ਗੁਰਦੇਵ ਸਿੰਘ ਸਿੱਧੂ
ਪੁਸਤਕ ਪੜਚੋਲ
ਦੇਸ਼ ਨੂੰ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਚੱਲੀ ਆਜ਼ਾਦੀ ਦੀ ਲਹਿਰ ਦੌਰਾਨ ਸਰਗਰਮ ਇਨਕਲਾਬੀ ਸੰਗਰਾਮੀਆਂ ਬਾਰੇ ਪੰਜਾਬੀਆਂ ਨੂੰ ਪੁਸਤਕ ਰੂਪ ਵਿਚ ਜਾਣਕਾਰੀ ਦੇਣ ਵਾਲੇ ਲੇਖਕਾਂ ਵਿਚ ਰਾਕੇਸ਼ ਕੁਮਾਰ ਜਾਣਿਆ ਪਛਾਣਿਆ ਨਾਉਂ ਹੈ। ਉਸ ਨੇ ਆਪਣੀ ਲਿਖਤ ਲੜੀ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਬਾਰੇ ਲਿਖ ਕੇ ਕਰਨ ਪਿੱਛੋਂ ਗਦਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਬਾਰੇ ਪੁਸਤਕਾਂ ਲਿਖੀਆਂ। ਉਸ ਦੀ ਨਵੀਨਤਮ ਪੁਸਤਕ ਨੌਜੁਆਨ ਦੇਸ਼ ਭਗਤ ਸ਼ੇਰ ਜੰਗ ਬਾਰੇ ਹੈ ‘ਕ੍ਰਾਂਤੀਕਾਰੀ ਸ਼ੇਰ ਜੰਗ, ਸ਼ੇਰਾਂ ਵਰਗਾ ਸ਼ੇਰ’ (ਕੀਮਤ: 310 ਰੁਪਏ; ਕੈਫੇ ਵਅ:ਡ)।
ਸ਼ੇਰ ਜੰਗ ਦਾ ਜਨਮ 1904 ਵਿਚ ਨਾਹਨ ਦੇ ਨੇੜੇ
ਪਿੰਡ ਹਰੀਪੁਰ ਖੋਲ ਵਿਚ ਹੋਇਆ। ਉਸ ਦਾ
ਪਿਤਾ ਚੌਧਰੀ ਪ੍ਰਤਾਪ ਸਿੰਘ ਭਾਵੇਂ ਰਿਆਸਤ ਵਿਚ ਇਕ ਵੱਡੀ ਪਦਵੀ ਉੱਤੇ ਤਾਇਨਾਤ ਸੀ ਪਰ ਸ਼ੇਰ
ਜੰਗ ਨੇ ਚੌਥੀ ਜਮਾਤ ਤੋਂ ਅੱਗੇ ਪੜ੍ਹਾਈ ਨਾ ਕੀਤੀ। ਉਸ ਦਾ ਬਹੁਤਾ ਸਮਾਂ ਜੰਗਲ ਵਿਚ ਘੁੰਮਣ ਫਿਰਨ ਅਤੇ ਸ਼ਿਕਾਰ ਖੇਡਣ ਵਿਚ ਬੀਤਦਾ। ਉਸ ਦਾ ਲਾਹੌਰ ਵਿਚ ਆਉਣ ਜਾਣ ਵੀ ਬਣਿਆ ਰਹਿੰਦਾ ਜਿੱਥੇ ਉਸ ਦੀ ਭੈਣ ਵਿਦਿਆ ਦੇਵੀ ਦਾ ਪਤੀ ਉਦੈ ਵੀਰ ਸ਼ਾਸਤਰੀ ਨੈਸ਼ਨਲ ਕਾਲਜ ਵਿਚ ਸੰਸਕ੍ਰਿਤ ਪੜ੍ਹਾਉਂਦਾ ਸੀ। ਮਹਾਤਮਾ ਗਾਂਧੀ ਵੱਲੋਂ 1921 ਵਿਚ ਐਲਾਨੀ ਨਾ-ਮਿਲਵਰਤਣ ਲਹਿਰ ਦੇ ਇਕ ਨੁਕਤੇ ਉੱਤੇ ਫੁੱਲ ਚੜ੍ਹਾਉਂਦਿਆਂ ਰਾਜਨੀਤਿਕ ਤੌਰ ਉੱਤੇ ਜਾਗਰੂਕ ਜਿਹੜੇ ਵਿਦਿਆਰਥੀਆਂ ਨੇ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਕਾਲਜਾਂ ਵਿਚੋਂ ਆਪਣੇ ਨਾਂ ਕਟਵਾ ਲਏ ਸਨ, ਉਨ੍ਹਾਂ ਨੂੰ ਸਿੱਖਿਅਤ ਕਰ ਕੇ ਆਜ਼ਾਦੀ ਅੰਦੋਲਨ ਦੇ ਸਿਪਾਹੀ ਬਣਾਉਣ ਲਈ ਦੇਸ਼ ਵਿਚ ਕਈ ਥਾਵਾਂ ਉੱਤੇ ਨੈਸ਼ਨਲ ਸਕੂਲ ਅਤੇ ਕਾਲਜ ਖੋਲ੍ਹੇ ਗਏ ਸਨ। ਲਾਲਾ ਲਾਜਪਤ ਰਾਏ ਦੀ ਪਹਿਲਕਦਮੀ ਉੱਤੇ ਅਜਿਹਾ ਕਾਲਜ ਲਾਹੌਰ ਵਿਚ ਖੋਲ੍ਹਿਆ ਗਿਆ ਸੀ। ਕੁਦਰਤੀ ਹੈ ਕਿ
ਦੇਸ਼ ਭਗਤੀ ਦੀ ਲਗਨ ਵਾਲੇ ਵਿਅਕਤੀਆਂ ਨੂੰ ਹੀ ਅਧਿਆਪਕ ਰੱਖਿਆ ਗਿਆ ਸੀ। ਸ਼ਾਸਤਰੀ ਜੀ ਦੇ ਵਿਦਿਆਰਥੀਆਂ ਵਿਚ ਭਗਤ ਸਿੰਘ ਵੀ ਸ਼ਾਮਲ
ਸੀ। ਭਗਵਤੀ ਚਰਨ ਵੋਹਰਾ ਆਪਣੀ ਪਤਨੀ
ਸਮੇਤ ਸ਼ਾਸਤਰੀ ਜੀ ਦੇ ਗੁਆਂਢ ਵਿਚ ਰਹਿੰਦਾ ਸੀ। ਇਉਂ ਇਸ ਵਾਤਾਵਰਨ ਤੋਂ ਸ਼ੇਰ ਜੰਗ ਨੇ ਰਾਜਨੀਤਿਕ ਚੇਤਨਾ ਗ੍ਰਹਿਣ ਕੀਤੀ।
ਅੰਗਰੇਜ਼ ਵਿਰੋਧੀ ਪਹਿਲੇ ਰੋਹ ਵਜੋਂ ਸ਼ੇਰ ਜੰਗ ਨੇ ਜੈਤੋ ਦੇ ਮੋਰਚੇ ਵਿਚ ਸ਼ਾਮਲ ਹੋ ਕੇ ਤਿੰਨ ਮਹੀਨੇ ਦੀ ਕੈਦ ਭੁਗਤੀ। ਇਸ ਪਿੱਛੋਂ ਉਸ ਦਾ ਕਰਮ ਖੇਤਰ ਪੰਜਾਬ ਹੀ ਬਣ ਗਿਆ। ਰਿਆਸਤੀ ਪਰਜਾ ਮੰਡਲ ਵਿਚ ਸਰਗਰਮ ਹੋਣ ਕਾਰਨ ਉਹ ਹੋਰ ਇਨਕਲਾਬੀ ਨੌਜਵਾਨਾਂ ਹਰਨਾਮ ਸਿੰਘ ਚਮਕ, ਸਾਹਿਬ ਸਿੰਘ ਸਲਾਣਾ ਆਦਿ ਦੇ ਸੰਪਰਕ ਵਿਚ ਆਇਆ ਜੋ ਮਸਤੂਆਣੇ ਨੂੰ ਕੇਂਦਰ ਬਣਾ ਕੇ ਸਰਗਰਮੀਆਂ ਚਲਾ ਰਹੇ ਸਨ। ਇੱਥੇ ਹੀ ਇਨਕਲਾਬੀ ਸਫ਼ਾਂ ਵਿਚ ਮਹਿਸੂਸ ਕੀਤੀ ਜਾ ਰਹੀ ਧਨ ਦੀ ਲੋੜ ਪੂਰੀ ਕਰਨ ਵਾਸਤੇ ਸਰਕਾਰੀ ਖ਼ਜ਼ਾਨਾ ਲਿਜਾ ਰਹੀ ਰੇਲਗੱਡੀ ਨੂੰ ਅਹਿਮਦਗੜ੍ਹ ਨੇੜੇ ਲੁੱਟਣ ਦੀ ਯੋਜਨਾ ਬਣੀ ਅਤੇ 15 ਅਕਤੂਬਰ 1928 ਨੂੰ ਇਸ ਉੱਤੇ ਅਮਲ ਕੀਤਾ ਗਿਆ। ਸਿਖਾਂਦਰੂ ਇਨਕਲਾਬੀ ਆਪਣੇ ਮਨੋਰਥ ਵਿਚ ਅਸਫ਼ਲ ਰਹੇ। ਪੁਲੀਸ ਥੋੜ੍ਹੀ ਪੁੱਛ ਪੜਤਾਲ ਪਿੱਛੋਂ ‘ਦੋਸ਼ੀਆਂ’ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਈ ਅਤੇ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਮੁਲਜ਼ਮਾਂ ਵਿਚ ਸ਼ੇਰ ਜੰਗ ਦਾ ਨਾਂ ਵੀ ਬੋਲਦਾ ਸੀ ਪਰ ਉਹ ਭਗੌੜਾ ਹੋ ਗਿਆ। ਉਸ ਨੇ ਆਪਣੇ ਜੀਜਿਆਂ ਉਦੈ ਵੀਰ ਸ਼ਾਸਤਰੀ ਅਤੇ ਡਾ. ਹਰਦੁਆਰੀ ਸਿੰਘ ਵੱਲੋਂ ਦਬਾਅ ਪਾਏ ਜਾਣ ਉੱਤੇ ਆਤਮ ਸਮਰਪਣ ਕਰਨ ਪ੍ਰਤੀ ਸਹਿਮਤੀ ਦਿੱਤੀ ਅਤੇ 18 ਮਾਰਚ 1930 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾਏ ਜਾਣ ਤੋਂ ਅਗਲੇ ਦਿਨ ਉਹ ਪੁਲੀਸ ਕੋਲ ਪੇਸ਼ ਹੋ ਗਿਆ। ਅੱਠ ਸਾਲ ਬੰਦੀ ਰਹਿਣ ਪਿੱਛੋਂ ਉਹ 2 ਮਈ 1938 ਨੂੰ ਰਿਹਾਅ ਹੋਇਆ ਅਤੇ ਦਸ ਦਿਨ ਪਿੱਛੋਂ ਜੇਲ੍ਹ ਜੀਵਨ ਦੌਰਾਨ ਮੁਲਾਕਾਤ ਕਰਦੀ ਰਹੀ ਮੁਟਿਆਰ ਨਿਰਮਲਾ ਨਾਲ ਉਸ ਦੀ ਸ਼ਾਦੀ ਹੋ ਗਈ। ਦੂਜੀ ਸੰਸਾਰ ਜੰਗ ਮੌਕੇ ਕਮਿਊਨਿਸਟ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤਾਂ ਸ਼ੇਰ ਜੰਗ ਨੂੰ ਵੀ 1944 ਤੱਕ ਦਿਉਲੀ ਸਮੇਤ ਕਈ ਜੇਲ੍ਹਾਂ ਵਿਚ ਰੱਖਿਆ ਗਿਆ। ਦੇਸ਼ਵੰਡ ਮੌਕੇ ਸ਼ੇਰ ਜੰਗ ਨੇ ਦਿੱਲੀ ਵਿਚ ਰਹਿ ਕੇ ਪਾਕਿਸਤਾਨ ਤੋਂ ਉੱਜੜ ਕੇ ਆਏ ਸ਼ਰਨਾਰਥੀਆਂ ਦੇ ਵਸੇਬੇ ਵਾਸਤੇ ਕੰਮ ਕੀਤਾ ਅਤੇ ਫਿਰ ਕਸ਼ਮੀਰ ਵਾਦੀ ਨੂੰ ਪਾਕਿਸਤਾਨੀ ਧਾੜਵੀਆਂ ਦੇ ਹਮਲੇ ਤੋਂ ਬਚਾਉਣ, ਗੋਆ ਨੂੰ ਪੁਰਤਗਾਲੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਅਤੇ ਬੰਗਲਾਦੇਸ਼ ਵਿਚ ਮੁਕਤੀ ਵਾਹਿਨੀ ਨੂੰ ਸਿਖਲਾਈ ਦੇਣ ਦਾ ਕੰਮ ਕੀਤਾ। 14 ਨਵੰਬਰ 1996 ਨੂੰ 92 ਸਾਲ ਦੀ ਉਮਰ ਵਿਚ ਇਸ ਆਜ਼ਾਦੀ ਸੰਗਰਾਮੀ ਨੇ ਦਿੱਲੀ ਵਿਚ ਅੰਤਿਮ ਸਵਾਸ ਲਏ। ਸ੍ਰੀ ਰਾਕੇਸ਼ ਕੁਮਾਰ ਨੇ ਅਣਗੌਲੇ ਦੇਸ਼ਭਗਤ ਸ਼ੇਰ ਜੰਗ ਬਾਰੇ ਪੰਜਾਬੀ ਵਿਚ ਪੁਸਤਕ ਲਿਖ ਕੇ ਅਤੇ ਫਿਰ ਪੁਸਤਕ ਵਿਚਲੀ ਮੁੱਖ ਘਟਨਾਵਲੀ ਦੀ ਤਤਕਾਲੀਨ ਅਖ਼ਬਾਰਾਂ ਦੀ ਸਹਾਇਤਾ ਨਾਲ ਪੁਸ਼ਟੀ ਕਰ ਕੇ ਸ਼ਲਾਘਾਯੋਗ ਉੱਦਮ ਕੀਤਾ ਹੈ ਪਰ ਸ਼ੇਰ ਜੰਗ ਦੀ ਪੁਸਤਕ ‘ਪ੍ਰਿਜ਼ਨ ਡੇਜ਼’ ਵਿਚੋਂ 45 ਪੰਨਿਆਂ ਦਾ ਅਨੁਵਾਦ, ਸਾਹਿਬ ਸਿੰਘ ਸਲਾਣਾ ਦੀ ਪੁਸਤਕ ‘ਸਾਥੀ ਭਗਤ ਸਿੰਘ ਸ਼ਹੀਦ ਦੀ ਸ਼ਹੀਦੀ ਦੇ ਅੱਖੀਂ ਦੇਖੇ ਹਾਲਾਤ ਅਤੇ ਮੇਰੀ ਆਪ ਬੀਤੀ’ ਦੇ 17 ਪੰਨੇ, ਨਿਰਮਲਾ ਸ਼ੇਰ ਜੰਗ ਦੀ ਕਿਤਾਬ ‘ਹਿਮਾਚਲ ਦਾ ਸ਼ੇਰ’ ਵਿਚੋਂ 7 ਪੰਨੇ ਅਤੇ ਸੁਖਦੇਵ ਰਾਜ ਦੀ ਪੁਸਤਕ ‘ਜਬ ਜਯੋਤੀ ਜਗੀ’ ਵਿਚੋਂ 5 ਪੰਨਿਆਂ ਦੀ ਸਮਗਰੀ ਇਸ ਪੁਸਤਕ ਵਿਚ ਸ਼ਾਮਲ ਕਰਨ ਨਾਲ ਪੁਸਤਕ ਦੀ ਮੌਲਿਕਤਾ ਉੱਤੇ ਸੱਟ ਵੱਜੀ ਹੈ। ਪੁਸਤਕ ਦੇ ਤੀਜੇ ਅਧਿਆਇ ‘ਸ਼ੇਰ ਜੰਗ ਦਾ ਬੱਬਰਾਂ ਨਾਲ ਸੰਪਰਕ’ ਦੀਆਂ 41 ਪੰਕਤੀਆਂ ਵਿਚ ਸ਼ੇਰ ਜੰਗ ਬਾਰੇ ਢਾਈ ਕੁ ਪੰਕਤੀਆਂ ਦਾ ਕੇਵਲ ਇਕ ਵਾਕ, ਚੌਥੇ ਅਧਿਆਇ ‘ਰਿਆਸਤੀ ਪਰਜਾ ਮੰਡਲ ਨਾਲ ਜੁੜਿਆ ਸੀ ਸ਼ੇਰ ਜੰਗ’ ਦੇ ਦਸ ਪੰਨਿਆਂ ਵਿਚ ਕੇਵਲ ਦਸ ਕੁ ਵਾਰ ਸ਼ੇਰ ਜੰਗ ਦਾ ਨਾਂ ਆਉਣ ਅਤੇ ਪੰਜਵੇਂ ਅਧਿਆਇ ‘ਕ੍ਰਾਂਤੀਕਾਰੀਆਂ ਨੂੰ ਪੈਸੇ ਦੀ ਲੋੜ, ਸਰਕਾਰੀ ਖਜ਼ਾਨੇ ਲੁੱਟੋ’ ਵਿਚ ਸ਼ੇਰ ਜੰਗ ਨਾਲ ਸੰਬੰਧਿਤ ਗਿਣਤੀ ਦੇ ਵਾਕਾਂ ਤੋਂ ਪ੍ਰਭਾਵ ਬਣਦਾ ਹੈ ਕਿ ਲੇਖਕ ਵਿਸ਼ੇ ਨਾਲ ਸੰਬੰਧਿਤ ਸਮੱਗਰੀ ਦੀ ਘਾਟ ਨੂੰ ਪੂਰਨ ਦਾ ਯਤਨ ਕਰ ਰਿਹਾ ਹੈ।
ਅਖ਼ਬਾਰਾਂ ਵਿਚ ਛਪੇ ਲੇਖ ਵਿਚਲੀਆਂ ਮਹੱਤਵਪੂਰਨ ਪੰਕਤੀਆਂ ਵੱਲ ਪਾਠਕਾਂ ਦਾ ਧਿਆਨ ਦਿਵਾਉਣ ਵਾਸਤੇ ਉਨ੍ਹਾਂ ਨੂੰ ਡੱਬੀ ਵਿਚ ਉੱਘੜਵੀਆਂ ਕਰ ਕੇ ਛਾਪਣ ਦਾ ਰਿਵਾਜ ਹੈ ਪਰ ਪੁਸਤਕ ਵਿਚ ਇਹ ਵਿਧੀ ਢੁੱਕਵੀਂ ਨਹੀਂ। ਜੇ ਇਨ੍ਹਾਂ ਪੰਕਤੀਆਂ ਦਾ ਬਿਆਨੀਆ ਨਾਲ ਸੰਬੰਧ ਨਾ ਹੋਵੇ ਤਾਂ ਇਹ ਹੋਰ ਵੀ ਅਖੜਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਪੁਸਤਕ ਵਿਚ ਅਜਿਹਾ ਕਈ ਥਾਂ ਵੇਖਿਆ ਜਾ ਸਕਦਾ ਹੈ।
ਪੁਸਤਕ ਸੂਚੀ ਵਿਚ ਵਿਭਿੰਨ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਬਿਨਾਂ ਕਿਸੇ ਤਰਤੀਬ ਇਕੋ ਲੜੀ ਵਿਚ ਦਰਜ ਕਰਨਾ ਅਤੇ ਸ਼ਬਦ-ਜੋੜਾਂ ਵੱਲ ਬੇਧਿਆਨੀ ਵੀ ਪੁਸਤਕ ਦੇ ਮਹੱਤਵ ਨੂੰ ਘਟਾਉਂਦੀ ਹੈ।
ਸੰਪਰਕ: 94170-49417