ਅਮੋਲਕ ਸਿੰਘ
ਪੁਸਤਕ ਪੜਚੋਲ
ਬਿਹਾਰ ਦੇ ਜਾਏ, ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੇ ਮਹਬਿੂਬ ਸ਼ਾਇਰ ਆਲੋਕ ਧਨਵਾ ਦੀ ਇੱਕੋ ਇੱਕ ਹਿੰਦੀ ਕਾਵਿ ਪੁਸਤਕ ‘ਦੁਨੀਆਂ ਰੋਜ਼ ਬਨਤੀ ਹੈ’ ਛਪਕੇ ਆਈ ਤਾਂ ਕਵਿਤਾ ਦੀ ਦੁਨੀਆਂ ਅੰਦਰ ਨਵੀਂ ਹਲਚਲ ਪੈਦਾ ਕਰ ਦਿੱਤੀ ਸੀ। ਆਲੋਕ ਧਨਵਾ ਨੇ ਸਦੀਆਂ ਤੋਂ ਲਿਤਾੜੇ ਲੋਕਾਂ ਦੇ ਖ਼ੂਨ ਪਸੀਨੇ ਅਤੇ ਕਿਰਤ ਦੇ ਸੰਦਾਂ ਨਾਲ ਲਿਖੀ ਜਾ ਰਹੀ ਕਵਿਤਾ ਨੂੰ ਹੱਡੀਂ ਹੰਢਾਇਆ, ਨੇੜਿਓਂ ਜਾਣਿਆ, ਪੜ੍ਹਿਆ, ਵਿਚਾਰਿਆ, ਅਧਿਐਨ ਕੀਤਾ ਅਤੇ ਆਪਣੀ ਕਲਮ ਨਾਲ ਕਾਗਜ਼ ’ਤੇ ਉਤਾਰਿਆ। ਉਹ ਆਪਣੀ ਕਵਿਤਾ ਦੇ ਮੂਲ ਲੇਖਕ ਕਮਾਊ ਲੋਕਾਂ ਨੂੰ ਸਮਝਦਾ ਹੈ। ਉਹਦਾ ਵਿਚਾਰ ਹੈ ਕਿ ਆਲੋਕ ਧਨਵਾ ਵਾਂਗ ਅਸੀਂ ਕਿੰਨੇ ਹੀ ਕਲਮਕਾਰ, ਕਿਰਤੀ ਔਜ਼ਾਰਾਂ ਨਾਲ ਰਚੀ ਜਾ ਰਹੀ ਕਵਿਤਾ ਨੂੰ ਸਮਝਣ ਲਈ ਯਤਨਸ਼ੀਲ ਹਾਂ। ਅਸੀਂ ਉਸ ਨੂੰ ਕਲਮ ਨਾਲ ਕਾਗਜ਼ ’ਤੇ ਉਤਾਰਦੇ ਹਾਂ।
ਬਿਹਾਰ ਦੀ ਮਿੱਟੀ ਅਤੇ ਕਵਿਤਾ ਦੇ ਪੰਜਾਬ ਨਾਲ ਜੁੜਵੇਂ ਸਾਂਝੇ ਸਰੋਕਾਰ, ਸਾਂਝੀ ਧੜਕਣ ਦੇ ਦੀਦਾਰ, ਆਲੋਕ ਧਨਵਾ ਦੀ ਕਿਤਾਬ ਖੋਲ੍ਹਦੇ ਸਾਰ ਹੋ ਜਾਂਦੇ ਨੇ। ਕਵੀ ਪਹਿਲੇ ਪੂਰੇ ਸਫ਼ੇ ’ਤੇ ਹੀ ਲਿਖਦਾ ਹੈ: ‘ਪਾਸ਼ ਲਈ’। ਕਿਤਾਬ ‘ਦੁਨੀਆਂ ਰੋਜ਼ ਬਣਦੀ ਹੈ’ (ਅਨੁਵਾਦ : ਤਰਸੇਮ; ਕੀਮਤ: 250 ਰੁਪਏ; ਨਵਯੁਗ ਪਬਲਿਸ਼ਰਜ਼) ਨੂੰ ਹਿੰਦੀ ਅਤੇ ਪੰਜਾਬੀ ਕਾਵਿ ਜਗਤ ਨੂੰ ਜੋੜਨ ਦਾ ਖ਼ੂਬਸੂਰਤ ਪੁਲ ਬਣਾਉਣ ਲਈ ਤਜ਼ਰਬੇਕਾਰ ਸਾਹਿਤਕਾਰ ਤਰਸੇਮ ਨੇ ਸ਼ਲਾਘਾਯੋਗ ਉੱਦਮ ਕੀਤਾ ਹੈ।
ਪੁਸਤਕ ’ਚ ਸ਼ਾਮਿਲ ਕਵਿਤਾਵਾਂ ਦੇ ਬੋਲ, ਬਿੰਬ, ਸੈਨਤਾਂ, ਪੈਗ਼ਾਮ ਸਭ ਕੁਝ ਪਾਠਕ ਨੂੰ ਹਕੀਕੀ ਸਮਾਜੀ ਜੀਵਨ ਸੰਗ ਘੁਲਣ ਮਿਲਣ ਦੇ ਦੁਆਰ ਖੋਲ੍ਹਦਾ ਹੈ। ਪੁਸਤਕ ਲੋਕ-ਸਰੋਕਾਰਾਂ, ਭਾਸ਼ਾ ਅਤੇ ਸ਼ਿਲਪਕਾਰੀ ਪੱਖੋਂ ਵੀ ਪਾਠਕ ਨੂੰ ਸੁਭਾਵਿਕ ਅੰਦਾਜ਼ ’ਚ ਆਪਣੇ ਨਾਲ ਲੈ ਤੁਰਦੀ ਹੈ। ਦੁਮੇਲੜੀ ਕਵਿਤਾ ਦਾ ਰਚੇਤਾ ਆਪਣੀਆਂ ਕਵਿਤਾਵਾਂ ’ਚ ਉੱਚੀ ਪਰਵਾਜ਼ ਭਰਦਾ ਹੈ, ਪਰ ਬੋਲਦਾ ਉੱਚੀ ਨਹੀਂ। ਉਸ ਦੇ ਸ਼ਬਦਾਂ ਦੀ ਚੋਣ, ਬੋਲੀ, ਚਿੰਨ੍ਹ ਕਿਸੇ ਵੀ ਮੋੜ ’ਤੇ ਖੌਰੂ ਨਹੀਂ ਪਾਉਂਦੇ। ਪੁਸਤਕ ’ਚ ਸ਼ਾਮਿਲ ਕਵਿਤਾਵਾਂ ਦੇ ਵਿਸ਼ੇ ਵਸਤੂ, ਕਵਿਤਾ ਨੂੰ ਮੱਧਵਰਗੀ ਦਾਇਰਿਆਂ ’ਚੋਂ ਦਰੜੇ ਲੋਕਾਂ ਵੱਲ ਅਗਲੀ ਤਹਿ ਤੱਕ ਜਾਣ ਤੇ ਉਡਾਰੀ ਭਰਨ ਦੀ ਸ਼ਾਹਦੀ ਭਰਦੇ ਹਨ। ਗੂੰਗੇ ਬੋਲ਼ੇ ਸਮਝੇ ਜਾਂਦੇ ਸਮਾਜ ਦੇ ਅਸਲੀ ਨਾਇਕਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਅਤੇ ਮਹੱਤਵ ਨੂੰ ਆਲੋਕ ਧਨਵਾ ਦੀ ਕਵਿਤਾ ਪ੍ਰਮੁੱਖਤਾ ਨਾਲ ਕੇਂਦਰ ’ਚ ਲਿਆਉਣ ਦਾ ਸੁਚੇਤ ਯਤਨ ਕਰਦੀ ਹੈ।
ਕਵਿਤਾਵਾਂ ਉਨ੍ਹਾਂ ਧਰਤੀ-ਜਾਇਆਂ ਨੂੰ ਕਲਾਵੇ ’ਚ ਲੈਂਦੀਆਂ ਹਨ ਜਿਨ੍ਹਾਂ ਬਿਨਾਂ ਦੇਸ਼ ਚੱਲ ਹੀ ਨਹੀਂ ਸਕਦਾ, ਪਰ ਜਦੋਂ ਉਨ੍ਹਾਂ ਸਿਰ ਪੈਂਦੀਆਂ ਆਫ਼ਤਾਂ ਸਮੇਂ ਉਹ ਆਪਣੇ ਹੀ ਦੇਸ਼ ਅੰਦਰ ਬੇਗਾਨਗੀ ਦੀਆਂ ਪੰਡਾਂ ਸਿਰਾਂ ’ਤੇ ਲੱਦ ਕੇ ਭੁੱਖਣ-ਭਾਣੇ ਲੰਮੇ ਪੈਂਡੇ ਤੈਅ ਕਰਨ ਚੱਲ ਪੈਂਦੇ ਹਨ ਤਾਂ ਦੇਸ਼ ਉਨ੍ਹਾਂ ਦੇ ਨਾਲ-ਨਾਲ ਤੁਰਿਆ ਜਾਂਦਾ ਦਿਖਾਈ ਨਹੀਂ ਦਿੰਦਾ।
ਸੁੰਨ ਹੋਈ ਸੰਵੇਦਨਾ ਅਤੇ ਮੂਕ ਦਰਸ਼ਕ ਪਰਛਾਵਿਆਂ ਵਰਗੇ ਲੋਕਾਂ ਦੀ ਹਿਰਦੇਵਧਕ ਹਾਲਤ ਇਸ ਪੁਸਤਕ ’ਚ ਸ਼ਾਮਿਲ ਕਵਿਤਾਵਾਂ ਦੀ ਜ਼ੁਬਾਨੀ ਸੁਣੀ ਜਾ ਸਕਦੀ ਹੈ। ਆਲੋਕ ਧਨਵਾ ਦੀ ਕਵਿਤਾ ਲਈ ਇਹ ਵਰਤਾਰਾ ਅਲੋਕਾਰ ਨਹੀਂ। ਉਦਾਸ ਰੁੱਤ ਵਿੱਚ ਗੁਆਚ ਜਾਣ ਦੀ ਭਟਕਣ ਵੀ ਨਹੀਂ। ਇਹ ਕਵਿਤਾਵਾਂ ਸਿਰ ਸੁੱਟ ਕੇ ਬੈਠਣ ਤੇ ਭਲੇ ਵੇਲਿਆਂ ਦੀ ਉਡੀਕ ਕਰਨ ਦੀ ਸਲਾਹ ਵੀ ਨਹੀਂ ਦਿੰਦੀਆਂ। ਨਾ ਹੀ ਉਬਾਲੇ ਮਾਰਦੀਆਂ ਹਨ।
ਆਲੋਕ ਧਨਵਾ ਦੀ ਇਸ ਪੁਸਤਕ ਨੇ ਮੁਲਕ ਦੇ ਕੁੱਲ ਕਾਵਿ-ਜਗਤ ਉਪਰ ਇਸ ਕਰਕੇ ਅਮਿਟ ਛਾਪ ਛੱਡੀ ਹੈ ਕਿਉਂਕਿ ਇਹ ਗਹਿਰੇ ਵਿਗਿਆਨਕ ਵਿਸ਼ਲੇਸ਼ਣ ਵਿਚ ਪੈ ਕੇ ਇਹ ਸਮਝਣ ਲਈ ਅਹੁਲਦੀ ਹੈ ਕਿ ‘ਦੁਨੀਆਂ ਰੋਜ਼ ਬਣਦੀ ਹੈ’ ਪਰ ਸੁਆਲਾਂ ਦਾ ਸੁਆਲ ਇਹ ਹੈ ਕਿ ਇਹ ਕਿਹੋ ਜਿਹੀ ਬਣਦੀ ਹੈ, ਦੁਨੀਆਂ ਰੋਜ਼ ਬਣਨੀ ਕਿਹੋ ਜਿਹੀ ਚਾਹੀਦੀ ਹੈ? ਇਹ ਕਿਸੇ ਫਾਉਂਡਰੀ ਵਿੱਚ ਢਲਾਈ, ਕੱਪੜੇ ਦੀ ਬੁਣਾਈ ਨਾਲੋਂ ਕਿਤੇ ਵੱਧ ਸੂਖ਼ਮ, ਸੁਹਜਮਈ ਕਾਰਜ ਹੈ। ਇਹ ਸਮਾਜ ਦਾ ਸ਼ੀਸ਼ਾ ਹੈ। ਇਸ ਨੂੰ ਬਦਲਣ ਵੱਲ ਸੈਨਤਾਂ ਕਰਦੀ ਚੇਤਨਾ ਦਾ ਚਾਨਣ ਹੈ।
ਇਸ ਪੁਸਤਕ ’ਚ ਸ਼ਾਮਿਲ ਕਵਿਤਾਵਾਂ ‘ਗੋਲੀ ਦਾਗੋ ਪੋਸਟਰ’, ‘ਭੱਜੀਆਂ ਹੋਈਆਂ ਕੁੜੀਆਂ’, ‘ਕੱਪੜੇ ਦੇ ਬੂਟ’ ਅਤੇ ‘ਬਰੂਨੋ ਦੀਆਂ ਬੇਟੀਆਂ’ ਵੰਨ-ਸੁਵੰਨੀਆਂ ਭਾਰਤੀ ਭਾਸ਼ਾਵਾਂ ਵਿਚ ਤਰਥੱਲੀ ਮਚਾ ਰਹੀਆਂ ਹਨ। ਆਲੋਕ ਧਨਵਾ ਮਿਕਦਾਰੀ ਦੌੜ ਨਾਲੋਂ ਗੁਣਵੰਤੀ ਅਤੇ ਕਲਾਵੰਤੀ ਕਵਿਤਾ ਆਪਣੀ ਕਮਾਊ ਜਮਾਤ ਦੀ ਝੋਲੀ ਪਾਉਣ ਵਿੱਚ ਵਧੇਰੇ ਯਕੀਨ ਰੱਖਦਾ ਹੈ।
ਮੁਲਕ ’ਤੇ ਛਾਏ ਕਾਲੇ ਬੱਦਲਾਂ ਦੇ ਦੌਰ ਵਿੱਚ ਇਸ ਪੁਸਤਕ ਦਾ ਆਉਣਾ ਖ਼ਾਸਕਰ ਪੰਜਾਬੀ ਪਾਠਕਾਂ ਲਈ ਨਜ਼ਰਾਨਾ ਹੈ।
ਸੰਪਰਕ: 94170-76735