ਸੰਤੋਖ ਸਿੰਘ ਧੀਰ
ਲੁਧਿਆਣਾ ਲੋਧੀਆਂ ਵਸਾਇਆ
ਪਟਿਆਲਾ ਬਾਬਾ ਆਲਾ ਨੇ
ਪਰ ਕੋਈ ਇਹ ਨਹੀਂ ਕਹਿੰਦਾ
ਕਿ ਇਹ ਸ਼ਹਿਰ ਉਨ੍ਹਾਂ ਨੇ ਵਸਾਏ
ਜਿਨ੍ਹਾਂ, ਇਨ੍ਹਾਂ ਲਈ ਪੱਥਰ ਤੋੜੇ।
ਲਾਹੌਰ ਲਵ ਨੇ ਵਸਾਇਆ
ਕਸੂਰ ਕੁਸ਼ ਨੇ ਵਸਾਇਆ
ਪਰ ਸਾਡਾ ਚੇਤਾ ਇਤਿਹਾਸ, ਮਿਥਿਹਾਸ,
ਕਿਸੇ ਨੂੰ ਨਾ ਆਇਆ।
ਅਸੀਂ ਲੱਖਾਂ-ਹਜ਼ਾਰਾਂ
ਝੋਂਪੜੀਆਂ ਵਿਚੋਂ ਆਏ
ਲੰਡਨ, ਪੈਰਿਸ ਤੇ ਮਾਸਕੋ ਵਸਾਏ
ਜਦੋਂ ਇਹ ਵੱਸੇ
ਅਸੀਂ ਫੇਰ ਵਾਪਸ
ਝੋਂਪੜੀਆਂ ਨੂੰ ਚਲੇ ਗਏ
ਸਾਨੂੰ ਨਹੀਂ ਪਤਾ
ਇਹ ਕਿਨ੍ਹਾਂ ਲਈ ਵੱਸੇ।
ਸ਼ਹਿਰ ਨਹੀਂ ਬਣਦਾ
ਕਿਸੇ ਰਾਜੇ ਦੇ ਹੁਕਮ ਨਾਲ
ਕਿਸੇ ਹਾਕਮ ਦੀ ਇੱਛਾ ਨਾਲ
ਕਿਸੇ ਦੇ ਕਰ-ਕੰਵਲਾਂ ਨਾਲ
ਨੀਂਹ-ਪੱਥਰ ਰੱਖ ਦੇਣ ਨਾਲ।
ਸ਼ਹਿਰ ਬਣਦਾ ਹੈ
ਮਿੱਟੀ ਨਾਲ ਮਿੱਟੀ ਹੋ ਕੇ
ਇੱਟਾਂ ਦੀ ਸ਼ਕਲ ਵਿਚ
ਆਪ ਪੱਥੇ ਜਾਣ ਨਾਲ
ਇਕ ਯੁੱਗ
ਦੋਜ਼ਖ਼ ਦੀਆਂ ਲਾਟਾਂ ਵਿਚ
ਤਪਣ ਨਾਲ
ਪੱਥਰ ਵਾਂਗ ਟੁੱਟਣ ਨਾਲ
ਸੀਮਿੰਟ ਵਾਂਗ ਪਿਸ ਜਾਣ ਨਾਲ
ਤੇ ਪੈੜਾਂ ਦੀਆਂ ਰੱਸੀਆਂ ਵਿਚ
ਪੂਰੀ ਤਰ੍ਹਾਂ, ਤਨ ਅਤੇ ਮਨ ਦੇ
ਜਕੜੇ ਜਾਣ ਨਾਲ।
ਸ਼ਹਿਰ ਬਣਦਾ ਹੈ
ਆਪਣੇ ਬੱਚੇ ਨੂੰ ਸਕੂਲ ਤੋਂ
ਹਟਾ ਲੈਣ ਨਾਲ
ਬਿਨਾ ਦਵਾਈ ਮਰ ਜਾਣ ਨਾਲ
ਤੇ ਨਸਲਾਂ ਦੀਆਂ ਨਸਲਾਂ ਦੇ
ਬਿਨਾਂ ਭਵਿੱਖ ਰਹਿ ਜਾਣ ਨਾਲ
ਤੇ ਆਪਣੀ ਸੱਜ-ਵਿਆਹੀ ਤਕ ਨੂੰ
ਇੱਟਾਂ ਨਾਲ ਲੱਦ ਕੇ
ਬਰਾਬਰ ਕੰਮ ਲਾ ਲੈਣ ਨਾਲ।
ਹਾਂ, ਸ਼ਹਿਰ ਬਣਦਾ ਹੈ
ਸਮੇਂ ਸਿਰ ਪੈਸੇ ਨਾ ਮਿਲਣ ਨਾਲ
ਮੰਗੋ ਤਾਂ ਕੰਮ ਤੋਂ
ਜਵਾਬ ਦਿੱਤੇ ਜਾਣ ਨਾਲ
ਅਤੇ ਗਰੀਬੀ ਰੇਖਾ ਤੋਂ
ਜਨਮਾਂ-ਜਨਮਾਂਤਰਾਂ ਤੋਂ
ਸਦਾ ਹੀ ਹੇਠਾਂ ਰਹਿਣ ਨਾਲ
ਤੇ ਦੇਸ਼ ਤੇ ਕੌਮ, ਕਿਸੇ ਦੀ ਵੀ
ਗਿਣਤੀ ਵਿਚ ਨਾ ਹੋਣ ਨਾਲ।
ਇਵੇਂ ਹੀ ਬਣੀ ਹੈ ਕੁਤਬ ਮੀਨਾਰ
ਇਵੇਂ ਹੀ ਬਣਿਆ ਹੈ ਤਾਜ ਮਹੱਲ
ਇਵੇਂ ਹੀ ਬਣਿਆ ਹੈ ਇੰਦਰਪ੍ਰਸਥ।