ਮੋਹਨ ਸ਼ਰਮਾ
ਮੁੰਡੇ ਦੀ ਜ਼ਿੱਦ ਕਾਰਨ ਉਹ ਉਹਦੇ ਨਾਲ ਭੱਜਣ ਲਈ ਤਿਆਰ ਹੋ ਗਈ। ਪਿਛਲੇ ਦੋ ਸਾਲਾਂ ਤੋਂ ਪਈ ਪਿਆਰ-ਸਾਂਝ ਨੂੰ ਜੀਵਨ ਭਰ ਦੀ ਸਾਂਝ ਵਿੱਚ ਬਦਲਣ ਦਾ ਫ਼ੈਸਲਾ ਕਰ ਲਿਆ। ਅਗਲੇ ਦਿਨ ਉਨ੍ਹਾਂ ਨੇ ਨਿਸ਼ਚਿਤ ਸਥਾਨ ’ਤੇ ਮਿਲਣ ਦਾ ਨਿਰਣਾ ਕਰ ਲਿਆ।
ਕੁੜੀ ਫ਼ੈਸਲਾ ਲੈਣ ਤੋਂ ਬਾਅਦ ਸਾਰੀ ਰਾਤ ਸੋਚਦੀ ਰਹੀ। ਉਹ ਉੱਠ ਕੇ ਬਾਬਲ ਦੇ ਵਿਹੜੇ ਵੱਲ ਨੀਝ ਲਾ ਕੇ ਵਿੰਹਦੀ ਰਹੀ ਜਿੱਥੇ ਫਿਰ ਪਤਾ ਨਹੀਂ ਮੁੜ ਪੈਰ ਪਾਉਣਾ ਸੀ ਜਾਂ ਨਹੀਂ। ਸਾਰੇ ਘਰ ਦੇ ਘੂਕ ਸੁੱਤੇ ਪਏ ਸਨ, ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਕਦੇ ਮੰਜੇ ਤੋਂ ਉੱਠ ਜਾਂਦੀ, ਕਦੇ ਫਿਰ ਪੈ ਜਾਂਦੀ। ਪਾਸੇ ਲੈਂਦਿਆਂ ਨੀਂਦ ਉਸ ਤੋਂ ਕੋਹਾਂ ਦੂਰ ਸੀ ਅਤੇ ਸੋਚਾਂ ਉਸ ਦੇ ਅੰਗ-ਸੰਗ ਸਨ। ਇਹ ਸੋਚ ਕੇ ਉਹਨੂੰ ਕੰਬਣੀ ਜਿਹੀ ਛਿੜ ਗਈ, ‘ਕੱਲ੍ਹ ਜਦੋਂ ਮੈਂ ਉਹਦੇ ਨਾਲ ਭੱਜ ਜਾਵਾਂਗੀ ਤਾਂ ਸਾਰੇ ਪਿੰਡ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਥੂ ਥੂ ਹੋ ਜਾਵੇਗੀ। ਛੋਟਾ ਭਰਾ ਆਪਣੇ ਹਾਣੀਆਂ ਨਾਲ ਅੱਖ ਨਹੀਂ ਮਿਲਾ ਸਕੇਗਾ। ਸ਼ਾਇਦ ਸ਼ਰਮ ਦਾ ਮਾਰਿਆ ਘਰੋਂ ਹੀ ਨਾ ਨਿਕਲੇ। ਮਾਂ ਨੇ ਭੁੱਬੀਂ ਰੋਂਦਿਆਂ ਆਪਣਾ ਆਪ ਪਿੱਟਦਿਆਂ ਕਹਿਣੈ, ਕੁਲ ਨੂੰ ਦਾਗ ਲਾਉਣ ਵਾਲੀ ਕੁਲਹਿਣੀ ਨੂੰ ਮੈਂ ਜੰਮਿਆ ਹੀ ਕਿਉਂ? ਬਾਬਲ ਦੀ ਪੱਗ ਵੀ ਰੁਲ ਜਾਵੇਗੀ। ਲੋਕ ਮੇਰੇ ਨਾਲ ਨਾਲ ਮਾਂ ਬਾਪ ਨੂੰ ਵੀ ਥੂ ਥੂ ਕਰਨਗੇ। ਹੋ ਸਕਦੈ ਛੋਟੇ ਭਰਾ ਨੂੰ ਰਿਸ਼ਤਾ ਵੀ ਨਾ ਹੋਵੇ। ਰਿਸ਼ਤਾ ਕਰਨ ਵਾਲੇ ਸੋਚਣਗੇ ਬਈ ਇਨ੍ਹਾਂ ਦਾ ਖਾਨਦਾਨ ਤਾਂ ਦਾਗੀ ਐ। ਇੱਕ ਪਾਸੇ ਮਾਪਿਆਂ ਨਾਲ ਜਨਮ ਜਨਮ ਦੀ ਸਾਂਝ, ਉਨ੍ਹਾਂ ਦੀ ਅੱਖ ਦਾ ਤਾਰਾ! ਪੈਰ ਪੈਰ ’ਤੇ ਮੇਰੀ ਚਿੰਤਾ ਕਰਨ ਵਾਲੇ। ਮਾਂ ਤਾਂ ਮੇਰੇ ਚਿਹਰੇ ’ਤੇ ਉਦਾਸੀ ਵੇਖ ਕੇ ਊਈਂ ਸੂਤੀ ਜਾਂਦੀ ਐ। ਵੱਜਿਆ ਕੰਡਾ ਕਿਹੜਾ ਸਹਾਰਦੀ ਐ ਉਹ। ਦੂਜੇ ਪਾਸੇ ਰਾਜਬੀਰ ਨਾਲ ਤਾਂ ਮੇਰੀ ਦੋ ਸਾਲ ਦੀ ਸਾਂਝ ਹੈ ਅਤੇ ਇਸ ਸਾਂਝ ਪਿੱਛੇ ਮੈਂ ਮਾਪਿਆਂ ਨਾਲ ਜਨਮ ਦੀ ਸਾਂਝ ਤੋੜ ਕੇ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਕਿਉਂ ਡੇਗਾਂ? ਇਹ ਮੈਂ ਨਹੀਂ ਕਰਾਂਗੀ।’ ਇਸ ਫ਼ੈਸਲੇ ਤੋਂ ਬਾਅਦ ਸਵੇਰੇ ਚਾਰ ਕੁ ਵਜੇ ਉਸ ਦੀ ਅੱਖ ਲੱਗ ਗਈ। ਜਦੋਂ ਉਹ ਉੱਠੀ ਤਾਂ ਉਸ ਦਾ ਬਾਪੂ ਇਸ਼ਨਾਨ ਕਰਕੇ ਬਾਥਰੂਮ ਵਿੱਚੋਂ ਨਿਕਲ ਰਿਹਾ ਸੀ। ਉਹ ਸਿਰ ਤੋਂ ਨੰਗਾ ਸੀ। ਉਹ ਕਾਹਲੀ ਨਾਲ ਬਾਪੂ ਵਾਲੀ ਬੈਠਕ ਵਿੱਚ ਗਈ। ਬਾਪੂ ਦੀ ਪੱਗ ਚੁੱਕ ਕੇ ਉਸ ਦੇ ਸਿਰ ’ਤੇ ਰੱਖਦਿਆਂ ਅੱਖਾਂ ਭਰ ਕੇ ਕਿਹਾ, ‘‘ਬਾਪੂ ਤੇਰੀ ਪੱਗ…।’’ ਉਹ ਅਗਾਂਹ ਕੁਝ ਬੋਲ ਨਾ ਸਕੀ। ਉਸ ਦਾ ਗੱਚ ਭਰ ਆਇਆ ਸੀ।
ਸੰਪਰਕ: 94171-48866
ਦੋ ਲੱਤਾਂ ਵਾਲਾ ਕੁੱਤਾ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਉਸ ਕੁੱਤੇ ਦੀ ਹਾਲਤ ਸੱਚਮੁੱਚ ਹੀ ਬੜੀ ਤਰਸਯੋਗ ਸੀ। ਕੁਝ ਕੁ ਦਿਨ ਪਹਿਲਾਂ ਉਸ ਦੀਆਂ ਪਿਛਲੀਆਂ ਦੋ ਲੱਤਾਂ ਕਿਸੇ ਸੜਕ ਹਾਦਸੇ ਵਿੱਚ ਇੰਨੀ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਸਨ ਕਿ ਪੂਰੀ ਤਰ੍ਹਾਂ ਬੇਜਾਨ ਹੋ ਗਈਆਂ ਸਨ। ਆਪਣੀਆਂ ਉਨ੍ਹਾਂ ਬੇਜਾਨ ਲੱਤਾਂ ਨੂੰ ਘੜੀਸਦਾ ਹੋਇਆ, ਰੋਟੀ-ਟੁੱਕ ਦੀ ਤਲਾਸ਼ ’ਚ ਉਹ ਦਰ-ਬ-ਦਰ ਭਟਕਦਾ ਰਹਿੰਦਾ ਸੀ ਤੇ ਕਦੇ-ਕਦੇ ਥੱਕ ਹਾਰ ਕੇ ਭੁੱਖਾ ਹੀ ਕਿਸੇ ਕੋਨੇ ’ਚ ਪਿਆ ਰਹਿੰਦਾ ਸੀ।
ਬਿਸ਼ਨ ਸਿੰਘ ਪਿਛਲੇ ਦਸ ਦਿਨਾਂ ਤੋਂ ਵੇਖ ਰਿਹਾ ਸੀ ਕਿ ਉਸ ਬੇਵੱਸ ਤੇ ਲਾਚਾਰ ਜਿਹੇ ਜੀਵ ਨੂੰ ਤੁਰਨ ਵਿੱਚ ਬੇਹੱਦ ਮੁਸ਼ਕਿਲ ਹੁੰਦੀ ਸੀ। ਉਹ ਜਿਸ ਕਿਸੇ ਦੇ ਵੀ ਘਰ ਅੱਗੇ ਜਾ ਬੈਠਦਾ, ਉਸ ਘਰ ਦੇ ਲੋਕ ਉਸ ਨੂੰ ਦੁਰਕਾਰ ਕੇ ਅਗਾਂਹ ਕੱਢ ਦਿੰਦੇ ਸਨ। ਹਰੇਕ ਸ਼ਖ਼ਸ ਉਸ ਤੋਂ ਪਰ੍ਹੇ ਹੋ ਕੇ ਲੰਘਣ ਦੀ ਕੋਸ਼ਿਸ਼ ਕਰਦਾ ਸੀ ਤੇ ਕੋਈ ਪੱਥਰ ਦਿਲ ਤਾਂ ‘‘…ਪਤਾ ਨਹੀਂ ਕਦੋਂ ਮਰੂ…’’ ਆਖਦਾ ਹੋਇਆ ਪੰਜ-ਸੱਤ ਗਾਲ੍ਹਾਂ ਵੀ ਕੱਢ ਜਾਂਦਾ ਸੀ।
ਮੁਹੱਲੇ ਦੇ ਸਾਰੇ ਬੱਚਿਆਂ ਨੇ ਉਸ ਨੂੰ ‘ਦੋ ਲੱਤਾਂ ਵਾਲਾ ਕੁੱਤਾ’ ਆਖਣਾ ਸ਼ੁਰੂ ਕਰ ਦਿੱਤਾ ਸੀ। ਹੁਣ ਤਾਂ ਮੁਹੱਲੇ ਦਾ ਹਰ ਵਿਅਕਤੀ ਉਸ ਨੂੰ ਇਸੇ ਨਾਂ ਨਾਲ ਜਾਣਦਾ ਸੀ। ਉਸ ਬੇਜ਼ੁਬਾਨ ਜੀਵ ਪ੍ਰਤੀ ਵਰਤੇ ਜਾਂਦੇ ਲੋਕਾਂ ਦੇ ਇਹ ਬੋਲ ਸੁਣ ਕੇ ਬਿਸ਼ਨ ਸਿੰਘ ਦੇ ਮਨ ’ਚ ਟੀਸ ਜਿਹੀ ਉੱਠਦੀ ਸੀ। ਉਹ ਰੋਕਣ ਦੀ ਬਥੇਰੀ ਕੋਸ਼ਿਸ ਕਰਦਾ, ਪਰ ਫਿਰ ਵੀ ਹੰਝੂ ਉਸ ਦੀਆਂ ਅੱਖਾਂ ਦੀਆਂ ਬਰੂਹਾਂ ’ਚ ਆ ਹੀ ਜਾਂਦੇ ਤੇ ਨਾ ਚਾਹੁੰਦਿਆਂ ਵੀ ਉਹ ਅਤੀਤ ਅਤੇ ਵਰਤਮਾਨ ਦੀ ਚੱਕੀ ਦੇ ਦੋਵਾਂ ਪੁੜਾਂ ਵਿਚਾਲੇ ਜਾ ਵੜਦਾ।
ਆਪਣੀ ਪਤਨੀ ਬਸੰਤ ਕੌਰ ਦੀ ਅਚਨਚੇਤੀ ਮੌਤ ਤੋਂ ਬਾਅਦ ਬਿਸ਼ਨ ਸਿੰਘ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਆਪਣੇ ਤਨ ਦੀਆਂ ਬੋਟੀਆਂ ਕੱਟ-ਕੱਟ ਕੇ ਪਾਲਿਆ ਸੀ। ਉਹ ਤਿੰਨੇ ਜਣੇ ਹੁਣ ਚੰਗੀਆਂ ਨੌਕਰੀਆਂ ’ਤੇ ਸਨ ਤੇ ਉਨ੍ਹਾਂ ਦੀਆਂ ਵਹੁਟੀਆਂ ਵੀ ਪੜ੍ਹੀਆਂ-ਲਿਖੀਆਂ ਅਤੇ ਸਰਕਾਰੀ ਨੌਕਰੀ ਵਾਲੀਆਂ ਸਨ। ਰੁਪਿਆ-ਪੈਸਾ ਘਰ ਵਿੱਚ ਬਥੇਰਾ ਸੀ, ਪਰ ਘਰ ਵਿੱਚ ਬਿਸ਼ਨ ਸਿੰਘ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਉਸ ਦੇ ਨੂੰਹ-ਪੁੱਤਰ ਉਸ ਦੀ ਰਤੀ ਭਰ ਵੀ ਪਰਵਾਹ ਨਹੀਂ ਕਰਦੇ ਸਨ। ਜੀਅ ਕਰਦਾ ਤਾਂ ਕੋਈ ਨੂੰਹ ਰੋਟੀ ਪੁੱਛ ਲੈਂਦੀ, ਨਹੀਂ ਤਾਂ ਵਿਚਾਰਾ ਪਾਣੀ ਪੀ ਕੇ ਹੀ ਸੌਂ ਜਾਂਦਾ।
ਅਸਲ ’ਚ ਬਿਸ਼ਨ ਸਿੰਘ ਕੋਲ ਡੇਢ ਕੁ ਕਿੱਲਾ ਪੈਲੀ ਬਚੀ ਸੀ। ਉਸ ਦੀਆਂ ਨੂੰਹਾਂ ਚਾਹੁੰਦੀਆਂ ਸਨ ਕਿ ਉਹ ਸਾਰੀ ਪੈਲੀ ਪੁੱਤਾਂ ਦੇ ਨਾਂ ਕਰ ਦੇਵੇ। ਨੂੰਹਾਂ ਨੇ ਵੱਸ ਨਾ ਚਲਦਾ ਵੇਖ ਕੇ ਆਪਣੇ ਪਤੀਆਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤੇ ਉਹ ਮਿੱਟੀ ਦੇ ਮਾਧੋ ਆਪਣੇ ਬਾਪ ਦੇ ਅਹਿਸਾਨਾਂ ਨੂੰ ਭੁਲਾ ਕੇ ਉਸ ਨੂੰ ਚੰਗਾ-ਮੰਦਾ ਬੋਲਣ ਲੱਗ ਪਏ। ਰੋਟੀ-ਟੁੱਕ ਤੋਂ ਔਖੀਆਂ ਨੂੰਹਾਂ ਨੇ ਆਖ਼ਰ ਇੱਕ ਦਿਨ ਫ਼ੈਸਲਾ ਸੁਣਾ ਦਿੱਤਾ ਕਿ ਹਰ ਇੱਕ ਮਹੀਨੇ ਬਾਅਦ ਬਿਸ਼ਨ ਸਿੰਘ ਨੂੰ ਰੋਟੀ ਪਹਿਲੀ, ਦੂਜੀ ਤੇ ਫਿਰ ਤੀਜੀ ਨੂੰਹ ਦੇ ਘਰੋਂ ਖਾਣੀ ਪਏਗੀ ਕਿਉਂਕਿ ਇੱਕੋ ਨੂੰਹ ਸਾਰਾ ਸਾਲ ਉਸ ਨੂੰ ‘ਤੋਸਾ ਖੁਆਵੇ’, ਇਹ ਉਨ੍ਹਾਂ ਨੂੰ ਪੁੱਗਦਾ ਨਹੀਂ ਸੀ।
ਦਿਲ ’ਤੇ ਪੱਥਰ ਰੱਖ ਕੇ ਬਿਸ਼ਨ ਸਿੰਘ ਨੇ ਆਪਣੇ ਨੂੰਹਾਂ ਪੁੱਤਾਂ ਦਾ ਫ਼ੈਸਲਾ ਮੰਨ ਤਾਂ ਲਿਆ ਸੀ, ਪਰ ਹੁਣ ਜਦੋਂ ਹਰ ਮਹੀਨੇ ਦੇ ਅਖ਼ੀਰ ’ਤੇ ਉਹ ਇੱਕ ਪੁੱਤਰ ਦਾ ਘਰ ਛੱਡ ਕੇ ਦੂਜੇ ਪੁੱਤਰ ਦੇ ਘਰ ਰੋਟੀ ਖਾਣ ਲਈ ਜਾਂਦਾ ਤਾਂ ਘਰ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ ਹੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਤੇ ਉਸ ਦੇ ਕੰਨਾਂ ਵਿੱਚ ਬੱਚਿਆਂ ਦੇ ਆਖੇ ਇਹ ਬੋਲ ਵਾਰ-ਵਾਰ ਗੂੰਜਣ ਲੱਗ ਜਾਂਦੇ, ‘‘…ਦੋ ਲੱਤਾਂ ਵਾਲਾ ਕੁੱਤਾ … ਦੋ ਲੱਤਾਂ ਵਾਲਾ ਕੁੱਤਾ…।’’
ਸੰਪਰਕ: 97816-46008
ਲਾਲ ਬੱਤੀ
ਕਮਲੇਸ਼ ਭਾਰਤੀ
ਮੈਂ ਅੱਜ ਆਪਣੀ ਕਾਰ ਵਿੱਚ ਬੇਟੀ ਨੂੰ ਯੂਨੀਵਰਸਿਟੀ ਛੱਡਣ ਜਾ ਰਿਹਾ ਸੀ। ਆਮ ਤੌਰ ’ਤੇ ਮੈਂ ਚਮਕਦਾਰ ਲਾਲ ਬੱਤੀ ਵਾਲੀ ਆਪਣੀ ਸਰਕਾਰੀ ਕਾਰ ਵਿੱਚ ਉਸ ਨੂੰ ਛੱਡਣ ਜਾਂਦਾ ਹਾਂ। ਸੁਰੱਖਿਆ ’ਤੇ ਤਾਇਨਾਤ ਜਵਾਨ ਲਾਲ ਬੱਤੀ ਦੇਖਦੇ ਹੀ ਸਲਾਮ ਕਰਨੀ ਨਹੀਂ ਭੁੱਲਦੇ, ਪਰ ਅੱਜ ਡਰਾਈਵਰ ਛੁੱਟੀ ’ਤੇ ਸੀ। ਮੈਂ ਸੋਚਿਆ ਕਿ ਬੇਟੀ ਨੂੰ ਆਪਣੀ ਕਾਰ ਵਿੱਚ ਆਪ ਹੀ ਛੱਡ ਆਉਂਦਾ ਹਾਂ।
ਜਿਉਂ ਹੀ ਕਾਰ ਮੇਨ ਗੇਟ ’ਤੇ ਪਹੁੰਚੀ ਤਾਂ ਸੁਰੱਖਿਆ ਕਰਮੀਆਂ ਨੇ ਹੱਥ ਹਿਲਾ ਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਹੈਰਾਨ! ਜਿਹੜੇ ਮੈਨੂੰ ਦੇਖੇ ਬਿਨਾਂ ਹੀ ਸਲਾਮ ਕਰਦੇ ਸਨ, ਉਹ ਅੱਜ ਚੈਕਿੰਗ ਲਈ ਕਹਿ ਰਹੇ ਸਨ ਕਿਉਂਕਿ ਅੱਜ ਕੋਈ ਲਾਲ ਬੱਤੀ ਵਾਲੀ ਗੱਡੀ ਨਹੀਂ ਸੀ!
ਮੈਂ ਉਨ੍ਹਾਂ ਨੂੰ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਕਿ ਮੈਂ ਉਹੀ ਹਾਂ ਜਿਸ ਨੂੰ ਤੁਸੀਂ ਬਿਨਾਂ ਦੇਖੇ ਸਲਾਮ ਕਰਦੇ ਹੋ, ਪਰ ਉਹ ਮੰਨਣ ਨੂੰ ਤਿਆਰ ਨਹੀਂ ਸਨ। ਫਿਰ ਕੀ ਲਾਲ ਬੱਤੀ ਹੀ ਮੇਰੀ ਪਛਾਣ ਹੈ, ਮੈਂ ਨਹੀਂ? ਅਤੇ ਮੈਂ ਜੇਬ ’ਚੋਂ ਆਈ ਕਾਰਡ ਲੱਭਣ ਲੱਗ ਪਿਆ।
ਸੰਪਰਕ: 94160-47075
– ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ
* * *
ਮੁੱਲ ਦੀ ਸਰਪੰਚੀ
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਸੁੱਖਾ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਘਰ ਨੂੰ ਪਰਤ ਰਿਹਾ ਸੀ। ਰਾਹ ਵਿੱਚ ਚਾਰ ਪੰਜ ਬੰਦੇ, ਪਿੰਡ ਦੇ ਮੋਹਤਬਰ ਜਿਹੇ ਮਿਲ ਗਏ। ਉਹ ਗੱਲਾਂ ਕਰਨ ਲੱਗ ਪਏ ਕਿ ਅੱਜ ਸ਼ਾਮ ਨੂੰ ਆਪਣੇ ਪਿੰਡ ਦੀ ਸਰਪੰਚੀ ਦੀ ਬੋਲੀ ਲੱਗਣੀ ਹੈ ਜਿਹੜਾ ਬੋਲੀ ਵੱਧ ਲਾ ਦੇਵੇਗਾ ਅੱਜ ਤੋਂ ਹੀ ਉਹ ਆਪਣੇ ਪਿੰਡ ਦਾ ਸਰਪੰਚ ਬਣ ਜਾਵੇਗਾ। ਬੱਸ ਇੰਨੀ ਕੁ ਭਿਣਕ ਲੱਗੀ ਤੇ ਸੁੱਖਾ ਵਾਹੋਦਾਹੀ ਘਰ ਪਹੁੰਚ ਗਿਆ। ਘਰ ਆਉਂਦਿਆਂ ਹੀ ਆਵਾਜ਼ਾਂ ਮਾਰਨ ਲੱਗਿਆ ‘‘ਬਾਪੂ ਬਾਪੂ, ਕਿੱਥੇ ਚਲਾ ਗਿਆ ਏਂ ਬਾਪੂ?’’ ‘‘ਕੀ ਗੱਲ ਹੋ ਗਈ ਏ?’’ ਬੇਬੇ ਨੇ ਅੰਦਰੋਂ ਬਾਹਰ ਨਿਕਲ ਕੇ ਪੁੱਛਿਆ। ਅਜੇ ਮਾਂ ਆਪਣੇ ਪੁੱਤਰ ਸੁੱਖੇ ਗੱਲ ਹੀ ਕਰ ਰਹੀ ਸੀ ਕਿ ਵਿੱਚੋਂ ਬਾਪੂ ਵਿੱਚ ਆ ਗਿਆ, ‘‘ਦੱਸੋ ਕੀ ਗੱਲ ਏ? ਬੜਾ ਘਰ ਸਿਰ ’ਤੇ ਚੁੱਕਿਆ ਹੋਇਆ ਏ।’’ ਸੁੱਖਾ ਅੱਗੋਂ ਬੋਲਿਆ, ‘‘ਬਾਪੂ, ਗੱਲ ਉਹੀ ਹੈ ਜਿਹੜੀ ਮੈਂ ਤੁਹਾਨੂੰ ਕਈ ਚਿਰਾਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਮੈਂ ਜ਼ਿੰਦਗੀ ਵਿੱਚ ਇੱਕ ਵਾਰ ਸਰਪੰਚ ਜ਼ਰੂਰ ਬਣਨਾ ਹੈ। ਅੱਜ ਉਹ ਵੇਲਾ ਆ ਗਿਆ ਹੈ।’’
‘‘ਸੁੱਖੇ ਪੁੱਤਰ, ਗੱਲ ਤੇਰੀ ਠੀਕ ਹੈ ਪਰ ਸਰਪੰਚ ਬਣਨ ਲਈ ਚਾਰ ਵੋਟਾਂ ਵੀ ਨਾਲ ਹੋਣੀਆਂ ਚਾਹੀਦੀਆਂ ਨੇ। ਪੁੱਤਰਾ, ਆਪਾਂ ਨੂੰ ਤਾਂ ਵੋਟਾਂ ਆਪਣੇ ਟੱਬਰ ਨੇ ਵੀ ਨਹੀਂ ਪਾਉਣੀਆਂ। ਫਿਰ ਵੋਟਾਂ ਤੋਂ ਬਿਨਾਂ ਤੂੰ ਸਰਪੰਚ ਕਿਵੇਂ ਬਣ ਜਾਵੇਂਗਾ। ਬਾਪੂ ਜੀ ਹੁਣ ਸਰਪੰਚੀ ਵਾਸਤੇ ਵੋਟਾਂ ਦੀ ਲੋੜ ਨਹੀਂ ਸਗੋਂ ਨੋਟਾਂ ਦੀ ਲੋੜ ਹੈ।’’ ‘‘ਉਹ ਕਿਵੇਂ? ਕੀ ਹੁਣ ਆਪਣੇ ਟੱਬਰ ਵਾਲੇ ਪੈਸੇ ਲੈ ਕੇ ਤੈਨੂੰ ਵੋਟਾਂ ਮੁੱਲ ਦੇਣਗੇ। ਕਦੇ ਨਹੀਂ ਹੋ ਸਕਦਾ…।’’ ‘‘ਬਾਪੂ, ਤੂੰ ਵੀ ਭੋਲਾ ਏਂ, ਪੈਸੇ ਆਪਾਂ ਕਿਸੇ ਵੋਟਰ ਨੂੰ ਨਹੀਂ ਦੇਣੇ ਸਗੋਂ ਸਾਡੇ ਪੈਸੇ ਪਿੰਡ ਦੇ ਵਿਕਾਸ ’ਤੇ ਲੱਗਣਗੇ।’’ ‘‘ਕਿਹੜੇ ਵਿਕਾਸ ’ਤੇ।’’ ਆਹ ਹੀ ਵਿਕਾਸ, ਗਲੀਆਂ, ਨਾਲੀਆਂ, ਸਿਵੇ ਤੇ ਧਰਮਸ਼ਾਲਾ ਨੂੰ ਸੁਧਾਰਨ ਦਾ।’’ ‘‘ਵਾਹ ਬਈ ਵਾਹ! ਗੌਰਮਿੰਟ ਕਰੋੜਾਂ ਰੁਪਏ ਫੰਡ ਦੇ ਦਿੰਦੀ ਹੈ ਸੁਧਾਰ ਲਈ, ਸੁਧਾਰ ਫਿਰ ਨਹੀਂ ਹੁੰਦਾ। ਤੂੰ ਕਿਹੜੇ ਸੁਧਾਰ ਦੀ ਗੱਲ ਕਰਦਾ ਏਂ?’’ ‘‘ਛੱਡ ਬਾਪੂ, ਸਾਰੀਆਂ ਗੱਲਾਂ। ਅੱਜ ਸ਼ਾਮ ਨੂੰ ਗੁਰਦੁਆਰੇ ਦੇ ਬਾਹਰਲੇ ਪਾਸੇ ਸੱਥ ਵਿੱਚ ਸਰਪੰਚੀ ਦੀ ਖੁੱਲ੍ਹੀ ਬੋਲੀ ਲੱਗਣੀ ਹੈ। ਤੂੰ ਜਾਹ ਆੜ੍ਹਤੀਏ ਕੋਲ, ਉਹਦੇ ਨਾਲ ਆਪਣੀ ਨਿਆਈਂ ਵਾਲੀ ਪੈਲੀ ਦੇ ਦੋ ਕਿੱਲਿਆਂ ਦਾ ਸੌਦਾ ਕਰ ਕੇ ਆ।’’ ‘‘ਮੈਂ ਨਿਆਈਂ ਵਾਲੀ ਜ਼ਮੀਨ ਵੇਚ ਦਿਆਂ! ਨਹੀਂ, ਨਹੀਂ, ਸੁੱਖਿਆ ਇਹ ਜ਼ਮੀਨ ਤਾਂ ਮੈਂ ਭੁੱਖਿਆਂ ਰਹਿ ਰਹਿ ਕੇ ਬਣਾਈ ਏ। ਇੱਥੋਂ ਹੀ ਚਾਰ ਦਾਣੇ ਹੁੰਦੇ ਨੇ ਆਪਣੇ ਖਾਣ ਨੂੰ। ਜੇ ਇਹ ਜ਼ਮੀਨ ਵਿਕ ਗਈ ਤਾਂ ਰੋਟੀ ਕਿੱਥੋਂ ਖਾਵਾਂਗੇ!’’ ‘‘ਬਾਪੂ, ਜੇ ਤੂੰ ਭੁੱਖਿਆਂ ਰਹਿ ਕੇ ਜ਼ਮੀਨ ਬਣਾ ਲਈ ਸੀ ਤਾਂ ਕੀ ਮੈਂ ਸਰਪੰਚੀ ਵਿੱਚ ਨਹੀਂ ਬਣਾ ਸਕਦਾ? ਮੇਰੀ ਵੀ ਜ਼ਿੱਦ ਹੈ ਮੈਂ ਬੋਲੀ ਕਿਸੇ ਤੋਂ ਘੱਟ ਨਹੀਂ ਲਾਉਣੀ। ਅੱਜ ਸ਼ਾਮ ਨੂੰ ਬਾਪੂ ਤੂੰ ਸਰਪੰਚ ਦਾ ਪਿਉ ਹੋਵੇਂਗਾ। ਪਾ ਲੈ ਲੀੜੇ ਤੇ ਛੇਤੀ ਸੌਦਾ ਕਰ ਕੇ ਆ। ਉਹ ਜਿਹੜਾ ਵੀ ਭਾਅ ਲਾਵੇ ਤੂੰ ਜ਼ਿੱਦ ਨਾ ਕਰੀਂ, ਦੇ ਦੇਈਂ ਕਿਉਂਕਿ ਪੈਸੇ ਆਪਾਂ ਮੌਕੇ ’ਤੇ ਹੀ ਦੇ ਦੇਣੇ ਨੇ।’’ ਹੁਣ ਬਾਪੂ ਨੂੰ ਇੱਕ ਪਾਸੇ ਨਿਆਈ ਵਾਲੇ ਦੋ ਕਿੱਲੇ ਹੱਥੋਂ ਜਾਂਦੇ ਦਿਸਣ ਲੱਗ ਪਏ ਤੇ ਦੂਜੇ ਪਾਸੇ ਗੱਭਰੂ ਪੁੱਤਰ ਦੀ ਜ਼ਿੱਦ। ਜ਼ਮੀਨ ਤਾਂ ਜ਼ਿਮੀਦਾਰ ਦੀ ਮਾਂ ਹੁੰਦੀ ਹੈ। ‘‘ਸਰਪੰਚੀ ਤਾਂ ਅੱਜ ਆਈ ਤੇ ਕੱਲ੍ਹ ਗਈ, ਪਰ ਜ਼ਮੀਨ ਇੱਕ ਵਾਰ ਹੱਥ ਵਿੱਚੋਂ ਨਿਕਲ ਗਈ ਤਾਂ ਦੁਬਾਰਾ ਵਾਪਸ ਨਹੀਂ ਆਉਣੀ। ਕਦੋਂ ਤੋਂ ਹੋ ਗਈ ਏ ਮੁੱਲ ਦੀ ਸਰਪੰਚੀ! ਪੁੱਤ ਮੇਰਾ ਸਿਰ ਚਕਰਾਉਣ ਲੱਗ ਪਿਆ ਏ। ਮੈਂ ਕੀ ਕਰਾਂ?’’ ‘‘ਬਾਪੂ, ਤੂੰ ਕਰਨਾ ਕਰਾਉਣਾ ਕੁਝ ਨਹੀਂ, ਬਸ ਤੂੰ ਤਾਂ ਇੱਕ ਅੰਗੂਠਾ ਹੀ ਅਸ਼ਟਾਮ ’ਤੇ ਲਾਉਣਾ ਏ।’’ ਪੁੱਤਰ ਦੀ ਜ਼ਿੱਦ ਅੱਗੇ ਬਾਪੂ ਝੁਕ ਗਿਆ। ਸੌਦਾ ਕਰਕੇ ਪੈਸੇ ਨਕਦ ਹੀ ਸ਼ਾਮ ਹੋਣ ਤੋਂ ਪਹਿਲਾਂ ਹੀ ਲੈ ਕੇ ਆ ਗਿਆ। ਲੋਕ ਇੱਕਠੇ ਹੋ ਗਏ। ਬੋਲੀ ਲੱਗਣੀ ਸ਼ੁਰੂ ਹੋ ਗਈ। ਗੱਲ ਸਿੱਧੀ ਲੱਖਾਂ ਤੋਂ ਸ਼ੁਰੂ ਹੋਈ ਤੇ ਕਰੋੜਾਂ ਨੂੰ ਛੂਹਣ ਲੱਗ ਪਈ। ਉੱਥੇ ਪਰਵਾਸੀ ਹੋ ਕੇ ਵੱਡੇ ਵੱਡੇ ਧਨਾਢ ਬਣੇ ਵਿਅਕਤੀਆਂ ਨੇ ਸੁੱਖੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸਰਪੰਚੀ ਦਾ ਮੁੱਲ ਕਰੋੜਾਂ ਰੁਪਏ ਪੈ ਗਿਆ|ਪੈਸੇ ਵਾਲੇ ਸਰਪੰਚੀ ਲੈ ਗਏ। ਸੁੱਖੇ ਦੇ ਹੱਥੋਂ ਸਰਪੰਚੀ ਚਲੀ ਗਈ। ਬਜ਼ੁਰਗ ਬਾਪੂ ਦੇ ਹੱਥੋਂ ਜ਼ਮੀਨ। ਹੁਣ ਦੋਵੇਂ ਪਿਉ ਪੁੱਤ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਹੀ ਰਹਿ ਗਏ ਕਿ ਸਾਡੇ ਨਾਲ ਧੋਖਾ ਕਰ ਗਈ ਮੁੱਲ ਦੀ ਸਰਪੰਚੀ।
ਸੰਪਰਕ: 75891-55501
* * *
ਅੰਬਾਂ ਵਾਲੀ ਬੰਬੀ
ਸਰਤਾਜ ਸਿੰਘ ਸੰਧੂ
ਹਰ ਰੋਜ਼ ਮੁੰਡਿਆਂ ਤੇ ਕੁੜੀ ਦੀਆਂ ਝਿੜਕਾਂ, ‘‘ਬਾਪੂ ਜੀ, ਅਸੀਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਅਸੀਂ ਹੁਣ ਨਹੀਂ ਉੱਥੇ ਜਾਣਾ। ਸਾਡੇ ਬੱਚਿਆਂ ਨੂੰ ਵੀ ਕੋਈ ਸ਼ੌਕ ਨਹੀਂ ਏ ਉੱਥੇ ਜਾਣ ਦਾ। ਉੱਥੇ ਸਾਡਾ ਹੈ ਈ ਕੀ? ਇਸ ਵਾਰ ਪੰਜਾਬ ਜਾ ਕੇ ਪਿੰਡ ਵਾਲੀ ਜ਼ਮੀਨ ਵੇਚ ਕੇ ਆਓ ਜਿੰਨੇ ਵਿੱਚ ਵੀ ਵਿਕਦੀ ਏ’’ ਸੁਣਦਾ ਤੇ ਕਈ ਕਈ ਵਾਰ ਮੈਂ ਵੀ ਸੋਚਦਾ ਕਿ ਹੁਣ ਮੇਰੀ ਉਮਰ ਵੀ ਸੁਖ ਨਾਲ ਸੱਤਰ ਪੰਝੱਤਰ ਸਾਲ ਦੀ ਹੋ ਚੁੱਕੀ ਏ, ਇਸ ਵਾਰ ਪਿੰਡ ਜਾ ਕੇ ਜ਼ਮੀਨ ਦਾ ਸੌਦਾ ਕਰ ਹੀ ਆਵਾਂਗਾ। ਨਾਲੇ ਇਹ ਵੀ ਡਰ ਮੁੱਕੇ ਕਿ ਕਿਤੇ ਸ਼ਰੀਕ ਹੀ ਨਾ ਦੱਬ ਲੈਣ। ਬੰਦੇ ਦਾ ਕੀ ਪਤਾ ਕਦ ਕੀ ਹੋ ਜਾਵੇ। ਸਮਾਂ ਆਇਆ ਤੇ ਮੈਂ ਆਪਣੇ ਘਰ ਪਿੰਡ ਗਿਆ। ਕਾਫ਼ੀ ਘੱਟ ਜਣੇ ਹਾਲ ਪੁੱਛਣ ਆਏ। ਜ਼ਿਆਦਾ ਜਣੇ ਪੁੱਛਣ ਕਿ ‘ਕਿੰਨੀ ਛੁੱਟੀ ਆਇਆ ਏਂ ਗੁਰਨਾਮ ਸਿੰਹਾ?’ ਮੈਂ ਲੰਮਾ ਹਾਉਕਾ ਲੈ ਕੇ ਆਖਦਾ, ‘‘ਬੱਸ, ਹੁਣ ਆਖ਼ਰੀ ਵਾਰ ਹੀ ਆਇਆਂ। ਸੋਚਿਆ ਏ ਇਸ ਵਾਰ ਜ਼ਮੀਨ ਦਾ ਸੌਦਾ ਕਰਕੇ ਹੀ ਜਾਣਾ ਏ ਕਿਉਂਕਿ ਆਰਡਰ ਬਹੁਤ ਸਖ਼ਤ ਨੇ ਜਵਾਕਾਂ ਦੇ।’’ ਮੈਂ ਆਪਣੀ ਜ਼ਮੀਨ ਪ੍ਰਾਪਰਟੀ ਡੀਲਰ ਨੂੰ ਦਿਖਾਉਣ ਖੇਤ ਲੈ ਕੇ ਗਿਆ। ਚਾਰ ਚੁਫ਼ੇਰਿਓਂ ਜ਼ਮੀਨ ਦਿਖਾ ਕੇ ਗੱਲਬਾਤ ਕੀਤੀ। ਕੀਮਤ ਤੇ ਸੌਦਾ ਲਗਭਗ ਤੈਅ ਹੋ ਹੀ ਚੁੱਕਾ ਸੀ। ਅਸੀਂ ਆਪਣੀ ਅੰਬਾਂ ਵਾਲੀ ਬੰਬੀ ’ਤੇ ਛਾਵੇਂ ਬੈਠ ਗਏ। ਮੈਂ ਸੋਚਾਂ ਵਿੱਚ ਡੁੱਬ ਗਿਆ। ਸੋਚਾਂ ਵਿੱਚ ਮੇਰੀ ਮਾਂ ਤੇ ਛੋਟਾ ਭਰਾ ਵੱਟੇ ਵੱਟ ਰੋਟੀ ਵਾਲਾ ਛਾਬਾ ਸਿਰ ’ਤੇ ਟਿਕਾਈ ਤੇ ਚਾਹ ਵਾਲਾ ਡੋਲੂ ਹੱਥ ’ਚ ਫੜੀ ਮੇਰੇ ਤੇ ਮੇਰੇ ਬਾਪੂ ਕੋਲ ਅੰਬਾਂ ਵਾਲੀ ਬੰਬੀ ’ਤੇ ਆ ਗਏ। ਮੇਰੀ ਮਾਂ ਮੇਰਾ ਸਿਰ ਪਲੋਸ ਕੇ ਕਹਿੰਦੀ ‘ਅੱਜ ਮੇਰੇ ਪੁੱਤ ਨੇ ਬਹੁਤ ਕੰਮ ਕੀਤਾ ਏ ਆਪਣੇ ਬਾਪੂ ਨਾਲ।’ ਮੈਂ ਕੰਮ ਕੀ ਕੀਤਾ ਸੀ! ਬਾਪੂ ਦੀਆਂ ਲੱਤਾਂ ਵਿੱਚ ਬਹਿ ਕੇ ਸੁਹਾਗੇ ਦਾ ਮਜ਼ਾ ਲੈ ਰਿਹਾ ਸੀ ਕਿ ਸੁਹਾਗੇ ਥੱਲੇ ਆ ਗਿਆ, ਪਰ ਹੋਇਆ ਕੁਝ ਵੀ ਨਹੀਂ। ਬਸ ਮਾੜੀ ਜਿਹੀ ਝਰੀਟ ਹੀ ਆਈ ਸੀ ਤੇ ਬਾਪੂ ਨੇ ਮਿੱਟੀ ਨੂੰ ਥੋੜ੍ਹਾ ਗਿੱਲਾ ਕੀਤਾ, ਫੂਕ ਮਾਰੀ ਤੇ ਮੇਰੀ ਸੱਟ ਵਾਲੀ ਜਗ੍ਹਾ ’ਤੇ ਲਾ ਦਿੱਤੀ। ਬੇਬੇ ਬਾਪੂ ਮੇਰੇ ਕੋਲ ਬੈਠੇ ਕਹਿ ਰਹੇ ਸਨ ਕਿ ਪੁੱਤ ਤੂੰ ਭਾਵੇਂ ਪੜ੍ਹ ਲਿਖ ਕੇ ਜਿੱਡਾ ਵੀ ਵੱਡਾ ਅਫਸਰ ਲੱਗ ਜਾਵੇਂ, ਪਰ ਆਪਣੀ ਜ਼ਮੀਨ ਨਾ ਵੇਚੀਂ। ਜ਼ਮੀਨ ਵੱਡੇ ਵਡੇਰਿਆਂ ਦੀ ਜੜ੍ਹ ਹੁੰਦੀ ਏ। ਬੜੀ ਮੁਸ਼ਕਿਲ ਨਾਲ ਬੂਝੇ ਝਾੜੀਆਂ ਪੁੱਟ ਪੁੱਟ ਕੇ ਆਬਾਦ ਕੀਤੀ ਏ। ਬੇਬੇ ਨੇ ਕਿਹਾ, ‘‘ਰੋਟੀ ਖਾ ਲਓ। ਮੇਰੇ ਪੁੱਤ ਨੂੰ ਭੁੱਖ ਬਹੁਤ ਲੱਗੀ ਹੋਵੇਗੀ।’’ ਅਚਾਨਕ ਵਰਤਮਾਨ ’ਚ ਪਰਤਿਆ ਤਾਂ ਵੇਖਿਆ ਕਿ ਨਾ ਬੇਬੇ ਬਾਪੂ, ਨਾ ਹੀ ਰੋਟੀਆਂ ਤੇ ਨਾ ਹੀ ਛੋਟਾ ਭਰਾ ਤੇ ਚਾਹ ਵਾਲਾ ਡੋਲੂ। ਬਸ ਡੀਲਰ ਕੋਲ ਬੈਠਾ ਮੁੱਛਾਂ ਨੂੰ ਵੱਟ ਦੇ ਰਿਹਾ ਸੀ। ਉਸ ਨੇ ਮੇਰੇ ਮੋਢੇ ’ਤੇ ਹੱਥ ਰੱਖਿਆ ਤੇ ਕਿਹਾ, ‘‘ਗੁਰਨਾਮ ਸਿੰਹਾਂ, ਸੌਦਾ ਫਿਰ ਪੱਕਾ?’’ ਮੈਂ ਕਿਹਾ, ‘‘ਨਹੀਂ ਡੀਲਰ ਸਾਹਿਬ, ਬੇਬੇ ਬਾਪੂ ਨਹੀਂ ਮੰਨਦੇ।’’ ਉਹ ਮੇਰੇ ਵੱਲ ਵੇਖ ਕੇ ਬੋਲਿਆ, ‘‘ਉਹ ਤਾਂ ਵੀਹ-ਬਾਈ ਸਾਲ ਪਹਿਲਾਂ ਜਹਾਨੋਂ ਤੁਰ ਗਏ ਸਨ।’’ ਮੈਂ ਕਿਹਾ, ‘‘ਉਨ੍ਹਾਂ ਨੂੰ ਜਹਾਨੋਂ ਗਿਆਂ ਭਾਵੇਂ ਕਈ ਸਾਲ ਹੋ ਗਏ ਨੇ, ਪਰ ਜਦ ਵੀ ਮੈਂ ਆਪਣੇ ਖੇਤ ਆਉਂਦਾ ਹਾਂ ਤਾਂ ਬਾਪੂ ਖੇਤਾਂ ਵਿੱਚ ਕੰਮ ਕਰਦਾ ਤੇ ਬੇਬੇ ਤੇ ਨਿੱਕਾ ਵੀਰਾ ਚਾਹ ਤੇ ਰੋਟੀ ਪਾਣੀ ਲਿਆਉਂਦੇ ਨਜ਼ਰ ਆਉਂਦੇ ਨੇ। ਬੇਬੇ ਆਉਂਦੇ ਸਾਰ ਹੀ ਕਹਿੰਦੀ ਹੁੰਦੀ ਆ, ‘ਅੱਜ ਮੇਰੇ ਪੁੱਤ ਨੇ ਬੜਾ ਕੰਮ ਕੀਤਾ ਏ ਆਪਣੇ ਬਾਪੂ ਨਾਲ। ਚੱਲ ਰੋਟੀ ਖਾ ਲੈ ਥੱਕ ਗਿਆ ਹੋਵੇਂਗਾ’। ਰੱਬਾ! ਕਿਵੇਂ ਸਮਝਾਵਾਂ ਇਨ੍ਹਾਂ ਜਵਾਕਾਂ ਨੂੰ ਬਈ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਕਿੱਥੋਂ ਆਪਣੇ ਵੱਡੇ ਵਡੇਰਿਆਂ ਨੂੰ ਲੱਭ ਲਵਾਂਗੇ! ਜਿੰਨਾ ਚਿਰ ਵੀ ਮੈਂ ਜਿਉਂਦਾ ਹਾਂ ਮੈਂ ਤਾਂ ਨਹੀਂ ਵੇਚਾਂਗਾ ਆਪਣੇ ਵੱਡੇ ਵਡੇਰਿਆਂ ਨੂੰ। ਚੱਲ ਛੱਡ ਯਾਰ, ਉੱਠ ਚੱਲੀਏ ਸੌਦਾ ਕੈਂਸਲ।’’
ਸੰਪਰਕ: 91700-00064