ਚੀਫ ਡੈਨ ਜੌਰਜ ਦਾ ਜਨਮ 24 ਜੁਲਾਈ 1899 ਨੂੰ ਆਦਿਵਾਸੀਆਂ ਦੇ ਇੱਕ ਕਬੀਲੇ ਕੋਸਟ ਸੈਲਸ ਵਿੱਚ ਹੋਇਆ। ਇਹ ਕਬੀਲਾ ਉੱਤਰੀ ਵੈਨਕੂਵਰ ਦੇ ਬੱਰਡ ਇਲਾਕੇ ਵਿੱਚ ਸਥਿਤ ਹੈ। ਮੁੱਢਲੇ ਸਾਲਾਂ ਵਿੱਚ ਡੈਨ ਜੌਰਜ ਨੇ ਸਮੁੰਦਰ ਗਾਹੇ, ਮੱਛੀਆਂ ਫੜੀਆਂ, ਬੇਰੀਆਂ ਤੋੜੀਆਂ, ਉਸਾਰੀ ਦਾ ਕੰਮ ਕੀਤਾ। ਵੈਨਕੂਵਰ ਦੇ ਸਮੁੰਦਰੀ ਤੱਟ ’ਤੇ ਮਲਾਹ ਦਾ ਕੰਮ ਕੀਤਾ। ਆਪਣੇ ਪਿਤਾ ਦੀ ਮੌਤ ਤੋਂ ਬਾਅਦ 1951 ਵਿੱਚ ਉਹ ਆਪਣੇ ਕਬੀਲੇ ਦਾ ਸਰਦਾਰ ਬਣਿਆ। ਆਪਣੇ ਜੀਵਨ ਕਾਲ ਵਿੱਚ ਉਸ ਨੇ ਸੀ.ਬੀ.ਸੀ. ਤੋਂ ਇਲਾਵਾ ਪੱਚੀ ਡਰਾਮਿਆਂ ਵਿੱਚ ਕੰਮ ਕੀਤਾ।
ਹੌਲੀਵੁੱਡ ਦੀਆਂ ਫਿਲਮਾਂ ‘ਕੁਆਰਟਰ ਹਾਊਸ’ ਅਤੇ ‘ਲਿਟਲ ਬਿੱਗ ਮੈਨ’ ਵਿੱਚ ਉਸ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਉਸ ਨੇ ਆਦਿਵਾਸੀ ਲੋਕਾਂ ਉੱਪਰ ਹੁੰਦੇ ਜ਼ੁਲਮ ਨੂੰ ਦੁਨੀਆਂ ਸਾਹਮਣੇ ਰੱਖਿਆ। ਉਸ ਦੀਆਂ ਦੋ ਕਾਵਿ ਪੁਸਤਕਾਂ ‘ਮਾਈ ਹਾਰਟ ਸੋਰਜ਼’ ਤੇ ‘ਮਾਈ ਸਪਿਰਿਟ ਸੋਰਜ਼’ ਨੇ ਉਸ ਨੂੰ ਪ੍ਰਸਿੱਧੀ ਦਿਵਾਈ। ਦਰਸ਼ਨ ਗਿੱਲ ਨੇ ਉਸ ਦੀ ਕਾਵਿ ਪੁਸਤਕ ‘ਮਾਈ ਹਾਰਟ ਸੋਰਜ਼’ ਦਾ ਪੰਜਾਬੀ ਅਨੁਵਾਦ ‘ਉਕਾਬ ਦੀ ਉਡਾਣ’ ਦੇ ਰੂਪ ਵਿੱਚ ਕੀਤਾ ਹੈ।
– ਹਰੀਪਾਲ
ਸੰਪਰਕ: 403-714-4816
ਮੇਰੀ ਮਾਂ
ਮੇਰੀ ਮਾਂ ਵਿੱਚ
ਏਨੀ ਦਇਆ ਸੀ
ਜੋ ਸਮੁੱਚੇ ਜੀਵਨ ਵਿੱਚ
ਸਮਾਈ ਹੈ।
ਉਹ
ਏਨੀ ਹੱਸਾਸ ਸੀ
ਕਿ
ਦੂਜਿਆਂ ਲਈ
ਸਭ ਕੁਝ
ਨਿਛਾਵਰ
ਕਰਨ ਦੇ
ਸਮਰੱਥ ਸੀ।
ਇਹ ਆਦਿ-ਵਾਸੀ
ਔਰਤਾਂ ਦੀ
ਰਵਾਇਤ ਹੈ।
* * *
ਕਲਮ ਦੀ ਜ਼ੁਬਾਨ
ਇੱਛਾ ਹੈ
ਮੇਰੇ ਲੋਕਾਂ ਵਿੱਚ
ਜਿਉਣ ਦੀ
ਤੇ
ਪਰਵਾਨ ਚੜ੍ਹਨ ਦੀ।
ਮੇਰੀ ਕੌਮ ਦੇ
ਯੁਵਕਾਂ ’ਚ
ਤਾਂਘ ਹੈ –
ਹੁਨਰ ਦੀ,
ਜੋ,
ਉਨ੍ਹਾਂ ਦੀ ਆਸ ਤੇ ਭਵਿੱਖ ਦਾ,
ਦਾਈਆ ਬਣੇ।
ਇਹ ਯੁਵਕ,
ਸਾਡੇ,
ਨਵੇਂ ਯੋਧੇ ਹਨ।
ਇਨ੍ਹਾਂ ਦੀ ਸਿਖਲਾਈ,
ਸਮਾਂ ਲਾਏਗੀ,
ਕਿਉਂਕਿ,
ਇਨ੍ਹਾਂ ਦਾ ਕੰਮ,
ਪੁਰਾਤਨ ਨਾਲੋਂ,
ਔਖੇਰਾ ਹੈ।
ਪੜ੍ਹਾਈ ਦੇ ਲੰਮੇ ਵਰ੍ਹੇ,
ਇਨ੍ਹਾਂ ਤੋਂ ਮੰਗ ਕਰਨਗੇ,
ਹੌਸਲੇ ਅਤੇ ਦ੍ਰਿੜ੍ਹਤਾ ਦੀ,
ਕੁਰਬਾਨੀ ਅਤੇ ਬਲੀਦਾਨ ਦੀ,
ਸਹਿਣ-ਸ਼ਕਤੀ ਤੇ ਦਲੇਰੀ ਦੀ।
ਫਿਰ ਉਹ ਬਾਂਹਾਂ ਉਲਾਰ,
ਕਹਿਣ ਦੇ,
ਸਮਰੱਥ ਹੋਣਗੇ:
‘‘ਸਾਨੂੰ ਨਹੀਂ ਲੋੜ,
ਤੁਹਾਡੇ ਦਾਨ ਦੀ!
ਸਾਡੀਆਂ ਬਾਂਹਾਂ ’ਚ,
ਤਾਕਤ ਹੈ, ਕਮਾਉਣ ਦੀ।’’
ਮੈਂ
ਆਪਣੇ ਕਬੀਲੇ ਦਾ
ਸਰਦਾਰ ਹਾਂ!
ਪਰ
ਮੇਰੇ ’ਚ
ਲੜਨ ਦੀ ਸਮਰੱਥਾ ਨਹੀਂ!
ਮੈਂ ਕੇਵਲ,
ਬੋਲਾਂ ਦੇ ਆਸਰੇ,
ਲੜਨ ਜੋਗਾ,
ਰਹਿ ਗਿਆ ਹਾਂ।
ਬੋਲੀ,
ਹੁਣ ਮੇਰਾ ਹਥਿਆਰ ਹੈ।
ਆਪਣੇ ਲੋਕਾਂ ਦਾ ਯੁੱਧ,
ਹੁਣ,
ਕਲਮ ਤੇ ਜ਼ੁਬਾਨ
ਨਾਲ ਲੜਾਂਗਾ।
* * *
ਕੁਦਰਤ-ਮਾਂ
ਰੁੱਖਾਂ ਦੀ ਖ਼ੂਬਸੂਰਤੀ
ਹਵਾਵਾਂ ਦੀ ਸਰਲਤਾ,
ਘਾਹ ਦੀ ਮਹਿਕ,
ਮੇਰੇ ਨਾਲ,
ਗੱਲਾਂ ਕਰਦੀ ਹੈ।
ਪਹਾੜ ਦੀ ਚੋਟੀ,
ਆਸਮਾਨ ਦੀ ਬਿਜਲੀ,
ਸਾਗਰ ਦੀ ਆਵਾਜ਼,
ਮੇਰੇ ਨਾਲ,
ਸੁਰ ਰਲਾਉਂਦੀ ਹੈ।
ਤਾਰਿਆਂ ਦੀ ਧੁੰਦ,
ਸਵੇਰ ਦੀ ਤਾਜ਼ਗੀ,
ਫੁੱਲਾਂ ਦੀ ਤਰੇਲ,
ਮੇਰੇ ਨਾਲ,
ਬਾਤਾਂ ਪਾਉਂਦੀ ਹੈ।
ਅੱਗ ਦੀ ਸ਼ਕਤੀ,
ਮੱਛੀ ਦੀ ਖੁਸ਼ਬੋ,
ਸੂਰਜ ਦੀ ਰੌਸ਼ਨੀ,
ਮੇਰੇ,
ਅੰਗਾਂ ’ਚ ਭਰਦੀ ਹੈ।
ਜੀਵਨ ਕਦੇ ਖ਼ਤਮ ਨਹੀਂ ਹੁੰਦਾ।
ਮੇਰਾ ਦਿਲ ਅਸਮਾਨੀਂ ਉੱਡਦਾ ਹੈ।
* * *
ਜੰਗਲ਼ੀ ਗੁਲਾਬ
ਜੰਗਲ਼ੀ ਗੁਲਾਬ
ਗਾਲੜ੍ਹ ਦੇ,
ਕੰਨਾਂ ’ਚ,
ਰਸ ਭਰਦਾ ਹੈ।
ਬੱਚਾ,
ਪਿਆਰ ’ਚ,
ਹਮੇਸ਼ਾਂ
ਪਹਿਲ-ਕਦਮੀ,
ਕਰਦਾ ਹੈ।
* * *
ਰੰਗ ਤੇ ਦਿਲ
ਪਿਆਰ ਤੇ ਉਦਰੇਵਾਂ
ਆਸ ਤੇ ਖ਼ੁਸ਼ੀ
ਲਾਲਸਾ ਤੇ ਉਦਾਸੀ
ਸਭ
ਮਨੁੱਖੀ ਭਾਵਨਾਵਾਂ
ਇਨ੍ਹਾਂ ’ਤੇ
ਮੂਰਤੀਮਾਨ ਹਨ
ਜੋ
ਸਭ ਰੰਗਾਂ ਦੇ ਲੋਕਾਂ ’ਤੇ
ਹੁੰਦੀਆਂ ਹਨ।
ਪਰ
ਦਿਲ ਨੂੰ
ਕਦੀ ਵੀ
ਚਮੜੀ ਦੇ ਰੰਗ ਦੀ
ਪਹਿਚਾਣ ਨਹੀਂ ਹੁੰਦੀ।
* * *
ਧਰਤੀ ਮਾਂ
ਸਰਦ ਮੌਸਮ ਦੀ ਠੰਢ
ਅਤੇ ਯਖ ਹਵਾਵਾਂ ਤੋਂ ਬਾਅਦ
ਜ਼ਿੰਦਗੀ
ਧਰਤੀ ਮਾਂ ਦੀ ਗੋਦ ਵਿੱਚੋਂ
ਮੁੜ
ਧਾਰਾ ਬਣ
ਵਹਿੰਦੀ ਹੈ।
ਧਰਤੀ ਮਾਂ
ਮੁਰਝਾਏ ਫੁੱਲ ਤੇ ਫਲ਼
ਵਗਾਹ ਮਾਰਦੀ ਹੈ
ਕਿਉਂਕਿ
ਉਹ ਫ਼ਜ਼ੂਲ ਹਨ।
ਉਨ੍ਹਾਂ ਦੀ ਥਾਂ
ਨਵੇਂ ਪੌਦੇ
ਉਗਮਦੇ ਹਨ।
* * *
ਰੁੱਖ
ਜੋ ਮਾਨਵ ਜੰਗਲ ’ਚ ਜਿਉਂਦਾ ਹੈ
ਜੰਗਲ ’ਚ ਹੀ ਮਰਦਾ ਹੈ!
ਉਹ
ਰੁੱਖਾਂ ਦੀ ਭੇਤ-ਭਰੀ
ਜ਼ਿੰਦਗੀ ਦਾ ਹਰ ਤੱਥ ਜਾਣਦਾ ਹੈ!