ਕੇ.ਐਲ. ਗਰਗ
ਕਹਾਣੀਕਾਰ ਜਿੰਦਰ ਨੂੰ ਕਹਾਣੀ ਨਾਲ ਵਿਸ਼ੇਸ਼ ਮੋਹ ਹੈ। ਉਹ ਕਹਾਣੀਆਂ ਲਿਖਦਾ ਹੀ ਨਹੀਂ ਸਗੋਂ ਦੂਜੀਆਂ ਭਾਸ਼ਾਵਾਂ ਅਤੇ ਖਿੱਤਿਆਂ ਦੀਆਂ ਪ੍ਰਸਿੱਧ ਕਹਾਣੀਆਂ ਲੱਭ-ਲੱਭ ਉਨ੍ਹਾਂ ਦੀ ਸੰਪਾਦਨਾ ਕਰ ਕੇ ਪੰਜਾਬੀ ਪਾਠਕਾਂ ਲਈ ਪ੍ਰਸਤੁਤ ਵੀ ਕਰਦਾ ਹੈ। ਉਸ ਨੇ ਬਲੋਚੀ, ਪਸ਼ਤੋ, ਸਿੰਧੀ ਜ਼ੁਬਾਨ ਦੀਆਂ ਕਹਾਣੀਆਂ ਦੀ ਸੰਪਾਦਨਾ ਕੀਤੀ ਹੈ। ਪ੍ਰਸਿੱਧ ਉਰਦੂ ਅਤੇ ਪਾਕਿਸਤਾਨੀ ਪੰਜਾਬੀ ਕਹਾਣੀਕਾਰਾਂ ਜਿਵੇਂ ਸਲੀਮ ਖਾਂ ਗਿੰਮੀ, ਇੰਤਜ਼ਾਰ ਹੁਸੈਨ, ਅਸ਼ਫਾਕ ਅਹਿਮਦ ਦੀਆਂ ਕਹਾਣੀਆਂ ਵੀ ਪੰਜਾਬੀ ਪਾਠਕਾਂ ਨੂੰ ਉਪਲਬਧ ਕਰਵਾਈਆਂ ਹਨ। ਮੁਲਕ ਦੀਆਂ ਪ੍ਰਸਿੱਧ ਘਟਨਾਵਾਂ ਜਿਵੇਂ 1947 ਦੀ ਵੰਡ ਦੀਆਂ ਕਹਾਣੀਆਂ ਵੀ ਪੰਜਾਬੀ ਪਾਠਕਾਂ ਨੂੰ ਪੜ੍ਹਨ ਨੂੰ ਮਿਲ ਰਹੀਆਂ ਹਨ। ਰਿਸ਼ਤਿਆਂ ਬਾਰੇ ‘ਔਰਤ-ਮਰਦ ਸਬੰਧਾਂ ਦੀਆਂ ਕਹਾਣੀਆਂ’ ਨੂੰ ਵੀ ਉਸ ਨੇ ਸੰਪਾਦਿਤ ਕੀਤਾ ਹੈ। ਇਸ ਤਰ੍ਹਾਂ ਪੰਜਾਬੀ ਅਤੇ ਹੋਰ ਜ਼ੁਬਾਨਾਂ ਦੀਆਂ ਕਹਾਣੀਆਂ ਦੇ ਸੰਗ੍ਰਹਿ ਪੇਸ਼ ਕਰਨ ਦਾ ਉਸ ਨੂੰ ਚੋਖਾ ਤਜਰਬਾ ਹੈ।
ਹਥਲੀ ਪੁਸਤਕ ‘ਪਾਕਿਸਤਾਨੀ ਕਲਾਸਿਕ ਉਰਦੂ ਕਹਾਣੀਆਂ’ (ਸੰਪਾਦਕ: ਜਿੰਦਰ; ਕੀਮਤ: 200 ਰੁਪਏ; ਸੰਗਮ ਪਬਲੀਕੇਸ਼ਨਜ਼, ਸਮਾਣਾ, ਪਟਿਆਲਾ) ਦੀ ਸੰਪਾਦਨਾ ਕੀਤੀ ਗਈ ਹੈ। ਪੁਸਤਕ ਦੀ ਭੂਮਿਕਾ ਵਿਚ ਸੰਪਾਦਕ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਕੋਈ ਕਿਰਤ ਨਾਵਲ, ਕਹਾਣੀ ਜਾਂ ਨਾਟਕ ਕਲਾਸਿਕ ਕਦੋਂ ਬਣਦੀ ਹੈ। ਇਸ ਲਈ ਉਹ ਪ੍ਰਸਿੱਧ ਆਲੋਚਕਾਂ ਦੇ ਹਵਾਲੇ ਦੇ ਕੇ ਇਹ ਜਾਣਨ ਦਾ ਯਤਨ ਕਰਦਾ ਹੈ ਕਿ ਕੋਈ ਰਚਨਾ ਕਲਾਸਿਕ ਕਿਵੇਂ ਬਣਦੀ ਹੈ।
ਮੂਲ ਰੂਪ ਵਿਚ ਜੇ ਕੋਈ ਰਚਨਾ ਦੇਸ਼, ਕਾਲ, ਸਮੇਂ, ਸਥਾਨ ਦੀ ਸੀਮਾ ਉਲੰਘ ਕੇ ਦੁਨੀਆਂ ਦੇ ਕੋਨੇ-ਕੋਨੇ ਪਹੁੰਚ ਜਾਵੇ, ਜੇ ਉਹ ਸਰਬਕਾਲਕ ਹੋ ਜਾਵੇ, ਦਾਰਸ਼ਨਿਕ ਤੱਤਾਂ ਨਾਲ ਭਰਪੂਰ ਹੋਵੇ, ਸਦੀਵੀ ਸੱਚ ਜਾਂ ਸਦੀਵੀ ਜਜ਼ਬਿਆਂ ਅਤੇ ਮਨੋਭਾਵਨਾਵਾਂ ਨੂੰ ਵਿਅਕਤ ਕਰਦੀ ਹੋਵੇ ਤਾਂ ਉਹ ਰਚਨਾ ਕਲਾਸਿਕ ਦਰਜਾ ਅਤੇ ਅਹਿਮੀਅਤ ਪ੍ਰਾਪਤ ਕਰ ਲੈਂਦੀ ਹੈ।
ਇਸ ਸੰਗ੍ਰਹਿ ਵਿਚ ਉਸ ਨੇ ਉਰਦੂ ਦੀਆਂ ਕੁੱਲ ਗਿਆਰਾਂ ਕਹਾਣੀਆਂ ਦੀ ਪਛਾਣ ਕੀਤੀ ਹੈ ਜੋ ਉਰਦੂ ਜ਼ੁਬਾਨ ਵਿਚ ਹੀ ਨਹੀਂ, ਦੂਸਰੀ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਕਲਾਸਿਕ ਹੋ ਗਈਆਂ ਹਨ। ਸੰਪਾਦਕ ਨੇ ਅਨੇਕਾਂ ਕਹਾਣੀਆਂ ਦੀ ਪੁਣ-ਛਾਣ ਤੇ ਪੜਤਾਲ ਕਰ ਕੇ ਇਹ ਕਹਾਣੀਆਂ ਲੱਭੀਆਂ ਹਨ। ਇਨ੍ਹਾਂ ਨੂੰ ਹਿੰਦੀ ’ਚੋਂ ਅਨੁਵਾਦ ਕਰ ਕੇ ਉਸ ਨੇ ਪੰਜਾਬੀ ਪਾਠਕਾਂ ਲਈ ਪੇਸ਼ ਕੀਤਾ ਹੈ।
ਇਸ ਸੰਗ੍ਰਹਿ ਦੀਆਂ ਤਿੰਨ ਕਹਾਣੀਆਂ ਮੁਮਤਾਜ਼ ਮੁਫਤੀ ਦੀ ‘ਸਮੇਂ ਦਾ ਬੰਨ੍ਹਣ’, ਗੁਲਾਮ ਅੱਬਾਸ ਦੀ ‘ਆਨੰਦੀ’ ਤੇ ਆਗ਼ਾ ਬਾਬਰ ਦੀ ‘ਗੁਲਾਬਦੀਨ ਡਾਕੀਆ’ ਵੇਸਵਾਵਾਂ ਬਾਰੇ ਜਾਂ ਉਸ ਖੇਤਰ ਵਿਚ ਵਿਚਰਨ ਵਾਲੇ ਪਾਤਰਾਂ ਬਾਰੇ ਹਨ। ਇਨ੍ਹਾਂ ਕਹਾਣੀਆਂ ਵਿਚ ਵੇਸਵਾਵਾਂ ਦੀ ਗੰਦਗੀ, ਗਲੀਜ਼ ਜੀਵਨ ਅਤੇ ਬਦਨਾਮ ਆਦਤਾਂ ਦਾ ਜ਼ਿਕਰ ਬਿਲਕੁਲ ਨਹੀਂ, ਇਹ ਕਹਾਣੀਆਂ ਉਨ੍ਹਾਂ ਦੀ ਪਾਕ-ਰੂਹ ਅਤੇ ਸੱਚੇ-ਸੁੱਚੇ ਜਜ਼ਬਿਆਂ ਦੀ ਤਰਜਮਾਨੀ ਕਰਦੀਆਂ ਹਨ। ‘ਸਮੇਂ ਦਾ ਬੰਨ੍ਹਣ’ ਦੀ ਸੁਨਹਿਰੀ ਏਨੀ ਪਾਕ ਤੇ ਜਜ਼ਬੇ ਭਰਪੂਰ ਵੇਸਵਾ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਖਾਵੰਦ ਵੀ ਉਸ ਤੋਂ ਆਸ਼ੀਰਵਾਦ ਦੀ ਤਵੱਕੋ ਕਰਦਾ ਹੈ। ‘ਆਨੰਦੀ’ ਕਹਾਣੀ ਦਾ ਬਿਰਤਾਂਤ ਦੱਸਦਾ ਹੈ ਕਿ ਵੇਸਵਾਵਾਂ ਨੂੰ ਜਿੱਥੇ ਮਰਜ਼ੀ ਘੱਲ ਦਿਉ, ਸ਼ਹਿਰ ਉੱਥੇ ਹੀ ਵਸਦਾ ਜਾਵੇਗਾ। ਸ਼ਹਿਰ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਚਲਦਾ ਹੈ। ‘ਗੁਲਾਬਦੀਨ ਡਾਕੀਆ’ ਕਮਾਲ ਦੀ ਕਹਾਣੀ ਹੈ ਜਿਸ ਵਿਚ ਗੁਲਾਬਦੀਨ ਜਿਹੇ ਪਰਹੇਜ਼ਗਾਰ ਤੇ ਅੱਲ੍ਹਾ ਮੁਰੀਦ ਆਦਮੀ ਨੂੰ ਵੀ ਵੇਸਵਾਵਾਂ ਦਾ ਸਲੀਕਾ, ਵਰਤ-ਵਰਤਾਉ, ਸੰਗੀਤ ਦੀ ਮੁਹੱਬਤ, ਨਾਚ ਦੀ ਤਤਪਰਤਾ ਦੇਖ ਕੇ ਵੇਸਵਾਵਾਂ ਬਾਰੇ ਆਪਣੀ ਰਾਇ ਬਦਲਣੀ ਪੈਂਦੀ ਹੈ।
ਕੁਦਰਤ ਉਲਾਹ ਸ਼ਹਾਬ ਦੀ ਕਹਾਣੀ ‘ਮਾਂ ਜੀ’ ਅਤੇ ਅਸਦ ਮੁਹੰਮਦ ਖਾਨ ਦੀ ਕਹਾਣੀ ‘ਬਾਸੌਦੇ ਦਾ ਮਰੀਅਮ’ ਪਾਤਰ ਪ੍ਰਧਾਨ ਕਹਾਣੀਆਂ ਹਨ ਜਿਨ੍ਹਾਂ ਵਿਚ ਦੋ ਔਰਤਾਂ ਦੇ ਸਫ਼ਾਫ ਜੀਵਨ, ਸਾਦਗੀ, ਪਵਿੱਤਰਤਾ ਅਤੇ ਨਿਸ਼ਕਾਮਤਾ ਦੀ ਥਾਹ ਪਾਈ ਜਾਂਦੀ ਹੈ। ਇਨ੍ਹਾਂ ਦਾ ਭੋਲਾਪਣ ਹੀ ਇਨ੍ਹਾਂ ਦਾ ਗਹਿਣਾ ਹੈ।
ਸਆਦਤ ਹਸਨ ਮੰਟੋ ਦੀ ਕਹਾਣੀ ‘ਖੋਲ੍ਹ ਦਿਉ’ ਬਹੁਤ ਪ੍ਰਸਿੱਧ ਕਹਾਣੀ ਹੈ ਜਿਸ ’ਤੇ ਅਸ਼ਲੀਲਤਾ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਪਰ ਇਸ ਵਿਚਲਾ ਕੱਥ ਇਨਸਾਨ ਦੀ ਕਰੂਰਤਾ, ਜ਼ਿੱਲਤ ਅੱਤ ਬੇਬਸੀ ਦਾ ਬਿਆਨ ਇਸ ਵਿਅੰਗਾਤਮਕ ਢੰਗ ਨਾਲ ਕਰਦਾ ਹੈ ਕਿ ਆਮ ਆਦਮੀ ਦੀ ਵੀ ਰੂਹ ਕੰਬ ਜਾਂਦੀ ਹੈ। ਅਹਿਮਦ ਨਦੀਮ ਕਾਸਮੀ ਦੀ ਕਹਾਣੀ ‘ਲਾਰੰਸ ਆਫ ਥਲੇਗੀਆ’ ਦੱਸਦੀ ਹੈ ਕਿ ਕਦੇ-ਕਦੇ ਲਾਲੀਆਂ ਜਿਹੇ ਮਾਸੂਮ ਪੰਛੀ ਵੀ ਬਾਜ਼ਾਂ ਦਾ ਸ਼ਿਕਾਰ ਕਰ ਸਕਦੇ ਹਨ। ਇਹ ਕਹਾਣੀ ਪਾਕਿਸਤਾਨ ਦੇ ਜਾਗੀਰੂ ਪ੍ਰਬੰਧਾਂ ’ਤੇ ਵੀ ਰੌਸ਼ਨੀ ਪਾਉਂਦੀ ਹੈ।
ਇੰਤਜ਼ਾਰ ਹੁਸੈਨ ਦੀ ਕਹਾਣੀ ‘ਨਰ-ਨਾਰੀ’ ਫੈਂਟਸੀ ਵਿਧੀ ਰਾਹੀਂ ਇਸ ਸੱਚ ਦਾ ਪ੍ਰਗਟਾਉ ਕਰਦੀ ਪ੍ਰਤੀਤ ਹੁੰਦੀ ਹੈ ਕਿ ਮਰਦ ਅਤੇ ਔਰਤ ਦਾ ਪਹਿਲਾ ਰਿਸ਼ਤਾ ਨਰ-ਨਾਰੀ ਜਾਂ ਨਰ ਤੇ ਮਾਦਾ ਵਾਲਾ ਹੀ ਹੁੰਦਾ ਹੈ, ਬਾਕੀ ਦੁਨਿਆਵੀ ਰਿਸ਼ਤੇ ਬਾਅਦ ’ਚ ਆਉਂਦੇ ਹਨ। ਅਸ਼ਫ਼ਾਕ ਅਹਿਮਦ ਦੀ ਕਹਾਣੀ ‘ਅਸ਼ਰਫ ਸਟੀਲ ਮਾਰਟ’ ਦੱਸਦੀ ਹੈ ਕਿ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਛੋਟੇ ਮੁਲਕਾਂ ਦੀ ਪ੍ਰਤਿਭਾ ਅਤੇ ਟੇਲੈਂਟ ਨੂੰ ਕਿਵੇਂ ਤਬਾਹ ਕਰਦੀਆਂ ਹਨ ਕਿ ਪ੍ਰਤਿਭਾ ਪਾਗਲ ਹੋ ਜਾਣ ਲਈ ਮਜਬੂਰ ਹੋ ਜਾਂਦੀ ਹੈ। ਬਾਨੋ ਕੁਦਸੀਆ ਦੀ ‘ਅੰਤਰ-ਹੋਤ ਉਦਾਸੀ’ ਕਹਾਣੀ ਔਰਤ ਦੀ ਮਜਬੂਰੀ ਬਿਆਨ ਕਰਦੀ ਹੈ ਜਿਸ ਕਾਰਨ ਉਹ ਪ੍ਰੇਮੀ, ਖਾਵੰਦ ਅਤੇ ਪੁੱਤਰ ਦੀ ਪ੍ਰਤਾੜਣਾ ਦਾ ਸ਼ਿਕਾਰ ਹੁੰਦੀ ਹੈ। ਉਹ ਹਰ ਥਾਂ ਜ਼ਲਾਲਤ ਭੋਗਦੀ ਹੈ। ਅਨਵਰ ਸੱਜਾਦ ਦੀ ਕਹਾਣੀ ‘ਗਾਂ’ ਇਕ ਅਜਿਹੀ ਨਾਕਾਮ ਗਾਂ ਦੀ ਕਹਾਣੀ ਹੈ ਜਿਸ ਨੂੰ ਘਰ ਵਾਲੇ ਬੁੱਚੜਖਾਨੇ ਭੇਜਣ ਦੀ ਕੋਸ਼ਿਸ਼ ਕਰਦੇ ਹਨ, ਪਰ ਘਰ ਦਾ ਨਿੱਕਾ ਮਾਸੂਮ ਬਾਲ ਉਸਨੂੰ ਹਸਪਤਾਲ ਭੇਜਣ ਦੀ ਜ਼ਿੱਦ ਕਰਦਾ ਹੈ ਤੇ ਆਪਣੀ ਅੜੀ ’ਤੇ ਕਾਇਮ ਰਹਿਣ ਲਈ ਉਹ ਹਥਿਆਰ ਵੀ ਚੁੱਕਦਾ ਹੈ।
ਸੰਪਾਦਕ ਇਨ੍ਹਾਂ ਨੂੰ ਉਰਦੂ ਦੀਆਂ ਕਲਾਸਿਕ ਕਹਾਣੀਆਂ ਆਖਦਾ ਹੈ। ਇਹ ਕਹਾਣੀਆਂ ਕਲਾਸਿਕ ਹਨ ਜਾਂ ਨਹੀਂ (ਸਾਰੀਆਂ ਦੀਆਂ ਸਾਰੀਆਂ), ਇਹ ਬਹਿਸ ਦਾ ਵਿਸ਼ਾ ਹੈ ਜਿਸ ਬਾਰੇ ਆਲੋਚਕ ਕਦੇ ਵੀ ਇਕਮੱਤ ਨਹੀਂ ਹੁੰਦੇ। ਇਨ੍ਹਾਂ ਕਹਾਣੀਆਂ ਨੂੰ ਕਲਾਸਿਕ ਕਹਾਣੀ ਦੇ ਪਛਾਣ-ਚਿੰਨ੍ਹ ਲੱਭਣ ਦਾ ਉਚੇਚਾ ਯਤਨ ਕਿਹਾ ਜਾ ਸਕਦਾ ਹੈ।
ਸੰਪਰਕ: 94635-37050