ਡਾ. ਸੁਰਿੰਦਰ ਗਿੱਲ
ਪੰਜਾਬ ਦੀ ਧਰਤੀ ਅਤਿਅੰਤ ਉਪਜਾਊ ਹੈ। ਪੰਜਾਬੀ ਲੋਕ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਿਚ ਪਲੇ, ਵਿਗਸੇ, ਦਿਲ ਵਾਲੇ, ਹਿੰਮਤੀ, ਮਿਹਨਤੀ, ਸੁਹਿਰਦ ਅਤੇ ਅਨੁਭਵੀ ਲੋਕ ਹਨ। ਕਲਾ, ਭਾਵੇਂ ਕਿਸੇ ਭਾਂਤ ਦੀ ਹੋਵੇ, ਪੰਜਾਬੀਆਂ ਨੂੰ ਗੁੜ੍ਹਤੀ ਵਿਚ ਹੀ ਪ੍ਰਾਪਤ ਹੋ ਜਾਂਦੀ ਹੈ। ਭਾਵੇਂ ਬਹੁਗਿਣਤੀ ਵਿਅਕਤੀਆਂ ਦੇ ਹਿਰਦੇ ਜਾਂ ਮਨ-ਅੰਤਰ ਵਿਚ ਇਹ ਦੱਬੀ-ਘੁੱਟੀ ਹੀ ਰਹਿ ਜਾਂਦੀ ਹੈ, ਪਰ ਜਦੋਂ ਕਦੇ ਇਹ ਪ੍ਰਗਟ ਹੋ ਜਾਵੇ ਜਾਂ ਕੋਈ ਵਿਅਕਤੀ ਚੇਤੰਨ ਰੂਪ ਵਿਚ ਆਪਣੇ ਅੰਦਰਲੀ ਕਲਾ ਨੂੰ ਕਿਸੇ ਰੂਪ ਵਿਚ ਸਾਕਾਰ ਕਰਨ ਵਿਚ ਸਫ਼ਲ ਹੋ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਇਹ ਸਤਰਾਂ ਲਿਖਣ ਦੀ ਪ੍ਰੇਰਣਾ ਇਕ ਪਲੇਠੀ ਪੁਸਤਕ ‘ਰੰਗਲੇ ਚੇਤੇ’ ਪੜ੍ਹਨ ਉਪਰੰਤ ਮਿਲੀ। ‘ਰੰਗਲੇ ਚੇਤੇ’ (ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ਇਕ ਸੇਵਾਮੁਕਤ ਬਜ਼ੁਰਗ ਅਧਿਆਪਕ ਜਸਵੰਤ ਸਿੰਘ ਰਚਿਤ ਵਾਰਤਕ ਪੁਸਤਕ ਹੈ।
ਜਸਵੰਤ ਸਿੰਘ ਮੋਗਾ ਨੇ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਸੇਵਾਵਾਂ ਆਰੰਭ ਕਰਕੇ ਹਾਇਰ ਸੈਕੰਡਰੀ ਸਕੂਲਾਂ ਵਿਚ ਲੈਕਚਰਰ ਦੇ ਰੂਪ ਵਿਚ ਅਧਿਆਪਨ ਕੀਤਾ। ਉਸ ਨੇ ਆਪਣੇ ਅਧਿਆਪਨ ਕਾਲ ਦੌਰਾਨ ਪ੍ਰਾਪਤ ਜਾਣਕਾਰੀ ਅਤੇ ਅਨੁਭਵ ਰੂਪੀ ਜਾਣਕਾਰੀ ਦੇ ਤਤਸਾਰ ਦਾ ਵਰਣਨ ਇਸ ਪੁਸਤਕ ਵਿਚ ਅੰਕਿਤ ਹੈ। ਅਧਿਆਪਨ ਸਮੇਂ ਦੀਆਂ ਕੌੜੀਆਂ-ਕੁਸੈਲੀਆਂ ਅਤੇ ਪਿਆਰੀਆਂ ਯਾਦਾਂ ਇਸ ਪੁਸਤਕ ਰਾਹੀਂ ਸਾਂਝੀਆਂ ਕੀਤੀਆਂ ਹਨ।
ਵਿਸ਼ੇਸ਼ਤਾ ਇਹ ਹੈ ਕਿ ਪ੍ਰਾਪਤ ਯਾਦਾਂ ਤੋਂ ਉਪਰੰਤ ਚਾਰ ਪ੍ਰਸਿੱਧ ਉਰਦੂ ਸ਼ਾਇਰਾਂ- ਬਹਾਦਰ ਸ਼ਾਹ ਜ਼ਫ਼ਰ, ਮੋਮਨ ਖਾਂ, ਮੀਰ ਤਕੀ ਮੀਰ ਅਤੇ ਮੁਨੀਰ ਨਿਆਜ਼ੀ – ਨਾਲ ਪੰਜਾਬੀ ਪਾਠਕਾਂ ਦੀ ਸਾਂਝ ਪਵਾਉਣ ਦਾ ਸਾਰਥਕ ਅਤੇ ਪ੍ਰਸ਼ੰਸਾ ਯੋਗ ਕਾਰਜ ਕੀਤਾ ਹੈ। ਇਹ ਜ਼ਿਕਰਯੋਗ ਹੈ ਕਿ ਲੇਖਕ ਜਸਵੰਤ ਸਿੰਘ ਮੋਗਾ ਦੇ ਪਿਤਾ ਪੰਜਾਬੀ ਦੇ ਪ੍ਰਸਿੱਧ ਰੰਗਮੰਚ ਕਵੀ ਸਵਰਗੀ ਤਖ਼ਤ ਸਿੰਘ ਕੋਮਲ ਸਨ। ਇਸ ਪ੍ਰਕਾਰ ਜਸਵੰਤ ਸਿੰਘ ਮੋਗਾ ਨੂੰ ਲਿਖਣ ਕਲਾ ਵਿਰਸੇ ਵਿਚ ਪ੍ਰਾਪਤ ਹੋਈ ਹੈ।
ਵਿਚਾਰ ਅਧੀਨ ਪੁਸਤਕ ਦੇ ਲੇਖਕ ਨੇ ਜੇ.ਬੀ.ਟੀ. ਅਧਿਆਪਕ ਦੇ ਰੂਪ ਵਿਚ ਸੇਵਾ ਆਰੰਭ ਕੀਤੀ। ਆਪਣੇ ਸੇਵਾਕਾਲ ਵਿਚ ਮਿਹਨਤ ਅਤੇ ਲਗਨ ਨਾਲ ਪੰਜ ਵਿਸ਼ਿਆਂ ਵਿਚ ਐਮ.ਏ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ, ਪਰ ਉਹ ਸਕੂਲਾਂ ਜੋਗਾ ਹੀ ਰਿਹਾ। ਉਹ ਲੈਕਚਰਰ ਦੇ ਰੂਪ ਵਿਚ ਤਰੱਕੀ ਤੋਂ ਕਿਤੇ ਵੱਡੇ ਅਹੁਦੇ ਦਾ ਹੱਕਦਾਰ ਸੀ।
ਇਸੇ ਕਰਕੇ ਇਸ ਪੁਸਤਕ ਵਿਚ ਅੰਕਿਤ ਬਹੁਤੀਆਂ ਯਾਦਾਂ ਸਕੂਲਾਂ, ਸਾਥੀ ਸਹਿਕਰਮੀਆਂ ਅਤੇ ਵਿਦਿਆਰਥੀਆਂ ਨਾਲ ਹੀ ਸਬੰਧ ਰੱਖਦੀਆਂ ਹਨ।
ਪੁਸਤਕ ਦੇ ਅੰਤ ਵਿਚ ਪ੍ਰਕਾਸ਼ਿਤ ਚਾਰ ਉਰਦੂ ਸ਼ਾਇਰਾਂ ਸਬੰਧੀ ਲੇਖ ਜਾਗਰੂਕ ਬਜ਼ੁਰਗ ਜਸਵੰਤ ਸਿੰਘ ਮੋਗਾ ਦੇ ਇਕ ਸੰਜੀਦਾ ਪਾਠਕ ਹੋਣ ਦੇ ਨਾਲ-ਨਾਲ ਵਿਦਵਾਨ ਆਲੋਚਕ ਹੋਣ ਦਾ ਪ੍ਰਮਾਣ ਹਨ।
ਜਸਵੰਤ ਸਿੰਘ ਮੋਗਾ ਰਚਿਤ ਵਾਰਤਕ ਸ਼ੈਲੀ ਸਾਦਗੀ ਭਰਪੂਰ, ਮੁਹਾਵਰੇਦਾਰ ਅਤੇ ਸੁਭਾਵਿਕ ਹੈ। ਮਲਵਈ ਉਪ-ਭਾਸ਼ਾ ਦੀ ਪੁੱਠ ਵਾਲੀ ਬੋਲੀ ਵਿਚ ਕਿਤੇ-ਕਿਤੇ ਅੰਗਰੇਜ਼ੀ ਸ਼ਬਦਾਂ ਦੇ ਕੋਕੜੂ ਰੜਕਦੇ ਹਨ ਅਤੇ ਕੁਝ ਪਰੂਫ਼ ਦੀਆਂ ਅਸ਼ੁੱਧੀਆਂ ਵੀ।
ਪ੍ਰਸਿੱਧ ਵਿਅੰਗਕਾਰ ਕੇ.ਐਲ. ਗਰਗ ਦੇ ਸ਼ਬਦਾਂ ਵਿਚ, ‘‘ਜਸਵੰਤ ਸਿੰਘ ਮੋਗਾ ਦੀਆਂ ਰਚਨਾਵਾਂ ਵਿਚ ਮੁਹੱਬਤ, ਖਲੂਸ, ਪ੍ਰੇਮ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਭਰਮਾਰ ਹੈ… ਆਮ ਲੇਖਕਾਂ ਵਾਂਗ ਸ਼ਬਦੀ ਅਡੰਬਰ ਨਹੀਂ, ਸਗੋਂ ਸਰਲਭਾਵੀ ਚੇਤਨਤਾ ਹੈ, ਜੋ ਸਿੱਧੇ ਤੇ ਸਰਲ ਸ਼ਬਦਾਂ ਵਿਚ ਪ੍ਰਗਟ ਹੁੰਦੀ ਹੈ…।’’
ਪ੍ਰੌੜ ਅਵਸਥਾ ਵਿਚ ਰਚੀ ਇਕ ਬਜ਼ੁਰਗ ਲੇਖਕ ਦੀ ਪਲੇਠੀ ਰਚਨਾ ਦਾ ਸਵਾਗਤ।