ਸੁਰਿੰਦਰ ਸਿੰਘ ਤੇਜ
ਇਸ ਕਿਤਾਬ ਦੀ ਉਡੀਕ ਲੰਮੇ ਸਮੇਂ ਤੋਂ ਸੀ। ਪਿਛਲੇ ਸਾਲ ਜੂਨ ਮਹੀਨੇ ਨ੍ਰਿਪਿੰਦਰ ਰਤਨ ਹੁਰਾਂ ਦੀ ਕਿਤਾਬ ‘ਉਪਰੇਸ਼ਨ ਬਲਿਊ ਸਟਾਰ’ (ਚੇਤਨਾ ਪ੍ਰਕਾਸ਼ਨ) ਦੇ ਲੋਕ ਅਰਪਣ ਸਮਾਗਮ ਸਮੇਂ ਰਮੇਸ਼ ਇੰਦਰ ਸਿੰਘ ਨੇ ਇਸ਼ਾਰਾ ਕੀਤਾ ਸੀ ਕਿ ਉਹ ਵੀ ਕੁਝ ਲਿਖ ਰਹੇ ਹਨ। ਹੁਣ ‘‘ਟਰਮੌਇਲ ਇਨ ਪੰਜਾਬ: ਬਿਫੋਰ ਐਂਡ ਆਫ਼ਟਰ ਬਲੂ ਸਟਾਰ’’ (ਪੰਜਾਬ ਵਿੱਚ ਉਥਲ ਪੁਥਲ: ਸਾਕਾ ਨੀਲਾ ਤਾਰਾ ਤੋਂ ਪਹਿਲਾਂ ਅਤੇ ਬਾਅਦ; ਹਾਰਪਰ ਕੌਲਿਨਜ਼; 555 ਪੰਨੇ; 799 ਰੁਪਏ) ਰਾਹੀਂ ਉਨ੍ਹਾਂ ਨੇ ਪੰਜਾਬ ਦੇ ਸਿਆਹ ਦਿਨਾਂ ਦਾ ਖ਼ੁਲਾਸਾ ਸ਼ਾਇਸਤਗੀ, ਸੰਜੀਦਗੀ ਤੇ ਸਜੀਵਤਾ ਨਾਲ ਕੀਤਾ ਹੈ। ਸਾਕਾ ਨੀਲਾ ਤਾਰਾ ਬਾਰੇ ਅੰਗੇਰਜ਼ੀ, ਪੰਜਾਬੀ ਤੇ ਹੋਰ ਜ਼ੁਬਾਨਾਂ ਵਿਚ ਦਰਜਨਾਂ ਕਿਤਾਬਾਂ ਛਪੀਆਂ ਹਨ। ਪਰ ਜੋ ਵੇਰਵੇ ਅਤੇ ਬਾਰੀਕਬੀਨੀ ਇਸ ਕਿਤਾਬ ਵਿਚ ਹੈ, ਉਹ ਹੋਰਨਾਂ ਵਿੱਚ ਨਹੀਂ। ਰਮੇਸ਼ ਇੰਦਰ ਸਿੰਘ ਤਿੰਨ ਸਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ। ਇਹ ਅਹੁਦਾ ਉਨ੍ਹਾਂ ਦੇ 4 ਜੂਨ 1984 ਨੂੰ ਸੰਭਾਲਿਆ। ਜੋ ਚਸ਼ਮਦੀਦੀ ਉਨ੍ਹਾਂ ਦੇ ਹਿੱਸੇ ਆਈ, ਉਹ ਕਿਸੇ ਹੋਰ ਅਫ਼ਸਰ ਜਾਂ ਪੱਤਰਕਾਰ ਨੂੰ ਨਸੀਬ ਨਹੀਂ ਹੋਈ। ਡਿਪਟੀ ਕਮਿਸ਼ਨਰੀ ਤੋਂ ਬਾਅਦ ਉਹ ਹੋਰ ਉੱਚ ਅਹੁਦਿਆਂ ’ਤੇ ਰਹੇ ਅਤੇ ਅੰਤ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ। ਉਸ ਤੋਂ ਬਾਅਦ ਪੰਜ ਸਾਲ ਮੁੱਖ ਸੂਚਨਾ ਕਮਿਸ਼ਨਰ ਵੀ ਰਹੇ। ਇਹ ਸਾਰਾ ਸਮਾਂ ਪੰਜਾਬ ਦੀ ਦਸ਼ਾ, ਦਿਸ਼ਾ ਤੇ ਦਰਦੀਲੀਆਂ ਰਗਾਂ ਨੂੰ ਟੋਹਣ ਤੇ ਜਾਂਚਣ ਦਾ ਸੀ। ਇਹ ਸਾਰਾ ਤਜਰਬਾ ਤੇ ਗਿਆਨ ‘ਟਰਮੌਇਲ’ ਵਿਚ ਭਰਪੂਰ ਮਿਕਦਾਰ ਵਿਚ ਮੌਜੂਦ ਹੈ; ਉਹ ਵੀ ਇਕ ਸੂਝਵਾਨ ਵਾਲੀ ਦ੍ਰਿਸ਼ਟੀ ਨਾਲ। ਸ੍ਰੀ ਰਤਨ (ਜਿਨ੍ਹਾਂ ਕੋਲ ਸਾਕਾ ਨੀਲਾ ਤਾਰਾ ਸਮੇਂ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦਾ ਚਾਰਜ ਸੀ) ਨੇ ਨਵੇਂ ਡੀ.ਸੀ. ਰਮੇਸ਼ ਇੰਦਰ ਨੂੰ ਮਸ਼ਵਰਾ ਦਿੱਤਾ ਸੀ: ‘‘ਇਕ ਟਰੰਕ ਖ਼ਰੀਦ ਕੇ ਉਸ ਦੇ ਢੱਕਣ ਵਿਚ ਝੀਤ ਕਢਾ ਲੈ ਤਾਂ ਜੋ ਕਾਗਜ਼ ਅੰਦਰ ਸੁੱਟੇ ਜਾਣ। ਟਰੰਕ ਨੂੰ ਵੱਡਾ ਸਾਰਾ ਤਾਲਾ ਲਾ ਕੇ ਚਾਬੀ ਕਿਤੇ ਸੁੱਟ ਦੇ। ਦਿਨ ਦੀਆਂ ਘਟਨਾਵਾਂ ਦੇ ਵੇਰਵੇ ਤੇ ਅਹਿਮ ਕਾਗਜ਼ਾਂ ਦੀਆਂ ਨਕਲਾਂ ਝੀਤ ਰਾਹੀਂ ਟਰੰਕ ਵਿਚ ਸੁੱਟਦਾ ਜਾ। ਇਹ ਕਦੇ ਤੇਰੇ ਕੰਮ ਆਉਣਗੇ।’’
ਰਮੇਸ਼ ਇੰਦਰ ਹੁਰਾਂ ਨੇ ਇਸ ਸਲਾਹ ’ਤੇ ਕਿੰਨਾ ਕੁ ਅਮਲ ਕੀਤਾ, ਇਹ ਤਾਂ ਪਤਾ ਨਹੀਂ। ਹਾਂ, ਕਿਤਾਬ ਅੰਦਰਲੇ ਵੇਰਵੇ ਦਰਸਾਉਂਦੇ ਹਨ ਕਿ ਉਹ ਜਿੱਥੇ ਇਤਿਹਾਸਕਾਰੀ ਦੀਆਂ ਬਾਰੀਕੀਆਂ ਤੋਂ ਖ਼ੂਬ ਵਾਕਫ਼ ਹਨ, ਉੱਥੇ ਅਕਾਦਮਿਕ ਜ਼ਬਤ ਤੇ ਮੁਸ਼ੱਕਤ ਅਤੇ ਅਦਬੀ ਲੇਖਣ ਦੇ ਦਾਅ-ਪੇਚ ਵੀ ਜਾਣਦੇ ਹਨ। ਇਹ ਸਾਰੀਆਂ ਖ਼ਾਸੀਅਤਾਂ ਇਸ ਕਿਤਾਬ ਨੂੰ ਅਨਮੋਲ ਬਣਾਉਂਦੀਆਂ ਹਨ। ਲੇਖਕ ਨੇ ਨਾ ਕਿਸੇ ਦੀ ਤਰਫ਼ਦਾਰੀ ਕੀਤੀ ਹੈ, ਨਾ ਹੀ ਨਾਜਾਇਜ਼ ਨੁਕਤਾਚੀਨੀ ਕੀਤੀ ਹੈ। ਉਸ ਨੇ ਤਾਰੀਫ਼ ਤੇ ਨੁਕਤਾਚੀਨੀ ਦਾ ਤਵਾਜ਼ਨ ਘਟਨਾਵਾਂ ਦੇ ਪਰਿਪੇਖ ਤੇ ਪ੍ਰਸੰਗ ਤਕ ਸੀਮਤ ਰੱਖਿਆ ਹੈ। ਜਰਨੈਲ ਸਿੰਘ ਭਿੰਡਰਾਂਵਾਲਾ, ਸੰਤ ਲੌਂਗੋਂਵਾਲ, ਪਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਕੈਪਟਨ ਅਮਰਿੰਦਰ ਸਿੰਘ – ਇਨ੍ਹਾਂ ਸਾਰੇ ਪੰਜਾਬੀ ਆਗੂਆਂ ਵਿਚੋਂ ਕੋਈ ਵੀ ਜੇਕਰ ਇਸ ਕਿਤਾਬ ਦੇ ਪ੍ਰਿਜ਼ਮ ਰਾਹੀਂ ਕੱਦਾਵਰ ਹਸਤੀ ਨਜ਼ਰ ਨਹੀਂ ਆਉਂਦਾ ਤਾਂ ਉਸ ਦੇ ਵਜੂਹਾਤ ਵੀ ਇਸ ਕਿਤਾਬ ਵਿਚ ਮੌਜੂਦ ਹਨ। ਕਿਤਾਬ ਪੜ੍ਹ ਕੇ ਮੇਰੇ ਕਈ ਭਰਮ ਦੂਰ ਹੋਏ, ਖ਼ਾਸਕਰ ਦਰਬਾਰਾ ਸਿੰਘ ਬਾਰੇ; ਅਤੇ ਅਮਰਿੰਦਰ ਸਿੰਘ ਬਾਰੇ। ਦਰਬਾਰਾ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਠਿੱਬੀਆਂ ਆਪਣੀ ਹੀ ਪੁਲੀਸ ਨੂੰ ਲਾਈਆਂ, ਖਾੜਕੂਆਂ ਨਾਲ ਯਾਰੀ ਗੰਢਣ ਦੀ ਆਸ ਵਿਚ। ਅਮਰਿੰਦਰ ਸਿੰਘ ਨੇ ਆਪਣੀ ਵੁੱਕਤ ਵਧਾਉਣ ਹਿੱਤ ਭਜਨ ਲਾਲ ਨਾਲ ਗੰਢ-ਤੁੱਪ ਕੀਤੀ, ਭਾਵੇਂ ਥੋੜ੍ਹੀ ਜਹੀ ਹੀ।
ਕਿਤਾਬ ਦੇ ਦੋ ਹਿੱਸੇ ਜਾਂ ਅਨੁਭਾਗ ਹਨ। ਪਹਿਲੇ ਅਨੁਭਾਗ ਵਿਚ 39 ਅਧਿਆਇ ਹਨ ਜੋ 1978 ਦੀ ਨਿਰੰਕਾਰੀ-ਸਿੱਖ ਮੁੱਠਭੇੜ ਤੋਂ ਲੈ ਕੇ ਖਾੜਕੂਵਾਦ ਦੇ ਖ਼ਾਤਮੇ ਤਕ ਦੇ ਅਰਸੇ ਤਕ ਦੀ ਵਿਅਥਾ-ਕਥਾ ਬਿਆਨ ਕਰਦੇ ਹਨ। 435 ਪੰਨੇ ਲੰਮੀ ਹੈ ਇਹ ਵਿਅਥਾ-ਕਥਾ। ਦੂਜੇ ਅਨੁਭਾਗ ਦੇ 9 ਅਧਿਆਇ ਪੰਜਾਬ, ਸਿੱਖੀ, ਸੰਤਾਲੀ ਵਾਲੀ ਵੰਡ, ਪੰਜਾਬੀ ਸੂਬਾ ਅੰਦੋਲਨ, ਪੰਜਾਬੀ ਸੂਬੇ ਦੀ ਸਥਾਪਨਾ ਤੋਂ ਉਪਜੇ ਦ੍ਰਿਸ਼ਕ੍ਰਮ ਅਤੇ ਗ਼ਰਮਖਿਆਲੀਆਂ ਦੇ ਉਭਾਰ ਵਰਗੇ ਵਿਸ਼ਿਆਂ ਉੱਤੇ ਰੌਸ਼ਨੀ ਪਾਉਂਦੇ ਹਨ। ਇਹ ਅਨੁਭਾਗ ਸਿੱਖੀ ਅਤੇ ਪੰਜਾਬ ਦੇ ਰਿਸ਼ਤੇ ਅਤੇ ਇਸ ਰਿਸ਼ਤੇ ਦੀ ਸਿਆਸੀ-ਸਮਾਜਿਕ ਅਹਿਮੀਅਤ ਦਾ ਝਰੋਖਾ ਹੈ। ਕਿਤਾਬ ਦੀ ਸ਼ੁਰੂਆਤ ‘ਅਫ਼ਵਾਹਾਂ ਦੀ ਪਰਵਾਜ਼’ ਨਾਲ ਹੁੰਦੀ ਹੈ। ਇਹ ਅਧਿਆਇ ਦੱਸਦਾ ਹੈ ਕਿ ਸੂਚਨਾਵਾਂ ਦੇ ਪਰਵਾਹ ਨੂੰ ਦਬਾਉਣਾ ਅਫ਼ਵਾਹਾਂ ਨੂੰ ਕਿਵੇਂ ਤੇ ਕਿੰਨਾ ਸ਼ਕਤੀਸ਼ਾਲੀ ਬਣਾ ਦਿੰਦਾ ਹੈ। ਨੀਲਾ ਤਾਰਾ ਅਪਰੇਸ਼ਨ ਸਮੇਂ ਖ਼ਬਰਾਂ ਦੇ ਬਲੈਕਆਊਟ, ਅਖ਼ਬਾਰਾਂ ਦੇ ਛਪਣ ’ਤੇ ਪਾਬੰਦੀ, ਫੋਨ ਸੇਵਾਵਾਂ ਦੀ ਮੁਅੱਤਲੀ ਆਦਿ ਵਰਗੇ ਕਦਮਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਜਨਮ ਦਿੱਤਾ। ਇਨ੍ਹਾਂ ਅਫ਼ਵਾਹਾਂ ਨੂੰ ਹਵਾ ਦੇਣ ਦਾ ਕੰਮ ਪਾਕਿਸਤਾਨ ਟੀਵੀ ਤੇ ਰੇਡੀਓ ਪਾਕਿਸਤਾਨ ਨੇ ਕੀਤਾ। ਅੱਠ ਤੇ ਨੌਂ ਜੂਨ ਨੂੰ ਪੀ.ਟੀ.ਵੀ. ਨੇ ਭਿੰਡਰਾਂਵਾਲਾ ਦੇ ਵੀਡੀਓਜ਼ ਵਾਰ ਵਾਰ ਦਿਖਾਏ ਜੋ ਉਸ ਦੇ ਜ਼ਿੰਦਾ ਹੋਣ ਦਾ ਪ੍ਰਭਾਵ ਦਿੰਦੇ ਸਨ। ਇਹ ਪ੍ਰਭਾਵ ਤੋੜਨ ਲਈ ਇਕ ਦਹਾਕੇ ਤੋਂ ਵੱਧ ਦਾ ਸਮਾਂ ਲੱਗ ਗਿਆ। ਸ਼੍ਰੋਮਣੀ ਕਮੇਟੀ ਵੀ ਇਸ ਮਿੱਥ ਨੂੰ ਜ਼ਿੰਦਾ ਰੱਖਣ ਵਿਚ ਭਾਈਵਾਲ ਬਣੀ ਰਹੀ। ਇਸ ਨੇ ਅੰਤ 6 ਜੂਨ 2003 ਨੂੰ ਅਧਿਕਾਰਤ ਤੌਰ ’ਤੇ ਭਿੰਡਰਾਂਵਾਲਾ ਨੂੰ ਸ਼ਹੀਦਾਂ ਵਿਚ ਸ਼ੁਮਾਰ ਕੀਤਾ। ਜੇਕਰ ਸੂਚਨਾਵਾਂ ਦੇ ਪ੍ਰਚਾਰ-ਪ੍ਰਸਾਰ ਦੇ ਸੋਮੇ ਖੁੱਲ੍ਹੇ ਹੁੰਦੇ ਤਾਂ ਪਾਕਿਸਤਾਨ ਜਾਂ ਆਈ.ਐੱਸ.ਆਈ. ਵਰਗੀ ਏਜੰਸੀ ਨੂੰ ਸਥਿਤੀ ਖੁੱਲ੍ਹ ਕੇ ਲਾਭ ਲੈਣ ਦੇ ਮੌਕੇ ਨਹੀਂ ਸੀ ਮਿਲਣੇ। ਇਹੋ ਅਧਿਆਇ ਦੱਸਦਾ ਹੈ ਕਿ ਲੇਖਕ ਨੂੰ ਤੱਤਕਾਲੀ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਦੇ ਲੰਮੀ ਛੁੱਟੀ ’ਤੇ ਜਾਣ ਕਾਰਨ ਬਦਲਵੇਂ ਪ੍ਰਬੰਧ ਵਜੋਂ ਅੰਮ੍ਰਿਤਸਰ ਭੇਜਿਆ ਗਿਆ। ਬਰਾੜ ਦੀ ਛੁੱਟੀ ਮਹੀਨਾ ਪਹਿਲਾਂ ਮਨਜ਼ੂਰ ਹੋ ਚੁੱਕੀ ਸੀ, ਪਰ ਅਫ਼ਵਾਹਾਂ ਦੇ ਗੇੜ ਨੇ ਇਹ ਪ੍ਰਭਾਵ ਪੈਦਾ ਕਰ ਦਿੱਤਾ ਕਿ ਉਸ ਨੂੰ ਉਸ ਦੀ ਨਾਅਹਿਲੀਅਤ ਕਾਰਨ ਜਬਰੀ ਛੁੱਟੀ ਭੇਜਿਆ ਗਿਆ ਹੈ। ਮਾਰਕ ਟਲੀ (ਬੀਬੀਸੀ) ਵਰਗਾ ਨਾਮਵਰ ਪੱਤਰਕਾਰ ਵੀ ਇਸ ਅਫ਼ਵਾਹ ’ਤੇ ਯਕੀਨ ਕਰ ਬੈਠਾ ਅਤੇ ਉਸ ਤੇ ਸਤੀਸ਼ ਜੈਕਬ ਵੱਲੋਂ ਸਾਂਝੇ ਤੌਰ ’ਤੇ ਲਿਖੀ ਕਿਤਾਬ ਵਿਚਲੀ ਇਹ ਸਤਰ, ਨੀਲਾ ਤਾਰਾ ਬਾਰੇ ਅਗਲੀਆਂ ਕਈ ਕਿਤਾਬਾਂ ਤੇ ਲਿਖਤਾਂ ਵਿਚ ਦੁਹਰਾਈ ਜਾਂਦੀ ਰਹੀ।
ਅਗਲੇ ਅਧਿਆਇ 3 ਜੂਨ 1984 ਤੋਂ ਬਾਅਦ ਵਾਪਰੀਆਂ ਘਟਨਾਵਾਂ ਨੂੰ ਸਿਲਸਿਲੇਵਾਰ ਢੰਗ ਨਾਲ ਦ੍ਰਿਸ਼ਮਾਨ ਕਰਦੇ ਹਨ। ਲੇਖਕ ਇਨ੍ਹਾਂ ਦੇ ਤ੍ਰਾਸਦਿਕ ਪੱਖਾਂ ਨੂੰ ਬੜੇ ਮਾਰਮਿਕ ਢੰਗ ਨਾਲ ਬਿਆਨ ਕਰਦਾ ਹੈ, ਖ਼ਾਸ ਕਰਕੇ ਦਰਬਾਰ ਸਾਹਿਬ ਦੇ ਚੌਗਿਰਦੇ ਦੇ ਅੰਦਰ ਡੀਆਈਜੀ ਏ.ਐੱਸ. ਅਟਵਾਲ ਦੀ ਹੱਤਿਆ ਅਤੇ ਇਸ ਹੱਤਿਆ ਤੋਂ ਬਾਅਦ ਰਾਜ ਸਰਕਾਰ, ਕੇਂਦਰ ਸਰਕਾਰ ਤੇ ਪੰਜਾਬ ਪੁਲੀਸ ਵੱਲੋਂ ਦਿਖਾਈ ਨਾਲਾਇਕੀ ਤੇ ਨਾਅਹਿਲੀਅਤ ਦਾ। ਉਹ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਦੀ ਨੁਕਤਾਚੀਨੀ ਕਰਦਾ ਹੈ ਕਿ ਉਨ੍ਹਾਂ ਨੇ ਅਜਿਹੀ ਜੁੱਗਗਰਦੀ ਦਾ ਦਲੇਰੀ ਨਾਲ ਸਾਹਮਣਾ ਕਰਨ ਅਤੇ ਅਤਿਵਾਦੀਆਂ ਦੇ ਅਮਾਨਵੀ ਕਾਰਿਆਂ ਖ਼ਿਲਾਫ਼ ਲੋਕ-ਰਾਇ ਲਾਮਬੰਦ ਕਰਨ ਦਾ ਸਾਹਸ ਨਹੀਂ ਦਿਖਾਇਆ। ਇਹੋ ਅਧਿਆਇ ਇਹ ਵੀ ਦੱਸਦੇ ਹਨ ਕਿ ਪੰਜਾਬ ਦੀ ਪ੍ਰਸ਼ਾਸਨਿਕ ਤੇ ਰਾਜਸੀ ਕਮਾਨ 3 ਜੂਨ ਤੋਂ ਪਹਿਲਾਂ ਹੀ ਦਿੱਲੀ ਭਾਵ ਪ੍ਰਧਾਨ ਮੰਤਰੀ ਦਫ਼ਤਰ ਨੇ ਸੰਭਾਲ ਲਈ ਸੀ। ਰਾਜਪਾਲ ਜਾਂ ਮੁੱਖ ਸਕੱਤਰ ਨੂੰ ਵੀ ਉਪਰੋਂ ਹੁਕਮ ਮਿਲਦੇ ਸਨ। 3 ਜੂਨ ਤੋਂ ਤਾਂ ਉਨ੍ਹਾਂ ਨੂੰ ਭਰੋਸੇ ਵਿਚ ਲੈਣ ਦੀ ਪ੍ਰਥਾ ਵੀ ਖ਼ਤਮ ਕਰ ਦਿੱਤੀ ਗਈ। ਪੰਜਾਬ ਵਿਚ ਟੈਲੀਫੋਨ ਸੇਵਾਵਾਂ ਠੱਪ ਕਰਨ ਦੇ ਹੁਕਮਾਂ ਦੀ ਜ਼ੱਦ ਵਿਚ ਡਿਪਟੀ ਕਮਿਸ਼ਨਰਾਂ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਵੀ ਲੈ ਲਿਆ ਗਿਆ। ਪੁਲੀਸ ਕੋਲ ਵੀ ਚੰਡੀਗੜ੍ਹ ਜਾਂ ਹੋਰ ਥਾਈਂ ਬੈਠੇ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਵਾਇਰਲੈੱਸ ਸੇਵਾ ਇਕੋ ਇਕ ਵਸੀਲਾ ਬਣ ਕੇ ਰਹਿ ਗਈ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਪੰਜਾਬ ਦੇ ਮੁੱਖ ਸਕੱਤਰ ਜਾਂ ਗ੍ਰਹਿ ਸਕੱਤਰ ਨਾਲ ਜਾਂ ਤਾਂ ਪੁਲੀਸ ਵਾਲੀ ਸੇਵਾ ਜਾਂ ਫ਼ੌਜੀ ਐਕਸਚੇਂਜ ਰਾਹੀਂ ਸੰਪਰਕ ਕਰ ਸਕਦੇ ਸਨ। ਇਸ ਔਰਵਿਲੀਅਨ ਸਥਿਤੀ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਅੰਦਰ ਕਿਸ ਕਿਸਮ ਦੀ ਬੇਚੈਨੀ ਤੇ ਬੇਬਸੀ ਪੈਦਾ ਕੀਤੀ, ਉਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਦਰਬਾਰ ਸਾਹਿਬ ਕੰਪਲੈਕਸ ਅੰਦਰ ਫ਼ੌਜੀ ਕਾਰਵਾਈ ਬਾਰੇ ਤਿੰਨ ਅਧਿਆਇ (10,11 ਤੇ 12) ਲੂੰ-ਕੰਡੇ ਖੜ੍ਹੇ ਕਰਨ ਵਾਲੇ ਹਨ। ਇਹ ਪਰਿਕਰਮਾ ਦੇ ਅੰਦਰ, ਆਸ-ਪਾਸ ਅਤੇ ਅਕਾਲ ਤਖਤ ਦੇ ਸਾਹਮਣੇ ਹੋਏ ਖ਼ੂਨ-ਖਰਾਬੇ ਦਾ ਬੜਾ ਹੌਲਨਾਕ ਮੰਜ਼ਰ ਪੇਸ਼ ਕਰਦੇ ਹਨ। ਇਹੋ ਅਧਿਆਇ ਯੁੱਧ ਕਲਾ ਦੀ ਤਵਾਰੀਖ਼ਸਾਜ਼ੀ ਦਾ ਪ੍ਰਮਾਣ ਵੀ ਹਨ ਅਤੇ ਇਸੇ ਨਾਲ ਜੁੜੀ ਭਿਆਨਕਤਾ ਦੀ ਤਸਵੀਰ ਵੀ। ਜ਼ਾਹਿਰ ਹੈ ਜਿਨ੍ਹਾਂ ਨੇ ਇਹ ਅਪਰੇਸ਼ਨ ਉਲੀਕਿਆ ਜਾਂ ਦਰਬਾਰ ਸਾਹਿਬ ਕੰਪਲੈਕਸ ’ਤੇ ਫ਼ੌਜ ਚਾੜ੍ਹਨ ਦੇ ਫ਼ੈਸਲੇ ਲਏ, ਉਹ ਕੰਪਲੈਕਸ ਅੰਦਰਲੀ ਮੋਰਚਾਬੰਦੀ ਤੋਂ ਤਾਂ ਨਾਵਾਕਫ਼ ਸਨ ਹੀ, ਸਮੁੱਚੇ ਕੰਪਲੈਕਸ ਦੇ ਨਕਸ਼ੇ ਅਤੇ ਦਰਬਾਰ ਸਾਹਿਬ ਦੇ ਆਸ-ਪਾਸ ਦੇ ਇਲਾਕੇ ਦੀਆਂ ਪੇਚੀਦਗੀਆਂ ਤੋਂ ਵੀ ਅਣਜਾਣ ਸਨ। ਹੈਰਾਨੀ ਹੁੰਦੀ ਹੈ ਇਹ ਪੜ੍ਹ ਕੇ ਕਿ ਫ਼ੌਜੀ ਕਾਰਵਾਈ ਦੀ ਯੋਜਨਾ ਉਲੀਕਣ ਦੇ ਅਮਲ ਵਿਚ ਇੰਟੈਲੀਜੈਂਸ ਬਿਓਰੋ ਦੇ ਡਾਇਰੈਕਟਰ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। ਦੇਸ਼ ਦੀ ਸਰਬਉੱਚ ਅੰਦਰੂਨੀ ਖ਼ੁਫ਼ੀਆ ਏਜੰਸੀ ਉਪਰ ਇਸ ਕਿਸਮ ਦੀ ਬੇਇਤਬਾਰੀ, ਹੈਰਾਨੀਜਨਕ ਵਰਤਾਰਾ ਸੀ। ਇੰਜ ਹੀ 4 ਜੂਨ ਨੂੰ ਅਪਰੇਸ਼ਨ ਕਮਾਂਡਰ, ਮੇਜਰ ਜਨਰਲ ਕੇ.ਐੱਸ. ਬਰਾੜ ਵੱਲੋਂ ਸਿਵਿਲ ਤੇ ਪੁਲੀਸ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿਚ ਅੰਮ੍ਰਿਤਸਰ ਦੇ ਐੱਸ.ਪੀ. (ਸੀਆਈਡੀ) ਪੰਡਿਤ ਹਰਜੀਤ ਸਿੰਘ ਨੇ ਕੰਪਲੈਕਸ ਅੰਦਰਲੇ ਖਾੜਕੂਆਂ ਦੀ ਗਿਣਤੀ, ਉਨ੍ਹਾਂ ਕੋਲ ਦਸਤਯਾਬ ਅਤਿ-ਆਧੁਨਿਕ ਹਥਿਆਰਾਂ ਤੇ ਉਨ੍ਹਾਂ ਦੀ ਮੋਰਚਾਬੰਦੀ ਬਾਰੇ ਨਿੱਗਰ ਜਾਣਕਾਰੀ ਦਿੱਤੀ, ਪਰ ਜਨਰਲ ਬਰਾੜ ਨੇ ਇਸ ਬਾਰੇ ਸੰਜੀਦਗੀ ਨਹੀਂ ਦਿਖਾਈ। ਜਨਰਲ ਦੇ ਇਸ ਰੁਖ਼ ਨੂੰ ਦੇਖਦਿਆਂ ਉਸ ਪੁਲੀਸ ਅਫ਼ਸਰ ਨੇ ਵੀ ਬਹਿਸਣਾ ਵਾਜਬ ਨਾ ਸਮਝਿਆ। ਜ਼ਾਹਿਰ ਹੈ ਕਿ ਜਰਨੈਲਾਂ ਨੂੰ ਇਹ ਪੱਕਾ ਯਕੀਨ ਸੀ ਕਿ ਫ਼ੌਜੀ ਤਾਕਤ ਦੀ ਨੁਮਾਇਸ਼ ਹੀ ਖਾੜਕੂਆਂ ਨੂੰ ਗੋਡੇ ਟੇਕਣ ਦੇ ਰਾਹ ਤੋਰ ਦੇਵੇਗੀ। ਇਹ ਯਕੀਨ ਬੜਾ ਵੱਡਾ ਭਰਮ ਸਾਬਿਤ ਹੋਇਆ। ਲੇਖਕ ਅਨੁਸਾਰ ਜਿੱਥੇ ਫ਼ੌਜ ਦੀ ਰਣਨੀਤੀ ਨੁਕਸਦਾਰ ਸੀ, ਉੱਥੇ ਭਿੰਡਰਾਂਵਾਲਾ ਤੇ ਉਸ ਦੇ ਸੈਨਾਪਤੀ (ਜਨਰਲ) ਸ਼ਾਹਬੇਗ ਸਿੰਘ ਦੀ ਰਣਨੀਤੀ ਵੀ ਘੱਟ ਨੁਕਸਦਾਰ ਨਹੀਂ ਸੀ। ਉਨ੍ਹਾਂ ਨੂੰ ਵੀ ਇਹ ਭਰਮ ਸੀ ਕਿ ਦਰਬਾਰ ਸਾਹਿਬ ਉੱਤੇ ਫ਼ੌਜ ਦੀ ਚੜ੍ਹਾਈ ਦੀ ਖ਼ਬਰ ਫੈਲਦਿਆਂ ਹੀ ਲੋਕਾਈ ਅੰਮ੍ਰਿਤਸਰ ਵੱਲ ਵਹੀਰਾਂ ਘੱਤ ਲਵੇਗੀ ਅਤੇ ਅਜਿਹਾ ਜਨ ਵਿਦਰੋਹ ਝੱਲਣਾ ਸਰਕਾਰ ਲਈ ਨਾਮੁਮਕਿਨ ਹੋ ਜਾਵੇਗਾ। ਅਸਲੀਅਤ ਇਸ ਤੋਂ ਉਲਟ ਰਹੀ। ਫ਼ੌਜ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਭਿੰਡਰਾਂਵਾਲਾ ਤੇ ਉਸ ਦੇ ਮੁਰੀਦ ਆਪਣੀਆਂ ਜਾਨਾਂ ਨਾ ਬਚਾ ਸਕੇ। ਅਕਾਲ ਤਖਤ ਦੀ ਇਮਾਰਤ ਤਾਂ ਢਹਿਢੇਰੀ ਹੋਈ ਹੀ, ਰੂਹਾਨੀ ਸ਼ਾਂਤੀ ਦਾ ਧੁਰਾ ਮੰਨੇ ਜਾਂਦੇ ਦਰਬਾਰ ਸਾਹਿਬ ਦੀ ਪਾਵਨ ਧਰਤੀ ਵੀ ਲਹੂ-ਲੁਹਾਣ ਹੋਈ।
ਕਿਤਾਬ ਦਾ ਤਕਰੀਬਨ ਹਰ ਅਧਿਆਇ ਕਿਸੇ ਨਾ ਕਿਸੇ ਨਵੀਂ ਜਾਣਕਾਰੀ ਨਾਲ ਲੈਸ ਹੈ। ਬੜੇ ਸਨਸਨੀਖੇਜ਼ ਪ੍ਰਗਟਾਵੇ ਹਨ ਇਸ ’ਚ। ਇਨ੍ਹਾਂ ’ਚੋਂ ਕੁਝ ਇਕ ਦਾ ਜ਼ਿਕਰ ਮਿਸਾਲ ਦੇ ਤੌਰ ’ਤੇ ਕਰਨਾ ਇੱਥੇ ਵਾਜਬ ਜਾਪਦਾ ਹੈ:
* ਥਲ ਸੈਨਾ ਮੁਖੀ ਜਨਰਲ ਏ.ਐੱਸ. ਵੈਦਿਆ ਨੇ ਦਰਬਾਰ ਸਾਹਿਬ ਵਿਚ ਫ਼ੌਜ ਭੇਜਣ ਸਬੰਧੀ ਝਿਜਕ ਦਿਖਾਈ ਸੀ। ਲਿਹਾਜ਼ਾ, ਉਸ ਨੂੰ ਅਪਰੇਸ਼ਨ ਬਲੂ ਸਟਾਰ ਵਾਸਤੇ ਤਿਆਰੀਆਂ ਤੋਂ ਦੂਰ ਰੱਖਿਆ ਗਿਆ। ਇੰਦਿਰਾ ਗਾਂਧੀ ਨੇ ਥਲ ਸੈਨਾ ਦੀ ਪੱਛਮੀ ਕਮਾਂਡ ਦੇ ਮੁਖੀ ਜਨਰਲ ਕ੍ਰਿਸ਼ਨਾਸਵਾਮੀ ਸੁੰਦਰਜੀ ਨੂੰ ਇਸ ਅਪਰੇਸ਼ਨ ਦੀ ਕਮਾਨ ਸੌਂਪੀ। ਸੁੰਦਰਜੀ ਨੇ ਭਰੋਸਾ ਦਿੱਤਾ ਕਿ ਉਹ ਚੰਦ ਘੰਟਿਆਂ ਅੰਦਰ ਅਪਰੇਸ਼ਨ ਮੁਕਾ ਦੇਵੇਗਾ ਅਤੇ ਦਰਬਾਰ ਸਾਹਿਬ ਕੰਪਲੈਕਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਣ ਦੇਵੇਗਾ। ਹੋਇਆ ਇਸ ਤੋਂ ਉਲਟ। ਸੁੰਦਰਜੀ ਵੱਲੋਂ ਜਨਰਲ ਵੈਦਿਆ ਨੂੰ ਭਰੋਸੇ ਵਿਚ ਲਏ ਬਿਨਾਂ ਫ਼ੌਜੀ ਕਾਰਵਾਈ ਲਈ ਰਾਜ਼ੀ ਹੋਣਾ, ਸੈਨਿਕ ਕਮਾਂਡ-ਢਾਂਚੇ ਦੀ ਅਵੱਗਿਆ ਸੀ। ਕੋਈ ਜਿਗਰੇ ਵਾਲਾ ਥਲ ਸੈਨਾ ਮੁਖੀ ਹੁੰਦਾ ਤਾਂ ਉਹ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਾ ਅਤੇ ਸੁੰਦਰਜੀ ਨੂੰ ਵੀ। ਵੈਦਿਆ ਦਾ ਜਿਗਰਾ ਅਜਿਹਾ ਨਹੀਂ ਸੀ। ਅਪਰੇਸ਼ਨ ਬਲੂ ਸਟਾਰ ਕਾਰਨ ਜਿੱਥੇ ਸਰਕਾਰ ਤੇ ਭਾਰਤਵਰਸ਼ ਦੇ ਅਕਸ ਨੂੰ ਢਾਹ ਲੱਗੀ, ਉੱਥੇ ਫ਼ੌਜ ਵੀ ਦਾਗ਼ਦਾਰ ਹੋਈ। ਇਸ ਦੇ ਬਾਵਜੂਦ ਸੁੰਦਰਜੀ ਨੂੰ 1986 ਵਿਚ ਥਲ ਸੈਨਾ ਮੁਖੀ ਬਣਾਇਆ ਗਿਆ। ਲੇਖਕ ਅਨੁਸਾਰ ਇਹ ਦੂਜੀ ਵਾਰ ਸੀ ਜਦੋਂ ਸਿਆਸੀ ਲੀਡਰਸ਼ਿਪ ਨੇ ਕਮਾਂਡ-ਢਾਂਚੇ ਦੀ ਅਵੱਗਿਆ ਕੀਤੀ। ਪਹਿਲੀ ਵਾਰ 1962 ਦੀ ਹਿੰਦ-ਚੀਨ ਜੰਗ ਵੇਲੇ ਅਜਿਹਾ ਹੋਇਆ ਸੀ ਜਦੋਂ ਪੰਡਿਤ ਜਵਾਹਰਲਾਲ ਨਹਿਰੂ ਨੇ ਤੱਤਕਾਲੀ ਥਲ ਸੈਨਾ ਮੁਖੀ ਜਨਰਲ ਪ੍ਰਾਣ ਨਾਥ ਥਾਪਰ ਨੂੰ ਨਜ਼ਰਅੰਦਾਜ਼ ਕਰ ਕੇ ਲੈਫਨੀਨੈਂਟ ਜਨਰਲ ਬੀ.ਐੱਮ. ਕੌਲ ’ਤੇ ਸਾਰੀ ਟੇਕ ਰੱਖੀ ਸੀ (ਉਦੋਂ ਜਨਰਲ ਥਾਪਰ ਅਸਤੀਫ਼ਾ ਦੇ ਗਿਆ ਸੀ)। ਦੂਜੀ ਵਾਰ ਇੰਦਿਰਾ ਨੇ ਅਜਿਹਾ ਕੀਤਾ। ਦੋਵੇਂ ਵਾਰ ਨਤੀਜੇ ਤਬਾਹਕੁਨ ਰਹੇ।
* ਖਾੜਕੂਆਂ ਦੇ ਕਮਾਂਡਰ (ਜਨਰਲ) ਸ਼ਾਹਬੇਗ ਸਿੰਘ ਅਤੇ ਅਪਰੇਸ਼ਨ ਕਮਾਂਡਰ ਮੇਜਰ ਜਨਰਲ ਕੇ.ਐੱਸ. ਬਰਾੜ ਦਰਮਿਆਨ 1971 ਦੇ ਬੰਗਲਾਦੇਸ਼ ਯੁੱਧ ਸਮੇਂ ਦੀ ਚੰਗੀ ਸਾਂਝ ਸੀ। ਉਸ ਤੋਂ ਪਹਿਲਾਂ ਦੇਹਰਾਦੂਨ ਦੀ ਆਈ.ਐਮ.ਏ. ਵਿਚ ਜਦੋਂ ਸ਼ਾਹਬੇਗ ਇੰਸਟ੍ਰਕਟਰ ਸੀ ਤਾਂ ਬਰਾੜ ਕੈਡੇਟ ਸੀ। ਰਾਬਤੇ ਦਾ ਅਜਿਹਾ ਆਧਾਰ ਹੋਣ ਦੇ ਬਾਵਜੂਦ ਦੋਵਾਂ ਦੀ ਸਿੱਧੀ ਵਾਰਤਾਲਾਪ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਸ਼ਾਇਦ ਬਰਾੜ ਆਪਣੇ ਨੰਬਰ ਬਣਾਉਣ ਲਈ ਉਤਾਵਲਾ ਸੀ। ਜਾਂ ਸ਼ਾਇਦ ਅਪਰੇਸ਼ਨ ਛੇਤੀ ਤੋਂ ਛੇਤੀ ਮੁਕਾਉਣ ਲਈ ਜਨਰਲ ਸੁੰਦਰਜੀ ਦਾ ਦਬਾਅ ਹੀ ਕੁਝ ਐਸਾ ਸੀ ਕਿ ਸਿੱਧੀ ਵਾਰਤਾਲਾਪ ਵਾਲਾ ਬਦਲ ਅਜ਼ਮਾਇਆ ਨਹੀਂ ਗਿਆ। ਲੇਖਕ ਅਨੁਸਾਰ ਜੇਕਰ ਇਹ ਬਦਲ ਅਜ਼ਮਾ ਲਿਆ ਜਾਂਦਾ ਤਾਂ ਸ਼ਾਇਦ ਫ਼ੌਜੀ ਕਾਰਵਾਈ ਦੀ ਲੋੜ ਹੀ ਨਾ ਪੈਂਦੀ।
* 5 ਜੂਨ, 1984 ਦੀ ਰਾਤ ਨੂੰ ਅਕਾਲ ਤਖਤ ਉੱਤੇ ਸਿੱਧੇ ਹਮਲੇ ਦੌਰਾਨ 26ਵੀਂ ਮਦਰਾਸ ਰੈਜੀਮੈਂਟ ਦਾ ਭਾਰੀ ਜਾਨੀ ਨੁਕਸਾਨ ਹੋਣ ਅਤੇ ਇਸ ਦੇ ਦਸਤੇ ਦੀ ਪ੍ਰਗਤੀ ਰੁਕ ਜਾਣ ਮਗਰੋਂ ਕੁਮਕ ਵਜੋਂ 15ਵੀਂ ਕੁਮਾਊਂ ਰੈਜੀਮੈਂਟ ਤਲਬ ਕੀਤੀ ਗਈ। ਇਸ ਦਾ ਡਿਵੀਜ਼ਨਲ ਮੁਖੀ ਮੇਜਰ ਜਨਰਲ ਦੀਵਾਨ ਸੀ ਜੋ 1965 ਦੀ ਲੌਂਗੇਵਾਲਾ ਦੀ ਲੜਾਈ ਦੇ ਨਾਇਕਾਂ ਵਿਚੋਂ ਇਕ ਸੀ। 6 ਜੂਨ ਦੀ ਸਵੇਰ ਨੂੰ ਉਸ ਦੀ ਮੇਜਰ ਜਨਰਲ ਬਰਾੜ ਨਾਲ ਤਲਖ਼ੀ ਹੋ ਗਈ। ਬਰਾੜ ਨੇ ਕੁਮਾਊਂ ਦਸਤੇ ਦੀ ਸੁਸਤ ਪੇਸ਼ਕਦਮੀ ’ਤੇ ਨਾਖ਼ੁਸ਼ੀ ਪ੍ਰਗਟਾਈ। ਇਸ ’ਤੇ ਜਨਰਲ ਦੀਵਾਨ ਨੇ ਤਲਖ਼ ਲਹਿਜੇ ਨਾਲ ਜਵਾਬ ਦਿੱਤਾ: ‘‘ਆਪ ਆ ਕੇ ਦੇਖ ਲੈ, ਅਸਲੀਅਤ ਪਤਾ ਚੱਲ ਜਾਏਗੀ।’’ ਦੀਵਾਨ ਨੇ ਬਾਅਦ ਵਿਚ ਜਨਰਲ ਸੁੰਦਰਜੀ ਦੀ ਇਕ ਮੰਗ ਵੀ ਹਲੀਮੀ ਪਰ ਦ੍ਰਿੜ੍ਹਤਾ ਨਾਲ ਰੱਦ ਕਰਨ ਦੀ ਦਲੇਰੀ ਦਿਖਾਈ।
* ਅਕਾਲ ਤਖ਼ਤ ਦੀ ਇਮਾਰਤ ਨੂੰ 5-6 ਜੂਨ ਦੀ ਦਰਮਿਆਨੀ ਰਾਤ ਨੂੰ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਭਿੰਡਰਾਂਵਾਲਾ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੁਖੀ ਭਾਈ ਅਮਰੀਕ ਸਿੰਘ 6 ਜੂਨ ਸਵੇਰੇ 6.30 ਵਜੇ ਤਕ ਜ਼ਿੰਦਾ ਸਨ। ਉਨ੍ਹਾਂ ਨੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਪ੍ਰੀਤਮ ਤੇ ਉਸ ਦੇ ਸਹਿਯੋਗੀਆਂ ਨੂੰ ਤਖ਼ਤ ਵਿਚੋਂ ਬਚ ਨਿਕਲਣ ਲਈ ਕਿਹਾ। ਪਰ ਉਨ੍ਹਾਂ ਨੇ ਆਪ ਬਚ ਨਿਕਲਣ ਦਾ ਕੋਈ ਯਤਨ ਨਹੀਂ ਕੀਤਾ। ਲੇਖਕ ਅਨੁਸਾਰ ਜੇਕਰ ਅਜਿਹਾ ਯਤਨ ਕੀਤਾ ਵੀ ਜਾਂਦਾ ਤਾਂ ਦੋਵਾਂ ਨੇ ਫੜੇ ਜਾਣਾ ਸੀ। ਬਾਹਰ ਸੁਰੱਖਿਆ ਬਲਾਂ ਦੀ ਘੇਰਾਬੰਦੀ ਹੀ ਕੁਝ ਅਜਿਹੀ ਸੀ।
* ਸੰਤ ਹਰਚੰਦ ਸਿੰਘ ਲੌਂਗੋਵਾਲ ਨੇ 5-6 ਜੂਨ ਦੀ ਰਾਤ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਮਰੇ ਵਿਚ ਸ਼ਰਨ ਲਈ ਹੋਈ ਸੀ। 6 ਜੂਨ ਨੂੰ ਸਵੇਰੇ 10 ਵਜੇ ਲੈਫਟੀ. ਕਰਨਲ ਆਦਰਸ਼ ਸ਼ਰਮਾ ਦੀ ਅਗਵਾਈ ਹੇਠਲੇ ਦਸਤੇ ਵੱਲੋਂ ਉਸ ਕਮਰੇ ’ਚੋਂ ਲੌਂਗੋਵਾਲ, ਟੌਹੜਾ ਤੇ ਹੋਰਨਾਂ ਨੂੰ ਬਾਹਰ ਕੱਢ ਕੇ ਬਸ ਤੱਕ ਪਹੁੰਚਾਇਆ ਗਿਆ। ਜਦੋਂ ਉਹ ਬਾਹਰ ਜਾ ਰਹੇ ਸਨ ਤਾਂ ਲੌਂਗੋਵਾਲ ਨੇ ਇਕ ਮੰਜੀ ’ਤੇ ਬਿਠਾਏ ਗਏ ਕੁਝ ਨੌਜਵਾਨਾਂ ਵੱਲ ਇਸ਼ਾਰਾ ਕੀਤਾ ਅਤੇ ਕਰਨਲ ਆਦਰਸ਼ ਨੂੰ ਦੱਸਿਆ ਕਿ ਇਹ ਉਹ ਮੁੰਡੇ ਹਨ ਜਿਨ੍ਹਾਂ ਨੇ ਰਾਤ ਵੇਲੇ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਕਿਤਾਬ ਅਨੁਸਾਰ ਉਨ੍ਹਾਂ ਮੁੰਡਿਆਂ ਵਿਚ ਭਾਈ ਅਮਰੀਕ ਸਿੰਘ ਦਾ ਭਰਾ ਵੀ ਸ਼ਾਮਲ ਸੀ। ਲੇਖਕ ਨੇ ਪੰਨਾ 148-49 ’ਤੇ ਇਹ ਜਾਣਕਾਰੀ ਦਰਜ ਕਰਦਿਆਂ ਉਸ ਦਾ ਨਾਂਅ ਨਹੀਂ ਲਿਖਿਆ।
ਕਿਤਾਬ ਦੀ ਭੂਮਿਕਾ ਵਿਚ ਰਮੇਸ਼ ਇੰਦਰ ਸਿੰਘ ਲਿਖਦੇ ਹਨ: ‘‘ਮੈਂ ਉਹੀ ਬਿਰਤਾਂਤ ਪੇਸ਼ ਕੀਤਾ ਹੈ ਜੋ ਮੈਂ ਜਾਣਦਾ ਹਾਂ…। … ਮੇਰੇ ਅਲਫ਼ਾਜ਼ ਕੁਝ ਲੋਕਾਂ ਨੂੰ ਨਾਖੁਸ਼ ਕਰ ਸਕਦੇ ਹਨ, ਪਰ ਮੇਰਾ ਇਰਾਦਾ ਕਿਸੇ ਦੇ ਜਜ਼ਬਾਤ ਨੂੰ ਠੇਸ ਪਹੁੰਚਾਉਣ ਜਾਂ ਕਿਸੇ ਉੱਤੇ ਦੋਸ਼ ਮੜ੍ਹਨ ਦਾ ਨਹੀਂ। … ਇਹ ਬਲਕਿ ਸੰਵਾਦ ਸ਼ੁਰੂ ਕਰਵਾਉਣ, ਆਤਮ ਚਿੰਤਨ ਦੇ ਦਰ ਖੋਲ੍ਹਣ ਅਤੇ, ਇਸ ਤੋਂ ਵੀ ਅਹਿਮ ਗੱਲ, ਸੁਲ੍ਹਾ ਸਫ਼ਾਈ ਵੱਲ ਵਧਣ ਤੇ ਤ੍ਰਾਸਦਿਕ ਅਤੀਤ ਦੇ ਦਰ ਬੰਦ ਕਰਨ ਦਾ ਹੈ।’’ ਕਿਤਾਬ ਇਸ ਅਕੀਦੇ ਉੱਤੇ ਖ਼ਰੀ ਉਤਰਦੀ ਹੈ।
* * *
ਖੋਜੀ ਕਾਫ਼ਿਰ ਹੁਰਾਂ ਨਾਲ ਮੇਰੀ ਜਾਣ-ਪਛਾਣ ਉਨ੍ਹਾਂ ਦੀਆਂ ਲਿਖਤਾਂ ਤਕ ਹੀ ਸੀਮਤ ਰਹੀ ਹੈ। ਇਨ੍ਹਾਂ ਵਿਚੋਂ ਉਨ੍ਹਾਂ ਦੀ ਖੋਜੀ ਬਿਰਤੀ ਤੇ ਵਿਦਵਤਾ ਤਾਂ ਝਲਕਦੀ ਹੀ ਹੈ, ਰਾਜਸੀ-ਸਮਾਜਿਕ ਦੰਭਾਂ ਪ੍ਰਤੀ ਨਾਬਰੀ ਅਤੇ ਰੋਹ ਵੀ ਉੱਭਰ ਕੇ ਸਾਹਮਣੇ ਆਉਂਦੇ ਹਨ। ਉਨ੍ਹਾਂ ਦੀ ਨਵੀਂ ਸਵੈ-ਪ੍ਰਕਾਸ਼ਿਤ ਕਾਵਿ-ਪੁਸਤਕ ‘ਅੱਥਰੇ ਵੇਗ’ (104 ਪੰਨੇ; 200 ਰੁਪਏ) ਇਸੇ ਸਿਲਸਿਲੇ ਨੂੰ ਅੱਗੇ ਤੋਰਦੀ ਹੈ। ਇਸ ਅੰਦਰਲੀ ਹਰ ਕਵਿਤਾ ਰੋਹਲੇ ਬਾਣ ਵਰਗੀ ਹੈ। ਫੋਕੇ ਇਨਕਲਾਬੀ ਨਾਅਰੇ ਨਹੀਂ ਹਨ ਇਹ ਬਾਣ; ਇਹ ਤਲਖ਼ ਸੱਚਾਈਆਂ ਉੱਤੇ ਆਧਾਰਿਤ ਹਨ। ਦੋ ਕੁ ਮਿਸਾਲਾਂ ਪਾਠਕਾਂ ਦੀ ਨਜ਼ਰ ਹਨ:
ਗ਼ੈਰਤ ਗਾਇਬ ਤੇ ਅਕਲੋਂ ਫਿਰਨ ਖ਼ਾਲੀ, ਫਿਰਨ ਭੂਤਰੇ ਬਾਝ ਮੁਹਾਰ ਮੀਆਂ/ ਸ਼ਬਦ ਤੱਜਿਆ ਗੁਰੂ ਗ੍ਰੰਥ ਵਾਲਾ, ਮਾਰਨ ਥਾਪੀਆਂ ਰੰਗ ਦਸਤਾਰ ਮੀਆਂ। (ਲਾਵਾਰਿਸ ਪੰਥ!; ਪੰਨਾ 56)।
ਏਧਰ ਪਾਣੀ ਖੂਹੋਂ ਮੁੱਕੇ ਨੇ, ਉਧਰ ਦਰਿਆ ਸਾਰੇ ਸੁੱਕੇ ਆ/ ਏਧਰ ਪੌਣ ਹੋਈ ਜ਼ਹਿਰੀ ਏ, ਉਧਰ ਹਵਾ ਅਲੂਦਾ ਗਹਿਰੀ ਆ/ ਏਧਰ ਘੁਟਾਲੇ ਲੰਡਨ ਨੱਸਦੇ ਨੇ, ਉਧਰ ਗ਼ਬਨ ਪਨਾਮਾ ਭੱਜਦੇ ਆ। (ਵਾਹਗੇ ਦੇ ਆਰ ਪਾਰ, ਪੰਨਾ 72-74)।
ਜਦੋਂ ਤਨਜ਼, ਸੱਚ ਦੀ ਬੁਨਿਆਦ ’ਤੇ ਖੜ੍ਹੀ ਹੋਵੇ ਤਾਂ ਇਹ ਨਾਂਹ-ਪੱਖੀ ਨਹੀਂ ਲੱਗਦੀ। ਇਹੋ ਤੱਤ ‘ਅੱਥਰੇ ਵੇਗ’ ਦੀ ਖ਼ਾਸ ਖ਼ੂਬੀ ਹੈ।
* * *
ਇਹ ਆਮ ਪ੍ਰਭਾਵ ਹੈ ਕਿ ਅਖ਼ਬਾਰਾਂ ਦੀਆਂ ਸੰਪਾਦਕੀਆਂ ਪੜ੍ਹੀਆਂ ਨਹੀਂ ਜਾਂਦੀਆਂ। ਪਰ ‘ਪੰਜਾਬੀ ਟ੍ਰਿਬਿਊਨ’ ਨੂੰ ਇਹ ਸ਼ਰਫ਼ ਹਾਸਿਲ ਹੈ ਕਿ ਇਸ ਦੀਆਂ ਸੰਪਾਦਕੀਆਂ ਨਾ ਸਿਰਫ਼ ਪੜ੍ਹੀਆਂ ਜਾਂਦੀਆਂ ਹਨ ਸਗੋਂ ਸੰਜੀਦਗੀ ਨਾਲ ਵੀ ਲਈਆਂ ਜਾਂਦੀਆਂ ਹਨ। ਡਾ. ਮੇਘਾ ਸਿੰਘ ਸਹਾਇਕ ਸੰਪਾਦਕ ਵਜੋਂ ਛੇ ਵਰ੍ਹੇ ਇਸ ਅਖ਼ਬਾਰ ਨਾਲ ਜੁੜੇ ਰਹੇ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਲਿਖੀਆਂ ਸੰਪਾਦਕੀਆਂ ਨੂੰ ਸੰਗ੍ਰਹਿਤ ਕਰਨ ਅਤੇ ਛੇ ਜਿਲਦਾਂ ਵਿਚ ਛਪਵਾਉਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਵਿਚੋਂ ਦੋ ਜਿਲਦਾਂ ‘ਸਮਕਾਲੀ ਮਸਲੇ’ (ਲੋਕਗੀਤ ਪ੍ਰਕਾਸ਼ਨ; 282 ਪੰਨੇ; 450 ਰੁਪਏ) ਅਤੇ ‘ਸਮਕਾਲੀ ਪੰਜਾਬ’ (595 ਪੰਨੇ; 750 ਰੁਪਏ) ਪਿੱਛੇ ਜਹੇ ਪ੍ਰਕਾਸ਼ਿਤ ਹੋਈਆਂ ਹਨ। ‘ਸਮਕਾਲੀ ਮਸਲੇ’ ਵਿਚ 1 ਜੂਨ 2011 ਤੋਂ 31 ਦਸਬੰਰ 2011 ਤਕ ਦੀਆਂ ਸੰਪਾਦਕੀ ਦਰਜ ਹਨ। ‘ਸਮਕਾਲੀ ਪੰਜਾਬ’ 1 ਜਨਵਰੀ 2016 ਤੋਂ 30 ਮਾਰਚ 2017 ਤਕ ਦੀਆਂ ਸੰਪਾਦਕੀਆਂ ਦਾ ਸੰਗ੍ਰਹਿ ਹੈ। ਕੁੱਜੇ ਵਿਚ ਸਮੁੰਦਰ ਭਰਨ ਭਾਵ ਸੀਮਤ ਸ਼ਬਦਾਂ ਵਿਚ ਬਹੁਤ ਕੁਝ ਅਰਥਪੂਰਨ ਢੰਗ ਨਾਲ ਕਹਿ ਜਾਣ ਦੀ ਜੁਗਤ ਦੀਆਂ ਮਿਸਾਲਾਂ ਹਨ ਇਹ ਸੰਪਾਦਕੀਆਂ। ਨਾਲ ਹੀ ਇਤਿਹਾਸ ਸਾਂਭਣ ਦਾ ਉਪਰਾਲਾ ਵੀ।