ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਪਹਾੜ ਵਰਗੇ ਜਿਗਰੇ ਵਾਲੇ ਪਿਤਾ ਦੀਆਂ ਅੱਖਾਂ ਵਿਚੋਂ ਹੰਝੂ ਵਗਦੇ ਵੇਖ ਮਿਹਰਦੀਪ ਨੇ ਬਾਪੂ ਦੇ ਮੰਜੇ ਉੱਤੇ ਹੀ ਬੈਠਦਿਆਂ ਪੁੱਛਿਆ, ‘‘ਬਾਪੂ, ਅੱਜ ਅਜਿਹਾ ਕੀ ਹੋਇਆ ਏ? ਜਿਹੜਾ ਪਰਬਤ ਪਾਣੀ ਵਿਚ ਘੁਲਦਾ ਵੇਖ ਰਿਹਾ ਹਾਂ, ਕੁਝ ਮੇਰੇ ਜਾਂ ਮੇਰੇ ਬੱਚਿਆਂ ਕੋਲੋਂ ਗੁਸਤਾਖ਼ੀ ਹੋ ਗਈ ਏ?’’
‘‘ਨਹੀਂ ਉਏ ਪੁੱਤਰਾ, ਐਸਾ ਕੁਝ ਨਹੀਂ ਹੋਇਆ ਬੱਸ ਇਸ ਸੀਨੇ ਵਿਚ ਇਕ ਬਹੁਤ ਪੁਰਾਣਾ ਜ਼ਖ਼ਮ ਸੀ ਜੋ ਆਹ ਟੈਲੀਵਿਜ਼ਨ ਉੱਤੇ ਚੱਲਦੇ ਦੇਸ਼ ਦੀ ਵੰਡ ਬਾਰੇ ਗੀਤ ਨੇ ਫਿਰ ਉਧੇੜ ਦਿੱਤਾ ਏ ਜੋ ਮੈਂ ਤੇਰੀ ਮਾਂ ਤੋਂ ਬਿਨਾਂ ਕਦੇ ਕਿਸੇ ਨੂੰ ਨਹੀਂ ਦੱਸਿਆ।’’
‘‘ਬਾਪੂ, ਜੇ ਤੂੰ ਆਪਣੇ ਇਸ ਪੁੱਤਰ ਤੋਂ ਹੀ ਜ਼ਖ਼ਮ ਦਾ ਦਰਦ ਛੁਪਾ ਕੇ ਲੈ ਗਿਆ ਤਾਂ ਮੈਂ ਸਮਝਾਂਗਾ ਕਿ ਜ਼ਰੂਰ ਮੇਰੇ ਪਿਆਰ ਸਤਿਕਾਰ ਵਿਚ ਕੋਈ ਕਮੀ ਰਹਿ ਗਈ ਹੋਵੇਗੀ।’’
‘‘ਮੇਰਿਆ ਸੋਹਣਿਆ ਪੁੱਤਰਾ ਐਸਾ ਕਿਉਂ ਸੋਚਿਆ ਈ…? ਤੇਰੇ ਮਨ ਵਿਚ ਆਏ ਇਸ ਸ਼ੰਕੇ ਕਰਕੇ ਮੈਂ ਤੈਨੂੰ ਇਹ ਆਪਣੇ ਦਰਦ ਦੀ ਕਹਾਣੀ ਜ਼ਰੂਰ ਦੱਸਾਂਗਾ, ਬੇਸ਼ੱਕ ਮੈਂ ਸੁਰਜੀਤ ਕੌਰ ਨੂੰ ਦਿੱਤੀ ਜ਼ੁਬਾਨ ਤੋਂ ਥਿੜਕ ਜਾਵਾਂ।
ਠੀਕ ਅੱਜ ਤੋਂ ਪੰਝੱਤਰ ਸਾਲ ਪਹਿਲਾਂ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਅਸੀਂ ਵੀ ਪੂਰੇ ਪਰਿਵਾਰ ਸਮੇਤ ਭਾਰਤ ਨੂੰ ਤੁਰ ਪਏ ਸਾਂ। ਰਾਵੀ ਦਰਿਆ ਦੇ ਪਾਰਲੇ ਕਿਨਾਰੇ ਉੱਤੇ ਸਾਡੇ ਪਹੁੰਚਦਿਆਂ ਹੀ ਮੁਸਲਮਾਨ ਦੰਗਾਕਾਰੀਆਂ ਦੇ ਅੱਠ ਦਸ ਮੈਬਰਾਂ ਦੇ ਬਦਮਾਸ਼ ਟੋਲੇ ਨੇ ਲੁਕ-ਛਿਪ ਕੇ ਹਿੰਦੋਸਤਾਨ ਆ ਰਹੇ ਮੇਰੇ ਪਰਿਵਾਰ, ਜਿਸ ਵਿਚ ਮੇਰੇ ਮਾਤਾ-ਪਿਤਾ, ਇਕ ਭੈਣ, ਦੋ ਛੋਟੇ ਭਰਾ ਸਨ ਅਤੇ ਮੇਰੀ ਪਤਨੀ ਸੁਰਜੀਤ ਕੌਰ ਨੌਂ ਮਹੀਨਿਆਂ ਦੀ ਗਰਭਵਤੀ ਸੀ, ਉੱਪਰ ਆ ਹੱਲਾ ਬੋਲਿਆ। ਉਸ ਹਮਲੇ ਦੌਰਾਨ ਮੇਰੇ ਪਰਿਵਾਰ ਦੇ ਸਾਰੇ ਜੀਅ ਬਹੁਤ ਬੁਰੀ ਤਰ੍ਹਾਂ ਵੱਢ-ਟੁੱਕ ਕੇ ਕਤਲ ਕਰ ਦਿੱਤੇ ਗਏ ਅਤੇ ਨਾਲ ਲਿਆਂਦਾ ਜਾ ਰਿਹਾ ਸਾਰਾ ਕੀਮਤੀ ਸਾਮਾਨ, ਗਹਿਣੇ-ਗੱਟੇ ਤੇ ਪੈਸੇ ਆਦਿ ਵੀ ਲੁੱਟ ਲਿਆ ਗਿਆ। ਮੈਨੂੰ ਜਿਵੇਂ ਪਰਮਾਤਮਾ ਨੇ ਬਚਾਉਣ ਲਈ ਹੀ ਕਿਸੇ ਵਿਧਾਨ ਰਾਹੀਂ ਦੋ-ਚਾਰ ਮਿੰਟ ਲਈ ਆਪਣੇ ਪਰਿਵਾਰ ਨਾਲੋਂ ਵਿਛੋੜ ਕੇ ਬਚਾ ਲਿਆ ਹੋਵੇ। ਮੈਂ ਕੁਝ ਹੀ ਦੂਰੀ ਉੱਤੇ ਬੂਟਿਆਂ ਓਹਲੇ ਲੁਕਿਆ ਹੋਣ ਅਤੇ ਕੁਝ ਹਨੇਰਾ ਹੋਣ ਕਰਕੇ ਉਨ੍ਹਾਂ ਦੰਗਈਆਂ ਨੂੰ ਨਾ ਦਿਸਿਆ। ਪਰ ਮੈਂ ਆਪਣੇ ਘਰ ਦੇ ਸਾਰੇ ਜੀਆਂ ਦੀਆਂ ਮਰਦੇ ਸਮੇਂ ਦੀਆਂ ਦਰਦਨਾਕ ਕੂਕਾਂ-ਚੀਕਾਂ ਕੰਨੀਂ ਸੁਣੀਆਂ ਜੋ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦੀਆਂ ਰਹਿੰਦੀਆਂ ਹਨ। ਮੈਂ ਚਾਹੁੰਦਾ ਹੋਇਆ ਵੀ ਕੁਝ ਨਾ ਕਰ ਸਕਿਆ ਜਿਸ ਉੱਤੇ ਮੈਨੂੰ ਅੱਜ ਵੀ ਬਹੁਤ ਅਫ਼ਸੋਸ ਦੇ ਨਾਲ ਨਾਲ ਸ਼ਰਮਿੰਦਗੀ ਵੀ ਏ। ਦੰਗਈਆਂ ਦੇ ਜਾਣ ਤੋਂ ਬਾਅਦ ਮੈਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਦੇ ਨੇੜੇ ਜਾ-ਜਾ ਕੇ ਸਭ ਨੂੰ ਦੇਖਿਆ। ਉਨ੍ਹਾਂ ਦਾ ਹਾਲ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੇ ਬਾਪੂ ਦਾ ਸਿਰ ਧੜ ਤੋਂ ਅਲੱਗ ਹੋਇਆ ਪਿਆ ਸੀ। ਮੇਰੀ ਮਾਂ ਦੇ ਸੀਨੇ ਉੱਤੇ ਬਹੁਤ ਡੂੰਘਾ ਫੱਟ ਲੱਗਿਆ ਹੋਇਆ ਸੀ। ਮੇਰੀ ਭੈਣ ਤੇ ਭਰਾਵਾਂ ਦੇ ਵੀ ਕਈ ਅੰਗ ਸਰੀਰ ਤੋਂ ਅਲੱਗ ਪਏ ਹੋਏ ਸਨ। ਇਕ ਪਾਸੇ ਡਿੱਗੀ ਪਈ ਮੇਰੀ ਪਤਨੀ ਸੁਰਜੀਤ ਕੌਰ ਦੇ ਪੇਟ ਦੇ ਆਰ-ਪਾਰ ਤਲਵਾਰ ਲੰਘ ਗਈ ਦਿਸ ਰਹੀ ਸੀ। ਮੈਂ ਮੰਗ ਤਾਂ ਰੱਬ ਕੋਲੋਂ ਮੰਗ ਸੀ ਕਿ ਪਰਮਾਤਮਾ ਮੈਨੂੰ ਇੱਥੇ ਹੀ ਮੌਤ ਦੇ ਦੇਵੇ ਜਾਂ ਧਰਤੀ ਪਾਟ ਜਾਵੇ ਤੇ ਮੈਂ ਆਪਣੇ ਪਰਿਵਾਰ ਦੀਆਂ ਲਾਸ਼ਾਂ ਸਮੇਤ ਇਸ ਧਰਤੀ ਵਿਚ ਸਮਾ ਜਾਵਾਂ, ਪਰ ਜਦੋਂ ਹਾਲਾਤ ਮਾੜੇ ਤੇ ਅਣਸੁਖਾਵੇਂ ਹੋਣ ਤਾਂ ਇਹੋ ਜਿਹੇ ਤਸੀਹੇ ਤੇ ਸਦਮੇ ਸਹਿਣੇ ਹੀ ਪੈਂਦੇ ਨੇ। ਮੈਂ ਰੋਂਦੇ-ਕੁਰਲਾਉਂਦੇ ਨੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਦੀਆਂ ਲਾਸ਼ਾਂ ਇਕ-ਇਕ ਕਰਕੇ ਆਪਣੇ ਹੱਥੀਂ ਰਾਵੀ ਵਿਚ ਵਹਾਅ ਦਿੱਤੀਆਂ ਤੇ ਦਰਿਆ ਕਿਨਾਰੇ ਹੀ ਮਾਤਮ ਵਿਚ ਬੈਠ ਗਿਆ।
ਪਿੱਛੋਂ ਹਿਜਰਤ ਕਰ ਕੇ ਹਿੰਦੋਸਤਾਨ ਆ ਰਹੇ ਕੁਝ ਪਰਿਵਾਰਾਂ ਦੇ ਨਾਲ-ਨਾਲ ਮੈਂ ਵੀ ਅੱਖਾਂ ਵਿਚ ਹੰਝੂਆਂ ਦਾ ਹੜ੍ਹ ਲਈ ਤੇ ਸਿਰ ਉੱਤੇ ਦੁੱਖਾਂ-ਦਰਦਾਂ ਦੀ ਪੰਡ ਚੁੱਕ ਕਿਸੇ ਨਾ ਕਿਸੇ ਤਰੀਕੇ ਰਾਵੀ ਪਾਰ ਕਰ ਆਇਆ। ਉਹ ਪਿੱਛੋਂ ਆਇਆ ਕਾਫ਼ਲਾ ਪਹਿਲਾਂ ਤੋਂ ਹੀ ਹਿੰਦੋਸਤਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਵੱਲ ਨੂੰ ਕੂਚ ਕਰ ਗਿਆ ਤੇ ਮੈਂ ਕਿਸਮਤ ਦਾ ਮਾਰਿਆ ਭੁੱਖਾ-ਭਾਣਾ ਸਾਰਾ ਦਿਨ ਤੁਰਿਆ ਹੀ ਰਿਹਾ। ਸ਼ਾਮ ਢਲੀ ਤੋਂ ਕਿਸੇ ਛੱਤ ਦਾ ਆਸਰਾ ਲੈਣ ਲਈ ਇਕ ਪਿੰਡ ਦੇ ਬਾਹਰਵਾਰ ਪੈਂਦੇ ਇਕ ਛੋਟੇ ਜਿਹੇ ਘਰ ਵਿਚ ਜਾ ਵੜਿਆ ਜੋ ਵੇਖਣ ਨੂੰ ਕਿਸੇ ਉੱਜੜ ਚੁੱਕੇ ਮੁਸਲਮਾਨ ਪਰਿਵਾਰ ਦਾ ਲੱਗਦਾ ਸੀ। ਅੰਦਰ ਵੜਿਆ ਤਾਂ ਉਹ ਹੀ ਮੰਜ਼ਰ ਦੇਖਿਆ ਜੋ ਰਾਵੀ ਪਾਰ ਆਪਣੇ ਪਰਿਵਾਰ ਨਾਲ ਵਾਪਰਿਆ ਦੇਖ ਕੇ ਆਇਆ ਸੀ। ਇਕ ਦੁੱਖ ਇਸ ਤੋਂ ਵੀ ਅੱਗੇ ਦਾ ਸੀ ਜੋ ਦਿਲ ਚੀਰ ਦੇਣ ਵਾਲਾ ਸੀ। ਪੰਜ ਲਾਸ਼ਾਂ ਪਈਆਂ ਸਨ ਅਤੇ ਇਕ ਔਰਤ ਅਰਧ ਨਗਨ ਹਾਲਤ ਵਿਚ ਮਰਿਆਂ ਵਾਂਗ ਪਈ ਸੀ। ਉਹ ਜ਼ਿੰਦਾ ਜਾਪਦੀ ਸੀ। ਸਪਸ਼ਟ ਦਿਸ ਰਿਹਾ ਸੀ ਕਿ ਉਹ ਵਹਿਸ਼ੀ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਸੀ। ਉਸ ਦੀ ਛਾਤੀ ਉੱਤੇ ਡੇਢ ਕੁ ਸਾਲ ਦਾ ਇਕ ਬੱਚਾ ਲੇਟਿਆ ਹੋਇਆ ਸੀ। ਸੀ ਉਹ ਵੀ ਜਿਉਂਦਾ ਹੀ, ਪਰ ਰੋ-ਰੋ ਕੇ ਬੇਹੋਸ਼ ਹੋ ਚੁੱਕਾ ਸੀ। ਜ਼ਾਹਿਰ ਤੌਰ ’ਤੇ ਇਹ ਮੁਸਲਮਾਨ ਪਰਿਵਾਰ ਵੀ ਏਧਰਲੇ ਜਨੂੰਨੀ ਤੇ ਕੱਟੜਵਾਦੀਆਂ ਦੀ ਨਫ਼ਰਤ ਦੀ ਅੱਗ ਦੀ ਭੇਟ ਚੜ੍ਹ ਗਿਆ ਸੀ। ਇੱਥੇ ਬਚੇ ਹੋਏ ਦੋਵਾਂ ਜੀਆਂ ਨੂੰ ਬਚਾਉਣਾ ਮੇਰਾ ਫ਼ਰਜ਼ ਹੀ ਨਹੀਂ ਸੀ ਸਗੋਂ ਜੀਵਨ ਦਾ ਮਕਸਦ ਅਤੇ ਧਰਮ ਵੀ ਸੀ। ਸ਼ਾਇਦ ਇਸੇ ਕਰਕੇ ਓਸ ਵਾਹਿਗੁਰੂ ਨੇ ਮੈਨੂੰ ਆਪਣੇ ਪਰਿਵਾਰ ਵਿਚੋਂ ਇਕੱਲੇ ਨੂੰ ਹੀ ਬਚਾਇਆ ਸੀ। ਮੇਰੇ ਅੰਦਰ ਇਨਸਾਨੀਅਤ ਦਾ ਲਾਵਾ ਫੁੱਟਿਆ ਅਤੇ ਮੈਂ ਅੱਖਾਂ ਬੰਦ ਕਰ ਕੇ ਰੱਬ ਨੂੰ ਯਾਦ ਕੀਤਾ ਕਿ ‘ਹੇ ਵਾਹਿਗੁਰੂ! ਮੈਨੂੰ ਸ਼ਕਤੀ ਦੇ। ਮੈਂ ਇਨ੍ਹਾਂ ਮਾਂ ਪੁੱਤਰ ਦੀ ਜਾਨ ਬਚਾ ਸਕਾਂ।’ ਮੈਂ ਕਮਰੇ ਅੰਦਰ ਘੜੇ ਵਿਚ ਪਿਆ ਪਾਣੀ ਕੋਲ ਹੀ ਪਏ ਕੌਲੇ ਨਾਲ ਉਸ ਔਰਤ ਅਤੇ ਬੱਚੇ ਦੇ ਮੂੰਹ ਵਿਚ ਪਾਇਆ ਤਾਂ ਪਰਮਾਤਮਾ ਨੇ ਕ੍ਰਿਸ਼ਮਾ ਕੀਤਾ। ਔਰਤ ਕੁਝ ਹਿੱਲੀ। ਮੈਂ ਉਸ ਉੱਤੇ ਨੇੜੇ ਪਈ ਚਾਦਰ ਦਿੱਤੀ। ਉਸ ਦੇ ਪੈਰਾਂ ਦੀਆਂ ਤਲੀਆਂ ਝੱਸੀਆਂ। ਉਹ ਜਲਦੀ ਹੀ ਹੋਸ਼ ਵਿਚ ਆ ਗਈ। ਉਸ ਨੇ ਆਪਣੇ ਬੱਚੇ ਨੂੰ ਆਪਣੀ ਛਾਤੀ ਨਾਲ ਘੁੱਟਿਆ ਤੇ ਬੱਚਾ ਵੀ ਹਰਕਤ ਕਰਨ ਲੱਗ ਪਿਆ। ਉਸ ਨੇ ਆਪਣੇ ਪਰਿਵਾਰ ਦੀਆਂ ਲਾਸ਼ਾਂ ਵੱਲ ਵੇਖਿਆ ਤੇ ਜਲਦੀ ਹੀ ਸਾਰੀ ਗੱਲ ਸਮਝ ਗਈ। ਮੈਂ ਉਸ ਨੂੰ ਜਲਦੀ-ਜਲਦੀ ਆਪਣੇ ਬਾਰੇ ਅਤੇ ਆਪਣੇ ਉੱਤੇ ਗੁਜ਼ਰੀ ਕਹਾਣੀ ਸੰਖੇਪ ਸ਼ਬਦਾਂ ਵਿਚ ਦੱਸ ਦਿੱਤੀ। ਉਸ ਨੂੰ ਆਪਣੀ ਅਤੇ ਉਸ ਬੱਚੇ ਦੀ ਜਾਨ ਬਚਾਉਣ ਲਈ ਇੱਥੋਂ ਕਿਤੇ ਹੋਰ ਮਹਿਫੂਜ਼ ਜਗ੍ਹਾ ’ਤੇ ਜਾਣ ਲਈ ਰਾਜ਼ੀ ਕਰ ਲਿਆ। ਉਸ ਨੇ ਮੇਰੇ ਸਾਹਮਣੇ ਆਪਣੇ ਪਰਿਵਾਰ ਨੂੰ ਦਫ਼ਨਾਉਣ ਦੀ ਸ਼ਰਤ ਰੱਖੀ। ਮੈਂ ਉਸ ਨੂੰ ਸਮਝਾਇਆ ਕਿ ‘ਇਹ ਜੀਅ ਮਰ ਚੁੱਕੇ ਹਨ। ਜੇਕਰ ਅਸੀਂ ਇਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਪੈ ਗਏ ਤਾਂ ਸ਼ਾਇਦ ਅਸੀਂ ਆਪਣੀ ਵੀ ਜਾਨ ਗੁਆ ਲਵਾਂਗੇ।’ ਕਿਉਂਕਿ ਸਰਹੱਦ ਦੇ ਨਜ਼ਦੀਕ ਹੋਣ ਕਰਕੇ ਲੁੱਟਾਂ-ਖੋਹਾਂ ਕਰਨ ਵਾਲੇ ਸਿਰਫਿਰੇ ਲੋਕ ਹਰਲ-ਹਰਲ ਕਰਦੇ ਫਿਰਦੇ ਸਨ। ਮੇਰੀ ਮਨਸ਼ਾ ਬਿਲਕੁਲ ਸਾਫ਼ ਸੀ ਤੇ ਸਾਫ਼ ਮਨਸ਼ਾ ਵਿਚ ਅਕਾਲ ਪੁਰਖ ਆਪ ਸਹਾਈ ਹੁੰਦਾ ਹੈ। ਬੇਸ਼ੱਕ, ਉਹ ਔਰਤ ਕਿਸੇ ਵੀ ਸੂਰਤ ਵਿਚ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਇਸ ਤਰ੍ਹਾਂ ਕਾਵਾਂ-ਕੁੱਤਿਆਂ ਲਈ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ, ਪਰ ਮੇਰੇ ਇਹ ਸਮਝਾਉਣ ਕਿ ‘ਮਰਿਆਂ ਨਾਲ ਮਰਿਆ ਨਹੀਂ ਜਾ ਸਕਦਾ’ ’ਤੇ ਉਹ ਮੇਰੀ ਗੱਲ ਨਾਲ ਸਹਿਮਤ ਹੋ ਗਈ ਤੇ ਮੇਰੇ ਨਾਲ ਹੋ ਤੁਰੀ।
ਮੈਂ ਉਨ੍ਹਾਂ ਦੋਵੇਂ ਮਾਂ ਪੁੱਤ ਨੂੰ ਨਾਲ ਲੈ ਕੇ ਉੱਥੋਂ ਨਿਕਲ ਤੁਰਿਆ। ਅਸੀਂ ਰਾਤ ਭਰ ਤੁਰਦੇ ਹੀ ਰਹੇ। ਵਿਚ-ਵਿਚ ਬੱਚਾ ਮੈਂ ਵੀ ਚੁੱਕ ਲੈਂਦਾ। ਰਾਤ ਭਰ ਅਸੀਂ ਚੁੱਪ-ਚਾਪ ਤੁਰਦੇ-ਤੁਰਦੇ ਸਰਹੱਦ ਤੋਂ ਕਾਫ਼ੀ ਦੂਰ ਨਿਕਲ ਆਏ। ਜਿਵੇਂ ਉਸ ਪਰਮਾਤਮਾ ਨੇ ਸੱਚਮੁੱਚ ਹੀ ਕ੍ਰਿਪਾ ਕੀਤੀ ਹੋਵੇ, ਰਸਤੇ ਵਿਚ ਕਿਤੇ ਕੋਈ ਅੜਚਣ ਨਾ ਆਈ। ਹਾਂ, ਭੁੱਖ ਨਾਲ ਸਾਡਾ ਤਿੰਨਾਂ ਦਾ ਬੁਰਾ ਹਾਲ ਸੀ। ਅਸੀਂ ਦਿਨ ਦੇ ਚੜ੍ਹਾਅ ਨਾਲ ਇਕ ਪਿੰਡ ਦੇ ਕੋਲ ਪੈਂਦੀ ਇਕ ਪੀਰ ਦੀ ਮਜ਼ਾਰ ਉੱਤੇ ਆ ਰੁਕੇ ਜਿੱਥੇ ਇਕ ਸੇਵਾਦਾਰ ਸਾਫ਼ ਸਫਾਈ ਕਰ ਕੇ ਆਪਣੇ ਪੀਰੋ-ਮੁਰਸ਼ਦ ਦੀ ਫੋਟੋ ਅੱਗੇ ਧੂਫ਼ਬੱਤੀ ਕਰ ਰਿਹਾ ਸੀ। ਅਸੀਂ ਉਸ ਨੂੰ ਜਾ ਬੇਨਤੀ ਕੀਤੀ ਕਿ ‘ਬਾਬਾ ਜੀ ਬੱਚਾ ਕੱਲ੍ਹ ਦਾ ਭੁੱਖਾ ਹੈ ਦੋ ਘੁੱਟ ਦੁੱਧ ਮਿਲ ਜਾਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ।’
‘ਠੀਕ ਹੈ, ਪਰ ਤੁਸੀਂ ਕੌਣ ਹੋ ਭਗਤੋ? ਕਿੱਥੋਂ ਆਏ ਹੋ?’
ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ, ਉਹ ਔਰਤ ਪਹਿਲਾਂ ਹੀ ਬੋਲ ਪਈ,
‘ਜੀ ਇਹ ਮੇਰੇ ਪਤੀ ਨੇ ਤੇ ਇਹ ਸਾਡਾ ਬੱਚਾ ਏ। ਅਸੀਂ ਪਾਕਿਸਤਾਨ ਤੋਂ ਉੱਜੜ ਕੇ ਆਏ ਹਾਂ।’
‘ਓ ਮੇਰੇ ਅੱਲ੍ਹਾ ਓ ਮੇਰੇ ਅੱਲ੍ਹਾ’ ਇਸ ਖ਼ਲਕਤ ਦੀ ਮੱਤ-ਪੱਤ ਦੀ ਆਪ ਰਾਖੀ ਕਰੋ’ ਓਸ ਫੱਕਰ ਸੇਵਾਦਾਰ ਨੇ ਦੋਵੇਂ ਹੱਥ ਉੱਪਰ ਨੂੰ ਚੁੱਕ ਅੱਲ੍ਹਾ ਅੱਗੇ ਦੁਆ ਕੀਤੀ।
ਉਸ ਫ਼ੱਕਰ ਨੇ ਜਲਦੀ ਨਾਲ ਅੱਗ ਬਾਲੀ ਤੇ ਰਾਤ ਦਾ ਪਿਆ ਦੁੱਧ ਗਰਮ ਕੀਤਾ ਜੋ ਉਸ ਨੇ ਬੱਚੇ ਨੂੰ ਵੀ ਪੀਣ ਲਈ ਦਿੱਤਾ, ਸਾਨੂੰ ਵੀ ਪਿਆਇਆ ਤੇ ਆਪ ਵੀ ਪੀਤਾ। ਹੁਣ ਅਸੀਂ ਸਰੀਰਕ ਤੌਰ ’ਤੇ ਕੁਝ ਬਲ ਵਿਚ ਆ ਚੁੱਕੇ ਸੀ ਬੇਸ਼ੱਕ ਸੀਨੇ ਵਿਚ ਜ਼ਖ਼ਮ ਹੀ ਜ਼ਖ਼ਮ ਸਨ।
ਫ਼ੱਕਰ ਨੇ ਪੁੱਛਿਆ ‘ਹੁਣ ਅੱਗੇ ਜਾਣਾ ਕਿੱਥੇ ਹੈ ਭਗਤੋ?’
‘ਮਹਾਂਪੁਰਸ਼ੋ ਕੋਈ ਠਿਕਾਣਾ ਨਹੀਂ,’ ਮੈਂ ਬੋਲਿਆ।
‘ਜੇਕਰ ਮੈਂ ਤੁਹਾਨੂੰ ਇਸੇ ਪਿੰਡ ਹੀ ਰਹਿਣ ਲਈ ਕੋਈ ਜਗ੍ਹਾ ਦੁਆ ਦੇਵਾਂ ਤਾਂ ਰਹਿ ਲਵੋਗੇ?’
‘ਜ਼ਰੂਰ ਮਹਾਂਪੁਰਸ਼ੋ, ਇਸ ਤੋਂ ਉੱਪਰ ਸਾਡੇ ਕਰਮਾਂ ਮਾਰਿਆਂ ਉੱਤੇ ਹੋਰ ਕੀ ਅਹਿਸਾਨ ਹੋ ਸਕਦਾ ਹੈ!’
ਉਸ ਰੱਬ ਦੇ ਦੂਤ ਨੇ ਸਾਨੂੰ ਇਸੇ ਪਿੰਡ ਵਿਚੋਂ ਉੱਜੜ ਕੇ ਜਾ ਚੁੱਕੇ ਕਿਸੇ ਮੁਸਲਮਾਨ ਪਰਿਵਾਰ ਦਾ ਘਰ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਗੱਲਬਾਤ ਕਰ ਕੇ ਦਿਵਾ ਦਿੱਤਾ। ਪਹਿਲੀ ਰਾਤ ਮੈਂ ਆਪਣੇ ਦੁੱਖਾਂ ਦੀ ਦਾਸਤਾਨ ਪੂਰੇ ਵਿਸਥਾਰ ਨਾਲ ਉਸ ਔਰਤ ਨੂੰ ਦੱਸੀ ਜਿਸ ਨਾਲ ਉਸ ਨੂੰ ਲੱਗਿਆ ਕਿ ਅਸੀਂ ਦੋਵੇਂ ਇਕੋ ਹੀ ਤਰ੍ਹਾਂ ਦੀ ਦਰਿੰਦਗੀ ਦੇ ਸ਼ਿਕਾਰ ਹਾਂ। ਮੈਂ ਉਸ ਔਰਤ ਨੂੰ ਪੁੱਛਿਆ ਕਿ ਉਸ ਪੀਰ ਦੀ ਦਰਗਾਹ ’ਤੇ ਉਸ ਨੇ ਮੈਨੂੰ ਆਪਣਾ ਪਤੀ ਡਰ ਦੇ ਮਾਰੇ ਦੱਸਿਆ ਸੀ ਜਾਂ…
ਅਧੂਰੀ ਗੱਲ ਨੂੰ ਪੂਰਾ ਕਰਦੀ ਉਹ ਫੱਟ ਦੇਣੇ ਬੋਲੀ, ‘ਸਰਦਾਰਾ, ਜਦੋਂ ਉਸ ਅੱਲ੍ਹਾ ਤਾਲਾ ਨੇ ਹੀ ਮੇਰੀ ਅਤੇ ਮੇਰੇ ਬੱਚੇ ਦੀ ਜਾਨ ਤੇਰੇ ਹੱਥ ਦੇ ਦਿੱਤੀ ਸੀ ਤਾਂ ਮੈਂ ਕੌਣ ਹੁੰਦੀ ਹਾਂ ਉਸ ਤੋਂ ਮੂੰਹ ਫੇਰਨ ਵਾਲੀ। ਸੋ ਹੁਣ ਤੂੰ ਮੇਰਾ ਸਭ ਕੁਝ ਏਂ। ਹਾਂ, ਆ ਇਕ ਵਾਅਦਾ ਕਰੀਏ ਕਿ ਅੱਜ ਤੋਂ ਬਾਅਦ ਇਹ ਰਾਜ਼ ਅਸੀਂ ਕਿਸੇ ਨੂੰ ਨਹੀਂ ਦੱਸਾਂਗੇ ਕਿ ਅਸੀਂ ਇਸ ਤਰ੍ਹਾਂ ਜੀਵਨ ਸਾਥੀ ਬਣੇ ਹਾਂ।’
ਮੈਂ ਉਸ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਉਸ ਨੂੰ ਅੱਗੇ ਤੋਂ ਸੁਰਜੀਤ ਕੌਰ ਦੇ ਨਾਮ ਨਾਲ ਬੁਲਾਉਣ ਬਾਰੇ ਵੀ ਦੱਸ ਦਿੱਤਾ ਜਿਸ ਦਾ ਮਤਲਬ ਉਹ ਭਲੀਭਾਂਤ ਸਮਝ ਗਈ ਸੀ। ਉਸ ਨੇ ਸਿਰ ਹਿਲਾ ਕੇ ਮੈਨੂੰ ਪੂਰਨ ਪ੍ਰਵਾਨਗੀ ਦੇ ਦਿੱਤੀ। ਫਿਰ ਅਸੀਂ ਉਸ ਘਰ ਵਿਚ ਪੱਕੇ ਤੌਰ ’ਤੇ ਰਹਿਣਾ ਸ਼ੁਰੂ ਕਰ ਦਿੱਤਾ। ਸੁਰਜੀਤ ਕੌਰ ਨੇ ਦਿਨਾਂ ਵਿਚ ਹੀ ਘਰ ਨੂੰ ਸੰਵਾਰ ਲਿਆ ਤੇ ਰੋਟੀ ਰੋਜ਼ੀ ਦੇ ਆਹਰ ਵਿਚ ਮਸ਼ਰੂਫ਼ ਹੋ ਗਈ। ਅਸੀਂ ਦੋਵੇਂ ਬੱਚੇ ਦੀ ਪਰਵਰਿਸ਼ ਵਿਚ ਪੂਰੀ ਤਰ੍ਹਾਂ ਮਗਨ ਹੋ ਗਏ। ਦੁਨੀਆ ਵਿਚ ਆਪਣੇ ਵਰਗੇ ਹੋਰ ਕਿੰਨੇ ਲੋਕਾਂ ਨੂੰ ਰਹਿੰਦਿਆਂ ਵੇਖ ਦੁੱਖ ਕੁਝ ਘਟਣ ਲੱਗਾ। ਮੈਂ ਸਰੀਰੋਂ ਵਾਹਵਾ ਸਡੌਲ ਹੋਣ ਕਰਕੇ ਪਿੰਡ ਵਿਚ ਹੀ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ। ਹੌਲੀ ਹੌਲੀ ਮੈਂ ਸਾਰੇ ਇਲਾਕੇ ਦਾ ਜਾਣੂੰ ਹੋ ਗਿਆ ਤੇ ਜਲਦੀ ਹੀ ਲੋਕ ਵੀ ਮੈਨੂੰ ਤੇ ਮੇਰੀ ਨੇਕਨੀਅਤੀ ਨਾਲ ਕੀਤੀ ਮਿਹਨਤ ਨੂੰ ਜਾਣਨ ਲੱਗ ਪਏ। ਓਧਰ ਉਸ ਔਰਤ ਨੇ ਮੈਨੂੰ ਧੁਰ ਅੰਦਰ ਤੱਕ ਜਾਣ ਲਿਆ ਸੀ ਤੇ ਸਚਮੁੱਚ ਹੀ ਮੈਨੂੰ ਦਿਲ ਤੋਂ ਆਪਣਾ ਪਤੀ ਸਵੀਕਾਰ ਕਰ ਲਿਆ ਸੀ। ਅਸੀਂ ਸਮਾਜ ਵਿਚ ਪਤੀ-ਪਤਨੀ ਵਾਂਗੂੰ ਪੂਰੀ ਤਰ੍ਹਾਂ ਵਿਚਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਸੁਰਜੀਤ ਕੌਰ ਦੇ ਨਾਮ ਨਾਲ ਬੁਲਾਉਂਦਾ ਤੇ ਉਹ ਮੈਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੀ ਜੋ ਮੈਨੂੰ ਬਹੁਤ ਚੰਗਾ ਲੱਗਦਾ। ਉਸ ਨੇ ਆਪਣਾ ਸਾਰਾ ਜੀਵਨ ਮੇਰੀ ਸੁਰਜੀਤ ਕੌਰ ਬਣ ਕੇ ਹੀ ਬਿਤਾਇਆ ਤੇ ਦਿਲ ਜਾਨ ਤੋਂ ਆਪਣੇ ਅੰਤਿਮ ਸਾਹਾਂ ਤੱਕ ਮੇਰਾ ਸਾਥ ਦਿੱਤਾ।
ਵਕਤ ਆਪਣੀ ਚਾਲੇ ਚੱਲਦਾ ਗਿਆ, ਪਰ ਸਾਡੇ ਘਰ ਹੋਰ ਔਲਾਦ ਪੈਦਾ ਨਹੀਂ ਹੋਈ। ਸ਼ਾਇਦ ਇਸ ਵਿਚ ਵੀ ਕੋਈ ਉਸ ਪਰਮਾਤਮਾ ਦੀ ਹੀ ਰਮਜ਼ ਹੋਵੇਗੀ ਕਿ ਬੱਚੇ ਦੇ ਜੀਵਨ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਖੜ੍ਹੀ ਨਾ ਹੋ ਜਾਵੇ। ਸੁਰਜੀਤ ਕੌਰ ਮੇਰੇ ਨਾਲ ਜ਼ਿੰਦਗੀ ਦਾ ਸੰਘਰਸ਼ ਕਰਦੀ-ਕਰਦੀ ਉਹ ਬੱਚਾ ਮੇਰੇ ਹਵਾਲੇ ਕਰ ਕੇ ਮੇਰਾ ਸਾਥ ਸਦਾ ਲਈ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਮੈਂ ਆਪਣਾ ਧਰਮ ਨਿਭਾਇਆ। ਉਸ ਬੱਚੇ ਨੂੰ ਆਪਣਾ ਹੀ ਪੁੱਤ ਸਮਝ ਕੇ ਉਸ ਦੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਅਤੇ ਕਿਤੇ ਵੀ ਮਨ ਵਿਚ ਰਤਾ ਭਰ ਖੋਟ ਨਾ ਆਉਣ ਦਿੱਤੀ। ਉਸ ਬੱਚੇ ਨੇ ਵੀ ਮੇਰੀ ਮਿਹਨਤ ਅਤੇ ਤਪੱਸਿਆ ਦਾ ਪੂਰਾ ਮੁੱਲ ਮੋੜਿਆ ਅਤੇ ਅੱਜ ਉਹ ਬੱਚਾ ਪੜ੍ਹ ਲਿਖ ਕੇ ਸਰਕਾਰੀ ਅਫ਼ਸਰ ਬਣਿਆ ਮੇਰੇ ਸਾਹਮਣੇ ਖੜ੍ਹਾ ਮਿਹਰਦੀਪ ਸਿੰਘ ਏ।’’
‘‘ਬਾਪੂ…!’’ ਪੁੱਤਰ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ।
‘‘ਹਾਂ ਪੁੱਤਰ, ਬੇਸ਼ੱਕ ਤੂੰ ਮੇਰਾ ਖ਼ੂਨ ਨਹੀਂ ਸੀ, ਪਰ ਮੇਰੀ ਜ਼ਿੰਦਗੀ ਦਾ ਆਉਂਦਾ-ਜਾਂਦਾ ਸਾਹ ਸੀ, ਮੇਰੀ ਜ਼ਿੰਦਗੀ ਜੀਣ ਦਾ ਮਕਸਦ ਸੀ, ਮੇਰੀ ਉਮੀਦ ਸੀ।
ਅੱਜ ਮੈਂ ਸੁਰਜੀਤ ਕੌਰ ਨਾਲ ਕੀਤੇ ਰਾਜ਼ ਨਾ ਖੋਲ੍ਹਣ ਦੇ ਵਾਅਦੇ ਨੂੰ ਤੋੜ ਕੇ ਤੈਨੂੰ ਇਸ ਲਈ ਵੀ ਹਕੀਕਤ ਦੱਸ ਰਿਹਾ ਹਾਂ ਕਿ ਜ਼ਿੰਦਗੀ ਦੇ ਸਫ਼ਰ ਦਾ ਕੋਈ ਭਰੋਸਾ ਨਹੀਂ ਕਦੋਂ ਕਿੱਥੇ ਖ਼ਤਮ ਹੋ ਜਾਵੇ ਤੇ ਮੇਰੇ ਮਰਨ ਤੋਂ ਬਾਅਦ ਤੈਨੂੰ ਸਾਡੇ ਜੀਵਨ ਦੀ ਸੱਚਾਈ ਕਿਤੋਂ ਬਾਹਰੋਂ ਪਤਾ ਲੱਗਣ ’ਤੇ ਮੇਰੇ ਅਤੇ ਸੁਰਜੀਤ ਕੌਰ ਉੱਤੇ ਕੋਈ ਗਿਲਾ ਨਾ ਰਹੇ। ਸੋ ਸਾਨੂੰ ਮੁਆਫ਼ ਕਰੀਂ ਪੁੱਤਰਾ ਕਿ ਅਸੀਂ ਸਾਰੀ ਉਮਰ ਤੈਨੂੰ ਸੱਚਾਈ ਨਹੀਂ ਦੱਸੀ।’’
ਪੂਰੀ ਦਰਦ ਕਹਾਣੀ ਆਪਣੇ ਪੁੱਤਰ ਮਿਹਰਦੀਪ ਸਿੰਘ ਨੂੰ ਦੱਸਦਿਆਂ ਇਹ ਵਾਅਦਾ ਵੀ ਲਿਆ ਕਿ ਇਹ ਸਾਰੀ ਕਹਾਣੀ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਕਦੇ ਵੀ ਸਾਂਝੀ ਨਹੀਂ ਕਰੇਗਾ।
ਆਪਣੇ ਬਾਪੂ ਤੋਂ ਇਹ ਦਰਦ ਕਹਾਣੀ ਸੁਣਨ ਤੋਂ ਬਾਅਦ ਹੁਣ ਮਿਹਰਦੀਪ ਨੂੰ ਸੰਸਾਰ ਸਿੰਘ ਆਪਣਾ ਪਿਤਾ ਹੀ ਨਹੀਂ ਸਗੋਂ ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ‘ਜਿਉਂਦਾ ਜਾਗਦਾ ਰੱਬ’ ਲੱਗ ਰਿਹਾ ਸੀ।
ਸੰਪਰਕ: 99888-11681