ਸੁਖਮਿੰਦਰ ਸਿੰਘ ਸੇਖੋਂ
ਪੁਸਤਕ ਪੜਚੋਲ
ਧਰਮ ਸਿੰਘ ਕੰਮੇਆਣਾ ਜਾਣਿਆ-ਪਛਾਣਿਆ ਸਾਹਿਤਕਾਰ ਹੈ। ਲੇਖਕ ਦੇ ਦਰਜਨ ਕਾਵਿ ਸੰਗ੍ਰਹਿ, ਦੋ ਗੀਤਾਂ ਦੀਆਂ ਕਿਤਾਬਾਂ, ਇੱਕ ਕਾਵਿ ਨਾਟਕ, ਦੋ ਸਵੈ-ਜੀਵਨੀਆਂ, ਚਾਰ ਨਾਵਲ, ਬੱਚਿਆਂ ਲਈ ਅੱਧੀ ਦਰਜਨ ਕਿਤਾਬਾਂ ਤੋਂ ਇਲਾਵਾ ਉਸ ਦੇ ਗੀਤਾਂ ਨੂੰ ਅਨੇਕਾਂ ਗਾਇਕਾਂ ਨੇ ਰਿਕਾਰਡ ਵੀ ਕਰਵਾਇਆ ਹੈ। ਉਸ ਦਾ ਸਾਹਿਤਕ ਸਫ਼ਰ ਨਿਰੰਤਰ ਜਾਰੀ ਹੈ। ਹਥਲਾ ਨਾਵਲ ‘ਸਤਲੁਜ ਦੇ ਆਰ-ਪਾਰ’ (ਕੀਮਤ: 150 ਰੁਪਏ; ਸਨਾਵਰ ਪਬਲੀਕੇਸ਼ਨਜ਼, ਪਟਿਆਲਾ) ਪਟਿਆਲਾ ਸ਼ਹਿਰ ਤੇ ਇਸ ਦੇ ਇਰਦ ਗਿਰਦ ਦੀਆਂ ਘਟਨਾਵਾਂ ਦਾ ਸਮੂਹ ਹੈ ਜਿਸ ਵਿੱਚ ਪਾਤਰ ਵੀ ਵਿਸ਼ੇ ਅਤੇ ਘਟਨਾਵਾਂ ਦੀ ਤਰਜਮਾਨੀ ਕਰਦੇ ਪ੍ਰਤੀਤ ਹੁੰਦੇ ਹਨ। ਨਾਵਲਕਾਰ ਨੇ ਅੱਧੀ ਸਦੀ ਪਹਿਲਾਂ ਤੇ ਬਾਅਦ ਵਿੱਚ ਵਾਪਰੇ ਦੀ ਕਹਾਣੀ ਕਹਿਣ ਦਾ ਉਪਰਾਲਾ ਕੀਤਾ ਹੈ। ਨਾਵਲ ਦੇ 34 ਨਿੱਕੇ-ਨਿੱਕੇ ਕਾਂਡ ਹਨ। ਨਾਵਲ ਵਿੱਚ ਸਮੇਂ ਸਮੇਂ ’ਤੇ ਹਾਲਾਤ ਬਦਲਦੇ, ਘਟਨਾਵਾਂ ਵਾਪਰੀਆਂ ਅਤੇ ਪਾਤਰ ਆਪੋ ਆਪਣੇ ਸੁਭਾਅ ਨਾਲ ਆਪਣੀ ਗੱਲ ਸੁਣਾਉਂਦੇ ਤੁਰੇ ਜਾਂਦੇ ਹਨ। ਇਸ ਨਾਵਲ ਦਾ ਅਹਿਮ ਪਾਤਰ ਫੌਜਾ ਸਿੰਘ ਹੈ ਜੋ ਵਿਰਕ ਗੋਤਰ ਦਾ ਜੱਟ ਹੈ। ਫ਼ੌਜ ਵਿੱਚੋਂ ਸੂਬੇਦਾਰ ਦਾ ਰੈਂਕ ਲੈ ਕੇ ਅਗਾਊਂ ਸੇਵਾਮੁਕਤ ਹੋਇਆ ਹੈ। ਉਸ ਦਾ ਬਚਪਨ ਦਾ ਜੋਟੀਦਾਰ ਹੈ ਮੁਹੰਮਦ ਰਮਜ਼ਾਨ। ਫੌਜਾ ਸਿੰਘ ਅੱਠ ਜਮਾਤਾਂ ਪਾਸ ਹੈ, ਫ਼ੌਜ ਵਿੱਚੋਂ ਪੈਨਸ਼ਨ ਆਉਂਦੀ ਹੈ, ਸਰਕਾਰ ਵੱਲੋਂ ਜ਼ਮੀਨ ਵੀ ਅਲਾਟ ਹੋਈ ਹੈ। ਠਾਠ ਹੈ, ਮੌਜਾਂ ਲੁੱਟਦਾ ਹੈ।
ਨਾਵਲਕਾਰ ਨੇ ਹਰ ਅਧਿਆਏ ਨੂੰ ਸ਼ਬਦਾਂ ਨਾਲ ਮਾਹੌਲ ਬਣਾ ਕੇ ਰੌਚਕ ਬਣਾਉਣ ਦਾ ਪੂਰਾ ਯਤਨ ਕੀਤਾ ਹੈ। ਪਟਿਆਲੇ ਦੀ ਉਪਜਾਊ ਜ਼ਮੀਨ ਦਾ ਜ਼ਿਕਰ ਵੀ ਉਸ ਨੇ ਬਾਖ਼ੂਬੀ ਕੀਤਾ ਹੈ, ਬੇਸ਼ੱਕ ਥਾਂ ਥਾਂ ’ਤੇ ਝਾੜੀਆਂ ਉੱਗ ਆਉਣ ਕਰਕੇ ਰਾਤਾਂ ਨੂੰ ਡਰ ਵੀ ਆਉਂਦਾ ਹੈ, ਪਰ ਉਹ ਵੇੇਲੇ ਚੰਗੇ ਸਨ ਜਦੋਂ ਨਲਕਾ ਤੇ ਮੋਟਰ ਲਾਉਣ ਲਈ ਬੋਰ ਲਈ ਬਹੁਤਾ ਡੂੰਘਾ ਨਹੀਂ ਸੀ ਕਰਨਾ ਪੈਂਦਾ ਜਦੋਂਕਿ ਅਜੋਕੇ ਸਮੇਂ ਵਿੱਚ ਢਾਈ ਤਿੰਨ ਸੌ ਫੁੱਟ ਤੱਕ ਬੋਰ ਕਰਕੇ ਪਾਣੀ ਆਉਂਦਾ ਹੈ। ਧਰਤੀ ਦਾ ਪਾਣੀ ਏਡਾ ਹੇਠਾਂ ਚਲੇ ਜਾਣਾ ਗਲਪਕਾਰ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਹਰ ਪ੍ਰਾਣੀ ਲਈ ਵੀ ਮੁਸ਼ਕਿਲ ਸਮੇਂ ਦੀ ਦਸਤਕ ਹੈ। ਨਾਵਲਕਾਰ ਕਹਾਣੀ ਅਗਾਂਹ ਤੋਰਦਾ ਹੈ ਤੇ ਪਾਠਕ ਪੁਰਾਣੇ ਮਾਹੌਲ ਦਾ ਆਨੰਦ ਮਾਣਦਾ ਹੈ, ਉਸ ਨੂੰ ਬਹੁਤ ਕੁਝ ਜਾਣਨ ਤੇ ਸਮਝਣ ਲਈ ਮਿਲਦਾ ਹੈ। ਪ੍ਰੋੜ ਪਾਠਕ ਦੀ ਕਸਵੱਟੀ ’ਤੇ ਖ਼ਰੀ ਉਤਰਦੀ ਰਚਨਾ ਹੀ ਸਾਹਿਤ ਦਾ ਹਾਸਲ ਹੁੰਦਾ ਹੈ। ਨਾਵਲਕਾਰ ਦੀ ਵਰਣਨੀ ਸ਼ੈਲੀ ਦਾ ਇੱਕ ਨਮੂਨਾ ਵੀ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹੈ: ਰਮਜ਼ਾਨ ਮੁਸਲਮਾਨ ਜਾਂਗਲੀ ਸੀ ਤੇ ਇਨ੍ਹਾਂ ਦਾ ਪਰਿਵਾਰ ਸਦੀਆਂ ਤੋਂ ਸਾਂਦਲ ਬਾਰ ਦਾ ਵਸਨੀਕ ਸੀ। ਫੌਜਾ ਸਿੰਘ ਦੇ ਘਰ ਦੇ ਨੇੜੇ ਹੀ ਉਨ੍ਹਾਂ ਦਾ ਘਰ ਸੀ। ਦੋਵੇਂ ਬਚਪਨ ਤੋਂ ਹੀ ਮਿੱਤਰ ਸਨ। ਬਚਪਨ ਵਿੱਚ ਰਲ ਮਿਲ ਕੇ ਖੇਡਾਂ ਖੇਡਦੇ ਰਹੇ ਸਨ। ਪਸ਼ੂ ਚਾਰਨ ਅਤੇ ਛੱਪੜ ਤੋਂ ਡੰਗਰਾਂ ਨੂੰ ਪਾਣੀ ਪਿਲਾਉਣ ਸਮੇਂ ਵੀ ਇਕੱਠੇ ਹੋ ਜਾਂਦੇ ਸਨ। ਧਰਮਾਂ ਦੇ ਅਖੌਤੀ ਵਖਰੇਵੇਂ ਭੁੱਲ ਕੇ ਇੱਕ ਦੂਜੇ ਦੇ ਘਰੋਂ ਖਾ-ਪੀ ਵੀ ਲੈਂਦੇ ਸਨ।
ਪਰ ਸਿਆਸਤਾਂ ਇਹ ਭਾਈਚਾਰਕ ਸਾਂਝ ਮਿਟਾਉਣ ’ਤੇ ਹਮੇਸ਼ਾਂ ਤੁਲੀਆਂ ਰਹਿੰਦੀਆਂ ਹਨ। ਕੰਮੇਆਣਾ ਦੇ ਨਾਵਲ ਦੀ ਕਹਾਣੀ ਦਾ ਧੁਰਾ ਬੇਸ਼ੱਕ ਪਟਿਆਲਾ ਹੈ, ਪਰ ਇਹ ਕੇਵਲ ਪਟਿਆਲਾ ਤੱਕ ਹੀ ਸੀਮਿਤ ਨਾ ਹੋ ਕੇ ਸਮੁੱਚੇ ਰੂਪ ਵਿੱਚ ਥੋੜ੍ਹੇ ਬਹੁਤ ਫ਼ਰਕ ਨਾਲ ਸਾਨੂੰ ਹਰ ਥਾਂ ਦੀ ਕਹਾਣੀ ਨਜ਼ਰ ਆਵੇਗਾ ਤੇ ਪਾਤਰ ਵੀ ਇਉਂ ਹੀ ਉਠਦੇ ਬੈਠਦੇ, ਤੁਰਦੇ ਫਿਰਦੇ ਤੇ ਗੱਲਾਂ-ਬਾਤਾਂ ਕਰਦੇ ਨਜ਼ਰ ਆਉਣਗੇ। ਉਮੀਦ ਰੱਖਦਾ ਹਾਂ ਕਿ ਲੇਖਕ ਆਪਣੇ ਪਾਏ ਪੂਰਨਿਆਂ ਨੂੰ ਅੱਗਿਓਂ ਹੋਰ ਵੀ ਗੂੜ੍ਹਾ ਕਰੇਗਾ।
ਸੰਪਰਕ: 98145-07693