ਸੱਚ ਦੀ ਮਸ਼ਾਲ
ਮਨਜੀਤ ਕੌਰ ਅੰਬਾਲਵੀ
ਨਾ ਮੈਂ ਅੱਕਿਆ ਨਾ ਮੈਂ ਥੱਕਿਆ ਚਲਦਾ ਰਿਹਾ ਆਸ਼ਾਵਾਂ ਨਾਲ।
ਮੁੱਢੋਂ ਰਿਹਾ ਵਾਸਤਾ ਮੇਰਾ, ਟੇਢੀਆਂ ਮੇਢੀਆਂ ਰਾਹਵਾਂ ਨਾਲ।
ਮੇਰਾ ਹੀ ਅੰਨ ਖਾਵਣ ਵਾਲੇ, ਮੰਨਣ ਕਦ ਅਹਿਸਾਨ ਮੇਰਾ,
ਮੈਂ ਤਾਂ ਸਭ ਦੀ ਸੁੱਖ ਮਨਾਵਾਂ ਹਰ ਦਮ ਦਿਲੀ ਦੁਆਵਾਂ ਨਾਲ।
ਭੁੱਖ-ਨੰਗ ਮੇਰੀ ਤੇ ਦਿਲ ਦਾ ਦਰਦ ਕਦੋਂ ਵੇਖੇ ਕੋਈ,
ਸੂਲਾਂ ਤੇ ਤੁਰ ਕੇ ਵੀ ਨਾ ਰੁਕਿਆ ਚਲਦਾ ਰਿਹਾ ਚਾਵਾਂ ਨਾਲ।
ਖ਼ੂਨ ਪਸੀਨਾ ਡੋਲ੍ਹਾਂ ਤਾਂ ਹੀ ਮੋਤੀਆਂ ਵਰਗੇ ਦਾਣੇ ਪਲਦੇ,
ਕੋਰੇ-ਕੱਕਰ, ਤਪਸ਼ਾਂ ਨੂੰ ਵੀ ਆਪਣੇ ਹੱਡੀਂ ਹੰਢਾਵਾਂ ਨਾਲ।
ਭੁੱਲ ਕੇ ਅਪਣੇ ਸੁਪਨੇ, ਸੱਧਰਾਂ, ਲੋਕਾਂ ਖਾਤਰ ਜੀਂਦਾ ਹਾਂ ਮੈਂ,
ਕਦੇ ਤਾਂ ਦਿਨ ਆਉਣਗੇ ਚੰਗੇ ਸੋਚ ਇਹੀ ਪੁਗਾਵਾਂ ਨਾਲ।
ਅਸੀਂ ਵੀ ਬੰਦੇ, ਸਾਡਾ ਵੀ ਹੱਕ ਸੁੱਖ ਚੈਨ ਦੇ ਨਾਲ ਜੀਵੀਏ,
ਅੰਨ੍ਹਾ ਕਿਉਂ ਕਾਨੂੰਨ ਵਿਛਾਵੇਂ, ਸਾਨੂੰ ਫਾਹੁਣ ਸਜ਼ਾਵਾਂ ਨਾਲ।
ਨੇਕੀ ਦੇ ਰਾਹ ਤੁਰਦਾ ਹਾਂ ਮੈਂ ਅੱਗ ਸੀਨੇ ਵਿੱਚ ਸੱਚ ਦੀ ਲੈ ਕੇ
ਹੁਣ ਮਨਜੀਤ ਬੁਝਾ ਨੀ ਸਕਦਾ ਮਸ਼ਾਲ ਕੋਈ ਹਵਾਵਾਂ ਨਾਲ।
ਈ-ਮੇਲ: manjeetkaurambalvi@gmail.com
* * *
ਗ਼ਜ਼ਲ
ਬਲਜਿੰਦਰ ਸਿੰਘ ਰੇਤਗੜ੍ਹ
ਨਾਨਕ ਤੇਰਾ ਕਿਰਤੀ ਲਾਲੋ, ਲਲਕਾਰ ਰਿਹਾ ਹੈ ਬਾਬਰ ਨੂੰ
ਬੰਦਾ ਸਿੰਘ ਬਹਾਦਰ ਬਣਕੇ, ਵੰਗਾਰ ਰਿਹਾ ਹੈ ਜਾਬਰ ਨੂੰ
ਬਾਜ਼ਾਂ ਦੀਆਂ ਤਾੜਾਂ ਤੋੜਨ, ਭਾਗੋ ਦੇ ਘਰ ਜਾਈਆਂ ਜੋ
ਪਾ ਰੱਖੀ ਹੈ ਭਾਜੜ ਗੋਬਿੰਦ, ਭੂਸਰਦੇ ਹਰ ਬਖ਼ਤਾਵਰ ਨੂੰ
ਚਮਕੌਰ ਗੜ੍ਹੀ ਦਾ ਸਾਕਾ ਫਿਰ, ਯਾਦ ਸਰਹਿੰਦ ਦੀ ਤਾਜ਼ਾ ਹੈ
ਕਿੰਝ ਨਿਹੱਥਾ ਤੇਰਾ ਜ਼ੋਰਾਵਰ, ਜਾ ਤਾੜੇ ਦੇਖ ਦਿਲਾਵਰ ਨੂੰ
ਅਗਵਾਈ ਦੇ ਹੁਣ ਸ਼ਕਤੀ ਦੇ, ਲੜਨਾ ਸੀਸ ਤਲੀ ’ਤੇ ਧਰਕੇ
ਬੇਦਾਅਵੇ ਪਾੜ ਦਿਓ ਗੋਬਿੰਦ, ਹੈ ਤੇਰਾ ਤੋਲ ਬਰਾਬਰ ਨੂੰ
ਤਲਵਾਰ ਨਹੀਂ ਢਾਲ ਨਹੀਂ, ਫੌਲ਼ਾਦ ਜਿਹਾ ਪਰ ਜੇਰਾ ਹੈ
ਪਾ ਦਿੱਤੀ ਹੈ ਬਿਪਤਾ ‘ਬਾਲੀ’, ਔੰਰੰਗੇ ਜਹੇ ਹਰ ਜਾਬਰ ਨੂੰ
ਸੰਪਰਕ: 94651-29168
* * *
ਨਾਬਰ
ਗੁਰਚਰਨ ਆਲੋਵਾਲੀਆ
ਮੈਂ ਨਾਬਰ ਹਾਂ
ਤੇਰੇ ਤੋਂ
ਤੂੰ ਜੋ ਵੱਡਾ ਹੋਣ ਦਾ
ਪਾਲੀ ਬੈਠਾ ਭਰਮ।
ਮੈਂ ਨਾਬਰ ਹਾਂ
ਤੇਰੇ ਹਰ ਹੁਕਮ ਤੋਂ
ਤੂੰ ਜੋ ਬੋਲਣਾ ਜਾਣਦਾ
ਸੁਣਨਾ ਨਹੀਂ।
ਮੈਂ ਨਾਬਰ ਹਾਂ
ਤੇਰੀ ਸੱਤਾ ਤੋਂ
ਜੋ ਕੰਮ ਕਰਦੀ
ਕੇਵਲ ਡਰਾਉਣ ਦਾ।
ਤੇਰੇ ਕੋਲ ਬੜਾ ਕੁਝ ਹੈ
ਸੱਤਾ
ਸ਼ਕਤੀ
ਤੇ ਅੰਨ੍ਹੀ ਸ਼ਰਧਾ।
ਪਰ ਮੇਰੇ ਕੋਲ
ਸਿਰੜ ਹੈ
ਸਿਦਕ ਹੈ
ਗੁਰੂਆਂ ਦੀਆਂ ਰਹਿਮਤਾਂ ਹਨ।
ਮੈਂ ਲੜਾਂਗਾ
ਜ਼ਰੂਰ ਲੜਾਂਗਾ
ਮੈਂ ਜੋ ਹਾਂ ਹੀ
ਨਾਬਰ।
* * *
ਮੈਂ ਕਿਸਾਨ ਬੋਲਦਾਂ
ਰਵਿੰਦਰ ਸਿੰਘ ਧਨੇਠਾ
ਖੇਤਾਂ ਵਿੱਚ ਸਿਰਫ਼ ਸਾਡੀਆਂ
ਫ਼ਸਲਾਂ ਹੀ ਨਹੀਂ ਉੱਗਦੀਆਂ
ਇੱਥੇ ਅਜੇ
ਉੱਗਦੀਆਂ ਨੇ ਰੀਝਾਂ
ਪੁੰਗਰਦੇ ਨੇ ਨਿੱਤ
ਆਸਮਾਨ ਨੂੰ ਛੂਹ ਲੈਣ ਵਾਲੇ ਸੁਪਨੇ
ਅਜੇ ਬਲਦੇ ਨੇ ਇੱਥੇ
ਵੱਟਾਂ ਉੱਪਰ ਉਮੀਦਾਂ ਦੇ ਦੀਵੇ
ਜਿਨ੍ਹਾਂ ਨੇ ਰੌਸ਼ਨ ਕਰਨੇ ਨੇ
ਕਈ ਘਰਾਂ ਦੇ ਬਨੇਰੇ
ਜ਼ਮੀਨਾਂ ਵਿੱਚ
ਘੁਲਿਆ ਹੈ ਸਾਡੇ ਪੁਰਖਿਆਂ ਦਾ ਪਸੀਨਾ
ਮੌਜੂਦ ਨੇ ਉਹ ਪੈੜਾਂ
ਜਿਨ੍ਹਾਂ ਪੰਜਾਬ ਸਮੇਤ ਭਾਰਤ ਨੂੰ
ਸੋਨੇ ਦੀ ਚਿੜੀ ਬਣਾਇਆ
ਤੁਸੀਂ ਜ਼ਮੀਨਾਂ ’ਤੇ ਅੱਖ ਰੱਖੀ ਬੈਠੇ ਹੋ?
ਸਾਡੇ ਕੋਲ ਜ਼ਮੀਨ ਨਾਲ ਮਾਂ ਤੇ ਪੁੱਤ ਵਰਗਾ
ਪਵਿੱਤਰ ਰਿਸ਼ਤਾ ਹੈ
ਇਹ ਜ਼ਮੀਨਾਂ
ਅਣਮੁੱਲੀਆਂ ਨੇ
ਮੈਂ ਕਿਸਾਨ ਹੋਣ ਨਾਤੇ
ਰਾਤੋ-ਰਾਤ ਬਣੇ ਤੁਹਾਡੇ
ਉਸ ਹਰ ਕਾਲੇ ਫ਼ਰਮਾਨ ਨੂੰ ਰੱਦ ਕਰਦਾ ਹਾਂ
ਜਿਹੜਾ ਮਾਂ ਤੇ ਪੁੱਤ ਵਰਗੇ ਪਵਿੱਤਰ ਰਿਸ਼ਤੇ ਨੂੰ
ਤਾਰ ਤਾਰ ਕਰਨ ਆਇਆ ਹੈ।
ਸੰਪਰਕ: 97799-34404
* * *
ਹੱਕ, ਭੀਖ ਨਹੀਂ…
ਮਨਦੀਪ ਰਿੰਪੀ
ਹੱਕ ਮੰਗਦੇ ਹਾਂ
ਭੀਖ ਨਹੀਂ
ਕੀ ਚਾਹੁੰਦੇ ਹੋ ਤੁਸੀਂ?
ਹੱਥ ਬੰਨ੍ਹ
ਅੱਖਾਂ ’ਚ ਹੰਝੂ ਭਰ
ਸਿਰ ਝੁਕਾਅ
ਖੜ੍ਹੇ ਹੋ ਜਾਈਏ
ਤੁਹਾਡੇ ਦਰਾਂ ਮੂਹਰੇ
ਉਡੀਕਦੇ ਰਹੀਏ
ਤੁਹਾਡੀ ਤਰਸ ਭਰੀ
ਇੱਕ ਨਿਗਾਹ ਨੂੰ
ਤੁਹਾਨੂੰ ਰੱਬ ਮੰਨ ਕੇ।
ਇਹੋ ਚਾਹੁੰਦੇ ਹੋ ਨਾ ਤੁਸੀਂ?
ਕਿਉਂਕਿ ਮਰ ਚੁੱਕਾ ਹੈ
ਤੁਹਾਡੇ ਅੰਦਰਲਾ ਬੰਦਾ
ਤੇ ਸਾਹਮਣੇ ਆ ਗਿਆ ਹੈ
ਬੰਦੇ ਦੇ ਲਬਿਾਸ ’ਚ ਖੂੰਖਾਰ ਭੇੜੀਆ
ਤੁਹਾਡੀ ਸੋਚ
ਇੰਨ ਬਿੰਨ ਤੁਹਾਡੇ
ਵਰਗੀ ਹੀ ਹੈ।
ਐਪਰ ਅਸੀਂ ਹੁਣ
ਹੱਕ ਮੰਗਣਾ ਛੱਡ
ਆਪਣਾ ਹੱਕ ਖੋਹਣਾ
ਜਾਣ ਗਏ ਹਾਂ
ਤੁਹਾਨੂੰ ਪਛਾਣ
ਗਏ ਹਾਂ।
ਹੱਥ ਬੰਨ੍ਹ ਖੜ੍ਹੇ ਹੋਣਾ
ਸਾਡੇ ਸੁਭਾਅ ਦਾ
ਹਿੱਸਾ ਕਦੇ ਨਹੀਂ ਰਿਹਾ
ਅੱਖਾਂ ’ਚ ਹੰਝੂਆਂ
ਦੀ ਥਾਂ ਬਲਦੀਆਂ
ਮਸ਼ਾਲਾਂ ਨੇ
ਜ਼ੁਬਾਨ ’ਤੇ ਤਰਲੇ
ਮਿੰਨਤਾਂ ਦੀ ਥਾਂ
ਭਖਦੇ ਅੰਗਿਆਰ ਨੇ।
ਕਿਉਂਕਿ ਹੁਣ ਫਿਰ ਅਸੀਂ
ਆਪਣੇ ਅੰਦਰਲੇ ਰੱਬ
ਨੂੰ ਪਛਾਣ ਗਏ ਹਾਂ
ਜੋ ਆਖਦਾ ਐ
ਆਪਣਾ ਹੱਕ ਆਪ
ਲੈਣਾ ਸਿੱਖੋ।
ਸੰਪਰਕ: 98143-85918
* * *
ਹਾਇਕੂ
ਰਾਜਵਿੰਦਰ ਰੌਂਤਾ
ਲੇਖਕ ਆ ਗਏ
ਧਰਨਿਆਂ ਦੇ ਵਿੱਚ
ਗੱਲ ਬਣੇਗੀ।
ਕਲਮਾਂ ਹਲ
ਦੁਸ਼ਮਣ ਦੇ ਵੱਲ
ਖੈਰ ਨੀਂ ਹੁਣ।
ਕਿਸਾਨ ਕਾਮਾ
ਕਰੰਗੜੀਆਂ ਪਾ ਕੇ
ਧਰਨਿਆਂ ’ਤੇ।
ਲੋਕ ਏਕਤਾ
ਦੁਸ਼ਮਣ ਡਰਿਆ
ਜਿੱਤ ਯਕੀਨੀ।
ਕਿਸਾਨ ਮੁੱਦਾ
ਪਿੰਡ ਪਿੰਡ ਭਖੀ
ਲੋਕ ਲਹਿਰ।
ਲੋਕ ਅੱਕ ਕੇ
ਇੱਕਮੁੱਠ ਹੋ ਗਏ
ਯੁੱਗ ਬਦਲੂ।
ਸੋਚੋ ਸਮਝੋ
ਵਰਤ ਈ ਨਾ ਜਾਵੇ
ਕੋਈ ਤੁਹਾਨੂੰ।
ਜਾਗਦੇ ਰਹੋ
ਕੋਈ ਲਗਾ ਨਾ ਜਾਵੇ
ਏਕੇ ਨੂੰ ਪਾੜ।
ਲੰਘਿਆ ਵੇਲਾ
ਵਾਪਸ ਨਹੀਂ ਆਉਂਦਾ
ਸੁਚੇਤ ਰਹੋ।
ਖ਼ਬਰਦਾਰ
ਰਹਿਣਾ ਹੁਸ਼ਿਆਰ
ਵੈਰੀ ਜ਼ਾਲਮ।
ਸੰਪਰਕ: 98764-86187
* * *
ਕਿਰਤੀ ਕਿਸਾਨ
ਰਣਜੀਤ ਆਜ਼ਾਦ ਕਾਂਝਲਾ
ਕਿਰਤੀ ਕਿਸਾਨ ਦਾ ਹੱਕ ਜੋ ਮਾਰਦੇ!
ਉਹ ਜਿੱਤੀ ਹੋਈ ਬਾਜ਼ੀ ਪਏ ਹਾਰਦੇ!
ਖ਼ੂਨ ਪਸੀਨੇ ਦੀ ਕਮਾਈ ਕਿਸਾਨ ਦੀ,
ਖ਼ੂਨ ਪੀਣੇ ਜੋਕ ਕਿਉਂ ਨੇ ਡਕਾਰਦੇ?
ਬਾਲ ਬੱਚਾ ਸਭ ਖੇਤੀ ’ਚ ਹੈ ਝੋਕਿਆ,
ਫਿਰ ਵੀ ਨਾ ਪੇਟ ਭਰਦੇ ਪਰਿਵਾਰ ਦੇ।
ਲੋਟੂ ਲਾਣਾ ਕਿਸਾਨੀ ਨੂੰ ਖਾਈ ਜਾ ਰਿਹਾ,
ਗ਼ੁਲਾਮ ਬਣਾ ਰੱਖਣ ਦੇ ਇਰਾਦੇ ਧਾਰਦੇ!
ਖ਼ਰੀ ਜੋ ਗੱਲ ‘ਆਜ਼ਾਦ’ ਨੇ ਉਚਾਰੀ ਹੈ,
ਕਿਉਂ ਨਈਂ ਠੰਢੇ ਮਨ ਨਾਲ ਵਿਚਾਰਦੇ?
ਸੰਪਰਕ: 94646-97781, 95019-77814
* * *
ਗ਼ਜ਼ਲ
ਹਰਜੀਤ ਕਾਤਿਲ ਸ਼ੇਰਪੁਰ
ਕਿੰਝ ਰੋਕ ਲੈਣਗੇ ਸਾਨੂੰ ਬੰਨ੍ਹ ਦਰਿਆਵਾਂ ਦੇ।
ਬੰਨ ਕੱਫਣ ਤੁਰੇ ਘਰੋਂ ਹੱਥ ਸਿਰਾਂ ਤੇ ਮਾਵਾਂ ਦੇ।
ਆਪਣੇ ਹੱਕਾਂ ਲਈ ਪੰਜਾਬ ਹਮੇਸ਼ਾ ਲੜਿਆ ਏ,
ਮੋੜ ਸਕੀ ਨਾ ਦਿੱਲੀ ਰੁਖ਼ ਸਾਡੀਆਂ ਹਵਾਵਾਂ ਦੇ।
ਵਰ੍ਹਦੇ ਬੱਦਲ ਬਿਜਲੀ ਗਰਜੇ ਹੌਸਲੇ ਨਾ ਹਾਰੇ,
ਤਿੱਖੜ ਦੁਪਹਿਰਾਂ ਝੱਲੀਏ, ਨਾ ਸ਼ੌਕੀ ਛਾਵਾਂ ਦੇ।
ਸਾਨੂੰ ਲੁੱਟਣ ਲਈ ਬਦਲ ਬਦਲ ਜਾਬਰ ਆਏ,
ਅਸੀਂ ਮਲੀਆਮੇਟ ਕੀਤੇ ਨਿਸ਼ਾਂ ਓ ਰਾਹਵਾਂ ਦੇ।
ਨਾਨਕ ਦੇ ਵਾਰਿਸ ਹਾਂ ਪੁੱਤਰ ਗੋਬਿੰਦ ਸਿੰਘ ਦੇ,
ਕਿਰਤ ਦੇ ਹਾਮੀ, ਵਾਸੀ ਸਰਹਿੰਦ ਦੀਆਂ ਥਾਵਾਂ ਦੇ।
ਨਿੱਕੀ ਉਮਰੇ ਬੀਜ ਦਮੂਖਾਂ ਅਸੀਂ ਸ਼ੌਕ ਪੁਗਾ ਲੈਂਦੇ,
ਅਸੀਂ ਮੁੱਢੋਂ ਰਹੇ ਸ਼ੁਦਾਈ ਲਾੜੀ ਮੌਤ ਦੇ ਚਾਵਾਂ ਦੇ।
ਕਾਫ਼ਿਲੇ ਬੰਨ੍ਹ ਤੁਰੇ ਹੱਕਾਂ ਲਈ ਸਭਨਾਂ ਦਾ ਸਾਥ ਲੈ ਕੇ,
ਕਈ ‘ਕਾਤਿਲ’ ਸ਼ਾਇਰ ਤੁਰ ਪਏ ਸੰਗ ਭਰਾਵਾਂ ਦੇ।
ਸੰਪਰਕ: 96807-95479
* * *
ਬੋਲੀਆਂ
ਸਰਬਜੀਤ ਧੀਰ
ਕੰਮ ਕਾਰ ਨਾ ਕੋਈ ਕਰਦੇ
ਵਿਹਲੇ ਫਿਰਦੇ ਮੁੰਡੇ।
ਸਮੇਂ ਦੀਏ ਸਰਕਾਰੇ
ਤੂੰ ਤਾਂ ਸੌਂ ਗਈ ਲਾਕੇ ਕੁੰਡੇ
ਮੁੰਡੇ ਕੰਮ ਮੰਗਦੇ
ਉੱਠ ਸੁੱਤੀਏ ਸਰਕਾਰੇ
ਮੁੰਡੇ ਕੰਮ ਮੰਗਦੇ।
ਖੇਤਾਂ ਦੇ ਵਿੱਚ ਰੁਲੇ ਬੁਢਾਪਾ
ਸੜਕਾਂ ’ਤੇ ਰੁਲੇ ਜਵਾਨੀ।
ਦੁੱਖਾਂ ਮਾਰੇ ਲੋਕਾਂ ਦੀ
ਕੋਈ ਸੁਣਦਾ ਨਹੀਂ ਕਹਾਣੀ
ਚਾਰ ਪਾਸੇ ਹਫ਼ੜਾ ਦਫ਼ੜੀ
ਲੱਗਦੇ ਪਏ ਨੇ ਨਾਅਰੇ
ਲੋਕੀਂ ਹੱਕ ਮੰਗਦੇ
ਸੁਣ ਸੁੱਤੀਏ ਸਰਕਾਰੇ
ਲੋਕੀਂ ਹੱਕ ਮੰਗਦੇ।
ਕੁੱਤੀ ਚੋਰ ਦੀ ਸਾਂਝ ਭਿਆਲੀ
ਸਾਂਝਾ ਚੱਲਦਾ ਧੰਦਾ
ਰਾਖੀ ਦੀ ਥਾਂ ਲੋਕਾਂ ਉੱਤੇ
ਚੌਕੀਦਾਰ ਚਲਾਵੇ ਡੰਡਾ
ਆਪਣਾ ਦਰਦ ਸੁਣਾਵੇ ਕਿਸ ਨੂੰ
ਕਿੱਧਰ ਜਾਵੇ ਬੰਦਾ
ਅੱਖਾਂ ਮੀਟ ਲਈਆਂ
ਤੂੰ ਸ਼ਾਤਰ ਸਰਕਾਰੇ
ਅੱਖਾਂ ਮੀਟ ਲਈਆਂ।
ਰੇਹ ਸਪਰੇਹਾਂ ਖਾ ਲਈ ਧਰਤੀ
ਪਾਣੀ ਹੋਇਆ ਜ਼ਹਿਰੀ
ਕਿਰਤ ਕਮਾਈ ਲੁੱਟ ਕੇ ਲੈ ਗਏ
ਮੁਨਾਫ਼ੇਖੋਰ ਵਪਾਰੀ
ਤੈਨੂੰ ਸਾਰ ਨਹੀਂ
ਉੱਠ ਸੁੱਤੀਏ ਸਰਕਾਰੇ
ਤੈਨੂੰ ਸਾਰ ਨਹੀਂ।
ਮਿਹਨਤ ਬਦਲੇ ਮੰਡੀ ਦੇ ਵਿੱਚ
ਮੁੱਲ ਨਾ ਮਿਲਦਾ ਪੂਰਾ
ਕੰਮ ਵੀ ਦੂਹਰਾ
ਹਰ ਇੱਕ ਵਸਤੂ ਹੋਗੀ ਮਹਿੰਗੀ
ਪੈਂਦਾ ਨਹੀਂਓਂ ਪੂਰਾ
ਕਰ ਦਿੱਤਾ ਲੱਕ ਦੂਹਰਾ
ਤੈਨੂੰ ਫ਼ਿਕਰ ਨਹੀਂ
ਸੁਣ ਵੱਡੀਏ ਸਰਕਾਰੇ
ਤੈਨੂੰ ਫ਼ਿਕਰ ਨਹੀਂ
ਉਠੋ ਲੋਕੋ ਖੋਲ੍ਹੋ ਅੱਖਾਂ
ਆਪਣੇ ਹੱਕ ਪਛਾਣੋ
ਰੋਟੀ ਦਾ ਹੈ ਮਸਲਾ ਸਾਂਝਾ
ਸਾਂਝੀ ਮਰਜ਼ ਪਛਾਣੋ
ਇਹ ਸੱਚ ਜਾਣੋ
ਏਕੇ ਦੇ ਵਿੱਚ ਬਰਕਤ ਕਹਿੰਦੇ
ਕੁੱਟ ਖਾਂਦੇ ਨੇ ’ਕੱਲੇ
ਲੋਟੂ ਟੋਲੇ ਨੂੰ
ਲੈ ਲੋ ਗੋਢਿਆਂ ਥੱਲੇ
ਲੋਟੂ ਟੋਲੇ ਨੂੰ।
ਸੰਪਰਕ: 88722-18418
* * *
ਦਿੱਲੀਨਾਮਾ
ਧਰਮਿੰਦਰ ਭੰਗੂ ਕਾਲੇਮਾਜਰਾ
ਕਹਿੰਦੇ ਜਿਨ੍ਹਾਂ ਤੋਂ ਅੰਬਾਲਾ ਨਾ ਟੱਪ ਹੋਣਾ,
ਬੈਠੇ ਸਿਰਜ ਇਤਿਹਾਸ ਤੇ ਘੇਰ ਦਿੱਲੀ।
ਸਾਰੇ ਸਮਝਦੇ ਨੇ ਅਕਲ ਵਰਤਣੀ ਪਊ,
ਬਹੁਤ ਕਰਦੀ ਰਹੀ ਐ ਹੇਰ ਫੇਰ ਦਿੱਲੀ।
ਅੱਜ ਦੱਸ ਹੈ ਦਿੱਤਾ ਸੱਚੀਂ ਪੰਜਾਬੀਆਂ ਨੇ,
ਉਹ ਨੇ ਸਵਾ ਸੇਰ ਜੇ ਕਿਤੇ ਹੈ ਸੇਰ ਦਿੱਲੀ।
ਜੇ ਅਸੀਂ ਜ਼ਾਬਤਾ ਤੇ ਏਕਤਾ ਕਾਇਮ ਰੱਖੀ,
ਡਿੱਗੂਗੀ ਪੈਰੀਂ ਖਾ ਕੇ ਘੁਮੇਰ ਦਿੱਲੀ।
ਸੰਪਰਕ: 89686-82300
* * *
ਜਾਗੋ ਆਈ ਆ
ਡਾ. ਤਰਲੋਚਨ ਕੌਰ
ਜਾਗ ਜੱਟਾ ਜਾਗ ਬਈ ਹੁਣ ਜਾਗੋ ਆਈ ਆ।
ਬੋਹਲਾਂ ਨੂੰ ਸੰਭਾਲ ਬਈ ਹੁਣ ਜਾਗੋ ਆਈ ਆ।
ਚਾਰੇ ਪਾਸੇ ਘੁੱਪ ਹਨੇਰਾ ਜੋਸ਼ ਤੇ ਹੋਸ਼ ਸੰਭਾਲ
ਬਈ ਹੁਣ ਜਾਗੋ ਆਈ ਆ।
ਕਣਕਾਂ ਝੋਨੇ ਭਰ-ਭਰ ਵੰਡੇ
ਹਰੇ ਇਨਕਲਾਬ ਦੇ ਗੱਡੇ ਝੰਡੇ।
ਤੇਰਾ ਕੋਠਾ ਖ਼ਾਲਮ ਖ਼ਾਲੀ
ਭੁੱਖੇ ਫਿਰਦੇ ਬਾਲ ਬਈ ਹੁਣ…
ਚਿੱਟਾ ਸੋਨਾ ਦਰ-ਦਰ ਰੁਲਦਾ
ਮੰਡੀਆਂ ਵਿੱਚ ਕੌਡੀ ਭਾਅ ਤੁਲਦਾ।
ਤੇਰੇ ਤਨ ’ਤੇ ਕੱਪੜਾ ਕੋਈ ਨਾ
ਹੋਇਆ ਹਾਲੋਂ-ਬੇਹਾਲ ਬਈ ਹੁਣ…
ਪਸ਼ੂਆਂ ਦੇ ਨਾਲ ਪਸ਼ੂ ਹੋ ਗਿਆ
ਦੁੱਧ ਮੱਖਣਾਂ ਦਾ ਸੁਪਨਾ ਖੋ ਗਿਆ।
ਗੋਹਾ ਕੂੜਾ ਪੱਲੇ ਪੈ ਗਿਆ
ਤਰਸਣ ਬਾਲ-ਗੋਪਾਲ ਬਈ ਹੁਣ…
ਭੰਗ ਦੇ ਭਾੜੇ ਲਾਸ਼ਾਂ ਰੁਲੀਆਂ
ਸਰਕਾਰਾਂ ਨੂੰ ਕਸਮਾਂ ਭੁੱਲੀਆਂ।
ਭਰੇ ਭੜੋਲੇ ਖ਼ਾਲੀ ਹੋ ਗਏ
ਕਰਜ਼ੇ ਬਣ ਗਏ ਜਾਲ ਬਈ ਹੁਣ…
* * *
ਪੁੱਤ ਖੇਤਾਂ ਦੇ ਖੇਤਾਂ ਲਈ…
ਕਿਰਪਾਲ ਸਿੰਘ ਦਾਤਾਰੀਏਵਾਲਾ
ਜ਼ਰਾਇਤ ਨਾਲ ਜ਼ਰਦਾਰਾਂ ਨੇ ਜੰਗ ਛੇੜੀ,
ਚੱਕ ਲਈ ਜ਼ਰਦਾਰਾਂ ਨੇ ਅਤਿ ਭਾਈ।
ਸਾਰੀ ਦੁਨੀਆ ਦੇ ਹੋਏ ਜ਼ਰਦਾਰ ’ਕੱਠੇ,
ਖੇਤ ਖੋਹਣ ਦੇ ਪੈ ਗਏ ਖ਼ਤ ਭਾਈ।
ਕਹਿੰਦੇ ਖੇਤਾਂ ਦੇ ਮਾਲਕ ਅਸੀਂ ਬਣਨਾ,
ਇਹਨੂੰ ਕਰਕੇ ਛੱਡਾਂਗੇ ਸੱਚ ਭਾਈ।
ਰਾਜਾ ਉਨ੍ਹਾਂ ਦੇ ਆਖੇ ਕਾਨੂੰਨ ਘੜਦਾ,
ਉਨ੍ਹਾਂ ਸਾਹਮਣੇ ਮੋਮ ਦਾ ਨੱਕ ਭਾਈ।
ਜੋ ਕੁਝ ਕਹਾਂਗੇ ਓਹੋ ਕਿਸਾਨ ਬੀਜੂ,
ਮਰਜ਼ੀ ਸਾਡੀ ਹੁਣ ਖੇਤਾਂ ’ਤੇ ਚੱਲਣੀ ਹੈ।
ਕਿਸਾਨ ਹੋਣਗੇ ਵਾਂਗ ਘਸਿਆਰਿਆਂ ਦੇ,
ਉਂਗਲ ਸਾਡੀ ਜਾਂ ਦਿੱਲੀਓਂ ਹੱਲਣੀ ਹੈ।
… … …
ਜ਼ਰਦਾਰ ਹੁੰਦਾ ਅਸਲੋਂ ਅੰਨ੍ਹਾ ਬੋਲਾ,
ਕਿਹਾ ਬਾਬੇ ਪੰਜਾਬ ਦੇ ਸੱਚ ਭਾਈ।
ਬਾਬਾ ਸੱਚ ਦਾ ਸੂਰਜ ਓਹਦੇ ਸੁਖ਼ਨ ਸੱਚੇ,
ਸੱਚੀ ਬਾਣੀ ਵਿਚ ਕਾਣ ਨਾ ਕੱਚ ਭਾਈ।
ਰਾਜਾ ਕਹੇ ਕਾਨੂੰਨ ਇਹ ਬੜੇ ਚੰਗੇ,
ਸਮਝੋਂ ਤੁਸੀਂ ਨਾ ਪੁੱਠੀ ਕਿਉਂ ਮੱਤ ਭਾਈ।
ਏਦੂੰ ਵੱਧ ਕੀ ਥੋਡਾ ਮੈਂ ਭਲਾ ਸੋਚਾਂ,
ਸੋਨਾ ਦਿਓ ਤੇ ਲੈ ਜਾਓ ਕੱਚ ਭਾਈ।
ਜ਼ਰਦਾਰ ਤੇ ਰਾਜਾ ਜਾਂ ਹੋਣ ’ਕੱਠੇ,
ਓਦੋਂ ਲੋਕਾਂ ਦੀ ਬੰਦ ਜ਼ੁਬਾਨ ਕਰਦੇ।
ਕਿਤੇ ਸੁਣੇ ਨਾ ਦਾਦ ਫਰਿਆਦ ਕੋਈ,
ਜਬਰ ਜ਼ੋਰ ਨਿਸ਼ੰਗ ਹੈਵਾਨ ਕਰਦੇ।
… … …
ਗੂੜ੍ਹੀ ਨੀਂਦ ’ਚੋਂ ਜਾਗੇ ਕਿਸਾਨ ਕਿਰਤੀ,
ਦਿੱਲੀ ਵੱਲ ਵਹੀਰਾਂ ਗਏ ਘੱਤ ਭਾਈ।
ਉਹ ਕਿਸੇ ਨੂੰ ਲੁੱਟਣਾ ਲੋੜਦੇ ਨਹੀਂ,
ਪਰ ਲੈਣਗੇ ਆਪਣੇ ਹੱਕ ਭਾਈ।
ਤੁਰ ਪਏ ਹਮਲਾ ਮਕਾਰੀ ਦਾ ਰੋਕਣੇ ਨੂੰ,
ਡੋਲ੍ਹਣ ਹੱਕ ਲਈ ਆਪਣੀ ਰੱਤ ਭਾਈ।
ਏਕਾ, ਜੋਸ਼, ਵਿਚਾਰ ਹੁਣ ਹੋਏ ’ਕੱਠੇ,
ਜ਼ੋਰ ਜਬਰ ਤੋਂ ਹੋਣੇ ਨਹੀਂ ਡੱਕ ਭਾਈ।
ਸੋਨਾ ਵਿਚ ਕੁਠਾਲੀ ਦੇ ਬਣੇ ਕੁੰਦਨ,
ਤੁਪਕਾ ਤੇਲ ਦਾ ਉੱਡ ਜਾਏ ਸ਼ੂੰ ਕਰਕੇ।
ਪੁੱਤ ਖੇਤਾਂ ਦੇ ਮੋਰਚੇ ਮੱਲ ਬੈਠੇ,
ਉੱਡ ਜਾਣਾ ਹੈ ਭੂੰਡਾਂ ਨੇ ਭੂੰ ਕਰਕੇ।
… … …
ਸਮੇਂ ਦੀ ਸਰਕਾਰ ਨੂੰ ਦੱਸਦੇ ਹਾਂ,
ਅਸੀਂ ਨਹੀਂ ਮਕਾਰੀਆਂ ਕਰਨ ਵਾਲੇ।
ਸਾਡਾ ਡੁੱਲ੍ਹਿਆ ਖ਼ੂਨ ਪਰ ਭਰੇ ਸ਼ਾਹਦੀ,
ਅਸੀਂ ਜ਼ੁਲਮ ਵੀ ਨਹੀਂ ਹਾਂ ਜਰਨ ਵਾਲੇ।
ਲਾਇਆ ਜ਼ੋਰ ਸਿਕੰਦਰ ਯੂਨਾਨ ਦੇ ਨੇ,
ਅਸੀਂ ਬਣੇ ਨਾ ਮਾਮਲਾ ਭਰਨ ਵਾਲੇ।
ਮੁਹੰਮਦ ਗੌਰੀ ਦਾ ਗੱਖੜ ਨੇ ਅੰਤ ਕਰਕੇ,
ਦੱਸਿਆ ਜੱਟ ਹਾਂ ਅਸੀਂ ਕੁਝ ਕਰਨ ਵਾਲੇ।
ਜਾਟਾਂ ਅਤੇ ਕਿਸਾਨ ਸਤਨਾਮੀਆਂ ਨੇ,
ਮੁਗ਼ਲਸ਼ਾਹੀ ਦਾ ਦਮ ਸੀ ਘੁੱਟ ਦਿੱਤਾ।
ਓਧਰੋਂ ਸਿੰਘ ਪੰਜਾਬ ਦੇ ਆਣ ਲੱਥੇ,
ਬੂਟਾ ਜ਼ਹਿਰ ਦਾ ਮੁੱਢੋਂ ਹੀ ਪੁੱਟ ਦਿੱਤਾ।
… … …
ਸੁਣ ਲੈ ਸਾਡੇ ਵੀ ਮਨ ਦੀ ਬਾਤ ਰਾਜਾ,
ਕਿੰਨਾ ਪਰਖਲਾ ਸਾਡਿਆਂ ਜੇਰਿਆਂ ਨੂੰ।
ਚੜ੍ਹਦੇ ਸੂਰਜ ਦੀ ਲਾਲੀ ਨੇ ਭਾਂਜ ਪਾਉਣੀ,
ਕਾਲੀ ਰਾਤ ਦੇ ਕਾਲੇ ਹਨੇਰਿਆਂ ਨੂੰ।
ਤੈਨੂੰ ਹੂੰਝਣੇ ਪੈਣਗੇ ਆਪ ਰਾਜਾ,
ਹੱਥੀਂ ਬੀਜਿਆ ਕੰਡਿਆਂ ਜਿਹੜਿਆਂ ਨੂੰ।
ਸਾਡੇ ਸਬਰ ਜਿੰਨੇ ਲੰਮੇ ਨਹੀਂ ਹੋਣੇ,
ਜਿੰਨਾ ਮਰਜ਼ੀ ਵਧਾ ਲੈ ਝੇੜਿਆਂ ਨੂੰ।
ਵਗਦੇ ਜ਼ਖ਼ਮ ਹੀ ਹੌਸਲਾ ਨੇ ਸਾਡਾ,
ਤੈਨੂੰ ਮਕਰ ਦੀ ਮਲ੍ਹਮ ਨਹੀਂ ਲਾਉਣ ਦੇਣੀ।
ਪੁੱਤ ਖੇਤਾਂ ਦੇ ਖੇਤਾਂ ਲਈ ਜਾਗ ਉੱਠੇ,
ਤੈਨੂੰ ਦਿੱਲੀਏ ਨੀਂਦ ਨਹੀਂ ਆਉਣ ਦੇਣੀ।
… … …
ਸਾਰੇ ਭਾਰਤ ਦੇ ਕਿਰਤੀ ਕਿਸਾਨ ਦੂਲੇ,
ਜਥੇ ਬਣ ਕੇ ਦਿੱਲੀ ਵਿੱਚ ਆਣ ਢੁੱਕੇ।
ਬੜੀਆਂ ਰੋਕਾਂ ਤੋਂ ਕੋਈ ਨਹੀਂ ਰੋਕ ਹੋਇਆ,
ਨਾਅਰੇ ਗੂੰਜਦੇ ਸੂਰਮੇ ਆਣ ਢੁੱਕੇ।
ਮੰਦਾ ਬੋਲ ਨਾ ਕਿਸੇ ਨੂੰ ਬੋਲਦੇ ਨੇ,
ਬੁੱਢੇ ਬਾਬੇ ਤੇ ਨਾਲ ਜੁਆਨ ਢੁੱਕੇ।
ਏਕਾ ਇਨ੍ਹਾਂ ਦਾ ਲੋਹੇ ਦੀ ਲੱਠ ਰਾਜਾ,
ਭਾਰਤ ਮਾਂ ਦੇ ਪੁੱਤ ਮੈਦਾਨ ਢੁੱਕੇ।
ਲੂੰਬੜ ਪੇਚੀਆਂ ਤੇਰੀਆਂ ਜਾਣਦੇ ਨੇ,
ਕਿਸੇ ਨਾਂ ’ਤੇ ਵੰਡ ਨਹੀਂ ਪਾਉਣ ਦੇਣੀ।
ਪੁੱਤ ਖੇਤਾਂ ਦੇ ਖੇਤਾਂ ਲਈ ਜਾਗ ਉੱਠੇ,
ਤੈਨੂੰ ਦਿੱਲੀਏ ਨੀਂਦ ਨਹੀਂ ਆਉਣ ਦੇਣੀ।
ਸੰਪਰਕ: 94631-80206
ਬਲ਼ਦ
ਡਾ. ਨਿਰਮਲ ਸਿੰਘ ਬਰਾੜ
ਸਾਡੇ ਘਰ ਦੋ ਬਲ਼ਦ ਹੁੰਦੇ ਸਨ,
ਜਿਨ੍ਹਾਂ ਲਈ ਸਾਡੇ ਫਰਜ਼ ਹੁੰਦੇ ਸਨ।
ਇਕ ਸੀ ‘ਗੋਰਾ’ ਇਕ ਸੀ ‘ਨਾਰਾ’
ਜੀਵਨ ਸੀ ਉਦੋਂ ਬੜਾ ਪਿਆਰਾ।
ਤੱਤਾ-ਠੱਠਾ ਕਹਿ ਕੇ ਹੱਕਦੇ,
ਗੱਡੇ ਚੜ੍ਹਿਆਂ ਕਦੇ ਨਾ ਥੱਕਦੇ।
ਸੀਰੀ ਜਦ ਪੋਰ ’ਚ ਦਾਣੇ ਪਾਉਂਦਾ,
ਗਊ ਜਾਇਆਂ ਦੇ ਮੱਥੇ ਲਾਉਂਦਾ।
ਮਾਂ ਧਰਤੀਏ ਜਾਗੀਂ ਕਹਿੰਦਾ,
ਚਿੜੀ ਜਨੌਰ ਦੇ ਭਾਗੀਂ ਕਹਿੰਦਾ।
ਖੇਤੋਂ ਜਦ ਛੱਡ ਦਿੰਦੇ ਸੀ,
ਆਪੇ ਘਰ ਨੂੰ ਭੱਜ ਜਾਂਦੇ ਸੀ।
ਹੌਲੀ-ਹੌਲੀ ਉਹ ਬੁੱਢੇ ਹੋ ਗਏ,
ਫਿਰ ਸੀ ਘਰ ਦੀ ਰੌਣਕ ਰਹਿ ਗਏ।
ਜਿਸ ਦਿਨ ‘ਗੋਰਾ’ ਬਲ਼ਦ ਸੀ ਮਰਿਆ,
ਘਰ ਸਾਡੇ ਅਸੀਂ ਕੁਝ ਨਾ ਧਰਿਆ।
ਸਾਕ ਸਬੰਧੀ ਸਭ ਇਕੱਠੇ ਹੋਏ ਸਨ,
ਲੋਕ ਵੀਹੀ ਦੇ ਬਹੁਤ ਰੋਏ ਸਨ।
ਆਖ਼ਰੀ ਉਹਦੀਆਂ ਰਸਮਾਂ ਕਰੀਆਂ,
‘ਨਾਰੇ’ ਬਲ਼ਦ ਵੀ ਅੱਖਾਂ ਭਰੀਆਂ।
ਇਕ ਦਿਨ ‘ਨਾਰਾ’ ਬਲ਼ਦ ਵੀ ਮੋਇਆ,
ਸੀਰੀ ਵੀ ਉਹਦੇ ਗਲ਼ ਲੱਗ ਰੋਇਆ।
‘ਗੋਰੇ’ ਤੋ ਬਾਅਦ ‘ਨਾਰਾ’ ਤੁਰ ਗਿਆ,
ਇਉਂ ਲੱਗਿਆ ਮੇਰਾ ਵਿਰਸਾ ਖੁਰ ਗਿਆ।
ਸੰਪਰਕ: 98728-54751
* * *
ਮਸਲਾ
ਬਲਜੀਤ ਪਰਮਾਰ
ਮਸਲਾ ਏਨਾ ਵੀ ਸਰਲ ਨਹੀਂ
ਜੋ ਕਵਿਤਾ ਰਾਹੀਂ ਸੁਲਝਾਇਆ ਜਾ ਸਕੇ
ਮਸਲਾ ਏਨਾ ਵੀ ਸੰਗੀਤ ਨਹੀਂ
ਜੋ ਹੇਕ ਲਾ ਗਾਇਆ ਜਾ ਸਕੇ
ਮਸਲਾ ਇਕ ਕਿਸਾਨ ਦਾ ਨਹੀਂ
ਜੋ ਜੋਤ ਕੇ ਹਲ਼ ਵਾਹਿਆ ਜਾ ਸਕੇ
ਮਸਲੇ ਦਾ ਕੇਂਦਰੀ ਪਾਤਰ
’ਕੱਲਾ ਵੀ ਨਹੀਂ
ਜੋ ’ਕੱਲਾ ਪਵੇ
ਓਹ ਭੀੜਾਂ ਦੀ ਭੀੜ ਓਹ ’ਕੱਲਾ ਵੀ ਭਿੜੇ ਪਤਝੜ ਵਿਚ ਮੌਲੇ
ਵਿਚ ਉਜਾੜਾਂ ਖਿੜੇ
ਮਸਲਾ ਤਾਂ ਸਾਡੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦਾ ਹੈ
ਸਾਡੇ ਇਤਿਹਾਸ ਤੇ ਸਾਡੀ ਵਿਰਾਸਤ ਦਾ ਹੈ
ਜੇ ਅੱਜ ਸਭ ਕੁਝ ਲੁੱਟ ਲੈ ਗਏ ਲੁਟੇਰੇ
ਤਾਂ ਆਪਣੇ ਪੂਰਵਜਾਂ ਤੋਂ ਮਿਲੀ ਭੋਂਇ ਦੀ ਦੌਲਤ
ਅਗਲੀ ਪੀੜ੍ਹੀ ਦੇ ਹੱਥ ਕਿਵੇਂ ਧਰਾਂਗੇ
ਕਿਵੇਂ ਦੱਸਾਂਗੇ ਕਿ ਕਿਵੇਂ ਉਲਝੇ ਕਿਵੇਂ ਹਰੇ
ਸਿਰ ਚੜ੍ਹਿਆ ਕਰਜ਼ਾ ਤਾਂ ਕਦੇ ਕਿਵੇਂ ਲਹਿ ਜਾਂਦਾ ਹੈ
ਪਰ ਆਤਮਾ ਤੇ ਚੜ੍ਹਿਆ ਬੋਝ ਕਦੇ ਹਲਕਾ ਨਹੀਂ ਹੁੰਦਾ
ਤੇ ਬੋਝ ਝੱਲ ਕੇ ਜੀਣਾ ਵੀ ਤਾਂ ਜੀਣਾ ਨਹੀਂ ਹੁੰਦਾ
ਮਸਲਾ ਏਨਾ ਵੀ ਨਹੀਂ ਕਿ ਜੇ ਅੱਜ ਜ਼ਮੀਨ ਗਈ
ਤਾਂ ਕੱਲ੍ਹ ਘਰ ਜਾਵੇਗਾ
ਫਿਰ ਪਿੰਡ ਕਸਬਾ ਤੇ ਸ਼ਹਿਰ ਵੀ ਜਾਵੇਗਾ
ਮਸਲਾ ਤਾਂ ਇਹ ਹੈ ਕਿ ਇਹਦੇ ਨਾਲ ਨਾਲ ਸਾਡਾ ਕੌਮੀ ਵਜੂਦ ਵੀ ਜਾਵੇਗਾ
ਇਕ ਵੱਖਰੀ ਅਣਖੀ ਨਸਲ ਦਾ ਬੀਜ ਵੀ ਜਾਵੇਗਾ
ਮਸਲਾ ਇਹ ਹੈ ਕਿ ਕੱਲ੍ਹ ਹੋਣ ਵਾਲ਼ੀ ਬੇਅਣਖੀ ਮੌਤ ਤੋਂ ਪਹਿਲਾਂ
ਅੱਜ ਲੜੀਏ, ਜੂਝੀਏ
ਲੋੜ ਪਏ ਤਾਂ ਅੱਜ ਮਾਰੀਏ ਜਾਂ ਮਰੀਏ
ਇਕ ਇਤਿਹਾਸ ਹੈ
ਜਿਹੜਾ ਦਿੱਲੀ ਦਰਵਾਜ਼ੇ ’ਤੇ ਉੱਕਰਿਆ ਜਾ ਰਿਹੈ
ਇਖ਼ਲਾਕੀ ਜੰਗ ਦਾ ਪਰਚਮ ਲਹਿਰਾਇਆ ਜਾ ਰਿਹੈ
ਮਸਲਾ ਇਹ ਨਹੀਂ ਕਿ ਕੀ ਕਰੀਏ
ਮਸਲਾ ਇਹ ਹੈ ਕਿ ਕੁਝ ਕਰੀਏ
ਧਰਤ ਵਿਰੋਧੀ ਤਾਕਤਾਂ ਦਾ ਟਾਕਰਾ ਕਰੀਏ
ਚੁਣੌਤੀ ਦਈਏ
ਵੰਗਾਰੀਏ ਲਲਕਾਰੀਏ
ਮੈਦਾਨ ਏ ਜੰਗ ਵਿੱਚ ਲੜੀਏ
ਤੇ ਜਿੱਤ ਕੇ ਘਰਾਂ ਨੂੰ ਪਰਤੀਏ
ਅਪਣਾ ਭੂਤ ਅੱਜ ਤੇ ਕੱਲ੍ਹ ਸੁਰੱਖਿਅਤ ਕਰੀਏ
ਅਸਲ ਮਸਲਾ ਤਾਂ ਇਹੀ ਹੈ।
* * *
ਇਹ ਰਾਗ ਰੰਗ
ਗੁਰਦਿੱਤ ਸਿੰਘ ਸੇਖੋਂ
ਇਹ ਰਾਗ ਰੰਗ ਬੈਰਾਗ ਹੈ ਬਗ਼ਾਵਤ ਦਾ ਅੰਦਾਜ਼ ਵੀ।
ਸਦੀਆਂ ਦੀ ਚੁੱਪ ਹੇਠਾਂ ਲੁਕਿਆ ਹੋਇਆ ਰਾਜ਼ ਵੀ।
ਇਹਦੇ ਪੈਰਾਂ ਵਿੱਚ ਨੇ ਸਲਤਨਤਾਂ ਦੇ ਸੈਆਂ ਨਕਸ਼ੇ,
ਇਹ ਬੇਵਤਨਿਆਂ ਦੇ ਸਿਰਾਂ ਦੇ ਖ਼ਾਬਾਂ ਦਾ ਤਾਜ ਵੀ।
ਇਸਦੀਆਂ ਖ਼ਾਮੋਸ਼ੀਆਂ ’ਚ ਨੇ ਬੜੇ ਹੀ ਅਰਥ ਲੁਕੇ ਹੋਏ,
ਇਹ ਬਗ਼ਾਵਤ ਦਾ ਵਕਤਾ ਇਹ ਖ਼ਾਮੋਸ਼ਾਂ ਦੀ ਆਵਾਜ਼ ਵੀ।
ਇਹ ਨਵੀਆਂ ਪੈੜਾਂ ਦਾ ਸਿਰਜਕ ਹੈ ਤਵਾਰੀਖ ਦਾ ਪਾਂਧੀ,
ਇਹ ਆਜ਼ਾਦ ਖ਼ਿਆਲੀ ਜ਼ਿਹਨ ਵਿਚ ਲੋਚਦਾ ਸਵਰਾਜ ਵੀ।
ਇਹ ਨਾਗ ਸਪੇਰਿਆਂ ਦੇ ਵਸ ਦਾ ਨਹੀਂ ਨਾ ਬੀਨਾ ਤੋਂ ਕਾਬੂ,
ਇਹ ਗ਼ੁਲਾਮੀ ਦਾ ਗੋਸ਼ਤ ਨੋਚਦਾ ਜ਼ੁਲਮ ਦਾ ਸ਼ਿਕਾਰੀ ਬਾਜ਼ ਵੀ।
ਇਹ ਮਜ਼ਲੂਮਾਂ ਦੀਆਂ ਖ਼ਾਮੋਸ਼ੀਆਂ ਵਿਚ ਆਵਾਜ਼ ਭਰਦਾ,
ਇਹ ਉਭਰਦੀਆਂ ਬਗ਼ਾਵਤਾਂ ਦਾ ਆਗੂ ਆਗਾਜ਼ ਵੀ।
ਇਹ ਬਾਗ਼ੀ ਨਗਮਿਆਂ ਅੰਦਰ ਲੁਕਿਆ ਸੰਗੀਤ ਵੀ ਹੈ,
ਸੇਖੋਂ ਇਹ ਤਵਾਰੀਖ ਦੇ ਤਰਾਨਿਆਂ ਦਾ ਸੁਰੀਲਾ ਸਾਜ਼ ਵੀ।
ਇਹ ਪਿੰਜਰਿਆਂ ਦੀ ਫਿਜ਼ਾ ਤੋਂ ਅੱਕਿਆ ਹੋਇਆ ਪਰਿੰਦਾ,
ਹੁਣ ਏਕੇ ਨਾਲ ਭਰ ਰਿਹਾ ਆਜ਼ਾਦੀ ਵੱਲ ਦੀ ਪਰਵਾਜ਼ ਵੀ।
ਰੰਗੀ ਵੀ ਹੈ ਬਦਰੰਗੀ ਵੀ ਹੈ ਸਫੈਦ ਹੈ ਬੇਦਾਗ ਵੀ ਹੈ,
ਚਰਿੱਤਰ ਦਾ ਸਿਖਰ ਦੇਖੋ ਹਰ ਇਕ ਦੀ ਰਖਦਾ ਲਾਜ ਵੀ।
ਇਹ ਵੈਦ ਵੀ ਡੂੰਘੀਆਂ ਮਰਜ਼ਾਂ ਦਾ ਮਰੀਜ਼ਾਂ ਦੀ ਦਵਾ ਬਣੇ,
ਇਹ ਸਿਆਸਤ ਦੇ ਭੈੜੇ ਰੋਗ ਦਾ ਅਸਲ ’ਚ ਇਲਾਜ ਵੀ।
ਸੰਪਰਕ: 97811-72781
* * *
ਕਿਰਤੀਆ ਕਿਰਤ ਕਰੇਂਦਿਆ
ਸੁਖਦੇਵ ਸਿੰਘ ਸ਼ਾਂਤ
ਕਿਰਤੀਆ ਕਿਰਤ ਕਰੇਂਦਿਆ ਕਿਰਤ ਕਰੇ ਕਰਤਾਰ।
ਤਾਹੀਉਂ ਕਰਤਾ-ਪੁਰਖ ਹੈ ਪਹਿਲਾ ਸਿਰਜਣਹਾਰ।
ਕਿਰਤੀਆ ਕਿਰਤ ਕਰੇਂਦਿਆ ਕਿਰਤ ਕਰੇ ਕਰਾਮਾਤ।
ਦੁਨੀਆਂ ਦੀ ਕੁੱਲ ਸੁੰਦਰਤਾ ਤੇਰੇ ਅੱਟਣਾਂ ਦੀ ਸੌਗਾਤ।
ਕਿਰਤੀਆ ਕਿਰਤ ਕਰੇਂਦਿਆ ਕਿਰਤ ਕਰੇ ਕਲਿਆਣ।
ਮਲਕ ਭਾਗੋ ਜਿਸ ਨੂੰ ਤਰਸਦੇ ਭਾਈ ਲਾਲੋ ਲੈਂਦੇ ਮਾਣ।
ਕਿਰਤੀਆ ਕਿਰਤ ਕਰੇਂਦਿਆ ਕਿਰਤ ਕਰੇ ਕਿਰਦਾਰ।
ਦਸਾਂ ਨਹੁੰਆਂ ਦੀ ਕਿਰਤ ਨਾਲ ਬਣਦਾ ਸ਼ੁੱਧ-ਵਿਹਾਰ।
ਕਿਰਤੀਆ ਕਿਰਤ ਕਰੇਂਦਿਆ ਕਿਰਤ ਕੋਈ ਕਲਾਕਾਰ।
ਕਹੀ ਕਲਮ ਕੰਪਿਊਟਰ ਬੁਰਸ਼ ਕਰ ਰਹੇ ਨੇ ਚਮਤਕਾਰ।
ਕਿਰਤੀਆ ਕਿਰਤ ਕਰੇਂਦਿਆ ਕਿਰਤ ਕਰੇਂਦੀ ਕਾਰ।
ਕਿਰਤੀ ਜੱਗ ’ਤੇ ਸ਼ੋਭਦਾ ਵਿਹਲੜ ਤਾਂ ਬੱਸ ਭਾਰ।
ਕਿਰਤੀਆਂ ਕਿਰਤ ਕਰੇਂਦਿਆ ਕੋਈ ਕੋਈ ਕਦਰਦਾਨ।
ਰੱਬ ਨਹੀਂ ਉਸ ਨੂੰ ਬਖ਼ਸ਼ਦਾ ਜੋ ਕਰੇ ਤੇਰਾ ਅਪਮਾਨ।
ਸੰਪਰਕ: +1-317-406-0002
* * *
ਗ਼ਜ਼ਲ
ਸੁਰਜੀਤ ਦੇਵਲ
ਡੁੱਬਣ ਦੇ ਦਿਨ ਆਏ ਯਾਰੋ ਹੁਣ ਤਾਂ ਘੁੱਪ ਹਨੇਰੇ ਦੇ।
ਉੱਗਣ ਦੇ ਦਿਨ ਆਏ ਵੇਖੋ ਹੁਣ ਤਾਂ ਸੋਨ ਸਵੇਰੇ ਦੇ।
ਚਿੱਟੇ, ਨੀਲੇ, ਭਗਵੇਂ ਵੇਖੇ ਲੋਕਾਂ ਸਭ ਲੁਟੇਰੇ ਨੇ,
ਉੱਠਣ ਹੁਣ ਤਾਂ ਕ੍ਰਾਂਤੀਕਾਰੀ ਪਾਕ ਪਵਿੱਤਰ ਜੇਰੇ ਦੇ।
ਜਿੱਤਣ ਮਗਰੋਂ ਜੇ ਇਕਰਾਰ ਪੁਗਾ ਦੇਣ ਕਦੇ ਲੀਡਰ ਤਾਂ,
ਹੋਣ ਮੁਥਾਜ ਭਲਾ ਕਿਉਂ ਫੇਰ ਕਿਸੇ ਵੀ ਜਾ ਕੇ ਡੇਰੇ ਦੇ।
ਮੰਗਣ ਹੱਕ ਮੁਲਾਜ਼ਮ ਪਿੱਟਣ ਨਿਕਲ ਸੜਕ ਤੇ ਹਾਕਮ ਨੂੰ,
ਢੀਠ ਬੜਾ ਹੈ ਦੁੱਖ ਸੁਣੇ ਨਾ ਸੱਦ ਲਵਾਏ ਫੇਰੇ ਦੇ।
ਦਰਦ ਲੁਕਾ ਕੇ ਹੋਰ ਕਿੰਨਾ ਤੂੰ ਇੰਜ ਗੁਜ਼ਾਰਾ ਕਰਨਾ ਹੈ,
ਸੁਣ ਲੈ ਦੋਸਤ ਟੁੱਟਣ ਦੁੱਖ ਨਾ ਲੁਕ ਲੁਕ ਹੰਝੂ ਕੇਰੇ ਦੇ।
ਨਾਗ ਮਣੀ ਵਾਲੇ ਨਾ ਕੀਲੇ ਜਾਣ ਵਤਨ ਦੇ ਜ਼ਹਿਰੀਲੇ,
ਹੱਥ ਮਣੀ ਲੈ ਫੜਨੋਂ ਬਦਲ ਇਰਾਦੇ ਜਾਣ ਸਪੇਰੇ ਦੇ।
‘ਦੇਵਲ’ ਚੜ੍ਹਕੇ ਸੂਰਜ ਹੁਣ ਤਾਂ ਰਹਿਣਾ ਹੈ ਨਵਯੁੱਗ,
ਜਾਗੇ ਲੋਕ ਵਤਨ ਦੇ ਜਿਹੜੇ ਸੁੱਤੇ ਚਾਰ ਚੁਫ਼ੇਰੇ ਦੇ।
ਸੰਪਰਕ: 92563-67202
* * *
ਜਾਗ ਪਏ ਧਰਤੀ ਦੇ ਜਾਏ
ਰਾਜਨਦੀਪ ਕੌਰ ਮਾਨ
ਜਾਗ ਪਏ ਧਰਤੀ ਦੇ ਜਾਏ,
ਜਾਗੇ ਹਾਲੀ ਪਾਲੀ ਸਾਰੇ।
ਜਾਗ ਪਏ ਸਾਡੇ ਕੁੱਪ ਗਹੀਰੇ,
ਲੈ ਲੈਣੇ ਨੇ ਹੱਕ ਹੁਣ ਸਾਰੇ।
ਸਾਡੇ ਖੇਤਾਂ ਦੀ ਬਰਕਤ ’ਤੇ,
ਨਜ਼ਰ ਜਿਨ੍ਹਾਂ ਦੀ ਮਾੜੀ ਹੋਈ।
ਹੁਣ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਾ,
ਵੋਟਾਂ ਵਿੱਚ ਨਾ ਮਿਲਣੀ ਢੋਈ।
ਹੁਣ ਧਰਤੀ ਦੇ ਪੁੱਤਰਾਂ ਦੱਸਣਾ,
ਸਾਡੀਆਂ ਫ਼ਸਲਾਂ ਦਾ ਮੁੱਲ ਕੀ ਹੈ।
ਲੁੱਟਣ ਵਾਲਿਆਂ ਰੀਤ ਜੋ ਤੋਰੀ,
ਸਾਥੋਂ ਨਾ ਹੁਣ ਹੋਣੀ ਭੁੱਲ ਹੈ।
ਕੰਨ ਖੋਲ੍ਹ ਕੇ ਸੁਣੋ ਲੀਡਰੋ,
ਹੁਣ ਨਾ ਥੋਡੀ ਚੱਲਣੀ ਚਾਲ।
ਜਾਗ ਪਏ ਧਰਤੀ ਦੇ ਜਾਏ,
ਤੋੜ ਦੇਣਗੇ ਮੱਕੜ ਜਾਲ।
ਸੰਪਰਕ: 62393-26166
* * *
ਅਸੀਂ ਦਿੱਲੀ ਪਿੰਡ ਬਣਾਲਾਂਗੇ
ਡਾ. ਸਾਧੂ ਰਾਮ ਲੰਗੇਆਣਾ
ਧਰਤੀ ਮਾਂ ਜੇ ਸਾਡੀ ਖੋਹਣੀ ਐ
ਸਾਥੋਂ ਰਤਾ ਵੀ ਜਰ ਨਾ ਹੋਣੀ ਐ
ਸਾਡੇ ਰਗ ਰਗ ਵਿੱਚ ਖ਼ੂਨ ਖੌਲਦਾ ਏ
ਥੋਡੇ ਸਿਰ ਚੜ੍ਹ ਸ਼ਹੀਦੀਆਂ ਪਾ ਲਾਂਗੇ
ਹੱਕ ਲਏ ਬਿਨ ਵਾਪਸ ਨਹੀਂ ਜਾਣਾ
ਅਸੀਂ ਦਿੱਲੀ ਪਿੰਡ ਬਣਾਲਾਂਗੇ
ਅਸੀਂ ਦਰ ਥੋਡੇ ’ਤੇ ਆਏ ਹਾਂ
ਸਾਡੇ ਬਚੜੇ ਪਿੱਛੇ ਰੁਲਦੇ ਨੇ
ਅਸੀਂ ਮਾਂ ਗੁਜਰੀ ਦੇ ਬਾਲਕ ਹਾਂ
ਜੀਹਨੂੰ ਅੱਜ ਵੀ ਸਿਜਦੇ ਹੁੰਦੇ ਨੇ
ਨਹੀਂ ਜ਼ਿੰਦਗੀ ਦੀ ਪਰਵਾਹ ਸਾਨੂੰ
ਅਸੀਂ ਬੰਦ-ਬੰਦ ਕਟਵਾਲਾਂਗੇ
ਹੱਕ ਲਏ ਬਿਨ ਵਾਪਸ ਨਹੀਂ ਜਾਣਾ
ਅਸੀਂ ਦਿੱਲੀ ਪਿੰਡ ਬਣਾਲਾਂਗੇ
ਸਾਡੀ ਨੀਂਦਰ ਅੱਖੀਓਂ ਦੂਰ ਹੋਈ
ਬਿੱਲ ਹੁਕਮ ਲਾਗੂ ਜਦ ਹੋਇਆ ਏ
ਇਹ ਵਿਰਾਸਤ ਸਾਡੇ ਪੁਰਖਿਆਂ ਦੀ
ਕਿਵੇਂ ਅੱਖਾਂ ਮੂਹਰੇ ਖੋਹਾਲਾਂਗੇ
ਹੱਕ ਲਏ ਬਿਨ ਵਾਪਸ ਨਹੀਂ ਜਾਣਾ
ਅਸੀਂ ਦਿੱਲੀ ਪਿੰਡ ਬਣਾਲਾਂਗੇ
ਠੰਢ-ਗਰਮੀ ਨਾ ਪਰਵਾਹ ਸਾਨੂੰ
ਲਾ ਤੰਬੂ ਵਕਤ ਟਪਾਲਾਂਗੇ
ਕੁੱਟ ਚਟਨੀ ਸੁੱਕੀਆਂ ਮਿਰਚਾਂ ਦੀ
ਰੋਟੀ ਬੇਹੀ-ਸੱਜਰੀ ਖਾਲਾਂਗੇ
ਸ਼ਹੀਦ ਹੋ ਰਹੇ ਯੋਧਿਆਂ ਵੀਰਾਂ ਨੂੰ
ਅਸੀਂ ਦਿਲ ’ਚੋਂ ਕਿਵੇਂ ਭੁਲਾਲਾਂਗੇ
ਹੱਕ ਲਏ ਬਿਨ ਵਾਪਸ ਨਹੀਂ ਜਾਣਾ
ਅਸੀਂ ਦਿੱਲੀ ਪਿੰਡ ਬਣਾਲਾਂਗੇ
ਅੰਨਦਾਤਾ ਸਭ ਦੇ ਢਿੱਡ ਭਰਦੈ
ਇਹ ਆਲਮ ਸਾਰਾ ਕਹਿੰਦਾ ਐ
ਰਾਤਾਂ ਕਾਲੀਆਂ, ਸਿਖਰ ਦੁਪਹਿਰੇ ਜੀ
ਜੋ ਤਨ ਆਪਣੇ ’ਤੇ ਸਹਿੰਦਾ ਏ
ਬਿੱਲ ਜਦ ਤੱਕ ਵਾਪਸ ਨਹੀਂ ਹੁੰਦੇ
ਥੋਡੇ ਦਰ ਕੁੰਡੇ ਖੜਕਾਲਾਂਗੇ
ਹੱਕ ਲਏ ਬਿਨ ਵਾਪਸ ਨਹੀਂ ਜਾਣਾ
ਅਸੀਂ ਦਿੱਲੀ ਪਿੰਡ ਬਣਾਲਾਂਗੇ।
ਸੰਪਰਕ: 98781-17285