ਮੂਲ : ਸ਼ਰਦ ਜੋਸ਼ੀ
ਹਿੰਦੀ ਵਿਅੰਗ
ਖੱਬੇ ਪੈਰ ਦੇ ਬੂਟ ਨੇ ਸੱਜੇ ਪੈਰ ਦੇ ਬੂਟ ਨੂੰ ਪੁੱਛਿਆ, “ਤੂੰ ਕਿਸ ਕੰਪਨੀ ਦਾ ਹੈਂ?”
ਸੱਜੇ ਪੈਰ ਦੇ ਬੂਟ ਨੇ ਜਵਾਬ ਦਿੱਤਾ, “ਮੈਂ ਬਾਟਾ ਕੰਪਨੀ ਦਾ ਹਾਂ।”
“ਸੱਚੀਂ!” ਖੱਬੇ ਪੈਰ ਦਾ ਬੂਟ ਇਹ ਸੁਣ ਕੇ ਬਹੁਤ ਖ਼ੁਸ਼ ਹੋਇਆ। ਬੋਲਿਆ, “ਮੈਂ ਵੀ ਬਾਟਾ ਕੰਪਨੀ ਦਾ ਹਾਂ।”
ਦੋ ਬੂਟ। ਬੜੇ ਮਜ਼ਬੂਤ, ਬਹੁਤ ਚਮਕਦਾਰ। ਦੋਵੇਂ ਆਪਸ ਵਿਚ ਇੱਕ-ਦੂਜੇ ਨੂੰ ਬੜਾ ਪਿਆਰ ਕਰਦੇ ਸਨ। ਕਦੇ ਵੱਖ ਨਹੀਂ ਹੋਏ। ਜਿੱਥੇ ਰਹਿੰਦੇ, ਇਕੱਠੇ ਰਹਿੰਦੇ। ਜਿੱਥੇ ਜਾਂਦੇ, ਇਕੱਠੇ ਜਾਂਦੇ ਅਤੇ ਇਕੱਠੇ ਹੀ ਵਾਪਸ ਮੁੜ ਕੇ ਆਉਂਦੇ। ਕਦੇ ਅਜਿਹਾ ਨਹੀਂ ਹੋਇਆ ਕਿ ਇਕ ਬੂਟ ਬਾਹਰ ਜਾਣ ਲੱਗਿਆ ਤਾਂ ਦੂਜੇ ਨੇ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ ਹੋਵੇ। ਕਦੇ ਅਜਿਹਾ ਨਹੀਂ ਹੋਇਆ ਕਿ ਇੱਕ ਬੂਟ ਘਰ ਪਰਤਿਆ ਤਾਂ ਦੂਜਾ ਉਹਦੇ ਨਾਲ ਨਾ ਆਇਆ ਹੋਵੇ। ਬੜਾ ਪ੍ਰੇਮ ਸੀ ਦੋਹਾਂ ਵਿੱਚ।
ਦੋਵੇਂ ਬੂਟਾਂ ਕੋਲ ਇੱਕ-ਇੱਕ ਜੁਰਾਬ ਸੀ ਅਤੇ ਇੱਕ-ਇੱਕ ਪੈਰ। ਮਜਾਲ ਹੈ ਕਿ ਇਕ ਬੂਟ ਦਾ ਪੈਰ ਦੂਜੇ ਬੂਟ ‘ਚ ਚਲਾ ਜਾਵੇ! ਗਲਤੀ ਹੁੰਦੀ ਵੀ, ਤਾਂ ਠੀਕ ਕਰ ਲਈ ਜਾਂਦੀ। ਦੋਹਾਂ ਵਿੱਚ ਆਪਸੀ ਗੁੱਸੇ-ਗਿਲੇ ਦਾ ਕੋਈ ਕਾਰਨ ਨਹੀਂ ਸੀ।
ਇਕ ਵਾਰ ਦੋਵੇਂ ਬੂਟ ਰਾਹ ਵਿਚ ਕਿਧਰੇ ਜਾ ਰਹੇ ਸਨ। ਮੌਕੇ ਦੀ ਗੱਲ। ਇਕ ਬੂਟ ਨੂੰ ਪੱਥਰ ਨਾਲ ਸੱਟ ਲੱਗ ਗਈ। ਇਸ ’ਤੇ ਦੂਜੇ ਨੇ ਕਿਹਾ, “ਘਬਰਾ ਨਾ, ਹਿੰਮਤ ਰੱਖ, ਮੈਂ ਤੇਰੇ ਨਾਲ ਹਾਂ!”
ਉਸ ਦਿਨ ਦੋਹਾਂ ਬੂਟਾਂ ਨੂੰ ਜਿਸ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ, ਉਸ ਨਾਲ ਉਨ੍ਹਾਂ ਦਾ ਹੌਸਲਾ ਵੀ ਵਧਿਆ ਅਤੇ ਅਨੁਭਵ ਵੀ। ਉਹ ਸਮਝ ਗਏ ਕਿ ਜੇ ਅਸੀਂ ਸਹਿਯੋਗ, ਸਿਆਣਪ ਅਤੇ ਸਮਝਦਾਰੀ ਨਾਲ ਚੱਲਾਂਗੇ ਤਾਂ ਅਸੀਂ ਜੀਵਨ ਦੀ ਹਰ ਚੜ੍ਹਾਈ ਪਾਰ ਕਰ ਸਕਦੇ ਹਾਂ।
ਦੋਹਾਂ ਬੂਟਾਂ ਨੂੰ ਆਪਣੇ ਪੈਰਾਂ ਦੀ ਇਕ ਗੱਲ ਬਿਲਕੁਲ ਚੰਗੀ ਨਹੀਂ ਸੀ ਲੱਗਦੀ। ਉਨ੍ਹਾਂ ਦਾ ਮੰਦਰ ਵਿੱਚ ਜਾਣਾ। ਦੋਵੇਂ ਬੂਟ ਰੱਬ ਵਿਚ ਯਕੀਨ ਨਹੀਂ ਰੱਖਦੇ ਸਨ। ਜਿੱਥੇ ਮੰਦਰ ਆਉਂਦਾ, ਉਹ ਬਾਹਰ ਰੁਕ ਜਾਂਦੇ। ਜਦੋਂ ਤੱਕ ਪੈਰ ਅੰਦਰੋਂ ਨਾ ਮੁੜਦੇ, ਉਹ ਬਾਹਰ ਹੀ ਬੈਠੇ ਰਹਿੰਦੇ। ਉਨ੍ਹਾਂ ਦਾ ਤਾਂ ਕਹਿਣਾ ਸੀ ਕਿ ‘ਸਾਡਾ ਰੱਬ ਤਾਂ ਸਾਡਾ ਪੈਰ ਹੈ! ਜਦੋਂ ਤਕ ਉਹ ਸਾਡੇ ਵਿੱਚ ਹੈ, ਸਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ!’
ਇਉਂ ਹੀ ਚਲਦਿਆਂ- ਚਲਦਿਆਂ ਉਨ੍ਹਾਂ ਦੇ ਆਖ਼ਰੀ ਦਿਨ ਆ ਗਏ। ਇਕ ਬੂਟ ਨੂੰ ਅਜਿਹੀ ਸੱਟ ਲੱਗੀ ਕਿ ਉਹ ਚੱਲਣ ਦੇ ਯੋਗ ਨਹੀਂ ਰਿਹਾ। ਜੀਵਨ ਤੋਂ ਨਿਰਾਸ਼ ਹੋ ਕੇ ਉਹਨੇ ਦੂਜੇ ਬੂਟ ਨੂੰ ਕਿਹਾ, “ਭਰਾਵਾ, ਹੁਣ ਮੈਂ ਕਿਸੇ ਕੰਮ ਦਾ ਨਹੀਂ ਰਿਹਾ। ਤੂੰ ਮੇਰੀ ਹਾਲਤ ਵੇਖ ਹੀ ਰਿਹਾ ਹੈਂ! ਮੈਨੂੰ ਮੇਰੇ ਹਾਲ ’ਤੇ ਛੱਡ ਦੇ। ਤੂੰ ਜਿੱਥੇ ਜਾਣਾ ਚਾਹੁੰਦਾ ਹੈ, ਚਲਾ ਜਾਹ। ਤੂੰ ਮਜ਼ਬੂਤ ਹੈਂ, ਵਧੀਆ ਹੈਂ, ਜ਼ਿੰਦਗੀ ਵਿੱਚ ਕੁਝ ਕਰ ਸਕਦਾ ਹੈਂ। ਜਾਹ, ਤੂੰ ਚਲਾ ਜਾਹ!”
ਦੂਜੇ ਬੂਟ ਨੇ ਕਿਹਾ, “ਨਹੀਂ ਮੈਥੋਂ ਇਹ ਨਹੀਂ ਹੋ ਸਕੇਗਾ। ਤੈਨੂੰ ਅਜਿਹੀ ਹਾਲਤ ਵਿੱਚ ਛੱਡ ਕੇ ਮੈਂ ਨਹੀਂ ਜਾ ਸਕਦਾ। ਮੈਂ ਤੇਰੇ ਨਾਲ ਰਹਾਂਗਾ। ਤੈਥੋਂ ਬਿਨਾਂ ਮੈਨੂੰ ਕਿਤੇ ਚੰਗਾ ਨਹੀਂ ਲੱਗੇਗਾ। ਨਹੀਂ, ਨਹੀਂ, ਅਜਿਹਾ ਨਹੀਂ ਹੋਵੇਗਾ। ਅਸੀਂ ਇਕੱਠੇ ਰਹੇ ਹਾਂ, ਇਕੱਠੇ ਹੀ ਮਰਾਂਗੇ।”
ਹੌਲੀ-ਹੌਲੀ ਉਨ੍ਹਾਂ ਦਾ ਜੀਵਨ ਸਮਾਪਤ ਹੋਣ ਲੱਗਿਆ। ਮਿੱਤਰਤਾ ਅਤੇ ਪ੍ਰੇਮ ਦੀ ਜਿਸ ਮਜ਼ਬੂਤ ਡੋਰ ਨਾਲ ਉਹ ਬੰਨ੍ਹੇ ਹੋਏ ਸਨ, ਉਸ ਵਿੱਚ ਉਹ ਅੰਤ ਤੱਕ ਬੰਨ੍ਹੇ ਰਹਿੰਦੇ, ਪਰ ਉਦੋਂ ਹੀ ਇਕ ਘਟਨਾ ਵਾਪਰੀ। ਇਕ ਦਿਨ ਅਚਾਨਕ ਉਨ੍ਹਾਂ ਦੇ ਪੈਰਾਂ ਨੇ ਉਨ੍ਹਾਂ ਨੂੰ ਪਹਿਨਿਆ ਅਤੇ ਤੇਜ਼ੀ ਨਾਲ ਚੱਲ ਪਏ। ਬੂਟ ਘਸਰਦੇ-ਘਸਰਦੇ ਉਨ੍ਹਾਂ ਨਾਲ ਚੱਲ ਪਏ।
ਉਹ ਸ਼ਖ਼ਸ, ਜਿਸਨੇ ਇਨ੍ਹਾਂ ਬੂਟਾਂ ਨੂੰ ਪਹਿਨਿਆ ਹੋਇਆ ਸੀ, ਇੱਕ ਰਾਜਨੀਤਕ ਸਭਾ ਵਿਚ ਪਹੁੰਚਿਆ ਅਤੇ ਕਿਸੇ ਨੇਤਾ ਦਾ ਭਾਸ਼ਣ ਸੁਣਨ ਲੱਗਿਆ। ਉਦੋਂ ਹੀ ਉਸ ਨੂੰ ਪਤਾ ਨਹੀਂ ਕੀ ਸੁੱਝਿਆ, ਉਹਨੇ ਹੱਥ ਝੁਕਾਇਆ, ਖੱਬੇ ਪੈਰ ਤੋਂ ਬੂਟ ਕੱਢਿਆ ਅਤੇ ਹਵਾ ਵਿੱਚ ਵਗਾਹ ਮਾਰਿਆ।
ਬੂਟ ਹਵਾ ਵਿੱਚ ਉੱਠਿਆ, ਇਕ ਤੀਰ ਵਾਂਗ ਚੱਲਿਆ ਅਤੇ ਨੇਤਾ ਦੇ ਨੱਕ ’ਤੇ ਜਾ ਵੱਜਿਆ।
ਚਾਰੇ-ਪਾਸੇ ਭੱਜ-ਦੌੜ ਮੱਚ ਗਈ, ਡੰਡੇ ਚੱਲਣ ਲੱਗੇ। ਲੋਕੀਂ ਤੇਜ਼ੀ ਨਾਲ ਭੱਜਣ ਲੱਗੇ ਅਤੇ ਉਹ ਆਦਮੀ, ਜਿਸ ਦੇ ਇਹ ਬੂਟ ਸਨ, ਦੂਜੇ ਬੂਟ ਨੂੰ ਵੀ ਉਥੇ ਹੀ ਛੱਡ ਕੇ ਦੌੜ ਗਿਆ।
ਕੁਝ ਚਿਰ ਪਿੱਛੋਂ ਸੰਨਾਟਾ ਛਾ ਗਿਆ। ਨਾ ਮੰਚ ’ਤੇ ਕੋਈ ਸੀ ਅਤੇ ਨਾ ਹੀ ਸਰੋਤਿਆਂ ਵਿਚ।
ਇਕ ਬੂਟ ਮੰਚ ਉੱਤੇ ਸੀ, ਦੂਜਾ ਆਡੀਅੰਸ ਵਿੱਚ। ਮੰਚ ’ਤੇ ਪਏ ਬੂਟ ਨੇ ਉੱਚੀ ਆਵਾਜ਼ ਵਿੱਚ ਕਿਹਾ, “ਮਿੱਤਰਾ, ਮੇਰਾ ਤਾਂ ਜਨਮ ਸਫਲ ਹੋ ਗਿਆ। ਮੈਂ ਪਾਲਿਟਿਕਸ ਵਿਚ ਆ ਗਿਆ। ਮੈਂ ਹਵਾ ਵਿੱਚ ਉੱਠਿਆ ਅਤੇ ਇਕ ਨੇਤਾ ਦੇ ਨੱਕ ’ਤੇ ਆ ਵੱਜਿਆ। ਹੁਣ ਮੈਂ ਬਾਕੀ ਦੀ ਜ਼ਿੰਦਗੀ ਵੀ ਰਾਜਨੀਤੀ ਵਿਚ ਬਿਤਾਉਣਾ ਚਾਹੁੰਦਾ ਹਾਂ।”
ਆਡੀਅੰਸ ਵਿੱਚ ਪਏ ਬੂਟ ਨੇ ਅਫ਼ਸੋਸ ਨਾਲ ਕਿਹਾ, “ਹਾਏ, ਮੈਨੂੰ ਕਿਸੇ ਨੇ ਨਹੀਂ ਚੁੱਕਿਆ! ਤੂੰ ਤਾਂ ਨੱਕ ’ਤੇ ਵੱਜਿਆ ਹੈਂ, ਮੈਨੂੰ ਚੁੱਕਦੇ ਤਾਂ ਮੈਂ ਉਸ ਨੇਤਾ ਦੇ ਸਿਰ ’ਤੇ ਜਾ ਵੱਜਦਾ।”
ਇਕ ਰੱਦੀ ਚੀਜ਼ਾਂ ਇਕੱਠੀਆਂ ਕਰਨ ਵਾਲੇ ਨੇ ਉਨ੍ਹਾਂ ਦੋਵਾਂ ਬੂਟਾਂ ਨੂੰ ਚੁੱਕਿਆ ਅਤੇ ਇਕ ਕਬਾੜੀ ਕੋਲ਼ ਜਾ ਕੇ ਵੇਚ ਦਿੱਤਾ।
ਅੱਜ-ਕੱਲ੍ਹ ਉਹ ਦੋਵੇਂ ਬੂਟ ਉਸ ਕਬਾੜੀ ਕੋਲ ਹਨ ਅਤੇ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਕੋਈ ਆਏ, ਉਨ੍ਹਾਂ ਨੂੰ ਚੁੱਕ ਕੇ ਇਨ੍ਹਾਂ ਢੌਂਗੀ, ਭ੍ਰਿਸ਼ਟ, ਪਾਖੰਡੀ ਨੇਤਾਵਾਂ ’ਤੇ ਮਾਰੇ। ਉਨ੍ਹਾਂ ਦਾ ਕਹਿਣਾ ਹੈ- ‘ਹੁਣ ਕਿਸੇ ਦੇ ਪੈਰਾਂ ਦੇ ਯੋਗ ਤਾਂ ਅਸੀਂ ਨਹੀਂ ਰਹੇ, ਪਰ ਹਾਂ, ਕਿਸੇ ਦੇ ਸਿਰ ਦੇ ਯੋਗ ਅਸੀਂ ਜ਼ਰੂਰ ਹਾਂ।’
ਤਾਂ ਮਿੱਤਰੋ! ਤੁਹਾਡੀ ਜਦੋਂ ਇੱਛਾ ਹੋਵੇ, ਜਦੋਂ ਤੁਹਾਡੇ ਹੱਥਾਂ ਵਿੱਚ ਜ਼ੋਰ ਹੋਵੇ, ਜ਼ੁੰਬਿਸ਼ ਹੋਵੇ, ਤੁਸੀਂ ਉਨ੍ਹਾਂ ਬੂਟਾਂ ਦੀ ਵਰਤੋਂ ਕਰ ਸਕਦੇ ਹੋ। ਜਦੋਂ ਸੱਚਮੁੱਚ ਇੱਛਾ ਹੋਵੇਗੀ ਤਾਂ ਉਨ੍ਹਾਂ ਦੀ ਤਾਂ ਕੀ, ਤੁਸੀਂ ਕਿਸੇ ਵੀ ਜੁੱਤੀ ਦੀ ਵਰਤੋਂ ਕਰੋ। ਦੇਸ਼ ਦੀਆਂ ਸਾਰੀਆਂ ਜੁੱਤੀਆਂ ਰਾਜਨੀਤਕ ਪਰਿਵਰਤਨ ਲਈ ਤੁਹਾਡੀ ਸੇਵਾ ਵਿਚ ਹਾਜ਼ਰ ਹਨ।
ਅਨੁ : ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015