ਬਲਦੇਵ ਸਿੰਘ (ਸੜਕਨਾਮਾ)
ਪੰਜ ਛੇ ਦਹਾਕੇ ਜਾਂ ਸ਼ਾਇਦ ਇਸ ਤੋਂ ਵੀ ਪਹਿਲਾਂ ਰੇਲਵੇ ਸਟੇਸ਼ਨਾਂ ਉਪਰ, ਬੱਸ ਅੱਡਿਆਂ ’ਤੇ ਜਾਂ ਮੇਲਿਆਂ ਵਿਚ ‘ਹਿਦਾਇਤਨਾਮਾ ਬੀਵੀ’ ਅਤੇ ‘ਹਿਦਾਇਤਨਾਮਾ ਖਾਵੰਦ’ ਪੁਸਤਕਾਂ ਆਮ ਹੀ ਮਿਲ ਜਾਂਦੀਆਂ ਸਨ। ਹੁਣ ਇੱਕੀਵੀਂ ਸਦੀ ਦੇ ਤੀਜੇ ਦਹਾਕੇ ਵਿਚ ‘ਹਿਦਾਇਤਨਾਮਾ’ ਸ਼ਬਦ ਨੇ ਆਪਣੇ ਖੰਭ ਫੈਲਾ ਲਏ ਹਨ ਤੇ ਇਕ ਤੀਸਰਾ ਹਿਦਾਇਤਨਾਮਾ ਈਜਾਦ ਹੋਇਆ ਹੈ, ‘ਹਿਦਾਇਤਨਾਮਾ ਸ਼ਬਦ’। ਤਫ਼ਸੀਲ ਵਿਚ ਜਾਣ ਤੋਂ ਪਹਿਲਾਂ ਇਕ ਪਿੰਡ ਦੀ ਘਟਨਾ ਯਾਦ ਆ ਗਈ। ਝਗੜਾ ਖੇਤ ਦੀ ਸਾਂਝੀ ਵੱਟ ਤੋਂ ਸ਼ੁਰੂ ਹੋਇਆ ਤੇ ਦੋ ਪਰਿਵਾਰਾਂ ਵਿਚ ਰੰਜਿਸ਼ ਇੱਥੋਂ ਤੱਕ ਵਧ ਗਈ ਕਿ ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਇਕ ਦੂਜੇ ਦੇ ਪੋਤੜੇ ਫਰੋਲਣ ਲੱਗ ਜਾਂਦੇ। ਘਰਾਂ ਦੀਆਂ ਸੁਆਣੀਆਂ ਵੀ ਜੇ ਸਬੱਬੀਂ ਆਹਮੋ-ਸਾਹਮਣੇ ਹੋ ਜਾਂਦੀਆਂ ਤਾਂ ਮਿਹਣੋ-ਮਿਹਣੀ ਹੁੰਦੀਆਂ, ਕਿਸੇ ਦੀ ਧਰੀ-ਢਕੀ ਨਾ ਰਹਿਣ ਦਿੰਦੀਆਂ। ਯੋਗ-ਅਯੋਗ ਸ਼ਬਦੀ ਬਾਣ ਚਲਾਏ ਜਾਂਦੇ:
– ਨੀ ਤੂੰ ਵੀ ਬੋਲਣ ਨੂੰ ਮਰਦੀ ਐਂ, ਸਾਧਾਂ ਦੇ ਡੇਰਿਆਂ ’ਤੇ ਜਾਣ ਵਾਲੀ, ਹੁਣ ਵੱਡੀ ਭਗਤਣੀ ਬਣੀ ਫਿਰਦੀ ਐ।
– ਮੈਂ ਤੈਨੂੰ ਵੀ ਜਾਣਦੀ ਆਂ ਟੂਣੇਬਾਜ਼ ਨੂੰ। ਵੀਹ ਵਾਹੀ ਫੜਿਆ ਐ ਤੈਨੂੰ ਸਾਡੇ ਬਾਰ ’ਚ ਟੂਣਾ ਕਰਦੀ ਨੂੰ।
– ਬਹੁਤਾ ਨਾ ਬੋਲ ਪਾਟੇ ਮੂੰਹ ਆਲੀਏ, ਪਹਿਲਾਂ ਆਪਣੀ ਧੀ ਨੂੰ ਸੰਭਾਲ, ਮੇਰੇ ਮੂੰਹੋਂ ਸੁਣਦੀ ਐ ਕੁਸ਼।
– ਤੂੰ ਆਪ ਹੀ ਸੰਭਲ ਜਾ, ਮੁਹੱਲਾ ਸੁਖੀ ਵਸੇ ਫਫੇਕੁੱਟਣੀਏ।
ਉਹ ਉਨਾਂ ਚਿਰ ਚੁੱਪ ਨਾ ਕਰਦੀਆਂ ਜਦ ਤਕ ਆਂਢਣਾ-ਗੁਆਂਢਣਾਂ ਵਿਚ ਪੈ ਕੇ ਉਨ੍ਹਾਂ ਨੂੰ ਸ਼ਾਂਤ ਨਾ ਕਰਦੀਆਂ ਪਰ ਉਦੋਂ ਤਾਈਂ ਉਹ ਦੋਵੇਂ ਆਪਣੀ ਖਾਸੀ ਭੜਾਸ ਕੱਢ ਲੈਂਦੀਆਂ।
ਘੱਟ ਬੰਦੇ ਵੀ ਨਹੀਂ ਸਨ। ਉਨ੍ਹਾਂ ਵਿਚ ਇਕ ਵਾਰ ਤਾਂ ਝਗੜਾ ਇੰਨਾ ਵਧ ਗਿਆ, ਗਾਲੋ-ਗਾਲੀ ਤੋਂ ਗੱਲ ਹੱਥੋ ਪਾਈ ਤੱਕ ਪਹੁੰਚ ਗਈ।
ਫਿਰ ਡਾਂਗੋ-ਡਾਂਗੀ ਤੋਂ ਹਥਿਆਰਾਂ ਤੱਕ ਚਲੀ ਗਈ। ਸੱਟਾਂ ਲੱਗੀਆਂ, 326 ਦੀ ਧਾਰਾ ਲੱਗੀ, ਇਰਾਦਾ ਕਤਲ ਦੀ ਧਾਰਾ ਵੀ ਲੱਗੀ ਤੇ ਦੋਵੇਂ ਧਿਰਾਂ ਕਚਹਿਰੀ ਜਾ ਚੜ੍ਹੀਆਂ। ਪੰਗਾ ਸਾਰਾ ਸ਼ਬਦ ਬਾਣਾਂ ਤੋਂ ਸ਼ੁਰੂ ਹੋਇਆ। ਗੱਲ ਕਹਿੰਦੀ ਹੈ ‘ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢ ਕੇ ਵਿਖਾਊਂ।’
ਉਹੀ ਗੱਲਾਂ, ਝਗੜਦਿਆਂ ਇਕ ਧਿਰ ਨੇ ਮਿਹਣਾ ਮਾਰਿਆ:
– ਕਾਹਦੀ ਆਕੜ ਵਿਖਾਉਨੇ ਓਂ। ਥੋਡੇ ਦਾਦੇ ਨੂੰ ਤਾਂ ਸਾਰੀ ਉਮਰ ਜੁੱਤੀ ਨੀ ਜੁੜੀ। ਨੰਗ-ਪੈਰੇ ਵਜਦੇ ਓਂ ਤੁਸੀਂ।
ਦੂਜੀ ਧਿਰ ਬੋਲੀ- ਥੋਨੂੰ ਤਾਂ ਅਜੇ ਵੀ ‘ਮੰਗ ਖਾਣਿਆਂ ਦਾ ਟੱਬਰ’ ਕਹਿੰਦੇ ਐ। ਥੋਡੇ ਬੁੜ੍ਹੇ ਨੂੰ ਸਾਰੇ ਪਿੰਡ ’ਚ ਘੁੰਮਾਇਆ ਸੀ, ਕਾਲਾ ਮੂੰਹ ਕਰਕੇ, ਖੋਤੇ ’ਤੇ ਬਿਠਾ ਕੇ। ਭੁੱਲਗੇ?
ਬੱਸ ਫਿਰ ਉਹੀ ਅਯੋਗ-ਯੋਗ ਸ਼ਬਦ। ਸਿਆਣੇ ਆਖਦੇ ਨੇ, ਸ਼ਬਦਾਂ ਦੀ ਮਾਰ ਬੁਰੀ। ਸ਼ਬਦ ਤਾਂ ਤਲਵਾਰ ਦੇ ਫੱਟ ਨਾਲੋਂ ਵੀ ਖ਼ਤਰਨਾਕ ਨੇ। ਤਾਹੀਂ ਸੱਤਾ ਸਦਾ ਸ਼ਬਦਾਂ ਦੇ ਬਾਣਾਂ ਤੋਂ ਡਰਦੀ ਹੈ।
ਕੁਝ ਦਿਨਾਂ ਤੋਂ ਇਕ ਚਰਚਾ ਤੋਂ ਪਰੇਸ਼ਾਨ ਹੋ ਕੇ ਪਿੰਡ ’ਚੋਂ ਕਿਸਾਨਾਂ ਦੀ ਜਥੇਬੰਦੀ ਦੇ ਆਗੂ ਨੇ ਸਰਪੰਚ ਨੂੰ ਜਾ ਕੇ ਪੁੱਛਿਆ:
‘‘ਸਰਪੰਚ ਸਾਹਬ, ਕੁਝ ਦਿਨਾਂ ਤੋਂ ਰੌਲਾ ਪਿਆ ਹੋਇਐ, ਹੁਣ ਚੁਣੇ ਹੋਏ ਨੇਤਾ ਸੰਸਦ ਵਿਚ ਧੋਖੇਬਾਜ਼, ਭ੍ਰਿਸ਼ਟ, ਤਾਨਾਸ਼ਾਹ, ਹੈਂਕੜਬਾਜ਼, ਪਾਖੰਡੀ, ਨਾਟਕਬਾਜ਼ੀ, ਜੁਮਲਾਬਾਜ਼ੀ ਅਤੇ ਹੋਰ ਵੀ ਕਈ ਸ਼ਬਦ ਨੇ ਜਿਨ੍ਹਾਂ ਉਪਰ ਬੋਲਣ ’ਤੇ ਪਾਬੰਦੀ ਲਗਾ ਦਿੱਤੀ ਹੈ, ਇਹ ਸ਼ਬਦ ਨਹੀਂ ਬੋਲਣਗੇ?’’
‘‘ਹਾਂ, ਪੜ੍ਹਿਆ ਤਾਂ ਮੈਂ ਵੀ ਹੈ। ਇਹੋ ਜਿਹੇ ਸ਼ਬਦ ਸੰਸਦ ਵਿਚ ਅਯੋਗ ਸ਼ਬਦ ਨੇ, ਇਹ ਨਹੀਂ ਵਰਤੇ ਜਾਣਗੇ।’’ ਸਰਪੰਚ ਨੇ ਜਾਣਕਾਰੀ ਦਿੱਤੀ।
‘‘ਫਿਰ ਸਾਡੇ ਚੁਣ ਕੇ ਭੇਜੇ ਨੇਤਾ ਸੰਸਦ ਵਿਚ ਬੋਲਣਗੇ ਕੀ?’’ ਕਿਸਾਨ ਆਗੂ ਹੈਰਾਨ ਹੋਇਆ।
‘‘ਬੋਲਣ ਜੋ ਮਰਜ਼ੀ ਪਰ ਹਾਕਮ ਧਿਰ ਕਹਿੰਦੀ ਹੈ, ਨੁਕਤਾਚੀਨੀ ਕੋਈ ਨਾ ਕਰੇ। ਜੇ ਕਰੂ ਤਾਂ ਕਾਰਵਾਈ ’ਚੋਂ ਖਾਰਜ ਹੋ ਜਾਊ।’’
‘‘ਫਿਰ ਤਾਂ ਵਿਰੋਧੀ ਧਿਰ ਨੂੰ ਨੱਥ ਪਾਉਣ ਲੱਗੇ ਨੇ। ਪਹਿਲਾਂ ਸੱਤਾਧਾਰੀਆਂ ਦੀਆਂ ਨੀਤੀਆਂ ਵਿਰੁੱਧ ਲਿਖੋਗੇ ਤਾਂ ਦੇਸ਼ ਧਰੋਹੀ। ਕਿਸੇ ਬਾਰੇ ਟਿੱਪਣੀ ਕਰੋਗੇ ਤਾਂ ਕਾਰਵਾਈ। ਉਂਜ, ਸੱਤਾਧਾਰੀ ਜੋ ਮਰਜ਼ੀ ਪਏ ਆਖੀ ਜਾਣ। ਇੰਨਾ ਕਹਿ ਦੇਣਾ ਹੀ ਕਾਫ਼ੀ ਹੈ: ‘ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ।’ ਪਹਿਲਾਂ ਰੱਜ ਕੇ ਭੰਡ ਲਓ ਫਿਰ ਮੁਆਫ਼ੀ ਮੰਗ ਲਓ। ਸਿਆਣੇ ਆਖਦੇ ਨੇ ਸਰਪੰਚ ਸਾਹਬ, ਮਰਨ ਤੋਂ ਬਾਅਦ ਕੀਤੀ ਗਈ ਤਾਰੀਫ਼ ਅਤੇ ਦਿਲ ਦੁਖਾਉਣ ਤੋਂ ਬਾਅਦ ਮੰਗੀ ਗਈ ਮੁਆਫ਼ੀ, ਦੋਵਾਂ ਦਾ ਹੀ ਕੋਈ ਮਹੱਤਵ ਨਹੀਂ ਹੁੰਦਾ। ਮੁਆਫ਼ ਕਰਨਾ ਸਰਪੰਚ ਸਾਹਬ, ਫਿਰ ਤਾਂ ਵਿਰੋਧੀ ਧਿਰ ਦਾ ਇਕੋ ਹੀ ਕੰਮ ਰਹਿ ਗਿਆ, ਸੰਸਦ ਵਿਚ ਸੱਤਾਧਾਰੀ ਜੋ ਆਖੀ ਜਾਣ ‘ਵਾਹ-ਵਾਹ’ ਕਰੀ ਜਾਵੇ; ਜੋ ਬੋਲੀ ਜਾਣ, ਪ੍ਰਵਚਨ ਸਮਝ ਕੇ ਸਰਵਣ ਕਰੀ ਜਾਣ ਭਲਾ। ਜਦੋਂ ਸਾਡਾ ਦਿੱਲੀ ਦੇ ਬਾਰਡਰਾਂ ’ਤੇ ਲੰਮਾ ਅੰਦੋਲਨ ਚੱਲਿਆ ਸੀ, ਉਦੋਂ ਸਾਨੂੰ ‘ਅੰਦੋਲਨਜੀਵੀ’ ਕਿਸਾਨ ਕਿਹਾ ਸੀ। ਅੰਦੋਲਨਜੀਵੀ ਤੋਂ ਬਾਅਦ ਹੀ ‘ਜੁਮਲਾਜੀਵੀ’ ਸ਼ਬਦ ਆਇਆ ਸੀ। ਇਹਦਾ ਮਤਲਬ ‘ਅੰਦੋਲਨਜੀਵੀ’ ਵੀ ਅਯੋਗ ਸ਼ਬਦ ਹੋ ਗਿਆ?’’
‘‘ਉਹ ਤਾਂ ਮਹਾਂਪੁਰਸ਼ ਦੇ ਪ੍ਰਵਚਨ ਸਨ, ਉਹ ਕਿਵੇਂ ਅਯੋਗ ਹੋ ਸਕਦੇ ਐ?’’ ਸਰਪੰਚ ਨੇ ਮਲਵੀਂ ਜਿਹੀ ਜੀਭ ਨਾਲ ਕਿਹਾ।
‘‘ਸਰਪੰਚ ਸਾਹਬ, ਮੈਂ ਕਈ ਦਿਨਾਂ ਦਾ ਸੋਚੀ ਜਾਨੈਂ ਆਪਣੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਤਿੰਨ ਬਾਂਦਰ ਸਨ। ਇਕ ਕੁਝ ਵੀ ਬੁਰਾ ਨਹੀਂ ਸੀ ਦੇਖਦਾ। ਦੂਸਰਾ ਬੁਰਾ ਨਹੀਂ ਸੀ ਸੁਣਦਾ ਤੇ ਤੀਸਰਾ ਬੁਰਾ ਨਹੀਂ ਸੀ ਬੋਲਦਾ। ਹੁਣ ਲੱਗਦੈ, ਉਹਨਾਂ ਦੇ ਕਾਰਨ ਇਕ ਚੌਥਾ ਬਾਂਦਰ ਬਿਠਾ ਦਿੱਤਾ ਗਿਆ ਹੈ, ਜਿਸ ਦਾ ਸਿਰ ਹੀ ਨਹੀਂ ਹੈ। ਉਹ ਨਾ ਕੁਝ ਦੇਖ ਸਕੇ, ਨਾ ਸੁਣ ਸਕੇ, ਨਾ ਬੋਲ ਸਕੇ, ਨਾ ਸੋਚ ਸਕੇ। ਮੈਂ ਗਲਤ ਤਾਂ ਨਹੀਂ ਆਖ ਰਿਹਾ?’’
ਸਰਪੰਚ ਬੋਲਿਆ, ‘‘ਮੈਂ ਕੀ ਆਖ ਸਕਦਾਂ। ਜੇ ਕੋਈ ਸ਼ਬਦ ਬੋਲਿਆ ਤਾਂ ਅਯੋਗ ਨਾ ਹੋ ਜਾਵੇ।’’
ਕਿਸਾਨ ਆਗੂ ਉੱਠ ਖੜ੍ਹਾ ਜਾਂਦਾ ਜਾਂਦਾ ਆਖ ਗਿਆ, ‘‘ਕਿੰਨੇ ਡਰੇ ਹੋਏ ਆ ਅਸੀਂ!’’
ਸੰਪਰਕ: 98147-83069