ਡਾ. ਅਮਰ ਕੋਮਲ
ਅੰਗਰੇਜ਼ੀ ਸਾਹਿਤ ਦਾ ਪ੍ਰਾਧਿਆਪਕ ਡਾ. ਜਗਜੀਤ ਸਿੰਘ ਕੋਮਲ ਮੂਲ ਰੂਪ ਵਿਚ ਪੰਜਾਬੀ ਦਾ ਨਾਟਕਕਾਰ ਹੈ। ਉਸ ਨੇ ਛੇ ਨਾਟਕਾਂ ਦੀ ਸਿਰਜਣਾ ਕੀਤੀ ਹੈ। ‘ਧੁੰਧੂਕਾਰਾ’ (ਕੀਮਤ: 600 ਰੁਪਏ; ਗਰੇਸੀਅਸ਼ ਬੁੱਕਸ, ਪਟਿਆਲਾ) ਉਸ ਦਾ 2021 ਵਿਚ ਛਪਿਆ ਇਕੋ-ਇਕ ਵੱਡ-ਅਕਾਰੀ ਨਾਵਲ ਹੈ। ਇਸ ਨਾਵਲ ਦੇ ਤਿੰਨ ਭਾਗ ਹਨ।
ਡਾ. ਜਗਜੀਤ ਸਿੰਘ ਕੋਮਲ ਨੇ ਆਪਣੇ ਇਸ ਨਾਵਲ ਵਿਚ ਨਕਸਲਬਾੜੀ ਲਹਿਰ ਤੋਂ ਪ੍ਰੇਰਨਾ ਲੈ ਕੇ ਲੋਕ ਲਹਿਰਾਂ ਦੇ ਰੂਪ ਵਿਚ ਕੀਤੇ ਵੱਖ-ਵੱਖ ਸੰਘਰਸ਼ਾਂ ਦਾ ਦੁਖਾਂਤ ਪੇਸ਼ ਕੀਤਾ ਹੈ। ਇਹ ਨਾਵਲ ਪੜ੍ਹ ਕੇ ਅਨੁਭਵ ਹੁੰਦਾ ਹੈ ਕਿ ਇਸ ਸੰਘਰਸ਼ ਅਧੀਨ ਚੱਲੀਆਂ ਲਹਿਰਾਂ ਦੇ ਕਿਉਂ ਇੱਛਤ ਨਤੀਜੇ ਨਾ ਨਿਕਲ ਸਕੇ ਅਤੇ ਸੰਗਰਾਮੀਆਂ ਦੀਆਂ ਕੁਰਬਾਨੀਆਂ ਕਿਉਂ ਅਸਫਲ ਰਹੀਆਂ।
ਪੰਜਾਬੀ ਵਿਚ ਨਕਸਲਬਾੜੀ ਵਿਸ਼ੇ ’ਤੇ ਅਨੇਕਾਂ ਨਾਵਲਾਂ ਦੀ ਰਚਨਾ ਹੋਈ ਹੈ, ਪਰ ਇਸ ਨਾਵਲ ਵਿਚ ਨਕਸਲੀ ਘਟਨਾਵਾਂ ਦੀਆਂ ਵਾਰਦਾਤਾਂ ਦੇ ਸ਼ਬਦ ਚਿੱਤਰ ਪੇਸ਼ ਕਰਨ ਦੇ ਨਾਲ-ਨਾਲ ਨਕਸਲੀ ਪਾਰਟੀ ਦੇ ਕਾਮਿਆਂ ਵੱਲੋਂ ਉਨ੍ਹਾਂ ਝੂਠੇ, ਰੰਗ ਬਦਲਦੇ ਨਾਮ-ਧਰੀਕ ‘ਨੇਤਾ ਸਮਝੇ/ਬਣੇ’ ਵਿਅਕਤੀਆਂ ਵਿਰੁੱਧ ਐਕਸ਼ਨ ਦੀਆਂ ਘਟਨਾਵਾਂ ਦਾ ਵਰਣਨ ਵੀ ਕੀਤਾ ਗਿਆ ਹੈ।
ਪੰਜਾਬ ਵਿਚ ਦੇਸੀ ਰਿਆਸਤਾਂ ਦੇ ਇਲਾਕਿਆਂ ਵਿਚ ਲੋਕ ਦੂਹਰੀ ਗ਼ੁਲਾਮੀ ਦਾ ਸ਼ਿਕਾਰ ਬਣੇ ਰਹੇ ਸਨ। ਨਕਸਲਬਾੜੀ ਪੱਛਮੀ ਬੰਗਾਲ ਵਿਚ ਚੱਲੀ ਲੋਕ ਲਹਿਰ ਸੀ ਜਿਸ ਤੋਂ ਪੰਜਾਬੀ ਇਲਾਕੇ ਵਿਚ ਚੱਲੀਆਂ ਲਹਿਰਾਂ ਨੇ ਪ੍ਰਭਾਵ ਕਬੂਲਿਆ। ਉਸ ਸਮੇਂ ਪੰਜਾਬ ਵਿਚ ਸੱਜੇ ਪੱਖੀ ਅਤੇ ਖੱਬੇ ਪੱਖੀ ਵਿਚਾਰਧਾਰਾ ਅਨੁਸਾਰ ਦੁਫਾੜ ਪੈਣ ਕਾਰਨ ਕੁੱਲ ਹਿੰਦ ਕਮਿਊਨਿਸਟ ਪਾਰਟੀ ਦੀ ਵੰਡ ਹੋ ਗਈ ਸੀ। ਦੂਜੇ ਸ਼ਬਦਾਂ ਵਿਚ ਨਰਮ ਖਿਆਲੀਏ ਕਮਿਊਨਿਸਟ ਸੱਜੇ ਪਾਰਟੀ ਦੇ ਮੈਂਬਰ ਸਨ ਜਦੋਂਕਿ ਗਰਮ ਖਿਆਲੀ ਵਿਚਾਰਧਾਰਾ ਧੜੇ ਵਾਲੇ ਖੱਬੇ ਪੱਖੀ ਅਖਵਾਏ। ਕਮਿਊਨਿਸਟ ਕੁੱਲ ਹਿੰਦ ਪਾਰਟੀ ਦਾ ਕਮਜ਼ੋਰ ਹੋਣਾ ਸੁਭਾਵਿਕ ਸੀ। ਸੱਜੇ ਖੱਬੇ ਵਿਚਾਰਧਾਰਾ ਦੇ ਕਮਿਊਨਿਸਟ ਲੋਕਾਂ ਦੀ ਦੂਰੀਆਂ ਵਧ ਗਈਆਂ। ਕਮਿਊਨਿਸਟ ਲਹਿਰ ਦੀ ਸਮੁੱਚੀ ਸ਼ਕਤੀ ਦਾ ਕਮਜ਼ੋਰ ਹੋਣ ਸਦਕਾ ਲਾਜ਼ਮੀ ਅਮਲ ਦੀ ਸ਼ਕਤੀ ਵੀ ਕਮਜ਼ੋਰ ਹੋ ਗਈ। ਦੋਵੇਂ ਧੜਿਆਂ ਦੇ ਵਿਰੋਧ ਕਾਰਨ ਫੈਲੇ ਧੰਧੂਕਾਰੇ ਕਰਕੇ ਹੋਏ ਰਾਜਸੀ, ਸਮਾਜੀ, ਸੰਸਕ੍ਰਿਤਕ ਨੁਕਸਾਨ ਦਾ ਘਾਟਾ ਹਾਲੇ ਤੱਕ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਧੁੰਧੂਕਾਰਾ ਨਾਵਲ ਦੇ ਪਹਿਲੇ ਭਾਗ ਵਿਚ ਹੀ ਕਮਿਊਨਿਸਟ ਪਾਰਟੀ ਦੇ ਦੋਵੇਂ ਸੱਜੇ ਖੱਬੇ ਗਰੁੱਪਾਂ ਦੀਆਂ ਕਮਜ਼ੋਰੀਆਂ ਉਜਾਗਰ ਹੋਣ ਲੱਗੀਆਂ ਸਨ। ਇਨ੍ਹਾਂ ਵਿਤਕਰਿਆਂ ਦੇ ਕਾਰਨ ਵਿਚਾਰਧਾਰਾਈ ਤਾਂ ਹਨ ਹੀ, ਨਿੱਜੀ ਆਪਸੀ ਮਤਭੇਦ ਵੀ ਸਨ। ਇਹ ਸਥਿਤੀ ਲੋਕ ਲਹਿਰਾਂ ਦੀ ਸਫ਼ਲਤਾ ਲਈ ਹਾਨੀਕਾਰਕ ਹੈ।
ਇਸ ਨਾਵਲ ਵਿਚ ਪੁਲੀਸ ਵਿਭਾਗ ਦੇ ਅਫ਼ਸਰਾਂ ਤੋਂ ਲੈ ਕੇ ਸਿਪਾਹੀਆਂ ਤਕ ਦੀਆਂ ਕਮਜ਼ੋਰੀਆਂ ਦਿਖਾ ਕੇ ਨਾਵਲਕਾਰ ਨੇ ਪੁਲੀਸ ਦੇ ਸਮੁੱਚੇ ਅਣਮਨੁੱਖੀ ਵਿਹਾਰ ਦੇ ਨਮੂਨੇ ਪੇਸ਼ ਕੀਤੇ ਹਨ। ਕਮਿਊਨਿਸਟ ਵਿਚਾਰਧਾਰਾ ਦੇ ਕਾਮੇ ਮੈਂਬਰ, ਕਿਰਤੀ ਕਿਸਾਨ ਵੀ ਹਨ, ਨੀਵੀਆਂ ਸਮਝੀਆਂ ਜਾਤੀਆਂ ਦੇ ਲੋਕ ਵੀ ਹਨ। ਅਨੇਕਾਂ ਇਮਾਨਦਾਰ ਕਾਮੇ ਹਨ ਜਿਨ੍ਹਾਂ ਨੇ ਲੋਕ ਲਹਿਰ ਨੂੰ ਸਫ਼ਲ ਬਣਾਉਣ ਲਈ ਸੱਚੇ ਮਨ ਤੋਂ ਇਸ ਲਹਿਰ ਦੀ ਸਫ਼ਲਤਾ ਲਈ ਜੁਝਾਰੂ ਰੂਪ ਧਾਰ ਕੇ ਕੁਰਬਾਨੀਆਂ ਕੀਤੀਆਂ ਹਨ। ਇਸ ਲਹਿਰ ਨਾਲ ਜੁੜੇ ਵਰਤਮਾਨ ਕਾਮਿਆਂ ਦੇ ਮਨਾਂ ਅੰਦਰ ਉਨ੍ਹਾਂ ਜੁਝਾਰੂ ਨੇਤਾਵਾਂ ਪ੍ਰਤੀ ਸ਼ਰਧਾ ਹੈ ਜਿਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਦੇ ਨਾਲ ਹੀ ਲੋਕ ਲਹਿਰਾਂ ਦੌਰਾਨ ਅਨੇਕਾਂ ਗ਼ਲਤੀਆਂ ਵੀ ਹੋਈਆਂ ਹਨ।
ਡਾ. ਜਗਜੀਤ ਸਿੰਘ ਦੇ ਨਾਵਲ ਧੁੰਧੂਕਾਰਾ ਵਿਚ ਪੇਸ਼ ਲਹਿਰਾਂ ਦੇ ਸਾਰੇ ਮਰਦ-ਇਸਤਰੀ ਪਾਤਰ ਬੋਲੀ, ਸ਼ੈਲੀ, ਵਰਤ-ਵਰਤਾਰੇ ਤੋਂ ਮਲਵਈ ਬੋਲਦੇ ਦਿਖਾਏ ਹਨ। ਲੇਖਕ, ਆਪ ਪੰਜਾਬੀ ਸਭਿਆਚਾਰ ਦਾ ਮੁੱਦਈ ਹੈ। ਇਸੇ ਲਈ ਨਾਵਲ ਦੇ ਇਸਤਰੀ ਮਰਦ ਪਾਤਰ ਮਲਵਈ ਪੇਂਡੂ ਭਾਸ਼ਾ ਬੋਲਦੇ ਹਨ। ਪੁਲੀਸ ਵਿਭਾਗ ਦੇ ਛੋਟੇ-ਵੱਡੇ ਅਧਿਕਾਰੀ ਮਲਵਈ ਗਾਲ੍ਹਾਂ ਕੱਢਦੇ ਦਿਖਾਏ ਹਨ। ਨਾਵਲ ਵਿਚ ਦਿਖਾਏ ਸੰਘਰਸ਼ਾਂ ਵਿਚ ਕੁਰਬਾਨ ਹੋਣ ਵਾਲੇ ਨਾਇਕ ਪੁਰਸ਼ ਕੁਰਬਾਨੀਆਂ ਦਿੰਦੇ ਰਹੇ, ਪਰ ਉਹ ਮਨਚਾਹਿਆ ਇਨਕਲਾਬ ਨਹੀਂ ਲਿਆ ਸਕੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਿਆ।
ਕੌਮੀ ਕੌਮਾਂਤਰੀ ਪੱਧਰ ’ਤੇ ਜੁਝਾਰੂ ਵਿਚਾਰਧਾਰਾ ਦੇ ਰਚਨਾਤਮਿਕ ਸਿੱਟੇ ਆਸ ਤੋਂ ਬਹੁਤ ਘੱਟ ਪ੍ਰਾਪਤ ਹੋਏ ਹਨ। ਕੌਮੀ ਪੱਧਰ ’ਤੇ ਪੱਛਮੀ ਬੰਗਾਲ ਦੀ ਰਹਿਨੁਮਾਈ, ਸੱਜੇ ਪੱਖੀ ਵਿਚਾਰ-ਧਾਰਾ ਵਾਲੇ ਨੇਤਾ ਹਕੂਮਤ ਪ੍ਰਾਪਤ ਕਰਕੇ ਵੀ ਸਫ਼ਲ ਨਹੀਂ ਹੋਏ। ਕਮਿਊਨਿਸਟ ਪਾਰਟੀ ਸੱਜੇ ਖੱਬੇ ਵਿਚਾਰਾਂ ਦੀ ਟੱਕਰ ਕਾਰਨ ਪ੍ਰਭਾਵਹੀਣ ਬਣ ਕੇ ਰਹਿ ਗਈ। ਪੰਜਾਬ ਵਿਚ ਪਾਰਟੀਆਂ ਦੇ ਸਿਧਾਂਤ ਅਰਥਹੀਣ ਬਣ ਗਏ। ਪੰਜਾਬ ਦੇ ਪਿੰਡਾਂ ਨੂੰ ਆਧੁਨਿਕ ਵਿਗਿਆਨ ਦੀਆਂ ਕਾਢਾਂ ਦੀਆਂ ਸਹੂਲਤਾ ਤਾਂ ਪ੍ਰਾਪਤ ਹੋਣ ਲੱਗੀਆਂ ਹਨ, ਪਰ ਦੋਵੇਂ ਪਾਰਟੀਆਂ ਲੋਕ ਸਭਿਆਚਾਰ ਦਾ ਨਵੀਨੀਕਰਨ ਕਰਨ ਤੋਂ ਅਸਮਰੱਥ ਰਹੀਆਂ ਹਨ। ਪਿੰਡਾਂ ਵਿਚ ਹੀ ਨਹੀਂ, ਸ਼ਹਿਰਾਂ ਵਿਚ ਵੀ ਬੇਰੁਜ਼ਗਾਰੀ, ਗ਼ਰੀਬੀ ਅਤੇ ਮੰਦਹਾਲੀ ਵਧ ਰਹੀ ਹੈ ਜਿਸ ਕਾਰਨ ਨਸ਼ਿਆਂ ਅਤੇ ਪ੍ਰਦੂਸ਼ਣ ਦਾ ਚਲਣ ਵਧ ਗਿਆ ਹੈ। ਲੋਕਾਂ ਵਿਚ ਨਿਰਾਸ਼ਾ ਹੈ। ਮੰਦਹਾਲੀ ਦਾ ਧੁੰਧੂਕਾਰਾ ਸੰਘਣਾ ਹੋ ਰਿਹਾ ਹੈ।
ਧੁੰਧੂਕਾਰਾ ਨਾਵਲ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਚੱਲੀ ਨਕਸਲਵਾੜੀ ਲਹਿਰ ਨੂੰ ਦ੍ਰਿਸ਼ਟੀਗੋਚਰ ਕਰਦਿਆਂ ਸੱਜੇ-ਖੱਬੇ ਕਮਿਊਨਿਸਟਾਂ ਵੱਲੋਂ ਚਲਾਈਆਂ ਲਹਿਰਾਂ ਨੂੰ ਬਿਆਨ ਕਰਦਾ ਹੈ। ਇਹ ਪੰਜਾਬ ਦੇ ਲੋਕ ਜੀਵਨ ਅਤੇ ਪੁਲੀਸ ਵਿਭਾਗ ਦੀਆਂ ਜੇਲ੍ਹਾਂ ਦੀ ਕਾਰਜ ਪ੍ਰਣਾਲੀਆਂ ਦਾ ਯਥਾਰਥਕ ਵਸਤੂ ਵੇਰਵਾ ਦਰਸਾਉਣ ਵਾਲਾ ਅਜਿਹਾ ਨਾਵਲ ਹੈ ਜਿਸ ਵਿਚ ਸਮੇਂ-ਸਮੇਂ ਚੱਲੀਆਂ ਲੋਕ-ਲਹਿਰਾਂ ਤੇ ਪਿੱਛੋਂ ਆਜ਼ਾਦ ਭਾਰਤ ਵਿਚ ਪਾਰਟੀ ਦੇ ਸੰਘਰਸ਼ ਦੇ ਸ਼ਬਦ-ਚਿੱਤਰ ਪੇਸ਼ ਹਨ।
ਸੰਪਰਕ: 84378-73565