ਮਨਮੋਹਨ ਸਿੰਘ ਦਾਊਂ
ਜੰਗ ਕਰਦੀ
ਧਰਤੀ ਨੂੰ ਬਦਰੰਗ।
ਕੰਬਦੀ ਹੈ ਧਰਤੀ
ਅੰਬਰ ਭਰਦਾ ਹੈ ਹਉਕਾ
ਪਹਾੜਾਂ ਨੂੰ ਆਉਂਦੀ ਤ੍ਰੇਲੀ
ਸਾਗਰੀ ਜੀਵਾਂ ’ਤੇ ਕਹਿਰ ਢਹਿੰਦਾ
ਬਿਰਖ਼ ਲੂਸੇ ਜਾਂਦੇ, ਵੈਣ ਪਾਉਂਦੇ
ਫੁੱਲਾਂ ’ਤੇ ਤ੍ਰੇਲ ਦੀ ਥਾਂ
ਜ਼ਹਿਰ ਵਰ੍ਹਦੀ
ਹੰਝੂ ਵਹਿੰਦੇ, ਰੰਗ ਮਲੀਨ ਹੁੰਦੇ
ਪੰਛੀ ਕੁਰਲਾਉਂਦੇ, ਆਲ੍ਹਣੇ ਡਿੱਗਦੇ
ਜੀਵ-ਜੰਤੂ ਅਗਨ ਭੇਟ ਹੁੰਦੇ।
ਬਲਿਹਾਰੀ ਕੁਦਰਤ ਜ਼ਖ਼ਮੀ ਹੁੰਦੀ
ਮਿੱਟੀ ਦੀ ਕੁੱਖ ਸੜਦੀ
ਰੱਬ ਵੀ ਦੁਹਾਈ ਪਾਉਂਦਾ
ਤੈਂ ਕੀ ਦਰਦ ਨਾ ਆਇਆ
ਬਾਬੇ ਨਾਨਕ ਦਾ ਪ੍ਰਵਚਨ ਯਾਦ ਆਉਂਦਾ।
ਕਦੇ ਸਿਕੰਦਰ, ਕਦੇ ਹਿਟਲਰ, ਮੁਗ਼ਲ, ਨਾਜ਼ੀ
ਜ਼ਾਰਸ਼ਾਹੀ ਕਤਲੇਆਮ ਕਰਦੀ
ਹੀਰੋਸ਼ੀਮਾ – ਨਾਗਾਸਾਕੀ, ਸੰਤਾਲੀ, ਚੁਰਾਸੀ
ਕੀ-ਕੀ ਨਈਂ ਹੋਇਆ।
ਸੱਤਾ ਹੰਕਾਰੀ, ਜ਼ਾਲਮ ਭਿਅੰਕਾਰੀ
ਮਾਨਵਤਾ ਦਾ ਘਾਣ ਕਰਦੀ
ਇਹ ਹਉਮੈ ਦੇ ਹਰਨਾਕਸ਼ ਰਾਜ ਕਰਦੇ।
ਮਾਸੂਮ ਬੱਚੇ, ਅਬਲਾ ਲੋਕਾਈ, ਬੇਦੋਸ਼ੀ ਮਨੁੱਖਤਾ
ਲਹੂ ’ਚ ਲੱਥ-ਪੱਥ ਹੁੰਦੇ
ਤੜਪਦੇ, ਸਹਿਕਦੇ ਵੇਖੇ ਨਾ ਜਾਂਦੇ,
ਧਰਤੀ ’ਤੇ ਖੂਨ ਵਹਿੰਦਾ, ਤ੍ਰਹਿੰਦਾ
ਘਰ ਬਰਬਾਦ ਹੁੰਦੇ, ਸ਼ਹਿਰ, ਪਿੰਡ ਰੋਂਦੇ।
ਤਲਵਾਰਾਂ, ਨੇਜ਼ੇ, ਬਰਛੇ, ਗੰਡਾਸੇ
ਤੀਰਾਂ ਤੇ ਖੰਜਰਾਂ ਦਾ ਸਮਾਂ ਲੰਘ ਚੁੱਕਾ
ਹਾਥੀ, ਘੋੜੇ ਤੇ ਰੱਥਾਂ ਦਾ ਯੁੱਗ ਲੰਘਿਆ
ਪਿੱਟ-ਪਿੱਟ ਮਾਨਵਤਾ ਥੱਕੀ ਤੇ ਅੱਕੀ।
– ਬੰਬਾਂ, ਐਟਮਾਂ, ਤੋਪਾਂ, ਬੰਦੂਕਾਂ
ਰਾਕੇਟਾਂ ਤੇ ਟੈਂਕਾਂ ਤੋਂ ਅਗਾਂਹਾਂ
ਪ੍ਰਮਾਣੂ ਮਿਸਾਈਲਾਂ, ਮਾਰੂ ਗੈਸਾਂ,
ਆਧੁਨਿਕ ਜੰਗੀ ਤਬਾਹਕੁਨ ਕਾਢਾਂ ਨੇ
ਧਰਤੀ ’ਤੇ ਕੀਤੀ ਤਬਾਹੀ ਹੀ ਤਬਾਹੀ
ਪਲਾਂ ਵਿੱਚ ਢਹਿ-ਢੇਰੀ ਕੀਤੇ
ਵਿਦਿਆਲੇ, ਹਸਪਤਾਲ ਤੇ ਉੱਚੇ ਮੀਨਾਰੇ।
ਧੂੰਆਂ ਹੀ ਧੂੰਆਂ, ਅੱਗਾਂ ਦੇ ਭਾਂਬੜ
ਕਾਲਖ ਹੀ ਕਾਲਖ ਬ੍ਰਹਿਮੰਡ ਹੋਇਆ
ਕਾਹਦੀਆਂ ਇਹ ਜਿੱਤਾਂ, ਸੱਤਾ ਦੇ ਨਾਅਰੇ
ਜੋ ਮਨੁੱਖਤਾ ਨੂੰ ਦਰਕਾਰੇ ਤੇ ਮਾਰੇ
ਕਾਲਿੰਗਾ ਨੂੰ ਚੇਤੇ ਕਰਨਾ ਜ਼ਰੂਰੀ
ਅਸ਼ੋਕ ਸਮਰਾਟੀ ਨੇ ਹਟਕੋਰਾ ਸੀ ਭਰਿਆ
ਜੇ ਲੋਕ ਹੀ ਨਈਂ ਜਿਉਂਦੇ
ਤਾਂ ਰਾਜ ਕਿਸ ’ਤੇ ਕਰਨਾ?
ਹਿੰਸਾ ਨੂੰ ਅਹਿੰਸਾ ’ਚ ਬਦਲਣਾ ਜ਼ਰੂਰੀ।
ਹਥਿਆਰਾਂ ਦੇ ਸੌਦਾਗਰੋ
ਐ ਜੰਗਬਾਜ਼ੋ, ਤਖ਼ਤ ਤਾਜਦਾਰੋ
ਦੈਂਤੋ, ਕਰਿੰਦਿਓ – ਸੁਣੋ, ਕੰਨ ਖੋਲ੍ਹੋ
ਜਨਤਾ ਹੈ ਕਹਿੰਦੀ:
ਧਰਤੀ ਦੀ ਹੂਕ ’ਚ
ਸ਼ਕਤੀ ਬੜੀ ਹੈ
ਅਮਨਾਂ ਦੇ ਅਮਲ ਹੀ
ਮਸਲੇ ਨਜਿੱਠਦੇ!!
ਸੰਪਰਕ: 98151-23900
* * *
ਜਾਦੂਗਰ
ਜਸਵੀਰ ਸਿੰਘ ਭਲੂਰੀਆ
ਹਵਾ ਵਿੱਚੋਂ ਹਰਫ਼ ਫੜਦੇ ਨੇ
ਅਤੇ
ਕਿਸੇ ਸੁੱਘੜ ਸੁਨਿਆਰ ਵਾਂਗ
ਮੋਤੀਆਂ ਦੀ ਮਾਲ਼ਾ ਵਾਂਗ
ਸਤਰਾਂ ਵਿੱਚ ਪਰੋ ਦਿੰਦੇ ਨੇ
ਕਦੇ…
ਸ਼ਬਦਾਂ ਦੇ ਸੋਨੇ ਨੂੰ
ਮਨ ਦੀ ਕੁਠਾਲੀ ਵਿੱਚ ਢਾਲ
ਵੱਖ-ਵੱਖ ਵਿਧਾ ਦੇ
ਗਹਿਣਿਆਂ ਦਾ ਰੂਪ
ਦੇ ਦਿੰਦੇ ਨੇ
ਅਤੇ ਫਿਰ
ਕੀਮਤੀ ਕਿਤਾਬ ਦੇ
ਕੇਸ ਵਿੱਚ ਸਜਾ
ਆਪਣੇ ਪਿਆਰਿਆਂ ਨੂੰ
ਮੁਫ਼ਤ ਹੀ
ਭੇਟ ਕਰ ਦਿੰਦੇ ਨੇ
ਇਹ ਸ਼ਬਦਾਂ ਦੇ ਜਾਦੂਗਰ
ਸੰਪਰਕ: 99159-95505
* * *
ਭਟਕਦਾ ਹੀ ਰਿਹਾ ਕਤਰਾ
ਸਰਿਤਾ ਤੇਜੀ
ਭਟਕਦਾ ਹੀ ਰਿਹਾ ਕਤਰਾ ਸਮੁੰਦਰ ਹੋਣ ਨਾ ਦਿੱਤਾ,
ਘਰਾਂ ਨੇ ਕੀਲਿਆ ਐਦਾਂ ਮੁਸਾਫ਼ਰ ਹੋਣ ਨਾ ਦਿੱਤਾ।
ਗਿਆ ਨਾ ਵੰਡਿਆ ਏਕਾ ਤੇ ਕਈਆਂ ਜ਼ੋਰ ਲਾ ਵੇਖੇ,
ਗੁਰਾਂ ਦੇ ਥਾਪੜੇ ਐਸੇ ਕਿ ਨਾਬਰ ਹੋਣ ਨਾ ਦਿੱਤਾ।
ਮੈਂ ਪੂਰੇ ਚੰਨ ਦੇ ਮੱਥੇ ’ਤੇ ਕੋਈ ਅਕਸ ਉਕਰੇਂਦਾ,
ਤਵੇ ਦੀ ਗੋਲ ਰੋਟੀ ਨੇ ਮੁਸੱਵਰ ਹੋਣ ਨਾ ਦਿੱਤਾ।
ਅਸੀਂ ਓਹੋ ਰਹੇ ਜੋ ਹਾਸ਼ੀਏ ਤੋਂ ਬਾਹਰ ਸੀ ਅਕਸਰ,
ਖੜ੍ਹੇ ਮੁਸ਼ਕਿਲ ਸਵਾਲਾਂ ਫੇਰ ਅੰਦਰ ਹੋਣ ਨਾ ਦਿੱਤਾ।
ਕਿਤੇ ਇੱਕ ਦਿਲ ਚੁਫ਼ੇਰੇ ਦੀਪ ਜਗਦੇ ਨੇ ਮੁਹੱਬਤ ਦੇ,
ਦਿਲਾਂ ਦੇ ਕਾਲਿਆਂ ਨਾਗਾਂ ਇਹ ਮੰਜ਼ਰ ਹੋਣ ਨਾ ਦਿੱਤਾ।
ਕਦੇ ਤਾਂ ਹੇਠ ਕਦਮਾਂ ਦੇ ਸੁਰਗ ਦਾ ਰਾਜ ਧਰ ਦਿੰਦਾ,
ਕਿਵੇਂ ਵਲ਼ ਖਾ ਗਈ ਤਕਦੀਰ ਜ਼ਾਹਰ ਹੋਣ ਨਾ ਦਿੱਤਾ।
ਬੜਾ ਕੁਝ ਹੋਣ ਨੂੰ ਹੁੰਦਾ ਰਿਹਾ ਸੰਸਾਰ ਦੇ ਉੱਤੇ,
ਵਫ਼ਾ ਬਦਲੇ ਵਫ਼ਾ ਮਿਲਦੀ ਇਹ ਆਖ਼ਿਰ ਹੋਣ ਨਾ ਦਿੱਤਾ।
ਸੰਪਰਕ: 96468-48766
* * *
ਉਹ ਕੀ ਜਾਣੇ
ਨਿਰਮਲ ਸਿੰਘ ਰੱਤਾ
ਦੂਰ ਦੂਰ ਤੱਕ ਘੁੱਪ ਹਨੇਰਾ
ਵੇਖਾਂ ਜਦ ਮੈਂ ਚਾਰ ਚੁਫ਼ੇਰਾ।
ਜਦ ਦਾ ਪੁੱਤ ਪਰਦੇਸੀ ਹੋਇਆ
ਨੈਣਾਂ ਬੂਹੇ ਲਾ ਲਿਆ ਡੇਰਾ।
ਡੋਲੀ ਬਹਿੰਦੀ ਧੀ ਨੇ ਪੁੱਛਿਆ
ਬਾਬਲ ਹੁਣ ਇਹ ਘਰ ਨਹੀਂ ਮੇਰਾ?
ਲਾਡਾਂ ਦੇ ਨਾਲ ਲਾਡੋ ਪਾਲੀ
ਦਾਨ ਹੈ ਕਰਦਾ, ਵੇਖੋ ਜੇਰਾ।
ਬਿਖੜੇ ਪੈਂਡੇ, ਚੱਲਦਾ ਜਾਵੀਂ
ਕਿਰਤੀ ਤੇਰਾ ਪੰਧ ਲੰਮੇਰਾ।
ਸ਼ਾਮ ਢਲੀ ਤਾਂ ਫਿਰ ਕੀ ਹੋਇਆ
ਚੜ੍ਹ ਹੀ ਜਾਣਾ ਸੁਰਖ਼ ਸਵੇਰਾ।
ਮਿਲ ਜਾਵੇ ਰੁਜ਼ਗਾਰ ਜੇ ਇੱਥੇ
ਛੱਡੇ ਨਾ ਕੋਈ ਰੈਣ ਬਸੇਰਾ।
ਉਹ ਕੀ ਜਾਣੇ ਅਰਥ ਆਜ਼ਾਦੀ
ਪਾਇਆ ਜਿਸਨੂੰ ਗ਼ੁਰਬਤ ਘੇਰਾ।
ਸੰਪਰਕ: 84270-07623