ਪ੍ਰੋ. ਹਰਿਭਜਨ ਸਿੰਘ ਭਾਟੀਆ
ਪੰਜਾਬੀ ਅਦਬੀ ਦੁਨੀਆਂ ਵਿੱਚ ਗੁਰਚਰਨ ਕੌਰ ਥਿੰਦ ਦਾ ਪ੍ਰਵੇਸ਼ ਇੱਕੀਵੀਂ ਸਦੀ ਦੇ ਪਹਿਲੇ ਵਰ੍ਹੇ ਵਿੱਚ ਕਹਾਣੀ-ਸੰਗ੍ਰਹਿ ‘ਪ੍ਰਛਾਵਿਆਂ ਦੀ ਮਹਿਕ’ (2001) ਨਾਲ ਹੋਇਆ। ਉਸ ਦਾ ਜਨਮ ਪਿੰਡ ਚੁਹਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਬੀਐੱਸ.ਸੀ., ਬੀ.ਐੱਡ. ਕਰਨ ਉਪਰੰਤ ਉਹ ਲਗਭਗ ਡੇਢ ਦਹਾਕਾ ਸਾਇੰਸ ਦੇ ਵਿਸ਼ਿਆਂ ਦਾ ਅਧਿਆਪਨ ਕਰਦੀ ਰਹੀ। ਉਸ ਦੇ ਅਦਬੀ ਮੋਹ ਨੇ ਉਸ ਦਾ ਰੁਖ਼ ਅੰਗਰੇਜ਼ੀ ਭਾਸ਼ਾ ਅਤੇ ਅਦਬ ਵੱਲ ਮੋੜਿਆ। ਅੰਗਰੇਜ਼ੀ ਦੀ ਐੱਮ.ਏ. ਕਰਨ ਉਪਰੰਤ ਉਹ ਦੋ ਦਹਾਕੇ ਅੰਗਰੇਜ਼ੀ ਪੜ੍ਹਾਉਂਦੀ ਰਹੀ। ਦਿਲਚਸਪ ਤੱਥ ਹੈ ਕਿ ਉਸ ਨੇ ਆਪਣੀ ਉਮਰ ਦਾ ਵਧੇਰੇ ਹਿੱਸਾ ਵਿਗਿਆਨ ਅਤੇ ਅੰਗਰੇਜ਼ੀ ਅਦਬ ਪੜ੍ਹਾਉਣ ਵਿੱਚ ਲਗਾਇਆ, ਪਰ ਉਸ ਦਾ ਦਿਲੋ-ਦਿਮਾਗ਼ ਪੰਜਾਬੀ ਅਦਬ ਨਾਲ ਪਰਨਾਇਆ ਰਿਹਾ। ਪਿਛਲੇ ਦੋ ਤੋਂ ਵੱਧ ਦਹਾਕਿਆਂ ਤੋਂ ਉਹ ਲਗਾਤਾਰ ਸਾਹਿਤ ਰਚਨਾ ਦਾ ਕਾਰਜ ਕਰ ਰਹੀ ਹੈ ਅਤੇ ਉਸ ਦੁਆਰਾ ਰਚੀਆਂ ਪੁਸਤਕਾਂ ਦੀ ਗਿਣਤੀ ਇੱਕ ਦਰਜਨ ਪਾਰ ਕਰ ਚੁੱਕੀ ਹੈ। ਉਸ ਨੇ ਆਪਣੇ ਤਜਰਬਿਆਂ ਅਤੇ ਗਿਆਨ ਦੇ ਪ੍ਰਗਟਾਵੇ ਲਈ ਇੱਕ ਤੋਂ ਵਧੀਕ ਵਿਧਾਵਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਵਿੱਚ ਕਹਾਣੀ, ਨਾਵਲ ਅਤੇ ਲੇਖ ਆਦਿ ਸ਼ਾਮਲ ਹਨ। ਉਸ ਦੇ ਧੁਰ ਤਕ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਮੋਹ-ਪਿਆਰ ਤਾਂ ਵਸਿਆ ਹੋਇਆ ਹੈ, ਨਾਲ ਹੀ ਨਾਲ ਵਿਗਿਆਨਕ ਬਿਰਤੀ, ਆਲਮੀ ਅਦਬ ਵਿੱਚ ਦਿਲਚਸਪੀ, ਪਰਦੇਸੀ ਜੀਵਨ ਦੀ ਵਿਆਕਰਨ, ਸੱਭਿਆਚਾਰ ਅਤੇ ਮਸਲਿਆਂ ਨੂੰ ਜਾਣਨ ਦੀ ਉਤਸੁਕਤਾ ਅਤੇ ਸੰਵੇਦਨਸ਼ੀਲਤਾ ਨੇ ਉਸ ਦੀ ਸ਼ਖ਼ਸੀਅਤ ਨੂੰ ਘੜਨ-ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਸ ਦੁਆਰਾ ਲਿਖੀ ਕਿਸੇ ਵੀ ਰਚਨਾ ਥਾਣੀਂ ਗੁਜ਼ਰੋ ਉਪਰੋਕਤ ਅਦਬੀ-ਸੰਸਕਾਰ ਘੱਟ ਜਾਂ ਵੱਧ ਮਾਤਰਾ ਵਿੱਚ ਉਸ ਦੀ ਹਰ ਰਚਨਾ ਵਿੱਚੋਂ ਨਜ਼ਰੀ ਪੈਂਦੇ ਹਨ। ਜੀਵਨ ਅਨੁਭਵ, ਮਾਨਵੀ ਕਦਰਾਂ ਕੀਮਤਾਂ, ਵਿਗਿਆਨਕ ਬਿਰਤੀ ਅਤੇ ਸਰਲ-ਸੁਖੈਨ ਢੰਗ ਨਾਲ ਆਪਣੇ ਤਜਰਬੇ ਜਾਂ ਗਿਆਨ ਨੂੰ ਪਾਠਕਾਂ ਤੱਕ ਪਹੁੰਚਾਉਣ ਦੀ ਰੁਚੀ ਉਸ ਦੁਆਰਾ ਸਿਰਜੇ ਅਦਬੀ-ਸੰਸਾਰ ਦੇ ਅੰਗ ਸੰਗ ਵਿਚਰਦੀ ਹੈ। ਵਿਗਿਆਨਕ ਜੀਵਨ ਬਿਰਤੀ ਤੋਂ ਇਲਾਵਾ ਵਿਗਿਆਨਕ ਗਲਪ (ਚੰਦਰਯਾਨ-ਤਿਸ਼ਕਿਨ, 2013, ਮਿਸ਼ਨ ਰੈੱਡ ਸਟਾਰ, 2022) ਦੀ ਰਚਨਾ ਨੇ ਉਸ ਦੀ ਸ਼ਖ਼ਸੀਅਤ ਨਾਲ ਇੱਕ ਹੋਰ ਨਵੇਂ ਵੇਰਵੇ ਨੂੰ ਜੋੜਿਆ ਹੈ। ਗੁਰਚਰਨ ਕੌਰ ਥਿੰਦ ਦੀ ਅਦਬੀ ਦੁਨੀਆ ਨੂੰ ਸਮਝਣ ਅਤੇ ਉਸ ਦੀ ਪਰਖ ਜੋਖ ਲਈ ਕੁਝ ਮੂਲ ਸੂਤਰ ਦ੍ਰਿਸ਼ਟੀ ਅਧੀਨ ਰਹਿਣੇ ਚਾਹੀਦੇ ਹਨ: ਉਹ ਇੱਕੋ ਸਮੇਂ ਬਹੁ-ਵਿਧਾਵਾਂ ਵਿੱਚ ਰਚਨਾ ਕਰਦੀ ਹੈ; ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੇ ਅਧਿਐਨ-ਅਧਿਆਪਨ ਨੇ ਉਸ ਦੀ ਸਿਰਜਣਾ ਨੂੰ ਮੂਲ ਆਧਾਰ ਮੁਹੱਈਆ ਕੀਤਾ ਹੈ; ਉਸ ਦੀ ਕਾਵਿਕ ਬਿਰਤੀ ਉਸ ਦੀਆਂ ਰਚਨਾਵਾਂ ਨੂੰ ਜਜ਼ਬਾਤੀ ਰੰਗ ਵਿੱਚ ਰੰਗਦੀ ਹੈ ਅਤੇ ਵਿਗਿਆਨਕ ਬਿਰਤੀ ਇਸ ਸਭ ਕੁਝ ਨੂੰ ਬੇਲਗਾਮ ਹੋਣ ਤੋਂ ਰੋਕਦੀ ਹੈ; ਉਸ ਦੀਆਂ ਕੁਝ ਕਹਾਣੀਆਂ ਜਿਵੇਂ ‘ਗੁਲਾਬੋ’, ‘ਇੱਕ ਹੋਰ ਲੂਣਾ’, ‘ਸ਼ਿਵ ਦੀ ਗੌਰਜਾਂ’, ‘ਅਗਨ ਕੁੰਡ’, ‘ਕੈਨੇਡੀਅਨ ਕੂੰਜਾਂ’, ‘ਵਜੂਦ ਦੀ ਤਲਾਸ਼’, ‘ਲਿਵ ਇਨ ਰਿਲੇਸ਼ਨਸ਼ਿਪ’, ‘ਰਿਸ਼ਤਿਆਂ ਦਾ ਘਾਣ’, ‘ਅੱਕ ਦਾ ਬੂਟਾ’ ਤੇ ‘ਸੂਲਾਂ’ ਨੇ ਉਸ ਨੂੰ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਗੌਲਣਯੋਗ ਬਣਾਇਆ ਹੈ। ਉਸ ਦੇ ਪੰਜ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਦੇ ਰਚੇ ਪੰਜ ਨਾਵਲਾਂ ਵਿੱਚੋਂ ਵਿਗਿਆਨਕ ਗਲਪ ਨਾਲ ਸਬੰਧਿਤ ਦੋ ਨਾਵਲ ਉਸ ਦੀ ਅਦਬੀ ਸ਼ਖ਼ਸੀਅਤ ਨੂੰ ਨਿਵੇਕਲੀ ਪਛਾਣ ਮੁਹੱਈਆ ਕਰਵਾਉਂਦੇ ਹਨ ਅਤੇ ਉਸ ਦੀ ਵਾਰਤਕ ਖ਼ਾਸਕਰ ਲੇਖ ਰਚਨਾ ਅਜੋਕੇ ਸੁਲਗ਼ਦੇ ਮਸਲਿਆਂ ਨਾਲ ਆਪਣਾ ਰਾਬਤਾ ਸਥਾਪਿਤ ਕਰਦੀ ਦਿਖਾਈ ਦਿੰਦੀ ਹੈ।
ਗੁਰਚਰਨ ਕੌਰ ਥਿੰਦ ਦਾ ਪਹਿਲਾ ਲੇਖ ਸੰਗ੍ਰਹਿ ‘ਸਾਡੇ ਪਿੱਪਲਾਂ ਦੀ ਠੰਢੀ ਠੰਢੀ ਛਾਂ’ 2012 ਵਿੱਚ ਪ੍ਰਕਾਸ਼ਿਤ ਹੋਇਆ ਸੀ। ਅਠਾਈ ਲੇਖਾਂ ਦੇ ਇਸ ਸੰਗ੍ਰਹਿ ਵਿੱਚ ਉਸ ਨੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਧਰਮ ਨਾਲ ਸਬੰਧਿਤ ਮਸਲਿਆਂ ਅਤੇ ਸਰੋਕਾਰਾਂ ਨੂੰ ਇੱਕ ਫ਼ਾਸਲੇ ਉੱਪਰ ਖਲੋ ਕੇ, ਸਮਝਣ ਅਤੇ ਆਪਣੇ ਨਜ਼ਰੀਏ ਨੂੰ ਸਰਲ ਅਤੇ ਸਪੱਸ਼ਟ ਢੰਗ ਨਾਲ ਪਾਠਕਾਂ ਤੱਕ ਅੱਪੜਦਿਆਂ ਕਰਨ ਦਾ ਯਤਨ ਕੀਤਾ ਹੈ। ਉਸ ਦਾ ਅਨੁਭਵ, ਗਿਆਨ, ਤਾਰਕਿਕ ਦ੍ਰਿਸ਼ਟੀ ਅਤੇ ਪਾਰਦਰਸ਼ੀ ਭਾਸ਼ਾ ਇੱਕ ਦੂਸਰੇ ਦੇ ਸੰਗ ਸਾਥ ਵਿਚਰਦੇ ਦਿਖਾਈ ਦਿੰਦੇ ਹਨ। ਆਪਣੀ ਸੂਖ਼ਮ ਤੇ ਬਾਰੀਕ ਸੋਚਣੀ ਨਾਲ ਪਹਿਲਾਂ ਉਹ ਵਰਤਾਰਿਆਂ ਪਿੱਛੇ ਛੁਪੀ ਹਕੀਕਤ ਨੂੰ ਪਛਾਣਦੀ, ਭੇਖ ਨੂੰ ਉਜਾਗਰ ਕਰਦੀ ਅਤੇ ਸੱਚ ਨੂੰ ਪ੍ਰਗਟਾਉਣ ਦੀ ਜੁਰੱਅਤ ਕਰਦੀ ਹੈ। ਇਸ ਪੁਸਤਕ ਵਿੱਚੋਂ ਉਸ ਦੀ ਪਾਖੰਡਵਾਦ ਸਾਹਵੇਂ ਸਵਾਲੀਆ ਨਿਸ਼ਾਨ ਲਗਾਉਣ ਦੀ ਬੇਬਾਕੀ ਤੇ ਜੁਰੱਅਤ ਦਿਖਾਈ ਦਿੰਦੀ ਹੈ। ਮਿਸਾਲ ਵਜੋਂ ‘‘ਮਨੁੱਖ ਨੇ ਵੱਖ ਵੱਖ ਧਾਰਮਿਕ ਬਾਣੇ ਪਾ ਆਪਣੇ ਬਾਹਰੀ ਰੂਪ ਤੇ ਦਿੱਖ ਨੂੰ ਬਦਲ ਕੇ ਲੱਗਦਾ ਹੈ ਰੱਬ ਨੂੰ ਵੀ ਭੰਬਲਭੂਸਿਆਂ ਵਿੱਚ ਪਾ ਦਿੱਤਾ ਹੈ। ਅੱਜ ਸੱਚ ਦਾ ਨਹੀਂ, ਵਿਖਾਵੇ ਦਾ ਰਾਜ ਹੈ। ਭਲਾ ਇੱਕ ਧਰਮੀ ਪੁਰਸ਼ ਨੂੰ ਬੰਦੂਕਾਂ, ਪਿਸਤੌਲਾਂ ਤੇ ਬਾਡੀਗਾਰਡਾਂ ਦੀ ਕੀ ਲੋੜ ਹੈ?” ਇਸ ਟੂਕ ਦੇ ਅੰਤ ਉੱਪਰ ਦਰਜ ਸਵਾਲੀਆ ਨਿਸ਼ਾਨ ਧਾਰਮਿਕ ਵਰਤਾਰਿਆਂ ਨੂੰ ਝੱਟ ਹੀ ਸਮਝਣਯੋਗ ਬਣਾ ਦਿੰਦਾ ਹੈ। ਇਨ੍ਹਾਂ ਲੇਖਾਂ ਦਾ ਮਹੱਤਵ ਹੀ ਅਸਲ ਵਿੱਚ ਦਿਸਦੇ ਪਿੱਛੇ ਛੁਪੀ ਹਕੀਕਤ ਨੂੰ ਉਜਾਗਰ ਕਰਨ ਵਿੱਚ ਹੀ ਲੁਕਿਆ ਹੋਇਆ ਹੈ।
ਗੁਰਚਰਨ ਕੌਰ ਥਿੰਦ ਦਾ ਨਵਾਂ ਲੇਖ-ਸੰਗ੍ਰਹਿ ‘ਸਮਾਜ ਤੇ ਸੱਭਿਆਚਾਰ ਦੀ ਗਾਥਾ’ ਉਸਦੇ ਪਹਿਲੇ ਲੇਖ-ਸੰਗ੍ਰਹਿ ਨਾਲ ਨਿਰੰਤਰਤਾ ਦੇ ਰਿਸ਼ਤੇ ਵਿੱਚ ਬੱਝਾ ਹੋਇਆ ਹੈ। ਇੱਥੇ ਵੀ ਸਥਾਨਕ ਅਤੇ ਆਲਮੀ ਪੱਧਰ ਦੇ ਮਸਲਿਆਂ ਨੂੰ ਉਠਾਉਂਦੀ, ਉਨ੍ਹਾਂ ਦੀਆਂ ਮਹੱਤਵਪੂਰਨ ਪਰਤਾਂ ਤੇ ਪਾਸਾਰਾਂ ਨੂੰ ਉਭਾਰਦੀ ਅਤੇ ਬੜੇ ਸਰਲ, ਸਪੱਸ਼ਟ ਤੇ ਪਾਰਦਰਸ਼ੀ ਢੰਗ ਨਾਲ ਪਾਠਕਾਂ ਤੱਕ ਅੱਪੜਦਿਆਂ ਕਰਦੀ ਹੈ। ਸਮਝਣਾ-ਸਮਝਾਉਣਾ ਅਤੇ ਕਾਰਨ-ਕਾਰਜ ਵਿਧੀ ਨੂੰ ਹੱਥੋਂ ਨਾ ਛੁੱਟਣ ਦੇਣਾ ਇਨ੍ਹਾਂ ਲੇਖਾਂ ਵਿੱਚੋਂ ਸਾਫ਼ ਨਜ਼ਰ ਪੈਂਦਾ ਹੈ। ਸੁਆਲ ਹੈ: ਮਸਲਿਆਂ ਪ੍ਰਤੀ ਸਮਝ ਨੂੰ ਲੇਖਿਕਾ ਕਿਸ ਤੱਕ ਪਹੁੰਚਾਉਣਾ ਚਾਹੁੰਦੀ ਹੈ? ਉੱੱਤਰ ਹੈ: ਉੱਥੋਂ ਦੀ ਨਵੀਂ ਪੀੜ੍ਹੀ ਤੱਕ ਵੀ ਅਤੇ ਆਮ ਸਾਧਾਰਨ ਪਾਠਕਾਂ ਤੱਕ ਵੀ। ਅਜਿਹੀ ਸਮਝ ਹੀ ਪਾਠਕ ਨੂੰ ਗੱਪਸ਼ੱਪ ਤੋਂ ਅਗਾਂਹ ਤੱਥਾਂ ਅਤੇ ਗਿਆਨ/ਸਮਝ ਦੇ ਰਾਹ ਉੱਪਰ ਤੋਰ ਸਕਦੀ ਹੈ। ਇਸ ਪੁਸਤਕ ਵਿਚਲੇ ਅਲਪਕਾਰੀ ਲੇਖ ਭਾਸ਼ਾ, ਮਾਂ-ਬੋਲੀ, ਸੱਭਿਆਚਾਰ, ਘਰ ਪਰਿਵਾਰ, ਇਸਤਰੀ, ਲੋਕ ਨਾਇਕਾਂ ਅਤੇ ਕਿਸਾਨ ਅੰਦੋਲਨ ਦੇ ਇਰਦ ਗਿਰਦ ਘੁੰਮਦੇ ਹਨ। ਜਾਪਦਾ ਹੈ ਕਿ ਕੈਨੇਡਾ ਦੀ ਧਰਤੀ ਉੱਪਰ ਵੱਸੀ ਲੇਖਿਕਾ ਇੱਥੋਂ ਦੇ ਮਸਲਿਆਂ ਅਤੇ ਫ਼ਿਕਰਾਂ ਤੋਂ ਮੁਕਤੀ ਦਾ ਹੱਲ ਸੁਝਾਅ ਇਸ ਸੋਹਣੀ ਧਰਤ ਅਤੇ ਇੱਥੇ ਵੱਸਦੇ ਲੋਕਾਂ ਦੀ ਖ਼ੈਰ-ਸੁੱਖ ਵੀ ਮੰਗਦੀ ਹੈ। ਉਹ ਇਨ੍ਹਾਂ ਮਸਲਿਆਂ ਅਤੇ ਫ਼ਿਕਰਾਂ ਤੋਂ ਪਰਦੇਸ ਵੱਸੀ ਨਵੀਂ ਪੀੜ੍ਹੀ ਨੂੰ ਵਾਕਿਫ਼ ਵੀ ਕਰਵਾਉਣਾ ਲੋਚਦੀ ਹੈ ਅਤੇ ਇਨ੍ਹਾਂ ਦੀ ਮਾਂ-ਬੋਲੀ ਦੀ ਗੱਲ ਕਰਦੀ ਹੈ ਤਾਂ ਉਹ ਸਿਰਫ਼ ਚੜ੍ਹਦੇ ਪੰਜਾਬ ਦੇ ਪਾਠਕਾਂ ਨੂੰ ਹੀ ਮੁਖ਼ਾਤਬ ਨਹੀਂ ਹੁੰਦੀ ਸਗੋਂ ਲਹਿੰਦੇ ਅਤੇ ਪਰਦੇਸੀ ਪਾਠਕਾਂ ਨਾਲ ਵੀ ਸੰਵਾਦ ਰਚਾਉਂਦੀ ਹੈ। ਨੌਂ ਕਰੋੜ ਪੰਜਾਬੀਆਂ ਦੇ ਲਹਿੰਦੇ ਪੰਜਾਬ ਦੀ ਸਥਿਤੀ ਤੋਂ ਵੀ ਉਹ ਭਲੀਭਾਂਤ ਵਾਕਿਫ਼ ਹੈ ਕਿ ਓਧਰ ਅੰਗਰੇਜ਼ੀ ਬੋਲਣਾ ਅਤੇ ਪੜ੍ਹਨਾ ਲਿਖਣਾ ਉੱਚ-ਵਰਗ ਦੀ, ਉਰਦੂ ਬੋਲਣਾ ਮੱਧ-ਵਰਗ ਦੀ ਅਤੇ ਪੰਜਾਬੀ ਜਾਂ ਹੋਰ ਖੇਤਰੀ ਭਾਸ਼ਾ ਬੋਲਣਾ ਅਨਪੜ੍ਹ-ਗੰਵਾਰ ਦੀ ਪਛਾਣ ਸਮਝਿਆ ਜਾਂਦਾ ਹੈ। ਉਹ ਵਾਕਿਫ਼ ਹੈ ਕਿ ਦੋਵਾਂ ਪੰਜਾਬਾਂ ਵਿੱਚ ਮਾਂ-ਬੋਲੀ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਅਤੇ ਪਰਦੇਸਾਂ ਵਿੱਚ ਓਪਰਾ ਅਤੇ ਦਿਖਾਵੇ ਦਾ ਹੇਜ ਹੀ ਕੀਤਾ ਜਾਂਦਾ ਹੈ। ਮਾਂ-ਬੋਲੀ ਦੀ ਦਸ਼ਾ ਤੇ ਦਿਸ਼ਾ, ਭਵਿੱਖ, ਪ੍ਰਚਾਰ ਤੇ ਪਾਸਾਰ ਅਤੇ ਮਹੱਤਵ ਸਬੰਧੀ ਇਸ ਪੁਸਤਕ ਵਿੱਚ ਪੜ੍ਹਨਯੋਗ ਮਜ਼ਮੂਨ ਦਰਜ ਹਨ।
ਔਰਤ ਚਾਹੇ ਵਿਸ਼ਵ ਦੇ ਕਿਸੇ ਵੀ ਕੋਨੇ ਉੱਪਰ ਵੱਸਦੀ ਹੋਵੇ, ਉਸ ਦੀ ਸਥਿਤੀ ਸੰਕਟਾਂ, ਅਤੀਤ, ਵਰਤਮਾਨ ਅਤੇ ਭਵਿੱਖ ਦੇ ਸਰੋਕਾਰਾਂ ਨੂੰ ਉਹ ਮਨੋ ਨਹੀਂ ਵਿਸਾਰਦੀ। ‘ਦ੍ਰੋਪਦੀ- ਭਾਰਤੀ ਰਵਾਇਤਾਂ ਅਤੇ ਸੱਭਿਆਚਾਰ ਦੀ ਪ੍ਰਤੀਕ’, ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਿਹ ਰਾਜਾਨ’ ਅਤੇ ਘਰੇਲੂ ਹਿੰਸਾ ਵਿਸ਼ੇ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਮਜ਼ਮੂਨ ਉਸ ਦੇ ਅਜਿਹੇ ਸਰੋਕਾਰਾਂ ਨੂੰ ਹੀ ਪ੍ਰਗਟਾਉਂਦੇ ਹਨ। ਉਹ ਇਤਿਹਾਸ ਅਤੇ ਗ੍ਰੰਥਾਂ ਵਿੱਚ ਲੁਕੇ ਸੱਚ ਦੇ ਤੋਤਾ ਰਟਨ ਦੀ ਬਜਾਏ ਉਸ ਨੂੰ ਸਮਝਣ ਅਤੇ ਉਸ ਉੱਪਰ ਅਮਲ ਕਰਨ ਲਈ ਆਖਦੀ ਹੈ। ਘਰੇਲੂ ਹਿੰਸਾ ਕਾਰਨ ਹੋ ਰਹੇ ਰਿਸ਼ਤਿਆਂ ਦੇ ਘਾਣ ਅਤੇ ਹੋ ਰਹੀ ਪਰਿਵਾਰਾਂ ਦੀ ਟੁੱਟ-ਭੱਜ ਸਬੰਧੀ ਉਸ ਦੀ ਚਿਤਾਵਨੀ ਸਮੇਂ ਦਾ ਹਾਣੀ ਫ਼ਿਕਰ ਹੈ। ਅਜੋਕੇ ਮਨੁੱਖ, ਸਮਾਜ ਤੇ ਸੱਭਿਆਚਾਰ ਦੀ ਗਾਥਾ ਦੇ ਅਤੀਤ, ਵਰਤਮਾਨ ਤੇ ਭਵਿੱਖ ਨੂੰ ਪ੍ਰਗਟਾਉਂਦੀ ਇਹ ਰਚਨਾ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ, ਆਰਥਿਕ ਅਸਮਾਨਤਾ, ਮੰਡੀ, ਮੁਨਾਫ਼ੇ ਤੇ ਮੁਕਾਬਲੇ ਦੀ ਖੇਡ ਅਤੇ ਕਾਰਪੋਰੇਟ ਸੈਕਟਰ ਦੀ ਲੋਟੂ ਬਿਰਤੀ ਨੂੰ ਵੀ ਉਜਾਗਰ ਕਰਦੀ ਹੈ। ਇਸ ਕੋਣ ਤੋਂ ਇਸ ਪੁਸਤਕ ਵਿਚਲੇ ਮਜ਼ਮੂਨ ਸਾਧਾਰਨ, ਲੁੱਟੇ-ਲਤਾੜੇ ਅਤੇ ਵੰਚਿਤ ਵਰਗ ਦੀ ਪੀੜਾ ਨਾਲ ਖੜ੍ਹਦੇ ਹਨ। ਇਨ੍ਹਾਂ ਵਿਚਲਾ ਆਲਮੀ ਨਜ਼ਰੀਆ ਭਾਸ਼ਾ, ਅਖੌਤੀ ਧਰਮ, ਜਾਤ, ਨਸਲ ਅਤੇ ਰੰਗ ਤੋਂ ਉੱਪਰ ਵਿਚਰ ਆਜ਼ਾਦ ਮਨੁੱਖ ਅਤੇ ਮਨੁੱਖਤਾ ਦਾ ਭਲਾ ਲੋਚਣ ਵਾਲੇ ਮਨੁੱਖ ਦਾ ਹੈ। ਲੇਖਿਕਾ ਆਪਣੀ ਗੱਲ ਨੂੰ ਗੋਲਮੋਲ, ਵਿੰਗੇ-ਟੇਢੇ, ਅਸਪੱਸ਼ਟ ਅਤੇ ਬਹੁ-ਅਰਥੀ ਢੰਗ ਨਾਲ ਨਹੀਂ ਸਗੋਂ ਸਾਫ਼-ਸ਼ਫ਼ਾਫ਼ ਅਤੇ ਪਾਰਦਰਸ਼ੀ ਢੰਗ ਨਾਲ ਆਖਦੀ ਹੈ। ਤੱਥ, ਅੰਕੜੇ, ਰਿਪੋਰਟਾਂ, ਪ੍ਰਸ਼ਨ ਅਤੇ ਸੰਵਾਦ ਉਸ ਦੀ ਤਾਰਕਿਕ ਅਤੇ ਵਿਗਿਆਨਕ ਸ਼ੈਲੀ ਅਤੇ ਨਜ਼ਰੀਏ ਦੇ ਸ਼ਕਤੀਸ਼ਾਲੀ ਹਥਿਆਰ ਹਨ। ਇਹੋ ਤਾਂ ਇਸ ਰਚਨਾ ਵਿਚਲੇ ਲੇਖਾਂ ਦੀ ਪ੍ਰਾਪਤੀ ਹੈ।
ਸੰਪਰਕ: 98557-19118