ਬਲਦੇਵ ਿਸੰਘ (ਸੜਕਨਾਮਾ)
ਸ਼ਰਦ ਪਗਾਰੇ ਇਤਿਹਾਸਕ ਨਾਵਲਾਂ ਦਾ ਰਚੇਤਾ ਹੈ। ਉਸ ਨੇ ਸਮਰਾਟ ਅਸ਼ੋਕ ਦੀ ਮਾਂ ਅਤੇ ਔਰੰਗਜ਼ੇਬ ਦੀ ਮਹਬਿੂਬਾ ਹੀਰਾਬਾਈ ਜ਼ੈਨਾਬਾਦੀ ਉਪਰ ਆਧਾਰਿਤ ਨਾਵਲ ਵੀ ਲਿਖੇ ਹਨ। ਲੇਖਕ ਦੇ ਆਪਣੇ ਕਥਨ ਅਨੁਸਾਰ ‘ਗੁਲਾਰਾ ਬੇਗ਼ਮ’ (ਅਨੁਵਾਦਕ: ਜਗਦੀਸ਼ ਰਾਏ ਕੁਲਰੀਆਂ; ਕੀਮਤ: 395 ਰੁਪਏ; ਉਡਾਨ ਪਬਲੀਕੇਸ਼ਨਜ਼, ਮਾਨਸਾ) ਲੀਹ ਤੋਂ ਹਟਵਾਂ ਨਾਵਲ ਹੈ। ਸ਼ਾਹਜਹਾਂ ਅਤੇ ਮੁਮਤਾਜ਼ ਬੇਗ਼ਮ ਦੇ ਪ੍ਰੇਮ ਕਿੱਸੇ ਪਾਠਕਾਂ ਨੇ ਬਹੁਤ ਪੜ੍ਹੇ ਹਨ, ਪਰ ਸ਼ਾਹਜਹਾਂ ਦਾ ਰੁਤਬਾ ਪਾਉਣ ਤੋਂ ਪਹਿਲਾਂ ਸ਼ਹਿਜ਼ਾਦਾ ਖ਼ੁਰਮ ਅਤੇ ਗੁਲਾਰਾ ਬੇਗ਼ਮ ਦੀ ਪਿਆਰ-ਕਥਾ ਦਾ ਬਹੁਤ ਘੱਟ ਪਾਠਕਾਂ ਨੂੰ ਪਤਾ ਹੈ।
ਮੁਗਲਈ ਅੰਦਾਜ਼ ਵਿਚ ਪਿਆਰ, ਦੰਭ ਅਤੇ ਕਾਮ-ਲਾਲਸਾਵਾਂ ਦੇ ਜ਼ਿਕਰ ਦੇ ਨਾਲ ਨਾਲ ਪਗਾਰੇ ਨੇ ਅਬਦੁਲਾ ਅਤੇ ਛਾਂਗੀ (ਪਰਵੀਨ) ਦੇ ਅੱਥਰੇ ਪਿਆਰ ਦਾ ਜ਼ਿਕਰ ਇੰਨੀ ਖ਼ੂਬਸੂਰਤੀ ਨਾਲ ਕੀਤਾ ਹੈ ਕਿ ਪਿੰਡ ਦੇ ਨਿਮਨ ਵਰਗ ਦੇ ਪਾਤਰਾਂ ਸਾਹਮਣੇ ਸ਼ਾਹੀ ਪਾਤਰ ਊਣੇ ਜਾਪਦੇ ਹਨ। ਕਹਾਣੀ ਵਿਚ ਹੋਰ ਰੌਚਿਕਤਾ ਭਰਨ ਲਈ ਮੀਆਂ ਵਲਾਇਤ ਖ਼ਾਂ, ਸ਼ਹਿਨਾਜ਼ ਤੇ ਸਲਮਾ ਦੀਆਂ ਗ਼ਲਤਫਹਿਮੀਆਂ, ਸ਼ੰਕਾਵਾਂ ਬਿਰਤਾਂਤ ਨੂੰ ਹੋਰ ਸੰਘਣਾ ਕਰਦੀਆਂ ਹਨ।
ਨਾਵਲਕਾਰ ਆਪਣੇ ਨਿੱਜੀ ਕੰਮ ਲਈ ਬੁਰਹਾਨਪੁਰ ਜਾਂਦਾ ਹੈ। ਨਾਵਲ ਇਸ ਵਾਕ ਤੋਂ ਆਰੰਭ ਹੁੰਦਾ ਹੈ:
ਕੁਝ ਸਮਾਂ ਪਹਿਲਾਂ ਮੈਨੂੰ ਨਿੱਜੀ ਕੰਮ ਕਰਕੇ ਬੁਰਹਾਨਪੁਰ ਜਾਣਾ ਪਿਆ। ਉੱਥੇ ਮੈਂ ਆਪਣੇ ਮਿੱਤਰ ਚੰਦੂ ਬਾਬੂ ਕੋਲ ਰੁਕਿਆ। ਬੁਰਹਾਨਪੁਰ ਆਪਣੀਆਂ ਇਤਿਹਾਸਕ ਇਮਾਰਤਾਂ ਅਤੇ ਖੰਡਰਾਂ ਕਰਕੇ ਪ੍ਰਸਿੱਧ ਹੈ ਅਤੇ ਮੈਨੂੰ ਇਤਿਹਾਸ ਅਤੇ ਖੰਡਰਾਂ ਨਾਲ ਬਹੁਤ ਪਿਆਰ ਹੈ।
ਨਾਵਲਕਾਰ ਨੂੰ ਉੱਥੇ ਜਾ ਕੇ ਪਤਾ ਲੱਗਦਾ ਹੈ, ਬੁਰਹਾਨਪੁਰ ਦੀ ਜਿੰਦ ਜਾਨ ਉੱਥੋਂ ਦਾ ਚੌਂਕ ਬਾਜ਼ਾਰ ਅਤੇ ਬੋਰਵਾੜੀ ਹੈ। ਬੋਰਵਾੜੀ ਦੀ ਅੱਜ ਦੇ ਕੋਲਕਾਤਾ ਦੀ ਸੋਨਾਗਾਚੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਮੁਗ਼ਲ ਕਾਲ ਵਿਚ ਜਿੱਥੇ ਵੀ ਕੋਈ ਬਾਦਸ਼ਾਹ ਜਾਂ ਸ਼ਹਿਨਸ਼ਾਹ ਦੋ-ਚਾਰ ਮਹੀਨੇ ਰੁਕ ਗਿਆ, ਉੱਥੇ ਬੋਰਵਾੜੀ ਨਾ ਉੱਗੇ, ਇਹ ਤਾਂ ਸ਼ਹਿਨਸ਼ਾਹੀ ਅੰਦਾਜ਼ ਦੀ ਤੌਹੀਨ ਹੈ।
ਨਾਵਲਕਾਰ ਲਿਖਦਾ ਹੈ: ਸੁੰਦਰੀਆਂ ਨੇ ਬੁਰਹਾਨਪੁਰ ਵਿਚ ਬੋਰਵਾੜੀ ਨਾਂ ਦਾ ਇਕ ਵੱਖਰਾ ਮੁਹੱਲਾ ਹੀ ਵਸਾ ਲਿਆ ਹੈ। ਹਰ ਰੂਪ ਰੰਗ, ਨੈਣ-ਨਕਸ਼, ਉਮਰ ਅਤੇ ਕੱਦ ਦੀਆਂ ਸੁੰਦਰੀਆਂ ਦਾ ਤਾਂ ਅੱਡਾ ਹੀ ਬਣ ਗਿਆ ਹੈ।
ਚਾਰ-ਪੰਜ ਸਦੀਆਂ ਪਹਿਲਾਂ ਮੁਗ਼ਲ ਫ਼ੌਜਾਂ ਦੱਖਣ ਦੇ ਮੁਹਾਜ਼ ’ਤੇ ਅੱਗੇ ਵਧਣ ਤੋਂ ਪਹਿਲਾਂ ਬੁਰਹਾਨਪੁਰ ਕੁਝ ਸਮੇਂ ਲਈ ਪੜਾਅ ਕਰਦੀਆਂ ਸਨ। ਆਰਾਮ ਦੇ ਪਲਾਂ ਨੂੰ ਆਨੰਦਮਈ ਤੇ ਰਸਮਈ ਬਣਾਉਣ ਲਈ ਘੁੰਗਰੂਆਂ ਦੀ ਛਣਕਾਰ ਵੀ ਜ਼ਰੂਰੀ ਸੀ ਤੇ ਅੰਗੂਰੀ ਪਿਆਲੇ ਵੀ।
ਨਾਵਲਕਾਰ ਨੇ ਇਕ ਹੋਰ ਰਹੱਸ ਤੋਂ ਪਰਦਾ ਚੁੱਕਿਆ ਹੈ। ਸ਼ਾਹਜਹਾਂ ਦੀ ਬੇਗ਼ਮ ਮੁਮਤਾਜ਼ ਨੇ ਆਖ਼ਰੀ ਸਾਹ ਇੱਥੇ ਹੀ ਲਏ ਸਨ। ਤਾਪਤੀ ਨਦੀ ਦੇ ਪਰਲੇ ਪਾਰ ਆਵਾਗੜ੍ਹ ਵਿਚ ਉਸ ਨੂੰ ਕਬਰ ਦਿੱਤੀ ਗਈ ਸੀ। ਤਾਜ ਮਹਿਲ ਤਾਂ ਬਹੁਤ ਬਾਅਦ ਵਿਚ ਬਣਿਆ ਸੀ। ਪਰ ਇਸ ਤੋਂ ਪਹਿਲਾਂ ਬੁਰਹਾਨਪੁਰ ਵਿਚ ਬੜਾ ਕੁਝ ਵਾਪਰ ਗਿਆ ਸੀ। ਇਕ ਮੁਗ਼ਲ ਸਹਿਜ਼ਾਦੇ ਨੇ ਬੋਰਵਾੜੀ ਦੀ ਖ਼ੂਬਸੂਰਤ ਨਰਤਕੀ ਗੁਲਾਰਾ ਨੂੰ ਆਪਣੇ ਹਰਮ ਵਿਚ ਬੇਗ਼ਮ ਵਾਂਗ ਹੀ ਨਹੀਂ ਰੱਖਿਆ ਸਗੋਂ ਉਸ ਦੇ ਪਿਆਰ ਵਿਚ ਡੁੱਬ ਕੇ ਉਸ ਲਈ ਬਾਰਾਂਦਰੀਆਂ ਬਣਵਾ ਕੇ ਆਪਣੇ ਪਿਆਰ ਦੀ ਦਾਸਤਾਨ ਨੂੰ ਅਮਰ ਕਰ ਦਿੱਤਾ।
ਕੌਣ ਸੀ ਇਹ ਗੁਲਾਰਾ ਬੇਗ਼ਮ? ਤਾਪਤੀ ਨਦੀ ਦੇ ਪਾਰਲੇ ਪਾਸੇ ਪਿੰਡ ਕਰਾਰਾ ਦੇ ਇਕ ਗ਼ਰੀਬ ਕਿਸਾਨ ਦੀ ਧੀ ਅਨਵਰੀ, ਬੇਹੱਦ ਖ਼ੂਬਸੂਰਤ ਪਰ ਰੁਲਿਆ ਹੋਇਆ ਬਚਪਨ। ਅਣਵਾਹੇ ਸਿਰ ਦੇ ਵਾਲ, ਫਟੇ, ਟਾਕੀਆਂ ਲੱਗੇ ਕੱਪੜੇ ਤੇ ਨਿੱਕੀ ਜਿਹੀ ਖੇਤੀ ਕਰਦਾ ਉਸ ਦਾ ਬਾਪ। ਸਬੱਬ ਨਾਲ ਬੋਰਵਾੜੀ ਦੇ ਇਕ ਦਲਾਲ ਯਾਕੂਬ ਦੀ ਨਿਗ੍ਹਾ ਚੜ੍ਹ ਜਾਂਦੀ ਹੈ ਅਨਵਰੀ। ਦਲਾਲ ਦੀ ਅੱਖ ਨੇ ਬੱਚੀ ਦੇ ਨੈਣ-ਨਕਸ਼ ਪਛਾਣ ਲਏ ਤੇ ਉਹ ਉਸ ਨੂੰ ਪਿੰਜਰੇ ’ਚ ਕੈਦ ਕਰਨ ਲਈ ਫਾਹੀ ਲਾਉਣ ਦੀ ਯੋਜਨਾ ਘੜਨ ਲੱਗਾ। ਪਹਿਲਾਂ ਅਨਵਰੀ ਦੇ ਬਾਪ ਨੂੰ ਉਸ ਨੇ ਸ਼ਰਾਬ ਦਾ ਚਸਕਾ ਲਾਇਆ। ਫਿਰ ਨਸ਼ੇ ਦੀ ਪੂਰਤੀ ਲਈ ਪਹਿਲਾਂ ਬਲਦ ਵਿਕਦੇ ਹਨ ਤੇ ਫਿਰ ਜ਼ਮੀਨ ਗਹਿਣੇ ਹੁੰਦੀ ਹੈ। ਹੁਣ ਯਾਕੂਬ ਸੁਪਨੇ ਵਿਖਾਉਣ ਆਉਂਦਾ ਹੈ ਤੇ ਤਿੰਨਾਂ-ਚਾਰਾਂ ਫੇਰੀਆਂ ਵਿਚ ਉਸ ਨੂੰ ਬਲਦ ਅਤੇ ਜ਼ਮੀਨ ਵਾਪਸ ਦਿਵਾ ਕੇ ਅਨਵਰੀ ਲੈ ਜਾਂਦਾ ਹੈ ਤੇ ਬੋਰਵਾੜੀ ਵਿਚ ਗੌਹਰਬਾਈ ਦੇ ਹਵਾਲੇ ਕਰ ਦਿੰਦਾ ਹੈ।
ਗੌਹਰਬਾਈ ਉਸ ਨੂੰ ਤਰਾਸ਼ਦੀ ਹੈ। ਬੋਲਣ, ਤੁਰਨ, ਨੱਚਣ, ਕਿਸੇ ਵੱਲ ਕਾਤਲ ਨਿਗਾਹਾਂ ਨਾਲ ਝਾਕਣ ਦਾ ਸਲੀਕਾ ਸਿਖਾਉਂਦੀ ਹੈ। ਅਨਵਰੀ ਉਸ ਦੀਆਂ ਆਸਾਂ ਅਤੇ ਖ਼ੁਆਹਿਸ਼ਾਂ ਉਪਰ ਖ਼ਰੀ ਉਤਰਦੀ ਜਾਂਦੀ ਹੈ। ਸਮਾਂ ਕੁਝ ਸਾਲ ਗੁਜ਼ਰਦਾ ਹੈ। ਅਨਵਰੀ ਹੁਣ ਇਕ ਖ਼ੂਬਸੂਰਤ ਅਪਸਰਾ ਬਣ ਜਾਂਦੀ ਹੈ ਤੇ ਗੌਹਰਬਾਈ ਉਸ ਨੂੰ ਨਾਮ ਦਿੰਦੀ ਹੈ ਗੁਲਾਰਾ, ਗੁਲਾਬ ਦੇ ਫੁੱਲ ਜਿਹੀ ਮਹਿਕਦੀ ਮੁਟਿਆਰ। ਉਹੀ ਗੁਲਾਰਾ ਜਦ ਸਹਿਜ਼ਾਦਾ ਖ਼ੁਰਮ (ਸ਼ਾਹਜਹਾਂ) ਦੀ ਨਿਗਾ ਚੜ੍ਹਦੀ ਹੈ ਤੇ ਉਸ ਦੇ ਹਰਮ ਵਿਚ ਪਹੁੰਚਦੀ ਹੈ ਤਾਂ ਬਣ ਜਾਂਦੀ ਹੈ ‘ਗੁਲਾਰਾ ਬੇਗ਼ਮ’।
ਫਿਰ ਜਦੋਂ ਸਹਿਜ਼ਾਦਾ ਖ਼ੁਰਮ ਦੀ ਸਹੁਰੇ, ਮੁਮਤਾਜ਼ ਦੇ ਅੱਬਾ ਹਜ਼ੂਰ ਆਸਿਫ਼ ਖਾਂ ਨੂੰ ਗੁਲਾਰਾ ਅਤੇ ਖ਼ੁਰਮ ਦੇ ਪ੍ਰੇਮ ਦੀ ਭਿਣਕ ਪੈਂਦੀ ਹੈ ਤਾਂ ਉਸ ਨੂੰ ਆਪਣੀ ਧੀ ਮੁਮਤਾਜ਼ ਲਈ ਖ਼ਤਰਾ ਦਿਸਦਾ ਹੈ ਤੇ ਉਹ ਗੁਲਾਰਾ ਨੂੰ ਤਾਪਤੀ ਵਿਚ ਡੋਬ ਕੇ ਮਾਰਨ ਦੀ ਸਾਜ਼ਿਸ਼ ਰਚਦਾ ਹੈ। ਕਿਸੇ ਦਾ ਮਰਨਾ, ਕਿਸੇ ਦਾ ਉਜੜਨਾ ਸ਼ਾਹੀ ਮਹੱਲਾਂ ਦਾ ਆਮ ਵਰਤਾਰਾ ਹੈ ਤੇ ਇੱਥੇ ਵੀ ਇਹੀ ਵਾਪਰਦਾ ਹੈ।
ਦੂਸਰੇ ਪਾਸੇ ਆਮ ਲੋਕਾਂ ਦਾ ਜੀਵਨ ਭੋਗਦੀ ਛਾਂਗੀ ਉੱਥੇ ਹੀ ਬੋਰਵਾੜੀ ਵਿਚ ਗੌਹਰਬਾਈ ਕੋਲ ਵਿਕੀ ਹੋਈ ਹੈ ਤੇ ਗੁਲਾਰਾ ਦੇ ਬਹੁਤ ਨਜ਼ਦੀਕ ਚਲੀ ਜਾਂਦੀ ਹੈ। ਸਹਿਜ਼ਾਦਾ ਖ਼ੁਰਮ ਦੇ ਹਰਮ ਵਿਚ ਵੀ ਉਹ ਗੁਲਾਰਾ ਦੀ ਵੱਡੀ ਭੈਣ ਦੀ ਭੂਮਿਕਾ ਨਿਭਾਉਂਦੀ ਹੈ ਜਿਸ ਨੂੰ ਲੱਭਣ ਲਈ ਅਬਦੁੱਲਾ ਆਪਣਾ ਸੁਖ-ਚੈਨ ਗੁਆ ਬੈਠਦਾ ਹੈ ਤੇ ਆਖ਼ਰ ਲੱਭ ਲੈਂਦਾ ਹੈ। ਬੋਰਵਾੜੀ ਵਿਚ ਕੋਠੇ ਦੀ ਸੰਚਾਲਕ ਗੌਹਰਬਾਈ ਅੰਦਰਲੀ ਔਰਤ ਮਰੀ ਨਹੀਂ, ਜਦ ਬੇਸਹਾਰਾ ਹੋਈ ਛਾਂਗੀ ਫਿਰ ਉਸ ਕੋਲ ਆਉਂਦੀ ਹੈ ਤਾਂ ਉਹ ਮਾਂ ਬਣ ਕੇ ਉਸ ਨੂੰ ਪਨਾਹ ਦਿੰਦੀ ਹੈ। ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਅਬਦੁੱਲਾ ਛਾਂਗੀ ਨੂੰ ਅਥਾਹ ਪਿਆਰ ਕਰਦਾ ਹੈ ਤਾਂ ਉਹ ਸੱਚਮੁੱਚ ਹੀ ਮਾਂ ਬਣ ਕੇ ਛਾਂਗੀ ਦਾ ਉਸ ਨਾਲ ਨਿਕਾਹ ਕਰਦੀ ਹੈ। ਬੋਰਵਾੜੀ ਅੰਦਰ ਵਸਦੀਆਂ ਵੇਸਵਾਵਾਂ ਲਈ ਇਹ ਘਟਨਾ ਅਚੰਭੇ ਤੋਂ ਘੱਟ ਨਹੀਂ। ਜਦੋਂ ਉਸ ਦੀ ਨੁਕਤਾਚੀਨੀ ਹੁੰਦੀ ਹੈ ਤੇ ਵੇਸਵਾ ਦੇ ਧੰਦੇ ਦੀ ਗੱਲ ਹੁੰਦੀ ਹੈ ਤਾਂ ਗੌਹਰਬਾਈ ਆਖਦੀ ਹੈ:
ਤੁਹਾਡਾ ਫ਼ਿਕਰ ਵਾਜਬ ਹੈ ਬੰਨ੍ਹੇ ਮੀਆਂ। ਪਰ ਕਦੇ-ਕਦੇ ਸਾਨੂੰ ਔਰਤਾਂ ਨੂੰ ਜਾਣ-ਬੁੱਝ ਕੇ ਘਾਟੇ ਦਾ ਸੌਦਾ ਵੀ ਕਰਨਾ ਪੈਂਦਾ ਹੈ। ਤਵਾਇਫ਼ ਬਣ ਜਾਣ ਤੋਂ ਬਾਅਦ ਵੀ ਅੰਦਰ ਦੀ ਔਰਤ ਕਿੱਥੇ ਮਰ ਸਕਦੀ ਹੈ?
ਨਾਵਲ ਵਿਚ ਹੋਰ ਵੀ ਬਹੁਤ ਕੁਝ ਹੈ। ਖ਼ੂਬਸੂਰਤ ਦ੍ਰਿਸ਼ ਵਰਣਨ, ਮਹੱਲਾਂ ਦੀਆਂ ਸਾਜ਼ਿਸ਼ਾਂ, ਲਾਲਸਾਵਾਂ, ਨਾਵਲੀ ਘਟਨਾਵਾਂ ਪਾਠਕਾਂ ਦੇ ਸਾਹਮਣੇ ਚਲ-ਚਿੱਤਰ ਵਾਂਗ ਸਾਕਾਰ ਹੋ ਉੱਠਦੀਆਂ ਹਨ ਪਰ ਕਿਤੇ-ਕਿਤੇ ਫਿਲਮੀ ਜਿਹਾ ਬਿਰਤਾਂਤ ਰੜਕਦਾ ਹੈ। ਅਨੁਵਾਦ ਜਗਦੀਸ਼ ਰਾਏ ਕੁਲਰੀਆਂ ਨੇ ਬੜੀ ਮਿਹਨਤ ਨਾਲ ਕੀਤਾ ਹੈ ਤੇ ਬਿਰਤਾਂਤ ਦੀ ਮੂਲ ਭਾਵਨਾ ਦੀ ਕਦਰ ਕਰਦਿਆਂ ਉਰਦੂ ਅਤੇ ਫ਼ਾਰਸੀ, ਮਰਾਠੀ ਦੇ ਸ਼ਬਦ ਉਵੇਂ ਹੀ ਵਰਤੇ ਹਨ। ਇਤਿਹਾਸ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਨੂੰ ਇਹ ਨਾਵਲ ਪਸੰਦ ਤਾਂ ਆਵੇਗਾ ਹੀ, ਨਵੀਆਂ ਜਾਣਕਾਰੀਆਂ ਵੀ ਦੇਵੇਗਾ।
ਸੰਪਰਕ: 98147-83069