ਸੁਰਿੰਦਰ ਸਿੰਘ ਤੇਜ
ਗੂੜ੍ਹੇ ਮਿੱਤਰ ਸਨ ਮੈਥਿਆਜ਼ ਸ਼ਲਾਇਡਨ ਤੇ ਟਿਓਡੋਰ ਸ਼ਵਾਨ। ਪਹਿਲਾ ਬਨਸਪਤੀ ਵਿਗਿਆਨੀ ਸੀ ਤੇ ਦੂਜਾ ਜੀਵ ਵਿਗਿਆਨੀ। ਅਕਤੂਬਰ 1837 ਦੀ ਇਕ ਸ਼ਾਮ ਦੋਵੇਂ ਰਾਤ ਦੇ ਖਾਣੇ ਲਈ ਬਰਲਿਨ (ਜਰਮਨੀ) ਦੇ ਇਕ ਰੈਸਤਰਾਂ ਵਿਚ ਮਿਲੇ। ਦੋਵਾਂ ਦੇ ਦਿਨ ਆਮ ਤੌਰ ‘ਤੇ ਬਰਲਿਨ ਯੂਨੀਵਰਸਿਟੀ ਦੀਆਂ ਪ੍ਰਯੋਗਸ਼ਾਲਾਵਾਂ ਵਿਚ ਗੁਜ਼ਰਦੇ ਸਨ। ਉੱਘੇ ਸਰੀਰ-ਕ੍ਰਿਆ ਵਿਗਿਆਨੀ ਯੋਹਾਨੇਜ਼ ਪੀਟਰ ਮੂਲਰ ਦੇ ਸਹਿਯੋਗੀ ਹੋਣ ਦੇ ਨਾਤੇ ਦੋਵਾਂ ਤੋਂ ਤਵੱਕੋ ਵੀ ਇਹੋ ਕੀਤੀ ਜਾਂਦੀ ਸੀ ਕਿ ਉਹ ਵੀ ਨਵੀਆਂ ਖੋਜਾਂ, ਨਵੇਂ ਵਿਗਿਆਨਕ ਪ੍ਰਗਟਾਵੇ ਸੰਭਵ ਬਣਾਉਣ। ਸ਼ਲਾਇਡਨ ਦੀ ਪੇਸ਼ਾਨੀ ‘ਤੇ ਲੰਬਾ ਝਰੀਟਨੁਮਾ ਨਿਸ਼ਾਨ ਸੀ। ਇਹ ਖ਼ੁਦਕੁਸ਼ੀ ਦੀ ਨਾਕਾਮ ਕੋਸ਼ਿਸ਼ ਦੀ ਨਿਸ਼ਾਨੀ ਸੀ। ਉਹ ਪਹਿਲਾਂ ਪੇਸ਼ੇ ਵਜੋਂ ਵਕੀਲ ਸੀ। ਇਸ ਪੇਸ਼ੇ ਵਿਚ ਨਾਕਾਮਯਾਬ ਰਹਿਣ ਕਾਰਨ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਬਨਸਪਤੀ ਵਿਗਿਆਨ ਦਾ ਅਧਿਐਨ ਤਾਂ ਉਸ ਨੇ ਡਿਪਰੈਸ਼ਨ ਤੋਂ ਛੁਟਕਾਰਾ ਪਾਉਣ ਲਈ ਸ਼ੁਰੂ ਕੀਤਾ ਸੀ। ਇਸੇ ਅਧਿਐਨ ਦੇ ਜ਼ਰੀਏ ਉਹ ਇਕ ਅਹਿਮ ਖੋਜ ਦੇ ਨੇੜੇ ਪਹੁੰਚ ਚੁੱਕਾ ਸੀ। ਉਸ ਨੇ ਇਹ ਰਾਜ਼ ਸ਼ਵਾਨ ਨਾਲ ਸਾਂਝਾ ਕੀਤਾ ਕਿ ਪੌਦੇ ਦੀ ਜ਼ਿੰਦਗੀ ਦਾ ਅਸਲ ਆਧਾਰ ਉਸ ਅੰਦਰਲੇ ਕੋਸ਼ਾਣੂ (ਸੈੱਲ) ਹਨ। ਸੈੱਲਾਂ ਨੂੰ ਉਤਪਤੀ, ਵਿਕਾਸ ਤੇ ਪਾਸਾਰ ਲਈ ਕਿਸੇ ਬਾਹਰੀ ਮਦਦ ਦੀ ਲੋੜ ਨਹੀਂ। ਉਹ ਤਾਂ ਇਕ ਜ਼ਿੰਦਗੀ ਦੇ ਅੰਦਰ ਧੜਕਦੀਆਂ ਕਈ ਜ਼ਿੰਦਗੀਆਂ ਹਨ।
ਸ਼ਨਾਇਡਨ ਕੋਲ ਪੌਦਿਆਂ ਦੀਆਂ ਸੈਂਕੜੇ ਵੰਨਗੀਆਂ ਦੇ ਨਮੂਨੇ ਮੌਜੂਦ ਸਨ। ਦਰਅਸਲ, ਉਸ ਦਾ ਇਹ ‘ਖ਼ਜ਼ਾਨਾ’ ਹੋਰਨਾਂ ਬਨਸਪਤੀ ਵਿਗਿਆਨੀਆਂ ਲਈ ਈਰਖਾ ਦਾ ਵਿਸ਼ਾ ਵੀ ਸੀ। ਇਕ ਪੌਦੇ ਅੰਦਰ ਸੈੱਲਾਂ ਦੀ ਸ਼ਨਾਖ਼ਤ ਕਰਨ ਮਗਰੋਂ ਉਸ ਨੇ ਦਰਜਨਾਂ ਹੋਰ ਪੌਦਿਆਂ ਦੀ ਵੀ ਜਾਂਚ-ਪਰਖ ਕੀਤੀ। ਇਸ ਜਾਂਚ-ਪਰਖ ਮਗਰੋਂ ਉਹ ਇਸ ਨਤੀਜੇ ‘ਤੇ ਪਹੁੰਚਿਆ ਕਿ ਸਾਰੇ ਪੌਦਿਆਂ ਦੀ ਤਾਮੀਰ, ਬਣਤਰ ਤੇ ਜਿਸਮਾਨੀ ਵਿਵਸਥਾ ਵਿਚ ਏਕਤਾ ਤੇ ਇਕਸੁਰਤਾ ਹੈ। ਕੋਈ ਵੀ ਪੌਦਾ ਅਜਿਹਾ ਨਹੀਂ ਜੋ ਸੈੱਲਾਂ (ਕੋਸ਼ਾਣੂਆਂ) ਤੋਂ ਨਾ ਬਣਿਆ ਹੋਵੇ। ਸ਼ਨਾਇਡਨ ਦੀਆਂ ਗੱਲਾਂ ਸੁਣ ਕੇ ਜੰਤੂ ਵਿਗਿਆਨੀ (ਜ਼ੂਆਲੋਜਿਸਟ) ਸ਼ਵਾਨ ਨੇ ਵੀ ਆਪਣੇ ਤਜਰਬਿਆਂ ਦਾ ਰਾਜ਼ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਉਹ ਡੱਡਾਂ-ਡੱਡੜੀਆਂ (ਟੈਡਪੋਲਜ਼) ਦੇ ਅੰਦਰ ਸੈੱਲਾਂ ਦੀ ਮੌਜੂਦਗੀ ਦੀ ਸ਼ਨਾਖ਼ਤ ਕਰ ਚੁੱਕਾ ਹੈ ਅਤੇ ਇਹ ਵੀ ਲੱਭ ਚੁੱਕਿਆ ਹੈ ਕਿ ਹਰ ਸੈੱਲ ਦਾ ਕੇਂਦਰਕ (ਨਿਊਕਲੀਅਸ) ਹੁੰਦਾ ਹੈ ਜੋ ਸੈੱਲ ਨੂੰ ਸਜੀਵਤਾ ਪ੍ਰਦਾਨ ਕਰਦਾ ਹੈ। ਪੌਦਾ ਹੋਵੇ ਜਾਂ ਜੀਵ, ਸਭਨਾਂ ਦਾ ਜੀਵਨ ਸੈੱਲਾਂ ਦੀ ਸਜੀਵਤਾ ਤੇ ਸਿਹਤਮੰਦੀ ਉੱਤੇ ਆਧਾਰਿਤ ਹੁੰਦਾ ਹੈ।
ਦੋਵਾਂ ਦੋਸਤਾਂ ਨੇ ਆਪੋ-ਆਪਣੀਆਂ ਖੋਜਾਂ ਪ੍ਰੋ. ਮੂਲਰ ਦੇ ਧਿਆਨ ‘ਚ ਲਿਆਂਦੀਆਂ। ਉਨ੍ਹਾਂ ਨੇ ਦੋਵਾਂ ਨੂੰ ਖੋਜ ਤੇ ਅਧਿਐਨ ਜਾਰੀ ਰੱਖਣ ਅਤੇ ਨਿੱਗਰ ਨਤੀਜੇ ਵਿਗਿਆਨਕ ਪਰਚਿਆਂ ਰਾਹੀਂ ਵਿਗਿਆਨ ਜਗਤ ਨਾਲ ਸਾਂਝੇ ਕਰਨ ਦੀ ਸਲਾਹ ਦਿੱਤੀ। 1838 ਵਿਚ ਸ਼ਨਾਇਡਨ ਦਾ ਪਰਚਾ ”ਫਾਈਟੋਜੈਨੇਸਿਸ ਬਾਰੇ ਸਾਡਾ ਗਿਆਨ” ਇਕ ਜਰਮਨ ਸ਼ੋਧ-ਪੱਤ੍ਰਿਕਾ ਵਿਚ ਪ੍ਰਕਾਸ਼ਿਤ ਹੋਇਆ। ਇਕ ਵਰ੍ਹੇ ਬਾਅਦ ਸ਼ਵਾਨ ਦਾ ਪਰਚਾ ”ਜੰਤੂਆਂ ਅਤੇ ਪੌਦਿਆਂ ਦੀ ਬਣਤਰ ਤੇ ਵਿਕਾਸ ਵਿਚ ਸਾਂਝ” ਵਿਗਿਆਨ ਜਗਤ ਤੋਂ ਇਲਾਵਾ ਆਮ ਲੋਕਾਂ ਵਿਚ ਵੀ ਖ਼ੂਬ ਚਰਚਿਤ ਹੋਇਆ। ਇਹ ਨਹੀਂ ਸੀ ਕਿ ਵਿਗਿਆਨਕ ਲੋਕ, ਕੋਸ਼ਾਣੂਆਂ ਦੀ ਹੋਂਦ ਬਾਰੇ ਜਾਣਦੇ ਹੀ ਨਹੀਂ ਸਨ। ਇਨ੍ਹਾਂ ਦੀ ਸ਼ਨਾਖ਼ਤ ਤਾਂ ਤਕਰੀਬਨ ਪੌਣੇ ਦੋ ਸਦੀਆਂ ਪਹਿਲਾਂ ਯੂਰੋਪ ਵਿਚ ਹੋ ਚੁੱਕੀ ਸੀ। ਸ਼ਨਾਖ਼ਤ ਵੀ ਦੋ ਵੱਖ-ਵੱਖ ਵਿਅਕਤੀਆਂ ਨੇ ਕੀਤੀ ਸੀ। ਡੱਚ ਕੱਪੜਾ ਵਪਾਰੀ ਐਂਟਨੀ ਵਾਨ ਲਿਊਵਨਹੌਕ ਨੇ ਕੱਪੜਿਆਂ ਦੇ ਰੇਸ਼ਿਆਂ ਦੀ ਪੁਣਛਾਣ ਕਰਨ ਲਈ ਖ਼ੁਦ ਬਣਾਈ ਖ਼ੁਰਦਬੀਨ ਦੇ ਜ਼ਰੀਏ ਮੀਂਹ ਦੇ ਪਾਣੀ ਦੀ ਬੂੰਦ ਦੇ ਅੰਦਰ ਕਈ ਸਜੀਵ ਤੱਤ ਵਿਚਰਦੇ ਦੇਖੇ ਸਨ। ਉਸ ਤੋਂ 200 ਮੀਲ ਦੀ ਦੂਰੀ ‘ਤੇ ਬੈਠੇ ਇੰਗਲਿਸਤਾਨੀ ਹਰਫ਼ਨਮੌਲਾ- ਰੌਬਰਟ ਹੁੱਕ ਨੇ ਕੌਰਕ ਦੇ ਇਕ ਟੁਕੜੇ ਨੂੰ ਗ਼ਲਤੀ ਨਾਲ ਪਰਖਦਿਆਂ ਇਹ ਦੇਖਿਆ ਸੀ ਕਿ ਉਹ ਕੌਰਕ ਕਿੰਨੇ ਸਾਰੇ ਤਹਿਖਾਨਾਨੁਮਾ ‘ਬਕਸਿਆਂ’ ਦੀ ਮਦਦ ਨਾਲ ਬਣਿਆ ਹੋਇਆ ਸੀ। ਉਸ ਨੇ ਹੀ ਇਨ੍ਹਾਂ ਕੋਸ਼ਾਣੂਆਂ ਨੂੰ ਉਨ੍ਹਾਂ ਦੀ ਬਣਤਰ ਦੇ ਡਿਜ਼ਾਈਨ ਮੁਤਾਬਿਕ ਸੈੱਲ (ਕਮਰੇ) ਦਾ ਨਾਮ ਦਿੱਤਾ ਸੀ। ਹਾਂ, ਉਸ ਨੂੰ ਇਹ ਕਿਆਸ ਤਕ ਨਹੀਂ ਸੀ ਕਿ ਉਸ ਵੱਲੋਂ ਧਰਿਆ ਨਾਮ ਖੰਡ-ਬ੍ਰਹਿਮੰਡ ਲਈ ਕਿੰਨਾ ਅਹਿਮ ਹੋ ਜਾਵੇਗਾ।
ਉਪਰੋਕਤ ਕਹਾਣੀ ਡਾ. ਸਿਧਾਰਥ ਮੁਖਰਜੀ ਦੀ ਨਵੀਂ ਕਿਤਾਬ ‘ਦਿ ਸੌਂਗ ਆਫ ਦਿ ਸੈੱਲ’ (ਕੋਸ਼ਾਣੂ ਦਾ ਗੀਤ; ਪੈਂਗੁਇਨ-ਐਲਨ ਲੇਨ; 490 ਪੰਨੇ; 799 ਰੁਪਏ) ਦੀ ਭੂਮਿਕਾ ਦਾ ਸਾਰ-ਅੰਸ਼ ਹੈ। ਕਿਤਾਬ ਦੀ ਅੰਤਿਕਾ ਤੱਕ ਪੁੱਜਦਿਆਂ ਸੈੱਲਾਂ ਦੀਆਂ ਨਸਲਾਂ ਤੇ ਕਿਸਮਾਂ, ਉਨ੍ਹਾਂ ਦੀ ਭੂਮਿਕਾ, ਮਹੱਤਵ, ਕੰਮ-ਢੰਗ ਆਦਿ ਬਾਰੇ ਅਸੀਮ ਗਿਆਨ ਪ੍ਰਾਪਤ ਹੁੰਦਾ ਹੈ। ਸਿਹਤ ਵਿਗਿਆਨ ਦੀਆਂ ਪੇਚੀਦਗੀਆਂ ਬਾਰੇ ਜਾਣਕਾਰੀ, ਸਰਲ ਭਾਸ਼ਾ ਵਿਚ ਅਦਬੀ ਚਾਸ਼ਨੀ ਚੜ੍ਹਾ ਕੇ ਰਸੀਲੇ ਤੇ ਲੱਜ਼ਤਦਾਰ ਢੰਗ ਨਾਲ ਪਰੋਸਣ ਦਾ ਜੋ ਹੁਨਰ ਡਾ. ਮੁਖਰਜੀ ਕੋਲ ਹੈ, ਉਹ ਬਹੁਤ ਘੱਟ ਵਿਗਿਆਨ ਲੇਖਕਾਂ ਦੇ ਹਿੱਸੇ ਆਇਆ ਹੈ। ਕੈਂਸਰਾਂ ਬਾਰੇ ਉਨ੍ਹਾਂ ਦੀ ਪਹਿਲੀ ਕਿਤਾਬ ‘ਦਿ ਐਂਪਰਰ ਆਫ ਆਲ ਮੈਲੇਡੀਜ਼’ (ਰੋਗਾਂ ਦੀ ਦੁਨੀਆਂ ਦਾ ਬਾਦਸ਼ਾਹ) ਨੂੰ 2015 ਵਿਚ ਵਾਰਤਕ ਲਈ ਪੁਲਿਟਜ਼ਰ ਪੁਰਸਕਾਰ ਮਿਲਿਆ ਸੀ। ਇਹ ਕਿਤਾਬ ਪੂਰੇ ਇਕ ਵਰ੍ਹੇ ਲਈ ‘ਨਿਊਯੌਰਕ ਟਾਈਮਜ਼’ ਅਖ਼ਬਾਰ ਦੀ ਬੈਸਟ ਸੈੱਲਰਾਂ ਦੀ ਸੂਚੀ ਵਿਚ ਰਹੀ। 23 ਭਾਸ਼ਾਵਾਂ ਵਿਚ ਅਨੁਵਾਦਿਤ ਹੋ ਚੁੱਕੀ ਹੈ ਇਹ ਕਿਤਾਬ। ਡੀਐਨਏ ਦੀ ਬਣਤਰ ਅਤੇ ਮਹੱਤਵ ਬਾਰੇ ਵੱਡਮੁੱਲਾ ਗਿਆਨ ਪੇਸ਼ ਕਰਨ ਵਾਲੀ ਅਗਲੀ ਕਿਤਾਬ ‘ਦਿ ਜੀਨ’ ਨੂੰ ਵੀ ਆਮ ਪਾਠਕਾਂ ਤੋਂ ਤਕੜਾ ਹੁੰਗਾਰਾ ਮਿਲਿਆ। ਇਸੇ ਕੈਂਸਰ ਰੋਗ ਮਾਹਿਰ ਦੀ ਤੀਜੀ ਤੇ ਤਾਜ਼ਾਤਰੀਨ ਕਿਤਾਬ ਹੈ ‘ਦਿ ਸੌਂਗ’। ਜ਼ਿੰਦਗੀ ਕੀ ਹੈ ਅਤੇ ਜ਼ਿੰਦਗੀ ਨੂੰ ‘ਜ਼ਿੰਦਾ’ ਰੱਖਣ ਵਿਚ ਸੈੱਲ ਦੀ ਕੀ ਭੂਮਿਕਾ ਹੈ, ਉਸ ਬਾਰੇ ਵਿਸਮਾਦੀ ਜਾਣਕਾਰੀ ਪ੍ਰਦਾਨ ਕਰਨ ਵਾਲੀ; ਉਹ ਵੀ ਕਥਾ-ਕਹਾਣੀਆਂ ਤੇ ਸਾਖੀਆਂ ਦੀ ਮਦਦ ਨਾਲ।
ਛੇ ਅਨੁਭਾਗ ਹਨ ਇਸ ਕਿਤਾਬ ਦੇ; ਸਾਰੇ ਹੀ ਸੈੱਲਾਂ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਗਹਿਰ-ਗਿਆਨ ਸਾਂਝਾਂ ਕਰਨ ਵਾਲੇ। ਵੰਨਗੀਆਂ ਨੂੰ ਨਾਮ ਵੀ ਉਨ੍ਹਾਂ ਦੇ ਸੁਭਾਅ ਤੇ ਕਾਰਜ ਮੁਤਾਬਿਕ ਦਿੱਤੇ ਗਏ ਹਨ: ਮੌਲਿਕ ਸੈੱਲ, ਪ੍ਰਤੱਖ ਸੈੱਲ, ਬ੍ਰਹਿਮੰਡੀ ਸੈੱਲ, ਫੋਟੋਜੀਨਿਕ ਸੈੱਲ, ਸਾਫ਼-ਸਫ਼ਾਫ਼ ਸੈੱਲ, ਵੰਡ-ਪਾਊ ਸੈੱਲ, ਵਿਕਾਸਸ਼ੀਲ ਸੈੱਲ, ਬੇਮੁਰੱਵਤੀ ਸੈੱਲ, ਬੇਚੈਨ ਸੈੱਲ, ਮੁਹਾਫ਼ਿਜ਼ ਸੈੱਲ, ਸੋਚਵਾਨ ਸੈੱਲ, ਸਹਿਣਸ਼ੀਲ ਸੈੱਲ, ਨਾਗਰਿਕ ਸੈੱਲ, ਸੂਝਵਾਨ ਸੈੱਲ, ਪੁਨਰਜੀਵੀ ਸੈੱਲ, ਸੁਆਰਥੀ ਸੈੱਲ, ਮੁਰੰਮਤਸਾਜ਼ ਸੈੱਲ, ਗੁਲੂਕਾਰ ਸੈੱਲ। ਹਰ ਸੈੱਲ ਦੀ ਖੋਜ ਅਤੇ ਖੋਜਕਾਰ ਨਾਲ ਜੁੜੇ ਫ਼ਸਾਨੇ ਵੀ ਨਾਲੋ-ਨਾਲ ਪੇਸ਼ ਹਨ। ਹਰ ਸੈੱਲ ਦੀ ਕਹਾਣੀ ਕਹਿਣ ਲਈ ਵਰਤੇ ਗਏ ਬਿੰਬ ਵੀ ਬਾਕਮਾਲ ਹਨ। ਸਾਰੇ ਸਾਹਿਤਕ ਪੁੱਠ ਵਾਲੇ; ਨੋਬੇਲ ਪੁਰਸਕਾਰ ਜੇਤੂ ਨਾਵਲਕਾਰਾਂ ਦੇ ਅਹਿਮ ਪਾਤਰਾਂ ਅਤੇ ਹਾਲੀਵੁੱਡ ਦੀਆਂ ਨਾਮਵਰ ਫਿਲਮਾਂ ਦੇ ਮੁੱਖ ਕਿਰਦਾਰਾਂ ਦੇ ਨਾਵਾਂ ਵਾਲੇ। ਇਹ ਤੱਥ ਪਾਠਕ ਨੂੰ ਬੋਰ ਨਹੀਂ ਹੋਣ ਦਿੰਦਾ।
ਕਿਤਾਬ ਦੀ ਅੰਤਿਕਾ ‘ਮੇਰੇ ਬਿਹਤਰ ਰੂਪ’ ਨਵਾਂ ਮਨੁੱਖ ‘ਘੜਨ’ ਦੀ ਦਿਸ਼ਾ ਵੱਲ ਚੱਲ ਰਹੇ ਕਦਮਾਂ ਦੀ ਗੱਲ ਕਰਦੀ ਹੈ। ਡਾ. ਮੁਖਰਜੀ ਸਪਸ਼ਟ ਕਰਦਾ ਹੈ ਕਿ ਇਨ੍ਹਾਂ ਕਦਮਾਂ ਦਾ ਮਨੋਰਥ ਜੀਨ-ਐਡੀਟਿੰਗ ਰਾਹੀਂ ਸੁਪਰਮੈਨ ਤਿਆਰ ਕਰਨਾ ਨਹੀਂ, ਬਲਕਿ ਅਸਾਧ ਜਾਪਣ ਵਾਲੇ ਰੋਗਾਂ ਦਾ ਸਥਾਈ ਇਲਾਜ ਲੱਭਣਾ ਅਤੇ ਚੇਚਕ ਜਾਂ ਪੋਲੀਓ ਨਿਰੋਧਕ ਟੀਕਿਆਂ ਵਾਂਗ ਇਨ੍ਹਾਂ ਇਲਾਜ ਵਿਧੀਆਂ ਨੂੰ ਆਮ ਲੋਕਾਂ ਦੀ ਸਿਹਤ ਸੰਭਾਲ ਦਾ ਹਿੱਸਾ ਬਣਾਉਣਾ ਹੈ। ਟੀ-ਸੈੱਲਾਂ ਦੀ ਮਦਦ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਅਤੇ ਕੈਂਸਰ ਉੱਤੇ ਕਾਬੂ ਪਾਉਣ ਦੀ ਵਿਧੀ ਦੀ ਕਾਮਯਾਬੀ ਦਾ ਵੀ ਉਹ ਜ਼ਿਕਰ ਕਰਦਾ ਹੈ ਅਤੇ ਸਿਹਤਮੰਦ ਵਿਅਕਤੀ ਦੇ ਬੋਨ-ਮੈਰੋ ਰਾਹੀਂ ਏਡਜ਼ ਪੀੜਿਤ ਨੂੰ ਠੀਕ ਕਰਨ ਦੇ ਤਜਰਬੇ ਦਾ ਵੀ। ਪ੍ਰਯੋਗਸ਼ਾਲਾ ਵਿਚ ਤਿਆਰ ਬਨਾਵਟੀ ਖ਼ੂਨ, ਲੋੜਵੰਦਾਂ ਨੂੰ ਚੜ੍ਹਾਏ ਜਾਣ ਦੇ ਤਜਰਬੇ ਦੀ ਕਹਾਣੀ ਵੀ ਅੰਤਿਕਾ ਦਾ ਹਿੱਸਾ ਹੈ। ਨਾਲ ਹੀ ਉਹ ਅਜਿਹੀਆਂ ਕਾਮਯਾਬੀਆਂ ਦੀ ਦੁਰਵਰਤੋਂ ਦੇ ਖ਼ਦਸ਼ੇ ਤੇ ਖ਼ਤਰੇ ਵੀ ਪਾਠਕਾਂ ਦੇ ਧਿਆਨ ਵਿਚ ਲਿਆਉਂਦਾ ਹੈ। ਦਿਲਚਸਪ ਹੋਣ ਦੇ ਬਾਵਜੂਦ ਕਿਤਾਬ ਇਕਾਗਰਤਾ ਮੰਗਦੀ ਹੈ। ਜਿੰਨੀ ਵਿਆਪਕ ਜਾਣਕਾਰੀ ਇਸ ਵਿਚ ਮੌਜੂਦ ਹੈ, ਉਹ ਇਕਾਗਰਤਾ ਤੋਂ ਬਿਨਾਂ ਸਾਡੀ ਯਾਦਦਾਸ਼ਤ ਵਿਚ ਜਜ਼ਬ ਵੀ ਨਹੀਂ ਹੋ ਸਕਦੀ।
* * *
ਸੱਠ ਵਰ੍ਹੇ ਹੋ ਚੁੱਕੇ ਹਨ 1962 ਦੀ ਹਿੰਦ-ਚੀਨ ਜੰਗ ਨੂੰ। 21 ਨਵੰਬਰ 1962 ਨੂੰ ਚੀਨ ਨੇ ਜੰਗਬੰਦੀ ਦਾ ਐਲਾਨ ਕੀਤਾ ਅਤੇ 28 ਨਵੰਬਰ ਤੱਕ ਉਸ ਦੀਆਂ ਫ਼ੌਜਾਂ ਨੇਫ਼ਾ (ਨੌਰਥ ਈਸਟਰਨ ਫਰੰਟੀਅਰ ਏਜੰਸੀ), ਜੋ ਹੁਣ ਅਰੁਣਾਚਲ ਪ੍ਰਦੇਸ਼ ਹੈ, ਦਾ ਇਲਾਕਾ ਖ਼ਾਲੀ ਕਰਕੇ ਮੈਕਮੋਹਨ ਲਾਈਨ (ਬ੍ਰਿਟਿਸ਼ ਭਾਰਤ ਸਰਕਾਰ ਵੱਲੋਂ ਉਲੀਕੀ ਗਈ ਹਿੰਦ-ਚੀਨ ਸੀਮਾ ਰੇਖਾ) ਤੋਂ 20 ਕਿਲੋਮੀਟਰ ਪਿੱਛੇ ਤਕ ਪਰਤ ਗਈਆਂ। ਲੱਦਾਖ ਖੇਤਰ ਵਿਚ ਚੀਨ ਨੇ ਅਜਿਹਾ ਨਹੀਂ ਕੀਤਾ। ਉਸ ਖਿੱਤੇ ਦਾ 38 ਹਜ਼ਾਰ ਵਰਗ ਕਿਲੋਮੀਟਰ ਇਲਾਕਾ ਅਜੇ ਵੀ ਚੀਨ ਦੇ ਕਬਜ਼ੇ ਹੇਠ ਹੈ। ਸਮੁੱਚੇ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕਈ ਇਲਾਕਿਆਂ ਉਪਰ ਚੀਨ ਆਪਣਾ ਹੱਕ, ਹੁਣ ਤੱਕ ਜਤਾਉਂਦਾ ਆ ਰਿਹਾ ਹੈ। ਇਸ ਦੇ ਬਾਵਜੂਦ ਉਸ ਵੱਲੋਂ ਸਮੁੱਚਾ ‘ਨੇਫ਼ਾ’ ਖਾਲੀ ਕਰ ਜਾਣਾ ਅਜੇ ਵੀ ਭੇਤ ਬਣਿਆ ਹੋਇਆ ਹੈ। ਇਸ ਭੇਤ ਨੂੰ ਸੁਲਝਾਉਣ ਦਾ ਯਤਨ ਸਾਬਕਾ ਲੈਫਟੀਨੈਂਟ ਕਰਨਲ ਤੇ ਹੁਣ ਸੀਨੀਅਰ ਪੱਤਰਕਾਰ ਅਜੈ ਸ਼ੁਕਲਾ ਨੇ ‘ਬਿਜ਼ਨਸ ਸਟੈਂਡਰਡ’ ਵਿਚ ਪ੍ਰਕਾਸ਼ਿਤ ਇਕ ਲੇਖ ਰਾਹੀਂ ਕੀਤਾ ਹੈ। ਇਸ ਲੇਖ ਅਨੁਸਾਰ ਚੀਨੀ ਫ਼ੌਜਾਂ ਸਮੁੱਚਾ ਨੇਫ਼ਾ ਹਥਿਆ ਕੇ ਤੇਜ਼ਪੁਰ (ਅਸਾਮ) ਦੇ ਨੇੜੇ ਆਣ ਢੁੱਕੀਆਂ ਸਨ। ਤੇਜ਼ਪੁਰ ਵਿਚ ਲੋਕਾਂ ਨੂੰ ਭਾਜੜਾਂ ਪਈਆਂ ਹੋਈਆਂ ਸਨ। ਭਾਰਤੀ ਫ਼ੌਜ ਉਸ ਤੋਂ ਵੀ ਪਿੱਛੇ ਹਟਣ ਦੀਆਂ ਤਿਆਰੀਆਂ ਕਰ ਰਹੀ ਸੀ। ਪੰਡਿਤ ਨਹਿਰੂ ਭਾਰਤ ਦੀ ਹਾਰ ਕਬੂਲਣ ਦੀ ਤਿਆਰੀ ਵਿਚ ਸਨ। ਲਿਹਾਜ਼ਾ, ਚੀਨ ਵੱਲੋਂ 21 ਨਵੰਬਰ 1962 ਨੂੰ ਕੀਤੇ ਗਏ ਜੰਗਬੰਦੀ ਦੇ ਐਲਾਨ ਉੱਤੇ ਲੋਕਾਂ ਨੂੰ ਇਤਬਾਰ ਹੀ ਨਹੀਂ ਸੀ ਹੋ ਰਿਹਾ। ਪਰ ਜਦੋਂ ਚੀਨੀ ਫ਼ੌਜ ਨੇ ਪਿੱਛੇ ਹਟਣਾ ਸ਼ੁਰੂ ਕੀਤਾ ਤਾਂ ਲੋਕਾਂ ਦੇ ਸਾਹ ਵਿਚ ਸਾਹ ਆਇਆ।
ਅਜੈ ਸ਼ੁਕਲਾ ਮੁਤਾਬਿਕ ਚੀਨੀ ਫ਼ੈਸਲੇ ਦੀ ਵਜ੍ਹਾ ਬਾਰੇ ਠੋਸ ਜਾਣਕਾਰੀ ਦੇਣ ਵਾਲਾ ਕੋਈ ਵੀ ਸਰਕਾਰੀ ਜਾਂ ਅਧਿਕਾਰਤ ਦਸਤਾਵੇਜ਼ ਹੁਣ ਤੱਕ ਸਾਹਮਣੇ ਨਹੀਂ ਆਇਆ। ਚੀਨ ਨੇ ਇਸ ਵਿਸ਼ੇ ‘ਤੇ ਅਜੇ ਤੱਕ ਮੁਕੰਮਲ ਖ਼ਾਮੋਸ਼ੀ ਧਾਰੀ ਹੋਈ ਹੈ। ਭਾਰਤੀ ਫ਼ੌਜੀ ਕਮਾਂਡਰਾਂ ਨੇ ਇਸ ਘਟਨਾਕ੍ਰਮ ਬਾਰੇ ਜੋ ਕੁਝ ਕਿਤਾਬਾਂ/ਲੇਖਾਂ ਵਿਚ ਲਿਖਿਆ ਹੈ, ਉਹ ਵੀ ਕਿਆਸਅਰਾਈਆਂ ਉੱਤੇ ਆਧਾਰਿਤ ਹੈ। ਸਭ ਤੋਂ ਵੱਡਾ ਕਾਰਨ ਇਹ ਜਾਪਦਾ ਹੈ ਕਿ ਸਰਦੀਆਂ ਦੀ ਰੁੱਤ ਦੀ ਬਰਫ਼ਬਾਰੀ ਸ਼ੁਰੂ ਹੋ ਜਾਣ ਕਾਰਨ ਚੀਨੀ ਫ਼ੌਜੀ ਦਸਤਿਆਂ ਦੀਆਂ ਸਪਲਾਈ ਲਾਈਨਾਂ ਠੱਪ ਹੋਣ ਲੱਗੀਆਂ ਸਨ। ਦੂਜਾ ਕਾਰਨ ਇਹ ਸੀ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੂੰ ਨੇਫ਼ਾ ਦੇ ਮੁਕਾਮੀ ਮੌਂਪਾ ਲੋਕਾਂ ਤੋਂ ਸਹਿਯੋਗ ਬਿਲਕੁਲ ਨਹੀਂ ਸੀ ਮਿਲ ਰਿਹਾ। ਤੀਜਾ, ਜਵਾਹਰ ਲਾਲ ਨਹਿਰੂ ਵੱਲੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੌਹਨ ਕੈਨੇਡੀ ਪਾਸੋਂ ਮੰਗੀ ਗਈ ਮਦਦ ਦੀ ਅਪੀਲ ਦੇ ਜਵਾਬ ਵਿਚ ਅਮਰੀਕਾ ਨੇ ਠੰਢ ਵਿਚ ਲੜਾਈ ਲਈ ਲੋੜੀਂਦੇ ਗਰਮ ਵਸਤਰਾਂ, ਅਤਿ-ਆਧੁਨਿਕ ਬੰਦੂਕਾਂ ਤੇ ਤੋਪਾਂ ਅਤੇ ਗੋਲੀ-ਸਿੱਕੇ ਦੀਆਂ ਖੇਪਾਂ ਤੇਜ਼ੀ ਨਾਲ ਭਾਰਤ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਸਾਜ਼ੋ-ਸਾਮਾਨ ਅਗਲੇਰੇ ਮੋਰਚਿਆਂ ‘ਤੇ ਪੁੱਜਣ ਕਾਰਨ ਭਾਰਤੀ ਫ਼ੌਜ ਦੇ ਹੌਸਲੇ ਵੀ ਬੁਲੰਦ ਹੋਣ ਲੱਗੇ ਸਨ। ਅਜਿਹੇ ਹਾਲਾਤ ਵਿਚ ਪੀਐੱਲਏ ਨੇ ਪਿੱਛੇ ਹਟਣਾ ਹੀ ਬਿਹਤਰ ਸਮਝਿਆ। ਉੱਤਰ-ਪੂਰਬੀ ਮੋਰਚੇ ਤੋਂ ਉਲਟ ਲੱਦਾਖ ਵਿਚ ਚੀਨੀ ਸਪਲਾਈ ਲਾਈਨਾਂ ਬਿਹਤਰ ਸਥਿਤੀ ਵਿਚ ਸਨ। ਇਸ ਕਰਕੇ ਪੀਐੱਲਏ ਉੱਥੇ ਦੱਬੀ ਜ਼ਮੀਨ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟੀ। ਇਤਿਹਾਸ, ਖ਼ਾਸ ਕਰਕੇ ਸਮਕਾਲੀ ਇਤਿਹਾਸ ਵਿਚ ਡੂੰਘੀ ਦਿਲਚਸਪੀ ਹੋਣ ਕਾਰਨ ਮੈਂ ਜਿੰਨੀਆਂ ਕੁ ਕਿਤਾਬਾਂ ‘ਨੇਫ਼ਾ’ ਵਾਲੇ ਮੋਰਚੇ ਸਬੰਧੀ ਪੜ੍ਹੀਆਂ ਹਨ, ਉਹ ਚੀਨੀ ਪੈਂਤੜਿਆਂ ਬਾਰੇ ਜਿਗਿਆਸਾ ਸ਼ਾਂਤ ਨਹੀਂ ਕਰਦੀਆਂ। ਜੇਕਰ ਕਿਸੇ ਪਾਠਕ ਨੂੰ ਉੱਤਰ-ਪੂਰਬੀ ਮੋਰਚੇ ‘ਤੇ ਚੀਨੀ ਰਣਨੀਤੀ ਬਾਰੇ ਕਿਸੇ ਜੰਗੀ ਕਿਤਾਬ ਬਾਰੇ ਜਾਣਕਾਰੀ ਹੈ ਤਾਂ ਉਹ ਮੈਨੂੰ 98555-01488 ਨੰਬਰ ‘ਤੇ ਇਹ ਜਾਣਕਾਰੀ ਦੇ ਸਕਦਾ ਹੈ। ਮੈਂ ਉਸ ਦਾ ਸ਼ੁਕਰਗੁਜ਼ਾਰ ਹੋਵਾਂਗਾ।
* * *
ਸਾਹਿਤ ਵਿਚ ਨਵੇਂ ਤਜਰਬਿਆਂ ਦੀ ਰੁੱਤ ਹੈ ਸ਼ਾਇਦ। ਗੁਰਪ੍ਰੀਤ ਸਿੰਘ ਤੂਰ ਦੀ ਕਿਤਾਬ ‘ਦਫ਼ਤਰ’ (ਚੇਤਨਾ ਪ੍ਰਕਾਸ਼ਨ; 118 ਪੰਨੇ; 200 ਰੁਪਏ) ਸਾਹਿਤਕ ਵਿਧਾਵਾਂ ਦਾ ਸੁਮੇਲ ਹੈ। ਤੂਰ ਸਾਬਕਾ ਆਈਪੀਐੱਸ ਅਫ਼ਸਰ ਹਨ। ਖਰ੍ਹਵੇ ਅਕਸ ਵਾਲੇ ਪੁਲੀਸ ਮਹਿਕਮੇ ਵਿਚ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਅੰਦਰਲੇ ਆਦਰਸ਼ਵਾਦ ਨੂੰ ਸਜੀਵ ਰੱਖਿਆ। ਇਹੋ ਸਜੀਵਤਾ ‘ਦਫ਼ਤਰ’ ਦਾ ਹਾਰ-ਸ਼ਿੰਗਾਰ ਹੈ। ਇਹ ਸਵੈ-ਜੀਵਨੀ ਦੇ ਅੰਸ਼ਾਂ ਵਾਂਗ ਵੀ ਹੈ ਅਤੇ ਸੁਚੱਜੀ ਨਿਬੰਧਕਾਰੀ ਦਾ ਪ੍ਰਮਾਣ ਵੀ। ਵਾਰਤਕ ਹੋਣ ਦੇ ਬਾਵਜੂਦ ਇਹ ਕਵਿਤਾ ਵਰਗੀ ਭਾਸ਼ਾਈ ਲੈਅਕਾਰੀ ਨਾਲ ਲੈਸ ਹੈ। ਪੂਰੀ ਕਿਤਾਬ ਸਰਕਾਰੀ ਨੌਕਰੀਆਂ ਦੇ ਮਹੱਤਵ ਤੇ ਉਪਯੋਗਤਾ, ਉਨ੍ਹਾਂ ਅੰਦਰ ਸੇਵਾ-ਭਾਵਨਾ ਦੀ ਘਾਟ ਅਤੇ ਦਫ਼ਤਰੀ ਭ੍ਰਿਸ਼ਟਾਚਾਰ ਤੇ ਨਾਅਹਿਲੀਅਤ ਉੱਤੇ ਕੇਂਦ੍ਰਿਤ ਹੈ।
ਕਿਤਾਬ ਦੇ ਤਿੰਨ ਅਨੁਭਾਗਾਂ ਵਿਚ 10 ਨਿਬੰਧ ਸ਼ਾਮਲ ਹਨ। ਇਹ ਸਾਰੇ ਸਰਕਾਰੀ ਸੇਵਾਵਾਂ ਅੰਦਰਲੀਆਂ ਖ਼ਾਮੀਆਂ ‘ਤੇ ਉਂਗਲ ਧਰਦੇ ਹਨ। ਕਿਤਾਬ ਨਿਰੀਆਂ ਨਸੀਹਤਾਂ ਨਹੀਂ ਦਿੰਦੀ, ਹੱਲ ਵੀ ਸੁਝਾਉਂਦੀ ਹੈ। ਹੋਰਨਾਂ ਤੱਤਾਂ ਤੋਂ ਇਲਾਵਾ ਇਹ ਵੀ ਇਸ ਦੀ ਮੁੱਖ ਖ਼ੂਬੀ ਹੈ।