ਸੁਰਜੀਤ ਪਾਤਰ
ਇਕ ਬਾਲ ਕਵਿਤਾ
ਮੈਂ ਤੁਹਾਨੂੰ ਅੱਜ ਸੁਣਾਉਂਨਾਂ ਇਕ ਕਹਾਣੀ
ਹੈ ਬੜੀ ਦਿਲਚਸਪ, ਹੈ ਭਾਵੇਂ ਪੁਰਾਣੀ
ਰੁੱਖ ਦੇ ਮੁੱਢ ਦੋ ਭਰਾਵਾਂ ਨੇ ਖ਼ਜ਼ਾਨਾ ਦੱਬਿਆ ਸੀ
ਜੋ ਉਨ੍ਹਾਂ ਨੂੰ ਕਿਤਿਓਂ ਸਾਂਝਾ ਲੱਭਿਆ ਸੀ
ਆ ਗਈ ਵੱਡੇ ਦੇ ਮਨ ਵਿਚ ਬੇਈਮਾਨੀ
ਕੀਤੀ ਛੋਟੇ ਨਾਲ ਉਸ ਨੇ ਇਹ ਸ਼ਤਾਨੀ
ਆਇਆ ਅੱਧੀ ਰਾਤ ਕੱਲਾ ਉੱਠ ਕੇ
ਲੈ ਗਿਆ ਸਾਰਾ ਖ਼ਜ਼ਾਨਾ ਪੁੱਟ ਕੇ
ਫਿਰ ਉਹ ਮਿੱਟੀ ਨਾਲ਼ ਟੋਆ ਭਰ ਗਿਆ
ਓਸ ਥਾਂ ਨੂੰ ਪਹਿਲਾਂ ਵਰਗੀ ਕਰ ਗਿਆ
ਕੁਝ ਦਿਨਾਂ ਮਗਰੋਂ ਕਿਸੇ ਕੰਮ ਦੇ ਲਈ
ਪੈਸਿਆਂ ਦੀ ਲੋੜ ਛੋਟੇ ਨੂੰ ਪਈ
ਆਣ ਕੇ ਵੱਡੇ ਨੂੰ ਉਸ ਨੇ ਆਖਿਆ
ਪੈਸਿਆਂ ਦੀ ਲੋੜ ਹੈ ਮੈਨੂੰ ਭਰਾ
ਆ ਜ਼ਰਾ ਤੂੰ ਕੰਮ ਸਾਰੇ ਛੱਡ ਕੇ
ਓਥੋਂ ਕੁਝ ਸਿੱਕੇ ਲਿਆਈਏ ਕੱਢ ਕੇ
ਉਂਜ ਤਾਂ ਵੱਡੇ ਨੂੰ ਸਾਰਾ ਭੇਤ ਸੀ
ਰੁੱਖ ਦੇ ਮੁੱਢ ਹੁਣ ਤਾਂ ਕੇਵਲ ਰੇਤ ਸੀ
ਫੇਰ ਵੀ ਉਹ ਕਹਿਣ ਲੱਗਾ: ਕਿਉਂ ਨਹੀਂ?
ਅਪਣਾ ਪੈਸਾ ਏ ਲਿਆਉਣਾ ਕਿਉਂ ਨਹੀਂ?
ਜਦ ਉਨ੍ਹਾਂ ਨੇ ਓਸ ਥਾਂ ਨੂੰ ਪੁੱਟਿਆ
ਕੀ ਨਿਕਲਦਾ ਓਥੋਂ, ਕੁਝ ਨਾ ਨਿਕਲਿਆ
ਮੀਸਣਾ ਜਿਹਾ ਬਣ ਕੇ ਵੱਡੇ ਨੇ ਕਿਹਾ:
ਦੱਬਿਆ ਤਾਂ ਏਥੇ ਸੀ ਕਿੱਥੇ ਗਿਆ?
ਲੈ ਗਿਆ ਹੋਵੇਂਗਾ ਤੂੰ ਹੀ ਛੋਟਿਆ
ਝੂਠਿਆ, ਚੋਰਾ, ਕਮੀਨਿਆ, ਖੋਟਿਆ
ਛੋਟੇ ਦੇ ਨੈਣਾਂ ਚ ਹੰਝੂ ਆ ਗਏ
ਕਹਿਣ ਲੱਗਾ ਵਿਹਲ ਧਰਤੀ ਦੇ ਦਏ
ਬੱਚਿਆਂ ਦੀ ਸਹੁੰ ਏ, ਵੱਡੇ ਵੀਰਨਾ
ਮੇਰੇ ਸੀਨੇ ਖੋਭ ਇਹ ਸ਼ਮਸ਼ੀਰ ਨਾ
ਮੈਂ ਤਾਂ ਇਹ ਗੱਲ ਸੋਚ ਵੀ ਸਕਦਾ ਨਹੀਂ
ਲੈ ਲਵਾਂ ਉਹ ਜੋ ਮੇਰੇ ਹੱਕ ਦਾ ਨਹੀਂ
ਵੱਡਾ ਗੁੱਸੇ ਨਾਲ਼ ਉੱਚੀ ਗਰਜਿਆ
ਐਵੇਂ ਹੁਣ ਖੇਖਣ ਨਾ ਕਰ ਕੇ ਤੂੰ ਛੋਟਿਆ
ਸਿੱਕਿਆਂ ਦੀ ਲਿਸ਼ਕ ਬਦਲੇ ਝੂਠਿਆ
ਹੰਝੂਆਂ ਦੀ ਲਿਸ਼ਕ ਨਾ ਮੈਨੂੰ ਦਿਖਾ
ਸਾਡੇ ਦੋਹਾਂ ਤੋਂ ਬਿਨਾ ਕੋਈ ਤੀਸਰਾ
ਭੇਤ ਦੱਬੇ ਦਾ ਨਹੀਂ ਸੀ ਜਾਣਦਾ
ਠਹਿਰ ਪਰ ਸੁੱਝੀ ਹੈ ਮੈਨੂੰ ਗੱਲ ਇਕ
ਆਪਣੇ ਮਸਲੇ ਦਾ ਹੈਗਾ ਹੱਲ ਇਕ
ਸੀ ਕੋਈ ਸਾਡੇ ਬਿਨਾ ਵੀ ਤੀਸਰਾ
ਜੋ ਸੀ ਦੌਲਤ ਦੱਬਦਿਆਂ ਨੂੰ ਦੇਖਦਾ
ਏਹੀ ਰੁੱਖ ਜਿੱਥੇ ਖ਼ਜ਼ਾਨਾ ਦੱਬਿਆ ਸੀ
ਇਹ ਵੀ ਸਭ ਕੁਝ ਕਰਦਿਆਂ ਨੂੰ ਦੇਖਦਾ ਸੀ
ਇਹ ਗਵਾਹ ਹੈ ਏਹੀ ਸਾਡਾ ਦੇਵਤਾ
ਸੱਚ ਬੋਲੇਗਾ ਇਹ ਸਭ ਕੁਝ ਜਾਣਦਾ
ਲੈ ਕੇ ਆਵਾਂਗੇ ਅਸੀਂ ਪੰਚੈਤ ਕੱਲ੍ਹ
ਇਸ ਨੂੰ ਹੀ ਪੁੱਛਾਂਗੇ ਸੱਚੋ ਸੱਚ ਗੱਲ
ਏਹੀ ਸਭ ਦੱਸੇਗਾ ਸਭ ਦੇ ਸਾਹਮਣੇ
ਏਸ ਨੇ ਹੀ ਸੱਚੇ ਝੂਠੇ ਪਰਖਣੇ
ਛੋਟੇ ਦੇ ਦਿਲ ਨੂੰ ਵੀ ਧੀਰਜ ਆ ਗਿਆ
ਇਉਂ ਨਿਤਾਰਾ ਹੋਊ, ਉਸ ਨੇ ਸੋਚਿਆ
ਆ ਜੁੜੀ ਪੰਚੈਤ ਅਗਲੀ ਸ਼ਾਮ ਨੂੰ
ਸੁਣਨ ਤੇ ਪਰਖਣ ਲਈ ਇਲਜ਼ਾਮ ਨੂੰ
ਬਿਰਖ ਦੇ ਲਾਗੇ ਮਸ਼ਾਲਾਂ ਬਾਲ਼ ਕੇ
ਆ ਜੁੜੇ ਸਭ ਬਿਰਧ, ਅਧਖੜ, ਬਾਲਕੇ
ਚੁੱਪ ਸਭ ਹੋਏ ਤਾਂ ਰੁੱਖ ਇਉਂ ਬੋਲਿਆ
ਸਭ ਦੇ ਸਨਮੁਖ ਭੇਤ ਉਸ ਨੇ ਖੋਲ੍ਹਿਆ:
ਪੁੱਛਦੇ ਓ ਤਾਂ ਤੁਹਾਨੂੰ ਦੱਸਦਾਂ
ਇਹ ਨੇ ਸਭ ਛੋਟੇ ਦੀਆਂ ਹੀ ਹਰਕਤਾਂ
ਆਇਆ ਸੀ ਛੋਟਾ ਹੀ ਅੱਧੀ ਰਾਤ ਨੂੰ
ਮੈਂ ਮੁਕਾਉਂਦਾ ਹਾਂ ਚਲੋ ਇਸ ਬਾਤ ਨੂੰ
ਛੋਟੇ ਨੇ ਹੀ ਆ ਕੇ ਟੋਆ ਪੁੱਟਿਆ
ਸਾਹਮਣੇ ਮੇਰੇ ਖ਼ਜ਼ਾਨਾ ਲੁੱਟਿਆ
ਜੋ ਵੀ ਓਥੇ ਬੱਚੇ ਬੁੱਢੇ ਜੁਆਨ ਸਨ
ਸੁਣ ਕੇ ਰੁੱਖ ਦੀ ਗੱਲ ਸਭ ਹੈਰਾਨ ਸਨ
ਕਿਉਂ ਤੂੰ ਇਹ ਕਰਤੂਤਾਂ ਕੀਤੀਆਂ ਪੁੱਠੀਆਂ
ਸੱਭੇ ਉਂਗਲਾਂ ਛੋਟੇ ਦੇ ਵੱਲ ਉੱਠੀਆਂ
ਰੁੱਖ ਦੀ ਗੱਲ ਸੁਣ ਕੇ ਛੋਟਾ ਕੰਬਿਆ
ਐ ਮਨਾ ਇਹ ਵਕਤ ਕੈਸਾ ਆ ਗਿਆ
ਰੁੱਖ ਬੋਲਣ ਲੱਗ ਪਏ ਤੇ ਉਹ ਵੀ ਝੂਠ
ਇਹਨਾਂ ਨੇ ਵੀ ਖਾ ਲਈ ਬੰਦੇ ਦੀ ਜੂਠ
ਉਸ ਦੀਆਂ ਅੱਖਾਂ ਚ ਹੰਝੂ ਆ ਗਏ
ਕੰਬੇ ਉਸ ਦੇ ਨੈਣ ਫਿਰ ਪਥਰਾ ਗਏ
ਉਸ ਨੇ ਦਿੱਤੇ ਬੋਲ ਅਪਣੇ ਦੁੱਖ ਨੂੰ
ਲਾ ਦਿਆਂਗਾ ਅੱਗ ਮੈਂ ਇਸ ਰੁੱਖ ਨੂੰ
ਇਹ ਜੋ ਇਕਦਮ ਝੂਠ ਕੋਰਾ ਬੋਲਦਾ
ਮੈਂ ਨਹੀਂ ਹੁਣ ਮੰਨਦਾ ਇਸਨੂੰ ਦੇਵਤਾ
ਕਹਿਣ ਲੱਗਾ ਵੱਡਾ: ਲਉ ਜੀ ਦੇਖ ਲਉ
ਕਲਜੁਗੀ ਜੀਵਾਂ ਦੀ ਕਰਨੀ ਦੇਖ ਲਉ
ਹੁਣ ਜਦੋਂ ਰੁੱਖ ਦੇਵਤਾ ਸੱਚ ਬੋਲਿਆ
ਕਿਸ ਤਰ੍ਹਾਂ ਇਹ ਝੂਠਾ ਬੰਦਾ ਤੜਪਿਆ
ਛੋਟੇ ਨੂੰ ਇਹ ਸੁਣ ਕੇ ਗੁੱਸਾ ਆ ਗਿਆ
ਖ਼ੂਨ ਸਿੱਲ੍ਹੀਆਂ ਅੱਖੀਆਂ ਵਿਚ ਉਤਰਿਆ
ਉਸ ਨੇ ਚੁੱਕ ਮਸ਼ਾਲ, ਭਾਂਬੜ ਬਾਲ਼ਿਆ
ਸੁੱਕਾ ਕੁਝ ਸਲਵਾੜ੍ਹ, ਨਾਲ਼ ਰਲ਼ਾ ਲਿਆ
ਉਸ ਦੀਆਂ ਅੱਖਾਂ ਚ ਸੀ ਜੋ ਭਾਵਨਾ
ਝੱਲੀ ਜਾਂਦੀ ਸੀ ਕਿਸੇ ਤੋਂ ਤਾਬ ਨਾ
ਰੋਸ ਦਾ ਭਰਿਆ ਉਹ ਪਾਗਲ ਹੋ ਗਿਆ
ਇਉਂ ਕਹੋ ਕਿ ਅੱਗ ਦਾ ਭਾਂਬੜ ਹੋ ਗਿਆ
ਦਿਲ ਚੋਂ ਮੈਂ ਕੱਢਾਂਗਾ ਏਦਾਂ ਦੁੱਖ ਨੂੰ
ਕਹਿਣ ਲੱਗਾ ਸਾੜ ਦਊਂ ਇਸ ਰੁੱਖ ਨੂੰ
ਕੋਈ ਡਰਦਾ ਆਵੇ ਉਹਦੇ ਕੋਲ ਨਾ
ਜੇ ਕੋਈ ਬੋਲੇ, ਉਹ ਆਖੇ ਬੋਲ ਨਾ
ਡਰ ਗਏ ਸਾਰੇ ਤੇ ਉਹ ਵੀ ਡਰ ਗਿਆ
ਉਹ ਜੋ ਰੁੱਖ ਦੇ ਵਿੱਚ ਸੀ ਲੁਕਿਆ ਬੈਠਿਆ
ਜਿਸ ਨੂੰ ਵੱਡੇ ਨੇ ਲੁਕਾਇਆ ਹੋਇਆ ਸੀ
ਅਪਣੀ ਠੱਗੀ ਵਿਚ ਰਲ਼ਾਇਆ ਹੋਇਆ ਸੀ
ਰੁੱਖ ਦੀ ਜੋ ਜੀਭ ਬਣਿਆ ਹੋਇਆ ਸੀ
ਖੇਡ ਇਕ ਅਜੀਬ ਬਣਿਆ ਹੋਇਆ ਸੀ
ਉਹ ਸੀ ਜਿਹੜਾ ਕੁਫ਼ਰ ਏਨਾ ਤੋਲਦਾ
ਝੂਠੀ ਮੂਠੀ ਰੁੱਖ ਬਣ ਕੇ ਬੋਲਦਾ
ਅੱਗ ਦੇ ਭਾਂਬੜ ਤੋਂ ਭਾਵੇਂ ਡਰ ਗਿਆ
ਹੌਸਲੇ ਦਾ ਕਰ ਕੇ ਅਭਿਨੈ ਬੋਲਿਆ:
ਗੱਲ ਸੁਣ ਲੈ ਮੇਰੀ ਹੁਣ ਤੂੰ ਛੋਟਿਆ
ਹਾਲੇ ਅਪਣੀ ਸ਼ਕਤੀ ਨੂੰ ਨਈਂ ਵਰਤਿਆ
ਇੱਕ ਵੀ ਪੱਤੇ ਨੂੰ ਜੇ ਅੱਗ ਛੁਹ ਗਈ
ਵੰਸ਼ ਅੰਨ੍ਹੀ ਕਰ ਦਊਂ ਪੁਸ਼ਤਾਂ ਲਈ
ਕੋਲ ਨਾ ਆ, ਪਿੱਛੇ ਹਟ ਜਾ ਅਪਣੇ ਆਪ
ਦੇ ਦਿਆਂਗਾ ਤੈਨੂੰ ਵਰਨਾ ਮੈਂ ਸਰਾਪ
ਮੈਂ ਨਹੀਂ ਡਰਦਾ, ਨਹੀਂ ਕੀਤਾ ਮੈਂ ਪਾਪ
ਦੇ ਦੇ ਹੁਣ ਜਿਹੜਾ ਤੂੰ ਦੇਣਾ ਏਂ ਸਰਾਪ
ਜੇ ਕਿਤੇ ਰੱਬ ਹੀ ਨਹੀਂ, ਤਾਂ ਕੀ ਸਰਾਪ
ਜੇ ਕਿਤੇ ਉਹ ਹੈ ਤਾਂ ਸਭ ਸਮਝੇਗਾ ਆਪ
ਜੇ ਉਹ ਝੂਠਾ ਹੈ ਜਾਂ ਉਸ ਨੂੰ ਸਾਰ ਨਈਂ
ਮੈਨੂੰ ਕੋਈ ਖ਼ੌਫ਼, ਕੋਈ ਪਿਆਰ ਨਈਂ
ਜੇ ਉਹ ਸੱਚੇ ਨੂੰ ਬਚਾ ਸਕਦਾ ਨਹੀਂ
ਮੇਰਾ ਉਸਦਾ ਫਿਰ ਕੋਈ ਰਿਸ਼ਤਾ ਨਹੀਂ
ਲਾਂਬੂ ਉਸ ਨੇ ਹੋਰ ਉੱਚਾ ਚੁੱਕਿਆ
ਜਦ ਜ਼ਰਾ ਪੱਤਿਆਂ ਨੂੰ ਛੋਹਣ ਲੱਗਿਆ
ਉਹ ਜੋ ਸੰਘਣੇ ਰੁੱਖ ਚ ਸੀ ਲੁਕਿਆ ਪਿਆ
ਹੁਣ ਉਹ ਅੰਦਰੋਂ ਬਹੁਤ ਜ਼ਿਆਦਾ ਡਰ ਗਿਆ
ਅੱਗ ਦੀਆਂ ਲਪਟਾਂ ਤੋਂ ਤ੍ਰਹਿ ਕੇ ਤਿਲਕਿਆ
ਰੁੱਖ ਦੇ ਮੁੱਢ ਕੋਲ ਆ ਕੇ ਡਿੱਗ ਪਿਆ
ਉਹ ਸੀ ਜਿਹੜਾ ਰੁੱਖ ਬਣ ਕੇ ਬੋਲਦਾ
ਕਹਿਣ ਲੱਗੇ ਲੋਕ ਦੇਖੋ ਆਹ ਪਿਆ
ਛਿੱਥਾ ਪੈ ਕੇ, ਹੋ ਕੇ ਹੁਣ ਅੰਤਾਂ ਦਾ ਜਿੱਚ
ਡਿੱਗਿਆ ਏ ਲੋਕਾਂ ਦਿਆਂ ਪੈਰਾਂ ਦੇ ਵਿੱਚ
ਉਹ ਅਚਾਨਕ ਜੋਸ਼ ਖਾ ਕੇ ਉੱਠਿਆ
ਲੱਗਿਆ ਦੌੜਨ ਤਾਂ ਲੋਕਾਂ ਫੜ ਲਿਆ
ਜੋੜ ਕੇ ਉਹ ਹੱਥ, ਪੈਰੀਂ ਪੈ ਗਿਆ
ਗਰਜਦਾ ਸੀ ਜਿਹੜਾ ਹੁਣ ਡਡਿਆ ਪਿਆ
ਬਖ਼ਸ਼ਿਓ ਮੈਨੂੰ ਭਰਾਵੋ ਬਖ਼ਸ਼ਿਓ
ਮੈਂ ਨਿਦੋਸ਼ਾ, ਮੈਨੂੰ ਨਾ ਕੁਝ ਵੀ ਕਿਹੋ
ਮੈਨੂੰ ਤਾਂ ਵੱਡੇ ਨੇ ਸਭ ਕੁਝ ਆਖਿਆ ਸੀ
ਦੇ ਕੇ ਲਾਲਚ ਰੁੱਖ ਉਤੇ ਚਾੜ੍ਹਿਆ ਸੀ
ਕਿੱਥੇ ਹੈ ਉਹ ਵੱਡਾ ਜਿਸ ਨੇ ਥਾਪਿਆ ਸੀ
ਰੱਬ ਬਣਾ ਕੇ ਇਸਨੂੰ ਰੁੱਖ ’ਤੇ ਚਾੜ੍ਹਿਆ ਸੀ
ਖਿਸਕ ਚੁੱਕਾ ਸੀ ਤਦੋਂ ਤੱਕ ਰੱਬ ਦਾ ਰੱਬ
ਸਮਝ ਚੁੱਕੇ ਸੀ ਹਕੀਕਤ ਲੋਕ ਸਭ
ਛੋਟੇ ਨੂੰ ਸਭਨਾਂ ਨੇ ਸੀਨੇ ਲਾ ਲਿਆ
ਤੈਨੂੰ ਤੇਰੇ ਸੱਚ ਨੇ ਅੱਜ ਬਚਾ ਲਿਆ
ਤੇਰੇ ਅੰਦਰ ਦੁੱਖ ਸੀ ਤੇ ਸੱਚ ਸੀ
ਤੂੰ ਨਾ ਡਰਿਆ ਉਸ ਤੋਂ ਜਿਹੜਾ ਕੱਚ ਸੀ
ਰੁੱਖ ਨੇ ਸਭ ਜਾਂਦਿਆਂ ਨੂੰ ਦੇਖਿਆ
ਬੰਦਿਆਂ ਦੀ ਸੋਚ ਬਾਰੇ ਸੋਚਿਆ
ਚੁੱਪ ਸੀ ਉਹ, ਪਰ ਉਹਦੇ ਪੱਤੇ ਇਵੇਂ
ਥਿਰਕਦੇ ਸਨ ਕਹਿ ਰਹੇ ਸਨ ਕੁਝ ਜਿਵੇਂ
ਕੰਬਦੇ ਪੱਤਿਆਂ ਨੇ ਕੀ ਸੀ ਆਖਿਆ
ਕੌਣ ਸਮਝੇ ਪੱਤਿਆਂ ਦੀ ਭਾਖਿਆ
ਸਾਵੇ ਰੁੱਖ ਤੋਂ ਪੀਲੇ ਕੁਝ ਪੱਤੇ ਗਿਰੇ
ਜਿਸ ਤਰ੍ਹਾਂ ਕਿ ਰੁੱਖ ਦੇ ਹੰਝੂ ਕਿਰੇ
ਪਾਕ ਪਾਵਨ ਏਨ੍ਹਾਂ ਦੀ ਭਾਸ਼ਾ ਏ ਮੌਨ
ਬੋਲਦੇ ਨੇ ਰੁੱਖ ਪਰ ਸੁਣਦਾ ਹੈ ਕੌਣ?
ਸੰਪਰਕ: 98145-04272