ਹਾੜ੍ਹ ਦਾ ਮਹੀਨਾ
ਨਿਰਮਲ ਸਿੰਘ
ਹਾੜ੍ਹ ਦਾ ਮਹੀਨਾ, ਕੱਢੇ ਵੱਟ ਗਰਮੀ
ਚੋਂਦਾ ਏ ਪਸੀਨਾ, ਮਾਰੇ ਫੱਟ ਗਰਮੀ
ਪੱਖਿਆਂ ਦੀ ਹਵਾ ਬੜੀ ਘੱਟ ਬੇਲੀਆ
ਏ ਸੀ ਬਿਨਾਂ ਲੰਘਦਾ ਨ੍ਹੀਂ ਝੱਟ ਬੇਲੀਆ।
ਆਲਮੀ ਤਪਸ਼ ਬੜੀ ਵਧ ਗਈ ਏ
ਸਾਥ ਕੁਦਰਤ ਸਾਡਾ ਛੱਡ ਰਹੀ ਏ
ਅਸੀਂ ਵੀ ਤਾਂ ਕੀਤੀ ਨਹੀਂ ਘੱਟ ਬੇਲੀਆ
ਏ ਸੀ ਬਿਨਾਂ ਲੰਘਦਾ ਨ੍ਹੀਂ ਝੱਟ ਬੇਲੀਆ।
ਦੂਰ-ਦੂਰ ਤੱਕ ਕੋਈ ਰੁੱਖ ਨਾ ਦਿਸੇ
ਪੱਥਰਾਂ ਦੀ ਓਟ ਵਿੱਚ ਸੁਖ ਨਾ ਦਿਸੇ
ਵੱਢ ਦਿੱਤੇ ਰੁੱਖ ਮਾਰੀ ਮੱਤ ਬੇਲੀਆ
ਏ ਸੀ ਬਿਨਾਂ ਲੰਘਦਾ ਨ੍ਹੀਂ ਝੱਟ ਬੇਲੀਆ।
ਬੰਦ ਕਮਰੇ ਦੇ ਵਿੱਚ ਕੈਦ ਹੋ ਗਏ
ਬਹੁਤੇ ਹੀ ਸਿਆਣੇ ਸ਼ਾਇਦ ਹੋ ਗਏ
ਇਹੋ ਜਿਹੀ ਆਵੇ ਨਾ ਸੁਮੱਤ ਬੇਲੀਆ
ਏ ਸੀ ਬਿਨਾਂ ਲੰਘਦਾ ਨ੍ਹੀਂ ਝੱਟ ਬੇਲੀਆ।
ਆਜ਼ਾਦ ਪਰਿੰਦੇ ਮਾਰਦੇ ਉਡਾਰੀਆਂ
ਬੰਦਿਆਂ ਨੇ ਕੀਤੇ ਬੰਦ ਬੂਹੇ ਬਾਰੀਆਂ
ਕੇਹੀ ਭੈੜੀ ਲੱਗੀ ਸਾਨੂੰ ਲਤ ਬੇਲੀਆ
ਏ ਸੀ ਬਿਨਾਂ ਲੰਘਦਾ ਨ੍ਹੀਂ ਝੱਟ ਬੇਲੀਆ।
ਸਾਉਣ ਵਿੱਚ ਵੀ ਨਾ ਹੁਣ ਲੱਗਦੀ ਝੜੀ
ਵਰ੍ਹ ਕੇ ਛਰਾਟਾ ਕਰੇ ਗਰਮੀ ਬੜੀ
ਘਟਾ ਕਾਲੀ ਗਈ ਕਿੱਥੇ ਨੱਠ ਬੇਲੀਆ?
ਏ ਸੀ ਬਿਨਾਂ ਲੰਘਦਾ ਨ੍ਹੀਂ ਝੱਟ ਬੇਲੀਆ।
ਧਰਤੀ ’ਤੇ ਹਰਿਆਵਲ ਡੋਲ੍ਹ ਦਿਓ ਜੀ
ਜ਼ਿੰਦਗੀ ’ਚ ਸੁਖ ਸਾਰੇ ਘੋਲ ਦਿਓ ਜੀ
ਕਰੀਏ ਸੁਧਾਰ ਫਟਾਫਟ ਬੇਲੀਆ
ਏ ਸੀ ਬਿਨਾਂ ਲੰਘਦਾ ਨ੍ਹੀਂ ਝੱਟ ਬੇਲੀਆ।
ਸੰਪਰਕ: 84270-07623
* * *
ਅੰਮ੍ਰਿਤਾ
ਰੇਣੂ ਸੂਦ ਸਿਨਹਾ
ਇਕ ਉਹ ਅੰਮ੍ਰਿਤਾ ਸੀ
ਜਿਸ ਨੇ ਤੋੜਿਆ ਸੀ ਸਮਾਜ ਦੇ
ਹਰ ਨਿਯਮ, ਹਰ ਦਾਇਰੇ ਨੂੰ
ਫਿਰ ਵੀ ਜੱਗ ਨੇ ਉਸ ਦੀ ਕਦਰ ਪਾਈ।
ਮੈਂ ਵੀ ਪੜ੍ਹੀਆਂ ਉਹਦੀਆਂ ਰਚਨਾਵਾਂ ਬੜੇ ਚਾਅ ਨਾਲ
ਤੇ ਉਸ ਦੇ ਹੌਸਲੇ, ਉਸ ਦੀ ਹਿੰਮਤ
ਨੂੰ ਸਰਾਹਿਆ ਵੀ ਤੇ ਤਰਸੀ ਵੀ ਅਜਿਹੀ ਹਿੰਮਤ ਨੂੰ।
ਜਿਸ ਖ਼ਾਤਰ ਮੈਂ ਤੋੜਨ ਤੁਰੀ ਸਮਾਜ ਦੀਆਂ ਰੋਕਾਂ
ਉਸ ਨੇ ਹੀ ਮੇਰੇ ’ਤੇ ਉਂਗਲ ਚੁੱਕੀ
ਤੇ ਟੰਗ ਦਿੱਤਾ ਮੈਨੂੰ ਜੱਗ ਦੇ ਜ਼ਾਲਮ ਨਿਯਮਾਂ ਦੀ ਸੂਲੀ
ਮੈਂ ਹੱਸ ਕੇ ਉਹਦੇ ਇਸ਼ਕ ਦਾ ਕੌੜਾ ਘੁੱਟ ਪੀ ਲਿਆ
ਤੇ ਦਫ਼ਨਾ ਦਿੱਤਾ ਹਰ ਹਉਕਾ ਹਰ ਅੱਥਰੂ।
ਤੇ ਇਕ ਹੋਰ ਜ਼ਿੰਦਾ ਲਾਸ਼ ਜੁੜ ਗਈ ਦੁਨੀਆਂ ਦੀ ਭੀੜ ਵਿਚ।
ਸੰਪਰਕ: 98155-51458
* * *
ਘੂੰਗਟ ਬਾਗ਼
ਕੁੰਦਨ ਲਾਲ ਭੱਟੀ
ਘੂੰਗਟ ਬਾਗ਼ ਵਿਚ ਕਲਾ ਨਿਆਰੀ।
ਤਾਹੀਓਂ ਲੱਗਦੀ ਬੜੀ ਪਿਆਰੀ।
ਸਿਰ ਮੋਢੇ ’ਤੇ ਕਰੀ ਕਢਾਈ,
ਕਢਾਈ ਦੇ ਵਿਚ ਬੜੀ ਸਫ਼ਾਈ।
ਸ਼ਗਨਾਂ ਦੀ ਇਹ ਚੀਜ਼ ਨਿਰਾਲੀ,
ਸੋਹਣੀ ਸਭ ਨੂੰ ਲੱਗਦੀ ਬਾਹਲੀ।
ਵਿਚ ਜਹਾਨ ਦੇ ਇਸ ਦੀਆਂ ਗੱਲਾਂ।
ਚੋਖੀਆਂ ਵੱਡੀਆਂ ਵੀ ਨੇ ਮੱਲਾਂ।
ਸ਼ੋਭਾ ਇਸ ਦੀ ਅੱਡ ਹੈ ਭੱਟੀ,
ਦਸੂਹੀਏ ਇਸ ਨੇ ਸ਼ੋਭਾ ਖੱਟੀ।
ਸੰਪਰਕ: 94765-90789
* * *
ਗ਼ਜ਼ਲ
ਮਨਜੀਤ ਸਿੰਘ ਜੀਤ
ਹੌਸਲਾ ਜੇਰਾ ਹਮੇਸ਼ਾ ਰੱਖਣਾ,
ਵੇਲ ਵਾਂਗੂੰ ਆਸਰਾ ਨਾ ਭਾਲਣਾ।
ਛੱਡ ਦੇ ਆਪਣੀ ਨਸੀਹਤ ਛੱਡ ਦੇ,
ਪੁੱਤਰਾਂ ਨੂੰ ਬੇਵਜ੍ਹਾ ਨਾ ਟੋਕਣਾ।
ਭੋਗਣਾ ਸੰਤਾਪ ਤੇਰੇ ਹਿਜ਼ਰ ਦਾ,
ਜ਼ਿੰਦਗੀ ਦੀ ਬਣ ਗਈ ਏ ਭਟਕਣਾ।
ਬਦਲਿਆ ਹੈ ਰਾਜ ਲੋਕਾਂ ਨੇ ਕਿਵੇਂ,
ਹੁਣ ਉਨ੍ਹਾਂ ਨੇ ਹਰਿਕ ਨੇਤਾ ਪਰਖਣਾ।
ਵਿੱਚ ਸੁਪਨੇ ਜਦ ਕਦੀ ਵੀ ਤੂੰ ਦਿਸੇਂ,
ਚੰਦਰੇ ਨੇ ਟੁੱਟਣਾ ਹੀ ਟੁੱਟਣਾ।
ਯਾਰ ਕੋਈ ਬੇਵਫ਼ਾਈ ਜੇ ਕਰੇ,
ਦੂਰ ਰਹਿ ਤੇ ਵੱਟ ਪਾਸਾ ਸੱਜਣਾ।
ਜੀਤ ਨੂੰ ਤਾਂ ਭਾਲ਼ ਉਨ੍ਹਾਂ ਦੀ ਰਹੇ,
ਨਾ ਪਵੇ ਜਿਸ ਨੂੰ ਦੁਬਾਰਾ ਪਰਖਣਾ।
ਸੰਪਰਕ: 95016-15511
* * *
ਬਦਲ ਗਿਆ ਜ਼ਮਾਨਾ
ਸਰੂਪ ਚੰਦ ਹਰੀਗੜ੍ਹ
ਬਦਲ ਗਿਆ ਜ਼ਮਾਨਾ ਬਦਲ ਗਏ ਨੇ ਰੰਗ,
ਕੇਹੀ ਹਨੇਰੀ ਝੁੱਲਗੀ ਦੇਖ ਕੇ ਰਹੀਏ ਦੰਗ।
ਜਿੱਥੇ ਰੋਟੀ ਬਣਾਵੰਦੀ ਸੀ ਦਾਦੀ ਨਾਨੀ,
ਬਣਗੀ ਹੈ ਕਿਚਨ ਜੋ ਅੱਜ ਝਲਾਨੀ।
ਪੋਰਚ ਦਰਵਾਜ਼ਾ ਬਣ ਗਿਆ ਜਿੱਥੇ ਸੰਦ ਜੋ ਖੜ੍ਹੇ,
ਹਵਾ ਫਰਾਟੇ ਮਾਰਦੀ ਜਦ ਅੰਦਰ ਵੜਦੇ।
ਵਿੰਡੋ ਨਾਮ ਹੈ ਰੱਖਤਾ ਸਰੀਏ ਦੀ ਮੋਰੀ,
ਗੱਲ ਲਿਖਾਂ ਮੈਂ ਮਿੱਤਰੋ ਸੱਚੀ ਤੇ ਕੋਰੀ।
ਬਾਪੂ ਦੀ ਬੈਠਕ ਦਾ ਨਾਮ ਤਾਂ ਡਰਾਇੰਗ ਰੂਮ ਧਰਤਾ,
ਮੰਜਾ ਚੱਕ ਕੇ ਬੈਠਕ ’ਚੋਂ ਵਿੱਚ ਸੋਫਾ ਧਰਤਾ।
ਵਰਾਂਡਾ ਬਣਿਆ ਹੋਇਆ ਸੀ ਕਮਰਿਆਂ ਅੱਗੇ,
ਨਾਮ ਬਦਲ ਕੇ ਏਸਦਾ ਲੌਬੀ ਆਖਣ ਲੱਗੇ।
ਹੁਣ ਤਾਂ ਲੋਕੀਂ ਭੁੱਲ ਗੇ ਰੋਹੀ ਦਿਸ਼ਾ ਜਾਣਾ,
ਬਾਥਰੂਮ ਹੈ ਬਣ ਗਿਆ ਜੋ ਗੁਸਲਖਾਨਾ।
ਇੱਕੋ ਕਮਰਾ ਹੁੰਦਾ ਸੀ ਜੋ ਪੇਟੀਆਂ ਵਾਲਾ,
ਸਟੋਰ ਨਿੱਕਾ ਜਾ ਰਹਿ ਗਿਆ ਨਾ ਤਾਕੀ ਆਲਾ।
ਚੁੱਲ੍ਹੇ ਦੀ ਹਿੱਕ ’ਤੇ ਬਹਿ ਗਿਆ ਅੱਜ ਗੈਸ ਜੋ ਆਕੇ,
ਘੜੇ ਦੀ ਥਾਂ ’ਤੇ ਰੱਖਤਾ ਫਰਿੱਜ ਸਜਾਕੇ।
ਪਤਾ ਨੀ ਕੀ-ਕੀ ਬਦਲੀ ਜਾਵੇ,
ਸਰੂਪ ਦੇਖ ਕੇ ਕਲਮ ਚਲਾਵੇ।
ਸੰਪਰਕ: 99143-85202
* * *
ਭੀਖ ਨਹੀਂ ਮੰਗਾਂਗੇ
ਜਗਵੀਰ ਕੌਰ
ਹੁਣ ਅਸੀਂ ਸਮੇਂ ਤੋਂ,
ਸਮੇਂ ਦੀ,
ਮੁਹੱਬਤ ਦੀ,
ਸਾਥ ਦੀ,
ਤਰਸ ਦੀ…
ਭੀਖ ਨਹੀਂ ਮੰਗਾਂਗੇ
ਹੁਣ ਅਸੀਂ ਉਜੜੀ ,
ਹਯਾਤੀਆਂ ਦੇ ਕਿੱਸੇ ਲਿਖਾਂਗੇ,
ਭੁੱਖਾਂ ਨੂੰ ਭੰਡਾਂਗੇ,
ਲੁੱਟਾਂ ਨੂੰ ਨਿੰਦਾਂਗੇ,
ਹੁਣ ਅਸੀਂ ਸਮੇਂ ਨਾਲ ਕਰਾਂਗੇ,
ਸੁਪਨਿਆਂ ਦੇ ਮਰ ਜਾਣ ਦਾ ਹਿਸਾਬ,
ਕੱਟੇ ਹੋਏ ਫਾਕਿਆਂ ਦਾ ਹਿਸਾਬ,
ਹੁਣ ਅਸੀਂ ਸਮੇਂ ਤੋਂ ਭੀਖ ਨਹੀਂ ਮੰਗਾਂਗੇ।
ਸੰਪਰਕ: 76963-00539
* * *
ਗ਼ਜ਼ਲ
ਜਸਵੰਤ ਸਿੰਘ ਸੇਖਵਾਂ
ਵਿਕਦਾ ਨਸ਼ਾ ਬਥੇਰਾ ਓਏ ਪੰਜਾਬ ਸਿੰਹਾਂ।
ਗੱਭਰੂ ਬਾਹਰ ਬਸੇਰਾ ਓਏ ਪੰਜਾਬ ਸਿੰਹਾਂ।
ਸਪਤਸਿੰਧੂ ਤੋਂ ਲੈਕੇ ਢਾਈ ਦਰਿਆਵਾਂ ਤੱਕ,
ਦੁੱਖਾਂ ਦਾ ਰਿਹਾ ਘੇਰਾ ਓਏ ਪੰਜਾਬ ਸਿੰਹਾਂ।
ਖੁੱਸ ਗਿਆ ਨਨਕਾਣਾ ਖੁੱਸ ਲਾਹੌਰ ਗਿਆ,
ਨਾ ਚੰਡੀਗੜ੍ਹ ਤੇਰਾ ਓਏ ਪੰਜਾਬ ਸਿੰਹਾਂ।
ਦੁਸ਼ਮਣ ਤੇਰੀ ਬੁੱਕਲ ਵਿਚ ਤੇ ਬਾਹਰ ਵੀ,
ਕਰ ਲੈ ਵੱਡਾ ਜੇਰਾ ਓਏ ਪੰਜਾਬ ਸਿੰਹਾਂ।
ਦੌਰ ਭਿਆਨਕ ਚੱਲਿਆ ਅੰਧ-ਵਿਸ਼ਵਾਸਾਂ ਦਾ,
ਪਿੰਡ ਪਿੰਡ ਵਿੱਚ ਡੇਰਾ ਓਏ ਪੰਜਾਬ ਸਿੰਹਾਂ।
ਪੱਸਰੀ ਗਰਦ ਚੁਫ਼ੇਰੇ ਕੂੜ ਸਿਆਸਤ ਦੀ,
ਦਿਨੇ ਵੀ ਲਗਦਾ ਨ੍ਹੇਰਾ ਓਏ ਪੰਜਾਬ ਸਿੰਹਾਂ।
ਭਰ ਜੋਬਨ ਦੀ ਰੁੱਤੇ ਤੇਰੇ ਦੋਖੀਆਂ ਨੇ,
ਲੱਕ ਝੁਕਾਤਾ ਤੇਰਾ ਓਏ ਪੰਜਾਬ ਸਿੰਹਾਂ।
ਯਾਦ ਕਰੀਂ ਸਰਹੰਦ ਅਤੇ ਚਮਕੌਰ ਗੜ੍ਹੀ,
ਡੋਲ ਨਾ ਬੱਬਰ ਸ਼ੇਰਾ ਓਏ ਪੰਜਾਬ ਸਿੰਹਾਂ।
ਲੜੇ ਆਜ਼ਾਦੀ ਲੈਣ ਲਈ ਤੂੰ ਓਦੋਂ ਵੀ,
ਬਣਿਆ ਰਾਹ ਦਸੇਰਾ ਓਏ ਪੰਜਾਬ ਸਿੰਹਾਂ।
ਲੋਕ ਪੰਜਾਬੀ ਜਦੋਂ ਸੇਖਵਾਂ ਜਾਗਣਗੇ,
ਚੜ੍ਹਨਾ ਸੋਨ ਸਵੇਰਾ ਓਏ ਪੰਜਾਬ ਸਿੰਹਾਂ।
ਸੰਪਰਕ: 98184-89010