ਅਮਰਜੀਤ ਚੰਦਨ
ਇਸ ਕਿਤਾਬ ਦਾ ਨਾਂ ਹੈ- ‘ਵੀਹ ਵਿਸਵੇ: ਵੀਹਵੀਂ ਸਦੀ ਦੀਆਂ ਸ਼ਾਹਕਾਰ ਪੰਜਾਬੀ ਕਹਾਣੀਆਂ’। ਕੁੱਲ ਵੀਹ ਕਹਾਣੀਆਂ ਇਸ ਕਿਤਾਬ ਦਾ ਮੇਚਾ ਹੈ। ਵੀਹ ਵਿਸਵੇ ਦਾ ਮਤਲਬ ਹੁੰਦਾ ਹੈ- ਮਿਣਤੀ ਵਿਚ ਪੂਰਾ ਉਤਰਨਾ। ਪੱਕਾ, ਯਕੀਨੀ, ਐਨ ਸਹੀ। ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਦੱਸਿਆ ਹੈ- ਵੀਹ ਵਿਸਵੇ: ੧. ਯਕੀਨਨ, ਨਿਸ਼ਚੇ ਕਰਕੇ ੨. ਪੂਰੇ ਤੌਰ ਪੁਰ. ਭਾਵ: ਜਿਸ ਤਰ੍ਹਾਂ ਵਿੱਘਾ ਵੀਹ ਵਿਸਵੇ ਦਾ ਹੁੰਦਾ ਹੈ।
ਗੱਲ ਅੱਗੇ ਤੋਰਨ ਤੋਂ ਪਹਿਲਾਂ ਕਹਾਣੀ ਸ਼ਬਦ ਦਾ ਜੰਦਰਾ ਖੋਲ੍ਹਣ ਲਈ ਦੇਖਦੇ ਹਾਂ, ਇਹਨੂੰ ਕਿਹੜੀ ਕੁੰਜੀ ਲਗਦੀ ਹੈ?
ਕਹਾਣੀ ਤੋਂ ਪਹਿਲਾਂ ਕਥਾ ਸੀ; ਕਥਾ ਤੋਂ ਪਹਿਲਾਂ ਬਾਤ ਤੇ ਬਾਤ ਤੋਂ ਪਹਿਲਾਂ ਗੱਲ। ਗੱਲ ਤੋਂ ਪਹਿਲੇ ਚੁੱਪ ਬੋਲਦੀ ਸੀ।
ਕਹਾਣੀ ਸ਼ਬਦ ਦੀ ਜੜ੍ਹ ਕਹ, ਕਹਣ ਵਿਚ ਹੈ।
ਕੱਥ ਦਾ ਅਰਥ ਹੈ: ਕਥਾ। ਗਾਥਾ। ਕੱਥਕ: ਸੰਸਕ੍ਰਿਤ: ਕਹਿਣ ਵਾਲ਼ਾ, ਕਥਨ ਕਰਤਾ। ਕੱਥਕ ਨ੍ਰਿਤ ਵਿਚ ਕਹਾਣੀ ਨੱਚ ਕੇ ਪਾਈ ਜਾਂਦੀ ਹੈ। ਕਹਾਣ: ਵਖਿਆਨ (ਵ੍ਯਾਖ੍ਯਾਨ) ਕਥਨ। ਕਹਾਣੀ: ਕਥਾਨਕ, ਕਥਾ, ਕਿੱਸਾ। (‘ਅਕਥ ਕੀ ਕਰਹਿ ਕਹਾਣੀ’। ਬਾਬਾ ਜੀ ਪ੍ਰਭੂ ਦੀਆਂ ਅਕੱਥ ਕਹਾਣੀਆਂ ਕਰਨ ਦੀ ਗੱਲ ਕਰਦੇ ਹਨ।)
ਕਹਾਣੀ ਨੂੰ ਫ਼ਾਰਸੀ ਵਿਚ ਅਫ਼ਸਾਨਾ ਕਹਿੰਦੇ ਹਨ। ਯਾਨੀ ਲੰਮਾ ਬ੍ਰਿਤਾਂਤ, ਮਨਘੜਤ ਕਹਾਣੀ ਜਾਂ ਹਾਲ। ਅਫ਼ਸਹ ਅਰਬੀ ਵਿਚ ਫ਼ਸੀਹ ਉਹ ਜਣਾ ਹੁੰਦਾ ਹੈ, ਜੋ ਬੜੀ ਵਿਦਵਤਾ ਨਾਲ਼ ਗੱਲ ਕਰਦਾ ਹੋਏ ਤੇ ਬਹੁਤ ਅੱਛੇ ਸ਼ਬਦ ਬੋਲਦਾ ਹੋਵੇ। ਅਫ਼ਸਾ ਫ਼ਾਰਸੀ ਵਿਚ ਜਾਦੂਗਰ ਹੁੰਦਾ ਹੈ। ਸੋ ਅਫ਼ਸਾਨਾ ਜਾਦੂਗਰੀ ਹੋਇਆ ਕਿ।
ਯੂਨਾਨੀ, ਲਾਤੀਨੀ ਤੇ ਫ਼ਰਾਂਸੀਸੀ ਵਿਚ ਸਟੋਰੀ ਸ਼ਬਦ ਦੀ ਇੱਕੋ ਜੜ੍ਹ ‘ਹਿਸਟਰੀ’ ਯਾਨੀ ਇਤਿਹਾਸ ਵਿਚ ਹੈ। ਯੂਨਾਨੀ ਵਿਚ ਹਿਸਟੋਰੀਆ ਦਾ ਮਤਲਬ ਹੈ- ਖੋਜ ਕਰਦਿਆਂ ਸਿੱਖਣਾ।
* * *
ਕਥਾ ਕਹਾਣੀ ਦੇ ਇਹ ਦਸ ਸਰਵਵਿਆਪੀ ਥੀਮ ਮੰਨੇ ਜਾਂਦੇ ਹਨ:
ਪਿਆਰ, ਮੌਤ, ਨੇਕੀ-ਬਦੀ-ਪਾਪ-ਪੁੰਨ-ਸੁਰਖ਼ਰੂਈ-ਨਿਜਾਤ, ਬਾਲਿਗ਼ ਹੋਣਾ (ਕਮਿੰਗ ਆੱਵ ਏਜ), ਸੱਤਾ ਤੇ ਭ੍ਰਸ਼ਟਾਚਾਰ, ਜਾਨ ਬਚੀ ਸੋ ਲਾਖੋਂ ਪਾਏ (ਸਰਵਾਈਵਲ), ਬਹਾਦਰੀ ਜਵਾਂਮਰਦੀ, ਤੁਅੱਸਬ, ਬੰਦੇ ਤੇ ਸਮਾਜ ਦੀ ਟੱਕਰ (ਇਸ ਵਿਚ ਬਦਲਾ ਵੀ ਸ਼ਾਮਿਲ ਹੈ), ਜੰਗ।
ਕਹਾਣੀ ਨਾਵਲ ਤੋਂ ਪਹਿਲਾਂ ਬਾਤ ਸੀ, ਜਾਂ ਕਥਾ ਤੇ ਲੀਲਾ। ਬਾਤ ਤੋਂ ਪਹਿਲਾਂ ਗੱਲ ਸੀ; ਗੱਲ ਤੋਂ ਪਹਿਲਾਂ ਸੋਚ ਸੀ। ਤੇ ਫੇਰ ਬੰਦੇ ਨੂੰ ਵਿਚਾਰ ਆਇਆ। ਉਠ ਕੇ ਹਮਖ਼ਿਆਲ ਹਮਦਰਦੀ ਲੱਭਣ ਟੁਰ ਪਿਆ- ਅਪਣੇ ਤਜਰਬੇ ਨੂੰ ਸਮਝਣ-ਸਮਝਾਉਣ ਲਈ ਕਹਾਣੀਆਂ ਪਾਉਣ ਲੱਗਾ। ਮੈਂ ਇਕੱਲਾ ਨਹੀਂ। ਮੇਰੇ ਵਰਗੀ ਹੋਰ ਵੀ ਦੁਨੀਆ ਹੈ। ਜਗਿਆਸਾ ਜਾਗੀ: ਫੇਰ ਕੀ ਹੋਇਆ? ਹੈਂ, ਇਸ ਤਰ੍ਹਾਂ ਵੀ ਹੁੰਦੈ? ਇਸ ਤਰ੍ਹਾਂ ਕਿਸੇ ਨਾਲ਼ ਵੀ ਨਾ ਹੋਏ।
* * *
ਕਥਾਕਾਰ ਚਿੰਤਕ ਜ੍ਹੌਨ ਬਰਜਰ ਅਪਣੇ ਆਪ ਨੂੰ ਦਾਸਤਾਨਗੋ (ਸਟੋਰੀਟੈਲਰ) ਅਖਵਾ ਕੇ ਖ਼ੁਸ਼ ਸੀ।
ਇਹਨੇ ਲਿਖਿਆ:
ਕਥਾਵਾਚਕ ਦਾਸਤਾਨਗੋ ਮੌਤ ਦੇ ਮੁਣਸ਼ੀ ਹੁੰਦੇ ਹਨ। ਉਹ ਇਸ ਤਰ੍ਹਾਂ ਕਿ ਸਾਰੀਆਂ ਕਹਾਣੀਆਂ, ਸੁਣਾਏ ਜਾਣ ਤੋਂ ਪਹਿਲਾਂ, ਓਥੋਂ ਸ਼ੁਰੂ ਹੁੰਦੀਆਂ ਹਨ, ਜਿੱਥੇ ਮੁੱਕੀਆਂ ਹੁੰਦੀਆਂ ਹਨ। ਵਾਲਟਰ ਬੈਂਜਾਮਿਨ ਨੇ ਕਿਹਾ ਸੀ: ਦਾਸਤਾਨਗੋ ਜੋ ਵੀ ਗੱਲ ਦਸਦਾ ਹੈ, ਉਹਦੇ ’ਤੇ ਮੋਹਰ ਮੌਤ ਨੇ ਲਾਈ ਹੁੰਦੀ ਹੈ। ਇਹ ਮਨਜ਼ੂਰੀ ਉਹਨੂੰ ਮੌਤ ਨੇ ਦਿੱਤੀ ਹੁੰਦੀ ਹੈ। – ਮੌਤ ਕਥਾਕਾਰ ਨੂੰ ਕਾਲ਼ੇ ਵਰਕਿਆਂ ਦੀ ਫ਼ਾਈਲ ਸੌਂਪਦੀ ਹੈ। ਕਥਾਕਾਰ ਨੂੰ ਕਾਲ਼ੇ ਵਰਕੇ ਦੀ ਕਾਲ਼ੀ ਇਬਾਰਤ ਪੜ੍ਹਨ ਦੀ ਜਾਚ ਹੁੰਦੀ ਹੈ ਤੇ ਉਹ ਜੀਉਂਦਿਆਂ ਵਾਸਤੇ ਕਹਾਣੀਆਂ ਈਜਾਦ ਕਰਦਾ ਹੈ।
ਕਹਾਣੀ ਤਾਂ ਸਾਰੀ ਇਹੀ ਹੈ ਕਿ ਜੋ ਹੋਇਆ, ਉਸ ਦੇਖੇ ਕੀ ਕਥਾ ਬਖਾਨੋ। ਦਮੋਦਰ ਅੱਖੀਂ ਡਿੱਠਾ ਆਖਦਾ ਹੈ। ਮਨਘੜਤ ਵੀ ਹੋਇਆ ਹੀ ਹੋ ਜਾਂਦਾ ਹੈ। ਕਥਾਕਾਰ ਸਭ ਕੁਝ ਨਹੀਂ ਦਸਦਾ; ਕਈ ਗੱਲਾਂ ਲੁਕੋ ਲੈਂਦਾ ਹੈ- ਜਿਵੇਂ ਸੰਨ ਸੰਤਾਲ਼ੀ ਦੇ ਸਾਹਿਤ ਦੀ ਗੁਰਦੇਵ ਰੁਪਾਣੇ ਦੀ ਦੱਸੀ ਸਰਬ ਸ੍ਰੇਸ਼ਟ ਕਹਾਣੀ ‘ਸ਼ੀਸ਼ਾ’ ਹੈ। ਸੰਨ ਸੰਤਾਲ਼ੀ ਬਾਰੇ ਅਨੇਕ ਕਹਾਣੀਆਂ ਤੇ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਹਨ। ਪਰ ਸ਼ੀਸ਼ਾ ਇਸ ਕਰਕੇ ਵਿਲੱਖਣ ਹੈ ਕਿ ਇਸ ਵਿਚ ਕਹਾਣੀ-ਵਿਚ-ਕਹਾਣੀ ਪਾਈ ਗਈ ਹੈ। ਕਿ ਕਿਵੇਂ ਕਹਾਣੀਕਾਰ ਨੇ ਕੁਝ ਗੱਲਾਂ ਕਿਉਂ ਨਹੀਂ ਸਨ ਲਿਖੀਆਂ; ਜਿਹਦੀ ਵਜ੍ਹਾ ਦੱਸਣ ਦੀ ਕਹਾਣੀਕਾਰ ਵਿਚ ਹਿੰਮਤ ਨਹੀਂ। ਪਰ ਪਾਠਕ ਜਾਂ ਸਰੋਤੇ ਨੂੰ ਪਤਾ ਹੁੰਦਾ ਹੈ ਕਿ ਕਥਾਕਾਰ ਨੇ ਜਾਣਬੁਝ ਕੇ ਇੰਜ ਕਿਉਂ ਕੀਤਾ ਹੈ। ਇਸ ਵਿਚ ਕਹਾਣੀਕਾਰੀ ਦਾ ਫ਼ਲਸਫ਼ਾ ਵੀ ਹੈ ਤੇ ਸਦਾਚਾਰ ਵੀ।
* * *
ਇਸ ਕਿਤਾਬ ਵਿਚ ਪੰਜਾਬੀ ਵਿਚ ਲਿਖੀਆਂ ਕਹਾਣੀਆਂ ਹਨ; ਪੰਜਾਬੀ ਕਹਾਣੀਆਂ ਨਹੀਂ। ਮੈਂ ਕਿਸੇ ਵੀ ਬੋਲੀ ਵਿਚ ਪੰਜਾਬੀ ਲੇਖਕ ਦੀ ਰਚਨਾ ਨੂੰ ਪੰਜਾਬੀ ਸਾਹਿਤ ਮੰਨਦਾ ਹਾਂ। ਜੇ ਪੰਜਾਬੀ ਕਹਾਣੀ ਵਿਚ ਪੰਜਾਬੀ ਲੇਖਕਾਂ ਦੀਆਂ ਉਰਦੂ, ਹਿੰਦੀ ਤੇ ਅੰਗ੍ਰੇਜ਼ੀ ਵਿਚ ਲਿਖੀਆਂ ਕਹਾਣੀਆਂ ਪਾਈਆਂ ਜਾਣ, ਤਾਂ ਵੀਹ ਸ਼ਾਹਕਾਰ ਕਹਾਣੀਆਂ ਦੀ ਚੋਣ ਕਰਨੀ ਹੋਰ ਵੀ ਔਖੀ ਹੋ ਜਾਵੇਗੀ; ਮੁਕਾਬਲਾ ਸਖ਼ਤ ਹੋ ਜਾਏਗਾ: ਮੁਲਕ ਰਾਜ ਆਨੰਦ, ਵੇਦ ਮਹਿਤਾ, ਖ਼ੁਸ਼ਵੰਤ ਸਿੰਘ, ਮੰਟੋ, ਕ੍ਰਿਸ਼ਣ ਚੰਦਰ, ਬਲਵੰਤ ਸਿੰਘ, ਉਪੇਂਦ੍ਰਨਾਥ ਅਸ਼ਕ, ਯਸ਼ਪਾਲ, ਅਗੇਯ, ਕ੍ਰਿਸ਼ਣਾ ਸੋਬਤੀ, ਮੋਹਨ ਰਾਕੇਸ਼।
ਅਗਲਾ ਸਵਾਲ ਕੋਈ ਇਹ ਕਰ ਸਕਦਾ ਹੈ ਕਿ ਇਹ ਵੀਹ ਦੀ ਗਿਣਤੀ ਦਾ ਤੇ ਮਿਆਰ ਦਾ ਪੈਮਾਨਾ ਬਣਾਇਆ ਕਿਹਨੇ ਹੈ? ਜਿੰਨਾ ਉੱਚਾ ਮਿਆਰ ਹੋਵੇ, ਗਿਣਤੀ ਓਨੀ ਘਟਦੀ-ਘਟਦੀ ਇਕ ਤਕ ਪਹੁੰਚ ਜਾਂਦੀ ਹੈ। ਫੇਰ ਆਖ਼ਿਰੀ ਸਵਾਲ ਇਹ ਬਚਦਾ ਹੈ: ਵੀਹਵੀਂ ਸਦੀ ਦੀ ਸਭ ਤੋਂ ਵਧੀਆ ਕੋਈ ਇਕ ਕਹਾਣੀ ਕਿਹੜੀ ਹੈ?
* * *
ਪੰਜਾਬੀ ਵਿਚ ‘ਨਿੱਕੀ ਕਹਾਣੀ’ ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿਚ ਅੰਗ੍ਰੇਜ਼ੀ ਤੇ ਹੋਰਨਾਂ ਬੋਲੀਆਂ ਤੋਂ ਅੰਗ੍ਰੇਜ਼ੀ ਵਿਚ ਹੋਏ ਤਰਜਮਿਆਂ ਦੇ ਅਸਰ ਹੇਠ ਲਿਖੀ ਜਾਣ ਲੱਗੀ ਸੀ। ਵਿਦੇਸੀ ਲੇਖਕਾਂ ਵਿਚ ਰੂਸੀ ਲੇਖਕ ਚੈਖੋਫ਼ ਦਾ ਪੰਜਾਬੀ ਕਹਾਣੀ ’ਤੇ ਪਹਿਲੇ ਅਸਰ ਬਾਰੇ ਰੂਸ ਦੇ ਪੰਜਾਬੀ ਵਿਦਵਾਨ ਈਗਰ ਸੇਰੇਬ੍ਰਿਆਕੋਫ਼ ਨੇ ਅਪਣੀ ਕਿਤਾਬ ਪੰਜਾਬੀ ਲਿਟਰੇਚਰ (1968) ਵਿਚ ਲਿਖਿਆ ਸੀ ਕਿ ਚਰਨ ਸਿੰਘ ਸ਼ਹੀਦ (1891-1936) ਦੀ ਕਹਾਣੀ ‘ਥਾਣੇਦਾਰ’ ਚੈਖੋਫ਼ ਦੀ ਕਹਾਣੀ ‘ਗਿਰਗਿਟ’ ਨਾਲ਼ ਏਨੀ ਮਿਲ਼ਦੀ ਹੈ ਕਿ ਇਹ ਉਹਦਾ ਅਨੁਵਾਦ ਹੀ ਲਗਦੀ ਹੈ। ਇਹ ਰੂਸੀ ਵਿਦਵਾਨ ਸ਼ਹੀਦ ਦੀ 1907 ਵਿਚ ਖ਼ਾਲਸਾ ਅਖ਼ਬਾਰ ਵਿਚ ਛਪੀ ਕਹਾਣੀ ‘ਸ਼ਾਮ ਸੁੰਦਰ’ ਦਾ ਵੀ ਜ਼ਿਕਰ ਕਰਦਾ ਹੈ। ਇਹ ਖੋਜਣ ਦੀ ਲੋੜ ਹੈ ਕਿ ਕੀ ਇਸ ਕਹਾਣੀ ਨੂੰ ਪੰਜਾਬੀ ਦੀ ਪਹਿਲੀ ਛਪੀ ਕਹਾਣੀ ਮੰਨਿਆ ਜਾ ਸਕਦਾ ਹੈ? ਸ਼ਹੀਦ ਦੀਆਂ ਅਪਣੇ 1926 ਵਿਚ ਸ਼ੁਰੂ ਹੋਏ ਅਖ਼ਬਾਰ ਮੌਜੀ ਵਿਚ ਬਾਬੇ ਵਰਿਆਮੇ ਦੇ ਨਾਂ ਹੇਠ ਬੜੀਆਂ ਕਹਾਣੀਆਂ ਛਪਦੀਆਂ ਰਹੀਆਂ, ਜਿਨ੍ਹਾਂ ਦੀ ਮਗਰੋਂ ਸ਼ਹੀਦ ਟਕੋਰਾਂ (1932) ਕਿਤਾਬ ਬਣੀ ਸੀ।
ਸੇਰੇਬ੍ਰਿਆਕੋਫ਼ ਨੇ ਪੰਜਾਬੀ ਲਿਟਰੇਚਰ ਕਿਤਾਬ ਵਿਚ ਪੰਜ ਸਫ਼ੇ ਚਰਨ ਸਿੰਘ ਸ਼ਹੀਦ ਦੇ ਲੇਖੇ ਲਾਏ ਹੋਏ ਹਨ। ਸਾਹਿਤ ਦੇ ਇਤਿਹਾਸ ਦੀਆਂ ਹੋਰ ਕਿਤਾਬਾਂ ਵਿਚ ਵੀ ਸ਼ਹੀਦ ਨੂੰ ਮੁੱਢਲੀ ਵੀਹਵੀਂ ਸਦੀ ਦਾ ਵੱਡਾ ਪੰਜਾਬੀ ਲਿਖਾਰੀ ਦੱਸਿਆ ਹੁੰਦਾ ਹੈ। ਪਰ ਇਹਦੀ ਲਿਖਤ ਵੱਡੇ ਲਿਖਾਰੀ ਵਾਲ਼ੀ ਵਿਰਾਸਤ ਨਹੀਂ ਬਣੀ।
ਨਿੱਕੀ ਕਹਾਣੀ ਦੇ ਇਸ ਮੁੱਢਲੇ ਦੌਰ ਬਾਰੇ ਮੋਹਨ ਸਿੰਘ ਉਬਰਾਏ ਦੀਵਾਨੇ ਨੇ ਇੰਜ ਲਿਖਿਆ ਸੀ:
ਜਦ ਪੰਜਾਬੀ ਮਾਸਿਕ ਪਰਚੇ ਛਪਣ ਲੱਗੇ, ਤਾਂ ਛੋਟੀ ਕਹਾਣੀ ਦੀ ਲੋੜ ਪੈ ਗਈ। ਮੋਹਣ ਸਿੰਘ ਵੈਦ ਨੇ ਇਸ ਲੋੜ ਨੂੰ ਸਭ ਤੋਂ ਪਹਿਲਾਂ ਸਮਝਿਆ ਤੇ ਤਰਨ ਤਾਰਨੋਂ ਮਾਸਿਕ ਦੁਖ ਨਿਵਾਰਨ ਵਿਚ ਸਿੱਧੀਆਂ-ਸਾਦੀਆਂ ਸਮਾਜੀ ਤੇ ਧਾਰਮਿਕ ਕਿਸਮ ਦੀਆਂ ਕਹਾਣੀਆਂ ਛਾਪ ਕੇ ਪਾਠਕਾਂ ਦੀ ਲੋੜ ਪੂਰੀ ਕੀਤੀ। … ਇਸ ਤੋਂ ਬਾਅਦ ਦੋ ਪਰਚੇ ਫੁਲਵਾੜੀ ਤੇ ਪ੍ਰੀਤਮ ਛਪਣ ਲੱਗੇ। ਫੇਰ ਕਿਰਤੀ, ਪ੍ਰਭਾਤ, ਬਾਲਕ, ਹੰਸ, ਰਣਜੀਤ ਨਗਾਰਾ, ਸਾਰੰਗ, ਪੰਜਾਬੀ ਦਰਬਾਰ, ਤੇ ਮੌਜੀ ਨਿਕਲੇ। ਇਨ੍ਹਾਂ ਪਰਚਿਆਂ ਵਿਚ ਛਪਣ ਨਾਲ ਇਹ ਕਹਾਣੀ ਲੇਖਕ ਮਸ਼ਹੂਰ ਹੋਏ: ਬਲਵੰਤ ਸਿੰਘ ਚਤਰਥ, ਕੇਸਰ ਸਿੰਘ ਕੰਵਲ, ਸੋਹਣ ਸਿੰਘ ਜੋਸ਼, ਅਭੈ ਸਿੰਘ (ਇਹਨੇ ਤੋਲਸਤੋਇ ਤੇ ਪ੍ਰੇਮ ਚੰਦ ਦੀਆਂ ਕਹਾਣੀਆਂ ਦਾ ਪੰਜਾਬੀ ਤਰਜਮਾ ਕੀਤਾ), ਹਰਕਿਸ਼ਨ ਲਾਲ ਪ੍ਰਾਸ਼ਰ, ਅਜ਼ਹਰ ਹੈਦਰ, ਜੋਸ਼ੂਆ ਫ਼ਜ਼ਲਦੀਨ,ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਨਰਿੰਦਰ ਸਿੰੰਘ ਸੋਚ। – (ਅੰਗ੍ਰੇਜ਼ੀ ਤੋਂ ਅਨੁਵਾਦ)
ਯਥਾਰਥਵਾਦੀ ਸੁਰ
ਇਹ ਮਹਿਜ਼ ਇੱਤਫ਼ਾਕ ਨਹੀਂ ਕਿ ਇਸ ਕਿਤਾਬ ਵਿਚ ਸ਼ਾਮਿਲ ਕਹਾਣੀਆਂ ਸੰਨ ਸੰਤਾਲ਼ੀ ਤੋਂ ਬਾਅਦ ਦੇ ਦਹਾਕਿਆਂ ਵਿਚ ਲਿਖੀਆਂ ਗਈਆਂ ਸਨ। ਅੱਜ ਵੀ ਪੰਜਾਬੀ ਕਹਾਣੀ ਦੀ ਮੁੱਖ ਸੁਰ ਯਥਾਰਥਵਾਦੀ ਹੈ। ਜ੍ਹੌਨ ਬਰਜਰ ਦਸਦਾ ਹੈ ਕਿ ਯਥਾਰਥਵਾਦ ਦੋ ਤਰ੍ਹਾਂ ਦਾ ਹੈ: ਵਯਵਸਾਇਕ (ਪ੍ਰੋਫ਼ੈਸ਼ਨਲ) ਤੇ ਪਰੰਪਰਾਗਤ (ਟਰੈਡੀਸ਼ਨਲ)। ਵਯਵਸਾਇਕ ਯਥਾਰਥਵਾਦ ਹਮੇਸ਼ਾ ਸਚੇਤ ਤੌਰ ’ਤੇ ਰਾਜਨੀਤਕ ਹੁੰਦਾ ਹੈ। ਇਹਦਾ ਮਨੋਰਥ ਸੱਤਾਧਾਰੀ ਵਿਚਾਰਧਾਰਾ ਨੂੰ ਵੰਗਾਰਨਾ ਭੰਨਣਾ ਹੁੰਦਾ ਹੈ। ਪਰੰਪਰਾਗਤ ਯਥਾਰਥਵਾਦ ਹਮੇਸ਼ਾ ਮਕਬੂਲ (ਪਾਪੂਲਰ) ਹੁੰਦਾ ਹੈ। ਇਹ ਇਕ ਲਿਹਾਜ਼ ਨਾਲ਼ ਰਾਜਨੀਤਕ ਨਾਲ਼ੋਂ ਵਧੇਰੇ ਵਿਗਿਆਨਕ ਹੁੰਦਾ ਹੈ। ਪ੍ਰਯੋਗ ਸਿੱਧ (ਇੰਪੀਰੀਕਲ) ਗਿਆਨ ਤੇ ਤਜਰਬੇ ਦੇ ਆਧਾਰ ’ਤੇ ਇਹ ਅਗਿਆਤ (ਅਨਨੋਨ) ਦੀ ਬੁਝਾਰਤ ਪਾਉਂਦਾ ਹੈ। ਇਹਨੂੰ ਜਵਾਬ ਦੱਸਣ ਦੀ ਲੋੜ ਨਹੀਂ ਹੁੰਦੀ; ਜਦਕਿ ਵਿਗਿਆਨ ਨੂੰ ਹੁੰਦੀ ਹੈ। ਪਰ ਇਹਦਾ ਤਜਰਬਾ ਏਨਾ ਵੱਡਾ ਹੁੰਦਾ ਹੈ ਕਿ ਇਹਦਾ ਪਾਇਆ ਸਵਾਲ ਵੈਸੇ ਅਣਡਿੱਠ ਨਹੀਂ ਕੀਤਾ ਜਾ ਸਕਦਾ।
* * *
ਸੇਖੋਂ, ਧੀਰ, ਵਿਰਕ ਦੀ ਪਾਈ ਯਥਾਰਥੀ ਰੀਤ ਅੱਜ ਵੀ ਕਾਇਮ ਹੈ। ਇਸ ਕਿਤਾਬ ਵਿਚ ਇਕ-ਦੋ ਨੂੰ ਛੱਡ ਕੇ ਸਾਰੀਆਂ ਕਹਾਣੀਆਂ ਯਥਾਰਥਵਾਦ ਦੀ ਵੰਨਗੀ ਦੀਆਂ ਹਨ। ਸਦੀ ਦੇ ਅੰਤਲੇ ਦਹਾਕਿਆਂ ਵਿਚ ਸੰਕੇਤ, ਨਾਗਮਣੀ ਆਦਿ ਪਰਚਿਆਂ ਵਿਚ ਛਪਦੀਆਂ ਰਹੀਆਂ ਰਾਜਨੀਤਕ ਯਥਾਰਥਵਾਦ ਦੇ ਮੁਕਾਬਿਲ ਹਿੰਦੀ ਅਕਹਾਣੀ ਦੀ ਰੀਸੇ ਅਖੌਤੀ ਪ੍ਰਯੋਗਸ਼ੀਲ, ਆਧੁਨਿਕ ਤੇ ਫ਼ਰਾਇਡੀ ਕਿਸਮ ਦੀਆਂ ਕਹਾਣੀਆਂ ਯਥਾਰਥਵਾਦੀ ਧਾਰਾ ਅੱਗੇ ਖੜ੍ਹ ਨਹੀਂ ਸਕੀਆਂ।
ਇਹ ਸਵਾਲ ਪੁਰਾਣਾ ਹੈ ਕਿ ਕੀ ਕਹਾਣੀਕਾਰ ਦੀ ਲਿਖੀ ਅਪਣੀ ਹੱਡਬੀਤੀ ਗੰਭੀਰ ਸਾਹਿਤ ਵਿਚ ਸ਼ੁਮਾਰ ਹੁੰਦੀ ਹੈ ਜਾਂ ਨਹੀਂ। ਹੱਡਬੀਤੀ ਨੂੰ ਆਤਮ ਕਥਾ ਵਿਚ, ਜਾਂ ਯਾਦਾਂ ਦੇ ਤੌਰ ’ਤੇ ਪੇਸ਼ ਕਰਨ ਨਾਲ਼ ਰਚਨਾ ਦੀ ਸਾਹਿਤਕ ਕਦਰ ਨਹੀਂ ਬਚਦੀ। ਸੇਖੋਂ ਦੀ ਕਹਾਣੀ ‘ਪੇਮੀ ਦੇ ਨਿਆਣੇ’, ਵਿਰਕ ਦੀ ‘ਖੱਬਲ਼’, ਧੀਰ ਦੀ ‘ਕੋਈ ਇਕ ਸਵਾਰ’, ਰੁਪਾਣੇ ਦੀ ‘ਸ਼ੀਸ਼ਾ’, ਵਰਿਆਮ ਸੰਧੂ ਦੀ ‘ਅੰਗ-ਸੰਗ’, ਜ਼ੁਬੈਰ ਅਹਿਮਦ ਦੀ ‘ਸਵੈਟਰ’-ਇਹ ਸਭ ਹੱਡਬੀਤੀਆਂ ਸੱਚੀਆਂ ਕਹਾਣੀਆਂ ਹਨ; ਇਨ੍ਹਾਂ ਦੇ ਪਾਤਰ ਤੇ ਥਾਂ ਵੀ ਅਸਲੀ ਹਨ।
ਸੰਨ ਸੰਤਾਲ਼ੀ ਦੇ ਅੱਖੀਂ-ਡਿੱਠੇ ਹੱਡੀਂ-ਹੰਢਾਏ ਸੈਂਕੜੇ ਬਿਆਨ ਯੂ-ਟੀਊਬ ਤੇ ਅਜਾਇਬਘਰਾਂ ਆਰਕਾਈਵਾਂ ਵਿਚ ਦਰਜ ਹੋਏ ਮਿਲ਼ਦੇ ਹਨ। ਜੇ ਵਿਰਕ ਜਾਂ ਰੁਪਾਣਾ ਇਸ ਤਰ੍ਹਾਂ ਦੀ ਵਾਰਤਾ ਰੀਕਾਰਡ ਕਰਵਾ ਦਿੰਦੇ ਤੇ ਇਹਦੀ ਕਹਾਣੀ ਨਾ ਬਣਾਉਂਦੇ, ਤਾਂ ਇਹ ਸ਼ਾਹਕਾਰ ਕਹਾਣੀਆਂ ਕਦੇ ਨਹੀਂ ਸਨ ਬਣਨੀਆਂ। ਅਨਵਰ ਅਲੀ ਦੀ ‘ਗੁੜ ਦੀ ਭੇਲੀ’ ਲੇਖਕ ਦੀ ਹੱਡਬੀਤੀ ਨਹੀਂ, ਜੱਗਬੀਤੀ ਹੈ।
ਵੀਹਵੀਂ ਸਦੀ ਦੀ ਪੰਜਾਬੀ ਸ਼ਾਹਕਾਰ ਕਹਾਣੀ ਦੀ ਜਦ ਵੀ ਗੱਲ ਤੁਰਦੀ ਹੈ, ਤਾਂ ਸੇਖੋਂ ਦੀ ‘ਪੇਮੀ ਦੇ ਨਿਆਣੇ’ ਤੇ ਧੀਰ ਦੀ ਕਹਾਣੀ ‘ਕੋਈ ਇਕ ਸਵਾਰ’
ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਇਹ ਕਹਾਣੀਆਂ ਵਿਸ਼ਵ ਸਾਹਿਤ ਦਾ ਵਰ ਮੇਚਦੀਆਂ ਹਨ। ਜੇ ਇਨ੍ਹਾਂ ਹੱਡਬੀਤੀਆਂ ਦਾ ਜ਼ਿਕਰ ਸੇਖੋਂ ਨੇ ਅਪਣੀ ਆਤਮ ਕਥਾ ਉਮਰ ਦਾ ਪੰਧ ਵਿਚ ਅਤੇ ਧੀਰ ਨੇ ਅਪਣੀ ਆਤਮਕਥਾ ਬ੍ਰਹਸਪਤੀ ਵਿਚ ਕੀਤਾ ਹੁੰਦਾ, ਤਾਂ ਕਿਸੇ ਨਹੀਂ ਸੀ ਗੌਲਣਾ।
* * *
ਪੰਜਾਬ ਦੀ ਤਾਰੀਖ਼ ਵਿਚ ਸੰਨ ਚੁਰਾਸੀ ਸੰਨ
ਸੰਤਾਲ਼ੀ ਵਰਗਾ ਹੀ ਹਾਦਸਾ ਸੀ। ਦੋ ਪੰਜਾਬੀ ਕਹਾਣੀਆਂ ਇਸ ਦੌਰ ਦੀਆਂ ਮਿਸਾਲੀ ਕਹਾਣੀਆਂ ਹਨ- ‘ਜੀਉਂਦਿਆਂ ਦੇ ਮੇਲੇ’ (ਗੁਰਦਿਆਲ ਸਿੰਘ) ਤੇ ‘ਕਾਨ੍ਹੀ’ (ਪ੍ਰੇਮ ਪ੍ਰਕਾਸ਼)। ‘ਮੇਲੇ’ ਕਹਾਣੀ ਉੱਨੀ ਸੌ ਸੱਠਾਂ ਦੀ ਲਿਖੀ ਹੋਈ ਹੈ, ਤੇ ‘ਕਾਨ੍ਹੀ’ ਵੀਹ ਸਾਲ ਮਗਰੋਂ ਦੀ ਲਿਖੀ ਹੋਈ। ਪੰਦਰਾਂ-ਵੀਹ ਸਾਲ ਪਹਿਲਾਂ ਲਿਖੀ ਕਹਾਣੀ ਆਉਣ ਵਾਲ਼ੇ ਵਰਤਾਰੇ ਦੀ ਕਿੰਨੀ ਸੱਚੀ ਭਵਿਖਬਾਣੀ ਹੈ। ਉੱਨੀ ਸੌ ਅੱਸੀਆਂ ਦੇ ਅੱਧ ਵਿਚ ਲਿਖੀ ਕਹਾਣੀ ‘ਕਾਨ੍ਹੀ’ ਪੰਜਾਬ ਨੂੰ ਪੈਂਦੇ ਰਹਿੰਦੇ ਝੱਲ ਦੀ ਤਸਵੀਰ ਹੈ- ‘ਉਹ ਤਾਂ ਅਸ਼੍ਵਥਾਮਾ ਹੈ, ਮਹਾਭਾਰਤ ਦੇ ਵੇਲੇ ਦਾ ਫਿਰਦਾ।’ ਪੰਜਾਬੀਆਂ ਦੇ ਮਰਨ-ਮਾਰਨ ਦੇ ਸੁਭਾਅ ਦੀ ਗੱਲ ਤਾਂ ਸਿੱਖ ਇਤਿਹਾਸ ਤੋਂ ਕਿਤੇ ਪਹਿਲਾਂ ਮਹਾਭਾਰਤੀ ਅਸ਼੍ਵਥਾਮਾ ਤਕ ਜਾਂਦੀ ਹੈ। ਇਹ ਗੱਲ ਪ੍ਰੇਮ ਪ੍ਰਕਾਸ਼ ਤੋਂ ਪਹਿਲਾਂ ਕਿਸੇ ਨਹੀਂ ਸੀ ਫੜੀ।
* * *
ਪੰਜਾਬ ਵਿਚ ਵੀਹਵੀਂ ਸਦੀ ਵਿਚ ਬਹੁਤ ਸਾਰੀਆਂ ਕਿਸਾਨ ਲਹਿਰਾਂ ਚੱਲੀਆਂ ਤੇ ਸਨਅਤੀ ਮਜ਼ਦੂਰ ਲਹਿਰ ਅਮ੍ਰਿਤਸਰ ਤੇ ਲਹੌਰ ਤੋਂ ਬਾਹਰ ਨਹੀਂ ਵਧੀ। ਸੰਨ 1936 ਵਿਚ ਕਾਇਮ ਹੋਏ ਪ੍ਰਗਤੀਸ਼ੀਲ ਲੇਖਕ ਸੰਘ ਵਿਚ ਤਕਰੀਬਨ ਸਾਰੇ ਲੇਖਕ ਇਹਦੇ ਅਸਰ ਹੇਠ ਉੱਚੀ ਰਾਜਨੀਤਕ ਸੁਰ ਵਾਲ਼ੀ ਰਚਨਾ ਕਰਦੇ ਰਹੇ। ਕਿਸਾਨ ਤੇ ਮਜ਼ਦੂਰ ਲਹਿਰ ਬਾਰੇ ਕੋਈ ਗਿਣਨਜੋਗ ਪੰਜਾਬੀ ਕਹਾਣੀ ਜਾਂ ਨਾਵਲ ਨਹੀਂ। ਤਾਂ ਵੀ ਅਜੀਤ ਕੌਰ ਦੀ ਮਜ਼ਦੂਰ ਹੜਤਾਲ ਦੇ ਪਿਛੋਕੜ ਵਾਲ਼ੀ ਕਹਾਣੀ ‘ਸਾਨੂੰ ਕੋਈ ਤਕਲੀਫ਼ ਨਹੀਂ’ ਲਾਸਾਨੀ ਹੈ।
ਪੰਜਾਬੀ ਵਿਚ ਜ਼ਰ-ਜ਼ੋਰੂ-ਜ਼ਮੀਨ ਕਰਕੇ ਹੁੰਦੇ ਕਾਰਿਆਂ ਦੀ ਵੱਖਰੀ ਸਾਹਿਤ ਵਿਧਾ ਅਪਰਾਧ ਕਥਾ (ਕ੍ਰਾਈਮ ਫ਼ਿਕਸ਼ਨ) ਨਹੀਂ ਬਣੀ। ਇਸ ਕਿਤਾਬ ਵਿਚ ਚਾਰ ਕਹਾਣੀਆਂ ‘ਸੱਪਾਂ ਵਾਲ਼ੀ ਰਾਤ’ (ਵਿਰਦੀ), ‘ਖ਼ੂਨ’ (ਭੁੱਲਰ), ‘ਰਾਜੀਬੰਦਾ’ (ਚਾਹਲ ਭੀਖੀ), ‘ਕਬੂਤਰ’ (ਭੰਡਾਰੀ), ਤੇ ‘ਕਤਲ’ (ਜਿੰਦਰ) ਸਿੱਧੀਆਂ ਹਿੰਸਾ, ਹੋਏ ਜਾਂ ਟਲ਼ ਗਏ ਕਤਲਾਂ ਦੀਆਂ ਹਨ। ਇਹ ਨਿਰੀ ਪਾਠਕ ਦੇ ਅੰਦਰਲੇ ਹਿੰਸਾ ਦੇ ਭੁੱਸ ਨੂੰ ਉਜਾਗਰ ਕਰਨ ਨਾਲ਼ੋਂ ਇਨਸਾਨੀ ਫ਼ਿਤਰਤ ਨੂੰ ਪੇਸ਼ ਕਰਦੀਆਂ ਹਨ।
ਸਲੀਮ ਖ਼ਾਂ ਗਿੰਮੀ ਦੀ ਅਲੈਗਰੀ, ਫ਼ੇਬਲ ਜਾਂ ਪੈਰੇਬਲ ‘ਪਾਣੀ ਦੇ ਪਹਾੜ’ ਪੰਜਾਬੀ ਵਿਚ ਅਜੋਕੇ ਦੌਰ ਵਿਚ ਲਿਖੀ ਵਾਹਿਦ ਤੇ ਬਿਹਤਰੀਨ ਨੈਤਿਕ ਇਖ਼ਲਾਕੀ (ਮੌਰਲ) ਰਚਨਾ ਹੈ।
ਆਜ਼ਾਦੀ ਦੀ ਲਹਿਰ ਦੀ ਅੱਧੀ ਸਦੀ ਦੀ ਘਾਲਣਾ ਦੀ ਵੀ ਕੋਈ ਕਹਾਣੀ ਨਹੀਂ ਬਣੀ। ਪਰ ਦੁੱਗਲ ਦੀ ਕਹਾਣੀ ‘ਕਰਾਮਾਤ’ ਸਾਰੀ ਦੀ ਸਾਰੀ ਪੰਜਾ ਸਾਹਿਬ ਦੇ 1922 ਦੇ ਸਾਕੇ (ਜੋ ਨਿਰੋਲ ਸਿਆਸੀ ਸੀ ਤੇ ਆਜ਼ਾਦੀ ਦੀ ਲਹਿਰ ਦਾ ਹੀ ਅੰਗ ਸੀ) ਤੇ ਬਾਬੇ ਗੁਰੂ ਨਾਨਕ ਦੀ ਹਸਨ ਅਬਦਾਲ ਵਾਲ਼ੀ ਸਾਖੀ ’ਤੇ ਟਿਕੀ ਹੋਈ ਹੈ। ਕਹਾਣੀ ਵਿਚ ਸਭ ਕੁਝ ਸੰਭਵ ਹੁੰਦਾ ਹੈ। ਹੋਣੀ ਅਣਹੋਣੀ ਦਾ ਕੋਈ ਭੇਦ ਨਹੀਂ। ਕਰਾਮਤਾਂ ਹੁੰਦੀਆਂ ਹਨ। ਪਰਲੋਆਂ ਆਉਂਦੀਆਂ ਹਨ। ਕਾਇਨਾਤਾਂ ਢਹਿੰਦੀਆਂ ਬਣਦੀਆਂ ਹਨ।
ਸੰਤਾਲ਼ੀ ਤੋਂ ਬਾਅਦ ਸੰਨ ਚੁਰਾਸੀ ਦਾ ਦੁਖਾਂਤ ਭਾਵੇਂ ਪੂਰਬੀ ਪੰਜਾਬ ਦੀ ਖੇਤੀਬਾੜੀ ਤੇ ਪਿੰਡ ਦੀ ਆਰਥਿਕਤਾ ਵਿਚ ਲਿਆਂਦੇ ਅਖੌਤੀ ਹਰੇ
ਇਨਕਲਾਬ (ਅਸਲ ਵਿਚ ਤਬਾਹੀ) ਨਾਲ਼ ਪਸਰੇ ਪੂੰਜੀਵਾਦ ਦੀ ਸਹੇੜ ਸੀ; ਪਰ ਇਹਦੇ ਬਾਰੇ ਕੋਈ ਕਲਾਸਿਕ ਕਹਾਣੀ ਨਹੀਂ ਬਣੀ; ਭਾਵੇਂ ਸੁਖਵੰਤ ਕੌਰ ਮਾਨ, ਰਾਮ ਸਰੂਪ ਅਣਖੀ ਤੇ ਅਤਰਜੀਤ ਨੇ ਪੂੰਜੀਵਾਦ ਦੇ ਅਗਨ ਰੱਥ ਹੇਠ ਦਰੜੇ ਗਏ ਪੰਜਾਬ ਦੇ ਕਿਸਾਨਾਂ ਦੇ ਨਾਲ਼-ਨਾਲ਼ ਦਲਿਤਾਂ ਦੀ ਮੰਦਹਾਲੀ ਬਾਰੇ ਚੰਗੀਆਂ ਕਹਾਣੀਆਂ ਲਿਖੀਆਂ। ਇਹੀ ਹਾਲ ਸੰਨ ਸੱਤਰਾਂ ਤੋਂ ਪੂਰਬੀ ਪੰਜਾਬ ਵਿਚ ਸ਼ੁਰੂ ਹੋਏ ਪਰਦੇਸ ਗਮਨ (ਡਿਸਪਲੇਸਮੈਂਟ) ਦੇ ਵਰਤਾਰੇ ਦਾ ਹੈ। ਇੰਜ ਕਿਉਂ ਹੋਇਆ? ਇਹਦਾ ਸਿੱਧਾ ਕਾਰਣ ਸਾਹਿਤਕ ਪ੍ਰਤਿਭਾ ਨਾਲ਼ ਜੁੜਿਆ ਹੋਇਆ ਹੈ।
ਇਹ ਕਹਾਣੀਆਂ ਵੱਖ-ਵੱਖ ਕਹਾਣੀਕਾਰਾਂ ਨੇ ਵੱਖ-ਵੱਖ ਸਮੇਂ ਲਿਖੀਆਂ। ਪਹਿਲੇ ਤੇ ਅੰਤਿਮ ਕਹਾਣੀਕਾਰਾਂ ਦੀਆਂ ਜਨਮ-ਤਾਰੀਖ਼ਾਂ ਦਾ ਪੰਜਾਹ ਸਾਲਾਂ ਦਾ ਫ਼ਰਕ ਹੈ। ਸਾਰਿਆਂ ਦੀ ਸੋਚ ਵੀ ਇੱਕੋ-ਜਿਹੀ ਨਹੀਂ ਹੈ। ਪਰ ਹੈਨ ਸਾਰੇ ਪੰਜਾਬੀ। ਥੀਮ ਦੇ ਲਿਹਾਜ਼ ਨਾਲ਼ ਇਹ ਕਹਾਣੀਆਂ ਕਿਸੇ ਵੀ ਕੌਮ ਕਿਸੇ ਵੀ ਦੇਸ ਕੋਈ ਵੀ ਬੋਲੀ ਬੋਲਦੇ ਲੋਕਾਂ ਦੀਆਂ ਕਹਾਣੀਆਂ ਲਗਦੀਆਂ ਹਨ। ਪਰ ਇਨ੍ਹਾਂ ਵਿਚ ਵੱਖਰਾ ਪੰਜਾਬੀਪੁਣਾ ਕੀ ਹੈ? ਵੱਖਰਾ ਜੁ ਕੁਝ ਹੈ: ਭੋਇੰ-ਖੰਡ, ਪੌਣ-ਪਾਣੀ, ਫ਼ਲਸਫ਼ਾ, ਤਿੰਨ ਹਜ਼ਾਰ ਸਾਲਾਂ ਦਾ ਇਤਿਹਾਸ, ਵਿਰਾਸਤ, ਸਮੂਹਕ ਚੇਤਨਾ। ਇਹੀ ਪੰਜਾਬੀ ਕੌਮ ਦੀ ਪਛਾਣ ਹੈ।
ਅੰਤ ਨੂੰ ਬਾਤ ਸਾਰੀ ਬੰਦੇ ਦੇ ਹੋਣ ਤੇ ਉਹਦੀ ਹੋਣੀ ਦੀ ਹੈ, ਜਿਹਨੂੰ ਅੰਗ੍ਰੇਜ਼ੀ ਵਿਚ ‘ਹਿਉਮਨ ਕੰਡੀਸ਼ਨ’ (ਹਾਲਤ-ਉਲ-ਇਨਸਾਨ) ਆਖਦੇ ਹਨ।
(ਨੈਸ਼ਨਲ ਬੁੱਕ ਟਰੱਸਟ, ਇੰਡੀਆ ਵਾਸਤੇ ਮੇਰੀ ਸੰਜੋਈ ਕਿਤਾਬ ਦਾ ਮੁਕੱਦਮਾ)
ਪੰਜਾਬੀ ਕਹਾਣੀ ਦੇ ਮੋਢੀ ਸੰਪਾਦਕ
ਪੰਜਾਬੀ ਮਾਸਿਕ ਪਰਚੇ ਛਪਣ ਲੱਗੇ, ਤਾਂ ਛੋਟੀ ਕਹਾਣੀ ਦੀ ਲੋੜ ਪੈ ਗਈ। ਮੋਹਣ ਸਿੰਘ ਵੈਦ ਨੇ ਇਸ ਲੋੜ ਨੂੰ ਸਭ ਤੋਂ ਪਹਿਲਾਂ ਸਮਝਿਆ ਤੇ ਤਰਨ ਤਾਰਨੋਂ ਮਾਸਿਕ ਦੁਖ ਨਿਵਾਰਨ ਵਿਚ ਸਿੱਧੀਆਂ-ਸਾਦੀਆਂ ਸਮਾਜੀ ਤੇ ਧਾਰਮਿਕ ਕਿਸਮ ਦੀਆਂ ਕਹਾਣੀਆਂ ਛਾਪ ਕੇ ਪਾਠਕਾਂ ਦੀ ਲੋੜ ਪੂਰੀ ਕੀਤੀ।