ਡਾ.ਧਰਮਪਾਲ ਸਾਹਿਲ
ਚਾਲੀ ਕੁ ਵਰ੍ਹੇ ਪਹਿਲਾਂ ਮੇਰੀ ਅਧਿਆਪਕ ਵਜੋਂ ਨੌਕਰੀ ਦੀ ਸ਼ੁਰੂਆਤ ਸਾਇੰਸ ਮਾਸਟਰ ਵਜੋਂ ਕੰਢੀ ਦੇ ਹੀ ਇੱਕ ਬੇਹੱਦ ਪੱਛੜੇ ਪਿੰਡ ਬੇੜਿੰਗ ਤੋਂ ਹੋਈ ਅਤੇ ਨੌਕਰੀ ਦੇ ਆਖ਼ਰੀ ਤੇਰ੍ਹਾਂ ਮਹੀਨੇ ਵੀ ਕੰਢੀ ਦੇ ਹੀ ਬੀਤ ਇਲਾਕੇ ਦੇ ਪਿੰਡ ਭਵਾਨੀਪੁਰ ਵਿਖੇ ਬਤੌਰ ਪ੍ਰਿੰਸੀਪਲ ਬੀਤੇ। ਹੁਸ਼ਿਆਰਪੁਰ ਜ਼ਿਲ੍ਹੇ ਦਾ ਭੂਗੋਲਿਕ ਆਕਾਰ ਇੱਕ ਲੰਮੀ ਮੱਛਲੀ ਵਰਗਾ ਹੈ। ਜੇ ਬੇੇੜਿੰਗ ਸਕੂਲ ਮੱਛਲੀ ਦੇ ਮੂੰਹ ਵੱਲ ਮੰਨ ਲਈਏ ਤਾਂ ਪਿੰਡ ਭਵਾਨੀਪੁਰ ਮੱਛਲੀ ਦੀ ਪੂਛ ’ਤੇ ਟਿਕਿਆ ਕਿਹਾ ਜਾ ਸਕਦਾ ਹੈ। ਦਰਅਸਲ ਕੰਢੀ ਖੇਤਰ ਸ਼ਾਹਪੁਰ ਕੰਢੀ (ਪਠਾਨਕੋਟ) ਤੋਂ ਸ਼ੂਰੂ ਹੋ ਕੇ ਰੋਪੜ ਤੀਕ ਸ਼ਿਵਾਲਿਕ ਪਰਬਤਮਾਲਾ ਦੇ ਨਾਲ ਨਾਲ ਲਗਭਗ 250 ਕਿਲੋਮੀਟਰ ਲੰਬਾਈ ਅਤੇ 12-13 ਕਿਲੋਮੀਟਰ ਦੀ ਚੌੜਾਈ ਵਿੱਚ ਫੈਲਿਆ ਨੀਮ ਪਹਾੜੀ ਖੇਤਰ ਹੈ। ਇਹ ਖੇਤਰ ਧਾਰ (ਸ਼ਾਹਪੁਰ ਕੰਢੀ), ਬਚਵਈ (ਮੁਕੇਰੀਆਂ-ਭੰਗਾਲਾ), ਕੇਂਦਰੀ ਕੰਢੀ (ਹਾਜੀਪੁਰ-ਤਲਵਾੜਾ ਤੋਂ ਢੋਲਬਾਹਾ-ਜਨੌੜੀ), ਬੀਤ (ਗੜ੍ਹਸ਼ੰਕਰ ਤੋਂ ਨੰਗਲ), ਚੰਗਰ (ਸ੍ਰੀ ਆਨੰਦਪੁਰ ਸਾਹਿਬ ਦਾ ਪਹਾੜੀ ਖੇਤਰ) ਅਤੇ ਘਾੜ (ਰੋਪੜ-ਮੁਹਾਲੀ) ਆਦਿ ਉਪ-ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਧਾਰ ਦੇ ਇਲਾਕੇ ਵਿੱਚ ਡੋਗਰੀ, ਬਚਵਈ ਵਿੱਚ ਦੁਆਬੀ, ਕੇਂਦਰੀ ਕੰਢੀ ’ਤੇ ਕਾਂਗੜੀ, ਬੀਤ ਤੇ ਘਾੜ ’ਤੇ ਪੁਆਧੀ ਆਦਿ ਦਾ ਪ੍ਰਭਾਵ ਪ੍ਰਤੱਖ ਵੇਖਿਆ ਜਾ ਸਕਦਾ ਹੈ।
ਮੇਰਾ ਇਹ ਆਖ਼ਰੀ ਸਕੂਲ ਬੀਤ ਇਲਾਕੇ ਦੇ ਪਿੰਡ ਗੁਰੂਬਿਸ਼ਨਪੁਰੀ ਭਵਾਨੀਪੁਰ, ਗੜ੍ਹਸ਼ੰਕਰ ਤੋਂ ਨੰਗਲ ਰੋਡ ’ਤੇ ਸਥਿਤ ਝੁੰਗੀਆਂ ਤੋਂ ਸੱਜੇ ਹੱਥ ਲਗਭਗ ਪੰਜ-ਛੇ ਕਿਲੋਮੀਟਰ ਸ੍ਰੀ ਖੁਰਾਲਗੜ੍ਹ ਸਾਹਿਬ ਵਾਲੀ ਸੜਕ ’ਤੇ ਹੈ। ਗੜ੍ਹਸ਼ੰਕਰ ਤੋਂ ਨੰਗਲ ਵਾਲੇ ਪਹਾੜਾਂ ਦੀ ਵਲੇਵੇਂਦਾਰ ਚੜ੍ਹਾਈ ਚੜ੍ਹ ਕੇ ਅਸੀਂ ਸਮਤਲ ਜਿਹੇ ਖੇਤਰ ਵਿੱਚ ਪ੍ਰਵੇਸ਼ ਕਰਦੇ ਹਾਂ। ਉੱਥੋਂ ਦੀ ਆਬੋਹਵਾ, ਭੂਗੋਲਿਕ ਬਣਤਰ ਅਤੇ ਲੋਕਾਂ ਦੀ ਬੋਲੀ ਇੱਕ ਵੱਖਰੇ ਭੂ-ਖੰਡ ਦੇ ਅਹਿਸਾਸ ਨਾਲ ਸਰਾਬੋਰ ਕਰਦੀ ਹੈ। ਦੰਦਕਥਾ ਅਨੁਸਾਰ ਬੀਤ ਉਸ ਵਿਸ਼ੇਸ਼ ਇਲਾਕੇ ਦੇ ਬੱਤੀ ਪਿੰਡਾਂ ਦੇ ਸਮੂਹ ਦੇ ਨਾਂ ’ਤੇ ਪਈ ਅੱਲ ਹੈ। ਭੂਗੋਲਿਕ, ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਸਮਾਨਤਾਵਾਂ ਦੇ ਬਾਵਜੂਦ ਇਹ ਇਲਾਕਾ ਕੇਂਦਰੀ ਕੰਢੀ ਨਾਲੋਂ ਕੁਝ ਵਖਰੇਵਾਂ ਰੱਖਦਾ ਹੈ। ਇੱਕ ਤਾਂ ਇਹ ਇਲਾਕਾ ਨੀਮ ਪਹਾੜੀ ਹੁੰਦਿਆਂ ਵੀ ਕਾਫ਼ੀ ਹੱਦ ਤੱਕ ਪੱਧਰਾ ਹੈ। ਖੇਤੀ ਯੋਗ ਜ਼ਮੀਨ ਘੱਟ ਪਥਰੀਲੀ ਹੈ। ਧਰਤੀ ਹੇਠਲਾ ਪਾਣੀ ਲਗਭਗ ਇੱਕ ਹਜ਼ਾਰ ਫੁੱਟ ਡੂੰਘਾਈ ’ਤੇ ਮਿਲਦਾ ਹੈ। ਇਸ ਕਾਰਨ ਇਸ ਇਲਾਕੇ ਵਿੱਚ ਖੂਹਾਂ ਅਤੇ ਟਿਊਬਵੈੱਲਾਂ ਦੀ ਘਾਟ ਹੈ। ਚੋਅ ਅਤੇ ਖੱਡਾਂ ਘੱਟ ਹਨ। ਇੱਥੇ ਘਰ ਦੂਰ ਦੂਰ ਨਾ ਹੋਕੇ ਇਕੱਠੇ ਹਨ। ਰੂਪਨਗਰ ਨੇੜੇ ਹੋਣ ਕਰਕੇ ਬੋਲੀ ਪੁਆਧੀ ਦੇ ਬਹੁਤ ਕਰੀਬ ਹੈ। ਇੱਥੋਂ ਦੇ ਵਸਨੀਕਾਂ ਨੇ ਊਨਾ (ਹਿਮਾਚਲ) ਦੀ ਹੱਦ ਨੇੜੇ ਹੋਣ ਕਰਕੇ ਊਨਾ ਦੇ ਸਭਿਆਚਾਰ ਦਾ ਵਧੇਰੇ ਪ੍ਰਭਾਵ ਕਬੂਲਿਆ ਹੈ। ਬੀਤ ਵਾਸੀਆਂ ਦੀਆਂ ਜ਼ਿਆਦਾਤਰ ਰਿਸ਼ਤੇਦਾਰੀਆਂ ਊਨਾ ਹਿਮਾਚਲ ਵੱਲ ਹੀ ਹਨ।
ਬੀਤ ਨੇੜਿਉਂ ਸਵਾਂ ਨਦੀ ਵਗਦੀ ਹੈ ਜੋ ਸਤਲੁਜ ਵਿੱਚ ਡਿਗਦੀ ਹੈ। ਜੰਗਲ ਕੱਟ ਦਿੱਤੇ ਗਏ ਹਨ। ਜਾਇਜ਼-ਨਾਜਾਇਜ਼ ਖਣਨ ਨੇ ਬੀਤ ਦੇ ਕੁਦਰਤੀ ਸਰੂਪ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਹੁਣ ਜੰਗਲ ਦੂਰ ਪਹਾੜਾਂ ’ਤੇ ਹੀ ਦਿਸਦੇ ਹਨ। ਵਧੇਰੇ ਖੇਤੀ ਵਰਖਾ ਆਧਾਰਿਤ ਹੋਣ ਕਰਕੇ ਇੱਥੋਂ ਦੀ ਪ੍ਰਮੁੱਖ ਫ਼ਸਲ ਮੱਕੀ ਹੈ। ਨੀਲ ਗਾਵਾਂ, ਜੰਗਲੀ ਸੂਰ, ਬਾਂਦਰ ਅਤੇ ਮੋਰ ਫ਼ਸਲਾਂ ਨੂੰ ਬਹੁਤ ਨੁਕਸਾਨ ਪੁਚਾਉਂਦੇ ਹਨ। ਇਨ੍ਹਾਂ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੀ ਰਾਖੀ ਲਈ ਖੇਤਾਂ ਦੁਆਲੇ ਲੋਹੇ ਦੀ ਜਾਲੀ ਵਾਲੀ ਵਾੜ ਵੇਖੀ ਜਾ ਸਕਦੀ ਹੈ। ਇਸ ਇਲਾਕੇ ਵਿੱਚ ਪੇਠੇ ਦੀ ਪੈਦਾਵਾਰ ਕਾਫ਼ੀ ਹੁੰਦੀ ਹੈ। ਵੇਲਾਂ ਸੁੱਕਣ ਮਗਰੋਂ ਖੇਤਾਂ ਵਿੱਚ ਸਫੈਦ ਵੱਡੇ-ਵੱਡੇ ਆਂਡਿਆਂ ਵਰਗੇ ਪੇਠੇ ਪਏ ਵੇਖੇ ਜਾ ਸਕਦੇ ਹਨ। ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੀ ਦਿਨ-ਰਾਤ ਰਾਖੀ ਲਈ ਬਣਾਏ ਫ਼ੌਜੀਆਂ ਦੇ ਮੋਰਚਿਆਂ ਵਾਂਗ ‘ਮਣ੍ਹੇੇ’ ਵੀ ਨਜ਼ਰ ਆਉਂਦੇ ਹਨ। ਮੱਕੀ ਵੱਢਣ ਮਗਰੋਂ ਛੱਲੀਆਂ ਸਮੇਤ ਖੜ੍ਹੇ ਕੀਤੇ ‘ਝੁੰਬ’ ਅਤੇ ਛੱਲੀਆਂ ਲਾਹੁਣ ਮਗਰੋਂ ਸੁੱਕੀ ਮੱਕੀ ਦੇ ਟਾਂਡਿਆਂ ਦੇ ਤਰਤੀਬਵਾਰ ਲਾਏ ਢੇਰ ‘ਕੁਨੂੰ’ ਵਿਖਾਈ ਦਿੰਦੇ ਹਨ ਜੋ ਕੁਤਰਨ ਮਗਰੋਂ ਹਰੇ ਪੱਠਿਆਂ ਨਾਲ ਰਲਾ ਕੇ ਪਾਲਤੂ ਜਾਨਵਰਾਂ ਨੂੰ ਚਾਰੇ ਵਜੋਂ ਦਿੱਤੇ ਜਾਂਦੇ ਹਨ। ਇਸ ਇਲਾਕੇ ਦੇ ਸਬਰ ਅਤੇ ਸੰਜਮ ਵਾਲਾ ਜੀਵਨ ਜਿਉਣ ਵਾਲੇ ਕਿਸਾਨਾਂ ਨੂੰ ਮਾੜੇ ਤੋਂ ਮਾੜਾ ਵਕਤ ਆਉਣ ’ਤੇ ਵੀ ਖ਼ੁਦਕੁਸ਼ੀ ਵਰਗੇ ਕਦਮ ਚੁੱਕਦਿਆਂ ਨਹੀਂ ਸੁਣਿਆ। ਬੀਤ ਇਲਾਕੇ ਵਿੱਚ ਦੇਸੀ ਅੰਬਾਂ ਦੀਆਂ ਕਈ ਨਾਯਾਬ ਕਿਸਮਾਂ ਮਿਲਦੀਆਂ ਹਨ, ਪਰ ਨਵੀਂ ਪੀੜ੍ਹੀ ਇਨ੍ਹਾਂ ਚੂਪਣ ਵਾਲੇ ਅੰਬਾਂ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ।
ਇਸ ਇਲਾਕੇ ਦੀ ਵਧੇਰੇ ਆਬਾਦੀ ਰਾਜਪੂਤ ਅਤੇ ਗੁੱਜਰ ਬਰਾਦਰੀ ਦੀ ਹੈ। ਇਹ ਇਲਾਕਾ ਸਿੱਖਿਆ, ਸਿਹਤ, ਸੜਕਾਂ, ਬਿਜਲੀ, ਪੀਣ ਵਾਲੇ ਪਾਣੀ ਆਦਿ ਸਹੂਲਤਾਂ ਨਾਲ ਭਰਪੂਰ ਹੈ। ਲੋਕਾਂ ਦਾ ਰਹਿਣ ਸਹਿਣ, ਖਾਣ-ਪੀਣ ਆਦਿ ਚੰਗਾ ਹੈ। ਮੁੱਖ ਧੰਦਾ ਅਜੇ ਵੀ ਖੇਤੀਬਾੜੀ ਹੀ ਹੈ, ਪਰ ਸਿੱਖਿਆ ਦੇ ਪਸਾਰ ਸਦਕਾ ਲੋਕ ਫ਼ੌਜ ਦੇ ਨਾਲ ਨਾਲ ਹੋਰ ਵਿਭਾਗਾਂ ਵਿੱਚ ਵੀ ਨੌਕਰੀ ਕਰਦੇ ਹਨ। ਬੀਤ ਦੇ ਕਈ ਪ੍ਰਤਿਭਾਵਾਨ ਵਿਅਕਤੀਆਂ ਨੇ ਉੱਚੇ ਅਹੁਦਿਆਂ ’ਤੇ ਸੁਸ਼ੋਭਿਤ ਹੋ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਬੀਤ ਦੇ ਲੋਕ ਸਿਆਸੀ, ਸਮਾਜਿਕ ਅਤੇ ਜਥੇਬੰਦਕ ਤੌਰ ’ਤੇ ਵੀ ਜਾਗਰੂਕ ਹਨ। ਬਹੁਤ ਸਾਰੇ ਪਰਵਾਸੀ ਭਾਰਤੀ ਵੀ ਹਨ ਜੋ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੇ ਪਿੰਡਾਂ ਨੂੰ ਭੁੱਲੇ ਨਹੀਂ। ਉਹ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਆਪਣੇ ਇਲਾਕੇ ਦੀਆਂ ਧਾਰਮਿਕ, ਵਿੱਦਿਅਕ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਕੰਮਾਂ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਹਨ। ਧਾਰਮਿਕ ਰੁਚੀਆਂ ਵਾਲੇ ਲੋਕ ਵਿਰਾਸਤੀ ਖੇਡਾਂ, ਲੋਕ ਸਭਿਆਚਾਰ, ਤਿਉਹਾਰਾਂ ਅਤੇ ਮੇਲਿਆਂ ਦੇ ਸ਼ੌਕੀਨ ਹਨ। ਇਲਾਕਾ ਨਿਵਾਸੀ ਇਨ੍ਹਾਂ ਵਿੱਚ ਵਧ-ਚੜ੍ਹ ਕੇ ਭਾਗ ਲੈਂਦੇ ਹਨ। ਪਿੰਡ ਅਚਲਪੁਰ-ਭਵਾਨੀਪੁਰ ਵਿਖੇ ਹਰ ਵਰ੍ਹੇ ਲੱਗਦਾ ‘ਛਰਾਹਾਂ ਦਾ ਮੇਲਾ’ ਇਲਾਕੇ ਦੀ ਵਿਸ਼ੇਸ਼ ਪਛਾਣ ਹੈ।
ਬੀਤ ਇਲਾਕੇ ਦੇ ਪਿੰਡਾਂ ਵਿੱਚ ਅੰਬਾਂ, ਬੋਹੜਾਂ, ਪਿੱਪਲਾਂ, ਨਿੰਮਾਂ ਅਤੇ ਹੋਰ ਦਰੱਖਤਾਂ ਨਾਲ ਘਿਰੇ ਵੱਡੇ ਤਲਾਅ, ਛੱਪੜ, ਪੁੱਖਰ ਵਿਖਾਈ ਦਿੰਦੇ ਹਨ ਜਿਨ੍ਹਾਂ ਵਿੱਚ ਮੱਝਾਂ ਤੈਰਦੀਆਂ ਰਹਿੰਦੀਆਂ ਹਨ। ਪਿੰਡ-ਪਿੰਡ ਗੁੱਜਰਾਂ ਦੇ ਡੇਰੇ ਹਨ। ਬਹੁਗਿਣਤੀ ਵਿੱਚ ਗੁੱਜਰਾਂ ਨੇ ਆਪਣੇ ਪੱਕੇ ਡੇਰੇ ਬਣਾ ਲਏ ਹਨ ਅਤੇ ਆਪਣੇ ਪੁਸ਼ਤੈਨੀ ਧੰਦੇ ਦੇ ਨਾਲ ਨਾਲ ਵਪਾਰ ਆਦਿ ਵੀ ਕਰਦੇ ਹਨ। ਇਹ ਇਲਾਕਾ ਤ੍ਰਿਵੇਣੀਆਂ( ਬੋਹੜ,ਪਿੱਪਲ ਅਤੇ ਨਿੰਮ ਇੱਕ ਸਾਥ) ਨਾਲ ਭਰਪੂਰ ਹੈ। ਗਰਮੀਆਂ ਤੇ ਬਰਸਾਤਾਂ ਵਿੱਚ ਵੀ ਮੱਖੀ ਮੱਛਰ ਵੇਖਣ ਨੂੰ ਨਹੀਂ ਮਿਲਦੇ।
ਬੀਤ ਦੀ ਭੂਮੀ ਵੀ ਦੇਵ ਭੂਮੀ ਹੈ ਜਿੱਥੇ ਮਹਾਨ ਅਧਿਆਤਮਕ ਹਸਤੀਆਂ ਨੇ ਤਪ ਕਰਕੇ ਇਸ ਭੋਇੰ ਨੂੰ ਨਿਰਮਲਤਾ, ਸਾਂਝੀਵਾਲਤਾ ਅਤੇ ਸ਼ਾਂਤੀ ਬਖ਼ਸ਼ੀ ਹੈ। ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦਾ ਤਪ ਅਸਥਾਨ, ਚਰਣਛੋਹ ਗੰਗਾ ਅਤੇ 110 ਕਰੋੜ ਦੀ ਲਾਗਤ ਨਾਲ ਉਸਾਰੇ ਜਾ ਰਹੇ ‘ਮੀਨਾਰ-ਏ ਬੇਗਮਪੁਰਾ’ ਅਤੇ ਮਾਤਾ ਸੈਂਹਦੀ ਮੰਦਰ, ਬਾਪੂ ਕੁੰਭ ਦਾਸ ਦੀ ਛੱਪੜੀ ਅਤੇ ਸਿੱਧ ਬਾਬਾ ਬਾਲਕ ਰੂਪ ਦਾ ਮੰਦਰ (ਅਚਲਪੁਰ), ਕਬੀਰ ਕੁਟੀਆ (ਭਵਾਨੀਪੁਰ), ਬਾਬਾ ਨਾਹਰ ਸਿੰਘ ਦਾ ਮੰਦਰ, ਗੁਰੂ ਗੋਬਿੰਦ ਸਿੰਘ ਜੀ ਦੇ ਹੱਥਲਿਖਤ ਹੁਕਮਨਾਮੇ ਵਾਲਾ ਗੁਰਦੁਆਰਾ ਸਾਹਿਬ (ਨਾਨੋਵਾਲ), ਸਿੱਧ ਬਾਬਾ ਜੰਬੂ ਜੀਤ (ਮਾਲੇਵਾਲ), ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ ਸਾਂਭਿਆ ਗਿਆ ਮਾਤਾ ਹਰੀ ਦੇਵੀ ਮੰਦਰ (ਹੇਠਲਾ ਭਵਾਨੀਪੁਰ), ਹਰੋ ਦਾ ਪਰ੍ਹੋ ਆਦਿ ਬੀਤ ਦੇ ਬੇਹੱਦ ਮਾਨਤਾ ਵਾਲੇ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਸਥਾਨ ਹਨ। ਕੰਢੀ ਦੇ ਕਿਸਾਨਾਂ ਲਈ ਵਰਦਾਨ ਕੰਢੀ ਖੋਜ ਕੇਂਦਰ ਵੀ ਆਪਣੀਆਂ ਖੋਜਾਂ ਅਤੇ ਕਿਸਾਨਾਂ ਵਿੱਚ ਫ਼ਸਲਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ। ਇਨ੍ਹਾਂ ਥਾਵਾਂ ’ਤੇ ਹਰ ਵਰ੍ਹੇ ਦੇਸ਼ਾਂ ਵਿਦੇਸ਼ਾਂ ਦੇ ਲੱਖਾਂ ਸ਼ਰਧਾਲੂ, ਖੋਜੀ, ਜਿਗਿਆਸੂ ਅਤੇ ਵਿਦਿਆਰਥੀ ਖੋਜ ਤੇ ਅਧਿਐਨ ਲਈ ਉਚੇਚੇ ਤੌਰ ’ਤੇ ਆਉਂਦੇ ਹਨ। ਇਸ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਰਮਣੀਕ ਅਤੇ ਧਾਰਮਿਕ ਪੱਖੋਂ ਅਮੀਰ ਬੀਤ ਖੇਤਰ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ, ਪਰ ਅਫ਼ਸੋਸ ਕਿ ਸਾਡੀਆਂ ਸਰਕਾਰਾਂ ਦਾ ਇਸ ਪਾਸੇ ਧਿਆਨ ਬਿਲਕੁਲ ਵੀ ਨਹੀਂ।
ਇੱਥੋਂ ਦੇ ਲੋਕ ਵਿਗਿਆਨ ਤਕਨਾਲੋਜੀ ਅਤੇ ਸੂਚਨਾ ਕ੍ਰਾਂਤੀ ਦੇ ਦੌਰ ਵਿੱਚ ਵੀ ਸਵਾਰਥ ਅਤੇ ਬਣਾਉਟੀਪਣ ਤੋਂ ਦੂਰ ਹਨ। ਬੀਤ ਵਾਸੀਆਂ ਦੀ ਰੁੱਖਾਂ ਨਾਲ ਕੀਤੀ ਗਈ ਤੁਲਨਾ ਇਕਦਮ ਢੁਕਵੀਂ ਜਾਪਦੀ ਹੈ। ਇਹ ਗੱਲ ਮੈਂ ਉਨ੍ਹਾਂ ਲੋਕਾਂ ਵਿੱਚ ਵਿਚਰਦਿਆਂ ਆਪਣੇ ਨਿੱਜੀ ਅਨੁਭਵ ਤੋਂ ਕਹਿ ਸਕਦਾ ਹਾਂ। ਪਰ ਨਵੀਂ ਪੀੜ੍ਹੀ ਇਸ ਪੁਰਾਤਨ ਅਮੀਰ ਵਿਰਸੇ ਤੋਂ ਟੁੱਟ ਰਹੀ ਹੈ। ਇਹ ਪਰਿਵਰਤਨ ਸੁਭਾਵਿਕ ਤੇ ਕੁਦਰਤੀ ਮੰਨਿਆ ਜਾਣਾ ਚਾਹੀਦਾ ਹੈ।
ਸੰਪਰਕ: 98761-56964