਿਦਵਾਨ ਸੁਰਜੀਤ ਖੁਰਸ਼ੀਦੀ ਨੇ ਉਨ੍ਹਾਂ ਦੀ ਹਰਫ਼ਨਮੌਲਾ ਸਾਹਿਤਕਾਰ ਵਾਲੀ ਲਲਕ ਨੂੰ ਪਛਾਣਦਿਆਂ ਉਨ੍ਹਾਂ ਨੂੰ ਸਿਰਫ਼ ਗੀਤ ਤੇ ਕਵਿਤਾ ਲਿਖਣ ਦੇ ਰਾਹ ਚੱਲਣ ਦੀ ਪ੍ਰੇਰਨਾ ਦਿੱਤੀ ਸੀ। ਸਾਡੇ ਰਾਮਪੁਰ, ਮਾਛੀਵਾੜਾ, ਸਮਰਾਲਾ ਇਲਾਕੇ ਦੇ ਸਾਰੇ ਲੇਖਕ ਸੁਰਜੀਤ ਖੁਰਸ਼ੀਦੀ ਦੀ ਸਲਾਹ ਦੀ ਕਦਰ ਕਰਦੇ ਸਨ। ਉਸ ਵੇਲੇ ਤਾਂ ਸੁਖਮਿੰਦਰ ਹੁਰੀਂ ਕਵਿਤਾ-ਗੀਤ ਦੇ ਰਾਹ ਤੁਰਦੇ ਰਹੇ, ਪਰ ਮਗਰੋਂ ਉਨ੍ਹਾਂ ਹੋਰ ਵਿਧਾਵਾਂ ਵਿਚ ਵੀ ਹੱਥ ਅਜ਼ਮਾਉਣ ਦੀ ਜ਼ਿੱਦ ਫੜ ਲਈ। ਮਿਹਨਤੀ ਸੁਭਾਅ ਦੇ ਚੱਲਦਿਆਂ ਉਨ੍ਹਾਂ ਨੇ ਇਨ੍ਹਾਂ ਵਿਧਾਵਾਂ ਨਾਲ ਬਹੁਤ ਹੱਦ ਤੱਕ ਇਨਸਾਫ਼ ਵੀ ਕੀਤਾ।
ਜਦੋਂ ਤੱਕ ਮੈਂ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਿਚ ਨਿਰੰਤਰਤਾ ਨਾਲ ਵਿਚਰਨਾ ਸ਼ੁਰੂ ਕੀਤਾ, ਉਦੋਂ ਤੱਕ ਉਹ ਕੈਨੇਡਾ ਜਾ ਚੁੱਕੇ ਸਨ। ਕਿਤੇ ਸਾਲ ਖੰਡ ਮਗਰੋਂ ਗੇੜਾ ਮਾਰਦੇ ਤਾਂ ਮੈਨੂੰ ਸਭਾ ਦੀ ਮੀਟਿੰਗ ਵਿਚ ਜਾਣ ਦਾ ਉਚੇਚਾ ਚਾਅ ਹੁੰਦਾ। ਸਭਾ ਵਿਚ ਉਨ੍ਹਾਂ ਸੰਗ ਵਿਚਰਦਿਆਂ ਉਨ੍ਹਾਂ ਦੀ ਭਵਿੱਖਮੁਖੀ ਪਹੁੰਚ, ਪ੍ਰਗਤੀਵਾਦੀ ਵਿਚਾਰਧਾਰਾ, ਪਾਰਖੂ ਅੱਖ ਤੇ ਨਿਮਰਤਾ ਨਾਲ ਵਿਚਾਰ ਦੇਣ ਦੀਆਂ ਖ਼ੂਬੀਆਂ ਨੇ ਹਮੇਸ਼ਾ ਪ੍ਰਭਾਵਿਤ ਕੀਤਾ। ਕਿਸੇ ਕੱਚ-ਘਰੜ ਰਚਨਾ ਲਈ ਉਨ੍ਹਾਂ ਕੋਲ ‘ਗਾਲ਼੍ਹ’ ਨਹੀਂ ਸਗੋਂ ਉਸਾਰੂ ਸੁਝਾਅ ਹੁੰਦੇ। ਇਕ ਵਾਰ ਮੈਂ ਸਭਾ ਵਿਚ ਕੋਈ ਕਵਿਤਾ ਪੜ੍ਹੀ ਤਾਂ ਕਿਸੇ ਸਾਥੀ ਨੇ ਆਲੋਚਨਾ ਕਰਦਿਆਂ ਕਿਹਾ, ‘‘ਬਈ ਸੁਆਦ ਜਿਹਾ ਨਹੀਂ ਆਇਆ। ਅਜਿਹੀ ਕਵਿਤਾ ਨੂੰ ਆਮ ਬੰਦਾ ਕਿਮੇਂ ਸਮਝੂ।’’ ਸੁਖਮਿੰਦਰ ਰਾਮਪੁਰੀ ਆਪਣੀ ਪ੍ਰਪੱਕਤਾ ’ਚੋਂ ਬੋਲੇ, ‘‘ਹਰ ਕਵਿਤਾ ਸੁਆਦ ਲਈ ਨਹੀਂ ਹੁੰਦੀ। ਕੁਝ ਕਵਿਤਾਵਾਂ ਨੇ ਬੀਜ ਵੀ ਬਣਨਾ ਹੁੰਦਾ ਹੈ।’’ ਇਉਂ ਹੀ ਹਰ ਰਚਨਾ ਦੇ ਧੁਰ-ਅੰਦਰ ਤੱਕ ਪਹੁੰਚ ਕੇ ਉਸ ਦਾ ਮੁਲਾਂਕਣ ਕਰਨ ਦੀ ‘ਰਾਮਪੁਰੀਆਂ’ ਵਾਲੀ ਮੁਹਾਰਤ ਦੀ ਮੂੰਹੋਂ-ਬੋਲਦੀ ਮਿਸਾਲ ਸਨ ਸੁਖਮਿੰਦਰ ਰਾਮਪੁਰੀ।
ਮੈਂ ਆਪਣੀ ਦੂਜੀ ਕਿਤਾਬ ‘ਇਕੱਲਾ ਨਹੀਂ ਹੁੰਦਾ ਬੰਦਾ’ ਦੀ ਤਿਆਰੀ ਕਰ ਰਿਹਾ ਸਾਂ ਤਾਂ ਉਨ੍ਹਾਂ ਦਾ ਪਿੰਡ ਆਉਣਾ ਹੋ ਗਿਆ। ਮੈਂ ਮਿਲਣ ਲਈ ਗਿਆ ਤਾਂ ਕਿਤਾਬ ਦੀ ਤਿਆਰੀ ਦੀ ਗੱਲ ਦੱਸੀ। ਉਹ ਖ਼ੁਸ਼ ਹੋ ਗਏ, ਪਰ ਨਾਲ ਹੀ ਚਿਤਾਵਨੀ ਵੀ ਦਿੱਤੀ, ‘‘ਆਪਾਂ ਕੋਈ ਵੀ ਹਲਕੀ ਕਵਿਤਾ ਨਹੀਂ ਰੱਖਣੀ। ਤਿੱਖਾ ਆਰਾ ਫੇਰਨੈ। ਤੂੰ ਮੇਰੇ ਕੋਲ ਆ ਕੇ ਸਾਰੀਆਂ ਕਵਿਤਾਵਾਂ ਸੁਣਾ, ਮੈਂ ਨਿੱਠ ਕੇ ਸੁਣਾਂਗਾ, ਤੇ ਸੁਝਾਅ ਵੀ ਦੇਵਾਂਗਾ।’’ ਮੈਂ ਕਈ ਦਿਨ, ਕਈ-ਕਈ ਘੰਟੇ ਉਨ੍ਹਾਂ ਕੋਲ ਜਾਂਦਾ ਰਿਹਾ, ਹਰ ਕਵਿਤਾ ਨੂੰ ਉਹ ਕੰਨ ਬਣ ਕੇ ਸੁਣਦੇ, ਤੇ ਉਸਾਰੂ ਰਾਇ ਦਿੰਦੇ। ਏਨੇ ਠਰ੍ਹੰਮੇ ਨਾਲ ਸੁਣਨਾ ਤੇ ਏਸ ਸੁਹਿਰਦਤਾ ਨਾਲ ਰਾਇ ਦੇਣਾ ਉਨ੍ਹਾਂ ਦੇ ਹੀ ਹਿੱਸੇ ਆਇਆ ਸੀ।
ਉਨ੍ਹਾਂ ਨੂੰ ਬਲੱਡ-ਕੈਂਸਰ ਹੋਣ ਬਾਰੇ ਪਤਾ ਲੱਗਿਆ ਤਾਂ ਬੜੀ ਪਸ਼ੇਮਾਨੀ ਹੋਈ। ਉਹ ਰਾਮਪੁਰ ਆਏ ਤਾਂ ਪਤਾ ਲੱਗਿਆ ਡਾ. ਸੇਖੋਂ ਕੋਲੋਂ ਇਲਾਜ ਹੋ ਰਿਹਾ ਹੈ। ਮੈਂ ਮਿਲਣ ਗਿਆ ਤਾਂ ਪੂਰੀ ਚੜ੍ਹਦੀ ਕਲਾ ਵਿਚ ਸਨ, ‘‘ਆਪਾਂ ਦੱਬ ਲਿਐ ਕੈਂਸਰ ਨੂੰ, ਪਰਵਾਹ ਨਹੀਂ ਕਰਨੀ’’, ਉਨ੍ਹਾਂ ਦੀ ਆਵਾਜ਼ ਵਿਚ ਗੜ੍ਹਕ ਸੀ। ਮੈਂ ਬੇਫ਼ਿਕਰ ਹੋ ਗਿਆ। ਉਸੇ ਫ਼ੇਰੀ ਦੌਰਾਨ ਹੋਲੀ ਵਾਲੀ ਸ਼ਾਮ ਮਾਛੀਵਾੜੇ ਤੋਂ ਮਿੱਤਰ (ਸਵਰਗੀ ਹਰਬੰਸ ਮਾਛੀਵਾੜਾ, ਐੱਸ ਨਸੀਮ, ਟੀ ਲੋਚਨ ਤੇ ਨਿਰੰਜਨ ਸੂਖਮ) ਆਏ ਤੇ ਸੁਖਮਿੰਦਰ ਰਾਮਪੁਰੀ ਹੁਰਾਂ ਦੇ ਵਿਹੜੇ ਮਹਿਫ਼ਲ ਸਜੀ। ਉਨ੍ਹਾਂ ਨੇ ਤਰੰਨੁਮ ਛੇੜੀ ਤਾਂ ਹਵਾ ਵੀ ਗੁਣਗੁਣਾਉਣ ਲੱਗ ਗਈ ਜਾਪੀ। ਉਹ ਸੱਚਮੁੱਚ ਬਿਮਾਰੀ ’ਚੋਂ ਨਿਕਲ ਆਏ ਸਨ। ਪਰ ਫਿਰ… ਦੁਬਾਰਾ ਗੇੜ ’ਚ ਆ ਗਏ। ਸੁਭਾਅ ਮੂਜਬ ਕੈੜੇ ਹੋ ਕੇ ਲੜੇ। ਦੂਜਿਆਂ ਨੂੰ ਵੀ ਹੌਸਲਾ ਦਿੰਦੇ ਰਹੇ ਤੇ ਖ਼ੁਦ ਵੀ ਚੜ੍ਹਦੀ ਕਲਾ ਵਿਚ ਰਹੇ। ਸੋਸ਼ਲ ਮੀਡੀਆ ’ਤੇ ਸਾਡੀ ਸਭ ਦੀ ਰਹਿਨੁਮਾਈ ਕਰਦੇ ਰਹੇ। ਪਰ ਅੰਤ… ਕੁਦਰਤ ਦੇ ਆਪਣੇ ਨੇਮ ਨੇ।
ਅੱਜ ਜਦੋਂ ਉਹ ਸਰੀਰਕ ਰੂਪ ਵਿਚ ਸਾਡੇ ਵਿਚਕਾਰ ਨਹੀਂ ਹਨ ਤਾਂ ਮੈਨੂੰ ਸਮਝ ਨਹੀਂ ਆਉਂਦੀ ਮੈਥੋਂ ਕੌਣ ਵਿਛੜਿਆ ਹੈ – ਮੇਰੇ ਅੰਕਲ, ਸਮਕਾਲੀ ਗੀਤਕਾਰ, ਸਭਾ ਦਾ ਝੰਡਾਬਰਦਾਰ, ਸਾਡਾ ਸਾਹਿਤਕ ਰਹਿਨੁਮਾ ਜਾਂ ਮਿਹਨਤ ਦਾ ਮੁੱਲ ਸਿਖਾਉਣ ਵਾਲਾ ਸਾਡਾ ਪ੍ਰੇਰਨਾਸਰੋਤ? ਇਨ੍ਹਾਂ ਸਭ ਰੂਪਾਂ ਵਿਚ ਤਾਂ ਸੁਖਮਿੰਦਰ ਰਾਮਪੁਰੀ ਆਪਣੀਆਂ ਕਿਰਤਾਂ/ਯਾਦਾਂ ਰਾਹੀਂ ਅੱਜ ਵੀ ਸਾਡੇ ਨਾਲ ਹੈ ਤੇ ਭਲਕੇ ਵੀ ਰਹੇਗਾ, ਇਹ ਤਾਂ ਬੱਸ ਦੇਹ ਦਾ ਓਹਲਾ ਹੋਇਆ ਹੈ।
ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਨਵੀਂ ਦਿੱਲੀ।
ਸੰਪਰਕ: 85274-00113