ਭੁਪਿੰਦਰ ਸਿੰਘ ਮਾਨ
ਭਾਰਤ ਦਾ ਰਾਸ਼ਟਰਪਤੀ ਦੇਸ਼ ਦਾ ਪ੍ਰਥਮ ਨਾਗਰਿਕ ਵੀ ਹੁੰਦਾ ਹੈ। ਰਾਸ਼ਟਰਪਤੀ ਭਵਨ ਵਿਚ ਇਕ ਪਰੰਪਰਾ ਮੁਤਾਬਿਕ ਆਪਣਾ ਕਾਰਜਕਾਲ ਪੂਰਾ ਕਰਨ ’ਤੇ ਰਾਸ਼ਟਰਪਤੀ ਦੇ ਤਿੰਨ ਚਿੱਤਰ ਬਣਾਏ ਜਾਂਦੇ ਹਨ। ਇਹ ਕਵਾਇਦ ਇੱਕ ਸਾਲ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਇਨ੍ਹਾਂ ਚਿੱਤਰਾਂ ਵਿਚ ਇਕ ਪੂਰਾ ਆਦਮਕੱਦ ਚਿੱਤਰ, ਇਕ ਅੱਧਾ ਚਿੱਤਰ ਅਤੇ ਇਕ ਖ਼ਾਸ ਚਿੱਤਰ ਹੁੰਦਾ ਹੈ।
ਪੰਜਾਬ ਦੇ ਇੱਕੋ ਇੱਕ ਚਿੱਤਰਕਾਰ ਰਾਹੀ ਮਹਿੰਦਰ ਸਿੰਘ ਹਨ ਜਿਨ੍ਹਾਂ ਨੇ ਪਿਛਲੇ ਤਿੰਨ ਰਾਸ਼ਟਰਪਤੀਆਂ ਦੇ ਚਿੱਤਰ ਬਣਾਏ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਦੱਖਣੀ ਭਾਰਤ ਅਤੇ ਮਹਾਰਾਸ਼ਟਰ ਦੇ ਚਿੱਤਰਕਾਰਾਂ ਦਾ ਦਬਦਬਾ ਰਿਹਾ। ਇਕ ਦਿਲਚਸਪ ਕਿੱਸਾ ਪਤਾ ਲੱਗਿਆ ਕਿ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਇਹ ਕੰਮ ਕਰਦੇ ਕਰਦੇ ਰਹਿ ਗਏ।
ਗਿਆਨੀ ਜ਼ੈਲ ਸਿੰਘ ਦੇਸ਼ ਦੇ ਸੱਤਵੇਂ ਰਾਸ਼ਟਰਪਤੀ ਬਣੇ। ਉਹ ਖ਼ੁਦ ਸੁਹਿਰਦ ਤੇ ਤੇਜ਼ ਤਰਾਰ ਵਿਅਕਤੀ ਸਨ। ਉਨ੍ਹਾਂ ਦਾ ਕਲਾ ਨਾਲ ਕਾਫ਼ੀ ਨੇੜਲਾ ਰਾਬਤਾ ਸੀ। ਉਹ ਚਿੱਤਰਕਾਰ ਸੋਭਾ ਸਿੰਘ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਉਹ ਆਪਣੇ ਜੀਵਨ ਕਾਲ ਵਿਚ ਕਈ ਵਾਰ ਉਨ੍ਹਾਂ ਕੋਲ ਅੰਦਰੇਟੇ ਗਏ ਅਤੇ ਉਨ੍ਹਾਂ ਨਾਲ ਸਮਾਂ ਗੁਜ਼ਾਰ ਕੇ ਆਉਂਦੇ ਰਹੇ। ਕਈ ਵਾਰ ਤਾਂ ਉਨ੍ਹਾਂ ਕੋਲ ਰਾਤ ਨੂੰ ਵੀ ਰੁਕਦੇ ਰਹੇ। ਗਿਆਨੀ ਜ਼ੈਲ ਸਿੰਘ ਦੀ ਇੱਛਾ ਸੀ ਕਿ ਰਾਸ਼ਟਰਪਤੀ ਵਜੋਂ ਕਾਰਜਕਾਲ ਪੂਰਾ ਹੋਣ ਸਮੇਂ ਬਣਨ ਵਾਲੇ ਉਨ੍ਹਾਂ ਦੇ ਚਿੱਤਰ ਸੋਭਾ ਸਿੰਘ ਹੀ ਬਣਾਉਣ। ਉਨ੍ਹਾਂ ਨੇ ਆਪਣੀ ਇੱਛਾ ਆਪਣੇ ਅਧਿਕਾਰੀਆਂ ਕੋਲ ਜ਼ਾਹਰ ਨਹੀਂ ਕੀਤੀ ਸੀ। ਉਸ ਸਮੇਂ ਪ੍ਰਸਿੱਧ ਚਿੱਤਰਕਾਰ ਜੋਗਨ ਚੌਧਰੀ ਕੀਪਰ ਆਫ ਆਰਟ ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੇ ਕਈ ਰਾਸ਼ਟਰਪਤੀਆਂ ਨਾਲ ਕੰਮ ਕੀਤਾ ਸੀ। ਰਾਸ਼ਟਰਪਤੀ ਦਾ ਚਿੱਤਰ ਬਣਾਉਣ ਲਈ ਬਾਕਾਇਦਾ ਇੱਕ ਕਮੇਟੀ ਕੰਮ ਕਰਦੀ ਹੈ। ਜਿਹੜੀ ਅੱਜਕੱਲ੍ਹ ਕਲਾ ਡਾਇਰੈਕਟਰ ਅਤੇ ਉਸ ਸਮੇਂ ਕੀਪਰ ਆਫ ਆਰਟ ਦੀ ਪ੍ਰਧਾਨਗੀ ਹੇਠ ਚਿੱਤਰਕਾਰ ਦੀ ਚੋਣ ਕਰਦੀ। ਇਸ ਕਮੇਟੀ ਸਾਹਮਣੇ ਚਿੱਤਰਕਾਰਾਂ ਦਾ ਇਕ ਪੈਨਲ ਸਿਫ਼ਾਰਸ਼ ਕਰ ਕੇ ਭੇਜਿਆ ਜਾਂਦਾ ਹੈ। ਕਮੇਟੀ ਉਸ ਪੈਨਲ ਵਿਚੋਂ ਇਕ ਚਿੱਤਰਕਾਰ ਦੀ ਡਿਊਟੀ ਚਿੱਤਰ ਬਣਾਉਣ ਲਈ ਲਾਉਂਦੀ ਹੈ। ਜਦੋਂ ਗਿਆਨੀ ਜ਼ੈਲ ਸਿੰਘ ਜੀ ਦੀ ਸੇਵਾਮੁਕਤੀ ਦਾ ਸਮਾਂ ਨੇੜੇ ਆਉਣ ਲੱਗਾ ਤਾਂ ਕਮੇਟੀ ਨੇ ਚਿੱਤਰ ਬਣਾਉਣ ਲਈ ਆਪਣਾ ਕਾਰਜ ਸ਼ੁਰੂ ਕਰ ਦਿੱਤਾ। 1986 ਦੀ ਸ਼ੁਰੂਆਤ ਵਿਚ ਕਮੇਟੀ ਬਣਾ ਕੇ ਚਿੱਤਰਕਾਰਾਂ ਦਾ ਇਕ ਪੈਨਲ ਬਣਾਇਆ ਗਿਆ। ਦਿਲਚਸਪ ਗੱਲ ਇਹ ਹੋਈ ਕਿ ਕਮੇਟੀ ਕੋਲ ਪੇਸ਼ ਹੋਏ ਪੈਨਲ ਵਿਚ ਸ. ਸੋਭਾ ਸਿੰਘ ਦਾ ਨਾਮ ਹੀ ਨਹੀਂ ਸੀ। ਕਮੇਟੀ ਵਿਚ ਬੈਠੇ ਮੈਂਬਰਾਂ ਨੂੰ ਵੀ ਪਤਾ ਨਹੀਂ ਸੀ ਕਿ ਰਾਸ਼ਟਰਪਤੀ ਸ. ਸੋਭਾ ਸਿੰਘ ਤੋਂ ਚਿੱਤਰ ਬਣਵਾਉਣਾ ਚਾਹੁੰਦੇ ਹਨ। ਕਮੇਟੀ ਨੇ ਪੈਨਲ ਵਿੱਚੋਂ ਜਤਿਨ ਦਾਸ ਦੀ ਚੋਣ ਬਤੌਰ ਆਰਟਿਸਟ ਕਰ ਲਈ। ਉਨ੍ਹਾਂ ਨੇ ਜਤਿਨ ਦਾਸ ਨੂੰ ਰਾਸ਼ਟਰਪਤੀ ਦੇ ਤਿੰਨੇ ਚਿੱਤਰ ਬਣਾਉਣ ਲਈ ਆਖਿਆ। ਜਤਿਨ ਦਾਸ ਆਪਣੇ ਸਮੇਂ ਦੇ ਪ੍ਰਸਿੱਧ ਚਿੱਤਰਕਾਰ ਸਨ। ਮਿਉਰ ਭੁੰਜ, ਉੜੀਸਾ ਵਿਚ ਉਨੀ ਸੌ ਇਕਤਾਲੀ ਨੂੰ ਜਨਮੇ ਜਤਿਨ ਦਾਸ ਨੇ ਜੇ.ਜੇ ਸਕੂਲ ਆਫ ਆਰਟ ਬੰਬਈ ਤੋਂ ਚਿੱਤਰਕਾਰੀ ਦੀ ਸਿੱਖਿਆ ਲਈ ਸੀ। ਉਨ੍ਹਾਂ ਦੇ ਬਣਾਏ ਹੋਏ ਚਿੱਤਰ ਅੱਜ ਵੀ ਭਾਰਤ ਵਿਚ ਬਹੁਤ ਮਸ਼ਹੂਰ ਹਨ। ਚਿੱਤਰਕਲਾ ਦੇ ਖੇਤਰ ਵਿਚ ਵੱਡਾ ਯੋਗਦਾਨ ਦੇਣ ਬਦਲੇ 2012 ਵਿਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦਾ ਚਿੱਤਰ ਬਣਾਉਣ ਸਮੇਂ ਚਿੱਤਰਕਾਰਾਂ ਨੂੰ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ। ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਪੋਜ਼ ਬਣਾਉਂਦੇ ਹਨ। ਇਸ ਤੋਂ ਪਹਿਲਾਂ ਫੋਟੋਗ੍ਰਾਫੀ ਵੀ ਕਰਦੇ ਹਨ। ਜਤਿਨ ਦਾਸ ਨੇ ਸਮਾਂ ਲੈਣ ਲਈ ਗਿਆਨੀ ਜ਼ੈਲ ਸਿੰਘ ਦੇ ਏ.ਡੀ.ਸੀ. ਨਾਲ ਸੰਪਰਕ ਸਾਧਿਆ। ਜਦੋਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਬੜੇ ਹੈਰਾਨ ਹੋਏ ਅਤੇ ਉਨ੍ਹਾਂ ਨੇ ਜਤਿਨ ਦਾਸ ਤੋਂ ਚਿੱਤਰ ਬਣਾਉਣ ਬਣਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਤਾਂ ਸਿਰਫ਼ ਸ.ਸੋਭਾ ਸਿੰਘ ਤੋਂ ਹੀ ਆਪਣਾ ਚਿੱਤਰ ਬਣਵਾਉਣਗੇ। ਅਧਿਕਾਰੀ ਵੀ ਵੱਖਰੇ ਤੌਰ ’ਤੇ ਹੈਰਾਨ ਪ੍ਰੇਸ਼ਾਨ ਹੋ ਗਏ। ਜੋਗਨ ਚੌਧਰੀ ਨੇ ਸੋਭਾ ਸਿੰਘ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਆਉਣ ਲਈ ਬੇਨਤੀ ਕੀਤੀ।
ਸੋਭਾ ਸਿੰਘ ਵੀ ਆਪਣੇ ਆਪ ਵਿਚ ਰਮੇ ਰਹਿਣ ਵਾਲੇ ਕਲਾਕਾਰ ਸਨ। ਉਨ੍ਹਾਂ ਨੇ ਆਪਣੇ ਜੀਵਨ ਦੇ ਉਨਤਾਲ਼ੀ ਸਾਲ ਅੰਦਰੇਟੇ ਵਿਚ ਬਿਤਾਏ। ਉਹ ਅੰਦਰੇਟੇ ਨੂੰ ਛੱਡਣਾ ਪਸੰਦ ਨਹੀਂ ਕਰਦੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਅਦਭੁੱਤ ਪੋਰਟਰੇਟ ਨੂੰ ਚਿਤਰਿਆ। ਇਸ ਤੋਂ ਬਿਨਾਂ ਸੋਹਣੀ ਮਹੀਂਵਾਲ, ਹੀਰ ਰਾਂਝਾ, ਗੱਦਣ, ਸ਼ਹੀਦ ਭਗਤ ਸਿੰਘ ਦੇ ਚਿੱਤਰ ਵੀ ਬੜੇ ਮਸ਼ਹੂਰ ਹੋਏ। ਉਨ੍ਹਾਂ ਨੇ ਰਾਸ਼ਟਰਪਤੀ ਭਵਨ ਜਾਣ ਤੋਂ ਇਨਕਾਰ ਕਰ ਦਿੱਤਾ। ਗਿਆਨੀ ਜੀ ਦੀ ਇੱਛਾ ਅਨੁਸਾਰ ਚਿੱਤਰ ਬਣਾਉਣਾ ਮੰਨ ਲਿਆ, ਪਰ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਉਹ ਚਿੱਤਰਾਂ ਉਪਰ ਕੰਮ ਅੰਦਰੇਟੇ ਹੀ ਕਰਨਗੇ ਅਤੇ ਰਾਸ਼ਟਰਪਤੀ ਭਵਨ ਨਹੀਂ ਆਉਣਗੇ। ਉਨ੍ਹਾਂ ਨੇ ਗਿਆਨੀ ਜੀ ਨੂੰ ਕੁਝ ਖ਼ਾਸ ਪੋਜਾਂ ’ਚ ਆਪਣੀਆਂ ਤਸਵੀਰਾਂ ਖਿਚਵਾ ਕੇ ਉਨ੍ਹਾਂ ਕੋਲ ਪਹੁੰਚਦੀਆਂ ਕਰਨ ਲਈ ਆਖਿਆ ਤਾਂ ਜੋ ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੀ ਗਿਆਨੀ ਜੀ ਦਾ ਚਿੱਤਰ ਬਣਾ ਸਕਣ। ਸ. ਸੋਭਾ ਸਿੰਘ ਚਾਹੁੰਦੇ ਸਨ ਕਿ ਵੱਡਾ ਚਿੱਤਰ ਬਣਾਉਣ ਤੋਂ ਪਹਿਲਾਂ ਮਿਨੀਏਚਰ ਜਾਣੀ ਇੱਕ ਛੋਟਾ ਚਿੱਤਰ ਬਣਾਇਆ ਜਾਵੇ। ਜਦੋਂ ਗਿਆਨੀ ਜੀ ਉਸ ਚਿੱਤਰ ਨੂੰ ਪਾਸ ਕਰ ਦੇਣਗੇ ਤਾਂ ਫਿਰ ਵੱਡਾ ਚਿੱਤਰ ਉਹ ਬਣਾਉਣਗੇ।
ਸੋਭਾ ਸਿੰਘ ਦੇ ਕਹੇ ਅਨੁਸਾਰ ਤਸਵੀਰਾਂ ਖਿਚਵਾ ਕੇ ਉਨ੍ਹਾਂ ਨੂੰ ਭੇਜ ਦਿੱਤੀਆਂ। ਥੋੜ੍ਹੇ ਸਮੇਂ ਵਿਚ ਹੀ ਸੋਭਾ ਸਿੰਘ ਨੇ ਗਿਆਨੀ ਜੀ ਦਾ ਇਕ ਚਿੱਤਰ ਬਣਾ ਕੇ ਉਨ੍ਹਾਂ ਨੂੰ ਭੇਜਿਆ ਜਿਹੜਾ ਗਿਆਨੀ ਜੀ ਨੂੰ ਬਹੁਤ ਪਸੰਦ ਆਇਆ। ਗਿਆਨੀ ਜੀ ਨੇ ਚਿੱਤਰ ਨੂੰ ਪਸੰਦ ਕਰਦੇ ਹੋਏ ਇਸ ਦੀ ਪ੍ਰਵਾਨਗੀ ਦਾ ਪੱਤਰ ਭੇਜਣ ਲਈ ਆਪਣੇ ਅਧਿਕਾਰੀਆਂ ਨੂੰ ਕਿਹਾ। ਅਧਿਕਾਰੀਆਂ ਨੇ ਪੱਤਰ ਲਿਖ ਕੇ ਅੰਦਰੇਟੇ ਲਈ ਪੋਸਟ ਕਰ ਦਿੱਤਾ। ਦੂਜੇ ਪਾਸੇ ਸੋਭਾ ਸਿੰਘ ਜੀ ਸਰੀਰਕ ਤੌਰ ’ਤੇ ਬਿਮਾਰ ਹੋ ਗਏ। ਉਨ੍ਹਾਂ ਨੂੰ ਪੀ.ਜੀ.ਆਈ., ਚੰਡੀਗੜ੍ਹ ਇਲਾਜ ਲਈ ਲਿਆਂਦਾ ਗਿਆ। ਬਾਈ ਅਗਸਤ 1986 ਦੀ ਰਾਤ ਨੂੰ ਹੀ ਸੋਭਾ ਸਿੰਘ ਦਾ ਦੇਹਾਂਤ ਹੋ ਗਿਆ ਜਿਸ ਦਿਨ ਉਨ੍ਹਾਂ ਨੂੰ ਪੱਤਰ ਪੋਸਟ ਕੀਤਾ ਗਿਆ ਸੀ। ਸੋਭਾ ਸਿੰਘ ਦੇ ਦੇਹਾਂਤ ਨਾਲ ਗਿਆਨੀ ਜੀ ਦੇ ਮਨ ਨੂੰ ਬਹੁਤ ਸੱਟ ਲੱਗੀ। ਸੋਭਾ ਸਿੰਘ ਵੱਲੋਂ ਭੇਜਿਆ ਗਿਆ ਚਿੱਤਰ ਕਾਫ਼ੀ ਲੰਬਾ ਸਮਾਂ ਰਾਸ਼ਟਰਪਤੀ ਭਵਨ ਵਿੱਚ ਰਿਹਾ। ਇਸ ਤੋਂ ਬਾਅਦ ਉਸ ਚਿੱਤਰ ਬਾਰੇ ਕੁਝ ਪਤਾ ਨਹੀਂ ਲੱਗਿਆ।
ਗਿਆਨੀ ਜ਼ੈਲ ਸਿੰਘ ਨੇ ਉਸ ਤੋਂ ਬਾਅਦ ਕਾਫ਼ੀ ਸਮਾਂ ਆਪਣਾ ਚਿੱਤਰ ਨਹੀਂ ਬਣਵਾਇਆ। ਅਧਿਕਾਰੀਆਂ ਦੇ ਜ਼ੋਰ ਦੇਣ ’ਤੇ ਦੁਬਾਰਾ ਪੈਨਲ ਦਾ ਗਠਨ ਕੀਤਾ ਗਿਆ ਅਤੇ ਮਹਾਰਾਸ਼ਟਰ ਦੇ ਪ੍ਰਸਿੱਧ ਚਿੱਤਰਕਾਰ ਐਨ ਸੂਬਾ ਕ੍ਰਿਸ਼ਨਨ ਨੂੰ ਦੁਬਾਰਾ ਜ਼ਿੰਮੇਵਾਰੀ ਸੌਂਪੀ ਗਈ।
ਐਨ ਸੂਬਾ ਕ੍ਰਿਸ਼ਨਨ ਨੇ ਗਿਆਨੀ ਜ਼ੈਲ ਸਿੰਘ ਦਾ ਰਾਜਕੁਮਾਰਾਂ ਵਾਂਗੂੰ ਜੁੱਤੀ ਪਹਿਨੇ ਹੋਏ ਸੁਨਹਿਰੀ ਕੁਰਸੀ ਦੇ ਨਾਲ ਖੜ੍ਹੇ ਹੋਇਆ ਦਾ ਆਦਮਕੱਦ ਚਿੱਤਰ ਬਣਾਇਆ। ਜਿਹੜਾ ਇਸ ਸਮੇਂ ਵੀ ਰਾਸ਼ਟਰਪਤੀ ਭਵਨ ਵਿਚ ਸੁਸ਼ੋਭਿਤ ਹੈ। ਸੂਬਾ ਕ੍ਰਿਸ਼ਨਨ ਨੂੰ ਹੀ ਉਨ੍ਹਾਂ ਦਾ ਅੱਧਾ ਪੋਰਟਰੇਟ ਬਣਾਉਣ ਦਾ ਕੰਮ ਸੌਂਪਿਆ ਗਿਆ। ਪਰ ਇਹ ਕਦੇ ਵੀ ਪੂਰਾ ਨਹੀਂ ਹੋਇਆ ਜਿਸ ਨਾਲ ਗਿਆਨੀ ਜ਼ੈਲ ਸਿੰਘ ਜੀਵਨ ਦੇ ਆਕਾਰ ਚਿੱਤਰ ਵਿੱਚ ਨੁਮਾਇੰਦਗੀ ਕਰਨ ਵਾਲੇ ਇਕਲੌਤੇ ਰਾਸ਼ਟਰਪਤੀ ਬਣੇ। ਸੋਭਾ ਸਿੰਘ ਦੁਆਰਾ ਬਣਾਏ ਗਏ ਚਿੱਤਰ ਦੀ ਕੋਈ ਵੀ ਫੋਟੋ ਹਾਲ ਦੀ ਘੜੀ ਉਪਲੱਬਧ ਨਹੀਂ ਹੈ। ਇਹ ਚਿੱਤਰ ਸਮੇਂ ਦੀ ਧੂੜ ਵਿਚ ਗੁੰਮ ਹੋ ਗਿਆ। ਉਨ੍ਹਾਂ ਵੱਲੋਂ ਬਣਾਇਆ ਗਿਆ ਚਿੱਤਰ ਗਿਆਨੀ ਜੀ ਦੇ ਦਿਲ ਦੀ ਖ਼ੁਆਹਿਸ਼ ਨੂੰ ਪੂਰਾ ਨਹੀਂ ਕਰ ਸਕਿਆ ਅਤੇ ਅਧੂਰੇ ਚਿੱਤਰ ਦੀ ਗਾਥਾ ਬਣ ਕੇ ਹੀ ਰਹਿ ਗਿਆ।
ਸੰਪਰਕ: 94170-81419