ਵਨੀਤਾ (ਡਾ.)
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਜੰਮਪਲ ਕੁਲਬੀਰ ਬਡੇਸਰੋਂ ਅੱਜਕੱਲ੍ਹ ਮੁੰਬਈ ਰਹਿੰਦੀ ਹੈ। ਉਸ ਨੇ ਹਿੰਦੀ ਤੇ ਪੰਜਾਬੀ ਫਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿਚ ਅਦਾਕਾਰੀ ਕਰਨ ਦੇ ਨਾਲ-ਨਾਲ ਕਈ ਪੁਸਤਕਾਂ ਲਿਖੀਆਂ ਹਨ। ਉਸ ਨੇ ਕਹਾਣੀਆਂ ਅਤੇ ਬਾਲ ਕਹਾਣੀਆਂ ਲਿਖੀਆਂ ਵੀ ਹਨ ਅਤੇ ਕਹਾਣੀਆਂ ਦਾ ਅਨੁਵਾਦ ਵੀ ਕੀਤਾ ਹੈ। ਸਰਲ ਭਾਸ਼ਾ ਵਿਚ ਲਿਖੀਆਂ ਉਸ ਦੀਆਂ ਕਹਾਣੀਆਂ ਪਾਠਕ ਨੂੰ ਝੰਜੋੜਦੀਆਂ ਹਨ।
ਕੁਲਬੀਰ ਬਡੇਸਰੋਂ ਪੰਜਾਬੀ ਕਹਾਣੀ ਵਿਚ ਇਕ ਜਾਣਿਆ ਪਛਾਣਿਆ ਨਾਂ ਹੈ, ਪਰ ਮੈਂ ਕਹਾਂਗੀ ਇਕ ਅਣਗੌਲਿਆ ਹਸਤਾਖ਼ਰ ਹੈ। ਉਸ ਦੇ ਕੰਮਾਂ ਦੇ ਝਲਕਾਰੇ ਉਸ ਦੀਆਂ ਲਿਖਤਾਂ ’ਚੋਂ ਵੀ ਲਿਸ਼ਕਾਰੇ ਮਾਰਦੇ ਹਨ। ਮੁੰਬਈ ਵਿਚ ਰਹਿੰਦਿਆਂ ਇੰਨੀ ਭੱਜ-ਦੌੜ ਵਾਲੇ ਮਹਾਂਨਗਰ ਦੀ ਮਸਰੂਫ਼ ਜ਼ਿੰਦਗੀ ਵਿਚ ਵੀ ਉਹ ਸਮੇਂ-ਸਮੇਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਨਵੇਂ ਅੰਦਾਜ਼ ਅਤੇ ਸ਼ਿਲਪ ਦੀ ਕਹਾਣੀ ਪਾਉਂਦੀ ਰਹਿੰਦੀ ਹੈ। ਕੇਵਲ ਕਹਾਣੀ ਸਿਰਜਣ ਹੀ ਨਹੀਂ ਸਗੋਂ ਉਸ ਨੇ ਬਾਲ ਕਹਾਣੀਆਂ ਦੇ ਅਨੁਵਾਦ ਦੇ ਨਾਲ-ਨਾਲ ਕਾਵਿ ਸਿਰਜਣਾ ਵੀ ਕੀਤੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਉਸ ਨੇ ਦੋ ਦਰਜਨ ਤੋਂ ਵੱਧ ਹਿੰਦੀ ਅਤੇ ਪੰਜਾਬੀ ਫਿਲਮਾਂ, ਉਨ੍ਹਾਂ ਤੋਂ ਕਿਤੇ ਵੱਧ ਭਾਵ 50 ਦੇ ਕਰੀਬ ਪੰਜਾਬੀ, ਹਿੰਦੀ ਅਤੇ ਉਰਦੂ ਲੜੀਵਾਰਾਂ ਵਿਚ ਅਤੇ ਬਹੁਤ ਸਾਰੇ ਯੂਟਿਊਬ ਵੀਡਿਓਜ਼ ਵਿਚ ਮੁਖ਼ਤਲਿਫ ਭੂਮਿਕਾਵਾਂ ਵਿਚ ਅਦਾਕਾਰੀ ਕੀਤੀ ਹੈ। ਇਸੇ ਪ੍ਰਕਾਰ ਟੀ.ਵੀ. ਲੜੀਵਾਰਾਂ ਵਿਚ ਵੀ ਵੰਨ-ਸੁਵੰਨੇ ਰੋਲ ਅਦਾ ਕੀਤੇ। ਇਸ ਦੇ ਨਾਲ ਹੀ ਉਹ ਇਸ਼ਤਿਹਾਰਾਂ ਵਿਚ ਆਪਣਾ ਰੋਲ ਨਿਭਾਉਣ ਵਿਚ ਕਾਮਯਾਬ ਰਹੀ ਹੈ। 1997 ਵਿਚ ਕੁਲਬੀਰ ਬਡੇਸਰੋਂ ਨੇ ‘ਬਾਬਾ ਬੰਦਾ ਸਿੰਘ ਬਹਾਦਰ’ ਨਾਟਕ ਦੇ ਇਕ ਦਰਜਨ ਤੋਂ ਵੱਧ ਸ਼ੋਅ ਅਮਰੀਕਾ, ਕੈਨੇਡਾ ਵਿਚ ਰੰਗਮੰਚ ’ਤੇ ਕੀਤੇ। ਵਿਦੇਸ਼ਾਂ ਵਿਚ ਬਹੁਤ ਵਾਰ ਸਟੇਜ ਨਾਟਕ ਅਤੇ ਐਵਾਰਡ ਪ੍ਰੋਗਰਾਮ ’ਤੇ ਹਾਜ਼ਰੀ ਭਰਨ ਲਈ ਵੀ ਉਹ ਜਾਂਦੀ ਰਹਿੰਦੀ ਹੈ। ਕੁਲਬੀਰ ਬਡੇਸਰੋਂ ਨੇ ਪੰਜਾਬੀ ਜਗਤ ਨੂੰ ਫਿਲਮਾਂ, ਟੀ.ਵੀ. ਲੜੀਵਾਰਾਂ ਨਾਲ ਹੀ ਸਰਸ਼ਾਰ ਨਹੀਂ ਕੀਤਾ ਸਗੋਂ ਪੰਜਾਬੀ ਸਾਹਿਤ ਖੇਤਰ ਵਿਚ ਨਾਵਲਿਟ ‘ਦਾਇਰੇ’, ਕਹਾਣੀ ਸੰਗ੍ਰਹਿ ‘ਇਕ ਖ਼ਤ ਪਾਪਾ ਦੇ ਨਾਂਅ’, ‘ਪਲੀਜ਼ ਮੈਨੂੰ ਪਿਆਰ ਦਿਓ’ ਅਤੇ ‘ਕਦੋਂ ਆਏਂਗੀ’ ਦੀ ਸਿਰਜਣਾ ਵੀ ਕੀਤੀ। 2021 ਵਿਚ ਛਪਿਆ ਉਸ ਦਾ ਕਹਾਣੀ ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਜੰਮਪਲ ਕੁਲਬੀਰ ਨੇ ਲੰਮਾ ਸਮਾਂ ਮੁੰਬਈ ਵਿਚ ਗੁਜ਼ਾਰਿਆ ਹੈ। ਉਸ ਕੋਲ ਪੰਜਾਬ ’ਚ ਗੁਜ਼ਾਰਿਆ ਬਚਪਨ, ਜਵਾਨੀ ਤੇ ਪੰਜਾਬੀ ਅਵਚੇਤਨ ਹੈ ਜੋ ਉਸ ਦੀਆਂ ਕਹਾਣੀਆਂ ਵਿਚੋਂ ਆਪਮੁਹਾਰੇ ਬਿਰਤਾਂਤ ਦੇ ਰੂਪ ਵਿਚ ਲਿਖ ਹੋ ਜਾਂਦਾ ਹੈ। ਜਦੋਂ ਮੈਂ ਉਸ ਦਾ ਕਹਾਣੀ ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ (ਆਰਸੀ ਪਬਲਿਸ਼ਰਜ਼, 2021) ਪੜ੍ਹ ਰਹੀ ਸਾਂ ਤਾਂ ਉਸ ਦੀ ਭੂਮਿਕਾ ਵਿਚ ‘ਕੁਝ ਕੁ ਸ਼ਬਦ ਲੇਖਿਕਾ ਵੱਲੋਂ’ ਵਿਚ ਉਸ ਨੇ ਆਪਣਾ ਸ਼ਬਦ ਚਿੱਤਰ ਆਪ ਹੀ ਲਿਖਿਆ ਹੈ। ਵੈਸੇ ਨਾ ਵੀ ਕਰਦੀ ਤਾਂ ਇਸ ਪੁਸਤਕ ਦੀਆਂ ਗਿਆਰ੍ਹਾਂ ਕਹਾਣੀਆਂ ਦੇ ਸਵੈ-ਜੀਵਨੀ ਮੂਲਕ ਅੰਸ਼ ਕਹਾਣੀਆਂ ਦੇ ਆਰ-ਪਾਰ ਫੈਲੇ ਦਿਸਦੇ ਹਨ ਜਿਸ ਵਿਚ ਨਾਂ-ਥਾਂ-ਕਿਰਦਾਰ ਬਦਲ ਜਾਂਦੇ ਨੇ ਪਰ ਇਕੱਲੀ ਔਰਤ ਉਹ ਵੀ ਮਹਾਂਨਗਰੀ ਮੁੰਬਈ ਸ਼ਹਿਰ ਵਿਚ ਆਪਣੇ ਨਾਰੀਤਵ, ਮਾਤ੍ਰਿਤਵ ਤੇ ਆਪਣੇ ਵਜੂਦ ਜਾਂ ਅਸਮਿਤਾ ਨਾਲ ਕਿਵੇਂ ਨੌਕਰੀ ਕਰਦੀ ਸਮਾਜਿਕ-ਆਰਥਿਕ ਸੰਤੁਲਨ ਬਣਾਉਂਦੀ, ਆਪਣੇ ਆਪ ਵਿਚ ਕਿੰਨੀ ਵਾਰ ਮਨਫ਼ੀ ਕਈ ਵਾਰ ਤਕਸੀਮ ਹੁੰਦੀ ਹੈ, ਇਸ ਦਾ ਅੰਦਾਜ਼ਾ ਉਸ ਦੀਆਂ ਕਹਾਣੀਆਂ ਨੂੰ ਪੜ੍ਹਦਿਆਂ ਹੀ ਲਾਇਆ ਜਾ ਸਕਦਾ ਹੈ। ‘ਦੌ ਔਰਤਾਂ’ ਕਹਾਣੀ ਵਿਚ ਪਤੀ ਦਾ ਦੂਜਾ ਵਿਆਹ ਕਰ ਲੈਣਾ ਤੇ ਪਹਿਲੀ ਪਤਨੀ ਨਾਲ ਦੁਰ-ਵਿਵਹਾਰ ਦੇ ਬਾਵਜੂਦ ਜਦੋਂ ਇੰਗਲੈਂਡ ਵਿਚ ਵਸਦੀ ਪਤੀ ਦੀ ਭੈਣ ਆਪਣੀ ਭਰਜਾਈ ਨੂੰ ਕਿਤੇ ਅੰਦਰਵਾਰ ਕਸੂਰਵਾਰ ਸਮਝਦੀ ਹੈ ਤਾਂ ਸੁਖਬੀਰ ਇਕੋ ਸਵਾਲ ਆਪਣੀ ਨਨਾਣ ਨੂੰ ਕਰਦੀ ਹੈ: ‘‘ਜੇ ਮੇਰੀ ਥਾਂ ’ਤੇ ਤੂੰ ਹੁੰਦੀ ਤੇ ਤੇਰੇ ਭਾਅ ਜੀ ਵਰਗਾ ਇਨਸਾਨ ਤੇਰੇ ਨਾਲ ਉਹ ਕਰਦਾ ਜੋ ਉਸ ਨੇ ਮੇਰੇ ਨਾਲ ਕੀਤਾ, ਤਾਂ ਤੂੰ ਕੀ ਕਰਦੀ?’’ ‘‘ਮੈਂ ਉਸ ਨੂੰ ਆਪਣੀ ਜ਼ਿੰਦਗੀ ’ਚੋਂ ਕਿੱਕ ਆਊਟ ਕਰ ਦਿੰਦੀ ਹਮੇਸ਼ਾ ਲਈ, ਤੇ ਸਿਰ ਉੱਚਾ ਕਰ ਕੇ ਜੀਉਂਦੀ, ਜਿਵੇਂ ਤੂੰ ਜੀਅ ਰਹੀ ਏਂ।’’
ਕੁਲਬੀਰ ਬਡੇਸਰੋਂ ਔਰਤਾਂ ਦੀਆਂ ਦੁਸ਼ਵਾਰੀਆਂ, ਦਮਨ ਆਦਿ ਸਮੱਸਿਆਕਾਰਾਂ ਨੂੰ ਪਰੰਪਰਕ ਦ੍ਰਿਸ਼ਟੀਕੋਣ ਨਾਲ ਨਹੀਂ ਵਾਚਦੀ। ਉਸ ਦੀਆਂ ਕਹਾਣੀਆਂ ਵਿਚ ਨਨਾਣ ਪਾਤਰ ਭਰਜਾਈ ਨਾਲ ਸੰਵਾਦ ਰਚਾਉਂਦਾ ਜਿੱਥੇ ਭਰਾ ਦੇ ਵਿਰੁੱਧ ਅੰਤ ਵਿਚ ਭਰਜਾਈ ਦਾ ਸਾਥ ਦਿੰਦਾ ਹੈ, ਉੱਥੇ ਉਹ ਆਪਣੀ ਸਕੀ ਭੈਣ ਦੇ ਈਰਖਾਲੂ ਅਤੇ ਅਜੀਬੋ ਗਰੀਬ ਸੁਭਾਅ ਨੂੰ ਨਸ਼ਰ ਕਰਦਿਆਂ ਫੇਵਰਿਜ਼ਮ ਦੀ ਪਿਰਤ ਨੂੰ ਤੋੜ ਕੇ ਖੁੱਲ੍ਹੇ ਮਨ ਦੀ ਲਖਾਇਕ ਬਣਦੀ, ਮਨੁੱਖੀ ਮਾਨਸਿਕ ਜਟਿਲਤਾਵਾਂ ਦੀਆਂ ਵਿਭਿੰਨ ਗੰਢਾਂ ਨੂੰ ਖੋਲ੍ਹਦੀ ਜਾਂਦੀ ਹੈ। ਉਦਾਹਰਣ ਕਹਾਣੀ ‘ਭੈਣ ਜੀ’ ’ਚੋਂ ਲਈ ਜਾ ਸਕਦੀ ਹੈ: ‘‘…ਮੇਰੇ ਤੇ ਮੇਰੇ ਵਿਚਕਾਰਲੀ ਭੈਣ ਦਰਮਿਆਨ ਫ਼ਰਕ ਤਾਂ ਤੁਸੀਂ ਹੀ ਕ੍ਰੀਏਟ ਕਰਦੇ ਸੀ, ਉਸ ਨੂੰ ਸ਼ਹਿ ਦਿੰਦੇ ਸੀ ਤੇ ਮੈਨੂੰ ਇਗਨੋਰ ਕਰਦੇ ਸੀ। ਤੁਸੀਂ ਵੱਡੇ ਸੀ, ਤੁਹਾਡਾ ਫਰਜ਼ ਬਣਦਾ ਸੀ, ਛੋਟੀਆਂ ਭੈਣਾਂ ਨੂੰ ਸਮਝਾਉਣਾ। ਜ਼ਿਆਦਤੀ ਤਾਂ ਤੁਸੀਂ ਮੇਰੇ ਨਾਲ ਕਰਦੇ ਸੀ ਭੈਣ ਜੀ, ਮੇਰੀ ਹੋਈ ਸਿਫ਼ਤ ਦਾ ਮੈਥੋਂ ਬਦਲਾ ਲੈ ਕੇ ਮੇਰੀ ਹੇਠੀ ਕਰਕੇ…।’’
ਮੁੰਬਈ ਸ਼ਹਿਰ ਵਿਚ ਇਕੱਲੀ ਔਰਤ ਜਦੋਂ ਆਪਣੇ ਬੱਚਿਆਂ ਨੂੰ ਪਾਲਦੀ ਹੈ ਤਾਂ ਬੱਚਿਆਆਂ ਦੇ ਮਨੋਵਿਗਿਆਨ ਅਤੇ ਔਰਤ ਦੀ ਇਕੱਲਤਾ ਦੀ ਤ੍ਰਾਸਦੀ ਨੂੰ ਉਹ ਆਪਣੀਆਂ ਕਹਾਣੀਆਂ ’ਚ ਬਾਖ਼ੂਬੀ ਚਿਤਰਦੀ ਹੈ। ‘‘… ਸਕੂਲ ਤੋਂ ਛੁੱਟੀ ਤੋਂ ਬਾਅਦ ਸਕੂਲ ਦੀ ਬੱਸ ਸਿੱਧਾ ਮੈਨੂੰ ਕਰੈੱਸ਼ ’ਚ ਛੱਡ ਦਿੰਦੀ, ਸ਼ਾਮ ਤੱਕ ਮੈਂ ਕਰੈੱਸ਼ ’ਚ ਰਹਿੰਦੀ, ਅਵਾਜ਼ਾਰ ਜਿਹੀ, ਕਦੀ ਸੌਂ ਜਾਂਦੀ, ਕਦੀ ਉੱਠ ਕੇ ਬਾਹਰ ਬਾਲਕੋਨੀ ਦੇ ਬਨੇਰੇ ਕੋਲ ਖੜ੍ਹ ਜਾਂਦੀ, ਤੈਨੂੰ ਉਡੀਕਦੀ। … ਛੁੱਟੀ ਵਾਲੇ ਦਿਨ ਮੇਰਾ ਬੜਾ ਜੀਅ ਕਰਦਾ ਮੈਂ ਤੇਰੇ ਨਾਲ ਤੇ ਆਪਣੇ ਪਾਪਾ ਨਾਲ ਕਿਤੇ ਘੁੰਮਣ-ਫਿਰਨ ਜਾਵਾਂ, ਸਿਨੇਮਾ ਵੇਖਣ, ਸਰਕਸ ਵੇਖਣ, ਜਾਂ ਕਿਸੀ ਪਾਰਟੀ ’ਚ ਜਾਵਾਂ ਪਰ ਇੰਜ ਕਿਸ ਤਰ੍ਹਾਂ ਹੋ ਸਕਦਾ ਸੀ? ਤੂੰ ਤਾਂ ਇਕੱਲੀ ਸੀ, ਤੂੰ ਸਦਾ ਮੈਨੂੰ ਛੁੱਟੀ ਵਾਲੇ ਦਿਨ ਘਰ ਦੇ ਕੰਮ ਨਬੇੜ ਕੇ, ਪੜ੍ਹਾਉਣ ਬੈਠ ਜਾਂਦੀ ਸੀ, ਪਰ ਕਦੀ-ਕਦੀ ਮੈਂ ਵੇਖਦੀ ਸਾਂ, ਸ਼ਾਮ ਨੂੰ ਤੂੰ ਵੀ ਉਦਾਸ ਜਿਹੀ ਹੋ ਜਾਂਦੀ ਸੀ, ਬਾਰੀ ’ਚ ਖੜ੍ਹੋ ਕੇ ਤੂੰ ਐਵੇਂ ਸੜਕ ਵੱਲ ਵੇਖਦੀ ਰਹਿੰਦੀ ਸੀ, ਸ਼ਾਇਦ ਤੇਰਾ ਮਨ ਵੀ ਕਰਦਾ ਹੋਵੇਗਾ, ਘੁੰਮਣ-ਫਿਰਨ ਨੂੰ, ਸ਼ਾਪਿੰਗ ਕਰਨ ਨੂੰ, ਕਿਸੇ ਦਾ ਹੱਥ ਫੜ ਕੇ ਸੈਰਾਂ ਕਰਨ ਨੂੰ, ਕਿਸੀ ਪਾਰਟੀ ’ਚ ਜਾ ਕੇ ਧਮਾਲਾਂ ਪਾਉਣ ਨੂੰ… ਹੈ ਨਾ ਮਾਂ? ਜ਼ਰੂਰ ਤੇਰਾ ਮਨ ਕਰਦਾ ਹੋਵੇਗਾ, ਕਿਸੇ ਨੂੰ ਆਪਣੇ ਸਾਰੇ ਦਰਦ, ਸਾਰੇ ਦੁਖ ਦੱਸਣ ਨੂੰ…। … ਪਰ ਆਪਣੇ ਤੋਂ ਪਹਿਲਾਂ ਮੈਂ ਆਪਣੀ ਮਾਂ ਦਾ ਵਿਆਹ ਕਰਨਾ ਹੈ, ਉਸ ਦਾ ਇਕਲਾਪਾ ਦੂਰ ਕਰਨਾ ਹੈ, ਉਹ ਵੀ ਇਨਸਾਨ ਹੈ, ਤੇ ਜ਼ਿੰਦਗੀ ਦੀ ਹਰ ਖ਼ੁਸ਼ੀ, ਹਰ ਸੁਖ ’ਤੇ ਉਸ ਦਾ ਵੀ ਹੱਕ ਹੈ। ਉਸ ਬਾਰੇ ਕੋਈ ਨਹੀਂ ਸੋਚਦਾ, ਕੋਈ ਨਹੀਂ ਵੇਖਦਾ। ਉਸ ਦਾ ਵੀ ਹੱਕ ਹੈ ਸਿਰ ਉੱਚਾ ਕਰਕੇ ਜੀਣ ਦਾ …।’’ ਉਸ ਨੇ ਨਾਰੀ ਮਨ ਦੀ ਸੰਵੇਦਨਸ਼ੀਲਤਾ, ਕਰੁਣਾ, ਪਿਆਰ ਦੇ ਨਾਲ-ਨਾਲ ਇਕੱਲੀ ਔਰਤ ਦੀਆਂ ਜ਼ਿੰਮੇਵਾਰੀਆਂ ਨੂੰ ਕੋਈ ਤਰਸ-ਭਾਵ ਨਾਲ ਬਿਆਨ ਨਹੀਂ ਕੀਤਾ ਸਗੋਂ ਮੱਧ-ਸ਼੍ਰੇਣੀ ਦੀ ਔਰਤ ਦਾ ਇਕਲਾਪਾ, ਜੀਵਨ ’ਚ ਪਸਰੇ ਆਰਥਿਕ ਸੰਕਟ, ਤਣਾਉ, ਸੁਪਨਿਆਂ ਦਾ ਉਸਰਨਾ ਤੇ ਢਹਿਣਾ, ਸਮਾਜਿਕ ਵਰਜਣਾਵਾਂ, ਔਰਤ ਦੇ ਸੁਹਜ, ਤਿਕੋਣੇ ਰਿਸ਼ਤਿਆਂ ਦਾ ਸੰਤਾਪ ਤੇ ਸਭ ਤੋਂ ਵੱਧ ਮਾਪਿਆਂ ਵਿਚ ਭਾਵੁਕ ਸਾਂਝ ਟੁੱਟਣ ਕਾਰਨ ਬੱਚਿਆਂ ਦੇ ਮਨੋਵਿਗਿਆਨ ਵਿਚ ਬਣਦੇ-ਵਿਗਸਦੇ, ਟੁੱਟਦੇ-ਭੱਜਦੇ ਦੇ ਬਿਰਤਾਂਤ ਨੂੰ ਕੁਲਬੀਰ ਬਡੇਸਰੋਂ ਨੇ ਜਿੰਨੀ ਸ਼ਿੱਦਤ ਨਾਲ ਬਿਆਨ ਕੀਤਾ ਹੈ ਉਹ ਅਜੀਤ ਕੌਰ ਦੇ ਇਸ ਸ਼ਿਲਪ ਦੇ ਉਸ ਨੂੰ ਬਹੁਤ ਨੇੜੇ ਲੈ ਆਉਂਦਾ ਹੈ ਪਰ ਇਸ ਪੀੜ ਨੂੰ ਬਿਆਨ ਕਰਨ ਦਾ ਅੰਦਾਜ਼ ਉਸ ਦਾ ਨਿਰੋਲ ਮੌਲਿਕ ਹੈ। ਕੁਲਬੀਰ ਬਡੇਸਰੋਂ ਰਿਸ਼ਤਿਆਂ ਦੀ ਉਪਰਲੀ ਤਹਿ ਦੀ ਸਜਾਵਟ ਤੇ ਬਣਤਰ ਅੰਦਰ ਦੀਆਂ ਵਿਹੁ ਭਰੀਆਂ ਕੌੜੀਆਂ ਸੱਚਾਈਆਂ ਨੂੰ ਪ੍ਰਗਟਾਉਣ ਦੀ ਮਾਹਿਰ ਹੈ ਭਾਵੇਂ ਉਹ ਸਕੀ ਭੈਣ ਹੋਵੇ, ਸੱਸ-ਨੂੰਹ, ਪਤੀ ਜਾਂ ਕੋਈ ਵੀ ਹੋਰ ਰਿਸ਼ਤਾ। ਜਿੱਥੇ ਉਸ ਕੋਲ ਰਿਸ਼ਤਿਆਂ ਅੰਦਰਲੇ ਨਿੱਘ ਨੂੰ ਮਾਨਣ ਅਤੇ ਬਿਆਨਣ ਦੀ ਜੁਗਤਕਾਰੀ ਹੈ ਉੱਥੇ ਉਨ੍ਹਾਂ ਵਿਚਲੇ ਹਰੇਕ ਭਾਵ-ਅਨੁਭਾਵ ਅਤੇ ਤਲਖ਼ੀਆਂ, ਕਮੀਨਗੀ ਤੇ ਜ਼ਹੀਨਗੀ, ਮਾਸੂਮੀਅਤ ਅਤੇ ਖ਼ਰੂਦਗੀ ਸਭਨਾਂ ਨੂੰ ਵਿਭਿੰਨ ਪਾਤਰਾਂ ਤੇ ਸਥਿਤੀਆਂ ਵਿਚ ਢਾਲ ਕੇ ਅਜਿਹੇ ਬਿਰਤਾਂਤ ਸਿਰਜਦੀ ਹੈ ਕਿ ਪਾਠਕ ਆਪਣਾ ਆਪ ਭੁੱਲ ਕੇ ਉਨ੍ਹਾਂ ਯਥਾਰਥ ਦੀਆਂ ਰੌਸ਼ਨ/ ਹਨੇਰ ਗਲੀਆਂ ਵਿਚ ਵਿਚਰਨ ਲੱਗਦਾ ਹੈ। ਕੁਝ ਸਮੇਂ ਤੋਂ ਪੰਜਾਬੀ ਸਾਹਿਤ ਵਿਚ ਬਾਹਰਲੇ ਮੁਲਕਾਂ ਵਿਚ ਕਹਾਣੀ ਲੇਖਣ ਔਰਤਾਂ ਵੱਲੋਂ ਬਹੁਤ ਜ਼ਿਆਦਾ ਹੋ ਰਿਹਾ ਹੈ ਪਰ ਪੰਜਾਬੀ ਵਿਚ ਭਾਰਤ ਵਿਚ ਸਾਡੇ ਕੋਲ ਬਹੁਤ ਹੀ ਘੱਟ ਔਰਤਾਂ ਵੱਲੋਂ ਸਿਰਜੀਆਂ ਕਹਾਣੀਆਂ ਪ੍ਰਾਪਤ ਹੁੰਦੀਆਂ ਹਨ ਪਰ ਇਨ੍ਹਾਂ ਕਹਾਣੀਆਂ ਦੀ ਸਥਿਤੀ ਅਤੇ ਕੈਨਵਸ ਵਿਸ਼ਵ ਮੂਲਕ ਅਤੇ ਮਨੋਵਿਗਿਆਨਕ ਹੈ ਜਿਹੜੀ ਸਮੇਂ ਨਾਲ ਬਰ ਮੇਚਦੀ ਹੈ। ਮੈਂ ਕੁਲਬੀਰ ਬਡੇਸਰੋਂ ਦੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਸ ਨੇ ਜਿੰਨੀ ਸਰਲ ਭਾਸ਼ਾ ’ਚ ਅਤੇ ਜਿੰਨੀ ਮਾਸੂਮੀਅਤ ਨਾਲ ਇਨ੍ਹਾਂ ਕਹਾਣੀਆਂ ਦਾ ਬਿਰਤਾਂਤ ਸਿਰਜਿਆ ਹੈ, ਇਹ ਕਹਾਣੀਆਂ ਓਨੀ ਹੀ ਸ਼ਿੱਦਤ ਨਾਲ ਪਾਠਕ ਨੂੰ ਉਸ ਦੇ ਅੰਤਰੀਵ ਤੱਕ ਝੰਜੋੜਦੀਆਂ ਹਨ। ਇਹ ਕਹਾਣੀਆਂ ਮਨੁੱਖੀ ਸੰਵੇਦਨਾ ਦਾ ਦੁਰਲੱਭ ਹਾਸਿਲ ਹਨ।
ਸੰਪਰਕ: 98113-23640