ਚੱਲ ਤੇਰੀਆਂ ਸੋਚਾਂ ਨੂੰ ਕੋਈ ਅਸਮਾਨ ਦੇ ਦਿਆਂ
ਬੱਸ ਜਿਉਣ ਜੋਗਾ ਏਨਾ ਕੁ ਸਾਮਾਨ ਦੇ ਦਿਆਂ
ਤੇਰੇ ਤੋਤਲੇ ਲਫਜ਼ਾਂ ’ਚੋਂ ਉਗਮੇ ਕੋਈ ਕਵਿਤਾ,
ਤੇਰੀ ਕਿਲਕਾਰੀ ਨੂੰ ਐਸਾ ਵਰ ਦਾਨ ਦੇ ਦਿਆਂ
ਤੇਰੇ ਸੁਪਨਿਆਂ ਦੇ ਵਿਚ ਸਦਾ ਰਹਿਣ ਜੁਗਨੂੰ,
ਨਜ਼ਰ ਤੇਰੀ ਨੂੰ ਚਾਨਣ ਦਾ ਅਰਮਾਨ ਦੇ ਦਿਆਂ
ਗੂੰਜ ਉੱਠੇ ਤੇਰੀ ਤਨਹਾਈ ਕੋਈ ਸ਼ਹਿਨਾਈ ਬਣਕੇ,
ਸੁਰਾਂ ਤੇਰਿਆਂ ਨੂੰ ਐਸੀ ਮਿੱਠੜੀ ਤਾਨ ਦੇ ਦਿਆਂ
ਬੇਬੱਸ ਚੀਖ ਸੁਣੇ ਕਿਤੇ, ਤਾਂ ਤੜਪ ਉਠੇੰ,ਬੇਚੈਨ ਹੋਜੇਂ,
ਮਨ ਤੇਰੇ ਨੂੰ ਐਸੀ ਮੈਂ ਕੋਈ ਸੁੰਨਸਾਨ ਦੇ ਦਿਆਂ
ਕਿਸੇ ਜੰਗਲ ਨੂੰ ਗਾਹੁਣ ਦੇ ਲਈ ਮੈਂ ਦਿਆਂ ਭਟਕਣ,
ਤੇ ਭਟਕਿਅਾਂ ਦੀ ਭਾਲ ਨੂੰ ,ਰੋਹੀ ਬੀਆਬਾਨ ਦੇ ਦਿਆਂ
ਕਿਉਂ ਘਰਾਂ ਅੰਦਰ ਚੂਰੀ ਵਾਸਤੇ ਸਦਾ ਰਵੇਂ ਗਾਉੰਦਾ,
ਪਿੰਜਰੇ ਤੋੜ ਦੇ ਸਾਰੇ ਤੇ ਚੱਲ ਤੈਨੂੰ ਉਡਾਨ ਦੇ ਦਿਆਂ
-ਖ਼ੁਸ਼ਵੰਤ ਬਰਗਾੜੀ(9872989313)