ਡਾ. ਬਲਵਿੰਦਰ ਸਿੰਘ ਥਿੰਦ
ਦੁੱਲਾ ਭੱਟੀ ਪੰਜਾਬੀ ਸਭਿਆਚਾਰ ਦੇ ਪ੍ਰਸਿੱਧ ਤਿਉਹਾਰ ਲੋਹੜੀ ਦਾ ਨਾਇਕ ਹੈ। ਦੁੱਲਾ ਭੱਟੀ ਦਾ ਨਾਇਕਤਵ ਇਸ ਕਰਕੇ ਹੈ ਕਿ ਉਹ ਪੰਜਾਬ ਦੀ ਨਾਬਰੀ ਦਾ ਪ੍ਰਤੀਕ ਹੈ। ਉਸ ਦਾ ਜਨਮ ਮੁਗ਼ਲ ਸਲਤਨਤ ਵੇਲੇ 16ਵੀਂ ਸਦੀ ਦੇ ਅੱਧ ਵਿੱਚ ਸਾਂਦਲ ਬਾਰ ਪੰਜਾਬ (ਪਾਕਿਸਤਾਨ) ਦੇ ਇਲਾਕੇ ਪਿੰਡੀ ਭੱਟੀਆਂ ਵਿੱਚ ਹੋਇਆ ਅਤੇ ਫਾਂਸੀ (ਮੌਤ) ਅਕਬਰ ਬਾਦਸ਼ਾਹ ਦੀ ਹਕੂਮਤ ਵੇਲੇ 1599 ਵਿਚ ਹੋਈ। ਉਹ ਲਾਹੌਰ (ਪੰਜਾਬ, ਪਾਕਿਸਤਾਨ) ਦੇ ਨੌਲੱਖਾ ਬਾਜ਼ਾਰ ਨੇੜੇ ਮਿਆਣੀ ਸਾਹਿਬ ਦੇ ਕਬਰਿਸਤਾਨ ਵਿੱਚ ਦਫ਼ਨ ਦੱਸਿਆ ਜਾਂਦਾ ਹੈ। ਅਫ਼ਸੋਸ ਹੈ ਕਿ ਪੰਜਾਬ ਦਾ ਇਹ ਮਹਾਂ ਨਾਇਕ ਇਤਿਹਾਸ ਵਿੱਚੋਂ ਬਹੁਤਾ ਅਣਗੌਲਿਆ ਰਿਹਾ ਹੈ। ਕੁਝ ਇਤਿਹਾਸਕਾਰਾਂ ਨੇ ਦੁੱਲਾ ਭੱਟੀ ਨੂੰ ਮਿੱਥਕ ਪਾਤਰ ਮੰਨਦਿਆਂ ਉਸ ਨਾਲ ਇਨਸਾਫ਼ ਨਹੀਂ ਕੀਤਾ। ਇਸ ਸੂਰਮੇ ਦੇ ਅਣਗੌਲੇ ਰਹਿਣ ਪਿੱਛੇ ਇਹ ਕਾਰਨ ਵੀ ਹੋ ਸਕਦਾ ਹੈ ਕਿ ਇਤਿਹਾਸ ਹਮੇਸ਼ਾ ਤਾਕਤਵਰ/ਹਕੂਮਤ ਵੱਲੋਂ ਹੀ ਲਿਖਿਆ/ਲਿਖਵਾਇਆ ਜਾਂਦਾ ਰਿਹਾ ਹੈ।
ਰਾਏ ਅਬਦੁੱਲਾ ਖ਼ਾਨ ਭੱਟੀ (ਪ੍ਰਚਲਿਤ ਨਾਮ ਦੁੱਲਾ ਭੱਟੀ) ਪੰਜਾਬ ਦਾ ਪ੍ਰਸਿੱਧ ਨਾਇਕ ਸੀ ਜਿਸ ਨੇ ਮੁਗ਼ਲ ਸਮਰਾਟ ਅਕਬਰ ਖਿਲਾਫ਼ ਬਗ਼ਾਵਤ ਦੀ ਅਗਵਾਈ ਕੀਤੀ ਸੀ। ਦੁੱਲੇ ਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫ਼ਕੀਰ ਖ਼ਾਨ ਭੱਟੀ ਸੀ। ਰਾਏ ਅਬਦੁੱਲਾ ਖ਼ਾਨ ਨੇ ਇਸ ਹੱਦ ਤੱਕ ਮੁਗ਼ਲ ਹਕੂਮਤ ਨੂੰ ਵਖਤ ਪਾਈ ਰੱਖਿਆ ਸੀ ਕਿ ਬਾਦਸ਼ਾਹ ਅਕਬਰ ਨੂੰ ਤਕਰੀਬਨ 20 ਸਾਲਾਂ ਲਈ ਲਾਹੌਰ ਵਿੱਚ ਕਿਲੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਅਤੇ ਇਸ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਬਦਲਣਾ ਪਿਆ ਸੀ।
ਪੰਜਾਬੀ ਭਾਸ਼ਾ ਵਿੱਚ ਦੁੱਲਾ ਭੱਟੀ ਬਾਰੇ ਮਿਲਦੀਆਂ ਕੁਝ ਰਚਨਾਵਾਂ ਵਿਚੋਂ ਇੱਕ ਰਚਨਾ ‘ਵਾਰ ਦੁੱਲੇ ਭੱਟੀ ਦੀ’ ਹੈ ਜਿਸ ਨੂੰ ‘ਦੁੱਲੇ ਦੀ ਵਾਰ’ ਵੀ ਕਿਹਾ ਜਾਂਦਾ ਹੈ। ਕੁੱਲ 22 ਬੰਦਾਂ ਵਾਲੀ ਇਸ ਰਚਨਾ ਨੂੰ ਅਹਿਮਦ ਸਲੀਮ ਨੇ ਗਮੰਤਰੀ ਗੁਲਾਮ ਮੁਹੰਮਦ ਰੁਲੀਏ ਤੋਂ ਸੁਣ ਕੇ ਵਾਰ ਕਾਵਿ ਰੂਪ ਵਿੱਚ ਕਲਮਬੱਧ ਕੀਤਾ ਹੈ। ਇਸ ਵਾਰ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਅਕਬਰ ਬਾਦਸ਼ਾਹ ਨਾਲ ਹੋਈ ਲੜਾਈ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ। ਵਾਰ ਮੁਤਾਬਿਕ ਇੱਕ ਇਲਾਕੇ ਦਾ ਨਾਂ ਦੁੱਲੇ ਦੀ ਬਾਰ ਯਾਨੀ ਦੁੱਲਾ ਭੱਟੀ ਦਾ ਜੰਗਲ ਹੈ। ਬਾਰ ਸ਼ਬਦ ਦਾ ਅਰਥ ਇੱਕ ਜੰਗਲੀ ਖੇਤਰ ਤੋਂ ਹੈ ਜਿੱਥੇ ਖੇਤੀ ਕਰਨ ਲਈ ਕੋਈ ਸਾਧਨ (ਪਾਣੀ ਆਦਿ) ਘੱਟ ਹੁੰਦੇ ਹਨ। ਬਾਰ ਪਾਕਿਸਤਾਨੀ ਪੰਜਾਬ ਵਿੱਚ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕਹਿੰਦੇ ਹਨ ਜਿਸ ਨੂੰ ਰਚਨਾ ਦੋਆਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਸੇ ਸਮੇਂ ਇਸ ਬਾਰ ਦਾ ਲਗਭਗ ਸਾਰਾ ਹੀ ਖੇਤਰ ਝੰਗ ਜ਼ਿਲ੍ਹੇ ਵਿੱਚ ਹੁੰਦਾ ਸੀ, ਪਰ ਅੱਜਕੱਲ੍ਹ ਇਹ ਫੈਸਲਾਬਾਦ, ਝੰਗ ਅਤੇ ਟੋਭਾ ਟੇਕ ਸਿੰਘ (ਤਿੰਨ ਜ਼ਿਲ੍ਹਿਆਂ) ਵਿੱਚ ਵੰਡਿਆ ਹੈ।
ਦੁੱਲਾ ਭੱਟੀ ਨੂੰ ਪੰਜਾਬ ਦਾ ਰੌਬਿਨਹੁੱਡ ਵੀ ਆਖਿਆ ਜਾਂਦਾ ਹੈ। ਰੌਬਿਨਹੁੱਡ ਅੰਗਰੇਜ਼ੀ ਲੋਕ ਕਥਾਵਾਂ ਦੇ ਕਾਨੂੰਨ ਤੋਂ ਬਾਗੀ ਨਾਇਕ ਵਜੋਂ ਪ੍ਰਸਿੱਧ ਹੈ। ਦੁੱਲਾ ਭੱਟੀ ਬਾਰੇ ਜਾਣਨ ਤੋਂ ਪਹਿਲਾਂ ਉਨ੍ਹਾਂ ਦੇ ਵਡੇਰਿਆਂ ਬਾਰੇ ਜਾਣਦੇ ਹਾਂ।
ਦੁੱਲਾ ਭੱਟੀ ਦੇ ਵਡੇਰਿਆਂ ਦਾ ਪਿਛੋਕੜ
ਦੁੱਲਾ ਭੱਟੀ ਦਾ ਜਨਮ ਪਿੰਡੀ ਭੱਟੀਆਂ ਵਿਖੇ ਹੋਇਆ। ਇੱਕ ਸਰੋਤ ਮੁਤਾਬਿਕ ਦੁੱਲੇ ਦਾ ਜਨਮ ਚਨਾਬ ਦਰਿਆ ਕਿਨਾਰੇ ਕਿਸ਼ਤੀ ਵਿੱਚ ਹੋਇਆ ਵੀ ਦੱਸਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੁੱਲਾ ਭੱਟੀ ਦੇ ਵੱਡੇ ਪੁਰਖੇ ਰਾਜਸਥਾਨ ਵਿਚਲੇ ਜੈਸਲਮੇਰ ਨੇੜੇ ਭਟਨੇਰ ਦੇ ਰਾਜਪੂਤ ਵੰਸ਼ ਨਾਲ ਸਬੰਧਿਤ ਸਨ ਜੋ ਬਾਅਦ ਵਿਚ ਲਾਹੌਰ ਨੇੜੇ ਹਜ਼ਰਾਂ ਕਬੀਲੇ ਕੋਲ ਜਾ ਵਸੇ।
ਦੁੱਲਾ ਭੱਟੀ ਦੇ ਪੁਰਖਿਆਂ ਵੱਲੋਂ ਪਿੰਡੀ ਭੱਟੀਆਂ ਵਸਾਉਣ ਦੀ ਘਟਨਾ ਵੀ ਬੜੀ ਰੌਚਕ ਹੈ। ਹੋਇਆ ਇੰਝ ਕਿ ਇੱਕ ਭੇਡਾਂ ਦੇ ਵਾੜੇ ਵਿੱਚ ਭੇਡ ਦੇ ਲੇਲੇ ਦਾ ਕੋਈ ਜੰਗਲੀ ਜਾਨਵਰ ਸ਼ਿਕਾਰ ਕਰਨ ਲੱਗਦਾ ਹੈ ਤਾਂ ਭੇਡ ਵਾੜੇ ਵਿੱਚ ਆਪਣੇ ਲੇਲੇ ਨੂੰ ਬਚਾਉਣ ਲਈ ਬੜੀ ਬਹਾਦਰੀ ਨਾਲ ਜੰਗਲੀ ਜਾਨਵਰ ਦਾ ਮੁਕਾਬਲਾ ਕਰਦੀ ਹੈ। ਆਖ਼ਰ ਜੰਗਲੀ ਜਾਨਵਰ ਨੂੰ ਲੇਲੇ ਦਾ ਸ਼ਿਕਾਰ ਵਿਚਾਲੇ ਛੱਡ ਕੇ ਵਾਪਸ ਜਾਣਾ ਪੈਂਦਾ ਹੈ। ਇਸ ਸਾਰੀ ਘਟਨਾ ਨੂੰ ਦੁੱਲੇ ਦੇ ਵਡੇਰਿਆਂ ਵਿਚੋਂ ਕਿਸੇ ਨੇ ਅੱਖੀਂ ਤੱਕਿਆ। ਉਸ ਵਡੇਰੇ ਨੇ ਭੱਟੀ ਕਬੀਲੇ ਵਿੱਚ ਆਣ ਕੇ ਭੇਡ ਦੀ ਦਲੇਰੀ ਅਤੇ ਵਾਪਰੀ ਸਾਰੀ ਘਟਨਾ ਨੂੰ ਦੱਸਦਿਆਂ ਕਿਹਾ ਕਿ ‘‘ਭੇਡ ਨੂੰ ਆਪਣੇ ਵਾੜੇ ’ਤੇ ਮਾਣ ਸੀ, ਇਸੇ ਕਰਕੇ ਉਹ ਜੰਗਲੀ ਜਾਨਵਰ ਨਾਲ ਭਿੜ ਕੇ ਆਪਣੇ ਲੇਲੇ ਨੂੰ ਬਚਾ ਗਈ। ਭਾਵੇਂ ਹਜ਼ਰਾਂ ਕਬੀਲਾ ਆਪਣਾ ਬਹੁਤ ਮਾਣ-ਸਤਿਕਾਰ ਕਰਦਾ ਹੈ ਪਰ ਜੇਕਰ ਇੱਜ਼ਤ ਨਾਲ ਜਿਉਣਾ ਹੈ ਤਾਂ ਆਪਣਾ ਕੋਈ ਪੱਕਾ ਟਿਕਾਣਾ ਹੋਣਾ ਚਾਹੀਦਾ ਹੈ।’’ ਉਪਰੰਤ ਦੁੱਲੇ ਦੇ ਪੁਰਖਿਆਂ ਨੇ ਪਿੰਡੀ ਭੱਟੀਆਂ ਕਸਬਾ ਵਸਾਇਆ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਵੇਲੇ ਦੁੱਲੇ ਦੇ ਵੰਸ਼ ’ਚੋਂ 12ਵੀਂ ਪੀੜ੍ਹੀ ਪਿੰਡੀ ਭੱਟੀਆਂ ਵਿੱਚ ਰਹਿੰਦੀ ਹੈ ਜੋ ਦੁੱਲੇ ਦੇ ਤਿੰਨ ਪੁੱਤਰਾਂ ਕਮਾਲ ਖ਼ਾਨ, ਨੂਰ ਖ਼ਾਨ ਅਤੇ ਜਹਾਨ ਖ਼ਾਨ ਦੀ ਔਲਾਦ ’ਚੋਂ ਹੈ। ਦੁੱਲੇ ਦਾ ਦਾਦਾ ਬਿਜਲੀ ਖ਼ਾਨ ਭੱਟੀ ‘ਸਾਂਦਲ ਦੀ ਬਾਰ’ ਵਿਖੇ ਵੱਸਣ ਕਰਕੇ ਸਾਂਦਲ ਭੱਟੀ ਵਜੋਂ ਹੀ ਵਧੇਰੇ ਜਾਣਿਆ ਜਾਣ ਲੱਗਾ। ਦੁੱਲੇ ਦੇ ਦਾਦੇ ਸਾਂਦਲ ਭੱਟੀ ਅਤੇ ਪਿਉ ਫ਼ਕੀਰ ਖ਼ਾਨ ਭੱਟੀ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ (ਮੁਆਮਲਾ/ਮਾਲੀਆ/ਕਰ/ਟੈਕਸ) ਨੀਤੀ ਦਾ ਵਿਰੋਧ ਕੀਤਾ ਸੀ।
ਦਰਅਸਲ, ਬਾਦਸ਼ਾਹ ਅਕਬਰ ਨੇ ਮੁਗ਼ਲ ਸਮਰਾਜ ਦੀ ਵਾਂਗਡੋਰ ਸੋਲ੍ਹਵੀਂ ਸਦੀ ਦੇ ਅੱਧ ’ਚ ਸੰਭਾਲੀ। ਉਸ ਨੇ ਕਈ ਪਰਗਨਿਆਂ ਨੂੰ ਲਗਾਨ ਹਲਕਿਆਂ ਵਿੱਚ ਤਬਦੀਲ ਕਰ ਦਿੱਤਾ। ਹਰ ਫ਼ਸਲ ’ਤੇ ਲੱਗਣ ਵਾਲੇ ਲਗਾਨ ਦੀ ਮਿਆਰੀ ਦਰ ਮੁਕੱਰਰ ਕਰ ਦਿੱਤੀ। ਹਰ ਕਾਸ਼ਤਕਾਰ (ਖ਼ੁਦ ਖੇਤੀ ਕਰਨ ਵਾਲਾ ਕਿਸਾਨ) ਤੋਂ ਸਟੇਟ ਦੇ ਹਿੱਸੇ ਦਾ ਲਗਾਨ ਨਗਦੀ ਵਜੋਂ ਵਸੂਲਿਆ ਜਾਣ ਲੱਗਿਆ। ਇਸ ਨਵੀਂ ਲਗਾਨ ਪ੍ਰਣਾਲੀ ਨੂੰ ‘ਜ਼ਬਤੀ’ (ਕਿਸੇ ਸੰਪਤੀ ਵਿੱਚ ਹਿੱਤਾਂ ਆਦਿ ਦਾ ਖੁੱਸ ਜਾਣਾ) ਆਖਿਆ ਗਿਆ। ਸਟੇਟ ਨੂੰ ਲਗਾਨ ਅਦਾ ਕਰਨ ਦੀ ਜ਼ਿੰਮੇਵਾਰੀ ਇਲਾਕੇ ਦੇ ਜ਼ਿਮੀਂਦਾਰ ਅਤੇ ਲੰਬੜਦਾਰ/ਨੰਬਰਦਾਰ ਦੀ ਹੁੰਦੀ ਸੀ।
ਦੁੱਲੇ ਦੇ ਪੁਰਖਿਆਂ ਨੇ ਕੇਂਦਰੀ ਯੋਜਨਾ ਮੁਤਾਬਿਕ ਤੈਅ ਕੀਤਾ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਰਾਵੀ ਦੀ ਜੰਗ ਵਿੱਚ ਮੁਗ਼ਲ ਹਕੂਮਤ ਦੇ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਅਕਬਰ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ, ਪਰ ਜਦ ਉਹ ਕਿਸੇ ਤਰ੍ਹਾਂ ਨਾ ਝੁਕੇ ਤਾਂ ਅਕਬਰ ਨੇ ਲਗਾਨ ਨਾ ਚੁਕਾਉਣ ਵਾਲਿਆਂ ਦੇ ਮਨਾਂ ’ਚ ਦਹਿਸ਼ਤ ਪਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਵਾ ਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਦੇ ਮੁੱਖ ਦਰਵਾਜ਼ੇ ’ਤੇ ਪੁੱਠੀਆਂ ਲਟਕਵਾ ਦਿੱਤੀਆਂ।
ਦੁੱਲੇ ਦਾ ਜਨਮ ਮਾਂ ਲੱਧੀ ਦੀ ਕੁੱਖੋਂ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨਿਆਂ ਬਾਅਦ ਹੋਇਆ ਦੱਸਿਆ ਜਾਂਦਾ ਹੈ। ਜਿਸ ਦਿਨ ਲੱਧੀ ਦੇ ਘਰ ਦੁੱਲਾ ਪੁੱਤਰ ਜੰਮਿਆ, ਉਸੇ ਦਿਨ ਬਾਦਸ਼ਾਹ ਅਕਬਰ ਨੂੰ ਵੀ ਪੁੱਤਰ ਦੀ ਦਾਤ ਮਿਲੀ ਜਿਸ ਨੇ ਭਵਿੱਖ ਵਿੱਚ ਜਹਾਂਗੀਰ ਵਜੋਂ ਹਿੰਦੋਸਤਾਨ ’ਤੇ ਹਕੂਮਤ ਕੀਤੀ। ਦਰਬਾਰੀ ਨਜੂਮੀਆਂ (ਜੋਤਸ਼ੀਆਂ) ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਖੂ (ਜਹਾਂਗੀਰ ਦੇ ਬਚਪਨ ਦਾ ਨਾਂ) ਨੂੰ ਕਿਸੇ ਉਸ ਰਾਜਪੁਤਾਣੀ ਦੇ ਦੁੱਧ ’ਤੇ ਪਾਲਿਆ ਜਾਵੇ, ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਪੁੱਤਰ ਜੰਮਿਆ ਹੋਵੇ, ਤਾਂ ਇਹ ਸ਼ਹਿਜ਼ਾਦਾ ਭਵਿੱਖ ਵਿੱਚ ਸਦਾ ਲਈ ਬਹਾਦਰ ਤੇ ਜੇਤੂ ਰਹੇਗਾ।
ਅਕਬਰ ਦੇ ਸੂਹੀਆਂ ਨੇ ਭੱਟੀਆਂ ਦੇ ਘਰ ਮਾਂ ਲੱਧੀ ਦੀ ਕੁੱਖੋਂ ਜਨਮੇ ਪੁੱਤਰ ਦੁੱਲੇ ਬਾਰੇ ਜਾਣਕਾਰੀ ਦਿੱਤੀ। ਅਕਬਰ ਬਾਦਸ਼ਾਹ ਨੇ ਦੁੱਲੇ ਦੇ ਪੁਰਖਿਆਂ ਵੱਲੋਂ ਮੁਗ਼ਲ ਤਖ਼ਤ ਦੇ ਵਿਰੁੱਧ ਬਗ਼ਾਵਤ ਕਰਨ ਦੇ ਬਾਵਜੂਦ ਉਸ ਦੀ ਮਾਂ ਲੱਧੀ ਨੂੰ ਸ਼ੇਖੂ ਦੀ ਚੁੰਘਾਵੀ ਬਣਾਇਆ। ਲੱਧੀ ਨੂੰ ਤੌਖ਼ਲਾ ਵੀ ਸੀ ਕਿ ਦੁੱਲਾ ਕਿਤੇ ਆਪਣੇ ਪੁਰਖਿਆਂ ਵਾਂਗ ਨਾਬਰੀ ਦੇ ਪੈਂਡੇ ਨਾ ਤੁਰ ਪਵੇ ਅਤੇ ਆਪਣੇ ਪਿਉ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਬਣਾ ਲਵੇ। ਇਸ ਫ਼ੈਸਲੇ ਦਾ ਦੂਜਾ ਆਧਾਰ ਇਹ ਜਾਪਦਾ ਹੈ ਕਿ ਅਕਬਰ ਨੂੰ ਡਰ ਸੀ ਕਿ ਕਿਧਰੇ ਲੱਧੀ ਬਾਗ਼ੀ ਭੱਟੀ ਖ਼ਾਨਦਾਨ ਦੇ ਵਾਰਿਸ ਨੂੰ ਮੁਗ਼ਲ ਸਲਤਨਤ ਲਈ ਸੰਭਾਵੀ ਖਤਰਾ ਨਾ ਬਣਾ ਦੇਵੇ।
ਸਾਰੇ ਸ਼ਾਹੀ ਇੰਤਜ਼ਾਮਾਂ ਨਾਲ ਸ਼ੇਖੂ ਨੂੰ ਲੱਧੀ ਦੇ ਪਿੰਡ ਰੁਖ਼ਸਤ ਕੀਤਾ ਗਿਆ, ਪਰ ਬਾਦਸ਼ਾਹ ਅਕਬਰ ਤਾਂ ਕੋਈ ਹੋਰ ਚਾਲ ਖੇਡ ਰਿਹਾ ਸੀ। ਅਕਬਰ ਨੂੰ ਇਲਮ ਸੀ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਕਿਉਂ ਨਾ ਪਹਿਲਾਂ ਹੀ ਭੱਟੀਆਂ ਦੇ ਨਾਬਰ ਲਹੂ ਨੂੰ ਸ਼ਾਹੀ ਸਹੂਲਤਾਂ ਨਾਲ ਸਿੰਜ ਕੇ ਮੁੱਢੋਂ ਹੀ ਠੰਢਾ ਕਰ ਦਿੱਤਾ ਜਾਵੇ। ਸ਼ੁਰੂਆਤੀ ਜ਼ਿੰਦਗੀ ਵਿੱਚ ਦੁੱਲਾ ਭੱਟੀ ਪੰਜਾਬ ਦੇ ਪਿੰਡੀ ਭੱਟੀਆਂ ਵਿਖੇ ਰਹਿੰਦਾ ਸੀ। ਲੱਧੀ ਲਈ ਉਸ ਦੇ ਗਿਰਾਂ ਵਿੱਚ ਸ਼ਾਹੀ ਮਹਿਲ ਉਸਾਰਿਆ ਗਿਆ ਜਿੱਥੇ ਸ਼ੇਖੂ ਤੇ ਦੁੱਲੇ ਦਾ ਇਕੱਠਿਆਂ ਪਾਲਣ-ਪੋਸ਼ਣ ਹੋਣਾ ਸੀ।
ਦੁੱਲੇ ਨੇ ਸ਼ੇਖੂ ਸੰਗ ਕੁਸ਼ਤੀ, ਤੀਰਅੰਦਾਜ਼ੀ ਤੇ ਘੋੜਸਵਾਰੀ ਆਦਿ ਸਭ ਕੁਝ ਸਿੱਖ ਲਿਆ। ਅਕਬਰ ਨੇ ਖ਼ੁਦ ਉਨ੍ਹਾਂ ਦੋਵਾਂ ਦੇ ਹੁਨਰਾਂ ਦਾ ਇਮਤਿਹਾਨ ਲਿਆ। ਦੁੱਲਾ ਹਰ ਹੁਨਰੀ ਮੁਕਾਬਲੇ ਵਿੱਚ ਸ਼ੇਖੂ ਨੂੰ ਮਾਤ ਪਾ ਦਿੰਦਾ ਸੀ। ਬਸ਼ਰਤੇ ਦੁੱਲੇ ਅਤੇ ਸ਼ੇਖੂ ਨੇ ਦੁੱਧ ਭਾਵੇਂ ਇਕੋ ਚੁੰਘਾਵੀ ਦਾ ਬਰਾਬਰ ਪੀਤਾ ਸੀ, ਪਰ ਦੁੱਲੇ ਦੀ ਜਿੱਤ ਪਿੱਛੇ ਭੱਟੀ ਖ਼ਾਨਦਾਨ ਦਾ ਜੁਝਾਰੂ ਖ਼ੂਨ ਵੀ ਤਾਕਤ ਅਤੇ ਰੰਗ ਵਿਖਾ ਰਿਹਾ ਸੀ। ਅਕਬਰ ਨੂੰ ਸ਼ੇਖੂ ਦੇ ਮੁਕਾਬਲੇ ਦੁੱਲੇ ਦੀ ਕਾਬਲੀਅਤ ’ਤੇ ਈਰਖਾ ਹੋਈ ਤੇ ਲੱਧੀ ਦੇ ਪਾਲਣ-ਪੋਸ਼ਣ ’ਤੇ ਸ਼ੱਕ ਵੀ ਹੋਇਆ। ਅਕਬਰ ਦਾ ਇਰਾਦਾ ਦੁੱਲੇ ਦੇ ਪੁਸ਼ਤੈਨੀ ਨਾਬਰ ਸੁਭਾਅ ਨੂੰ ਬਦਲਣ ਲਈ ਮਦਰੱਸੇ ਵਿੱਚ ਦਾਖ਼ਲਾ ਕਰਵਾ ਕੇ ਉਸ ਨੂੰ ‘ਤਹਿਜ਼ੀਬਯਾਫ਼ਤਾ ਇਨਸਾਨ’ ਬਣਾਉਣਾ ਅਤੇ ਸ਼ਾਹੀ ਗ਼ਲਬੇ (ਦਬਾਉ) ਦੇ ਕਲਾਵੇ ’ਚ ਕੈਦ ਕਰਨਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਖ਼ੈਰ, ਦੁੱਲੇ ਨੂੰ ਕਾਜ਼ੀ ਕੋਲ ਪੜ੍ਹਨੇ ਭੇਜ ਦਿੱਤਾ ਜਾਂਦਾ ਹੈ। ਕਿੱਸਾਕਾਰ ਕਿਸ਼ਨ ਸਿੰਘ ਆਰਿਫ਼ ਲਿਖਦਾ ਹੈ:
ਕਾਜ਼ੀ ਆਖਦਾ ਦੁੱਲੇ ਨੂੰ ਸੁਣ ਬੱਚਾ,
ਜਿਹੜਾ ਸਬਕ ਮੈਂ ਤੈਨੂੰ ਪੜ੍ਹਾਵਣਾ ਹਾਂ।
ਦਿਲ ਲਾ ਕੇ ਇਸ ਨੂੰ ਯਾਦ ਕਰਨਾ,
ਤਾਂਹੀ ਅੱਗੇ ਮੈਂ ਫਿਰ ਬਤਾਵਨਾ ਹਾਂ।
ਨਿਉਂ ਨਿਉਂ ਕੇ ਖ਼ੁਦਾ ਦੀ ਕਰੀਂ ਸੇਵਾ,
ਇਹ ਸਿੱਖਿਆ ਤੈਨੂੰ ਸਿਖਾਵਣਾ ਹਾਂ।
ਨੇਕ ਕੇਮਾਂ ਤੋਂ ਹੁੰਦਾ ਨਾਮ ਰੋਸ਼ਨ,
ਤਾਹੀਓਂ ਤੈਨੂੰ ਮੈਂ ਇਹ ਸਮਝਾਵਣਾ ਹਾਂ।
ਜੇਹੜਾ ਹੁਕਮ ਨੂੰ ਫੇਰ ਖ਼ਿਲਾਫ਼ ਕਰਦਾ,
ਮਾਰ ਮਾਰ ਕੇ ਤਾਰ ਬਨਾਵਣਾ ਹਾਂ।
ਹਕੂਮਤ ਤੋਂ ਨਾਬਰ ਦੁੱਲੇ ਨੂੰ ਕਿਸੇ ਵੀ ਕਿਸਮ ਦੀ ਅਧੀਨਗੀ ਪ੍ਰਵਾਨ ਨਹੀਂ ਸੀ। ਦਰਅਸਲ ਬੁਨਿਆਦੀ ਲੜਾਈ ‘ਸਭਿਆ’ ਅਤੇ ‘ਅਸਭਿਆ’ ਵਿਚਕਾਰ ਨਹੀਂ ਸੀ ਸਗੋਂ ਗ਼ਾਲਬ ਜਮਾਤ ਅਤੇ ਨਾਬਰ ਜਮਾਤ ਦਰਮਿਆਨ ਸੀ। ਮਦਰੱਸਾ ਤੇ ਕਾਜ਼ੀ ਤਾਂ ਗ਼ਾਲਬ ਇੰਤਜ਼ਾਮ ਦੇ ਮੋਹਰੇ ਸਨ। ਦੁੱਲਾ ਇਨ੍ਹਾਂ ਮੋਹਰਿਆਂ ਦਾ ਮੋਹਰਾ ਨਹੀਂ ਸੀ ਬਣ ਸਕਦਾ। ਉਹ ਉਲਟਾ ਕਾਜ਼ੀ ਨੂੰ ਸਬਕ ਸਿਖਾਉਂਦਾ ਹੈ:
ਇਹ ਸੋਚ ਕਾਜ਼ੀ ਦੀ ਪਕੜ ਗਰਦਨ,
ਮਾਰੇ ਜ਼ਿਮੀਂ ਦੇ ਨਾਲ ਫਟਕਾਰ ਕੇ ਤੇ।
ਤਿੰਨ ਚਾਰ ਵਾਰ ਇਹ ਹਾਲ ਕੀਤਾ,
ਕਾਜ਼ੀ ਰੋਂਵਦਾ ਤੌਬਾ ਪੁਕਾਰ ਕੇ ਤੇ।
ਜਲਦੀ ਨਾਲ ਫਿਰ ਉਹ ਰਵਾਨ ਹੋਇਆ,
ਉੱਥੇ ਕਾਜ਼ੀ ਨੂੰ ਖ਼ੂਬ ਸਵਾਰ ਕੇ ਤੇ।
ਮਦਰੱਸਾ ਛੱਡਣ ਤੋਂ ਬਾਅਦ ਦੁੱਲੇ ਨੇ ਆਪਣੇ ਪਿੰਡ ਦੇ ਤਰਖਾਣ ਤੋਂ ਗੁਲੇਲ ਬਣਵਾਈ ਜੋ ਉਸ ਦਾ ਪਹਿਲਾ ‘ਹਥਿਆਰ’ ਸੀ। ਇਸ ਗੁਲੇਲ ਨਾਲ ਉਸ ਨੇ ਆਪਣੇ ਸਾਥੀਆਂ ਸੰਗ ਮਿਲ ਕੇ ਖੂਹ ਤੋਂ ਪਾਣੀ ਭਰਦੀਆਂ ਸਵਾਣੀਆਂ ਦੇ ਘੜੇ ਭੰਨਣੇ ਸ਼ੁਰੂ ਕਰ ਦਿੱਤੇ। ਨੰਦੀ ਨਾਮ ਦੀ ਔਰਤ ਦਾ ਘੜਾ ਦੁੱਲੇ ਨੇ ਗੁਲੇਲ ਨਾਲ ਭੰਨ ਦਿੱਤਾ। ਜਦ ਦੁੱਲਾ ਘੜਿਆਂ ’ਚ ਛੇਕ ਕਰਨੋਂ ਨਾ ਹਟਿਆ ਤਾਂ ਨੰਦੀ ਮਹਿਰੀ ਨੇ ਉਸ ਨੂੰ ਮਿਹਣਾ ਮਾਰਿਆ:
ਬੋਲੀ ਮਾਰ ਕੇ ਨੰਦੀ ਫਨਾਹ ਕਰਦੀ,
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਜੇ।
ਬਾਪ ਦਾਦਾ ਇਹਦਾ ਤੇ ਸੂਰਮਾ ਏ,
ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਜੇ।
ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ,
ਤੈਨੂੰ ਰੱਤੀ ਹਯਾ ਨਾ ਆਂਵਦਾ ਜੇ।
ਤੇਰੇ ਬਾਪ ਦਾਦਾ ਦੀਆਂ ਸ਼ਾਹ ਅਕਬਰ,
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਜੇ।
ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ,
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਜੇ।
ਨੰਦੀ ਵੱਲੋਂ ਮਾਰੀ ਇਸ ਬੋਲੀ ਨੇ ਦੁੱਲੇ ਦੇ ਕਲੇਜੇ ਵਿੱਚੋਂ ਰੁੱਗ ਭਰ ਲਿਆ। ਇਸ ਨੇ ਨਾਬਰੀ ਦੀ ਅੱਗ ਭੜਕਾਉਣ ਲਈ ਚੰਗਿਆੜੀ ਦਾ ਕੰਮ ਕੀਤਾ। ਦੁੱਲਾ ਤੂਫ਼ਾਨ ਵਾਂਗ ਆਪਣੇ ਘਰ ਗਿਆ ਤੇ ਬੱਦਲ ਵਾਂਗ ਲੱਧੀ ’ਤੇ ਬਰਸ ਪਿਆ:
ਸੱਚ ਦੱਸ ਮਾਤਾ ਉਸ ਦਾ ਬਾਪ
ਤੇ ਦਾਦਾ ਕਿਸ ਨੇ ਮਾਰਿਆ ਸੀ?
ਝੂਠ ਜੇ ਤੂੰ ਬੋਲੇ ਤੇਰਾ ਸਿਰ ਵੱਢਦਾ,
ਸੱਚ ਬੋਲੇ ਬਾਝ ਨਹੀਂ ਮੂਲ ਛੱਡਦਾ।
ਆਪਣੇ ਪੁੱਤਰ ਨੂੰ ਰੋਹ ਵਿੱਚ ਭਖਦਾ ਦੇਖ ਕੇ ਲੱਧੀ ਨੇ ਸਾਰਾ ਕਿੱਸਾ ਦੁੱਲੇ ਨੂੰ ਸੁਣਾ ਦਿੱਤਾ। ਜਿਉਂ-ਜਿਉਂ ਰਾਜ਼ ਖੁੱਲਦਾ ਜਾ ਰਿਹਾ ਸੀ, ਦੁਸ਼ਮਣ ਦੀ ਸ਼ਨਾਖ਼ਤ ਹੁੰਦੀ ਜਾ ਰਹੀ ਸੀ। ਹੁਣ ਉਸ ਨੂੰ ਆਪਣਾ ਪੈਂਡਾ ਸਾਫ਼ ਦਿਖਾਈ ਦੇਣ ਲੱਗ ਪਿਆ। ਹੁਣ ਮਸਲਾ ਮਹਿਜ਼ ਬਾਪ ਤੇ ਦਾਦਾ ਦੇ ਕਤਲ ਦਾ ਬਦਲਾ ਲੈਣਾ ਹੀ ਨਹੀਂ ਸੀ। ਹੁਣ ਭੱਟੀ ਪੁਰਖਿਆਂ ਵੱਲੋਂ ਹਕੂਮਤ ਵਿਰੁੱਧ ਵਿੱਢੀ ਜੰਗ ਨੂੰ ਹੋਰ ਪ੍ਰਚੰਡ ਕਰਨਾ ਸੀ। ਲੱਧੀ ਨੇ ਤਾੜ ਲਿਆ ਕਿ ਚੋਬਰ ਦੁੱਲੇ ਦਾ ਅੰਦਰਲਾ ਨਾਬਰ ਜਾਗ ਪਿਆ ਹੈ। ਹੁਣ ਉਸ ਦੇ ਤੁਫ਼ਾਨੀ ਵਹਿਣ ਅਤੇ ਜਲੌਅ ਨੂੰ ਠੱਲ੍ਹ ਪਾਉਣੀ ਔਖੀ ਹੈ। ਯਕੀਨਨ ਲੱਧੀ ਦੇ ਧੁਰ ਅੰਦਰ ਵੀ ਕਿਧਰੇ ਧੁਖ਼ ਰਹੀ ਬਦਲੇ ਦੀ ਅੱਗ ਨਾਸੂਰ ਬਣ ਗਈ ਸੀ। ਉਸ ਨੇ ਕੋਠੇ ਵਿਚ ਹਥਿਆਰਾਂ ਦੇ ਭੰਡਾਰ ਦੁੱਲੇ ਲਈ ਖੋਲ੍ਹ ਦਿੱਤੇ। ਦੁੱਲੇ ਨੇ ਹਥਿਆਰਾਂ ਨੂੰ ਸਾਥੀਆਂ ਵਿਚ ਵੰਡ ਦਿੱਤਾ:
ਦੁੱਲਾ ਕੁੱਲ ਹਥਿਆਰਾਂ ਦੀ ਕਰੇ ਗਿਣਤੀ,
ਹੋਇਆ ਪੰਜ ਸੌ ਸ਼ੁਮਾਰ ਯਾਰੋ।
ਤੁਰਤ ਪੰਜ ਸੌ ਕੀਤਾ ਜਵਾਨ ’ਕੱਠਾ,
ਭੇਜ ਸੂਰਮੇ ਬਾਂਕੇ ਨਿਤਾਰ ਯਾਰੋ।
ਕਰ ਦੇਵੇ ਹਥਿਆਰ ਤਕਸੀਮ ਸਾਰੇ,
ਆਪ ਬਣਿਆ ਫ਼ੌਜਦਾਰ ਯਾਰੋ।
ਕਿਸ਼ਨ ਸਿੰਘ ਵਿੱਚ ਪਿੰਡ ਦੇ ਘਰੋਂ-ਘਰੀਂ,
ਦੁੱਲੇ ਰਾਠ ਦੀ ਸੀ ਜੈ ਜੈ ਕਾਰ ਯਾਰੋ।
ਦੁੱਲੇ ਦੀ ਪਿੰਡੀ ਭੱਟੀਆਂ ਲਾਹੌਰ ਤੋਂ ਮੀਆਂਵਾਲੀ ਨੂੰ ਜਾਂਦੀ ਜਰਨੈਲੀ ਸੜਕ ’ਤੇ 112 ਕਿਲੋਮੀਟਰ ਦੂਰੀ ’ਤੇ ਸਥਿਤ ਹੈ ਜੋ ਅੱਜਕੱਲ੍ਹ ਤਹਿਸੀਲ ਹੈ। ਜਰਨੈਲੀ ਸੜਕ ’ਤੇ ਵਸੀ ਹੋਣ ਕਰਕੇ ਪਿੰਡੀ ਭੱਟੀਆਂ ਵਿੱਚ ਵਪਾਰੀਆਂ ਦੇ ਆਉਣ-ਜਾਣ ਦਾ ਟਿਕਾਣਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਘੋੜਿਆਂ ਦਾ ਵਪਾਰੀ ਅਲੀ ਪੰਜ ਸੌ ਕੰਧਾਰੀ ਘੋੜੇ ਅਕਬਰ ਨੂੰ ਦੇਣ ਲਈ ਜਾਂਦਾ ਹੋਇਆ ਉੱਥੇ ਰੁਕਿਆ ਤਾਂ ਦੁੱਲੇ ਨੇ ਘੋੜੇ ਖੋਹ ਕੇ ਆਪਣੇ ਸਾਥੀ ਜਵਾਨਾਂ ਵਿਚ ਵੰਡ ਦਿੱਤੇ। ਇਸੇ ਤਰ੍ਹਾਂ ਦੁੱਲੇ ਨੇ ਕੁਝ ਵਪਾਰੀਆਂ ਅਤੇ ਧਨਾਢਾਂ ਤੋਂ ਧਨ-ਦੌਲਤ ਖੋਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਬਾਦਸ਼ਾਹ ਅਕਬਰ ਨੂੰ ਦੁੱਲਾ ਭੱਟੀ ਖਿਲਾਫ਼ ਅਕਸਰ ਸ਼ਿਕਾਇਤਾਂ ਮਿਲਿਆ ਕਰਦੀਆਂ ਜਿਨ੍ਹਾਂ ਨੂੰ ਸ਼ੇਖੂ ਦੀ ਦੁੱਲੇ ਨਾਲ ਦੋਸਤੀ ਹੋਣ ਕਰਕੇ ਅਕਸਰ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਸੀ। ਅਕਬਰ ਨੇ ਦੁੱਲੇ ਨੂੰ ਹਕੂਮਤ ਵਿਰੋਧੀ ਗਤੀਵਿਧੀਆਂ, ਨਾਬਰੀ ਵਿਖਾਉਣ ਵਾਲੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣ, ਸਮਝੌਤਾ ਕਰਨ ਅਤੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਮਨਾਉਣ ਦੀ ਜ਼ਿੰਮੇਵਾਰੀ ਸ਼ੇਖੂ ਨੂੰ ਸੌਂਪ ਦਿੱਤੀ। ਉਹ ਦੁੱਲੇ ਨੂੰ ਮਿਲਣ ਗਿਆ। ਬਚਪਨ ਤੋਂ ਯਾਰਾਨਾ ਹੋਣ ਕਰਕੇ ਬਾਕੀ ਸ਼ਰਤਾਂ ਤਾਂ ਮੰਨ ਲਈਆਂ, ਪਰ ਅਕਬਰ ਮੁੂਹਰੇ ਝੁਕਣਾ ਪ੍ਰਵਾਨ ਨਾ ਕੀਤਾ। ਦੁੱਲੇ ਦੇ ਨਾ ਝੁਕਣ ਸੁਭਾਅ ਬਾਰੇ ਸ਼ੇਖੂ ਨੂੰ ਪਤਾ ਸੀ, ਪਰ ਫਿਰ ਵੀ ਉਸ ਨੂੰ ਸਮਝਾ-ਬੁਝਾ ਕੇ ਅਕਬਰ ਦੇ ਦਰਬਾਰ ਵਿੱਚ ਲੈ ਆਇਆ। ਸ਼ੇਖੂ ਨੇ ਇੱਕ ਜੁਗਤ ਲੜਾਈ ਤੇ ਦਰਬਾਰ ਦੇ ਦਰਵਾਜ਼ੇ ਅੰਦਰ ਵੜਨ ਲਈ ਰਾਹ ਨੀਵਾਂ ਰੱਖ ਲਿਆ ਤਾਂ ਕਿ ਦੁੱਲਾ ਦਰਬਾਰ ਵਿੱਚ ਝੁਕ ਕੇ ਜਾਵੇ, ਪਰ ਦੁੱਲੇ ਨੇ ਝੁਕਣ ਦੀ ਬਜਾਏ ਪਹਿਲਾਂ ਸੱਜਾ ਪੈਰ ਅੰਦਰ ਪਾਇਆ ਤੇ ਫਿਰ ਸਿਰ ਨੂੰ ਬਿਨਾਂ ਝੁਕਾਏ ਧੜ ਨੀਵਾਂ ਕਰ ਕੇ ਦੂਜਾ ਪੈਰ ਵੀ ਅੰਦਰ ਕਰ ਲਿਆ। ਉਹ ਸੀਨਾ ਤਾਣ ਕੇ ਅਕਬਰ ਨੂੰ ਮਿਲਿਆ ਅਤੇ ਉਸ ਨੇ ਭਰੇ ਦਰਬਾਰ ਵਿੱਚ ਵੀ ਬਾਦਸ਼ਾਹ ਅੱਗੇ ਸਿਰ ਨਾ ਝੁਕਾਇਆ। ਅਕਬਰ ਨੇ ਇਸ ਦਾ ਬੁਰਾ ਮਨਾਇਆ, ਪਰ ਭਰੇ ਦਰਬਾਰ ਵਿੱਚ ਹੋਈ ਬੇਇੱਜ਼ਤੀ ਨੂੰ ਚੁੱਪ ਵੱਟ ਕੇ ਜਰ ਗਿਆ।
ਦੁੱਲਾ ਅਣਖੀ ਹਸਤੀ ਵਜੋਂ ਬਾਦਸ਼ਾਹ ਨੂੰ ਮਿਲ ਕੇ ਆਇਆ ਹੋਣ ਕਰਕੇ ਆਮ ਲੋਕਾਂ ਦਾ ਰੰਗਲਾ ਨਾਇਕ ਅਤੇ ਹਰਮਨ ਪਿਆਰਾ ਬਣ ਗਿਆ। ਉਸ ਨੂੰ ਹਕੂਮਤ ਨੂੰ ਵੰਗਾਰਨ ਦੀ ਸ਼ਕਤੀ ਆਪਣੇ ਉਨ੍ਹਾਂ ਲੋੜਵੰਦ ਲੋਕਾਂ ਤੋਂ ਮਿਲਦੀ ਸੀ ਜਿਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਮੱਦਦਗਾਰ ਵਜੋਂ ਭਾਈਵਾਲ ਹੋ ਕੇ ਵਿਚਰਦਾ ਸੀ। ਉਸ ਨੇ ਅਕਬਰ ਨੂੰ ਵਖ਼ਤ ਪਾ ਦਿੱਤਾ। ਨਤੀਜੇ ਵਜੋਂ ਸਭ ਤੋਂ ਪਹਿਲਾਂ ਬਾਦਸ਼ਾਹ ਨੇ ‘ਬਾਰੀ ਦੋਆਬ’ ਦੇ ਕਿਸਾਨਾਂ ਨੂੰ ਸ਼ਾਂਤ ਕਰਨ ਹਿਤ ਅਤੇ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦਾ ਵਿਸ਼ਵਾਸ ਅਤੇ ਪਿਆਰ ਲੈਣ ਹਿਤ ਮਾਲੀਆ ਮੁਆਫ਼ ਕਰਨ ਦਾ ਸਿਆਸੀ ਕਦਮ ਚੁੱਕਿਆ। ਬਾਦਸ਼ਾਹ ਦੀ ਇਸ ‘ਅੜ’ ਸਮੇਂ ਗ਼ੈਰ ਫ਼ਿਰਕੇਦਾਰਾਨਾ ਸਿਆਸਤ ਕਾਰਗਰ ਸਿੱਧ ਹੋਈ। ਦਰਅਸਲ, ਅਕਬਰ ਲਗਾਨ ਵਸੂਲੀ ਦੇ ਪੱਖ ਤੋਂ ਦੋ ਮੁਹਾਜ਼ਾਂ ’ਤੇ ਲੜਨਾ ਮੁਨਾਸਬਿ ਨਹੀਂ ਸੀ ਸਮਝਦਾ। ਅਕਬਰ ਦੀ ਸਮਝ ਸੀ ਕਿ ਜੇ ਦੁੱਲੇ ਦੀ ਬਗ਼ਾਵਤ ਨੂੰ ਨੱਥ ਪਾਉਣੀ ਹੈ ਤਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਮੁਰੀਦਾਂ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ।
ਦੁੱਲਾ ਭੱਟੀ ਦੀ ਗ੍ਰਿਫ਼ਤਾਰੀ
ਅਖੀਰ ਬਾਦਸ਼ਾਹ ਅਕਬਰ ਨੇ ਅੱਕ ਕੇ ਆਪਣੇ ਸੈਨਾਪਤੀ ਮਿਰਜ਼ਾ ਨਿਜ਼ਾਮਦੀਨ ਨੂੰ ਫ਼ੌਜੀ ਟੁਕੜੀ ਦੇ ਕੇ ਦੁੱਲਾ ਭੱਟੀ ਨੂੰ ਫੜਨ ਲਈ ਪਿੰਡੀ ਭੱਟੀਆਂ ਭੇਜਿਆ। ਜਾਣਕਾਰੀ ਮਿਲਣ ਕਰਕੇ ਦੁੱਲਾ ਆਸੇ-ਪਾਸੇ ਟਿਭ ਗਿਆ। ਆਸੇ-ਪਾਸੇ ਹੋਣ ਦਾ ਇੱਕ ਕਾਰਨ ਸੁਭਾਵਕ ਵੀ ਹੋ ਸਕਦਾ ਹੈ, ਪਰ ਦੂਜਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਅਕਬਰ ਦੀ ਫ਼ੌਜ ਨਾਲ ਟੱਕਰ ਲੈਣ ਲਈ ਕਿਸੇ ਸਿਆਣੇ ਤੋਂ ਸ਼ੁਭ ਘੜੀ ਬਾਰੇ ਪੁੱਛਿਆ ਤਾਂ ਸਿਆਣੇ ਨੇ ਮਿਰਜ਼ੇ ਦਾ ਨੌਵੇਂ ਦਿਨ ਮੁਕਾਬਲਾ ਕਰਨ ਦੀ ਸਲਾਹ ਦਿੱਤੀ। ਮਿਰਜ਼ੇ ਨੇ ਦੁੱਲੇ ਦੀ ਗ਼ੈਰਹਾਜ਼ਰੀ ਵਿੱਚ ਕੁਝ ਦਿਨ ਇੰਤਜ਼ਾਰ ਕਰਨ ਮਗਰੋਂ ਮਾਂ ਲੱਧੀ ਅਤੇ ਦੁੱਲੇ ਦੀਆਂ ਦੋਵੇਂ ਬੀਵੀਆਂ ਫੁੱਲਰਾਂ ਅਤੇ ਨੂਰਾਂ ਨੂੰ ਬੰਦੀ ਬਣਾ ਲਿਆ। ਇਸ ਘਟੀਆ ਹਰਕਤ ਦਾ ਪਤਾ ਲੱਗਣ ’ਤੇ ਦੁੱਲਾ ਭੱਟੀ ਦੀ ਅਗਵਾਈ ਹੇਠ ਉਸ ਦੇ ਸਾਥੀਆਂ ਦੀ ਮਿਰਜ਼ਾ ਦੀ ਫ਼ੌਜ ਨਾਲ ਜ਼ਬਰਦਸਤ ਟੱਕਰ ਹੋਈ। ਇਸ ਦੌਰਾਨ ਫ਼ੌਜ ਨੂੰ ਨੌਵੇਂ ਦਿਨ ਦੁੱਲੇ ਨੇ ਬੰਦੀ ਬਣਾ ਲਿਆ। ਬੰਦੀ ਬਣੇ ਮਿਰਜ਼ੇ ਨੇ ਦੁੱਲੇ ਦੀ ਮਾਂ ਲੱਧੀ ਦਾ ਵਾਸਤਾ ਦੇ ਕੇ ਆਪਣੀ ਜਾਨ ਬਖ਼ਸ਼ਾਈ। ਮਿਰਜ਼ੇ ਨੇ ਹੋਰ ਕੁਚਾਲ ਚਲਦਿਆਂ ਉਸ ਨੂੰ ਧਰਮ ਭਰਾ ਬਣਾ ਲਿਆ। ਕੁਝ ਦਿਨਾਂ ਬਾਅਦ ਧੋਖੇ ਨਾਲ ਨਸ਼ਾ ਪਿਆ ਕੇ ਬੰਦੀ ਬਣਾ ਲਿਆ ਅਤੇ ਅਕਬਰ ਦੇ ਦਰਬਾਰ ਵਿਚ ਪੇਸ਼ ਕਰ ਦਿੱਤਾ। ਅਕਬਰ ਨੇ ਉਸ ਨੂੰ ਈਨ ਮੰਨਣ, ਬਗ਼ਾਵਤ ਦਾ ਰਾਹ ਤਿਆਗਣ ਅਤੇ ਪਿੰਡੀ ਭੱਟੀਆਂ ਨੂੰ ਛੱਡਣ ਦਾ ਫ਼ੁਰਮਾਨ ਜਾਰੀ ਕੀਤਾ ਜਿਸ ਨੂੰ ਦੁੱਲਾ ਭੱਟੀ ਨੇ ਠੁਕਰਾ। ਇਸ ਨਾਬਰੀ ਦੇ ਸਿੱਟੇ ਵਜੋਂ ਉਸ ਨੂੰ ਮੌਤ ਦੀ ਸਜ਼ਾ ਦਾ ਫ਼ੁਰਮਾਨ ਜਾਰੀ ਹੋਇਆ। ਅਖੀਰ ਲਾਹੌਰ ਸ਼ਹਿਰ ਦੇ ਨੌਲੱਖਾ ਬਾਜ਼ਾਰ ਨੇੜੇ ਚੌਕ ’ਚ ਸੂਲੀ ਗੱਡ ਦਿੱਤੀ ਗਈ ਤਾਂ ਜੋ ਲੋਕਾਈ ਉਸ ਦੇ ਚਿਹਰੇ ’ਤੇ ਮੌਤ ਦੇ ਦਰਦ ਵਾਲੇ ਹਾਵ-ਭਾਵ ਤੇ ਖ਼ੌਫ਼ ਦੇਖ ਸਕੇ। ਲਾਹੌਰ ਦੇ ਕੋਤਵਾਲ ਮਲਿਕ ਅਲੀ ਨੂੰ ਹੁਕਮ ਹੋਇਆ ਕਿ ਉਹ ਸੂਲੀ ਚੜ੍ਹਦੇ ਦੁੱਲਾ ਭੱਟੀ ਦੀ ਮਨੋਦਸ਼ਾ, ਮਿਜਾਜ਼ ਤੇ ਉਸ ਵੱਲੋਂ ਉਚਾਰੇ ਆਖ਼ਰੀ ਲਫ਼ਜ਼ਾਂ ਤੋਂ ਬਾਦਸ਼ਾਹ ਨੂੰ ਜਾਣੂੰ ਕਰਵਾਏ। ਆਪਣੀ ਮਿੱਟੀ ਨਾਲ ਜੁੜਿਆ ਦੁੱਲਾ ਪੂਰੇ ਜਲੌਅ ਵਿੱਚ ਸੂਲੀ ’ਤੇ ਚੜ੍ਹਦਿਆਂ ਸ਼ਹੀਦ ਹੋ ਕੇ ਲੋਕ ਮਨਾਂ ਵਿਚ ਅਮਰ ਹੋ ਗਿਆ।
ਨਾਬਰਾਂ ਦੀ ਗੁੱਟਬੰਦੀ
ਦੁੱਲਾ ਭੱਟੀ ਨੂੰ ਫ਼ਾਂਸੀ ਲੱਗਣ ਵਾਲੇ ਦਿਨ (ਸਾਲ 1599) ਜੋ ਹਜੂਮ ਲਾਹੌਰ ਸ਼ਹਿਰ ਦੇ ਬਜ਼ਾਰ ’ਚ ਜੁੜਿਆ ਉਸ ਵਿੱਚ ਸੂਫ਼ੀ ਕਲੰਦਰ ਸ਼ਾਹ ਹੁਸੈਨ ਵੀ ਮੌਜੂਦ ਸੀ। ਸ਼ਾਹ ਹੁਸੈਨ ਦੀ ਨਾਬਰ ਰਹਿਣੀ-ਬਹਿਣੀ ਤੋਂ ਲਾਹੌਰ ਦਾ ਕੋਤਵਾਲ ਮਲਿਕ ਅਲੀ ਬੜਾ ਖਫ਼ਾ ਸੀ। ਕੋਤਵਾਲ ਨੇ ਸ਼ਾਹ ਹੁਸੈਨ ’ਤੇ ਨਜ਼ਰ ਪੈਂਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੁੱਲਾ ਭੱਟੀ ਤੇ ਸ਼ਾਹ ਹੁਸੈਨ ਦੀ ਦੋਸਤੀ ਬਾਰੇ ਇਤਿਹਾਸ ਚੁੱਪ ਹੈ ਅਤੇ ਕੋਈ ਬਹੁਤੇ ਸਬੂਤ ਨਹੀਂ ਮਿਲਦੇ। ਇਸਹਾਕ ਮੁਹੰਮਦ ਆਪਣੇ ਨਾਟਕ ‘ਕੁਕਨੂਸ’ ਵਿੱਚ ਦੁੱਲੇ ਭੱਟੀ ਨੂੰ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਗਾਉਂਦਾ ਪੇਸ਼ ਕਰਦਾ ਹੈ। ਲੋਕਾਈ ਦੀ ਇਤਿਹਾਸਕਾਰੀ ’ਚ ਦੁੱਲਾ ਸ਼ਹੀਦ ਨਾਇਕ ਹੈ।
ਲੋਹੜੀ ਦਾ ਇਤਿਹਾਸ ਅਤੇ ਦੁੱਲਾ ਭੱਟੀ
ਸ਼ੁਰੂਆਤ ਵਿਚ ਲੋਹੜੀ ਮੌਸਮ ਤਬਦੀਲੀ ਦਾ ਤਿਉਹਾਰ ਹੈ। ਸਮੇਂ ਦੇ ਬੀਤਣ ਨਾਲ ਘਟਨਾਵਾਂ ਇਸ ਦਿਨ ਨਾਲ ਜੁੜਦੀਆਂ ਗਈਆਂ। ਦੁੱਲਾ ਭੱਟੀ ਦੀ ਇਤਿਹਾਸਕ ਘਟਨਾ ਜੁੜਨ ਕਰਕੇ ਹੁਣ ਇਸ ਤਿਉਹਾਰ ਦਾ ਅਹਿਮ ਅੰਗ ਬਣ ਗਈ ਹੈ। ਮੌਸਮ ਅਤੇ ਪੰਜਾਬੀ ਸੁਭਾਅ ਕਰਕੇ ਹੁਣ ਇਹ ਤਿਉਹਾਰ ਖ਼ੁਸ਼ੀਆਂ ਅਤੇ ਵੱਡੇ ਦਿਨਾਂ ਦਾ ਪ੍ਰਤੀਕ ਵੀ ਹੈ। ਗੰਨੇ ਦੀ ਫ਼ਸਲ ਕੱਟੀ ਜਾਣ ਅਤੇ ਗੰਨੇ ਦਾ ਗੁੜ ਬਣਾਉਣ ਕਰਕੇ ਲੋਹੜੀ ਤਿਉਹਾਰ ਮੌਕੇ ਗੁੜ ਵੰਡਦਿਆਂ ਖ਼ੁਸ਼ੀਆਂ ਦੇ ਪ੍ਰਗਟਾਵੇ ਦਾ ਵੀ ਰਿਵਾਜ ਹੈ। ਦੁੱਲਾ ਭੱਟੀ ਦੀ ਗੱਲ ਕਰੀਏ ਤਾਂ ਉਹ ਅਮੀਰ ਲੋਕਾਂ ਦਾ ਮਾਲ-ਧਨ ਲੁੱਟ ਕੇ ਗ਼ਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਬਾਰ ਇਲਾਕੇ ਦੇ ਗ਼ਰੀਬ ਲੋਕ ਉਸ ਦੀ ਦਰਿਆਦਿਲੀ ਦੇ ਕਾਇਲ ਸਨ। ਇਸ ਕਰਕੇ ਆਮ ਲੋਕ ਉਸ ਦਾ ਆਦਰ ਤੇ ਉਸ ਨੂੰ ਪਿਆਰ ਕਰਦੇ ਸਨ।
ਇੱਕ ਦੰਦਕਥਾ ਮੁਤਾਬਿਕ ਸੁੰਦਰੀ ਤੇ ਮੁੰਦਰੀ ਇੱਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਮੰਗੀਆਂ ਹੋਈਆਂ ਸਨ, ਪਰ ਗ਼ਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਇਲਾਕੇ ਦਾ ਜ਼ਿਮੀਂਦਾਰ/ਹਾਕਮ ਕੁੜੀਆਂ ਦੇ ਸੁਹੱਪਣ ਦਾ ਪਤਾ ਲੱਗਣ ਕਰਕੇ ਮੈਲ਼ੀ ਅੱਖ ਰੱਖਣ ਲੱਗ ਪਿਆ ਤੇ ਬ੍ਰਾਹਮਣ ਦੀਆਂ ਧੀਆਂ ਨੂੰ ਜ਼ੋਰੀ ਚੁੱਕਣ ਦੀ ਯੋਜਨਾ ਬਣਾਈ। ਇਸ ਦੀ ਭਿਣਕ ਬ੍ਰਾਹਮਣ ਨੂੰ ਪੈ ਗਈ। ਇਸ ਲਈ ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ। ਦੁੱਲੇ ਨੇ ਬ੍ਰਾਹਮਣ ਨੂੰ ਆਪਣਾ ਧਰਮ ਭਰਾ ਬਣਾਉਂਦਿਆਂ ਧੀਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਧੀਆਂ ਦੇ ਇੱਜ਼ਤ ਨਾਲ ਡੋਲ਼ੇ ਤੋਰਨ ਨੂੰ ਉਹ ਆਪਣਾ ਧਰਮ-ਕਰਮ ਸਮਝਦਾ ਸੀ।
ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ, ‘‘ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪੁਰਾਣੇ ਵੇਲਿਆਂ ਵਿੱਚ ਬਾਰਾਤ ਸਾਰੀ ਰਾਤ ਰੁਕਿਆ ਕਰਦੀ ਸੀ। ਦੁੱਲੇ ਨੇ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ। ਉਸ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ, ਨੇ ਸੁੰਦਰੀ-ਮੁੰਦਰੀ ਦੇ ਵਿਆਹ ’ਤੇ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲ਼ੀ ਗਈ। ਸਹਿਯੋਗ, ਪ੍ਰਬੰਧ ਅਤੇ ਨਿਗਰਾਨੀ ਹੇਠ ਕੁੜੀਆਂ ਦਾ ਡੋਲਾ ਤੁਰਨ ਕਰਕੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ਼ ਪੈ ਗਿਆ।’’
ਇਹੀ ਕਾਰਨ ਹੈ ਕਿ ਇਸ ਇਤਿਹਾਸਕ ਘਟਨਾ ਕਰਕੇ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਉਹ ਲੋਕ ਮਨਾਂ ਵਿੱਚ ਵੱਸਿਆ ਹੋਇਆ ਨਾਇਕ ਹੈ।
* ਸਹਾਇਕ ਪ੍ਰੋਫੈਸਰ ਅਤੇ ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ (ਜਲੰਧਰ)।
ਸੰਪਰਕ: 94176-06572