ਹਰਜੀਤ ਸਿੰਘ*
ਬੱਚਿਓ! ਜੇਕਰ ਤੁਸੀਂ ਖਗੋਲ ਵਿਗਿਆਨ ਵਿਚ ਰੁਚੀ ਰੱਖਦੇ ਹੋ ਤਾਂ ਤੁਸੀਂ ਨੀਓਵਾਈਜ਼ (NEOWISE) ਨਾਮ ਜ਼ਰੂਰ ਸੁਣਿਆ ਹੋਵੇਗਾ| ਆਓ! ਅੱਜ ਆਪਾਂ ਇਸ ਬਾਰੇ ਗੱਲ ਕਰਦੇ ਹਾਂ|
ਖਗੋਲ ਵਿਗਿਆਨੀਆਂ ਨੇ ਪੂਛਲ ਤਾਰਾ ਨੀਓਵਾਈਜ਼ (ਵਿਗਿਆਨਕ ਨਾਂ: C/2020 F3) ਨਾਸਾ ਦੀ ਪੁਲਾੜ ਦੂਰਬੀਨ ਵਾਈਜ਼ (Wide-field Infrared Survey Explorer-WISE) ਦੀ ਵਰਤੋਂ ਕਰਕੇ 27 ਮਾਰਚ, 2020 ਨੂੰ ਖੋਜਿਆ ਹੈ| ਇਹ ਦੂਰਬੀਨ ਧਰਤੀ ਨੇੜਲੇ ਪੂਛਲ ਤਾਰਿਆਂ ਜਾਂ ਉਲਕਾ ਪਿੰਡਾਂ ’ਤੇ ਨਜ਼ਰ ਰੱਖਦੀ ਹੈ। ਇਹ ਪੂਛਲ ਤਾਰਾ ਜੁਲਾਈ ਵਿਚ ਸੂਰਜ ਦੇ ਸਭ ਤੋਂ ਨੇੜੇ ਤੋਂ ਲੰਘਿਆ। ਓਦੋਂ ਸੂਰਜ ਤੋਂ ਇਸਦੀ ਦੂਰੀ 4.41 ਕਰੋੜ ਕਿਲੋਮੀਟਰ ਸੀ।
ਇਸਤੋਂ ਬਾਅਦ ਇਹ ਤਾਰਾ ਆਪਣੇ ਪੂਰੇ ਜੋਬਨ ’ਤੇ ਆ ਗਿਆ। ਹਾਲਾਂਕਿ ਇਹ ਸਭ ਤੋਂ ਚਮਕਦਾਰ ਤੇ ਵੱਡੇ ਪੂਛਲ ਤਾਰਿਆਂ ਵਿਚੋਂ ਨਹੀਂ ਹੈ, ਪਰ ਫਿਰ ਵੀ ਮੈਂ ਤੁਹਾਨੂੰ ਯਕੀਨ ਦੁਆਉਂਦਾ ਹਾਂ ਕਿ ਤੁਸੀਂ ਇਸਨੂੰ ਦੇਖ ਕੇ ਨਿਰਾਸ਼ ਨਹੀਂ ਹੋਵੋਗੇ| ਸੂਰਜ ਤੋਂ ਹੌਲੀ ਹੌਲੀ ਦੂਰ ਜਾਂਦਾ ਹੋਇਆ ਇਹ ਪੂਛਲ ਤਾਰਾ 22 ਜੁਲਾਈ ਨੂੰ ਧਰਤੀ ਦੇ ਸਭ ਤੋਂ ਨੇੜੇ 1.03 ਕਰੋੜ ਕਿਲੋਮੀਟਰ ਦੂਰ ਤੋਂ ਲੰਘਿਆ| ਉਸ ਸਮੇਂ ਇਸਦੀ ਚਮਕ ਧਰੂ ਤਾਰੇ ਦੇ ਬਰਾਬਰ ਸੀ| ਜਿਵੇਂ ਜਿਵੇਂ ਇਹ ਧਰਤੀ ਤੋਂ ਦੂਰ ਜਾ ਰਿਹਾ ਹੈ, ਇਸਦੀ ਚਮਕ ਮੱਧਮ ਪੈ ਰਹੀ ਹੈ| ਅਗਲੇ 1 ਹਫ਼ਤੇ ਤਕ ਇਹ ਦਿਖਦਾ ਰਹੇਗਾ, ਪਰ ਉਸਤੋਂ ਬਾਅਦ ਧੁੰਦਲਾ ਹੁੰਦਾ ਹੁੰਦਾ ਅਲੋਪ ਹੋ ਜਾਵੇਗਾ|
ਇਸ ਪੂਛਲ ਤਾਰੇ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ| ਤੁਸੀਂ ਇਸ ਤਾਰੇ ਨੂੰ ਸੂਰਜ ਡੁੱਬਣ ਤੋਂ ਬਾਅਦ ਪੱਛਮ ਤੋਂ ਉੱਤਰ-ਪੱਛਮੀ ਦਿਸ਼ਾ ਵਿਚ ਧਰਾਤਲ ਤੋਂ ਥੋੜ੍ਹਾ ਉੱਪਰ ਸਪਤਰਿਸ਼ੀ ਦੇ ਥੱਲੇ ਦੇਖ ਸਕਦੇ ਹੋ| ਇਹ ਇਕ ਧੁੰਦਲੇ ਤਾਰੇ ਵਾਂਗ ਦਿਖਾਈ ਦੇਵੇਗਾ ਜਿਸਦੀ ਇਕ ਪੂਛ ਹੋਏਗੀ| ਇਸਨੂੰ ਆਸਮਾਨ ’ਤੇ ਲੱਭਣ ਲਈ ਤੁਸੀਂ ‘ਸਕਾਈਸਫਾਰੀ’ ਜਾਂ ਗੂਗਲ ਸਕਾਈ ਵਰਗੀਆਂ ਐਪਸ ਦੀ ਵਰਤੋਂ ਕਰ ਸਕਦੇ ਹੋ| ਜੇਕਰ ਘਰ ਵਿਚ ਛੋਟੀ ਦੂਰਬੀਨ ਹੈ ਤਾਂ ਤੁਸੀਂ ਇਸਦੀ ਮਦਦ ਨਾਲ ਇਸਨੂੰ ਬਹੁਤ ਆਸਾਨੀ ਨਾਲ ਲੱਭ ਸਕਦੇ ਹੋ|
ਬੱਚਿਓ! ਪੂਛਲ ਤਾਰੇ ਜ਼ਿਆਦਾਤਰ ਬਰਫ਼, ਪੱਥਰ ਅਤੇ ਧੂੜ ਦੇ ਬਣੇ ਹੋਏ ਹੁੰਦੇ ਹਨ| ਇਕ ਅਨੁਮਾਨ ਮੁਤਾਬਿਕ ਨੀਓਵਾਈਜ਼ ’ਤੇ 1300 ਕਰੋੜ ਮੀਟਰ ਕਿਊਬ ਪਾਣੀ ਹੈ| ਨੀਓਵਾਈਜ਼ ਇਕ ਔਸਤ ਆਕਾਰ ਦਾ ਪੂਛਲ ਤਾਰਾ ਹੈ| ਇਸਦਾ ਵਿਆਸ ਲਗਪਗ 5 ਕਿਲੋਮੀਟਰ ਹੈ| ਇਹ ਇਕ ਘੰਟੇ ਵਿਚ ਲਗਪਗ 2,31,000 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ| ਇਹ ਸੂਰਜ ਦੁਆਲੇ ਇਕ ਚੱਕਰ 6800-7000 ਸਾਲ ਵਿਚ ਪੂਰਾ ਕਰਦਾ ਹੈ| ਜੇਕਰ ਤੁਸੀਂ ਇਸਨੂੰ ਇਸ ਵਾਰ ਦੇਖਣ ਦਾ ਮੌਕਾ ਖੁੰਝਾ ਦਿੱਤਾ ਤਾਂ ਅਗਲੇ ਮੌਕੇ ਲਈ 7000 ਸਾਲ ਦੀ ਉਡੀਕ ਕਰਨੀ ਪਏਗੀ| ਸੋ ਜਿੰਨਾ ਜਲਦੀ ਹੋ ਸਕੇ ਤੁਸੀਂ ਇਸ ਦੇ ਦਰਸ਼ਨ ਕਰ ਲਓ|
*ਵਿਗਿਆਨੀ ਇਸਰੋ
ਸੰਪਰਕ : 99957-65095