ਅਵਤਾਰ ਸਿੰਘ ਬਿਲਿੰਗ
ਮੰਨਿਆ ਜਾਂਦਾ ਹੈ, ਸਵੈ ਜੀਵਨੀ ਇਸ ਦੇ ਲੇਖਕ ਵੱਲੋਂ ਆਪਣੇ ਹੱਡੀਂ ਹੰਢਾਈ ਜੀਵਨ ਲੀਲਾ ਬਾਰੇ ਲਿਖਿਆ ਸੱਚਾ ਜੀਵਨ ਬਿਰਤਾਂਤ ਹੁੰਦਾ ਹੈ। ਇਸ ਦੇ ਪਾਤਰ ਵੱਲੋਂ ਜੀਵਿਆ ਸੱਚ। ਇਹ ਕੇਵਲ ਉਸ ਇਕੱਲੇ ਕੇਂਦਰੀ ਜੀਊੜੇ ਦਾ ਬਿਰਤਾਂਤ ਨਹੀਂ ਸਗੋਂ ਉਸ ਦੁਆਰਾ ਦੇਖਿਆ ਜੀਵਿਆ ਸਮਕਾਲੀ ਸਮਾਜਿਕ, ਆਰਥਿਕ ਤੇ ਸਭਿਆਚਾਰਕ ਜੀਵਨ ਹੁੰਦਾ ਹੈ। ਸਵੈ ਪ੍ਰਸੰਸਾ, ਆਪਣੇ ਬਾਰੇ ਬੇਲੋੜਾ ਬੋਲਣਾ, ਆਪਣੇ ਸੋਹਿਲੇ ਗਾਉਣੇ ਤੇ ਵਾਧੂ ਨਿੱਜੀ ਵਿਸਤਾਰ ਇਸ ਦੇ ਔਗੁਣ ਸਮਝੇ ਜਾਂਦੇ ਹਨ। ਸੰਨ 1942 ਵਿਚ ਲੁਧਿਆਣਾ ਦੇ ਪਿੰਡ ਕੁਹਾੜਾ ਵਿਚ ਜਨਮੇ ਸਫ਼ਲ ਪੱਤਰਕਾਰ, ਫਿਲਮਸਾਜ਼ ਤੇ ਸਰਬਪੱਖੀ ਲੇਖਕ ਤੇਲੂ ਰਾਮ ਕੁਹਾੜਾ ਦੀ ਆਤਮ ਕਥਾ ‘ਜ਼ਿੰਦਗੀ ਦਾ ਮੇਲਾ’ (ਲਾਹੌਰ ਬੁੱਕ ਸ਼ਾਪ, ਲੁਧਿਆਣਾ) ਉਪਰੋਕਤ ਕਸਵੱਟੀ ਉੱਤੇ ਕਾਫ਼ੀ ਹੱਦ ਤੱਕ ਖਰੀ ਉਤਰਦੀ ਦਿਲਚਸਪ ਰਚਨਾ ਹੈ। ਇਹ ਸਿਰਫ਼ ਉਸ ਦੀ ਜੀਵਨ ਕਥਾ ਨਹੀਂ ਸਗੋਂ ਵੀਹਵੀਂ ਸਦੀ ਦਾ ਆਮ ਸੰਘਰਸ਼ਮਈ ਪੇਂਡੂ ਜੀਵਨ ਵੀ ਇਸ ਵਿਚੋਂ ਝਲਕਦਾ ਡਲ੍ਹਕਦਾ ਹੈ।
ਪਿੰਡ ਕੁਹਾੜਾ ਨੂੰ ‘ਘੁਆੜਾ’ ਵੀ ਕਹਿੰਦੇ- ਘੋੜਿਆਂ ਦਾ ਤਬੇਲਾ ਜੋ ਇੱਥੇ ਸੀ। ਕੁਹਾੜਾ ਇਸ ਲਈ ਕਿ ਇਹ ਆਲੇ-ਦੁਆਲੇ ਦੇ ਨਾਲ ਲੱਗਦੇ ਢਾਹੇ ਦੇ ਹਰੇਕ ਗੁਆਂਢੀ ਪਿੰਡ ਤੋਂ ਸਿਰਫ਼ ਇਕ ਕੋਹ ਦੀ ਵਿੱਥ ’ਤੇ ਵੱਸਿਆ ਹੈ। ਆਲੇ ਦੁਆਲੇ ਸਤਿਲੁਜ ਦੁਆਰਾ ਬਣਾਏ ਟਿੱਬੇ ਹੁੰਦੇ। ‘‘…ਹਿਰਨਾਂ ਦੀਆਂ ਡਾਰਾਂ, ਸਿਆਲਾਂ ਵਿਚ ਕੂੰਜਾਂ ਦੀਆਂ ਡਾਰਾਂ, ਗਿੱਦੜ, ਰੋਝ ਤੇ ਖਰਗੋਸ਼ ਵੀ ਭੈਅਭੀਤ ਹੋਏ ਘੁੰਮਦੇ ਰਹਿੰਦੇ। … ਗਰਮੀਆਂ ਵਿਚ ਦੂਰ ਦੂਰ ਤੱਕ ਮ੍ਰਿਗ ਤ੍ਰਿਸ਼ਨਾ ਦੀਆਂ ਲਹਿਰਾਂ ਚਲਦੀਆਂ ਨਜ਼ਰ ਆਉਂਦੀਆਂ…।’’ ਇਹ ਖੂਹਾਂ ਦਾ ਜ਼ਮਾਨਾ ਸੀ। ਖੂਹ ਲਾਹੇ ਜਾਂਦੇ। ਲੱਕੜ ਦਾ ਚੱਕ ਇਕ ਡੂੰਘੇ ਟੋਏ ਵਿਚ ਸੁੱਟ ਕੇ ਉਸ ਉੱਤੇ ਗੋਲਾਈ ਵਿਚ ਖੂਹ ਦਾ ਮਹਿਲ ਉਸਾਰਦੇ। ਚੱਕ ਹੇਠੋਂ ਮਿੱਟੀ ਖੁਰਲਦੇ ਉਹ ਹੋਰ ਹੇਠਾਂ ਖਿਸਕੀ ਜਾਂਦਾ। ਲੋਕ ਗੀਤ ਸੀ:
ਬੰਦਿਆ ਮੁੜ ਨਹੀਂ ਜੱਗ ਤੇ ਆਉਣਾ
ਖੂਹ ਦੇ ਚੱਕ ਵਾਂਗੂੰ।
ਇਹ ਉਹ ਸਮਾਂ ਸੀ ਜਦੋਂ ਟਿੱਬਿਆਂ ਵਿਚੋਂ ਪੈਦਲ ਤੁਰਿਆ ਜਾਂਦਾ ਰਾਹੀ ਜਾਂ ਰੇਤੇ ਵਿਚ ਤਿਲ੍ਹਕਦੇ ਸਾਈਕਲ ਨੂੰ ਧੂਹੀ ਜਾਂਦਾ ਮੁਸਾਫ਼ਰ ਪਾਣੀ ਲਈ ਤਰਸਦਾ। ਪੜ੍ਹਾਈ ਪਿੰਡ ਵਿਚ ਜਾਂ ਨੇੜਲੇ ਪਿੰਡ ਦੇ ਸਕੂਲ ਵਿਚ ਟਾਟਾਂ ਉੱਤੇ ਬੈਠ ਕੇ ਕਰਦੇ। ‘‘ਸਿਆਲ਼ੋ ਸਿਆਲ਼ ਮੱਕੀ ਦੀਆਂ ਮੇਥਿਆਂ ਵਾਲੀਆਂ ਰੋਟੀਆਂ, ਕਦੇ ਸਾਗ, ਗਰਮੀਆਂ ਵਿਚ ਅੰਬ ਜਾਂ ਨਿੰਬੂ ਦੇ ਅਚਾਰ ਨਾਲ ਦੇਸੀ ਘਿਓ ਦੇ ਬੀਬੀ ਦੇ ਪਕਾਏ ਪਰੌਠੇ ਅਸੀਂ ਅੱਧੀ ਛੁੱਟੀ ਨੂੰ ਪਿੱਪਲ ਹੇਠ ਬਣੇ ਗੋਲ ਥੜ੍ਹੇ ਉੱਤੇ ਬੈਠ ਕੇ ਖਾਂਦੇ। ਚਾਟੀ ਦੀ ਬਦਾਮੀ ਰੰਗ ਦੀ ਲੱਸੀ ਅਸੀਂ ਕੱਚ ਦੀਆਂ ਬੋਤਲਾਂ ਵਿਚ ਭਰ ਕੇ ਘਰੋਂ ਲੈ ਜਾਂਦੇ।’’ ਮਾਪਿਆਂ ਅੰਦਰ ਬੱਚਿਆਂ ਨੂੰ ਅੱਗੇ ਪੜ੍ਹਾਉਣ ਦੀ ਲਾਲਸਾ ਹੁੰਦੀ। ਪਰ ਹੁਣ ਵਾਂਗ ਜਵਾਕਾਂ ਦੀਆਂ ਮਿੰਨਤਾਂ ਨਹੀਂ ਸੀ ਕਰਦੇ। ਰਾਤ ਨੂੰ ਕੰਮ ਤੋਂ ਘਰ ਆਏ ਤਾਂ ਪਿਤਾ ਰੋਟੀ ਖਾ ਕੇ ਮੈਨੂੰ ਕੋਲ ਬਿਠਾ ਕੇ ਕਹਿਣ ਲੱਗੇ। ‘‘ਕਾਕਾ, ਮੇਰੇ ਬਾਈ ਨੇ ਮੈਨੂੰ ਅੱਠ ਜਮਾਤਾਂ ਪੜ੍ਹਾਈਆਂ। ਮੈਂ ਚਾਹੁੰਦਾ ਹਾਂ ਤੂੰ ਘੱਟੋ ਘੱਟ ਦਸ ਜਮਾਤਾਂ ਤਾਂ ਪਾਸ ਹੋਵੇਂ। ਜੇ ਤੇਰਾ ਪੜ੍ਹਨ ਨੂੰ ਜੀਅ ਨਹੀਂ ਕਰਦਾ ਤਾਂ ਚੱਲ ਕੱਲ੍ਹ ਤੋਂ ਮੇਰੇ ਨਾਲ ਸ਼ੁਰੂ ਕਰ ਲੈ ਹੌਜ਼ਰੀ ਦਾ ਕੰਮ ਸਿੱਖਣਾ।’’ ਦੋ ਟੁੱਕ ਫ਼ੈਸਲੇ ਹੁੰਦੇ। ਬੇਸ਼ੱਕ ਉਨ੍ਹਾਂ ਮਾਪਿਆਂ ਦਾ ਜੀਵਨ ਬੜੇ ਕਸ਼ਟਾਂ ਭਰਿਆ ਹੁੰਦਾ। ਪਰ ਫੇਰ ਵੀ ਉਹ ਬੱਚਿਆਂ ਦੀ ਬਿਹਤਰੀ ਲਈ ਮੁਸ਼ੱਕਤਾਂ ਕਰਦੇ ਡੋਲਦੇ ਨਹੀਂ ਸਨ। ਸਾਈਕਲ ਉੱਤੇ ਉਨ੍ਹਾਂ ਥਾਨਾਂ ਨਾਲ ਭਰਿਆ ਬੋਰਾ ਲੱਦਿਆ ਹੋਇਆ ਸੀ। ਗਰਮੀ ਨਾਲ ਉਨ੍ਹਾਂ ਦੇ ਕੱਪੜੇ ਭਿੱਜੇ ਪਏ ਸਨ। ਨੱਕ ਉੱਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ। ਉਨ੍ਹਾਂ ਦੀ ਹਾਲਤ ਦੇਖ ਕੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ। …ਬਾਈ ਜੀ ਕਹਿੰਦੇ, ‘‘ਮਾਂ ਪਿਓ ਦਾ ਏਹੀ ਤਾਂ ਵੱਡਾ ਫਰਜ਼ ਹੈ।’’ ਉਹ ਜ਼ਮਾਨਾ ਸੀ। ਜਦੋਂ ਘਰ ਦਾ ਕੰਮ ਨਾ ਕਰਨ ਬਦਲੇ ਟੀਚਰ ਵੱਲੋਂ ਜਿਸਮਾਨੀ ਸਜ਼ਾ ਵੀ ਮਿਲਦੀ। ‘‘ਜਿਹੜੇ ਹੱਥ ਉੱਤੇ ਡੰਡਾ ਪੈਂਦਾ, ਉਹੀ ਹੱਥ ਬਗਲ ਵਿਚ ਦੇ ਲੈਣਾ। ਵਾਰੀ ਵਾਰੀ ਦੋਹਾਂ ਹੱਥਾਂ ਨੂੰ ਆਪਣੀਆਂ ਬਗਲਾਂ ਦੀ ਭਾਫ਼ ਦਿੰਦੇ ਰਹੀਦਾ ਸੀ।’’
ਤੇਲੂ ਰਾਮ ਕੁਹਾੜਾ ਨੇ ਆਪਣੇ ਫੇਲ੍ਹ ਹੋਣ, ਪੜ੍ਹਾਈ ਵਿਚੋਂ ਕਮਜ਼ੋਰ ਹੋਣ, ਅਧਿਆਪਕਾਂ ਵੱਲੋਂ ਮਿਹਨਤ ਕਰਵਾਉਣ, ਮਾਪਿਆਂ ਦੇ ਕਿਰਤੀ ਸੁਭਾਅ ਬਾਰੇ ਗੱਜ ਵੱਜ ਕੇ ਲਿਖਿਆ ਹੈ। ਡੀਂਗਾਂ ਨਹੀਂ ਮਾਰੀਆਂ। ਇਸ ਪੱਖ ਤੋਂ ਇਹ ਪੁਸਤਕ ਖਾਲਸ ਸੋਨਾ ਹੈ। ‘‘ਬਾਈ ਜੀ ਲੁਧਿਆਣੇ ਹੌਜ਼ਰੀ ਦਾ ਕੰਮ ਕਰਨ ਜਾਂਦੇ। ਲੋੜ ਪੈਣ ਉੱਤੇ ਜਜਮਾਨਾਂ ਦੇ ਘਰੋਂ ਵਿਆਹ ਦੀ ਚਿੱਠੀ ਤੋਰਨੀ, ਗੱਠਾਂ ਦੇਣ ਜਾਣਾ। ਵਿਆਹ ਵਾਲੇ ਘਰ ਕੜਾਹੀ ਚੜ੍ਹ ਜਾਣੀ। ਕੜਾਹੀਆਂ ਪਤੀਲੇ ਮਾਂਜਣ ਦਾ ਕੰਮ ਕਰਨਾ। ਮੇਲ਼ ਦੇ ਜੂਠੇ ਭਾਂਡੇ ਮਾਂਜਣੇ। ਅਸੀਂ ਰਾਤ ਨੂੰ ਘਰ ਬੈਠੇ ਰੋਟੀ ਉਡੀਕਦੇ। ਬੀਬੀ ਵਿਆਹ ਵਾਲੇ ਘਰੋਂ ਦੇਰ ਰਾਤ ਸਾਰੇ ਕੰਮ ਮੁਕਾ ਕੇ ਰੋਟੀ ਲੈ ਕੇ ਆਉਂਦੀ। … ਬੀਬੀ ਦੀ ਵਿਆਹ ਵਿਚ ਆਪਣੀ ਭੂਮਿਕਾ ਹੁੰਦੀ। ਗਿੱਧੇ ਦਾ ਸੱਦਾ, ਵੱਟਣੇ ਦਾ ਸੱਦਾ, ਜੰਨ ਚੜ੍ਹਦੀ ਦਾ ਸੱਦਾ, ਜੰਨ ਆਉਣ ਦਾ ਸੱਦਾ ਆਦਿ… ਕੁੜੀ ਵਿਦਾ ਹੋਣ ਵੇਲ਼ੇ ਬੀਬੀ ਨੂੰ ਉਹਦੇ ਡੋਲ਼ੇ ਨਾਲ ਜਾਣਾ ਪੈਂਦਾ।’’
ਬੁੱਤੀਆਂ ਵਗਾਰਾਂ ਵਾਲੇ ਉਸ ਜ਼ਮਾਨੇ ਵਿਚ ਭਾਈਚਾਰਕ ਭਾਵਨਾ ਬਹੁਤ ਪ੍ਰਬਲ ਸੀ। ਸੰਤਾਲੀ ਤੋਂ ਪਹਿਲਾਂ ਲੇਖਕ ਦੇ ਗੁਆਂਢੀ ਮੁਸਲਮਾਨ ਫ਼ੌਜੀ ਭਰਾ ਬਰਕਤ ਅਲੀ ਤੇ ਅਲੀ ਸ਼ੇਰ ਛੁੱਟੀ ਆਏ, ਇਨ੍ਹਾਂ ਜਵਾਕਾਂ ਨੂੰ ਮੋਢਿਆਂ ’ਤੇ ਚੁੱਕ ਕੇ ਖਿਡਾਉਂਦੇ। ‘‘ਪਿੰਡੋਂ ਬਾਹਰ ਬਾਬਾ ਗੁਲਾਬ ਸ਼ਾਹ ਦੀ ਮਜ਼ਾਰ ’ਤੇ ਲੈ ਜਾਂਦੇ ਜਿੱਥੇ ਉਹ ਹਰ ਵੀਰਵਾਰ ਨੂੰ ਚੂਰਮਾ ਵੰਡਦੇ। ਸਾਡੇ ਗਵਾਂਢ ਵਿਚ ਇਕ ਘਰ ਈਦੂ ਦਾ ਵੀ ਸੀ ਜਿਸ ਨੇ ਘਰ ਵਿਚ ਕੋਹਲੂ ਲਾਇਆ ਹੋਇਆ ਸੀ। … ਜਦੋਂ ਪਾਕਿਸਤਾਨ ਬਣਿਆ, ਬੀਹੀ ਗਵਾਂਢ ਦੇ ਸਾਰੇ ਮੁਸਲਮਾਨ ਭੁੱਬਾਂ ਮਾਰਦੇ ਗਏ ਸੀ।’’ ਜੇ ਬੀ ਟੀ ਕੋਰਸ ਕਰਨ ਦੇ ਦਿਨਾਂ ਵਿਚ ਰਾਹ ਵਿਚ ਸਾਈਕਲ ਪੈਂਚਰ ਹੋਏ ਤੋਂ ਇਕ ਬੌਣੇ ਮੁਸ਼ੱਕਤੀ ਸਿੱਖ ਵੱਲੋਂ ਲੇਖਕ ਨੂੰ ਘਰ ਲਿਜਾ ਕੇ ਰਾਤ ਕਟਵਾਉਣੀ, ਖਾਤਰ ਸੇਵਾ ਕਰਨੀ, ਸਾਈਕਲ ਪੈਂਚਰ ਲਾ ਕੇ ਘਰੋਂ ਤੋਰਨਾ। ਵਿਆਹ ਵਾਲਾ ਰਥ ਰਾਹ ਵਿਚਲੇ ਚਲ਼੍ਹੇ ਵਿਚ ਫਸ ਜਾਣ ’ਤੇ ਚੜੀ ਪਿੰਡ ਦੇ ਅਜਨਬੀ ਕਿਸਾਨ ਵੱਲੋਂ ਆਪਣੇ ਬਲਦਾਂ ਨਾਲ ਉਸ ਨੂੰ ਗਾਰੇ ਵਿਚੋਂ ਖਿੱਚਣਾ। ਇਕ ਤਪਦੀ ਦੁਪਹਿਰ ਵਿਚ ਤੁਰੇ ਜਾਂਦੇ ਤੇਲੂ ਰਾਮ ਨੂੰ ਇਕ ਵਿਅਕਤੀ ਵੱਲੋਂ ਹਾਕ ਮਾਰੀ ਜਾਣੀ। ‘‘ਓਏ ਕਾਕਾ ਗੱਲ ਸੁਣ ਕੇ ਜਾਈਂ। … ਅੱਗ ਵਰਗਾ ਪਿਆ ਤੇਰਾ ਪਿੰਡਾ। …ਲੈ ਸੱਕਰ ਦਾ ਸ਼ਰਬਤ ਪੀ। ਗਰਮੀ ਬਹੁਤ ਐ।’’ ਪੇਂਡੂ ਭਾਈਚਾਰੇ ਦੀਆਂ ਇਹੋ ਜਿਹੀਆਂ ਕਿੰਨੀਆਂ ਮਿਸਾਲਾਂ ਲੇਖਕ ਨੇ ਦਿੱਤੀਆਂ ਹਨ। ਜੇ.ਬੀ.ਟੀ. ਕਾਲਜ ਹੋਸਟਲ ਲਈ ਸਾਈਕਲ ਪਿੱਛੇ ਆਪਣਾ ਬਿਸਤਰਾ ਤੇ ਉਖਾੜ ਕੇ ਬੰਨ੍ਹਿਆਂ ਵਾਣ ਦਾ ਮੰਜਾ ਲਈ ਜਾਂਦੇ ਨੂੰ ਖੂਹ ਹੱਕਦੇ ਲੋਕ ਟਿੱਚਰਾਂ ਵੀ ਕਰਦੇ। ‘‘ਖੂਹ ਉੱਤੇ ਪਾਣੀ ਪੀ ਕੇ ਮੈਂ ਹਟਿਆ ਤਾਂ ਬਲਦ ਹਿੱਕਣ ਵਾਲੇ ਨੇ ਸਾਈਕਲ ਪਿੱਛੇ ਲੱਦੇ ਸਮਾਨ ਨੂੰ ਦੇਖ ਕੇ ਪੁੱਛਿਆ। ‘ਕਾਕਾ, ਕਿਹੜਾ ਮੇਲਾ ਲਾਉਣ ਚੱਲਿਆਂ?’ ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਫੇਰ ਬੋਲਿਆ, ‘ਚਾਰ ਜਮਾਤਾਂ ਪੜ੍ਹ ਲੈਂਦਾ, ਚੰਗਾ ਨਾ ਰਹਿੰਦਾ?’ ਮੈਂ ਸਾਈਕਲ ਉੱਤੇ ਚੜ੍ਹ ਕੇ ਆਪਣੇ ਆਪ ਨੂੰ ਕਿਹਾ, ‘‘ਚੱਲ ਬਈ ਤੇਲੂ ਰਾਮਾ। ਦੇਖਦੇ ਹਾਂ ਨਵਾਂ ਸ਼ੁਰੂ ਹੋਣ ਵਾਲਾ ਮੇਲਾ।’’
ਉਸ ਜ਼ਮਾਨੇ ਵਿਚ ਕਿਰਤ ਸਭਿਆਚਾਰ ਪ੍ਰਧਾਨ ਸੀ ਜੋ ਹੁਣ ਸਾਡੇ ਸਮਾਜ ਵਿਚੋਂ ਗਾਇਬ ਹੋ ਗਿਆ ਹੈ। ‘‘ਮੈਂ ਸਵੇਰੇ ਉੱਠ ਕੇ ਮੱਝ ਨਵਾਉਂਦਾ। ਸਕੂਲ ਤੋਂ ਘਰ ਆ ਕੇ ਪੱਠੇ ਲਿਆ ਕੇ ਟੋਕਾ ਕਰਦਾ। … ਫਿਰ ਸਕੂਲ ਨੂੰ ਮੁੜ ਜਾਂਦਾ। ਜਦੋਂ ਲੋਕ ਗੰਨੇ ਘੜਨ ਲੱਗਦੇ, ਮੈਂ ਗੰਨੇ ਵੱਢ ਕੇ ਸਕੂਲ ਨੂੰ ਜਾਂਦਾ। ਬੀਬੀ ਘਰ ਦਾ ਕੰਮ ਮੁਕਾ ਕੇ ਗੰਨੇ ਘੜਨ ਚਲੀ ਜਾਂਦੀ। ਸਕੂਲੋਂ ਆ ਕੇ ਮੈਂ ਅਗਲੇ ਦੀ ਘੁਲਾੜੀ ਉੱਤੇ ਗੰਨੇ ਸੁੱਟ ਕੇ ਬੀਬੀ ਦੇ ਲਾਹੇ ਹੋਏ ਆਗ ਸਾਈਕਲ ਉੱਤੇ ਲੱਦ ਕੇ ਘਰ ਲੈ ਆਉਂਦਾ। ਛੋਟਾ ਭਾਈ ਮੇਰੇ ਨਾਲ ਟੋਕਾ ਕਰਾਉਂਦਾ।’’ ਇਉਂ ਮਾਪਿਆਂ ਨਾਲ ਮੁੱਸ਼ਕਤ ਕਰਦੇ ਤੇਲੂ ਰਾਮ ਨੇ ਦਸਵੀਂ ਤੇ ਜੇ.ਬੀ.ਟੀ. ਕੀਤੀ। ਪ੍ਰਾਈਵੇਟ ਤੌਰ ਉੱਤੇ ਬੀ.ਏ., ਐਮ.ਏ. ਤੱਕ ਦੀ ਪੜ੍ਹਾਈ ਕੀਤੀ। ਉਹ ਸਮਾਂ ਸੀ ਜਦੋਂ ਉਸ ਦੀ ਸੁਪਤਨੀ ਨੇ ਘੁੰਡ ਕੱਢਣਾ ਛੱਡ ਕੇ ਟਿੱਬਿਆਂ, ਸਰਕੜੇ ਦੇ ਬੂਝਿਆਂ, ਝਾੜਾਂ ਝੁੰਡਾਂ ਵਾਲੇ ਡਰਾਉਣੇ ਰਾਹਾਂ ਵਿਚੋਂ ਸਾਈਕਲ ਉੱਤੇ ਸਕੂਲ ਮਾਸਟਰੀ ਵਾਲੀ ਡਿਊਟੀ ਨਿਭਾਉਣੀ ਹੁੰਦੀ। ਇਸ ਜੀਵਨ ਕਥਾ ਨੂੰ ਪੜ੍ਹਦਿਆਂ ਮੂੰਗਫਲੀ ਦੀਆਂ ਹੋਲ਼ਾਂ, ਗੰਨੇ ਦੀਆਂ ਗਨੇਰੀਆਂ, ਘੁਲਾੜੀ ਵਿਚ ਪੱਕਦੇ ਗੁੜ ਦੀ ਵਾਸ਼ਨਾ ਆਉਂਦੀ ਹੈ।
ਇਹ ਜੀਵਨ ਕਥਾ ਸਾਡੇ ਕਿਰਸਾਣੀ ਸਭਿਆਚਾਰ ਦਾ ਸ਼ੀਸ਼ਾ ਹੈ। ਵਿਆਹ ਦਾ ਦ੍ਰਿਸ਼ ਦੇਖੋ। ‘‘ਹਲਵਾਈ ਵੀ ਆ ਲੱਗੇ। ਸ਼ਰੀਕੇ ਵਿਚ ਲੱਡੂ ਵੱਟਣ ਦਾ ਸੁਨੇਹਾ ਦਿੱਤਾ ਗਿਆ। ਸਾਰੇ ਜਣੇ ਬੂੰਦੀ ਨਾਲ ਭਰੇ ਕੜਾਹੇ ਦੁਆਲੇ ਪੀੜ੍ਹੀਆਂ ਲੈ ਕੇ ਲੱਡੂ ਵੱਟਣ ਬੈਠ ਗਏ। ਜਦੋਂ ਕੜਾਹਾ ਮੁੱਕਣ ’ਤੇ ਆਇਆ ਤਾਂ ਹਲਵਾਈ ਕਹਿੰਦਾ ਇਹ ਲਾਗੀ ਲਈ ਛੱਡ ਦਿਓ। … ਆਥਣੇ ਤਿੰਨ ਵਜੇ ਬਰਾਤ ਤੋਂ ਪਹਿਲਾਂ ਭੈਣਾਂ ਨੇ ਸਿਹਰਾਬੰਦੀ ਕੀਤੀ। ਬੀਬੀ ਨੇ ਸਾਰਿਆਂ ਨੂੰ ਸ਼ਗਨ ਦਿੱਤਾ। …ਵਾਜੇ ਵਾਲੇ ਅੱਗੇ ਅੱਗੇ ਸਨ। ਮੈਂ ਤੇ ਸਰਬਾਲਾ ਉਨ੍ਹਾਂ ਦੇ ਪਿੱਛੇ। ਭੈਣਾਂ ਵਾਲ ਝੱਲ ਰਹੀਆਂ ਸਨ। ਸ਼ਹੀਦਾਂ ’ਤੇ ਮੱਥਾ ਟੇਕਣ ਪਿੱਛੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਭਾਬੀਆਂ ਨੇ ਮੇੇਰੇ ਸੁਰਮਾ ਪਾਇਆ। ਬਰਾਤ ਰਵਾਨਾ ਹੋ ਗਈ। ਧਰਮਸ਼ਾਲਾ ਵਿਚ ਬਰਾਤੀਆਂ ਲਈ ਮੰਜੇ ਡਹੇ ਪਏ ਸਨ। ਮਾਛੀਵਾੜੇ ਘਰੋਂ ਮੈਨੂੰ ਅਣਲੱਗ ਬਿਸਤਰਾ ਭੇਜਿਆ ਗਿਆ ਸੀ।’’ ਰਾਤ ਦੀ ਰੋਟੀ, ਲਾਵਾਂ ਦਾ ਦ੍ਰਿਸ਼, ਸਿਹਰਾ ਪੜ੍ਹਨਾ, ਜੁੱਤੀ ਚੁੱਕਣੀ, ਛੰਦ ਸੁਣਨੇ, ਖੱਟ ਦੀ ਰਸਮ, ਇਕੋ ਬੱਸ ਵਿਚ ਡਰਾਈਵਰ ਪਿੱਛੇ ਪਰਦਾ ਤਾਣ ਕੇ ਬਰਾਤੀਆਂ ਤੇ ਲਾੜੇ ਲਾੜੀ ਦੀ ਵਿਦਾਇਗੀ ਦਾ ਦ੍ਰਿਸ਼, ਕੰਗਣਾ ਖੇਲਣਾ, ਛਟੀਆਂ ਖੇਲਣਾ, ਦਾਜ ਦਾ ਦਿਖਾਵਾ ਦਿਖਾਉਣਾ, ਪਿੰਡ ਦੀਆਂ ਔਰਤਾਂ ਦਾ ਬਹੂ ਦੇਖਣ ਆਉਣਾ, ਸੁਹਾਗ ਰਾਤ ਦੀ ਪਹਿਲੀ ਮੁਲਾਕਾਤ। ਸਭ ਕੁਝ ਪਾਠਕ ਦੀਆਂ ਅੱਖਾਂ ਅੱਗੇ ਸਾਕਾਰ ਹੋਈ ਜਾਂਦਾ। ਵਿਆਹ ਦਾ ਚਾਅ ਦੇਖੋ। ‘‘ਅਗਲੇ ਦਿਨ ਮੈਂ ਉਸ ਨੂੰ ਸਾਈਕਲ ਉੱਤੇ ਬਿਠਾਇਆ। ਨਵੀਂ ਵਹੁਟੀ, ਨਵਾਂ ਸਾਈਕਲ, ਸਾਈਕਲ ਦੀ ਤਾਂ ਮੈਂ ਬਣਾ ਤੀ ਰੇਲ। ਜਾ ਪੁੱਜਿਆ ਮਾਛੀਵਾੜੇ।’’
ਸਾਰਾ ਪੇਂਡੂ ਸਭਿਆਚਾਰ ਇਸ ਵਿਚ ਬਾਖ਼ੂਬੀ ਪਰੋਸਿਆ ਹੈ। ‘‘ਮਨਜੀਤ ਘਰ ਵਿਚ ਸਭ ਤੋਂ ਪਿੱਛੋਂ ਸੌਂਦੀ। ਸਭ ਤੋਂ ਪਹਿਲਾਂ ਉੱਠਦੀ। ਉੱਠਦੀ ਸਾਰ ਮੇਰੇ ਲਈ ਚਾਹ ਬਣਾ ਕੇ ਪੁੱਛਦੀ, ਚਾਹ ਲੈ ਆਵਾਂ? … ਮੈਂ ਜਦੋਂ ਕਿਤੋਂ ਆਉਣਾ ਹੁੰਦਾ, ਆਉਂਦੇ ਨੂੰ ਚਾਹ ਪਿਲਾਉਂਦੀ। ਜਦੋਂ ਕਿਤੇ ਨੂੰ ਜਾਣਾ ਹੁੰਦਾ, ਚਾਹ ਪਿਲਾ ਕੇ ਤੋਰਦੀ।’’ ਪਤੀ ਪਿਆਰ ਦੀ ਖ਼ੂਬਸੂਰਤ ਮਿਸਾਲ ਹੈ।
ਇਹ ਤੇਲੂ ਰਾਮ ਕੁਹਾੜਾ ਦੀ ਜ਼ਿੰਦਗੀ ਦੇ ਮੇਲੇ ਵਿਚੋਂ ਵਿਛੜਨ ਵਾਲਿਆਂ ਨੂੰ ਸਮਰਪਿਤ ਕਿਤਾਬ ਪੜ੍ਹਨ, ਮਾਣਨ ਤੇ ਸਲਾਹੁਣਯੋਗ ਹੈ। ਪਤਨੀ ਦੇ ਤੁਰ ਜਾਣ ਮਗਰੋਂ ਵੀ ਲੇਖਕ ‘ਜ਼ਿੰਦਗੀ ਦੇ ਮੇਲੇ ਕਭੀ ਕਮ ਨਾ ਹੋਂਗੇ’ ਤਾਂ ਗੁਣਗਣਾਉਂਦਾ ਰਹਿੰਦਾ ਹੈ ਪਰ ਡੋਲਦਾ ਨਹੀਂ। ਪੋਤੀ ਹੁਣ ਵੀ ਜਦੋਂ ਸਕੂਟਰੀ ਉੱਤੇ ਝਾਂਟੀ ਲੈਣ ਦੀ ਜ਼ਿਦ ਕਰਦੀ ਤਾਂ ‘‘ਆਪਣੇ ਆਪ ਨੂੰ ਕਹਿੰਦਾ ਹਾਂ, ਤੇਲੂ ਰਾਮਾ ਉੱਠ। ਬੰਦੇ ਨੂੰ ਭੂਤਕਾਲ ਵਿਚ ਲੱਗੇ ਹੋਏ ਝੋਰੇ ਵੀ ਹੰਢਾਉਣੇ ਪੈਂਦੇ ਹਨ, ਨਾਲ ਹੀ ਭਵਿੱਖ ਦੀਆਂ ਖ਼ੁਸ਼ੀਆਂ ਲਈ ਵੀ ਜਿਊਣਾ ਪੈਂਦਾ ਹੈ।’’
ਸੰਪਰਕ: +91 82849-09596 (ਵੱਟਸਐਪ)